Thursday, December 23, 2021

ਨਕਸਲੀ ਨੌਜਵਾਨਾਂ ਦੇ ਦਿਲਾਂ ਵਿੱਚ ਵੀ ਮਹਾਤਮਾ ਬੁੱਧ ਵਾਂਗ ਸੁਆਲਾਂ ਦੀ ਅਗਨੀ ਸੀ

23rd December 2021: 1:42 PM

ਸ਼ਹੀਦ ਮਲਕੀਤ ਸਿੰਘ ਮੱਲ੍ਹਾ ਵੀ ਇਹਨਾਂ ਵਿੱਚੋਂ ਇੱਕ ਸੀ 

ਸੋਸ਼ਲ ਮੀਡੀਆ//ਪਿੰਡ ਮੱਲਾ (ਲੁਧਿਆਣਾ):: 23 ਦਸੰਬਰ 2021: (ਨਕਸਲਬਾੜੀ ਬਿਊਰੋ)::

ਨਕਸਲਬਾੜੀ ਲਹਿਰ ਜਦੋਂ ਪੰਜਾਬ ਵਿੱਚ ਉੱਠੀ ਤਾਂ ਇਥੇ ਵੀ ਇੱਕ ਵਾਰ ਤਾਂ ਪੂਰੀ ਤਰ੍ਹਾਂ ਚੜ੍ਹਤ ਵਿੱਚ ਆਈ।ਪਾਕਿਸਤਾਨ ਨਾਲ ਹੋਈ ਜੰਗ ਤੋਂ ਬਾਅਦ ਸੱਠਵਿਆਂ ਦੇ ਅੰਤ ਵਿਚ ਸਰਗਰਮ ਹੋਈ ਇਸ ਲਹਿਰ ਦੇ ਨਾਲ ਸਬੰਧਤ ਜ਼ਿਆਦਾਤਰ ਸ਼ਹੀਦ ਅਜਿਹੇ ਨੌਜਵਾਨ ਸਨ ਜਿਹਨਾਂ ਨੂੰ ਨਿਜੀ ਤੌਰ ਤੇ ਨਾ ਕੋਈ ਕਮੀ ਸੀ ਤੇ ਨਾ ਹੀ ਕੋਈ ਦੁੱਖ। ਇਹ ਚੰਗੇ ਸਰਦੇ ਪੁੱਜਦੇ ਪਰਿਵਾਰਾਂ ਵਿੱਚੋਂ ਸਨ ਪਰ ਇਹ ਸਾਰੇ ਹੀ ਬੇਹੱਦ ਸੰਵੇਦਨਸ਼ੀਲ ਵੀ ਸਨ। ਇਹਨਾਂ ਦੇ ਮਨਾਂ ਵਿੱਚ ਸਿਧਾਰਥ ਵਰਗੀ ਉਹ ਆਤਮਾ ਜਾਂ ਇੱਛਾ ਸਮਾਈ ਹੋਈ ਸੀ ਜਿਸਨੇ ਦੁਨੀਆ ਨੂੰ ਦਰਪੇਸ਼ ਦੁੱਖਾਂ ਬਾਰੇ ਸੁਆਲ ਪੁਛੇ ਹੀ ਨਹੀਂ ਉਹਨਾਂ ਦੇ ਜੁਆਬ ਵੀ ਲੱਭੇ ਸਨ। ਮਹਾਤਮਾ ਬੁੱਧ ਜੰਗਲਾਂ ਵਿਚ ਰਿਹਾ ਇਹਨਾਂ ਨੌਜਵਾਨਾਂ ਨੇ ਲੋਕਾਂ ਦੇ ਜੰਗਲਾਂ ਵਿਚ ਸਾਧਨਾ ਕੀਤੀ। 

ਉਸ ਵੇਲੇ ਦੇ ਰਾਜਸ਼ਾਹੀ ਪਰਿਵਾਰ ਨਾਲ ਸਬੰਧਤ  ਨੌਜਵਾਨ ਸਿਧਾਰਥ ਆਪਣੀ ਪਤਨੀ ਯਸ਼ੋਧਾ ਅਤੇ ਇਕਲੌਤੇ ਪੁਤੱਰ ਰਾਹੁਲ ਨੂੰ ਸੁੱਤੇ ਪਿਆਂ ਛੱਡ ਕੇ ਗਿਆਨ ਦੀ ਪ੍ਰਾਪਤੀ ਲਈ ਜੰਗਲਾਂ ਵਿਚ ਚਲਾ ਗਿਆ ਅਤੇ ਗਿਆਨ ਪ੍ਰਾਪਤੀ  ਤੋਂ ਬਾਅਦ ਮਹਾਤਮਾ ਬੁੱਧ ਕਹਿਲਾਇਆ। ਗਿਆਨ ਪ੍ਰਾਪਤੀ ਤੋਂ ਬਾਅਦ ਮਹਾਤਮਾ ਬੁੱਧ ਨੇ ਇਹੀ ਕਿਹਾ ਕਿ ਕੋਈ ਰੱਬ ਨਹੀਂ ਹੁੰਦਾ। ਕੋਈ ਪਰਮਾਤਮਾ ਨਹੀਂ ਹੁੰਦਾ। ਇਸ ਤਰ੍ਹਾਂ ਮਹਾਤਮਾ ਬੁੱਧ ਮੁਢਲੇ ਨਾਸਤਿਕਾਂ ਵਿੱਚੋਂ ਇੱਕ ਸੀ। ਬੁੱਧ ਨੇ ਕਿਹਾ ਸੀ ਆਪਣੇ ਦੀਪਕ ਖੁਦ ਬਣੋ। ਆਪਣੇ ਕਰਮਾਂ ਪ੍ਰਤੀ ਖੁਦ ਜ਼ਿੰਮੇਵਾਰ ਬਣੋ। ਜੇ ਗਲਤੀਆਂ ਹੋਈਆਂ ਹਨ ਤਾਂ ਸਜ਼ਾ ਤੋਂ ਪਿੱਛੇ ਨਾ ਹਟੋ। 

ਇਹਨਾਂ ਨੌਜਵਾਨਾਂ ਨੇ ਵੀ ਆਪਣੇ ਮਾਰਗਦਰਸ਼ਕ ਖੁਦ ਲਭੇ ਸਨ। ਕਾਰਲ ਮਾਰਕਸ, ਲੈਨਿਨ, ਚੀਗਵੇਰਾ ਅਤੇ ਮਾਓ ਦੇ ਵਿਚਾਰਾਂ ਨੇ ਇਹਨਾਂ ਨੂੰ ਰਾਹ ਦਿਖਾਇਆ ਸੀ। ਆਖਦੇ ਨੇ ਜਦੋਂ ਮਹਾਤਮਾ ਬੁੱਧ ਗਿਆਨ ਪ੍ਰਾਪਤੀ ਮਗਰੋਂ  ਆਪਣੇ ਸੰਸਾਰ ਵਿੱਚ ਪਰਤਿਆ ਤਾਂ ਪਤਨੀ ਯਸ਼ੋਧਾਂ ਨੇ ਉਸਨੂੰ ਲਾਹਨਤਾਂ ਪਾਉਣ ਵਰਗੇ ਸੁਆਲ ਵੀ ਪੁੱਛੇ ਸਨ ਜਿਹਨਾਂ ਦਾ ਜ਼ਿਕਰ ਬਹੁਤ ਘੱਟ ਹੋਇਆ ਹੈ। 

ਉਸਨੇ ਪੁੱਛਿਆ ਸੀ ਦੱਸ ਮੇਰਾ ਕਸੂਰ ਕੀ ਸੀ? ਤੂੰ ਕਿਓਂ ਮੈਨੂੰ ਛੱਡ ਕੇ ਚਲਾ ਗਿਆ ਉਹ ਵੀ ਉਸ ਉਮਰੇ ਜਦੋਂ ਮੈਨੂੰ ਤੇਰੀ ਸਭ ਤੋਂ ਜ਼ਿਆਦਾ ਲੋੜ ਸੀ। ਤੂੰ ਕਿਸੇ ਜੰਗ ਲਈ ਚੱਲਿਆ ਸੀ ਤਾਂ ਯੋਧਿਆਂ ਵਾਂਗ ਦੱਸ ਕੇ ਜਾਂਦਾ ਚੋਰਾਂ ਵਾਂਗ ਕਿਓਂ ਨਿਕਲ ਗਿਆ? ਤੂੰ ਕਾਇਰ ਸੀ ਸ਼ਾਇਦ। ਪੁੱਤਰ ਰਾਹੁਲ ਵੱਲ ਇਸ਼ਾਰਾ ਕਰਦਿਆਂ ਵੀ ਉਸਨੇ ਪੁੱਛਿਆ ਸੀ ਜ਼ਰਾ ਦੱਸ ਮੈਂ ਇਸਨੂੰ ਤੇਰੀ ਕਿਹੜੀ ਵਰਾਸਤ ਦੇਵਾਂ? ਤੇ ਜੁਆਬ ਵੇਲੇ ਮਹਾਤਮਾ ਬੁੱਧ ਨੇ ਆਪਣੇ ਬੇਟੇ ਰਾਹੁਲ ਨੂੰ ਵੀ ਆਪਣਾ ਸਨਿਆਸੀ ਬਣਾ ਲਿਆ। 

ਇਹੀ ਸੀ ਉਸਦਾ ਗਿਆਨ। ਅਜਿਹਾ ਵਿਵਾਦ ਹੋਇਆ ਜਾਂ ਨਹੀਂ ਇਸ ਬਾਰੇ ਕਿੰਤੂਪ੍ਰੰਤੂ ਹੁੰਦੇ ਰਹਿੰਦੇ ਹਨ ਪਰ ਮੌਜੂਦਾ ਦੌਰ ਵਾਲੇ ਇਹਨਾਂ ਨਕਸਲੀ ਸਿਧਾਰਥਾਂ ਬਾਰੇ ਵੀ ਬਹੁਤ ਘੱਟ ਗੱਲ ਹੁੰਦੀ ਹੈ ਜਿਹਨਾਂ ਨੇ ਲੋਕਾਂ ਦੇ ਦੁੱਖ ਦੂਰ ਕਰਨ ਲਈ ਆਪਣੇ ਘਰ ਬਾਰ ਤਿਆਗ ਦਿੱਤੇ ਸਨ। ਇਹਨਾਂ ਨੂੰ ਵੀ ਗਿਆਨ ਪ੍ਰਾਪਤ ਹੋਇਆ ਸੀ। ਪਾਸ਼, ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ, ਪ੍ਰਿਥੀਪਾਲ ਸਿੰਘ ਰੰਧਾਵਾ, ਗਿਆਨ ਸਿੰਘ ਸਿੰਘ, ਬਲਦੇਵ ਸਿੰਘ ਮਾਨ, ਅਮਰ ਸਿੰਘ ਅੱਚਰਵਾਲ ਵਰਗੀਆਂ ਨੇ ਬਹੁਤ ਵਾਰ ਤ੍ਰਿਕਾਲਦਰਸ਼ੀਆਂ ਵਰਗੀਆਂ ਗੱਲਾਂ ਕੀਤੀਆਂ। ਉਹਨਾਂ ਦੇ ਵਿਚਾਰ, ਉਹਨਾਂ ਦੀਆਂ ਕਵਿਤਾਵਾਂ ਅੱਜ ਵੀ ਪ੍ਰਸੰਗਿਕ ਹਨ। 

ਹੋਸ਼ ਸੰਭਾਲਦਿਆਂ ਸੰਭਾਲਦਿਆਂ ਜਦੋਂ ਜੁਆਨੀ ਖਰੂਦ ਪਾਉਣ ਵਾਲੀ ਉਮਰ ਗਿਣੀ ਜਾਂਦੀ ਹੈ ਉਦੋਂ ਨਕਸਲਬਾੜੀ ਲਹਿਰ ਦੇ ਇਹਨਾਂ ਨੌਜਵਾਨਾਂ ਨੂੰ ਵੀ ਬਹੁਤ ਸਾਰੇ ਸੁਆਲਾਂ ਨੇ ਤੰਗ ਕੀਤਾ ਸੀ ਅਤੇ ਗੰਭੀਰ ਸੋਚ ਵਾਲਾ ਕਰ ਦਿੱਤਾ। ਸੁਆਲ ਬਾਰ ਬਾਰ ਤੰਗ ਕਰਦੇ ਸਨ ਕਿ ਇੱਕ ਪਾਸੇ ਏਨੀ ਅਮੀਰੀ ਅਤੇ ਦੂਜੇ ਪਾਸੇ ਏਨੀ ਗਰੀਬੀ ਕਿਓਂ? ਮਨੁੱਖ ਹੱਥੋਂ ਮਨੁੱਖ ਦੀ ਲੁੱਟਖਸੁੱਟ ਕਿਓਂ? ਹੱਕਾਂ ਦਾ ਰਾਹ ਸ਼ਹੀਦੀਆਂ ਬਿਨਾ ਕਿਓਂ ਨਹੀਂ ਤੈਅ ਹੁੰਦਾ? ਨਕਸਲਬਾੜੀ ਨੌਜਵਾਨਾਂ ਦੇ ਦਿਲਾਂ ਵਿੱਚ ਵੀ ਮਹਾਤਮਾ ਬੁੱਧ ਵਾਂਗ ਬੇਸ਼ੁਮਾਰ ਸੁਆਲਾਂ ਦੀ ਅਗਨੀ ਸੀ। ਅਜਿਹੇ ਹੀ ਸੁਆਲ ਮਲਕੀਤ ਸਿੰਘ ਦੇ ਮਨ ਵਿਚ ਵੀ ਸਨ।  ਜਨਮ ਹੋਇਆ ਸੀ 2 ਦਸੰਬਰ 1965 ਨੂੰ ਅਤੇ ਸ਼ਹਾਦਤ ਹੋਈ ਸੀ 25 ਦਸੰਬਰ 1990 ਨੂੰ। ਸ਼ਾਇਦ ਉਹ ਪਹਿਲਾਂ ਹੀ ਸ਼ਹੀਦੀ ਲਈ ਤਿਆਰ ਸੀ। ਉਸਨੂੰ ਇਸਦਾ ਬਾਕਾਇਦਾ ਇਲਮ ਸੀ। ਉਸਨੂੰ ਪਤਾ ਸੀ ਉਹ ਜਿਹੜੇ ਰਸਤੇ ਤੇ ਜਾ ਰਿਹਾ ਹੈ ਉਸਦੀ ਮੰਜ਼ਿਲ ਫਿਲਹਾਲ ਮੌਤ ਹੀ ਹੈ। ਪਤਾ ਨਹੀਂ ਕਿੰਨੀਆਂ ਕੁਰਬਾਨੀਆਂ ਮਗਰੋਂ ਅਸਲੀ ਮੰਜ਼ਿਲ ਆਉਣੀ ਹੈ। ਇਨਕਲਾਬ ਵਾਲੀ ਮੰਜ਼ਿਲ। ਫਿਲਹਾਲ ਸਿਰ ਤੇ ਕਫਨ ਬੰਨ ਕੇ ਹੀ ਤੁਰਨਾ ਪੈਣਾ ਹੈ। ਮੇਰਾ ਰੰਗ ਦੇ ਬਸੰਤੀ ਚੋਲਾ ਐਵੇਂ ਗਾਇਆ ਹੀ ਨਹੀਂ ਜਾਂਦਾ। ਪ੍ਰਸਿਧ ਸ਼ਾਇਰ ਜਗਤਾਰ ਦੇ ਸ਼ਬਦ ਯਾਦ ਆਉਂਦੇ:

ਹਰ ਮੋੜ 'ਤੇ ਸਲੀਬਾਂ, ਹਰ ਪੈਰ 'ਤੇ ਹਨੇਰਾ। ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ।

ਉਸਦਾ ਰਸਤਾ ਰੋਕਣ ਲਈ ਖਾਲਿਸਤਾਨੀਆਂ ਨੇ ਤੜਕਸਾਰ ਸਵੇਰੇ ਚਾਰ ਕੁ ਵਜੇ ਉਸਦੇ ਹੀ ਪਿੰਡ ਮੱਲਾ ਵਿਖੇ ਉਸਨੂੰ ਸ਼ਹੀਦ ਕਰ ਦਿੱਤਾ ਸੀ। ਆਪਣੇ ਇਸ ਕਤਲ ਤੋਂ ਬਹੁਤ ਪਹਿਲਾਂ ਹੀ ਉਸ ਲਿਖਿਆ ਸੀ-

"ਮੈਂ ਸਭ ਕੁੱਝ ਸੋਚ ਵਿਚਾਰਕੇ ਪੂਰੀ ਜਿੰਦਗੀ ਨੂੰ ਇਨਕਲਾਬ ਦੇ , ਲੋਕਾਂ ਦੇ ਅਤੇ ਮਨੁੱਖਤਾ ਦੇ ਲੇਖੇ ਲਾਉਣ ਦਾ ਫੈਂਸਲਾ ਕੀਤਾ ਹੈ। ਇਸ ਪਵਿੱਤਰ ਕਾਰਜ ਖਾਤਰ ਮੈਨੂੰ ਹਰ ਕੁਰਬਾਨੀ ਦੇਣੀ ਪੈ ਸਕਦੀ ਹੈ। ਜਾਨ ਵਾਰਨੀ ਪੈ ਸਕਦੀ ਹੈ। ਮੈਂ ਮਨੁੱਖਤਾ ਲਈ ਆਪਣੇ ਖੂਨ ਦਾ ਕਤਰਾ-ਕਰਤਾ ਵਹਾਉਣ ਤੇ ਜਥੇਬੰਦੀ ਲਈ ਮੈਂ ਆਪਣੀ ਜ਼ਿੰਦਗੀ ਦਾ ਹਰ ਸੁੱਖ-ਅਰਾਮ ਤਿਆਗਣ ਲਈ ਤਿਆਰ ਹਾਂ"
(ਸ਼ਹੀਦ ਮਲਕੀਤ ਸਿੰਘ ਮੱਲ੍ਹਾ ਦੀ ਇਕ ਲਿਖਤ ਚੋਂ)

ਮਹਾਤਮਾ ਬੁੱਧ ਤਾਂ ਗਿਆਨ ਪ੍ਰਾਪਤੀ ਮਗਰੋਂ ਜਿਸਮਾਨੀ ਤੌਰ ਤੇ ਵੀ ਆਪਣੇ ਘਰ ਵੱਲ ਪਰਤ ਆਇਆ ਸੀ ਪਰ ਸ਼ਹਾਦਤ ਮਗਰੋਂ ਮਲਕੀਤ ਕਦੇ ਵੀ ਜਿਸਮਾਨੀ ਤੌਰ ਤੇ ਨਾ ਪਰਤ ਸਕਿਆ। ਉਸਦੇ ਚਾਹੁਣ ਵਾਲੇ ਉਸਦੇ ਵਿਚਾਰਾਂ ਦੀ ਗੱਲ ਕਰਕੇ ਉਸਨੂੰ ਅਕਸਰ ਵਾਪਿਸ ਬੁਲਾਉਂਦੇ ਰਹਿੰਦੇ ਹਨ ਅਤੇ ਉਹ ਹਾਜ਼ਰ ਵੀ ਹੋ ਜਾਂਦਾ ਹੈ। ਉਹ ਸਾਬਤ ਕਰਦਾ ਹੈ ਵਿਚਾਰਾਂ ਦੀ ਕਦੇ ਮੌਤ ਨਹੀਂ ਹੁੰਦੀ। ਸ਼ਾਇਦ ਇਹੀ ਹੈ ਭਗਵਾਨ ਕ੍ਰਿਸ਼ਨ ਦਾ ਗੀਤ ਉਪਦੇਸ਼। ਸ਼ਾਇਦ ਇਹੀ ਹੁੰਦਾ ਹੈ ਪੁਨਰਜਨਮ।

ਜਿਸ ਤਰ੍ਹਾਂ ਤੰਤਰ ਸਾਧਨਾ ਵਾਲੇ ਆਤਮਾਵਾਂ ਨੂੰ ਬੁਲਾ ਲੈਣ ਦੇ ਦਾਅਵੇ ਕਰਦੇ ਹਨ। ਉਸੇ ਤਰ੍ਹਾਂ ਕ੍ਰਾਂਤੀਕਾਰੀ ਖੱਬੇਪੱਖੀ ਨਾਸਤਿਕ ਲੋਕ ਯਾਦਾਂ ਅਤੇ ਵਿਚਾਰਾਂ ਦੀ ਗੱਲ ਕਰ ਕੇ ਆਪਣੇ ਸ਼ਹੀਦ ਹੋਏ ਸਾਥੀਆਂ ਨੂੰ ਸਭਨਾਂ ਸਾਹਮਣੇ ਸਾਕਾਰ ਕਰ ਦੇਂਦੇ ਹਨ। ਕਿਸੇ ਮਿਸ਼ਨ ਲਈ ਸ਼ਹੀਦ ਹੋਏ ਬਹਾਦਰ ਅਮਰ ਹੋ ਜਾਂਦੇ ਹਨ ਉਹ ਕਦੇ ਮਰਿਆਂ ਨਹੀਂ ਕਰਦੇ। ਉਹ ਕਦਮ ਕਦਮ ਤੇ ਆਪਣੇ ਸਾਥੀਆਂ ਦਾ ਰਾਹ ਰੁਸ਼ਨਾਉਂਦੇ ਹਨ। ਮੌਤ ਨੂੰ ਮਖੌਲਾਂ ਕਰਨ ਵਾਲੇ ਇਹ ਲੋਕ ਆਪਣੇ ਕਾਤਲਾਂ ਨੂੰ ਸੰਤ ਰਾਮ ਉਦਾਸੀ ਦੇ ਸ਼ਬਦ ਬਾਰ ਬਾਰ ਯਾਦ ਦੁਆਉਂਦੇ ਹਨ:
ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ! ਕਤਲ ਕੀਤਿਆਂ ਤੋਂ ਵੀ ਕਦੇ ਮੁੱਕਣੀ ਨਹੀਂ ਏਨੀ ਲੰਮੀ ਹੈ ਸਾਡੀ ਕਤਾਰ ਲੋਕੋ!

ਉਸਨੂੰ ਯਾਦ ਕਰਨ ਵਾਲੇ ਵੀ ਉਹਨਾਂ ਵਿਚਾਰਾਂ ਨੂੰ ਹੀ ਪ੍ਰਣਾਏ ਹੋਏ ਹਨ। ਲੋਕਾਂ ਦੇ ਦੁੱਖ ਦੂਰ ਕਰਨ ਲਈ ਆਪ ਵਾਰਨ ਵਾਲੇ ਉਸ ਨੌਜਵਾਨ ਸ਼ਹੀਦ ਮਲਕੀਤ ਦੀ ਇਹ ਤਸਵੀਰ ਸਾਂਝੀ ਕੀਤੀ ਹੈ ਉਸ ਬਹਾਦਰ ਕੁੜੀ ਨੇ ਜਿਸਨੂੰ ਲੋਕ ਸਮਤਾ ਦੇ ਨਾਮ ਨਾਲ ਜਾਣਦੇ ਹਨ। ਲੋਕਾਂ ਲਈ ਹੁੰਦੇ ਧਰਨਿਆਂ, ਮੁਜ਼ਾਹਰਿਆਂ ਅਤੇ ਕਿਸਾਨ ਅੰਦੋਲਨ ਆਯੋਜਨਾਂ ਵਿੱਚ ਅਕਸਰ ਹਾਜ਼ਰ ਰਹਿਣ ਵਾਲੇ ਸੁਰਿੰਦਰ ਸਿੰਘ ਦੇ ਪ੍ਰਤੀਬੱਧ ਪਰਿਵਾਰ ਨਾਲ ਸਬੰਧਤ ਸਟੇਜ ਦੀ ਦੁਨੀਆਂ ਵਾਲੀ ਸਰਗਰਮ ਕਲਾਕਾਰ ਮੁਟਿਆਰ ਜਸਪ੍ਰੀਤ ਕੌਰ ਸਮਤਾ ਨੇ ਜਿਹੜੀ ਸਿੰਘੂ ਬਾਰਡਰ, ਟਿਕਰੀ ਬਾਰਡਰ, ਵੇਰਕਾ ਮਿਲਕ ਪਲਾਂਟ ਲੁਧਿਆਣਾ ਅਤੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਨਜ਼ਰ ਆਉਂਦੀ ਹੀ ਰਹਿੰਦੀ ਹੈ। ਇਸ ਵੇਲੇ ਲੋੜ ਹੈ ਸਮਤਾ ਵਾਂਗ ਹੀ ਉਹਨਾਂ ਸ਼ਹੀਦਾਂ ਦੇ ਵੇਰਵਿਆਂ ਅਤੇ ਬਿਊਰਿਆਂ ਨੂੰ ਸੰਭਾਲਿਆ ਜਾਵੇ ਜਿਹਨਾਂ ਨੇ ਮਨੁੱਖਤਾ ਦੇ ਭਲੇ ਲਈ ਸਰਬ ਸਾਂਝਾ ਸਮਾਜ ਸਿਰਜਣ ਦੇ ਮਕਸਦ ਨਾਲ ਅਪਣੀਆਂ ਜਾਨਾਂ ਵਾਰੀਆਂ ਹਨ। --ਰੈਕਟਰ ਕਥੂਰੀਆ

Thursday, December 9, 2021

ਨਕਸਲੀ ਲਹਿਰ ਦੀਆਂ ਮੋਹਰੀ ਸਫ਼ਾਂ `ਚ ਗਿਣੇ ਜਾਂਦੇ ਸਨ ਫ਼ਤਿਹਜੀਤ

 ਪੰਜਾਬੀ ਸ਼ਾਇਰ ਅੰਕਲ ਫ਼ਤਿਹਜੀਤ ਫ਼ਤਿਹ ਬੁਲਾ ਗਏ

ਤੁਰ ਗਿਆ ਇੱਕ ਹੋਰ ਚਾਚਾ...  

ਨਕਸਲੀ ਲਹਿਰ ਦੇ ਮੋਹਰੀ ਸਫ਼ਾਂ `ਚ ਗਿਣੇ ਜਾਂਦੇ ਪੰਜਾਬੀ ਸ਼ਾਇਰ ਅੰਕਲ ਫ਼ਤਿਹਜੀਤ ਫ਼ਤਿਹ ਬੁਲਾ ਗਏ।

ਸਸਕਾਰ ਕੱਲ੍ਹ ਸਵੇਰੇ 11.30 ਵਜੇ ਸ਼ਾਹਕੋਟ ਵਿਖੇ।

ਪ੍ਰੋਫੈਸਰ ਗੁਰਭਜਨ ਗਿੱਲ ਵੱਲੋਂ ਭੇਜੀ ਗਈ ਪ੍ਰੈੱਸ ਰਲੀਜ਼:

ਸਿਰਕੱਢ ਪੰਜਾਬੀ ਕਵੀ ਫ਼ਤਹਿਜੀਤ 

ਸੁਰਗਵਾਸ

ਅੱਜ 3.30 ਵਜੇ ਜਲੰਧਰ ਦੇ ਹਸਪਤਾਲ ਚ ਸਵਾਸ ਤਿਆਗੇ

ਲੁਧਿਆਣਾਃ 9 ਦਸੰਬਰ

ਸਿਰਕੱਢ ਅਗਾਂਹਵਧੂ ਪੰਜਾਬੀ ਕਵੀ ਫ਼ਤਹਿਜੀਤ ਦਾ ਅੱਜ ਦੁਪਹਿਰ 3.30 ਵਜੇ ਜਲੰਧਰ ਦੇ ਨਿਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਦੀ ਵੱਡੀ ਬੇਟੀ ਬਲਜੀਤ ਕੌਰ ਨੇ ਦਿੱਤੀ। ਫ਼ਤਹਿਜੀਤ ਚਾਰ ਦਸੰਬਰ ਨੂੰ ਹੀ 83 ਵਰ੍ਹਿਆਂ ਦੇ ਹੋਏ ਸਨ। ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਇਲਾਕੇ ਚ ਉਨ੍ਹਾਂ ਸਕੂਲ ਅਧਿਆਪਨ ਕਾਰਜ ਕਰਨ ਦੇ ਨਾਲ ਨਾਲ ਦੋਆਬੇ ਜੀ ਅਗਾਂਹਵਧੂ ਸਾਹਿੱਤਕ ਲਹਿਰ ਨੂੰ ਵੀ ਅਗਵਾਈ ਪ੍ਰਦਾਨ ਕੀਤੀ। 

 ਫ਼ਤਿਹਜੀਤ ਜੀ ਦਾ ਜਨਮ 3 ਦਸੰਬਰ 1938 ਨੂੰ ਚੱਕ ਨੰਬਰ 87 ਲਾਇਲਪੁਰ(ਪਾਕਿਸਤਾਨ ) ਚ ਸ: ਗੁਰਚਰਨ ਸਿੰਘ ਬਦੇਸ਼ਾ ਦੇ ਘਰ ਮਾਤਾ ਜੀ ਸਰਦਾਰਨੀ ਸੁਰਜੀਤ ਕੌਰ ਦੀ ਕੁੱਖੋਂ ਨਾਨਕੇ ਘਰ (ਲਲਤੋਂ ਵਾਲੇ ਗਰੇਵਾਲ )ਪਰਿਵਾਰ ਚ ਹੋਇਆ। ਦੇਸ਼ ਵੰਡ ਮਗਰੋਂ ਇਹ ਪਰਿਵਾਰ ਆਪਣਾ ਜੱਦੀ ਪਿੰਡ ਢੰਡੋਵਾਲ ਤੋਂ ਸ਼ਾਹਕੋਟ (ਜਲੰਧਰ)ਆਣ ਵੱਸਿਆ। ਆਪ ਨੇ ਮੈਟਰਿਕ ਸਰਕਾਰੀ ਸਕੂਲ ਨੰਗਲ ਅੰਬੀਆਂ (ਜਲੰਧਰ)ਅਤੇ ਰਣਬੀਰ ਕਾਲਿਜ ਸੰਗਰੂਰ ਤੋਂ ਐੱਫ ਏ ਕਰਕੇ ਗਿਆਨੀ, ਓ ਟੀ ਪਾਸ ਕੀਤੀ। ਮਗਰੋਂ ਬੀਏ ਤੇ ਐੱਮ ਏ ਪਰਾਈਵੇਟ ਤੌਰ ਤੇ ਪਾਸ ਕੀਤੀ। ਜੀਵਨ ਸਾਥਣ ਰਣਧੀਰ ਕੌਰ ਤੇ ਤਿੰਨ ਧੀਆਂ ਦੇ ਭਰਵੇਂ ਪਰਿਵਾਰ ਦੇ ਅੰਗ ਸੰਗ ਜਲੰਧਰ ਚ ਰਹਿੰਦਿਆਂ ਬੀਮਾਰੀ ਦੀ ਲੰਮੀ ਮਾਰ ਦੇ ਬਾਵਜੂਦ ਸੂਰਮਿਆਂ ਵਾਂਗ ਲਗਾਤਾਰ ਸਿਰਜਣ ਸ਼ੀਲ ਰਹੇ। ਇਸੇ ਸਦਕਾ ਉਹ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਫ਼ਤਹਿਜੀਤ ਵਿਸ਼ੇਸ਼ ਸਨਮਾਨਯੋਗ ਥਾਂ ਰੱਖਦੇ ਸਨ। 

ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਤੇ ਫ਼ਤਹਿਜੀਤ ਪਰਿਵਾਰ ਦੇ ਨਿਕਟ ਸਨੇਹੀ ਪ੍ਰੋਃ ਗੁਰਭਜਨ ਗਿੱਲ ਨੇ ਫ਼ਤਹਿਜੀਤ ਜੀ ਦੇ ਦੇਹਾਂਤ ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਹ ਮਨੁੱਖੀ ਰਿਸ਼ਤਿਆਂ, ਸਮਾਜਿਕ ਤਾਣੇ ਬਾਣੇ ਤੇ ਮਨੁੱਖੀ ਹੋਂਦ ਸਮੇਤ ਜ਼ਿੰਦਗੀ ਦੇ ਹੋਰ ਪਹਿਲੂਆਂ ਨੂੰ ਸੰਵੇਦਨਸ਼ੀਲਤਾ ਤੇ ਖੂਬਸੂਰਤ ਕਾਵਿਕ ਭਾਸ਼ਾ ਵਿੱਚ ਸੰਚਾਰਦੇ ਸਨ। 

ਜੀਵਨ ਨਿਰਬਾਹ ਲਈ ਅਧਿਆਪਨ ਕਿੱਤੇ ਦੀ ਚੋਣ ਸਬੱਬ ਸੀ ਜਿਸ ਨੇ ਫ਼ਤਹਿਜੀਤ ਜੀ ਨੂੰ ਪੱਛਮੀ ,ਭਾਰਤੀ ਤੇ ਪੰਜਾਬੀ ਸਾਹਿੱਤ ਦਾ ਨਿੱਠ ਕੇ ਅਧਿਐਨ ਕਰਨ ਦੇ ਮੌਕੇ ਮੁਹੱਈਆ ਕਰਾਏ। ਉਨ੍ਹਾਂ ਇਨਾਂ ਮੌਕਿਆਂ ਦਾ ਸਦ ਉਪਯੋਗ ਕੀਤਾ ਜਿਸ ਦੀ ਝਲਕ ਉਨ੍ਹਾਂ ਦੀਆਂ ਰਚਨਾਵਾਂ ਵਿੱਚੋਂ ਮਿਲਦੀ ਹੈ।

ਸ਼ਾਂਤ ਸੁਭਾਅ ਤੇ ਚੇਤੰਨ ਕਵੀ ਫ਼ਤਹਿਜੀਤ ਜੀ ਨੇ ਚਾਰ ਕਾਵਿ ਪੁਸਤਕਾਂ ਪੰਜਾਬੀ ਸਾਹਿੱਤ ਦੀ ਝੋਲੀ ਪਾਈਆਂ। 

ਅਮਰੀਕਾ ਤੋਂ ਉਨ੍ਹਾਂ ਦੇ ਸਨੇਹੀ ਤੇ ਸ਼੍ਰੋਮਣੀ ਪੰਜਾਬੀ ਕਵੀ ਸੁਖਵਿੰਦਰ ਕੰਬੋਜ ਨੇ ਫ਼ਤਹਿਜੀਤ ਦੀ ਮੌਤ ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਹ ਮੇਰੇ ਸਮੇਤ ਨਕੋਦਰ ਇਲਾਕੇ ਦੇ ਕਈ ਨੌਜਵਾਨਾਂ ਨੂੰ ਉਂਗਲੀ ਫੜ ਕੇ ਤੋਰਨ ਵਾਲੇ ਰਾਹ ਦਿਸੇਰਾ ਸਨ। 

ਉਨ੍ਹਾਂ ਦੀ ਕਵਿਤਾ ਆਉਣ ਵਾਲੀਆਂ ਭਵਿੱਖ ਪੀੜ੍ਹੀਆਂ ਨੂੰ ਸਾਰਥਕ ਸੋਚ ਦੇ ਨਾਲ ਨਾਲ ਚੜ੍ਹਦੀ ਕਲਾ ਵਿੱਚ ਰਹਿਣ ਦਾ ਸੁਨੇਹਾ ਦਿੰਦੀ ਰਹੇਗੀ। 

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾਃ ਸ ਪ ਸਿੰਘ ਨੇ ਕਿਹਾ ਕਿ ਜਲੰਧਰ ਦੀਆਂ ਅਦਬੀ ਮਹਿਫ਼ਲਾਂ ਚ ਫ਼ਤਹਿਜੀਤ ਸਹਿਜ ਸਬਰ ਸੰਤੋਖ ਦਾ ਪ੍ਰਤੀਕ ਸੀ

ਜਿਸ ਦੀ ਪਲੇਠੀ ਕਿਤਾਬ ‘ਏਕਮ’ 1967 ਵਿੱਚ ਛਪੀ ਜਦ ਅਸੀਂ ਲਾਇਲਪੁਰ ਖਾਲਸਾ ਕਾਲਿਜ ਜਲੰਧਰ ਵਿੱਚ ਐੱਮ ਏ ਕਰਦੇ ਸਾਂ। ਇਸ ਨਾਲ ਉਹ ਉਸ ਸਮੇਂ ਦੇ ਪੰਜਾਬੀ ਦੇ ਚੋਣਵੇਂ ਕਵੀਆਂ ਵਿੱਚ ਸ਼ਾਮਿਲ ਹੋ ਗਏ। ਉਨ੍ਹਾਂ ਦੀ ਕਵਿਤਾ ਨੂੰ ਨੌਜਵਾਨ ਵਰਗ ਦੇ ਨਾਲ ਨਾਲ ਕਵਿਤਾ ਦੇ ਗੰਭੀਰ ਪਾਠਕਾਂ ਨੇ ਵੀ ਸਰਾਹਿਆ।

ਦੂਜੀ ਕਿਤਾਬ ਕੱਚੀ ਮਿੱਟੀ ਦੇ ਬੌਣੇ' 1973 ਵਿੱਚ ਆਈ ਜਦ ਕਿ 1982 ਵਿੱਚ ਤੀਜੀ ਪੁਸਤਕ ਨਿੱਕੀ ਜੇਹੀ ਚਾਨਣੀ ਛਪੀ। 2018 ਚ ਆਈ ਚੌਥੀ ਕਾਵਿ ਕਿਤਾਬ ਰੇਸ਼ਮੀ ਧਾਗੇ ਰਿਸ਼ਤਿਆਂ ਦੀ ਅਹਿਮੀਅਤ ਤੇ ਚੰਗੇ ਸਮਾਜ ਦੀ ਸਿਰਜਣਾ ਦੀ ਆਸ ਦੀ ਗੱਲ ਕਰਦੀ ਹੈ। ਇਸ ਕਿਤਾਬ ਨੂੰ ਰਘਬੀਰ ਸਿੰਘ ਸਿਰਜਣਾ, ਸੁਰਿੰਦਰ ਗਿੱਲ, ਰਵਿੰਦਰ ਭੱਠਲ ਤੇ ਗੁਰਭਜਨ ਗਿੱਲ , ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ ,ਲਖਵਿੰਦਰ ਜੌਹਲ ਤੇ ਬਲਬੀਰ ਪਰਵਾਨਾ ਨੇ ਘਰ ਜਾ ਕੇ ਲੋਕ ਅਰਪਨ ਕੀਤਾ ਕਿਉਂ ਉਹ ਚੱਲਣ ਫਿਰਨ ਤੋਂ ਅਸਮਰੱਥ ਸਨ। 

ਫ਼ਤਿਜੀਤ ਦੇ ਦੇਹਾਂਤ ਤੇ ਟੋਰੰਟੋ ਤੋਂ ਕੁਲਵਿੰਦਰ ਖ਼ਹਿਰਾ, ਡਾਃ ਵਰਿਆਮ ਸਿੰਘ ਸੰਧੂ, ਪ੍ਰਿੰਸੀਪਲ ਸਰਵਣ ਸਿੰਘ ਤੇ ਪ੍ਰੋਃ ਜਾਗੀਰ ਸਿੰਘ ਕਾਹਲੋਂ  ਨੇ ਵੀ ਫ਼ਤਹਿਜੀਤ ਦੇ ਦੇਹਾਂਤ ਤੇ ਭਾਰੀ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। 

ਸੁਖਵਿੰਦਰ ਕੰਬੋਜ ਵੱਲ਼ੋਂ ਆਪਣੇ ਪਿਤਾ ਜੀ ਦੀ ਯਾਦ ਚ ਸਥਾਪਿਤ ਕੌਮਾਂਤਰੀ ਸੰਸਥਾ ਕਲਮ ਵੱਲੋਂ ਬਾਪੂ ਜਾਗੀਰ ਸਿੰਘ ਕੰਬੋਜ ਪੁਰਸਕਾਰ ਨਾਲ ਸਾਲ 2019 ਚ ਸਨਮਾਨਿਤ ਕੀਤਾ ਗਿਆ ਸੀ। 

ਸ਼੍ਰੀ ਫ਼ਤਹਿਜੀਤ  ਦਾ ਅੰਤਿਮ ਸੰਸਕਾਰ ਸਵੇਰੇ 11.30 ਵਜੇ ਸ਼ਾਹਕੋਟ (ਜਲੰਧਰ) ਵਿਖੇ ਹੋਵੇਗਾ। ਇਹ ਜਾਣਕਾਰੀ ਉਨ੍ਹਾਂ ਦੇ ਦਾਮਾਦ ਸਃ ਜਗਦੀਪ ਸਿੰਘ ਗਿੱਲ ਲੋਕ ਸੰਪਰਕ ਅਫ਼ਸਰ ਪੰਜਾਬ ਸਰਕਾਰ ਨੇ ਦਿੱਤੀ ਹੈ। (ਕੁਲਵਿੰਦਰ ਖਹਿਰਾ ਦੀ ਫੇਸਬੁੱਕ ਪ੍ਰੋਫਾਈਲ ਤੋਂ ਧੰਨਵਾਦ ਸਹਿਤ )



ਫਤਿਹਜੀਤ ਹੁਰਾਂ ਦੀ ਇੱਕ ਕਵਿਤਾ 

ਮੁਕਤੀ ਮਾਰਗ
 
ਲਾਰਿਆਂ ਤੇ ਇਕਰਾਰਾਂ ਵਿਚਕਾਰ
ਖੜੇ ਸੀ ਯਾਰ
ਕਦੇ ਹਮਦਰਦ ਲੱਗਦੇ ਸੀ
ਕਦੇ ਬੇਦਰਦ ਲੱਗਦੇ ਸੀ।

ਸਲੀਕਾ ਮੰਗ ਕਰਦਾ ਸੀ
ਕਿ ਉਹ ਕਹਿੰਦੇ
ਕਹਿ ਦਿੰਦੇ ਜੋ ਕਹਿਣਾ ਸੀ
ਦੁਚਿੱਤੀ ਮੁੱਕ ਜਾਂਦੀ,
ਛਿੱਜਦਿਆਂ ਸਾਹਾਂ 'ਚ
ਕੁੱਝ ਤਾਂ ਨਵਾਂ ਹੁੰਦਾ
ਦੋਸਤਾਂ ਵਰਗਾ
ਜਾਂ ਦੁਸ਼ਮਣਾ ਵਰਗਾ ।

ਭਲਾ ਹੁੰਦਾ
ਜੇ ਹਾਂ ਹੁੰਦੀ
ਜਾਂ ਨਾਂਹ ਹੁੰਦੀ।
ਸ਼ਰੀਕਾਂ ਵਾਂਗ ਰੁੱਸਦੀ ਮੰਨਦੀ
ਆਸ਼ਾ-ਨਿਰਾਸ਼ਾ
ਫ਼ਾਸਲੇ ਤੋਂ ਮੁਕਤ ਹੋ ਜਾਂਦੀ।
ਘੋੜਾ ਆਰ ਹੋ ਜਾਂਦਾ
ਜਾਂ ਘੋੜਾ ਪਾਰ।
ਖੜੇ ਸੀ ਯਾਰ
ਲਾਰਿਆਂ ਤੇ ਇਕਰਾਰਾਂ ਵਿਚਕਾਰ।
ਕਦੇ ਹਮਦਰਦ ਲੱਗਦੇ ਸੀ
ਕਦੇ ਬੇਦਰਦ ਲੱਗਦੇ ਸੀ।
----------------------------

Thursday, December 2, 2021

ਲੋਕ ਰਜ਼ਾ ਦਾ ਸੱਚ ਪਾਵੇਲ ਕੁੱਸਾ ਦੇ ਸ਼ਬਦਾਂ ਵਿੱਚ

ਲੋਕ ਰਜ਼ਾ ਸੜਕਾਂ 'ਤੇ ਪੁੱਗਦੀ ਹੈ

ਫੋਟੋ ਅਮੋਲਕ ਸਿੰਘ ਹੁਰਾਂ ਦੇ ਪ੍ਰੋਫ਼ਾਈਲ ਪੇਜ ਤੋਂ ਧੰਨਵਾਦ ਸਹਿਤ 

ਸੋਸ਼ਲ ਮੀਡੀਆ: 2 ਦਸੰਬਰ 2021: (ਨਕਸਲਬਾੜੀ ਬਿਊਰੋ)::

ਲੋਕ ਹਰ ਵਾਰ ਚੋਣਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਬੜਾ ਜੋਸ਼ੋ ਖਰੋਸ਼ ਵੀ ਨਜ਼ਰ ਆਉਣਾ ਹੈ। ਫਿਰ ਵੀ ਲੋਕਾਂ ਦੀ ਹਾਲਤ ਕਿਓਂ ਨਹੀਂ ਸੁਧਰਦੀ? ਉਹਨਾਂ ਨੂੰ ਸੁੱਖ ਦਾ ਸਾਹ ਕਿਓਂ ਨਹੀਂ ਆਉਂਦਾ? ਉਹਨਾਂ ਦਾ ਭਲਾ ਕਿਨ ਨਹੀਂ ਹੁੰਦਾ? ਕੁਰੱਪਸ਼ਨ, ਗਰੀਬੀ, ਮਹਿੰਗਾਈ, ਲਾਲ ਫੀਤਾਸ਼ਾਹੀ, ਅਫ਼ਸਰੀ ਹੰਕਾਰ ਅਤੇ ਹੋਰ ਕੁਰੀਤੀਆਂ ਉਹਨਾਂ ਦਾ ਪਿੱਛਾ ਕਿਓਂ ਨਹੀਂ ਛੱਡਦੀਆਂ? ਹਰ ਵਾਰ ਚੋਣਾਂ ਦੇ ਨਤੀਜੇ ਸਿਰਫ ਚਿਹਰੇ ਹੀ ਕਿਓਂ ਬਦਲਦੇ ਹਨ? ਹਾਲਾਤ ਨੂੰ ਕਿਓਂ ਨਹੀਂ ਬਦਲਦੇ? ਉਹਨਾਂ ਨੂੰ ਇਨਸਾਫ ਕਿਓਂ ਨਹੀਂ ਮਿਲਦਾ? ਇਹਨਾਂ ਸਾਰੇ ਸੁਆਲਾਂ ਦਾ ਜੁਆਬ ਮਿਲਦਾ ਹੈ ਪਾਵੇਲ ਕੁੱਸਾ ਦੀ ਇੱਕ ਸੰਖੇਪ ਜੀ ਪੋਸਟ ਵਿੱਚ। ਇਹ ਪੋਸਟ ਬਹੁਤ ਕੁਝ ਦੱਸਦੀ ਹੈ। ਬਹੁਤ ਹੀ ਥੋਹੜੇ ਸ਼ਬਦਾਂ ਵਿੱਚ ਬਹੁਤ ਕੁਝ:

ਕਿਸਾਨ ਸੰਘਰਸ਼ ਦਾ ਵੱਡਮੁੱਲਾ ਸਬਕ ਹੈ ਕਿ ਲੋਕ ਰਜ਼ਾ ਪਾਰਲੀਮੈਂਟ ਜਾਂ ਵਿਧਾਨ ਸਭਾ ਦੀਆਂ ਸੀਟਾਂ 'ਤੇ ਨਹੀਂ ਪੁੱਗਦੀ। ਲੋਕ ਰਜ਼ਾ ਸੜਕਾਂ 'ਤੇ ਪੁੱਗਦੀ ਹੈ, ਲੋਕਾਂ ਦੇ ਘੋਲਾਂ ਨਾਲ ਪੁੱਗਦੀ ਹੈ।

ਤਾਕਤ ਵੋਟ ਦੀ ਨਹੀਂ ਹੁੰਦੀ ਅਸਲ ਤਾਕਤ ਚੇਤੰਨ, ਜਥੇਬੰਦ ਤੇ ਸੰਘਰਸ਼ਸ਼ੀਲ ਜਨਤਾ ਦੀ ਹੁੰਦੀ ਹੈ।
ਆ ਰਹੀਆਂ ਪੰਜਾਬ ਚੋਣਾਂ ਕਾਰਨ ਇਹ ਸਬਕ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ।
ਤੁਸੀਂ ਵੀ ਆਪੋ ਆਪਣੇ ਇਲਾਕਿਆਂ ਅਤੇ ਹੋਰ ਸਰੋਤਾਂ ਤੋਂ ਅਜਿਹੀ ਜਾਣਕਾਰੀ ਭੇਜ ਸਕਦੇ ਹੋ।

ਇਸਦੇ ਨਾਲ ਹੀ ਦੇਖ ਸਕਦੇ ਹੋ ਪਾਵੇਲ ਕੁੱਸਾ ਦੀ ਇੱਕ ਵੀਡੀਓ ਵੀ:

ਇਸ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਨੌਜਵਾਨ ਪਾਵੇਲ ਕੁੱਸਾ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਵਿਖੇ ਕਿਸਾਨ ਅੰਦੋਲਨ 'ਤੇ ਵਿਚਾਰ ਚਰਚਾ ਦੌਰਾਨ ।


Wednesday, November 24, 2021

ਮੁਫਤ ਦੀਆਂ ਸੌਗਾਤਾਂ ਦੇਣ ਦੇ ਵਾਅਦੇ ਸੱਤਾ ਦੀ ਠਗੀ ਦਾ ਦੁਹਰਾਓ-ਬੱਖਤਪੁਰਾ

ਲਿਬਰੇਸ਼ਨ ਨੇ ਕੇਜਰੀਵਾਲ, ਕਾਂਗਰਸ ਅਤੇ ਬਾਦਲਾਂ ਨੂੰ ਲੰਮੇ ਹੱਥੀਂ ਲਿਆ 

ਲੁਧਿਆਣਾ//ਬਟਾਲਾ: 24 ਨਵੰਬਰ 2021: (ਨਕਸਲਬਾੜੀ ਬਿਊਰੋ)::

ਪਿਛਲੇ ਸਮਿਆਂ ਦੌਰਾਨ ਸੱਤਾ ਲੋਭੀ ਸਿਆਸੀ ਲੋਕਾਂ ਨੇ ਬਹੁਤ ਸਾਰੇ ਅਜਿਹੇ ਐਲਾਨ ਕੀਤੇ ਹਨ ਜਿਹਨਾਂ ਅਧੀਨ ਲੋਕਾਂ ਨੂੰ ਵੱਖ ਵੱਖ ਤਰ੍ਹਾਂ ਦੇ ਲਾਲਚ ਦੇ ਕੇ ਭਰਮਾਉਣ ਦੇ ਸੁਚੇਤ ਜਤਨ ਹੋਏ ਹਨ। ਇੰਝ ਲੱਗਦਾ ਹੈ ਜਿਵੇਂ ਵੋਟ ਬਦਲੇ ਕੁਝ ਨਾ ਕੁਝ ਦੇਣ ਦੇ ਸ਼ਰਮਨਾਕ ਵਰਤਾਰੇ ਨੂੰ ਨੰਗੇ ਚਿੱਟੇ ਰੂਪ ਵਿੱਚ ਅਪਨਾ ਲਿਆ ਗਿਆ ਹੋਵੇ। 

ਇੱਕ ਦੂਜੇ ਤੋਂ ਵੱਧ ਕੇ ਆਏ ਦਿਨ ਅਜਿਹੇ ਐਲਾਨ ਕੀਤੇ ਜਾਂਦੇ ਹਨ। ਕਦੇ ਮੁਫ਼ਤ ਬਿਜਲੀ, ਕਦੇ ਮੁਫ਼ਤ ਪਾਣੀ, ਕਦੇ ਮੁਫ਼ਤ ਇਲਾਜ, ਕਦੇ ਬੈਂਕਾਂ ਦੇ ਖਾਤਿਆਂ ਵਿੱਚ ਨਗਦ ਨਰਾਇਣ ਵਾਲੇ ਵਾਅਦੇ। ਪਿਛਲੇ ਸਮੇਂ ਦੌਰਾਨ 15-15 ਲਖ ਰੁਪਏ ਦਾ ਵਾਅਦਾ ਵੀ ਅਜਿਹਾ ਹੀ ਐਲਾਨ ਸੀ ਜਿਸ ਨੂੰ ਬਾਅਦ ਵਿੱਚ ਚੁਣਾਵੀ ਜੁਮਲਾ ਆਖ ਕੇ ਹਾਸੇ ਵਿੱਚ ਉਡਾ ਦਿੱਤਾ ਗਿਆ। 

ਜਦ ਜਦ ਵੀ ਚੋਣਾਂ ਦਾ ਮੌਸਮ ਆਉਂਦਾ ਹੈ ਉਦੋਂ ਉਦੋਂ ਅਜਿਹੇ ਵਾਅਦਿਆਂ ਅਤੇ ਐਲਾਨੰਦੀ ਹਨੇਰੀ ਜਿਹੀ ਵਗਣ ਲੱਗ ਪੈਂਦੀ ਹੈ ਲੁੱਟਾਂ, ਖਸੁੱਟਾਂ ਅਤੇ ਸ਼ੋਸ਼ਣ ਨਾਲ ਕੰਗਾਲ ਕੀਤੇ ਵਿਚਾਰ ਬੇਬਸ ਜਿਹੇ ਲੋਕ ਇਹਨਾਂ ਸੱਤਾ ਲੋਭੀ ਵਰਤਾਰਿਆਂ ਦੌਰਾਨ ਅਕਸਰ ਇਉਂ ਕੀਲੇ ਹੁਜੰਦੇ ਹਨ ਜਿਵੇਂ ਪਿਆਸੇ ਨੂੰ ਪਾਣੀ ਦੀ ਬੂੰਦ ਲੱਭ ਗਈ ਹੋਵੇ। ਥੁੜਾਂ ਅਤੇ ਮਜਬੂਰੀਆਂ ਮਾਰੇ ਲੋਕਾਂ ਨੂੰ ਰੋਜ਼ਗਾਰ ਦੇ ਪ੍ਰਬੰਧ ਨਹੀਂ ਕੀਤੇ ਜਾਂਦੇ। ਸਾਡੇ ਕੁਦਰਤੀ ਸਰੋਤਾਂ ਨੂੰ ਲੁੱਟਣ ਵਾਲਿਆਂ ਨਿਜੀ ਕੰਪਨੀਆਂ ਨਾਲ ਸੌਦੇਬਾਜ਼ੀਆਂ ਬੰਦ ਨਹੀਂ ਕੀਤੀਆਂ ਜਾਂਦੀਆਂ। ਲੁੱਟ ਖਸੁੱਟ ਕਰ ਕਰ ਕੇ ਇਕੱਠੇ ਕੀਤੇ ਧੰਨ ਦੇ ਸਮੁੰਦਰਾਂ ਦੀਆਂ ਦੀਆਂ ਕੁਝ ਬੂੰਦਾਂ ਵਿਚਾਰੇ ਪੀੜਿਤ ਲੋਕਾਂ ਦੇ ਮੂੰਹਾਂ ਤੇ ਜ਼ਰੂਰ ਛਿੜਕ ਦਿੱਤੀਆਂ ਜਾਂਦੀਆਂ ਹਨ ਤਾਂਕਿ ਉਹਨਾਂ ਨੂੰ ਆਉਂਦੇ ਪੰਜਾਂ ਸਾਲਾਂ ਦੌਰਾਨ ਫਿਰ ਤੋਂ ਨਚੋੜਿਆ ਜਾ ਸਕੇ। 

ਲੰਮੇ ਸਮੇਂ ਤੋਂ ਜਾਰੀ ਅਜਿਹੇ ਵਰਤਾਰਿਆਂ ਵਿੱਚ ਇਸ ਵਾਰ ਜ਼ਿਆਦਾ ਤੇਜ਼ੀ ਆਈ ਹੈ ਅਤੇ ਇਸ ਤੇਜ਼ੀ ਦਾ ਗੰਭੀਰ ਨੋਟਿਸ ਲਿਆ ਹੈ ਸੀਪੀਆਈ ਐਮ ਐਲ (ਲਿਬਰੇਸ਼ਨ) ਨੇ। ਇਸ ਨਕਸਲੀ ਪਾਰਟੀ ਦੇ ਸੀਨੀਅਰ ਆਗੂ ਗੁਰਮੀਤ ਸਿੰਘ ਬੱਖਤਪੁਰਾ ਹਾਲ ਹੀ ਵਿੱਚ ਸਾਂਝੀ ਤਿਆਰੀ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਲੁਧਿਆਣਾ ਆਏ ਹੋਏ ਸਨ। ਇਹ ਮੀਟਿੰਗ 28 ਨਵੰਬਰ ਨੂੰ ਹੋਣ ਵਾਲੀ ਸਾਂਝੀ ਰੈਲੀ ਦੀ ਸਫਲਤਾ ਲਈ ਬੁਲਾਈ ਗਈ ਸੀ। ਸਮਾਜ ਦੇ ਕਿਰਤੀ ਵਰਗ, ਗਰੀਬ ਵਰਗ ਅਤੇ ਮੱਧ ਵਰਗ ਦਾ ਖੂਨ ਪੀ ਰਹੀ ਮਹਿੰਗਾਈ ਅਤੇ ਹੋਰ ਮਸਲਿਆਂ ਨੂੰ ਲੈ ਕੇ ਵਿਸ਼ਾਲ ਰੈਲੀ ਦਾ ਸੱਦਾ ਚਾਰ ਕੇਂਦਰੀ ਮਜ਼ਦੂਰ ਸੰਗਠਨਾਂ ਨੇ ਦਿੱਤਾ ਹੈ। ਇਹਨਾਂ ਵਿੱਚ ਸੀਪੀਆਈ ਐਮ ਐਲ ਲਿਬਰੇਸ਼ਨ ਨਾਲ ਸਬੰਧਤ ਮਜ਼ਦੂਰ ਜੱਥੇਬੰਦੀ ਆਲ ਇੰਡੀਆ ਸੈਂਟਰਲ ਕਾਉਂਸਿਲ ਆਫ਼ ਟਰੇਡ ਯੂਨੀਅਨਜ਼ ਵੀ ਸ਼ਾਮਲ ਹੈ। 

ਸੀ ਪੀ ਆਈ (ਐਮ ਐਲ) ਲਿਬਰੇਸ਼ਨ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਵੱਖ ਵੱਖ ਹਾਕਮ ਪਾਰਟੀਆਂ ਦੁਆਰਾ ਪੰਜਾਬ ਦੇ ਲੋਕਾਂ ਨਾਲ ਕੀਤੇ ਜਾ ਰਹੇ ਮੁਫਤ ਦੀਆਂ ਸੌਗਾਤਾਂ ਦੇਣ ਦੇ ਵਾਅਦਿਆਂ ਨੂੰ ਸਤਾ ਦੀ ਠਗੀ ਦਾ ਦੁਹਰਾਓ ਦਸਦਿਆਂ ਪਾਰਟੀ ਦੇ ਸੂਬਾ ਸਕਤਰ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਪੰਜਾਬ ਦੇ ਮੁਖ ਮੰਤਰੀ ਵਲੋਂ ਹਰ ਰੋਜ਼ ਨਵੇਂ ਤੋਂ ਨਵਾਂ ਵਾਇਦਾ ਕਰਨ ਤੋਂ ਇਲਾਵਾ ਅਕਾਲੀ ਦਲ ਦੇ ਪਰਧਾਨ ਸੁਖਬੀਰ ਸਿੰਘ ਬਾਦਲ ਨੇ ਕਈ ਤਰ੍ਹਾਂ ਵਾਇਦਿਆ ਸਮੇਤ ਮਾਤਾ ਖੀਵੀ ਜੀ ਰਸੋਈ ਸਕੀਮ ਤਹਿਤ ਨੀਲੇ ਕਾਰਡ ਧਾਰਕ ਪਰਿਵਾਰਾਂ ਦੀ ਔਰਤ ਮੁਖੀ ਨੂੰ ਦੋ ਹਜ਼ਾਰ ਰੁਪਏ ਮਹੀਨਾ ਦੇਣ ਦਾ ਵਾਅਦਾ ਕੀਤਾ ਹੈ ਜਿਸਨੂੰ ਕਾਟ ਕਰਨ ਲਈ ਪੰਜਾਬ ਦੀ ਸਤਾ ਨੂੰ ਹਥਿਆਉਣ ਦੇ ਬੇਹਦ ਲਾਲਚੀ ਨਜਰ ਆ ਰਹੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਹਰ ਬਾਲਗ ਔਰਤ ਦੇ ਅਕਾਉਂਟ ਵਿੱਚ ਇੱਕ ਹਜ਼ਾਰ ਰੁਪਏ ਮਹੀਨਾ ਭੇਜਣ ਦਾ ਵਾਅਦਾ ਕੀਤਾ ਹੈ ਜੋ ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਇਕ ਕਰੋੜ ਔਰਤ ਵੋਟਰਾਂ ਲਈ ਇਹ ਰਕਮ ਬਾਰਾ ਹਜ਼ਾਰ ਕਰੋੜ ਬਣੇਗੀ। 

ਕਾਮਰੇਡ ਬੱਖਤਪੁਰਾ ਨੇ ਹੋਰ ਕਿਹਾ ਕਿ ਆਪਣੇ ਆਪ ਨੂੰ ਆਮ ਲੋਕਾਂ ਦੇ ਅਸਲੀ ਆਮ ਆਗੂ ਦਸਣ ਵਾਲੇ ਕੇਜਰੀਵਾਲ ਸਮੇਤ ਸਮੂਹ ਹਾਕਮ ਪਾਰਟੀਆਂ ਅਤੇ ਉਨ੍ਹਾਂ ਦੇ ਆਗੂ ਪੰਜਾਬ ਦੇ ਲੋਕਾਂ ਦੇ ਰੋਟੀ, ਕਪੜੇ, ਮਕਾਨ,ਸਿਖਿਆ ਅਤੇ ਸੇਹਤ ਆਦਿ ਨਾਲ ਜੁੜੇ ਬੁਨਿਆਦੀ ਮਸਲਿਆਂ ਉਪਰ ਕੋਈ ਠੋਸ ਵਾਇਦਾ ਕਰਨ ਦੀ ਥਾਂ ਲੋਕਾਂ ਦੀਆਂ ਵੋਟਾ ਲੁਟਣ ਦੇ ਜੁਗਾੜ ਲੜਾ ਰਹੇ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਵਡੇਰੇ ਹਿਤਾਂ ਦੀ ਰਾਖੀ ਲਈ ਇਨ੍ਹਾਂ ਹਾਕਮ ਨੂੰ ਦੁਰਕਾਰਿਆ ਜਾਵੇ।

Sunday, September 12, 2021

ਸ਼ਹੀਦ ਅਮਰ ਸਿੰਘ ਅੱਚਰਵਾਲ ਦੇ 29 ਵੇ ਸ਼ਹਾਦਤ ਦਿਵਸ ਮੌਕੇ

  ਅੱਜ 12 ਸਤੰਬਰ ਤੇ ਵਿਸ਼ੇਸ਼//ਹਰਭਗਵਾਨ ਭੀਖੀ ਦੀ ਕਲਮ ਤੋਂ


ਭੀਖੀ
(ਮਾਨਸਾ): 12 ਸਤੰਬਰ 2021: (ਨਕਸਲਬਾੜੀ ਬਿਊਰੋ)::
ਇਤਿਹਾਸਿਕ ਲਹਿਰਾਂ ਵਿੱਚੋਂ ਇੱਕ ਨਕਸਲਬਾੜੀ ਲਹਿਰ ਦੇ ਵਿਰਸੇ ਅਤੇ ਇਤਿਹਾਸ ਨੂੰ ਸੰਭਾਲਣ ਲਈ ਜਿਹੜੇ ਲੋਕ ਆਪੋ ਆਪਣੇ ਤੌਰ ਤੇ ਜਾਂ ਜੱਥੇਬੰਦਕ ਤੌਰ ਤੇ ਸਿਰੜ ਅਤੇ ਸਿਦਕ ਨਾਲ ਜੁੱਟੇ ਹੋਏ ਹਨ ਉਹਨਾਂ ਵਿੱਚ ਹਰਭਗਵਾਨ ਭੀਖੀ ਦਾ ਨਾਂਅ ਵੀ ਇੱਕ ਹੈ। ਧੜੇਬੰਦੀਆਂ ਅਤੇ ਵਿਚਾਰਧਾਰਕ ਵਖਰੇਵਿਆਂ ਤੋਂ ਉੱਪਰ ਉਠਕੇ ਕੰਮ ਕਰਨਾ ਹੁੰਦਾ ਤਾਂ ਬਹੁਤ ਔਖਾ ਹੈ ਪਰ ਫਿਰ ਵੀ ਇਹ ਕੁਝ ਲੋਕ ਲਗਾਤਾਰ ਸਰਗਰਮ ਹਨ। ਉਮਰ ਤੇਜ਼ੀ ਨਾਲ ਲੰਘ ਰਹੀ ਹੈ। ਕਾਲਿਆਂ ਤੋਂ ਧੌਲੇ ਆ ਰਹੇ ਹਨ। ਘਰ ਘਾਟ ਦਾ ਇਹਨਾਂ ਨੇ ਵੀ ਕੁਝ ਨਹੀਂ ਬਣਾਇਆ ਹੋਣਾ। ਪਰ ਸ਼ਹੀਦਾਂ ਨੂੰ ਸਲਾਮ ਕਰਨ ਵਿੱਚ ਸਭ ਤੋਂ ਅੱਗੇ ਹੁੰਦੇ ਹਨ। ਹਰਭਗਵਾਨ ਭੀਖੀ ਨੇ ਤਾਂ ਇਸ ਲਹਿਰ ਬਾਰੇ ਕਿਤਾਬਾਂ ਵੀ ਲਿਖੀਆਂ ਹਨ। ਇਥੇ ਅਸੀਂ ਦੇ ਰਹੇ ਹਾਂ ਸ਼ਹੀਦ ਅਮਰ ਸਿੰਘ ਅੱਚਰਵਾਲ ਦੀ ਯਾਦ ਵਿਚ ਹੋਣ ਵਾਲੇ ਸਮਾਗਮ ਦਾ ਸੱਦਾ ਪੱਤਰ ਜਿਹੜਾ ਹਰਭਗਵਾਨ ਭੀਖੀ ਨੇ ਹੀ ਲਿਖਿਆ ਹੈ। --ਰੈਕਟਰ ਕਥੂਰੀਆ

ਲੰਮੇ ਸੰਘਰਸ਼ ਤੇ ਅਥਾਹ ਕੁਰਬਾਨੀਆਂ ਤੋਂ ਬਾਅਦ ਹਾਸਿਲ ਹੋਈ ਅਜ਼ਾਦੀ ਵੀ ਜਦ ਭਾਰਤੀ ਲੋਕਾਂ ਦੀ ਹੋਣੀ ਨਾ ਬਦਲ ਸਕੀ ਤੇ ਸਤ੍ਹਾ ਤੇ ਬਿਰਾਜਮਾਨ ਹੋਏ ਭੂਰੇ ਹਾਕਮਾਂ ਨੇ ਆਮ ਲੋਕਾਂ ਦੀ ਬਜਾਏ ਕੁਝ ਮੁੱਠੀ ਭਰ ਸਰਮਾਏਦਾਰਾਂ ਦੇ ਹਿੱਤਾਂ ਨੂੰ ਤਰਜੀਹ ਦਿੱਤੀ ਤਾਂ ਇਸ ਨੀਤੀ ਖਿਲਾਫ਼ ਆਜ਼ਾਦੀ ਦੇ ਥੋੜ੍ਹੇ ਸਮੇਂ ਬਾਅਦ ਹੀ ਲੋਕਾਂ ਦਾ ਰੋਹ ਸਾਹਮਣੇ ਆਉਣ ਲੱਗ ਪਿਆ ਸੀ। ਜਿਸ ਕਾਰਨ ਸਮੇਂ ਸਮੇਂ ਭਾਰਤੀ ਹਕੂਮਤ ਖਿਲਾਫ਼ ਬਗਾਵਤ ਉਭਰਦੀ ਰਹੀ ਹੈ। ਇਨਾਂ ਬਗਾਵਤਾਂ ਚੋਂ ਵੀਹਵੀਂ ਸਦੀ ਦੇ ਸੱਤਰਵਿਆਂ ਚ ਉੱਠੀ ਨਕਸਲਬਾੜੀ ਦੀ ਹਥਿਆਰਬੰਦ ਬਗਾਵਤ ਦਾ ਵਿਸ਼ੇਸ਼ ਸਥਾਨ ਹੈ। ਜਿਸ ਨੇ ਵਿੱਦਿਅਕ ਅਦਾਰਿਆਂ ,ਸਾਹਿਤਕ ਹਲਕਿਆਂ, ਬੁੱਧੀਜੀਵੀਆਂ, ਨੌਜਵਾਨਾਂ ਵਿਦਿਆਰਥੀਆਂ ਨੂੰ ਆਪਣੇ ਕਲਾਵੇ ਚ ਹੀ ਨਹੀਂ ਲਿਆ ਬਲਕਿ ਲੁਟੇਰੇ ਨਿਜ਼ਾਮ ਨੂੰ ਉਖਾੜ ਕੇ ਇਨਕਲਾਬ ਦੀ ਚਿਣਗ ਵੀ ਪੈਦਾ ਕੀਤੀ ਜੋ ਸਿਰ ਤੇ ਕੱਫਣ ਬੰਨ ਕੇ ਖੁਸ਼ਹਾਲ ਭਾਰਤ ਦੀ ਸਿਰਜਣਾ ਲਈ ਉੱਠ ਖੜ੍ਹੇ ਹੋਏ। ਅਜਿਹੇ ਸਿਰਲੱਥ ਯੋਧਿਆਂ ਚ ਸ਼ਹੀਦ ਅਮਰ ਸਿੰਘ ਅੱਚਰਵਾਲ ਵੀ ਸ਼ਾਮਲ ਹੈ। ਗਦਰੀਆਂ ਕੂਕਿਆਂ ਦੀ ਧਰਤੀ ਜਿਲ੍ਹਾ ਲੁਧਿਆਣਾ ਦੇ ਪਿੰਡ ਅੱਚਰਵਾਲ ਚ ਅਕਤੂਬਰ 1929 ਜਨਮਿਆ ਅਮਰ ਸਿੰਘ ਨੇ ਜਦ ਸੁਰਤ ਸੰਭਾਲੀ ਸਮਾਜ ਅੰਦਰ ਜੋ ਵੀ ਲੋਕ ਪੱਖੀ ਲਹਿਰ ਉੱਠੀ ਉਨ੍ਹਾਂ ਨੇ ਤਨ ਮਨ ਧਨ ਉਸ ਦਾ ਹੁੰਗਾਰਾ ਭਰਿਆ। ਉਹ ਸੀ ਪੀ ਆਈ ਸੀਪੀ ਐਮ ਨਾਲ ਰਹੇ ਜਦ ਬਸੰਤ ਦੀ ਕੜਕ ਨਕਸਲਬਾੜੀ ਲਹਿਰ ਉਠੀ ਤਾਂ ਪਿੰਡ ਦੀ ਸਰਪੰਚੀ ਛੱਡ ਬੰਦੂਕ ਚੱਕ ਬਾਗੀ ਹੋ ਤੁਰਿਆ। ਚਮਕੌਰ ਸਾਹਿਬ ਥਾਣੇ ਤੇ ਹਮਲੇ ਦਾ ਸਵਾਲ ਹੋਵੇ ਜਾਂ ਬਿਰਲਾ ਫਾਰਮ ਤੇ ਕਬਜ਼ੇ ਦਾ ਸਵਾਲ ਸ਼ਹੀਦ ਅਮਰ ਸਿੰਘ ਆਪਣੇ ਸਾਥੀਆਂ ਨਾਲ ਹਥਿਆਰ ਚੱਕ ਮੋਹਰੀ ਸਫਾਂ ਚ ਸ਼ਾਮਲ ਸੀ। ਨਕਸਲੀ ਲਹਿਰ ਚ ਮੋਹਰੀ ਹੋਣ ਕਾਰਨ ਸਟੇਟ ਦੇ ਅੰਨ੍ਹੇ ਤਸ਼ੱਦਦ, ਕੁਰਕੀਆਂ, ਜ਼ਮੀਨ ਦੇ ਉਜਾੜੇ ਦਾ ਸਾਹਮਣਾ ਕੀਤਾ ਲੇਕਿਨ ਇਸ ਅਮਰ ਯੋਧੇ ਦੇ ਕਦਮ ਅਡੋਲ ਆਪਣੀ ਮੰਜ਼ਿਲ ਵੱਲ ਵਧਦੇ ਰਹੇ। ਬਾਬਾ ਬੂਝਾ ਸਿੰਘ, ਕਾਮਰੇਡ ਹਾਕਮ ਸਿੰਘ ਸਮਾਓ,ਤੇ ਦਰਸ਼ਨ ਖਟਕੜ ਵਰਗੇ ਸੂਰਮਿਆਂ ਦਾ ਸਾਥੀ ਅਮਰ ਸਿੰਘ ਅੱਚਰਵਾਲ ਆਪਣੇ ਇਲਾਕੇ ਵਿੱਚ ਐਨਾ ਹਰਮਨ ਪਿਆਰਾ ਸੀ ਕਿ ਵਿਰੋਧੀ ਵੀ ਉਸ ਸਤਿਕਾਰ ਕਰਦੇ ਤੇ ਉਸ ਦੀ ਗੱਲ ਕਾਟ ਨਹੀਂ ਪਾਉਂਦੇ ਸਨ। ਅਨੇਕਾਂ ਕੁਰਬਾਨੀਆਂ ਦੇ ਬਾਵਜੂਦ ਜਦ ਲਹਿਰ ਇੱਛਤ ਮੰਜ਼ਿਲ ਹਾਸਲ ਨਾ ਕਰ ਸਕੀ ਤੇ ਅੱਸੀ ਤੋਂ ਵੱਧ ਸਾਥੀ ਕੁਰਬਾਨ ਹੋ ਗਏ ਉਨ੍ਹਾਂ ਸਮੇਤ ਅਨੇਕਾਂ ਜੇਲ੍ਹਾਂ ਚ ਬੰਦ ਹੋ ਗਏ ਤੇ ਲਹਿਰ ਟੁੱਟ ਫੁੱਟ ਦਾ ਸ਼ਿਕਾਰ ਹੋ ਗਈ ਉਸ ਹਾਲਤ ਚ ਵੀ ਉਨ੍ਹਾਂ ਹੌਂਸਲਾ ਨਾ ਹਾਰਿਆ। ਬਦਲੀਆਂ ਹਾਲਤਾਂ ਚ ਵੀ ਉਨ੍ਹਾਂ ਲਹਿਰ ਨੂੰ ਇੱਕਜੁੱਟ ਕਰਨ ਦੇ ਯਤਨ ਜਾਰੀ ਰੱਖੇ। ਇਸ ਦਾ ਨਤੀਜਾ ਸੀ ਕਿ ਉਨ੍ਹਾਂ ਕਾਮਰੇਡ ਹਾਕਮ ਸਿੰਘ ਸਮਾਓ ਨਾਲ ਮਿਲਕੇ ਪੰਜਾਬ ਅੰਦਰ ਇੰਡੀਅਨ ਪੀਪਲਜ ਫਰੰਟ ਤੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਨੂੰ ਸਥਾਪਤ ਕੀਤਾ।ਨਕਸਲੀ ਲਹਿਰ ਦਾ ਪਹਿਲਾ ਵਿਧਾਇਕ ਵੀ ਉਨ੍ਹਾਂ ਦੀ ਅਗਵਾਈ ਹੇਠ ਹੀ ਜਿੱਤਿਆ। ਜਦੋਂ ਸੂਬੇ ਅੰਦਰ ਦਹਿਸ਼ਤਗਰਦ ਲਹਿਰ ਸਿਖਰਾਂ ਤੇ ਸੀ ਪੁਲਿਸ ਜਬਰ ਵੀ ਜ਼ੋਰਾਂ ਤੇ ਸੀ ਦੋਵਾਂ ਧਿਰਾਂ ਵੱਲੋਂ ਮਿਲਦੀਆਂ ਧਮਕੀਆਂ ਦੇ ਬਾਵਜੂਦ ਉਨ੍ਹਾਂ ਆਪਣੀ ਸਰਗਰਮੀ ਨੂੰ ਨਿਰੰਤਰ ਜਾਰੀ ਰੱਖਿਆ। ਸਟੇਟ ਤੇ ਕਾਲੀਆਂ ਤਾਕਤਾਂ ਦੀਆਂ ਵਧੀਕੀਆਂ ਦਾ ਵਿਰੋਧ ਵੀ ਕੀਤਾ। ਸ਼੍ਰੀ ਦਰਬਾਰ ਸਾਹਿਬ ਤੇ ਫੌਜ ਦੇ ਹਮਲੇ ਖਿਲਾਫ਼ ਉਨ੍ਹਾਂ ਡਟਵਾਂ ਵਿਰੋਧ ਕੀਤਾ। ਆਪਣੇ ਸ਼ਹੀਦ ਹੋਣ ਤੱਕ ਪਿੰਡ ਦੇ ਸਰਪੰਚ ਅਮਰ ਸਿੰਘ ਅੱਚਰਵਾਲ ਜਦ ਇੱਕ ਅਧਿਆਪਕ ਪ੍ਰਾਣ ਨਾਥ ਦੇ ਕਿਸੇ ਕੰਮ ਨੂੰ ਕਰਵਾਕੇ ਬੱਸੀਆਂ ਤੋਂ 12ਸਤੰਬਰ 1992 ਵਾਪਸ ਘਰ ਆ ਰਹੇ ਸਨ ਤਾਂ ਕਾਲੀਆਂ ਤਾਕਤਾਂ ਨੇ ਉਨ੍ਹਾਂ ਨੂੰ ਘੇਰ ਕੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਤੇ ਲੋਕਾਂ ਦਾ ਨਾਇਕ ਸਦੀਵੀ ਅਮਰ ਹੋ ਗਿਆ। ਉਨ੍ਹਾਂ ਦੀ ਯਾਦ ਚ ਯਾਦਗਾਰੀ ਗੇਟ,ਵੱਡਾ ਛੈੱਡ,ਸ਼ਹੀਦੀ ਲਾਟ,ਲਾਇਬ੍ਰੇਰੀ ਉਸਰੀ ਹੋਈ ਹੈ। ਹਰ ਸਾਲ ਉਨ੍ਹਾਂ ਦੀ ਯਾਦ ਚ ਸਮਾਗਮ ਹੁੰਦਾ ਹੈ। ਜਿਸ ਦੀ ਸ਼ੁਰੂਆਤ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਸੂਹਾ ਝੰਡਾ ਲਹਿਰਾਉਣ ਨਾਲ ਹੁੰਦੀ ਹੈ। ਅੱਜ ਬਾਰਾਂ ਸਤੰਬਰ ਨੂੰ ਉਨ੍ਹਾਂ ਦੀ29ਵੀਂ ਬਰਸੀ ਮੌਕੇ ਪਿੰਡ ਅੱਚਰਵਾਲ ਵਿਖੇ ਸਮਾਗਮ ਕੀਤਾ ਜਾ ਰਿਹਾ ਹੈ। ਆਓ ਸਿਜਦਾ ਕਰਨ ਲਈ ਅਚਰਵਾਲ ਚੱਲੀਏ।
ਹਰਭਗਵਾਨ ਭੀਖੀ
9876896122

Wednesday, July 28, 2021

ਬਾਬਾ ਬੂਝਾ ਸਿੰਘ ਦੀ ਸ਼ਹਾਦਤ ਬਾਰੇ ਅਜਮੇਰ ਸਿੱਧੂ ਵੱਲੋਂ ਦਸਤਾਵੇਜ਼ੀ ਜਾਣਕਾਰੀ

  ਸ਼ਹੀਦ ਬਾਬਾ ਬੂਝਾ ਸਿੰਘ ਦੀਆਂ ਆਖ਼ਰੀ ਘੜੀਆਂ 

ਲਾਹੌਰ ਦਾ ਉਹ ਕਿਲਾ ਜਿੱਥੇ ਬ੍ਰਿਟਿਸ਼ ਸਰਕਾਰ ਬਾਬਾ ਬੂਝਾ ਸਿੰਘ ਜੀ 'ਤੇ
ਮਹੀਨਿਆਂ ਬੱਧੀ ਟਾਰਚਰ ਕਰਦੀ ਰਹੀ 

ਚੱਕ ਮਾਈਦਾਸ
:(ਨਵਾਂ ਸ਼ਹਿਰ): 27 ਜੁਲਾਈ 2021: 
(ਨਕਸਲਬਾੜੀ ਸਕਰੀਨ ਬਿਊਰੋ)::

ਨਕਸਲਬਾੜੀ ਲਹਿਰ ਕੋਲ ਵੀ ਸ਼ਹੀਦਾਂ ਦੀ ਲਿਸਟ ਬੜੀ ਲੰਮੀ ਹੈ। ਇਸਦੇ ਬਾਵਜੂਦ ਇਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਸੰਭਾਲ ਲਈ ਜੱਥੇਬੰਦਕ ਤੌਰ ਤੇ ਉਸ ਪੱਧਰ ਦੇ ਕੰਮ ਨਹੀਂ ਹੋ ਸਕੇ ਜਿਹੜੇ ਹੋਣੇ ਚਾਹੀਦੇ ਸਨ। ਇਲਾਕੇ ਦੇ ਲੋਕਾਂ ਅਤੇ ਅਤੇ ਹੋਰਨਾਂ ਚਾਹਵਾਨਾਂ ਨੇ ਇਸ ਪਾਸੇ ਕਾਫੀ ਕੰਮ ਕੀਤਾ ਹੈ। ਇਹਨਾਂ ਵਿੱਚ ਹੀ ਇੱਕ ਨਾਮ ਹੈ ਅਜਮੇਰ ਸਿੱਧੂ ਹੁਰਾਂ ਦਾ ਜਿਹਨਾਂ ਨੇ ਬਾਬਾ ਬੂਝਾ ਸਿੰਘ ਨੂੰ ਕਿਸੇ ਦਸਤਾਵੇਜ਼ੀ ਵਾਂਗ ਸੰਭਾਲਣ ਵਿੱਚ ਕੋਈ ਕਸਰ ਨਹੀਂ ਛੱਡੀ। ਫਿਲਹਾਲ ਪੜ੍ਹੋ ਤੁਸੀਂ ਉਹਨਾਂ ਦੀ ਲਿਖੀ ਹੇਠਲੀ ਲਿਖਤ ਜੋ ਬਾਬਾ ਬੂਝ ਸਿੰਘ ਅਤੇ ਉਹਨਾਂ ਦੇ ਮਿਸ਼ਨ ਬਾਰੇ ਬਹੁਤ ਕੁਝ ਦੱਸਦੀ ਹੈ।-- ਸੰਪਾਦਕ

ਸ਼ਹਾਦਤ ਮਗਰੋਂ ਬਾਬਾ ਬੂਝਾ ਸਿੰਘ ਜੀ ਦਾ ਅੰਤਿਮ ਸੰਸਕਾਰ ਲੋਕ ਵੱਧ ਚੜ੍ਹ ਕੇ ਪੁੱਜੇ 

ਜਦੋਂ 28 ਜੁਲਾਈ 1970 ਨੂੰ
ਬਾਬਾ ਬੂਝਾ ਸਿੰਘ ਨੂੰ ਸ਼ਹੀਦ ਕੀਤਾ ਗਿਆ,
ਉਦੋਂ ਉਹ ਇਨਕਲਾਬੀ ਤੈਲਗੂ ਕਵੀ ਪ੍ਰੋ. ਵਰਵਰਾ ਰਾਓ ਦੀ ਉਮਰ ਦੇ ਸਨ। ਪ੍ਰੋ. ਰਾਓ ਨੂੰ ਹਿੰਦੋਸਤਾਨੀ ਹਕੂਮਤ ਨੇ ਇਸ ਕਰਕੇ ਜੇਲ੍ਹ ਵਿਚ ਨਹੀਂ ਸੁੱਟਿਆ ਹੋਇਆ ਕਿ ਉਹ ਸ਼ਾਇਰੀ ਕਰਦਾ ਹੈ। ਸ਼ਾਇਰਾਂ ਨੂੰ ਤਾਂ ਸਰਕਾਰ ਪੁਰਸਕਾਰਾਂ ਨਾਲ ਨਿਵਾਜ਼ਦੀ ਹੈ। ਦਰਅਸਲ, ਉਸ ਦੀਆਂ ਕਵਿਤਾਵਾਂ ਆਦਿਵਾਸੀਆਂ, ਪੱਛੜੇ ਵਰਗਾਂ ਅਤੇ ਆਮ ਆਦਮੀ ਦੀ ਗੁਰਬਤ, ਨਰਕ ਅਤੇ ਅਨਿਆਂ ਭਰੀ ਜ਼ਿੰਦਗੀ ਦੀ ਗੱਲ ਕਰਦੀਆਂ ਹਨ। ਉਸ ਦੀਆਂ ਕਵਿਤਾਵਾਂ ਕ੍ਰਾਂਤੀ ਦੇ ਚੰਗਿਆੜੇ ਛੱਡਦੀਆਂ ਹਨ। ਇਸੇ ਕਾਰਨ ਸਟੇਟ ਨੂੰ ਉਨ੍ਹਾਂ ਵਿਚੋਂ ਤਖ਼ਤ ਨੂੰ ਪਲਟਾਉਣ ਦੀ ਬੋਅ ਆ ਰਹੀ ਹੈ। ਬਜ਼ੁਰਗੀ ਵਾਲੀ ਅਵਸਥਾ ਵਿੱਚ 82 ਸਾਲ ਦੇ ਬਜ਼ੁਰਗ ਬੂਝਾ ਸਿੰਘ ਨੂੰ ਮਾਰਨ ਵੇਲੇ ਵੀ ਸਰਕਾਰ ਨੂੰ ਨੌਜਵਾਨਾਂ ਲਈ ਬਾਬੇ ਦਾ ਇਨਕਲਾਬੀ ਬਿੰਬ ਚੁਭਦਾ ਸੀ। ਨਹੀਂ ਤਾਂ ਅੰਗਰੇਜ਼ੀ ਹਕੂਮਤ ਨਾਲ ਟੱਕਰ ਲੈਣ ਕਾਰਨ ਬਾਬੇ ਨੂੰ ਸਰਕਾਰ ਨੇ ਪੈਨਸ਼ਨ ਤੇ ਤਾਮਰ ਪੱਤਰ ਦੇਣੇ ਸਨ। 

ਚੱਕ ਮਾਈਦਾਸ (ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਵਾਲਾ ਇਹ ਬਾਬਾ ਕੋਈ ਐਰਾ ਗੈਰਾ ਨਹੀਂ ਸੀ। ਉਹ ਘਰ 'ਚ ਖੁਸ਼ਹਾਲੀ ਲਿਆਉਣ ਲਈ 1930 ਵਿਚ ਅਰਜਨਟਾਈਨਾ ਗਿਆ ਸੀ, ਪਰ ਬਰਤਾਨਵੀ ਰਾਜ ਦੀ ਗ਼ੁਲਾਮੀ ਦਾ ਜੂਲਾ ਲਾਹੁਣ ਲਈ ਸਰਗਰਮ ਗ਼ਦਰ ਪਾਰਟੀ ਵਿਚ ਅਜਿਹਾ ਕੁੱਦਿਆ ਕਿ ਸਾਰਾ ਦੇਸ਼ ਹੀ ਉਸ ਨੂੰ ਆਪਣਾ ਘਰ ਪਰਿਵਾਰ ਦਿਸਣ ਲੱਗ ਪਿਆ। ਉਹ ਭਾਈ ਰਤਨ ਸਿੰਘ ਰਾਏਪੁਰ ਡੱਬਾ, ਅਜੀਤ ਸਿੰਘ (ਸ਼ਹੀਦ ਭਗਤ ਸਿੰਘ ਦੇ ਚਾਚਾ ਜੀ), ਤੇਜਾ ਸਿੰਘ ਸੁਤੰਤਰ, ਭਗਤ ਸਿੰਘ ਬਿਲਗਾ... ਵਰਗੇ ਗਦਰੀਆਂ ਨਾਲ ਰਲ ਕੇ ਦੇਸ ਦੀ 'ਗੁਲਾਮੀ ਦਾ ਜੂਲਾ ਲਾਹੋ' ਦਾ ਨਾਅਰਾ ਬੁਲੰਦ ਕਰਨ ਲੱਗਾ। ਸੰਨ 1932 ਤੋਂ 34 ਤੱਕ ਮਾਸਲੋ (ਰੂਸ) ਦੀ ਈਸਟਰਨ ਯੂਨੀਵਰਸਿਟੀ ਵਿਚ ਮਾਰਕਸਵਾਦ ਦੀ ਪੜ੍ਹਾਈ ਕੀਤੀ ਅਤੇ ਹਥਿਆਰਾਂ ਦੀ ਸਿਖਲਾਈ ਵੀ  ਲਈ। ਇਨ੍ਹਾਂ ਆਜ਼ਾਦੀ ਸੰਗਰਾਮੀਆਂ ਨੇ ਭਾਰਤ ਆ ਕੇ ਕਿਰਤੀ ਪਾਰਟੀ ਦੇ ਝੰਡੇ ਥੱਲੇ ਹਕੂਮਤ ਨੂੰ ਕੰਬਣੀ ਛੇੜ ਦਿੱਤੀ। ਗੋਰੀ ਹਕੂਮਤ ਨੂੰ ਇਹ ਜੰਗਜੂ ਚੁਭਣ ਲੱਗੇ। ਲਾਹੌਰ ਦੇ ਸ਼ਾਹੀ ਕਿਲੇ ਵਿਚ ਦੋ ਮਹੀਨੇ ਬਰਫ਼ 'ਤੇ ਲਿਟਾ ਕੇ ਪੁਲੀਸ ਬੂਝਾ ਸਿੰਘ 'ਤੇ ਤਸ਼ੱਦਦ ਕਰਦੀ ਰਹੀ ਤੇ ਦੂਜੇ ਗ਼ਦਰ ਦਾ ਭੇਤ ਲੈਣਾ ਚਾਹਿਆ, ਪਰ ਪੁਲੀਸ ਸਫ਼ਲ ਨਾ ਹੋ ਸਕੀ। ਅੰਤ ਉਨ੍ਹਾਂ ਬੂਝਾ ਸਿੰਘ ਨੂੰ ਜੰਗੀ ਕੈਦੀ ਐਲਾਨ ਦਿੱਤਾ। 

ਕਈ ਸਾਲ ਇਨ੍ਹਾਂ ਕਿਰਤੀਆਂ ਨੇ ਅੰਗਰੇਜ਼ ਹਕੂਮਤ ਨੂੰ ਵਖ਼ਤ ਪਾਈ ਰੱਖਿਆ। ਜਦੋਂ ਇਹ ਆਪਣੇ ਅਕੀਦੇ ਤੋਂ ਪਿੱਛੇ ਨਾ ਹਟੇ ਤਾਂ ਰਾਜਸਥਾਨ ਦੇ ਦਿਓਲੀ ਕੈਂਪ ਵਿਚ ਦੋ ਸਾਲ ਲਈ ਬੂਝਾ ਸਿੰਘ ਸਮੇਤ ਅਨੇਕਾਂ ਕਿਰਤੀ ਤੇ ਕਮਿਊਨਿਸਟਾਂ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਗਿਆ। ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਕਾਂਗਰਸ ਪਾਰਟੀ ਦਾ ਕੌਮੀ ਪ੍ਰਧਾਨ ਬਣਾਉਣ ਦਾ ਸਿਹਰਾ ਵੀ ਇਨ੍ਹਾਂ ਕਿਰਤੀਆਂ ਦੇ ਸਿਰ ਬੱਝਦਾ ਹੈ। ਬਾਬਾ ਜੀ ਦੀ ਉੱਚ ਸ਼ਖ਼ਸੀਅਤ ਦਾ ਇਸ ਗੱਲ ਤੋਂ ਪਤਾ ਲੱਗਦਾ ਹੈ: ਜਿਨ੍ਹਾਂ ਪੰਜ ਕਿਰਤੀਆਂ (ਅੱਛਰ ਸਿੰਘ ਛੀਨਾ), ਰਾਮ ਕਿਸ਼ਨ ਬੀ.ਏ. ਨੈਸ਼ਨਲ, ਬੂਝਾ ਸਿੰਘ, ਦਸੌਂਧਾ ਸਿੰਘ, ਭਗਤ ਰਾਮ ਤਲਵਾੜ) ਦੀ ਡਿਊਟੀ ਲੱਗੀ ਸੀ ਕਿ ਉਹ ਨੇਤਾ ਜੀ ਨੂੰ ਰੂਸ ਲਿਜਾਣਗੇ ਅਤੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਰੂਸ ਦੇ ਉਸ ਸਮੇਂ ਦੇ ਰਾਸ਼ਟਰਪਤੀ ਕਾਮਰੇਡ ਸਟਾਲਿਨ ਤੋਂ ਮਦਦ ਵਾਸਤੇ ਨੇਤਾ ਜੀ ਦੀ ਮੀਟਿੰਗ ਕਰਵਾਉਣਗੇ, ਉਨ੍ਹਾਂ ਵਿਚ ਬੂਝਾ ਸਿੰਘ ਵੀ ਇਕ ਸੀ।

ਸ਼ਹੀਦੀ ਯਾਦਗਾਰ ਨਾਲ ਲੇਖਕ 

15 ਅਗਸਤ 1947 ਨੂੰ ਕੂਕਿਆਂ, ਗ਼ਦਰੀਆਂ, ਕਿਰਤੀਆਂ, ਬੱਬਰਾਂ, ਭਗਤ ਸਿੰਘ ਤੇ ਸਾਥੀਆਂ, ਅਕਾਲੀਆਂ ਅਤੇ ਕ੍ਰਾਂਤੀਕਾਰੀਆਂ ਦੀਆਂ ਅਥਾਹ ਕੁਰਬਾਨੀਆਂ ਸਦਕਾ ਸਾਡਾ ਦੇਸ਼ ਆਜ਼ਾਦ ਹੋ ਗਿਆ। ਪਰ ਆਜ਼ਾਦੀ ਦੇ ਕੁਝ ਸਾਲਾਂ ਬਾਅਦ ਹੀ ਇਨ੍ਹਾਂ ਸਿਰਾਂ ਵਾਲੇ ਦੇਸ਼ ਭਗਤਾਂ ਨੂੰ ਸਮਝ ਆ ਗਈ ਕਿ ਭਾਰਤੀਆਂ ਨੂੰ ਅਧੂਰੀ ਆਜ਼ਾਦੀ ਮਿਲੀ ਹੈ। ਇਸੇ ਕਾਰਨ ਬਾਬਾ ਸੋਹਣ ਸਿੰਘ ਭਕਨਾ, ਤੇਜਾ ਸਿੰਘ ਸੁਤੰਤਰ, ਸ਼ਿਵ ਵਰਮਾ, ਬੂਝਾ ਸਿੰਘ... ਆਜ਼ਾਦੀ ਦੀ ਦੂਜੀ ਲੜਾਈ ਲਈ ਕਮਿਊਨਿਸਟ ਅੰਦੋਲਨਾਂ ਵਿਚ ਸਰਗਰਮ ਹੋ ਗਏ।  ਜਦੋਂ 1967 ਵਿਚ ਨਕਸਲਬਾੜੀ ਦਾ ਸੰਘਰਸ਼ 'ਜ਼ਮੀਨ ਹਲਵਾਹਕ ਦੀ', ਸਮਾਜਿਕ ਅਤੇ ਆਰਥਿਕ ਨਿਆਂ ਦੀ ਲੜਾਈ ਦੇ ਤੌਰ 'ਤੇ ਸ਼ੁਰੂ ਹੋਇਆ ਸੀ ਤਾਂ ਬੰਗਾਲ, ਬਿਹਾਰ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਤੋਂ ਬਾਅਦ ਪੰਜਾਬ ਵੀ ਨਕਸਲੀ ਸਰਗਰਮੀਆਂ ਵਜੋਂ ਉੱਭਰਿਆ ਸੀ¢ ਇਸ ਲਹਿਰ ਵਿਚ ਉਦੋਂ ਹੋਰ ਜਾਨ ਪੈ ਗਈ, ਜਦੋਂ ਬਾਬਾ ਬੂਝਾ ਸਿੰਘ ਵੀ ਇਸ ਵਿਚ ਆ ਸ਼ਾਮਲ ਹੋਏ। 

ਉਨ੍ਹਾਂ ਪੁਰਾਣੇ ਅਕਾਲੀਆਂ ਵਾਲੀ ਨੀਲੀ ਪੱਗ ਬੰਨ੍ਹ ਲਈ। ਜਲਦ ਹੀ ਪਾਰਟੀ ਵਿਚ ਭਾਈ ਜੀ ਵਜੋਂ ਮਸ਼ਹੂਰ ਹੋ ਗਏ। ਜਦੋਂ ਉਹ ਘਰੋਂ ਤੁਰਨ ਲੱਗੇ, ਉਨ੍ਹਾਂ ਦੇ ਭਰਾ ਯੋਗੇਸ਼ਰ ਵਿਚ ਨੇ ਰੋਕਿਆ, ''ਵੱਡੇ ਭਾਈ, ਹੁਣ ਤੂੰ ਬੁੱਢਾ ਹੋ ਗਿਐਂ। ਗੁਪਤਵਾਸ ਦੀਆਂ ਕਠਿਨਾਈਆਂ ਕਿਵੇਂ ਝੱਲੇਗਾ?''

''ਯੋਗੇਸ਼ਰ ਸਿਆਂ, ਇਨਕਲਾਬੀ ਕਦੇ ਬੁੱਢੇ ਨਹੀਂ ਹੁੰਦੇ।  ਮੈਂ ਇਸ ਉਮਰ ਵਿਚ ਵੀ ਮੌਕੇ ਦੀ ਜਾਬਰ ਸਰਕਾਰ ਨਾਲ ਟੱਕਰ ਲੈ ਸਕਦਾ ਹਾਂ।'' ਉਨ੍ਹਾਂ ਆਪਣਾ ਦਿ੍ੜ੍ਹ ਨਿਸ਼ਚਾ ਦੁਹਰਾਇਆ ਸੀ।

ਫੇਰ ਉਹ ਸਾਈਕਲ 'ਤੇ ਲੰਮੀਆਂ ਵਾਟਾਂ ਦਾ ਰਾਹੀ ਹੋ ਗਿਆ। ਬਾਬਾ ਜੀ ਗ਼ਦਰ ਪਾਰਟੀ, ਕਿਰਤੀ ਪਾਰਟੀ, ਮੁਜਾਰਾ ਲਹਿਰ ਅਤੇ ਕਮਿਊਨਿਸਟ ਪਾਰਟੀਆਂ ਦੇ ਮੋਹਤਬਰ ਆਗੂ ਰਹੇ ਸਨ। ਉਨ੍ਹਾਂ ਦੀ ਦੇਸ਼ ਦੀ ਆਜ਼ਾਦੀ, ਕਮਿਊਨਿਸਟ ਲਹਿਰ ਅਤੇ ਆਪਣੇ ਆਦਰਸ਼ਾਂ ਲਈ ਵਰ੍ਹਿਆਂ ਦੀ ਘਾਲਣਾ ਨੇ ਉਨ੍ਹਾਂ ਨੂੰ ਇਨਕਲਾਬ ਦੀ ਵੱਡੀ ਹਸਤੀ ਦਾ ਰੁਤਬਾ ਦਿੱਤਾ ਸੀ।  ਉਹ ਆਹਲਾ ਦਰਜੇ ਦੇ ਮਾਰਕਸਵਾਦੀ ਅਧਿਆਪਕ ਸਨ। ਬੱਕਰੀਆਂ ਚਾਰਨ ਵਾਲੇ ਤੋਂ ਲੈ ਕੇ ਯੂਨੀਵਰਸਿਟੀਆਂ ਤੱਕ ਦੇ ਵਿਦਵਾਨ ਉਨ੍ਹਾਂ ਕੋਲੋਂ ਤਾਲੀਮ ਲੈਂਦੇ ਰਹੇ ਸਨ। ਸੈਂਕੜੇ ਹੀ ਨੌਜਵਾਨ ਉਨ੍ਹਾਂ ਦੀ ਅਗਵਾਈ ਹੇਠ ਲੋਕਾਂ ਦੀ ਖ਼ਾਤਰ ਕੁਰਬਾਨੀਆਂ ਕਰਨ ਲਈ ਤਿਆਰ ਹੋ ਗਏ।  ਬਾਬਾ ਬੂਝਾ ਸਿੰਘ ਨੌਜਵਾਨਾਂ ਲਈ ਬਿੰਬ ਬਣ ਗਿਆ। ਸਾਰੀ ਜ਼ਿੰਦਗੀ ਬਰਤਾਨਵੀ ਸਾਮਰਾਜੀਆਂ ਅਤੇ ਦੇਸੀ ਹਾਕਮਾਂ ਵਿਰੁੱਧ ਸੰਘਰਸ਼ਾਂ 'ਚ ਅਤੇ ਜੋਖ਼ਮ ਝੱਲ ਕੇ ਕੱਟੀ ਸੀ। ਬਿਰਧ ਅਵਸਥਾ ਵਿਚ ਵੀ ਉਹ ਦੁਸ਼ਮਣ ਨਾਲ ਲੋਹਾ ਲੈਣ ਲਈ ਤਿਆਰ ਸਨ।  ਪੰਜਾਬ ਕਮੇਟੀ ਨੇ ਉਨ੍ਹਾਂ ਦੀ ਇਸ ਦਿੱਖ ਨੂੰ ਨੌਜਵਾਨਾਂ ਵਿਚ ਸੁੱਟਿਆ। ਜਿਹੜੇ ਨੌਜਵਾਨ ਉਨ੍ਹਾਂ ਦੇ ਨੇੜੇ ਆਏ, ਉਨ੍ਹਾਂ ਦੇ ਸੰਘਰਸ਼ਮਈ ਜੀਵਨ, ਆਪਾ-ਵਾਰੂ ਸੋਚ, ਕੰਮਕਾਰ ਕਰਨ ਦੇ ਢੰਗ, ਕੁਰਬਾਨੀ ਅਤੇ ਜਜ਼ਬੇ ਤੋਂ ਕਾਇਲ ਹੋਏ ਬਿਨਾਂ ਨਾ ਰਹੇ। ਇਸੇ ਕਾਰਨ ਵਿਦਿਆਰਥੀਆਂ ਦੇ ਘੋਲ ਤਿੱਖੇ ਹੋ ਗਏ। ਕਮੇਟੀ ਨੇ ਪੰਜਾਬ ਦੀਆਂ ਚਾਰ ਥਾਵਾਂ 'ਤੇ ਹਜ਼ਾਰਾਂ ਏਕੜ ਜ਼ਮੀਨਾਂ 'ਤੇ ਮਜ਼ਦੂਰਾਂ ਕਿਸਾਨਾਂ ਦੇ ਕਬਜ਼ੇ ਕਰਵਾਉਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਜ਼ਮੀਨੀ ਕਬਜ਼ਿਆਂ ਅਤੇ ਜਨਰਲ ਬਲਵੰਤ ਸਿੰਘ ਦੇ ਕਤਲ ਪਿੱਛੋਂ ਉਨ੍ਹਾਂ ਦੇ ਸਿਰ ਦਾ ਮੁੱਲ ਰੱਖ ਦਿੱਤਾ ਗਿਆ।

ਪਿੰਡ ਨਾਈਮਾਜਰਾ ਦਾ ਉਹ ਪੁਲ ਜਿੱਥੇ ਪੁਲਿਸ ਨੇ ਬਾਬਾ ਜੀ ਦਾ ਮੁਕਾਬਲਾ ਬਣਾਇਆ ਦਿਖਾਇਆ 

ਸਰਕਾਰ ਲਈ ਇਹ ਲਹਿਰ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਖ਼ਤਰਾ ਵੀ ਸੀ ਤੇ ਰਾਜ ਪ੍ਰਬੰਧ ਲਈ ਚੁਣੌਤੀ ਵੀ।
ਇਹ ਲਹਿਰ ਸਰਕਾਰ ਵੱਲੋਂ ਗ਼ੈਰ-ਕਾਨੂੰਨੀ ਕਰਾਰ ਦੇ ਦਿੱਤੀ ਗਈ। ਇਨਕਲਾਬ ਪਸੰਦਾਂ ਦੀ ਮਾਂ ਬਾਬਾ ਬੂਝਾ ਸਿੰਘ ਨੂੰ ਫੜਨ ਜਾਂ ਮਾਰਨ ਲਈ ਸਪੈਸ਼ਲ ਪੁਲੀਸ ਅਪਰੇਸ਼ਨ ਚਲਾਇਆ ਗਿਆ। ਡੀ.ਐਸ.ਪੀ. ਸਾਧੂ ਸਿੰਘ ਨੂੰ ਫਿਲੌਰ ਅਤੇ ਨਵਾਂਸ਼ਹਿਰ ਤਹਿਸੀਲਾਂ ਦਾ ਇਲਾਕਾ ਦਿੱਤਾ ਗਿਆ। ਮੰਜਕੀ ਅਤੇ ਨਕੋਦਰ ਵਿਚ ਤਾਇਨਾਤ ਕੀਤੇ ਡੀ.ਐਸ.ਪੀ. ਓਮਰਾਓ ਸਿੰਘ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦਰਬਾਰਾ ਸਿੰਘ ਦੇ ਚਾਚਾ ਮੇਹਰ ਚੰਦ (ਜੰਡਿਆਲਾ) ਕੋਲੋਂ ਬਾਬੇ ਦੀ ਗਿ੍ਫ਼ਤਾਰੀ ਲਈ ਮਦਦ ਮੰਗੀ। ਮੇਹਰ ਚੰਦ ਨੇ ਉਸ ਨੂੰ ਤਾੜਨਾ ਕੀਤੀ ਕਿ ਉਹ ਜੰਡਿਆਲੇ ਵਿਚ ਉਸ ਨੂੰ ਹੱਥ ਨਾ ਪਾ ਬੈਠੇ, ਜੰਡਿਆਲੇ ਦੇ ਲੋਕ ਪੈ ਜਾਣਗੇ। ਇਹੋ ਹਾਲ ਸਰੀਂਹ, ਸ਼ੰਕਰ, ਸਮਰਾਏ, ਬੁੰਡਾਲਾ, ਰੁੜਕਾ, ਚੀਮਾ, ਬੜਾ ਪਿੰਡ, ਧੁਲੇਤਾ ਤੇ ਦੁਸਾਂਝ ਕਲਾਂ ਵਾਲੇ ਕਰਨਗੇ। 
ਬਾਬਾ ਜੀ ਦੀ ਬੇਟੀ ਨਸੀਬ ਕੌਰ 
ਬਾਬਾ ਜੀ ਨੂੰ ਕਤਲ ਕਰਨ ਦੀ ਯੋਜਨਾ ਮੇਹਰ ਚੰਦ ਨੇ ਬਾਬੇ ਦੀ ਧੀ ਨਸੀਬ ਕੌਰ (ਜੋ ਜੰਡਿਆਲਾ ਵਿਆਹੀ ਹੋਈ ਸੀ) ਨੂੰ ਦੱਸ ਦਿੱਤੀ। ਇਹ ਗੱਲ ਬੀਬੀ ਨੇ ਪਾਰਟੀ ਦੇ ਆਗੂਆਂ ਤੱਕ ਪਹੁੰਚਾ ਦਿੱਤੀ। ਉਨ੍ਹਾਂ ਨੇ ਸਲਾਹ ਮਸ਼ਵਰੇ ਤੋਂ ਬਾਅਦ ਬਾਬਾ ਜੀ ਨੂੰ ਇਲਾਕਾ ਛੱਡਣ ਦੀ ਸਲਾਹ ਦੇ ਦਿੱਤੀ, ਪਰ ਬਾਬਾ ਬੂਝਾ ਸਿੰਘ ਨੇ ਇਲਾਕਾ ਛੱਡਣ ਤੋਂ ਕੋਰੀ ਨਾਂਹ ਕਰ ਦਿੱਤੀ: ''ਮਰਨ ਤੋਂ ਡਰ ਕੇ ਇਨਕਲਾਬ ਦੀ ਲੜਾਈ ਪਿੱਛੇ ਨਹੀਂ ਪੈਣ ਦੇਣੀ। ਲਹਿਰ ਨੇ ਮੇਰੇ ਅਰਗਿਆਂ ਦੇ ਮਰਿਆਂ 'ਤੇ ਹੀ ਜਿੱਤ ਵੱਲ ਵਧਣੈ। ਮੈਂ ਲਹਿਰ ਲਈ ਨੌਜਵਾਨ ਮੁੰਡੇ ਤਿਆਰ ਕੀਤੇ। ਪੁਲੀਸ ਨੇ ਉਹ ਮਾਰ ਦਿੱਤੇ, ਖਪਾ ਦਿੱਤੇ।  ਹੁਣ ਮੇਰੀ ਵਾਰੀ ਆਈ। ਛੁਪ ਜਾਵਾਂ? ਅਜਿਹਾ ਕਰਨਾ ਬੁਜ਼ਦਿਲੀ ਐ ਅਤੇ ਉਨ੍ਹਾਂ ਗੱਭਰੂਆਂ ਨਾਲ ਧੋਖਾ।'' ਪਾਰਟੀ ਆਗੂਆਂ ਨੇ ਲੀਡਰਿਸ਼ਪ ਦਾ ਵਾਸਤਾ ਪਾਇਆ। ਉਨ੍ਹਾਂ ਦੀ ਉਮਰ ਯਾਦ ਕਰਵਾਈ। ਪਾਰਟੀ ਨੂੰ ਸੰਗਠਿਤ ਕਰਨ, ਇਨਕਲਾਬ ਦੀ ਸਫ਼ਲਤਾ ਅਤੇ ਪੁਲੀਸ ਜਬਰ ਦੀ ਯਾਦ ਦਿਵਾਈ, ਪਰ ਬਾਬਾ ਜੀ ਨਾ ਮੰਨੇ। 

''ਦੇਖੋ, ਪਾਰਟੀ ਨੇ ਦੇਸ਼ ਵਿਚ ਇਨਕਲਾਬ ਕਰਨ ਲਈ 1975 ਤੱਕ ਦਾ ਸਮਾਂ ਨਿਸ਼ਚਿਤ ਕੀਤਾ ਹੋਇਆ ਹੈ। ਸਾਨੂੰ ਉਹਦੀ ਸਫ਼ਲਤਾ ਲਈ ਅੱਗੇ ਵਧਣਾ ਚਾਹੀਦਾ ਹੈ। ਨਾਲੇ ਜਦੋਂ ਜੰਗ ਸ਼ੁਰੂ ਹੀ ਕਰ ਚੁੱਕੇ ਆਂ, ਫੇਰ ਪੁਲੀਸ ਵੱਲੋਂ ਫੜੇ ਜਾਣ ਤੋਂ ਬਚਣ ਲਈ ਬਾਹਰ ਕਿਉਂ ਜਾਇਆ ਜਾਵੇ।''

ਬਾਬਾ ਬੂਝਾ ਸਿੰਘ ਪਾਰਟੀ ਦੀ ਲਾਈਨ ਲਾਗੂ ਕਰਨ ਅਤੇ ਰਾਜਨੀਤਕ ਤਬਦੀਲੀ ਲਈ ਦਿਨ ਰਾਤ ਕੰਮ ਕਰਨ ਲੱਗੇ। ਉਨ੍ਹਾਂ  ਸਰਕਾਰ ਵੱਲੋਂ ਕਤਲ ਕੀਤੇ ਜਾਣ ਦਾ ਸੁਣ ਕੇ ਪਾਰਟੀ ਸਰਗਰਮੀਆਂ ਹੋਰ ਤੇਜ਼ ਕਰ ਦਿੱਤੀਆਂ। ਉਨ੍ਹਾਂ ਆਪ ਇਸ ਲਹਿਰ ਦੌਰਾਨ ਕੋਈ ਕਤਲ ਨਹੀਂ ਕੀਤਾ। ਇਨਕਲਾਬ ਲਈ ਮਰ ਮਿਟਣ ਵਾਲੇ ਨੌਜਵਾਨ ਤਿਆਰ ਕਰਦੇ ਸਨ। ਨੌਜਵਾਨਾਂ ਦੀ ਨਵੀਂ ਭਰਤੀ ਕਰਨ ਅਤੇ ਉਨ੍ਹਾਂ ਦੇ ਵਿਚਾਰਾਂ ਵਿਚ ਪਰਪੱਕਤਾ ਲਿਆਉਣ ਲਈ ਪੜ੍ਹਨ ਪੜ੍ਹਾਉਣ ਦੇ ਕੰਮ ਵਿਚ ਤੇਜ਼ੀ ਲੈ ਆਂਦੀ। ਇਸੇ ਤਰ੍ਹਾਂ ਦੀ ਇਕ ਮੀਟਿੰਗ 27 ਜੁਲਾਈ 1970 ਦੀ ਰਾਤ ਨੂੰ ਫਿਲੌਰ ਨੇੜੇ ਪਿੰਡ ਹਰੀਪੁਰ ਰੱਖੀ ਹੋਈ ਸੀ। 

ਬਾਬਾ ਬੂਝਾ ਸਿੰਘ ਦੀ ਨਜ਼ਰ ਬਹੁਤ ਕਮਜ਼ੋਰ ਸੀ। ਉਨ੍ਹਾਂ ਨੂੰ ਸਹਾਰਾ ਦੇਣ, ਸਾਂਭ-ਸੰਭਾਲ ਅਤੇ ਰੱਖਿਆ ਲਈ ਸਰਬਜੀਤ ਸਿੰਘ ਦੁਸਾਂਝ ਦੀ ਡਿਊਟੀ ਹੁੰਦੀ ਸੀ। ਉਹ ਦੋਵੇਂ ਹਰੀਪੁਰ ਵਾਲੀ ਮੀਟਿੰਗ ਵਿਚ ਹਿੱਸਾ ਲੈਣ ਲਈ ਨਗਰ ਪੁੱਜੇ। ਨਗਰ ਵਿਖੇ ਬਾਬਾ ਜੀ ਦੀ ਪਤਨੀ ਧੰਤੀ ਦੀ ਭਾਣਜੀ ਮਲਕੀਤ ਕੌਰ (ਪਤਨੀ ਅਜੀਤ ਸਿੰਘ) ਵਿਆਹੀ ਹੋਈ ਸੀ। ਉਸ ਦਿਨ ਬਾਬਾ ਜੀ ਨੂੰ ਮਰੋੜ ਲੱਗੇ ਹੋਏ ਸਨ। ਵਡੇਰੀ ਉਮਰ ਕਾਰਨ ਸਰੀਰ ਬਹੁਤ ਕਮਜ਼ੋਰ ਸੀ। 

ਬਾਬਾ ਜੀ ਦਾ ਬੇਟਾ ਹਰਦਾਸ ਸਿੰਘ 
ਉਹ ਆਰਾਮ ਕਰਨ ਲਈ ਭਾਣਜੀ ਦੇ ਘਰ ਰੁਕ ਗਏ। ਸਰਬਜੀਤ ਦੁਸਾਂਝ ਹਰੀਪੁਰ ਮੀਟਿੰਗ ਦੇ ਪ੍ਰਬੰਧ ਦਾ ਜਾਇਜ਼ਾ ਲੈਣ ਚਲਾ ਗਿਆ। ਬਾਬਾ ਜੀ ਨੇ ਉਸ ਘਰ ਵਿਚ ਹੀ ਦੁਪਹਿਰਾ ਕੱਟਿਆ। ਉਧਰ ਪੁਲੀਸ ਨੂੰ ਬਾਬਾ ਜੀ ਦੇ ਨਗਰ ਠਹਿਰਨ ਦੀ ਸੂਹ ਮਿਲ ਚੁੱਕੀ ਸੀ। ਪੁਲੀਸ ਵਾਲੇ ਤੁਰੰਤ ਕਾਰਵਾਈ ਕਰਦਿਆਂ, ਪਿੰਡ ਦੇ ਬਾਹਰ ਗੁਪਤ ਜਗ੍ਹਾ 'ਤੇ ਬੈਠ ਗਏ।

ਬਾਬਾ ਬੂਝਾ ਸਿੰਘ ਚਾਰ ਕੁ ਵਜੇ ਫਾਈਲ ਚੁੱਕ ਕੇ ਮੀਟਿੰਗ ਵਾਲੀ ਜਗ੍ਹਾ ਵੱਲ ਨੂੰ ਚੱਲ ਪਏ। ਉਹ ਨਗਰ ਤੋਂ ਰਸੂਲਪੁਰ ਦੀ ਕੱਚੀ ਫਿਰਨੀ ਪੈ ਗਏ। ਉਹ ਸਕੂਲ ਦੀ ਚਾਰਦੀਵਾਰੀ ਨਾਲ ਜਾ ਰਹੇ ਸਨ। ਪਿੱਛੋਂ ਪੁਲੀਸ ਦੀ ਜੀਪ ਆਈ। ਜੀਪ ਡਰਾਈਵਰ ਨੇ ਬਰਾਬਰ ਆ ਕੇ ਟੱਕਰ ਮਾਰੀ। ਉਹ ਸਾਈਕਲ ਸਮੇਤ ਧਰਤੀ 'ਤੇ ਡਿੱਗ ਪਏ। ਪੁਲੀਸ ਵਾਲਿਆਂ ਨੇ ਧਰਤੀ 'ਤੇ ਡਿੱਗੇ ਬੂਝਾ ਸਿੰਘ ਨੂੰ ਝਟਪਟ ਦਬੋਚ ਲਿਆ। ਉਨ੍ਹਾਂ ਨੇ ਪੁਲੀਸ ਦੇ ਕਾਬੂ ਆਇਆਂ ਦੇਖ 'ਇਨਕਲਾਬ ਜ਼ਿੰਦਾਬਾਦ' ਅਤੇ 'ਨਕਸਲਬਾੜੀ ਜ਼ਿੰਦਾਬਾਦ' ਦੇ ਨਾਅਰੇ ਲਾਏ। ਪੁਲੀਸ ਨੇ ਰਾਹਗੀਰਾਂ ਨੂੰ ਸੁਣਾ ਕੇ ਕਿਹਾ ਕਿ ਉਹ ਚੱਕ ਮਾਈਦਾਸ ਵਾਲਾ ਕਾਮਰੇਡ ਬੂਝਾ ਸਿੰਘ ਹੈ। ਪੁਲੀਸ ਵਾਲਿਆਂ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਹੀ ਗਲ ਦੇ ਪਰਨੇ ਅਤੇ ਨੀਲੀ ਪੱਗ ਨਾਲ ਬੰਨ੍ਹ ਲਿਆ। ਸਾਈਕਲ, ਕਿਤਾਬਾਂ ਅਤੇ ਝੋਲੇ ਸਮੇਤ ਚੁੱਕ ਕੇ ਜੀਪ ਵਿਚ ਸੁੱਟ ਲਿਆ। ਉਨ੍ਹਾਂ ਕੋਲ ਕੋਈ ਹਥਿਆਰ ਨਹੀਂ ਸੀ। ਇਸ ਕਾਰਵਾਈ ਨੂੰ ਅੱਖੀਂ ਦੇਖਣ ਵਾਲਿਆਂ ਨੂੰ ਪੁਲੀਸ ਅਧਿਕਾਰੀ ਡਰਾ-ਧਮਕਾ ਕੇ ਫਰਾਰ ਹੋ ਗਏ। ਇਹ ਕਾਰਵਾਈ ਦੋ ਜਾਂ ਤਿੰਨ ਮਿੰਟ ਵਿਚ ਹੀ ਹੋ ਗਈ।

ਬਾਬਾ ਬੂਝਾ ਸਿੰਘ ਦੀ ਸ਼ਹਾਦਤ ਬਾਰੇ ਬਾਬਾ ਭਗਤ ਸਿੰਘ ਬਿਲਗਾ ਲਿਖਦੇ ਹਨ:

''ਪੁਲੀਸ ਦੀ ਇਹ ਜੀਪ ਅੱਪਰੇ ਵੱਲ ਦੀ ਹੁੰਦੀ ਹੋਈ ਫਿਲੌਰ ਦੇ ਡਾਕ ਬੰਗਲੇ ਗਈ, ਜਿੱਥੇ ਡਿਪਟੀ ਸੁਪਰਡੈਂਟ ਸਾਧੂ ਸਿੰਘ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ। ਮੌਕੇ 'ਤੇ ਹਾਜ਼ਰ ਪੁਲਸੀਆਂ ਨੇ ਦੱਸਿਆ ਕਿ ਸੁਪਰਡੈਂਟ ਨੇ ਕਿਹਾ: ਬੂਝਾ ਸਿੰਘ ਦੱਸ ਹੁਣ ਤੇਰੇ ਨਾਲ ਕੀ ਸਲੂਕ ਕੀਤਾ ਜਾਵੇ? ਬੂਝਾ ਸਿੰਘ ਨੇ ਕਿਹਾ: ਜੇ ਤੂੰ ਸਿਪਾਹੀ ਤੋਂ ਤਰੱਕੀ ਕਰਕੇ ਸੁਪਰਡੈਂਟ ਬਣਿਆ ਹੈਂ ਤਾਂ ਤੂੰ ਕਿਸੇ ਗ਼ਰੀਬ ਕਿਸਾਨ ਦਾ ਪੁੱਤ ਹੋਣਾ ਹੈ। ਮੈਨੂੰ ਛੱਡ ਦੇ ਤਾਂ ਕਿ ਗਰੀਬ ਕਿਸਾਨਾਂ ਦੀ ਹੋਰ ਸੇਵਾ ਕਰ ਸਕਾਂ। ਅਗਰ ਤੂੰ ਲੈਂਡਲਾਰਡ ਉੱਚ ਘਰਾਣੇ 'ਚੋਂ ਹੈ ਤਾਂ ਮੈਨੂੰ ਗੋਲੀ ਮਾਰ ਕੇ ਮਾਰ ਦੇ। ਮੈਂ ਤੁਹਾਡਾ ਦੁਮਸ਼ਣ ਹਾਂ।''

ਪਰਿਵਾਰਿਕ ਫੋਟੋ 
ਇੱਥੋਂ ਬੂਝਾ ਸਿੰਘ ਨੂੰ ਪੁਲੀਸ ਨੇ ਬੰਗਿਆਂ ਵਾਲੇ ਤਸੀਹਾ ਕੇਂਦਰ ਵਿਚ ਲਿਆਂਦਾ। ਚੱਕ ਮਾਈਦਾਸ ਦਾ ਨੰਬਰਦਾਰ ਗੁਰਦਾਸ ਰਾਮ ਸ਼ਨਾਖ਼ਤ ਲਈ ਆਇਆ ਤਾਂ ਬੂਝਾ ਸਿੰਘ ਨੇ ਹੱਸ ਕੇ ਕਿਹਾ, ''ਤੂੰ ਆ ਗਿਐਂ ਸ਼ਨਾਖ਼ਤ ਕਰਨ।'' ਰਾਤ ਦੇ ਸਮੇਂ ਪਹਿਲਾਂ ਦੋਵੇਂ ਸਬ ਇੰਸਪੈਕਟਰਾਂ ਨੇ ਗੋਲੀਆਂ ਮਾਰੀਆਂ ਅਤੇ ਬਾਅਦ ਵਿਚ ਸਾਧੂ ਸਿੰਘ ਡੀ.ਐੱਸ.ਪੀ. ਨੇ ਵੀ ਦੋ ਫਾਇਰ ਕੀਤੇ। ਇਉਂ ਬੂਝਾ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ। ਵਿਉਂਤ ਬਣਾਈ ਗਈ ਲਾਸ਼ ਨੂੰ ਚੁੱਕ ਕੇ ਨਾਈਮਜਾਰੇ ਦੇ ਵੀਰਾਨ ਪੁਲ 'ਤੇ ਲਿਆਂਦਾ ਗਿਆ। ਆਸਮਾਨ ਵੱਲ ਰੌਸ਼ਨੀ ਕਰਨ ਵਾਲੇ ਫਾਇਰ ਕੀਤੇ ਗਏ। 

*ਲੇਖਕ ਅਜਮੇਰ ਸਿੱਧੂ 

ਇਸ ਤਰ੍ਹਾਂ ਇਸ ਝੂਠੇ ਪੁਲੀਸ ਮੁਕਾਬਲੇ ਦੀ ਕਹਾਣੀ ਘੜ ਕੇ ਪ੍ਰੈਸ ਨੂੰ ਦਿੱਤੀ ਗਈ।  ਲੋਕਾਂ ਨੇ ਇਸ ਝੂਠੀ ਕਹਾਣੀ ਨੂੰ ਕਦੇ ਕਬੂਲ ਨਾ ਕੀਤਾ ਸਗੋਂ ਲੋਕ ਜਲਸਿਆਂ-ਜਲੂਸਾਂ ਦੁਆਰਾ ਮੰਗ ਕਰਨ ਲੱਗੇ ਕਿ ਦੋਸ਼ੀ ਪੁਲੀਸ ਅਫ਼ਸਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ 'ਤੇ ਕਤਲ ਦਾ ਮੁਕੱਦਮਾ ਚਲਾਇਆ ਜਾਵੇ।

ਇਸ ਸ਼ਹਾਦਤ ਪਿੱਛੋਂ ਤਾਂ ਇਹ ਮਰਜੀਵੜਾ ਪੰਜਾਬ ਦੀ ਇਨਕਲਾਬੀ ਲਹਿਰ ਅੰਦਰ ਹੋਰ ਉੱਚਾ ਰੁਤਬਾ ਹਾਸਲ ਕਰ ਗਿਆ।  ਉਨ੍ਹਾਂ ਦਾ ਇਹ ਸਥਾਨ ਉਨ੍ਹਾਂ ਦੀ ਲਗਨ, ਇਮਾਨਦਾਰੀ ਅਤੇ ਕੁਰਬਾਨੀ ਸਦਕਾ ਬਣਿਆ ਹੈ। ਉਨ੍ਹਾਂ ਦਿਨਾਂ ਵਿਚ ਨੌਜਵਾਨਾਂ, ਬੁੱਧੀਜੀਵੀਆਂ, ਦੇਸ਼ ਭਗਤਾਂ ਅਤੇ ਵਕੀਲਾਂ ਵਿਚ ਇਸ ਕਤਲ ਕਾਰਨ ਬਹੁਤ ਰੋਹ ਸੀ। ਪਾਸ਼ ਵੱਲੋਂ ਸਟੇਜਾਂ 'ਤੇ ਸੁਣਾਈ ਜਾਂਦੀ ਕਵਿਤਾ ਦੀਆਂ ਚਾਰ ਸਤਰਾਂ ਤੋਂ ਲੋਕਾਂ ਦੇ ਰੋਹ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ:

ਅਸਾਂ ਬਦਲਾ ਲੈਣਾ ਏ, ਉਸ ਬੁੱਢੜੇ ਬਾਬਾ ਦਾ!

ਜਿਨ੍ਹਾਂ ਫੜ ਕੇ ਮਾਰ ਦਿੱਤਾ, ਸਾਡਾ ਮਾਣ ਦੁਆਬੇ ਦਾ!

ਪਾਸ਼ ਦੀਆਂ ਇਹ ਤੁਕਾਂ ਬਹੁਤ ਪ੍ਰਸਿੱਧ ਹੋਈਆਂ ਸਨ ਅਤੇ ਹੁਣ ਤੱਕ ਲੋਕਾਂ ਦੀ ਜ਼ੁਬਾਨ ਤੇ ਹਨ। 

*ਲੇਖਕ ਅਜਮੇਰ ਸਿੱਧੂ ਨੇ ਸ਼ਹੀਦ ਬਾਬਾ ਬੂਝਾ ਸਿੰਘ ਜੀ ਦੀ ਜੀਵਨੀ 'ਬਾਬਾ ਬੂਝਾ ਸਿੰਘ - ਗ਼ਦਰ ਤੋਂ ਨਕਸਲਬਾੜੀ ਤੱਕ' ਨਾਮ ਦੀ ਕਿਤਾਬ ਵੀ ਲਿਖੀ ਹੈ ਜਿਹੜੀ 'Baba Bujha Singh an Untold Story’ ਦੇ ਨਾਂ ਹੇਠ ਅੰਗਰੇਜ਼ੀ ਵਿਚ ਅਨੁਵਾਦ ਹੋਈ ਹੈ। 

*ਇਸ ਲਿਖਤ ਦੇ ਲੇਖਕ ਅਜਮੇਰ ਸਿੱਧੂ ਵਰ੍ਹਿਆਂ ਤੋਂ ਇਸ ਪਾਸੇ ਖੋਜ ਕਾਰਜਾਂ ਵਿੱਚ ਲੱਗੇ ਹੋਏ ਹਨ। ਲਹਿਰ ਲਈ ਉਹ ਬਹੁਤ ਕੁਝ ਅਜਿਹਾ ਕਰ ਰਹੇ ਹਨ। ਸਾਹਿਤ ਸਾਧਨਾ ਦੇ ਨਾਲ ਨਾਲ ਇਤਿਹਾਸ ਦੇ ਖੇਤਰ ਵਿੱਚ ਉਹਨਾਂ ਦੀ ਇਹ ਦੇਣ ਬਹੁਤ ਖਾਸ ਅਰਥ ਰੱਖਦੀ ਹੈ। ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ ਹਨ ਜਿਹਨਾਂ ਬਾਰੇ ਜਲਦੀ ਹੀ ਕਿਸੇ ਵੱਖਰੀ ਪੋਸਟ ਵਿੱਚ ਚਰਚਾ ਕੀਤੀ ਜਾਏਗੀ।  

ਏਥੇ ਕਲਿੱਕ ਕਰਕੇ ਅਜਮੇਰ ਸਿੱਧੂ ਹੁਰਾਂ ਦਾ ਵੈਬਲੋਗ ਦੇਖਿਆ ਜਾ ਸਕਦਾ ਹੈ। 

Friday, June 25, 2021

26 ਜੂਨ:ਕਾਲੇ ਦਿਨ ਤੇ ਜਮਹੂਰੀ ਹੱਕਾਂ ਦੀ ਰਾਖੀ ਲਈ ਆਵਾਜ ਬੁਲੰਦ ਕਰਨ ਦਾ ਸੱਦਾ

Friday:25th June 2021 at 04:42 PM WhatsApp 

ਨਿਊ ਡੈਮੋਕਰੇਸੀ, ਲਿਬਰੇਸ਼ਨ ਅਤੇ ਇਨਕਲਾਬੀ ਕੇਂਦਰ ਵੱਲੋਂ ਅਹਿਮ ਐਕਸ਼ਨ 

ਚੰਡੀਗੜ੍ਹ: 19 ਜੂਨ 2021: (ਨਕਸਲਬਾੜੀ ਸਕਰੀਨ ਬਿਊਰੋ)::

ਐਮਰਜੈਂਸੀ ਵਾਲੇ ਦੌਰ ਨੂੰ ਅੱਜ ਦੇ ਪ੍ਰਸੰਗ ਵਿੱਚ ਯਾਦ ਕਰਦਿਆਂ ਸੀਪੀਆਈ  ਐਮ ਐਲ ਨਿਊ ਡੈਮੋਕਰੇਸੀ, ਸੀਪੀਆਈ ਐਮ ਐਲ ਲਿਬਰੇਸ਼ਨ ਅਤੇ ਇਨਕਲਾਬੀ ਕੇਂਦਰ ਪੰਜਾਬ  ਖੁੱਲ੍ਹ ਕੇ ਸਾਹਮਣੇ ਆਏ ਹਨ। ਇਹਨਾਂ ਸੰਗਠਨਾਂ ਨੇ ਨਾ ਤਾਂ ਅਤੀਤ ਵਿੱਚ ਹੋਈਆਂ ਵਧੀਕੀਆਂ ਨੂੰ ਨਜ਼ਰਅੰਦਾਜ਼ ਕੀਤਾ ਹੈ ਅਤੇ ਨਾ ਹੀ ਮੌਜੂਦਾ ਦੌਰ ਤੋਂ ਅੱਖਾਂ ਫੇਰੀਆਂ ਹਨ। ਇਹਨਾਂ ਸੰਗਠਨਾਂ ਨੇ ਕਿਹਾ ਹੈ ਕਿ ਐਮਰਜੈਂਸੀ ਇੱਕ ਅਜਿਹਾ ਕਾਲਾ ਦਾਗ ਹੈ ਜਿਹੜਾ ਸਦੀਆਂ ਤੀਕ ਕਾਂਗਰਸ ਤੋਂ ਧੋਤਾ ਨਹੀਂ ਜਾਣਾ। ਇਸਦੀ ਚੀਸ ਵੀ ਸਦੀਆਂ ਤੀਕ ਮਹਿਸੂਸ ਕੀਤੀ ਜਾਂਦੀ ਰਹੇਗੀ। ਇਸਦੇ ਨਾਲ ਹੀ ਇਹ ਵੀ ਇਹਨਾਂ ਨੇ ਇਹ ਵੀ ਕਿਹਾ ਹੈ ਕਿ ਮੌਜੂਦਾ ਦੌਰ ਵਾਲਾ ਦਮਨ ਵੀ ਕਰੂਰਤਾ ਅਤੇ ਬੇਰਹਿਮੀ ਦੇ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਘੱਟ ਨਹੀਂ। ਖੱਬੀਆਂ ਧਿਰਾਂ ਵਿੱਚੋਂ ਇਹਨਾਂ ਦੋਹਾਂ ਤਰ੍ਹਾਂ ਦੀਆਂ ਹਕੂਮਤਾਂ ਵਿਰੁੱਧ ਖੁੱਲ੍ਹ ਕੇ ਆਉਣਾ ਡੂੰਘੇ ਅਰਥ ਰੱਖਦਾ ਹੈ। ਜ਼ਿਕਰਯੋਗ ਹੈ ਕਿ ਐਮਰਜੈਂਸੀ ਦੀ ਹਮਾਇਤ ਕਰਨ ਅੱਜ ਵੀ ਦੁਚਿੱਤੀ ਜਿਹੀ 'ਚ ਲੱਗਦੇ ਹਨ। ਕਾਂਗਰਸ ਵੀ ਨਾ ਤਾਂ ਐਮਰਜੈਂਸੀ ਦੀ ਹਮਾਇਤ ਕਰ ਰਹੀ ਹੈ ਅਤੇ ਨਾ  ਨੂੰ ਯਾਦ ਕਰਨ  ਸਮਝਦੀ ਹੈ। 

ਪੰਜਾਬ ਚ 26 ਜੂਨ ਨੂੰ ਤਿੰਨ ਸੰਗਠਨ ਐਮਰਜੈਂਸੀ ਦੇ ਕਾਲੇ ਦਿਨ ਤੇ ਜਮਹੂਰੀ ਹੱਕਾਂ ਦੀ ਰਾਖੀ ਲਈ ਆਵਾਜ ਬੁਲੰਦ ਕਰਨਗੇ। ਸੀ ਪੀ ਆਈ ਮ ਲ (ਨਿਊ ਡੈਮੋਕਰੇਸੀ), ਸੀ ਪੀ ਆਈ ਮ ਲ (ਲਿਬਰੇਸ਼ਨ), ਇਨਕਲਾਬੀ ਕੇਂਦਰ ਪੰਜਾਬ ਦੇ ਆਗੂਆਂ ਕ੍ਰਮਵਾਰ ਕਾਮਰੇਡ ਅਜਮੇਰ ਸਿੰਘ, ਗੁਰਮੀਤ ਸਿੰਘ ਬਖਤਪੁਰ, ਕੰਵਲਜੀਤ ਖੰਨਾ ਨੇ ਦੱਸਿਆ ਕਿ 26 ਜੂਨ ਨੂੰ  ਸੰਯੁਕਤ ਕਿਸਾਨ ਮੋਰਚੇ ਵਲੋਂ "ਖੇਤੀ ਬਚਾਓ ਲੋਕਤੰਤਰ ਬਚਾਓ" ਦੇ ਸੱਦੇ ਦਾ ਤਿੰਨੇ ਸੰਗਠਨ ਜ਼ੋਰਦਾਰ ਸਮਰਥਨ ਕਰਨਗੇ। ਇਨਾਂ ਆਗੂਆਂ ਨੇ ਦੱਸਿਆ ਕਿ 26 ਜੂਨ 1975 ਦਾ ਉਹ ਕਾਲਾ ਦਿਨ ਦੇਸ਼ ਦੇ ਇਤਿਹਾਸ ਚ ਕਾਂਗਰਸ ਹਕੂਮਤ ਦੇ ਮੱਥੇ ਤੇ ਭੱਦਾ ਕਲੰਕ ਹੈ ਜਿਸ ਦੀ ਚੀਸ ਸਦੀਆਂ ਤੱਕ ਦੇਸ਼ ਦੇ ਲੋਕਾਂ ਦੇ ਮਨ `ਚ ਕਸਕਦੀ ਰਹੇਗੀ। 

ਉਨਾਂ ਦੱਸਿਆ ਕਿ ਹਕੂਮਤ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਉਸ ਸਮੇਂ ਉੱਠੇ ਲੋਕ ਰੋਹ ਨੂੰ ਕੁਚਲਣ ਲਈ ਇੰਦਰਾ ਹਕੂਮਤ ਵਲੋਂ ਦੇਸ਼ ਚ ਮੜੀ ਐਮਰਜੈਂਸੀ ਨੇ ਸਮੁੱਚੇ ਜਮਹੂਰੀ ਹੱਕਾਂ ਦਾ ਭੋਗ ਪਾ ਦਿੱਤਾ ਸੀ। ਇੰਦਰਾ ਗਾਂਧੀ ਦੀ ਅਗਵਾਈ ਚ ਲੁੱਟ ਦੇ ਤੰਤਰ  ਨੂੰ ਬਚਾਉਣ ਲਈ ਪੂਰੇ ਦੇਸ਼ ਨੂੰ ਖੁੱਲੀ ਜੇਲ੍ਹ ਚ ਬਦਲ ਕੇ ਹਜ਼ਾਰਾਂ ਸਿਆਸੀ ਵਿਰੋਧੀਆਂ ਨੂੰ ਜੇਲ੍ਹਾਂ ਚ ਮਹੀਨਿਆਂ ਬੱਧੀ ਬੰਦ ਕਰ ਦਿੱਤਾ ਗਿਆ ਸੀ। 

ਮੀਸਾ, ਪੋਟਾ, ਐਸਮਾ ਜਿਹੇ ਕਾਲੇ ਕਾਨੂੰਨਾਂ  ਰਾਹੀਂ ਇੰਦਰਾ ਹਕੂਮਤ ਦਾ ਜਬਰ ਭਾਰਤੀ ਲੋਕਾਂ ਨੇ ਅਪਣੇ ਸੀਨਿਆਂ ਤੇ ਝੱਲਿਆ ਸੀ। ਇਸਦੇ ਨਾਲ ਹੀ ਇਹਨਾਂ ਤਿੰਨਾਂ  ਸੰਗਠਨਾਂ ਨੇ ਨੇ ਮੌਜੂਦਾ ਦੌਰ ਦੀ ਵੀ ਗੱਲ ਕੀਤੀ ਹੈ।  

ਇਹਨਾਂ ਨੇ ਕਿਹਾ ਹੈ ਕਿ ਹਿਟਲਰਸ਼ਾਹੀ ਦਾ ਉਹ ਦੌਰ ਅੱਜ ਅੱਗੇ ਨਾਲੋਂ ਵੀ ਵੱਧ ਕਰੂਰ ਰੂਪ ਚ ਜਾਰੀ ਹੈ। ਭਾਜਪਾ ਦੀ ਅਗਵਾਈ ਵਾਲੀ ਮੋਦੀ ਦੀ ਫਾਸ਼ੀ ਹਕੂਮਤ ਨੇ ਸਾਮਰਾਜ ਨਿਰਦੇਸ਼ਿਤ ਨੀਤੀਆਂ ਨੂੰ ਲਾਗੂ ਕਰਨ, ਨਿੱਜੀਕਰਨ, ਉਦਾਰੀਕਰਨ, ਸੰਸਾਰੀਕਰਨ ਦੀਆਂ ਨੀਤੀਆਂ ਰਾਹੀਂ ਸਮੁੱਚੇ ਦੇਸ਼ ਦੇ ਅਰਥਚਾਰੇ ਨੂੰ ਕਾਰਪੋਰੇਟ ਜਗਤ ਦਾ ਗੁਲਾਮ ਬਣਾਉਣ ਲਈ ਲੋਕਾਂ ਦੇ ਜਮਹੂਰੀ ਹੱਕਾਂ ਤੇ ਸ਼ਹਿਰੀ ਆਜਾਦੀਆਂ ਨੂੰ ਪੈਰਾਂ ਹੇਠ ਮਸਲ ਦਿੱਤਾ ਹੈ। ਦੇਸ਼ ਨੂੰ ਹਿੰਦੂਤਵੀ ਜਾਮਾ ਪਹਿਨਾਉਣ ਲਈ ਮੁਸਲਿਮ ਸਮੇਤ ਹੋਰਨਾਂ ਘੱਟ ਗਿਣਤੀਆਂ ਨੂੰ ਦੇਸ਼ ਨਿਕਾਲਾ ਦੇਣ ਲਈ ਲਿਆਂਦਾ ਨਾਗਰਿਕਤਾ ਸੋਧ ਕਾਨੂੰਨ, ਕਾਰਪੋਰੇਟਾਂ ਦੇ ਵੱਡੇ ਲਾਭਾਂ ਲਈ ਨੋਟਬੰਦੀ, ਕਾਰੋਬਾਰ ਤਬਾਹ ਕਰਨ ਲਈ ਮੜੀ ਜੀ ਐਸ ਟੀ, ਕਸ਼ਮੀਰੀ ਆਜਾਦੀ ਦੇ ਸੰਘਰਸ਼ ਨੂੰ ਖੂਨ ਚ ਡੋਬਣ ਲਈ ਧਾਰਾ 370 ਤੋੜ ਕੇ ਕਸ਼ਮੀਰ ਦੇ ਰਾਜ ਦਾ ਦਰਜਾ ਖੋਹਣ ਵਰਗੇ ਕੁਕਰਮ, ਨਿਆਂਪਾਲਿਕਾ, ਸੀ ਬੀਆਈ, ਐਨ ਆਈ ਏ, ਈ.ਡੀ, ਚੋਣ ਕਮਿਸ਼ਨ ਨੂੰ ਕਠਪੁਤਲੀ ਬਣਾ ਧਰਨਾ ਮੋਦੀ ਹਕੂਮਤ ਦੇ ਫਾਸ਼ੀ ਕਦਮਾਂ ਦਾ ਸਿਰਾ ਹੈ। 

ਇਸ ਤੋ ਵੀ ਅੱਗੇ ਕਿਰਤ ਕਾਨੂੰਨਾਂ ਨੂੰ ਚਾਰ ਕੋਡਾਂ ਵਿੱਚ ਬਦਲਣ, ਸੂਬਿਆਂ ਦੇ ਅਧਿਕਾਰਾਂ ਨੂੰ ਬੁਰੀ ਤਰ੍ਹਾਂ ਛਾਂਗ ਕੇ ਕਾਲੇ ਖੇਤੀ ਕਾਨੂੰਨ ਲਾਗੂ ਕਰਨ ਦੀਆਂ ਨੀਤੀਆਂ, ਦੇਸ਼ ਭਰ ਚ ਯੂ ਏ ਪੀ ਏ ਨਾਂ ਦੇ ਕਾਲੇ ਕਾਨੂੰਨ ਰਾਹੀਂ 23 ਬੁੱਧੀਜੀਵੀਆਂ ਨੂੰ ਝੂਠੇ ਮਨਘੜਤ ਕੇਸਾਂ ਚ ਤਿੰਨ ਤਿੰਨ ਸਾਲਾਂ ਤੋਂ ਜੇਲ੍ਹਾਂ ਚ ਡੱਕਣਾ, ਹਰ ਵਿਰੋਧੀ ਅਵਾਜ ਨੂੰ ਜੇਲ੍ਹਾਂ ਚ ਬੰਦ ਕਰਨਾ, ਨਵੇਂ ਮੀਡੀਆ ਨਿਯਮਾਂ ਰਾਹੀ ਸਮੁੱਚੇ ਸੋਸ਼ਲ ਮੀਡੀਆ ਨੂੰ ਗੁਲਾਮ ਬਨਾਉਣਾ ਅਤੇ ਗੋਦੀ ਮੀਡੀਆ ਬਨਾਉਣਾ ਉਸੇ 1975 ਵਾਲੀ ਐਮਰਜੈਂਸੀ ਦਾ ਅੱਗੇ ਨਾਲੋਂ ਵੀ ਬੇਹੱਦ ਕਰੂਰ ਰੂਪ ਹੈ। ਤਿੰਨੇ ਆਗੂਆਂ ਨੇ ਸਮੂਹ ਪੰਜਾਬ ਵਾਸੀਆਂ ਨੂੰ 26 ਜੂਨ ਨੂੰ  ਸਾਰੇ ਹੀ ਜਿਲ੍ਹਿਆਂ ਤੇ ਤਹਿਸੀਲਾਂ `ਚ ਪੂਰਾ ਜੋਰ ਲਾਕੇ ਹਰ ਤਰ੍ਹਾਂ ਦੇ ਫਾਸ਼ੀ ਹਮਲੇ ਦੀ ਜੜ ਪੁੱਟਣ ਲਈ, ਲੋਕਾਂ ਨੂੰ ਜਾਗਰੂਕ ਕਰਨ ਲਈ ਪੂਰਾ ਜੋਰ ਲਾ ਕੇ ਰੋਸ ਦਿਵਸ ਮਨਾਉਣ ਦਾ ਸੱਦਾ ਦਿੱਤਾ ਹੈ।

Thursday, June 3, 2021

ਕਾਮਰੇਡ ਹਾਕਮ ਸਿੰਘ ਸਮਾਓਂ ਦੀ ਬਰਸੀ ਮੌਕੇ ਹੋਣਗੇ ਵਿਸ਼ੇਸ਼ ਸਮਾਗਮ

ਰੋਜ਼ਾਨਾ ਨਵਾਂ ਜ਼ਮਾਨਾ ਵਿੱਚ ਉਪ ਸੰਪਾਦਕ ਵਜੋਂ ਵੀ ਕੰਮ ਕੀਤਾ

ਮਾਨਸਾ: 3 ਜੂਨ 2021: (ਸੁਖਦਰਸ਼ਨ ਨੱਤ//ਨਕਸਲਬਾੜੀ ਸਕਰੀਨ)::

ਸੀਪੀਆਈ (ਐਮਐਲ) ਲਿਬਰੇਸ਼ਨ ਦੀ ਪੰਜਾਬ ਸਟੇਟ ਕਮੇਟੀ ਨੇ ਪਾਰਟੀ ਦੀਆਂ ਸਾਰੀਆਂ ਜ਼ਿਲ੍ਹਾ ਕਮੇਟੀਆਂ ਨੂੰ ਸੱਦਾ ਦਿੱਤਾ  ਹੈ ਕਿ ਪੰਜਾਬ ਵਿੱਚ ਪਾਰਟੀ ਦੇ ਮੋਢੀ ਆਗੂ ਕਾਮਰੇਡ ਹਾਕਮ ਸਿੰਘ ਸਮਾਓਂ ਦੀ 22 ਵੀਂ ਬਰਸੀ ਮੌਕੇ  ਸਾਰੇ ਜ਼ਿਲ੍ਹਿਆ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣ।

ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ  ਹੇੈ ਕਿ ਕਾਮਰੇਡ ਹਾਕਮ ਸਿੰਘ ਸਮਾਓ  ਨੇ 1963-64 ਵਿੱਚ ਐਮ. ਏ. ਤੱਕ ਦੀ ਉੱਚ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ ਨਿੱਜੀ ਕੈਰੀਅਰ ਵਿਚ ਪੈਣ ਦੀ ਬਜਾਏ ਇਕ ਕੁੱਲਵਕਤੀ ਕਾਮੇ ਵਜੋਂ ਕਮਿਊਨਿਸਟ ਲਹਿਰ ਵਿਚ ਕੰਮ ਕਰਨ ਨੂੰ ਤਰਜੀਹ ਦਿੱਤੀ। ਉਨ੍ਹਾਂ ਰੋਜ਼ਾਨਾ ਨਵਾਂ ਜ਼ਮਾਨਾ ਵਿੱਚ ਉਪ ਸੰਪਾਦਕ ਵਜੋਂ ਕੰਮ ਕੀਤਾ ਅਤੇ ਪਾਰਟੀ ਵਿਚ ਦੁਫਾੜ ਪੈਣ ਤੋਂ ਬਾਅਦ  ਉਨ੍ਹਾਂ ਬਠਿੰਡਾ ਜ਼ਿਲ੍ਹੇ ਵਿੱਚ ਸੀਪੀਆਈ (ਐੱਮ) ਦੇ ਪਾਰਟੀ  ਆਗੂ ਅਤੇ ਕਿਸਾਨ ਸਭਾ ਦੇ ਆਗੂ ਵਜੋਂ ਕੰਮ ਕੀਤਾ। 1967 ਵਿੱਚ ਪੱਛਮੀ ਬੰਗਾਲ 'ਚ ਨਕਸਲਬਾੜੀ ਤੋਂ ਹਥਿਆਰਬੰਦ ਕਿਸਾਨ ਅੰਦੋਲਨ ਦੀ ਸ਼ੁਰੂਆਤ ਤੋਂ ਹੀ ਉਨ੍ਹਾਂ ਇਸ ਇਨਕਲਾਬੀ ਅੰਦੋਲਨ ਦੇ ਪੱਖ ਵਿਚ ਡਟਵਾਂ ਸਟੈਂਡ ਲਿਆ। ਉਹ ਪੰਜਾਬ ਦੇ ਉਨ੍ਹਾਂ ਚੰਦ ਕਮਿਊਨਿਸਟ ਆਗੂਆਂ ਵਿਚੋਂ ਇਕ ਸਨ ਜਿਨ੍ਹਾਂ ਪੰਜਾਬ ਵਿਚ ਨਕਸਲਬਾੜੀ ਦੀ ਤਰਜ 'ਤੇ ਇਨਕਲਾਬੀ ਕਿਸਾਨ ਅੰਦੋਲਨ ਖੜ੍ਹਾ ਕਰਨ ਲਈ ਜੀਅ ਜਾਨ ਨਾਲ ਮਿਹਨਤ ਕੀਤੀ ਤੇ ਨਤੀਜਿਆਂ ਦੀ ਪਰਵਾਹ ਕੀਤੇ ਬਿਨਾਂ ਉਸ ਵਿੱਚ ਕੁੱਦੇ । 

ਕਾਮਰੇਡ ਹਾਕਮ ਸਿੰਘ ਸਮਾਓ ਪੰਜਾਬ ਵਿੱਚ ਸੀਪੀਆਈ (ਐਮਐਲ) ਦੀ ਨੀਂਹ ਰੱਖਣ ਵਾਲੇ ਮੋਢੀ ਆਗੂਆਂ ਵਿਚੋਂ ਇਕ ਸਨ । ਇਨਕਲਾਬੀ ਐਕਸ਼ਨਾਂ ਵਿੱਚ ਮੋਹਰੀ ਭੂਮਿਕਾ ਨਿਭਾਉਣ ਬਦਲੇ ਉਨ੍ਹਾਂ ਨੂੰ ਵਹਿਸ਼ੀ ਪੁਲਿਸ ਦਮਨ ਦਾ ਸ਼ਿਕਾਰ ਹੋਣਾ ਪਿਆ ਅਤੇ ਕਰੀਬ ਅੱਠ ਸਾਲ ਕੈਦ ਦੀ ਸਜ਼ਾ ਭੁਗਤਣੀ ਪਈ । ਮਾਰਚ 1977 ਵਿੱਚ ਤਾਨਾਸ਼ਾਹ ਇੰਦਰਾ ਸਰਕਾਰ ਦੀ ਹਾਰ ਤੋਂ ਬਾਅਦ ਜਦ ਹੋਰ ਅਨੇਕਾਂ ਸਿਆਸੀ ਕੈਦੀਆਂ ਤੋਂ ਬਾਅਦ ਉਹ ਰਿਹਾਅ ਹੋ ਕੇ ਜੇਲ੍ਹ ਤੋਂ ਬਾਹਰ ਆਏ, ਤਾਂ ਘਰ ਬੈਠਣ ਦੀ ਥਾਂ ਉਹ ਮੁੜ ਇਨਕਲਾਬੀ ਸਰਗਰਮੀਆਂ ਵਿਚ ਕੁੱਦ ਪਏ। ਨਵੰਬਰ 1984 ਵਿੱਚ ਕਲਕੱਤਾ ਵਿਖੇ ਇੰਡੀਅਨ ਪੀਪਲਜ਼ ਫਰੰਟ ਦੀ ਦੂਜੀ ਨੈਸ਼ਨਲ ਕਾਨਫਰੰਸ ਚ ਆਪਣੇ ਪੰਜਾਬ ਦੇ ਡੈਲੀਗੇਟ ਸਾਥੀਆਂ ਸਮੇਤ ਸ਼ਾਮਲ ਹੋਣ ਤੋਂ ਬਾਅਦ ਵਾਪਸ ਪੰਜਾਬ ਆ ਕੇ ਉਹ ਸੂਬੇ ਵਿੱਚ ਇੰਡੀਅਨ ਪੀਪਲਜ਼ ਫਰੰਟ ਨੂੰ ਜਥੇਬੰਦ ਕਰਨ ਲਈ ਸਖ਼ਤ ਮਿਹਨਤ ਕੀਤੀ। ਧਾਰਮਕ ਘੱਟ ਗਿਣਤੀਆਂ ਦੇ ਹਿੱਤਾਂ ਦੀ ਰਾਖੀ ਸੂਬਿਆਂ ਨੂੰ ਵਧੇਰੇ ਅਧਿਕਾਰਾਂ ਅਤੇ ਜਮਹੂਰੀਅਤ ਦਾ ਜ਼ਮੀਨੀ ਪੱਧਰ ਤੱਕ ਪਸਾਰ ਕਰਨ ਵਰਗੇ ਸਵਾਲਾਂ ਨੂੰ ਲੈ ਕੇ ਉਨ੍ਹਾਂ ਦਾ ਅਤੇ ਇੰਡੀਅਨ ਪੀਪਲਜ਼ ਫਰੰਟ ਦਾ ਨਜ਼ਰੀਆ ਰਵਾਇਤੀ ਖੱਬੇ ਪੱਖੀਆਂ ਨਾਲੋਂ ਬੁਨਿਆਦੀ ਤੌਰ ਵੱਖਰਾ ਸੀ । ਇਸੇ ਕਾਰਨ ਖਾੜਕੂ ਲਹਿਰ ਦੌਰਾਨ ਆਮ ਨਿਰਦੋਸ਼ ਲੋਕਾਂ ਉੱਤੇ ਹੋਣ ਵਾਲੇ ਅੰਨ੍ਹੇ ਪੁਲੀਸ ਦਮਨ ਦਾ ਵਿਰੋਧ ਕਰਨ ਬਦਲੇ ਉਨ੍ਹਾਂ ਨੂੰ ਵੱਡੀ ਉਮਰ ਦੇ ਬਾਵਜੂਦ 1990 ਵਿੱਚ ਮੁੜ ਭੀਖੀ ਪੁਲਸ ਥਾਣੇ ਉੱਤੇ ਹਮਲੇ ਦੇ ਝੂਠੇ ਕੇਸਾਂ ਦਾ ਅਤੇ ਪੁਲੀਸ ਦਮਨ ਦਾ ਸ਼ਿਕਾਰ ਹੋਣਾ ਪਿਆ । ਉਹ ਸੋਲ਼ਾਂ ਸਾਥੀਅਾਂ ਸਮੇਤ ਕਰੀਬ ਚਾਲੀ ਦਿਨਾਂ ਤੱਕ ਬਠਿੰਡਾ ਜੇਲ੍ਹ ਵਿੱਚ ਬੰਦ ਰਹੇ । 1992 ਵਿਚ ਜਦ ਸੀਪੀਆਈ (ਐਮਐਲ) ਨੇ 22 ਸਾਲ ਗੁਪਤਵਾਸ ਰਹਿਣ ਤੋਂ ਬਾਅਦ ਮੁੜ ਕਲਕੱਤਾ ਤੋਂ  ਖੁੱਲ੍ਹੀਆਂ ਸਿਆਸੀ ਸਰਗਰਮੀਆਂ ਦੀ  ਸ਼ੁਰੂਅਾਤ ਕੀਤੀ, ਤਾਂ ਉਹ ਪੰਜਾਬ ਵਿਚ ਸੀਪੀਆਈ (ਐਮਐਲ) ਦੇ ਮੋਹਰੀ ਆਗੂ ਵਜੋਂ ਸਾਹਮਣੇ ਆਏ । ਇੱਕ ਦਿਨ 4 ਜੂਨ  1999 ਨੂੰ ਅਠਵੰਜਾ ਸਾਲ ਦੀ ਉਮਰ ਵਿਚ ਹਾਰਟ ਅਟੈਕ ਕਾਰਨ ਅਚਾਨਕ ਵਿਛੜ ਜਾਣ ਤਕ ਉਨ੍ਹਾਂ ਸਿਧਾਂਤਕ ਅਤੇ ਅਮਲੀ ਪੱਖ ਤੋਂ ਪੰਜਾਬ 'ਚ ਪਾਰਟੀ ਨੂੰ ਸੁਯੋਗ ਅਗਵਾਈ ਦਿੱਤੀ ।

ਇਸ ਲਈ ਕੱਲ੍ਹ ਉਨ੍ਹਾਂ ਦੀ 22 ਵੀਂ ਬਰਸੀ ਮੌਕੇ ਪਾਰਟੀ ਦੇ ਸਮੂਹ ਮੈਂਬਰ ਅਤੇ ਸਮਰਥਕ  ਉਨ੍ਹਾਂ ਨੂੰ ਆਪਣੀ ਭਾਵ ਭਿੰਨੀ ਸ਼ਰਧਾਂਜਲੀ ਅਰਪਿਤ ਕਰਨਗੇ ।       - ਸੁਖਦਰਸ਼ਨ ਸਿੰਘ ਨੱਤ 

Thursday, May 13, 2021

ਕਾਮਰੇਡ ਇਕਬਾਲ ਸੰਧੂ ਵੀ ਸਦੀਵੀ ਵਿਛੋੜਾ ਦੇ ਗਏ

 Thursday 13th May 2021 at 07:30 AM

ਮਈ ਨੂੰ ਇੰਗਲੈਂਡ ਦੀ ਧਰਤੀ ’ਤੇ ਆਖ਼ਰੀ ਸਵਾਸ ਲਏ

ਲਗਾਤਾਰ ਉਦਾਸ ਕਰਨ ਵਾਲੀਆਂ ਖਬਰਾਂ ਆ ਰਹੀਆਂ ਹਨ। ਹੁਣ ਕੁਝ ਹੀ ਦੇਰ ਪਹਿਲਾਂ ਖਬਰ ਆਈ ਹੈ ਇੰਗਲੈਂਡ ਤੋਂ ਜਿਸ ਬਾਰੇ ਦੱਸਿਆ ਹੈ ਲਗਾਤਾਰ ਸਰਗਰਮੀ ਨਾਲ ਕੰਮ ਕਰਨ ਵਾਲੇ ਸਾਥੀ  ਬੂਟਾ ਸਿੰਘ ਨਵਾਂ ਸ਼ਹਿਰ ਨੇ। ਸਾਡੇ ਬਹੁਤ ਹੀ ਹਰਦਿਲ ਅਜ਼ੀਜ਼ ਅਤੇ ਕਿਰਤੀ ਹੱਕਾਂ ਦੇ ਅਣਥੱਕ ਸੰਗਰਾਮੀਏ ਕਾਮਰੇਡ ਇਕਬਾਲ ਸੰਧੂ ਨੇ ਕੱਲ੍ਹ 12 ਮਈ ਨੂੰ ਇੰਗਲੈਂਡ ਦੀ ਧਰਤੀ ’ਤੇ ਆਖ਼ਰੀ ਸਵਾਸ ਲਏ। ਇਹ ਇੱਕ ਬਹੁਤ ਵੱਡਾ ਘਾਟਾ ਹੈ। 

ਉਹਨਾਂ ਦੇ ਜੀਵਨ ਬਾਰੇ ਨਜ਼ਰ ਮਾਰਿਆਂ ਪਤਾ ਲੱਗਦਾ ਹੈ ਕਿ ਸਰਗਰਮੀ ਸਾਥੀ ਇਕਬਾਲ ਸੰਧੂ ਕਿਸਾਨੀ ਪਰਿਵਾਰ ਵਿੱਚੋਂ ਸਨ। ਉਨ੍ਹਾਂ ਦਾ ਜਨਮ 1932 ’ਚ ਅਣਵੰਡੇ ਪੰਜਾਬ ਵਿਚ ਹੋਇਆ। ਪਾਕਿਸਤਾਨ ਬਣਨ ਤੋਂ ਬਾਦ ਉਨ੍ਹਾਂ ਦੇ ਪਰਿਵਾਰ ਨੇ ਪੂਰਬੀ ਹਿੱਸੇ ’ਚ ਪਿੰਡ ਸੰਘੇ ਆ ਕੇ ਪਨਾਹ ਲਈ ਅਤੇ ਆਖ਼ਿਰਕਾਰ ਗੋਰਾਇਆ ਨੇੜੇ ਪਿੰਡ ਗਹੌਰ ’ਚ ਵਸ ਗਿਆ। ਉਸ ਸਮੇਂ ਉਨ੍ਹਾਂ ਦੀ ਉਮਰ ਬਸ  14 ਸਾਲ ਹੀ ਸੀ। ਸਕੂਲੀ ਪੜ੍ਹਾਈ ਤੋਂ ਬਾਦ ਫ਼ਗਵਾੜਾ ਦੇ ਕਾਲਜ ’ਚ ਪੜ੍ਹਾਈ ਕਰਦਿਆਂ ਉਹ ਕਮਿਊਨਿਸਟ ਸਰਗਰਮੀਆਂ ਨਾਲ ਜੁੜੇ ਅਤੇ ਫਿਰ ਇਸ ਫਲਸਫੇ ਨੇ ਅਜਿਹਾ ਆਕਰਸ਼ਿਤ ਕੀਤਾ ਕਿ ਹਮੇਸ਼ਾ ਲਈ ਸਮਾਜਿਕ ਤਬਦੀਲੀ ਦੀ ਜੱਦੋਜਹਿਦ ਨੂੰ ਸਮਰਪਿਤ ਹੋ ਗਏ। ਸੰਨ 1956 ’ਚ ਉਹ ਰੋਜ਼ਗਾਰ ਦੀ ਤਲਾਸ਼ ’ਚ ਇੰਗਲੈਂਡ ਚਲੇ ਗਏ ਜਿੱਥੇ ਉਹ ਕੁਵੈਂਟਰੀ ਸ਼ਹਿਰ ’ਚ ਰਹਿੰਦੇ ਸਨ। ਥੋੜ੍ਹਾ ਸਮਾਂ ਫੈਕਟਰੀਆਂ ’ਚ ਕੰਮ ਕਰਨ ਤੋਂ ਬਾਦ  ਉਨ੍ਹਾਂ ਨੇ ਬੱਸ ਡਰਾਈਵਰ ਦੀ ਨੌਕਰੀ ਕਰ ਲਈ, ਹੋਰ ਵੀ ਕਈ ਰੋਜ਼ਗਾਰ ਕੀਤੇ ਅਤੇ ਆਖ਼ਿਰਕਾਰ 1996 ’ਚ ਉਹ ਰਿਟਾਇਰ ਹੋ ਗਏ। ਨੌਕਰੀ ਦੀ ਰਿਟਾਇਰਮੈਂਟ ਤਾਂ ਨਿਯਮਾਂ ਅਨੁਸਾਰ ਜ਼ਰੂਰੀ ਸੀ ਪਰ  ਹੱਥਾਂ  ਵਿੱਚ ਲਏ ਕੰਮਾਂ ਨੂੰ ਪੂਰੀ  ਨਿਭਾਉਣ ਵਾਲੀ  ਜਾਰੀ ਰੱਖੀ। 

ਜ਼ਿਕਰਯੋਗ ਹੈ ਕਿ ਇੰਗਲੈਂਡ ਜਾਂਦੇ ਸਾਰ ਉਹ ਟਰੇਡ ਯੂਨੀਅਨ ਲਹਿਰ ’ਚ ਸਰਗਰਮ ਹੋ ਗਏ ਸਨ ਅਤੇ ਤਾਉਮਰ ਇਸੇ ਕਾਜ਼ ਨੂੰ ਸਮਰਪਿਤ ਵੀ ਰਹੇ। ਉਹ ਇੰਡੀਅਨ ਵਰਕਰਜ਼ ਐਸੋਸੀਏਸ਼ਨ (ਆਈ.ਡਬਲਯੂ.ਏ.ਜੀ.ਬੀ.) ਦੇ ਅਣਥੱਕ ਕਾਰਕੁੰਨ ਸਨ। ਉਹ ਕੁਵੈਂਟਰੀ ਬਰਾਂਚ ਦੇ ਪ੍ਰਧਾਨ ਰਹੇ ਅਤੇ ਨਾਲ ਹੀ ਐਸੋਸੀਏਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ। ਉਹ ਜਿੱਥੇ ਮਜ਼ਦੂਰ ਜਮਾਤ ਦੇ ਹੱਕਾਂ ਲਈ ਮੋਹਰੀਆਂ ਸਫ਼ਾਂ ’ਚ ਲੜਨ ਵਾਲੇ ਜੁਝਾਰੂ ਸਨ ਉੱਥੇ ਉਨ੍ਹਾਂ ਨੇ ਆਈ.ਡਬਲਯੂ.ਏ. ਵਿਚ ਹਾਵੀ ਹੋਏ ਸੋਧਵਾਦੀ, ਸਥਾਪਤੀ ਪੱਖੀ ਭੋਗ ਪਾਊ ਰੁਝਾਨ ਵਿਰੁੱਧ ਵੀ ਡੱਟ ਕੇ ਸਟੈਂਡ ਲਿਆ। ਉਨ੍ਹਾਂ ਨੇ ਜੁਝਾਰੂ ਆਗੂ ਜਗਮੋਹਣ ਜੋਸ਼ੀ ਦੀ ਇਨਕਲਾਬੀ ਪਰੰਪਰਾ ਉੱਪਰ ਨਿਰੰਤਰ ਪਹਿਰਾ ਦਿੰਦੇ ਹੋਏ ਮੌਲਿਕ ਪ੍ਰੋਗਰਾਮ ਉੱਪਰ ਜਥੇਬੰਦੀ ਨੂੰ ਮੁੜ-ਜਥੇਬੰਦ ਕਰਨ ਦੀਆਂ ਜ਼ੋਰਦਾਰ ਕੋਸ਼ਿਸ਼ਾਂ ਕੀਤੀਆਂ ਅਤੇ ਹਮੇਸ਼ਾ ਬੁਲੰਦ ਹੌਸਲੇ ਨਾਲ ਸਰਗਰਮ ਰਹਿੰਦੇ ਸਨ। ਉਹ ਨਕਸਲੀ ਲਹਿਰ ਦੀ ਸੋਚ ਦੇ ਧਾਰਨੀ ਸਨ ਅਤੇ ਭਾਰਤ ਸਮੇਤ ਦੁਨੀਆ ਭਰ ਵਿਚ ਲੋਕ ਮੁਕਤੀ ਜੱਦੋਜਹਿਦਾਂ ਦੇ ਹੱਕ ’ਚ ਧੜੱਲੇ ਨਾਲ ਖੜ੍ਹਦੇ ਸਨ।

ਦੇਹਾਂਤ ਦੇ ਸਮੇਂ ਉਨ੍ਹਾਂ ਦੀ ਉਮਰ 89 ਸਾਲ ਸੀ। ਜ਼ਿੰਦਗੀ ਦੇ ਇਸ ਪੜਾਅ ’ਚ ਵੀ ਉਨ੍ਹਾਂ ਦਾ ਇਨਕਲਾਬੀ ਜਜ਼ਬਾ ਨੌਜਵਾਨਾਂ ਵਰਗਾ ਸੀ। ਉਨ੍ਹਾਂ ਦਾ ਮਾਰਕਸਵਾਦੀ ਵਿਚਾਰਧਾਰਾ ਵਿਚ ਦਿ੍ਰੜ ਵਿਸ਼ਵਾਸ ਅਤੇ ਲੋਕ ਹਿੱਤਾਂ ਲਈ ਜੂਝਣ ਦੀ ਨਿਹਚਾ ਬੇਮਿਸਾਲ ਸੀ। ਉਨ੍ਹਾਂ ਨਾਲ ਅਕਸਰ ਗੱਲ ਹੁੰਦੀ ਰਹਿੰਦੀ ਸੀ ਅਤੇ ਉਹ ਹਮੇਸ਼ਾ ਚੜ੍ਹਦੀ ਕਲਾ ’ਚ ਹੁੰਦੇ ਸਨ। ਉਹ ਸਭਨਾਂ ’ਚ ਸਤਿਕਾਰੇ ਜਾਂਦੇ ਸਨ ਅਤੇ ਮੱਤਭੇਦਾਂ ਵਾਲੇ ਲੋਕਾਂ ਨਾਲ ਵੀ ਟੀਮ ਸਪਿਰਿਟ ਦੀ ਭਾਵਨਾ ਨਾਲ ਮਿਲ-ਜੁਲ ਕੇ ਕੰਮ ਕਰਨ ਦੇ ਨਜ਼ਰੀਏ ਵਾਲੇ ਇਨਸਾਨ ਸਨ। ਉਹ ਘਰ-ਪਰਿਵਾਰ, ਜਥੇਬੰਦੀ ਅਤੇ ਸਮਾਜ ਹਰ ਥਾਂ ਸਤਿਕਾਰੇ ਜਾਂਦੇ ਬਹੁਗੁਣੀ ਆਗੂ ਸਨ। ਕਮਿਊਨਿਜ਼ਮ ਅਤੇ ਸੋਸ਼ਲਿਜ਼ਮ ਦੇ ਕਾਜ ਨੂੰ ਪ੍ਰਣਾਏ ਟਰੇਡ ਯੂਨੀਅਨ ਆਗੂ ਹੋਣ ਦੇ ਨਾਲ-ਨਾਲ ਉਹ ਇਨਕਲਾਬੀ ਕਵੀ ਵੀ ਸਨ ਅਤੇ ਪਿੱਛੇ ਜਹੇ ਉਨ੍ਹਾਂ ਦੇ ਗੀਤਾਂ-ਨਜ਼ਮਾਂ ਦਾ ਸੰਗ੍ਰਹਿ ਛਪਿਆ ਸੀ।

ਬੇਹੱਦ ਆਸ਼ਾਵਾਦੀ ਹੋਣ ਕਾਰਨ ਹਰ ਵਾਰ ਉਹ ਬੀਮਾਰੀਆਂ ਦੇ ਹਮਲੇ ਦਾ ਪੂਰੇ ਹੌਸਲੇ ਨਾਲ ਮੁਕਾਬਲੇ ਕਰਕੇ ਸਿਹਤਯਾਬ ਹੋ ਜਾਂਦੇ ਸਨ। ਪਿਛਲੇ ਸਾਲਾਂ ਤੋਂ ਉਨ੍ਹਾਂ ਦੀ ਸਿਹਤ ਨਾਸਾਜ਼ ਸੀ ਅਤੇ ਇਸ ਵਾਰ ਉਨ੍ਹਾਂ ਦੀ ਪਾਚਨ-ਪ੍ਰਣਾਲੀ ਇਸ ਕਦਰ ਨੁਕਸਾਨੀ ਗਈ ਕਿ ਉਹ ਜ਼ਿੰਦਗੀ ਦੀ ਲੜਾਈ ਹਾਰ ਗਏ ਅਤੇ 12 ਮਈ ਨੂੰ ਆਪਣੇ ਸਕੇ-ਸੰਬੰਧੀਆਂ ਅਤੇ ਸੰਗੀ-ਸਾਥੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ।

ਅਲਵਿਦਾ ਸਾਥੀ ਸੰਧੂ ਜੀ। ਤੁਹਾਡੀਆਂ ਯਾਦਾਂ ਅਤੇ ਇਨਕਲਾਬੀ ਘਾਲਣਾ ਅਮਿੱਟ ਹੈ।

Wednesday, March 17, 2021

ਸ਼ਹੀਦ ਜੈਮਲ ਪੱਡਾ ਨੂੰ ਯਾਦ ਕਰਦਿਆਂ

 ਚੰਗਾ ਹੋਵੇ ਜੇ ਇਹਨਾਂ ਯਾਦਾਂ ਨੂੰ ਸੰਭਾਲਣ ਲਈ ਠੋਸ ਕਦਮ ਪੁੱਟੇ ਜਾ ਸਕਣ  

ਲੁਧਿਆਣਾ: 17 ਮਾਰਚ 2021:(ਰੈਕਟਰ ਕਥੂਰੀਆ//ਨਕਸਲਬਾੜੀ ਡੈਸਕ)

ਕੁਝ ਦਹਾਕੇ ਪਹਿਲਾਂ ਰੋਜ਼ਾਨਾ ਨਵਾਂ ਜ਼ਮਾਨਾ ਅਖਬਾਰ ਅਤੇ ਰੋਜ਼ਾਨਾ ਅਜੀਤ ਅਖਬਾਰ ਦੇ ਦੋਹਾਂ ਦਰਾਂ ਵਿਚਾਲੇ ਇੱਕ ਸਾਂਝੀ ਕੰਟੀਨ ਹੁੰਦੀ ਸੀ। ਕਾਕੇ ਦੀ ਕੰਟੀਨ। ਉਂਝ ਤਾਂ ਉਹ ਚੰਗਾ ਲੰਮਾ ਚੌੜਾ ਕੱਦਕਾਠ ਵਾਲਾ ਭਲਵਾਨ ਹੀ ਜਾਪਦਾ ਸੀ ਪਾਰ ਨਾਮ ਉਸਦਾ ਕਾਕਾ ਹੀ ਪੱਕੀਆਂ ਹੋਇਆ ਸੀ। ਸ਼ਾਇਦ ਕਸੀਏ ਨੇ ਉਸਦਾ ਅਸਲੀ ਨਾਮ ਕਦੇ ਪੁੱਛਿਆ ਵੀ ਨਹੀਂ। ਜਿਹਨਾਂ ਦੋਸਤਾਂ  ਮਿੱਤਰਾਂ ਨੇ ਮਿਲਣਾ ਹੁੰਦਾ ਉਦੋਂ ਕਾਕੇ ਦੀ ਇਹ ਕੰਟੀਨ ਹੀ ਕੇਂਦਰੀ ਟਿਕਾਣਾ ਹੁੰਦੀ ਸੀ। ਜੇ ਖਬਰਾਂ ਵਾਲੇ ਡੈਸਕ ਤੋਂ ਫਰਲੋ ਵੀ ਮਾਰਨੀ ਹੁੰਦੀ ਤਾਂ ਵੀ ਆਏ ਗਏ ਨਾਲ ਚਾਹ ਵਾਲੇ ਕੱਪ ਦੀ ਰਸਮ ਨਿਭਾਉਣ ਮਗਰੋਂ ਫਤਾਫੱਟ ਆਪਣੀ ਸੀਟ ਤੇ ਅੱਪੜਿਆ ਜਾ ਸੱਕਦਾ ਸੀ। ਦੋਹਾਂ ਅਖਬਾਰਾਂ ਦਾ ਅੰਦਰੋਂ ਬਾਹਰੋਂ ਨਕਸ਼ਾ ਹੀ ਬਦਲ ਗਿਆ। ਉਹ ਦੌਰ ਵੀ ਨਹੀਂ ਰਿਹਾ ਅਤੇ ਕਾਕੇ ਦੀ ਕੰਟੀਨ ਵੀ ਨਹੀਂ ਰਹੀ। ਕਾਕਾ ਵੀ ਲੰਮੇ ਸਮੇਂ ਤੋਂ ਕਦੇ ਨਹੀਂ ਦਿੱਸਿਆ। ਜੇ ਕੁਝ ਬਚਿਆ ਹੈ ਤਾਂ ਬਸ ਉਸ ਕੰਟੀਨ ਨਾਲ ਜੁੜੀਆਂ ਯਾਦਾਂ। ਉਥੇ ਮਿਲਦੇ ਰਹੇ ਮਿੱਤਰਾਂ ਦੀਆਂ ਯਾਦਾਂ। 

ਇਹਨਾਂ ਵਿੱਚੋਂ ਹੀ ਇੱਕ ਮਿੱਤਰ ਸੀ ਜੈਮਲ ਪੱਡਾ।  ਸਾਦਗੀ ਅਤੇ ਬੇਰਵਾਹੀ ਨਾਲ ਬੰਨੀ ਪੱਗ। ਖੁੱਲ੍ਹੀ ਛੱਡੀ ਦਾਹੜੀ। ਬਹੁਤ ਹੀ ਸਾਧਾਰਨ ਦਿੱਖ ਵਾਲੀ ਸ਼ਖ਼ਸੀਅਤ। ਉਹ ਕੋਈ ਕਿਰਤੀ ਜਾਪਦਾ ਸੀ। ਕਿਸੇ ਮਜ਼ਦੂਰ ਵਰਗਾ ਜਾਪਦਾ ਸੀ। ਪਰ ਉਹ ਆਮ ਜਿਹਾ ਬੰਦਾ ਗੱਲਾਂ ਬੜੀਆਂ ਖਾਸ ਕਰਦਾ ਸੀ। ਉਸਦੀਆਂ ਗੱਲਾਂ ਸੁਣਦਿਆਂ ਡਿਊਟੀ ਭੁੱਲ ਜਾਣ ਦਾ ਖਤਰਾ ਵੀ ਬਰਕਰਾਰ ਰਹਿੰਦਾ ਸੀ। ਉਸ ਨਾਲ ਹੋਈ ਮੁਲਾਕਾਤ ਛੇਤੀ ਕਿਤੇ ਦਿਮਾਗ ਵਿੱਚੋਂ ਨਾ ਨਿਕਲਦੀ। ਉਸਦੀਆਂ ਗੱਲਾਂ ਦਿਮਾਗ ਵਿੱਚ ਪਏ ਸਥਾਪਤ ਜਿਹੇ ਵਿਚਾਰਾਂ ਨੂੰ ਇੰਝ ਹਿਲਾ ਦੇਂਦੀਆਂ ਜਿਵੇਂ ਸਭ ਕੁਝ ਤਹਿਸ ਨਹਿਸ ਕਰ ਦੇਣਗੀਆਂ। ਉਹ ਹਥਿਆਰਬੰਦ ਘੋਲਾਂ ਦੀ ਗੱਲ ਕਰਦਿਆਂ ਦੱਸਦਾ ਕਿ ਨਕਸਲੀ ਅੰਦੋਲਨ ਲੋਕਾਂ ਦੇ ਨੇੜੇ ਕਿਵੇਂ ਸੀ ਅਤੇ ਖਾਲਿਸਤਾਨੀ ਅੰਦੋਲਨ ਲੋਕਾਂ ਦੇ ਖਿਲਾਫ ਕਿਵੇਂ ਹੈ। ਕਈ ਵਾਰ ਉਸਦੇ ਸ਼ਬਦ ਸਮਝ ਵੀ ਨਾ ਆਉਂਦੇ। ਕਮਿਊਨਿਸਟ ਸ਼ਬਦਾਵਲੀ ਵਿੱਚ ਅਜਿਹੇ ਬਹੁਤ ਸਾਰੇ ਸ਼ਬਦ ਹਨ। ਅਜਿਹੇ ਸ਼ਬਦਾਂ ਨੂੰ ਸਮਝਣ ਲਈਂ ਹੀ ਖੱਬੇ ਪੱਖੀ ਬੁਧੀਜੀਵੀਆਂ, ਪੱਤਰਕਾਰਾਂ, ਲੇਖਕਾਂ ਅਤੇ ਬੁਲਾਰਿਆਂ ਦੇ ਅਧਿਐਨ ਲਈ ਇੱਕ ਕਿਤਾਬ ਵੀ ਛਪ ਕੇ ਆਈ ਸੀ ਸ਼ਾਇਦ ਨੋਵੋਸਤੀ ਪ੍ਰਕਾਸ਼ਨ ਵੱਲੋਂ।

ਜੈਮਲ ਪੱਡਾ ਜੁਆਨੀ ਵੇਲੇ ਫੋਟੋ: 
ਪੰਜਾਬੀ ਜਾਗਰਣ ਦੇ ਧੰਨਵਾਦ ਸਹਿਤ  
ਜੈਮਲ ਪੱਡਾ ਅਜਿਹੇ ਸਾਰੇ ਔਖੇ ਜਾਪਦੇ ਸ਼ਬਦਾਂ ਦੇ ਅਰਥ ਅਤੇ ਭਾਵ ਅਰਥ ਬਹੁਤ ਹੀ ਸਰਲਤਾ ਨਾਲ ਸਮਝਾਉਂਦਾ। ਕਦੇ ਕਦੇ ਇੰਝ ਲੱਗਦਾ ਉਹ ਜੰਗ ਦੇ ਮੈਦਾਨ ਵਿੱਚ ਹੈ। ਉਸਦੇ ਚਿਹਰੇ ਦੇ ਹਾਵਭਾਵ ਕਦੇ ਉਸਨੂੰ ਗੁੱਸੇ ਵਿੱਚ ਲਿਆਉਂਦੇ ਲੱਗਦੇ ਅਤੇ ਕਦੇ ਉਸਨੂੰ ਇੱਕ ਅਧਿਆਪਕ ਵੱਜੋਂ ਦਿਖਾਉਂਦੇ। 

ਉਸ ਨਾਲ ਹੁੰਦੇ ਮੇਲਿਆਂ ਗੇਲਿਆਂ ਦੌਰਾਨ ਨਕਸਲੀ ਲਹਿਰ ਨਾਲ ਸਬੰਧਤ ਲਿਟਰੇਚਰ ਵੀ ਮਿਲ ਜਾਇਆ ਕਰਦਾ ਸੀ। ਇਸ ਨਾਲ ਅਸੀਂ ਦੂਰ ਕਿਨਾਰਿਆਂ ਤੇ ਬੈਠੇ ਵੀ ਇੰਝ ਮਹਿਸੂਸ ਕਰਦੇ ਜਿਵੇਂ ਇਸ ਲਹਿਰ ਦੇ ਸਮੁੰਦਰਾਂ ਵਿੱਚ ਤਾਰਿਆਂ ਲਾ ਰਹੇ ਹੋਈਏ। ਆਸਟਰੇਲੀਆ ਵਾਲੇ ਸਰਬਜੀਤ ਸੋਹੀ ਆਪਣੀ ਇੱਕ ਪੋਸਟ ਵਿੱਚ ਦੱਸਦੇ ਹਨ:

ਨਹੀਂ ਇਤਿਹਾਸ ਨੇ ਕਰਨਾ ਕਦੇ ਵੀ ਜ਼ਿਕਰ ਭੀੜਾਂ ਦਾ,

ਰਹੂਗਾ ਪਰ ਕਿਆਮਤ ਤੱਕ, ਸਦਾ ਮਨਸੂਰ ਦਾ ਚਰਚਾ! 

ਕਿਰਤੀ ਕਵੀ ਸ਼ਹੀਦ ਜੈਮਲ ਪੱਡਾ ਜੀ ਨੂੰ ਸੁਰਖ਼ ਸਲਾਮ, ਅੱਜ ਦੇ ਦਿਨ ਫਿਰਕੂ ਵਹਿਸ਼ੀਆਂ ਨੇ ਬੇਸ਼ੱਕ ਇਕ ਬਹਾਦਰ ਲੋਕ ਨਾਇਕ ਨੂੰ ਕਾਇਰਤਾ ਪੂਰਨ ਤਰੀਕੇ ਨਾਲ ਗੋਲ਼ੀਆਂ ਚਲਾ ਕੇ ਚੁੱਪ ਕਰਾ ਦਿੱਤਾ, ਪਰ ਉਸਦੇ ਬੋਲ ਅੱਜ ਵੀ ਲੋਕ ਸੰਗਰਾਮਾਂ ਦਾ ਹਿੱਸਾ ਹਨ। ਉਸਦੀ ਆਵਾਜ਼ ਕਿਰਤੀਆਂ ਦੇ ਵਿਹੜਿਆਂ ਵਿਚ ਅੱਜ ਵੀ ਗੂੰਜਦੀ ਹੈ। ਗੁਨਾਹ ਸਿਰਫ ਐਨਾ ਹੀ ਸੀ ਕਿ ਉਹ ਗੁਰਬਾਣੀ ਦੇ ਕਥਨ ‘ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ’ ਤਹਿਤ ਨਿਰਦੋਸ਼ ਲੋਕਾਂ ਦੇ ਹੋ ਰਹੇ ਕਤਲਾਂ ਨੂੰ ਗਲਤ ਆਖਦਾ ਸੀ। ਪਰ ਉਸ ਵੇਲੇ ਪਾਪ ਜੀ ਜੰਞ ਇਕੱਲਾ ਦਾਨ ਹੀ ਨਹੀਂ, ਬਹੁਤ ਕੁੱਝ ਮੰਗਦੀ ਸੀ। ਹੱਕ-ਸੱਚ ਦੀ ਆਵਾਜ਼ ਨੂੰ ਚੁੱਪ ਕਰਾਉਣ ਵਾਲੀ ਇਕ ਧਾੜ ਵੱਲੋਂ ਅੱਜ ਦੇ ਦਿਨ 17 ਮਾਰਚ 1988 ਨੂੰ ਘਾਤ ਲਾ ਕੇ ਕੀਤੇ ਹਮਲੇ ਵਿੱਚ ਸਾਥੀ ਜੈਮਲ ਪੱਡਾ ਸਰੀਰਕ ਰੂਪ ਵਿਚ ਸਾਥੋਂ ਗੁਆਚ ਗਿਆ। ਪਰ ਸ਼ਹੀਦ ਜੈਮਲ ਪੱਡਾ, ਉਸਦੇ ਗੀਤ ਅਤੇ ਵਿਚਾਰ ਸਦਾ ਅਮਰ ਰਹਿਣਗੇ। (ਇਹ ਜਾਣਕਾਰੀ ਦੇਣ ਵਾਲੇ ਸਰਬਜੀਤ ਸੋਹੀ ਹੁਰਾਂ ਦਾ ਸੰਪਰਕ ਨੰਬਰ ਹੈ: 7901805656
ਜੈਮਲ ਪੱਡਾ ਖਤਰਿਆਂ ਦੇ ਰਾਹਾਂ ਤੇ ਤੁਰ ਰਿਹਾ ਸੀ। ਉਸਨੂੰ ਇਹ ਸਭ ਕੁਝ ਪਤਾ ਸੀ। ਉਹ ਅਵੇਸਲਾ ਵੀ ਨਹੀਂ ਸੀ। ਪਰ ਸਾਡੇ ਵਿੱਚੋਂ ਬਹੁਤਿਆਂ ਨੂੰ ਸ਼ਾਇਦ ਇਸ ਗੱਲ ਦਾ ਕਿਆਸ ਨਹੀਂ ਸੀ ਕਿ ਉਸਨੇ ਏਨੀ ਛੇਤੀ ਵਿਛੜ ਜਾਣਾ ਹੈ।
ਹੁਣ ਵੀ ਛੇਤੀ ਕਲੀਟਿਆਂ ਇਸ ਗੱਲ ਤੇ ਯਕੀਨ ਕਰਨ ਉਣ ਦਿੱਲ ਨਹੀਂ ਕਰਦਾ ਪਾਰ ਹਕੀਕਤ ਨੇ ਬਦਲ ਤਾਂ ਨਹੀਂ ਜਾਣਾ। ਹੁਣ ਲੋੜ ਹੈ ਉਸਦੀਆਂ ਯਾਦਾਂ ਨੂੰ ਇਕੱਠਿਆਂ ਕਰਕੇ ਉਸਦੀ ਸ਼ਖ਼ਸੀਅਤ ਨੂੰ ਇੱਕ ਵਾਰ ਫੇਰ ਲੋਕਾਂ ਸਾਹਮਣੇ ਲੈ ਆਈਏ। ਅਫਸੋਸ ਹੈ ਕਿ ਇਹ ਕੰਮ ਪੂਰੀ ਤਰਾਂ ਜੱਥੇਬੰਦਕ ਰਫਤਾਰ ਨਾਲ ਨਹੀਂ ਹੋ ਰਿਹਾ। ਨਕਸਲੀ ਸ਼ਹੀਦਾਂ ਨੂੰ ਦ੍ਰਿਸ਼ਟੀ ਨਾਮ ਵਾਲੇ ਰਸਾਲੇ ਰਾਹੀਂ ਇੱਕੋ ਥਾਂ ਇਕੱਤਰ ਕਾਰਨ ਦਾ ਜਿਹੜਾ ਉਪਰਾਲਾ ਕੀਤਾ ਸੀ ਉਸ ਵਰਗਾ ਹੋਰ ਕੋਈ ਮੌਲਿਕ ਉਪਰਾਲਾ ਸ਼ਾਇਦ ਫਿਰ ਨਹੀਂ ਹੋ ਸਕਿਆ। 
ਅਜਮੇਰ ਸਿੱਧੂ ਹੁਰਾਂ ਨੇ ਇਸ ਪਾਸੇ ਗੰਭੀਰ  ਕੀਤੀਆਂ ਹਨ। ਉਹਨਾਂ  ਜੈਮਲ ਪੱਡਾ ਬਾਰੇ ਵੀ ਹੈ। ਉਸਦੇ ਕਵਰ ਦੀ ਤਸਵੀਰ ਇਥੇ ਵੀ ਛਾਪੀ ਜਾ ਰਹੀ ਹੈ। ਕਾਮਰੇਡ ਹਰਭਗਵਾਨ ਭੀਖੀ, ਕਾਮਰੇਡ  ਸੁਖਦਰਸ਼ਨ ਨੱਤ ਨੇ ਵੀ ਕਾਫੀ ਕੰਮ ਕੀਤਾ ਪਰ ਲੋੜ ਸੀ ਪੱਤਰਕਾਰ ਬਲਬੀਰ ਪਰਵਾਨਾ ਵਾਂਗ ਇਸਨੂੰ ਮਿਸ਼ਨ ਬਣਾ ਕੇ ਕੰਮ ਕਰਨ ਦੀ। ਬਲਬੀਰ ਰਵਾਨਾ ਨਣੇ ਨਵਾਂ ਜ਼ਮਾਨਾ ਅਖਬਾਰ ਵਿੱਚ ਕੁਲਵਕਤੀ ਕਾਮੇ ਵੱਜੋਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਵੀ, ਉਸ ਦੌਰਾਨ ਵੀ ਅਤੇ ਉਸਤੋਂ ਬਾਅਦ ਵੀ ਗੰਭੀਰ ਉਪਰਾਲੇ ਕੀਤੇ ਹਨ। 
ਹਿੰਦੀ ਵਿੱਚ ਵੀ ਇਸ ਲਹਿਰ ਨਾਲ ਸਬੰਧਤ ਕਈ ਚੰਗੀਆਂ ਫ਼ਿਲਮਾਂ ਬਣੀਆਂ ਹਨ ਜਿਹਨਾਂ ਨੂੰ ਪੰਜਾਬੀ ਦਰਸ਼ਕਾਂ ਅਤੇ ਪਾਠਕਾਂ ਲਈ ਵਰਤਣ ਵਾਸਤੇ ਡਬਿੰਗ ਵਰਗੀਆਂ ਕੋਸ਼ਿਸ਼ਾਂ ਨਹੀਂ ਹੋ ਸਕੀਆਂ। ਸ਼ਾਇਦ ਜੈਮਲ ਪੱਡਾ ਨੂੰ ਯਾਦ ਕਰਦਿਆਂ ਇਹਨਾਂ ਮੁੱਦਿਆਂ ਤੇ ਵੀ ਕੋਈ ਠੋਸ ਕਦਮ ਪੁੱਟਣ ਦੇ ਮਕਸਦ ਨਾਲ ਕੁਝ ਹੋ ਸਕੇ।  -ਰੈਕਟਰ ਕਥੂਰੀਆ 

Friday, February 12, 2021

ਕਿਸਾਨ ਅੰਦੋਲਨ 'ਤੇ "ਨਾਗ਼ੀ ਰੈਡੀ " ਲੇਬਲ ਲਾਉਣ ਦਾ ਮਤਲਬ

   ਪ੍ਧਾਨ ਮੰਤਰੀ ਦੇ "ਸੈਨਿਕਾਂ" ਵੱਲੋਂ ਲਾਏ ਇਸ ਲੇਬਲ ਦਾ ਮੰਤਵ ਅਤੇ ਹੀਜ- ਪਿਆਜ    

ਇਹ ਤਸਵੀਰ ਫੇਸਬੁਕ ਤੋਂ ਧੰਨਵਾਦ ਸਹਿਤ 

ਭਾਰਤੀ ਜਨਤਾ ਪਾਰਟੀ ਵੱਲੋਂ  ਕਾਰਪੋਰੇਟਸ਼ਾਹੀ ਦੀ ਬੁੱਕਲ 'ਚ ਬੈਠ ਕੇ  ਕਿਸਾਨ ਜਨਤਾ 'ਤੇ ਚਲਾਏ ਜਾ ਰਹੇ  ਮਾਰੂ  ਕਾਨੂੰਨਾਂ ਦੇ ਤੀਰ ਇਸ ਨੂੰ ਸਿਆਸੀ ਪੱਖੋਂ ਮਹਿੰਗੇ ਪੈ ਰਹੇ ਹਨ। ਇਸ ਦੇ ਦੋ ਆਗੂ ਪੰਜਾਬ ਅੰਦਰ ਇਸ ਦੀ ਪਤਲੀ ਸਿਆਸੀ ਹਾਲਤ ਦਾ ਇਸ਼ਤਿਹਾਰ ਬਣੇ ਹੋਏ ਹਨ। ਸ਼੍ਰੀ ਹਰਜੀਤ ਗਰੇਵਾਲ ਅਤੇ ਸ਼੍ਰੀ ਸੁਰਜੀਤ ਕੁਮਾਰ ਜਿਆਣੀ  ਖ਼ਿਲਾਫ਼ ਕਿਸਾਨ ਜਨਤਾ 'ਚ ਤਿੱਖਾ ਰੋਹ ਹੈ। ਇਸ ਰੋਹ ਦਾ ਸਿਆਸੀ  ਸੇਕ ਕਾਫ਼ੀ ਹੈ। ਇਨ੍ਹਾਂ ਦੋਹਾਂ ਦੇ ਪਿੰਡਾਂ 'ਚ ਨਿਰੋਲ ਔਰਤ ਕਿਸਾਨਾਂ ਦੇ ਭਾਰੀ ਰੋਸ ਇਕੱਠ ਹੋਏ ਹਨ।ਬਸੰਤੀ ਚੁੰਨੀਆਂ ਦਾ ਹੜ੍ਹ ਆਇਆ ਹੈ। ਗਿਣਤੀ ਅੱਧੇ ਲੱਖ ਨੂੰ ਢੁੱਕੀ ਹੈ। ਬਸੰਤੀ ਚੁੰਨੀਆਂ ਦੀ ਇਸ ਚੁਣੌਤੀ  ਦਾ ਸੰਕੇਤ ਇਹੋ ਹੈ ਕਿ ਇਹ ਆਗੂ  ਕਿਸਾਨ ਜਨਤਾ ਦੇ ਰੋਸ ਦੇ  ਵਿਸ਼ੇਸ਼ ਨਿਸ਼ਾਨੇ 'ਤੇ ਆ ਗਏ ਹਨ। 

ਇਹ ਪੰਜਾਬ ਅੰਦਰ ਬੀ ਜੇ ਪੀ ਲਈ ਸਾਧਾਰਣ ਸਿਆਸੀ ਚੁਣੌਤੀ ਨਹੀਂ ਹੈ। ਕਿਸਾਨ ਮਹਿਸੂਸ ਕਰਦੇ ਹਨ ਕਿ ਪਹਿਲਾਂ ਤਾਂ ਇਨ੍ਹਾਂ ਆਗੂਆਂ ਨੇ ਕੇਂਦਰ ਸਰਕਾਰ ਨੂੰ ਆਪਣੀਆਂ ਸੇਵਾਵਾਂ ਕਿਸਾਨਾਂ ਨੂੰ ਛਲਣ ਲਈ  ਅਰਪਿਤ ਕੀਤੀਆਂ; ਜਦੋਂ ਦਾਲ  ਨਾ ਗਲੀ  ਤਾਂ ਕਿਸਾਨ ਅੰਦੋਲਨ ਨੂੰ ਇਲਜ਼ਾਮਤਰਾਸ਼ੀ ਰਾਹੀਂ  ਬਦਨਾਮ ਕਰਨ ਦੀ ਸੇਵਾ 'ਚ ਲੱਗ ਗਏ।

ਪਿਛਲੇ ਅਰਸੇ 'ਚ ਬੀ ਜੇ ਪੀ ਆਗੂਆਂ ਦੇ ਮਨਾਂ 'ਚ  ਪੰਜਾਬ ਅੰਦਰ ਵੱਡੀ ਸਿਆਸੀ ਪੀਂਘ ਪਾ ਲੈਣ  ਦੀਆਂ ਉਮੀਦਾਂ  ਕੁਤਕੁਤੀਆਂ ਕਰਨ ਲੱਗ ਪਈਆਂ ਸਨ  ।ਬੀਜੇਪੀ ਬਾਦਲ ਅਕਾਲੀ ਦਲ ਦੀ ਖੁਰਦੀ ਸਿਆਸੀ ਜ਼ਮੀਨ 'ਤੇ ਆਪਣਾ ਹਲ ਚਲਾਉਣ ਨੂੰ ਫਿਰਦੀ ਸੀ। ਸੂਬਾਈ ਰਾਜ ਭਾਗ ਲਈ  ਸਿਆਸੀ ਗੱਠਜੋੜ ਦੀ ਚੌਧਰ ਹਥਿਆਉਣ ਨੂੰ ਫਿਰਦੀ ਸੀ। ਬੀਤੇ 'ਚ ਦੋਹਾਂ ਦੇ ਸਾਂਝੇ ਰਾਜ ਦੀ ਜੋ ਸਿਆਸੀ ਬਦਨਾਮੀ ਹੋਈ, ਉਸ  'ਚੋਂ ਬਹੁਤਾ ਹਿੱਸਾ ਬਾਦਲ ਅਕਾਲੀ ਦਲ ਨੂੰ ਮਿਲਿਆ ਸੀ। ਤਾਂ ਵੀ ਬੀਜੇਪੀ ਲੀਡਰਸ਼ਿਪ ਨੂੰ ਲੱਗ ਰਿਹਾ ਸੀ ਕਿ 'ਰੱਬ' ਜੋ ਕਰਦਾ ਹੈ ਚੰਗਾ ਹੀ ਕਰਦਾ ਹੈ। ਪੰਜਾਬ ਅੰਦਰ "ਮੋਦੀ ਕ੍ਰਿਸ਼ਮੇ"  'ਤੇ  ਗੱਠਜੋੜ ਦੀ  ਨਿਰਭਰਤਾ ਵਧ ਜਾਣ ਨਾਲ  ਬੀਜੇਪੀ ਨੂੰ ਪੰਜਾਬ ਅੰਦਰ ਆਪਣੀ ਸਿਆਸੀ "ਵੇਲ ਵਧਾਉਣ'' ਦਾ ਮੌਕਾ ਮਿਲਦਾ ਜਾਪ ਰਿਹਾ ਸੀ।

ਪਰ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਨੇ ਹਾਲਤ ਬਦਲ ਦਿੱਤੀ। ਕੇਂਦਰ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੋਹਾਂ ਖ਼ਿਲਾਫ਼ ਨਾਅਰੇ ਗੂੰਜਣ ਲੱਗੇ। ਬੀ ਜੇ ਪੀ ਅਤੇ ਅਕਾਲੀ ਦਲ ਦੋਹਾਂ ਦੇ ਆਗੂਆਂ ਦੇ ਘਰਾਂ 'ਤੇ ਕਿਸਾਨ ਸੱਥਾਂ ਜੁੜਨ ਲੱਗੀਆਂ। ਪਿੰਡਾਂ ਵਿੱਚ  ਇਨ੍ਹਾਂ ਦੋਹਾਂ ਦੇ ਲੀਡਰਾਂ ਦੀ ਸਿਆਸੀ ਜਵਾਬਦੇਹੀ ਲਈ ਤਿਆਰ ਬਰ ਤਿਆਰ ਰਹਿਣ ਦੇ ਹੋਕੇ ਗੂੰਜਣ ਲੱਗੇ। ਸਵਾਲ ਪੁੱਛਣ ਲਈ ਹਜ਼ਾਰਾਂ ਦੀਆਂ ਭੀੜਾਂ ਜੁੜਨ ਲੱਗੀਆਂ। ਦਹਿ ਹਜ਼ਾਰਾਂ ਦਾ ਕਿਸਾਨ ਕਾਫ਼ਲਾ ਹਫ਼ਤਾ ਭਰ ਬਾਦਲਾਂ ਦਾ ਬਾਰ ਮੱਲ ਕੇ ਬੈਠਾ ਰਿਹਾ। ਹਰਸਿਮਰਤ ਕੌਰ ਨੂੰ ਅਸਤੀਫ਼ਾ ਦੇਣਾ ਪਿਆ  ਅਤੇ ਗੱਠਜੋੜ ਦਾ ਤੜਾਕਾ ਪੈ ਗਿਆ।

ਇਨ੍ਹਾਂ ਹਾਲਤਾਂ 'ਚ ਕਿਸਾਨ ਜਨਤਾ ਨੂੰ ਕੀਲਣ ਅਤੇ ਕਾਇਲ ਕਰਨ ਦੀ ਵੱਡੀ ਜ਼ਿੰਮੇਵਾਰੀ ਸ਼੍ਰੀ ਹਰਜੀਤ ਗਰੇਵਾਲ ਅਤੇ ਸ਼੍ਰੀ ਸੁਰਜੀਤ ਜਿਆਣੀ ਦੇ ਹਿੱਸੇ ਆਈ। ਉਹ ਵਿਚੋਲਗਿਰੀ ਦੀ ਪੁਸ਼ਾਕ ਪਹਿਨ ਕੇ ਕੇਂਦਰ ਸਰਕਾਰ ਅਤੇ ਕਿਸਾਨਾਂ ਦਰਮਿਆਨ ਸਮਝੌਤਾ ਕਰਾਉਣ ਲਈ ਮੈਦਾਨ ਵਿਚ ਨਿੱਤਰ ਪਏ। ਇਹ ਵੱਡੇ ਨਿੱਜੀ ਸਿਆਸੀ ਇਨਾਮਾਂ ਵਾਲੀ ਲਲਚਾਵੀਂ ਜ਼ਿੰਮੇਵਾਰੀ ਸੀ।  ਇਨ੍ਹਾਂ ਆਗੂਆਂ ਦੇ ਸਿਰ 'ਤੇ  ਕਿਸਾਨ ਹੋਣ ਦੀ ਕਲਗੀ  ਸਜੀ ਹੋਈ ਸੀ ਅਤੇ ਲਬਾਂ 'ਤੇ ਕਿਸਾਨ ਦਰਦੀ ਹੋਣ ਦਾ ਦਾਅਵਾ ਸੀ। 

ਪਰ ਹੋਇਆ ਇਹ ਕਿ ਇਨ੍ਹਾਂ ਆਗੂਆਂ ਨੇ ਜਲਦੀ ਹੀ  ਵਿਚੋਲਗਿਰੀ ਦੀ ਪੁਸ਼ਾਕ ਲਾਹ ਕੇ ਕਾਨੂੰਨਾਂ ਦੀ ਵਕਾਲਤ ਲਈ ਗਾਊਨ ਪਹਿਨ ਲਏ। ਕੇਂਦਰ ਸਰਕਾਰ ਦੀਆਂ ਤਜਵੀਜ਼ਾਂ ਨੇ ਕਿਸਾਨਾਂ ਨੂੰ ਸੰਤੁਸ਼ਟ ਨਾ ਕੀਤਾ ਅਤੇ ਦਲੀਲਾਂ ਦੀ ਤੱਕੜੀ ਦਾ ਪੱਲਾ ਹੌਲਾ ਸਾਬਤ ਹੋਇਆ। ਨਾਕਾਮੀ ਨੇ ਬੀ ਜੇ ਪੀ ਆਗੂਆਂ ਦਾ ਪਾਰਾ ਚੜ੍ਹਾ ਦਿੱਤਾ। ਉਨ੍ਹਾਂ ਦਾ ਰੌਂਅ ਜੰਗਜੂ ਹੋ ਗਿਆ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ "ਸੈਨਾਪਤੀ" ਅਤੇ ਖ਼ੁਦ ਨੂੰ "ਸੈਨਿਕ" ਐਲਾਨ ਦਿੱਤਾ। ਸ੍ਰੀ ਹਰਜੀਤ ਗਰੇਵਾਲ ਕਹਿਣ ਲੱਗ ਪਏ ਕਿ ਸੈਨਿਕ ਆਪਣੇ ਸੈਨਾਪਤੀ ਨਾਲ ਹੋਈ ਗੱਲਬਾਤ ਪੱਤਰਕਾਰਾਂ ਨੂੰ ਨਹੀਂ ਦੱਸ ਸਕਦੇ। 

ਸ੍ਰੀ ਗਰੇਵਾਲ ਕੁਝ ਦੱਸਣ ਜਾਂ ਨਾ ਦੱਸਣ, ਉਨ੍ਹਾਂ ਦੀ ਬੋਲਬਾਣੀ ਜ਼ਾਹਰ ਕਰਦੀ ਹੈ ਕਿ ਕਿਸਾਨ ਅੰਦੋਲਨ ਸਬੰਧੀ ਉਨ੍ਹਾਂ ਨੂੰ ਕਿਹੋ ਜਿਹੇ ਸਿਆਸੀ ਹੱਥ ਕੰਡਿਆਂ ਦੀ ਕਮਾਨ ਸੌਂਪੀ ਗਈ ਹੈ। ਉਨ੍ਹਾਂ 'ਤੇ ਕਿਸਾਨ ਘੋਲ ਨੂੰ ਜਿਵੇਂ ਕਿਵੇਂ ਬੱਦੂ ਕਰਨ ਅਤੇ ਜਨਤਾ ਨੂੰ ਇਸ ਤੋਂ ਦਹਿਸ਼ਤਜ਼ਦਾ ਕਰਨ ਦੀ ਜ਼ਿੰਮੇਵਾਰੀ ਹੈ।  ਉਨ੍ਹਾਂ ਦੇ ਬੋਲਾਂ  'ਚ ਫਤਵੇਬਾਜ਼ੀ  ਅਤੇ ਤੋਤਕੜਿਆਂ ਦਾ ਸੁੁੁਮੇਲ ਹੈ ਜੋ  ਸਿਆਸੀ ਕਮਜ਼ੋਰੀ ਨੂੰ ਜ਼ਾਹਿਰ ਕਰਦਾ ਹੈ।    

 ਅਗਲੇ ਨਤੀਜੇ ਕੋਈ ਵੀ ਹੋਣ ਕੇਂਦਰ ਸਰਕਾਰ ਨਾਲ ਗੱਲਬਾਤ ਦੇ ਗਿਆਰਾਂ ਗੇੜਾਂ ਨੇ  ਕਿਸਾਨ ਜਨ ਸੰਗਠਨਾਂ ਦੀ ਨਿਵੇਕਲੀ ਜਨਤਕ ਸ਼ਨਾਖ਼ਤ ਸਥਾਪਤ ਕਰ ਦਿੱਤੀ  ਹੈ। ਮਜਬੂਰਨ ਹੀ ਸਹੀ, ਕੇਂਦਰ ਸਰਕਾਰ  ਉਨ੍ਹਾਂ ਦੀ ਨੁਮਾਇੰਦਾ ਹੈਸੀਅਤ ਨੂੰ ਅਮਲੀ  ਮਾਨਤਾ ਦੇ ਚੁੱਕੀ ਹੈ।ਇਹ ਨੁਮਾਇੰਦਾ ਹੈਸੀਅਤ ਜਨਤਕ ਪਲੇਟਫਾਰਮਾਂ ਵਜੋਂ ਉਨ੍ਹਾਂ ਦੀ ਨਿਵੇਕਲੀ ਸ਼ਨਾਖ਼ਤ ਨਾਲ ਇੱਕ ਮਿੱਕ ਹੈ । ਕਿਸਾਨ ਆਗੂਆਂ ਦੀ ਹੋਰ ਕੋਈ ਵੀ ਸ਼ਨਾਖ਼ਤ ਇਸ ਵਾਰਤਾਲਾਪ ਦੌਰਾਨ ਹਵਾਲੇ ਦਾ ਨੁਕਤਾ ਨਹੀਂ ਹੈ। 

ਪ੍ਰਧਾਨ ਮੰਤਰੀ ਪਾਰਲੀਮੈਂਟ  'ਚ ਕਹਿ ਰਹੇ ਹਨ ਕਿ  ਖੇਤੀਬਾੜੀ ਮੰਤਰੀ ਦਾ ਦਫ਼ਤਰ ਕਿਸਾਨ ਜਥੇਬੰਦੀਆਂ ਤੋਂ ਇਕ ਫੋਨ ਕਾਲ ਦੀ ਦੂਰੀ 'ਤੇ ਹੈ ।ਜੇ  ਪ੍ਰਧਾਨ ਮੰਤਰੀ ਦੀ ਗੱਲ  ਨੂੰ ਸ਼੍ਰੀ ਗਰੇਵਾਲ ਦੇ ਫਤਵਿਆਂ  ਨਾਲ ਮੇਲਕੇ ਵੇਖਣਾ ਹੋਵੇ ਤਾਂ ਗੱਲ ਇਹੋ ਬਣਦੀ ਹੈ ਕਿਅੱਤਵਾਦੀ','ਵੱਖਵਾਦੀ','ਖਾਲਸਤਾਨੀ','ਨਕਸਲੀ', 'ਪਾਕਿਸਤਾਨੀ-ਚੀਨੀ ਏਜੰਟ'  ਅਤੇ 'ਦੇਸ਼ ਧਰੋਹੀ'  ਖੇਤੀ ਮੰਤਰੀ ਤੋਂ ਸਿਰਫ਼ ਇੱਕ ਫੋਨ ਕਾਲ ਦੀ ਦੂਰੀ ਤੇ ਹਨ! 

ਤਾਂ ਵੀ ਸ਼੍ਰੀ ਗਰੇਵਾਲ ਆਪਣੇ ਫਤਵਿਆਂ ਦੇ ਗੁਬਾਰੇ ਦੇ ਇਉਂ   ਪੈਂਚਰ ਹੋ ਜਾਣ  'ਤੇ ਨਿੰਮੋਝੂਣ ਨਹੀਂ ਹੋਣਗੇ। ਸ਼੍ਰੀਮਾਨ "ਸੈਨਾਪਤੀ" ਦੇ "ਸੈਨਿਕ" ਜੋ ਹੋਏ!

*ਜਸਪਾਲ ਜੱਸੀ
ਓੁਹ  ਲਗਾਤਾਰ  ਕਿਸਾਨ ਆਗੂਆਂ ਦੀਆਂ ਵੱਖਰੀਆਂ ਸ਼ਨਾਖਤਾਂ 'ਖੋਜਣ' ਅਤੇ ਇਨ੍ਹਾਂ ਨੂੰ ਮਨ ਚਾਹੇ ਰੰਗਾਂ 'ਚ ਰੰਗ ਕੇ ਲਹਿਰਾਉਣ 'ਚ ਰੁੱਝੇ  ਹੋਏ ਹਨ । ਉਨ੍ਹਾਂ ਦੀ 'ਖੋਜ' ਕਹਿੰਦੀ ਆ ਰਹੀ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਕਿਸੇ "ਨਾਗ਼ੀ ਰੈਡੀ " ਦਾ ਆਦਮੀ ਹੈ ;ਕਿ ਇਹ ਯੂਨੀਅਨ "ਸੀਪੀਆਈ ਐਮ ਐਲ ਨਾਗੀਰੈਡੀ ਗਰੁੱਪ" ਦੀ ਬ੍ਰਾਂਚ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਸਾਵੇਂ ਇਲਾਕੇ 'ਚੋਂ ਹੋਣ ਕਰਕੇ ਉਹ ਸ੍ਰੀ ਉਗਰਾਹਾਂ ਅਤੇ ਉਨ੍ਹਾਂ ਦੀ ਯੂਨੀਅਨ ਬਾਰੇ ਸਭ ਕੁਝ ਬਹੁਤ ਨੇੜਿਓਂ ਜਾਣਦੇ ਹਨ।  ਇਉਂ ਸ਼੍ਰੀ ਗਰੇਵਾਲ ਆਪਣੀ ਜਾਚੇ ਇਕ ਭੇਤ ਭਰਿਆ ਤੀਰ ਛੱਡਦੇ ਹਨ।  ਉਹ ਇਹ ਭਰਮ ਪਾਲਦੇ ਹਨ ਕਿ ਅੰਦੋਲਨਕਾਰੀ ਅਤੇ ਓੁਹਨਾਂ ਦੇ ਸਮਰਥਕ ਇਹ ਸੋਚ ਕੇ ਡਰ ਜਾਣਗੇ ਕਿਉਹ  ਅਣਜਾਣੇ ਹੀ   ਕਿਸੇ ਖ਼ਤਰਨਾਕ "ਸ਼ੈਅ"  ਦੇ ਜਾਲ  'ਚ ਫਸ ਗਏ ਹਨ  ਜੋ  ਕਦੇ ਵੀ ਘਾਤਕ ਸਾਬਤ ਹੋ ਸਕਦੀ ਹੈ  ।

ਸ੍ਰੀ  ਗਰੇਵਾਲ ਦੀਆਂ ਗੱਲਾਂ ਸੁਣ ਕੇ ਕਿਸਾਨਾਂ ਦੇ ਕੰਨ ਹਸਣੋਂ ਨਹੀਂ ਰਹਿ ਸਕਦੇ । ਓੁਹ ਚੰਗੀ ਤਰਾਂ ਜਾਣਦੇ ਹਨ ਕਿ  ਬੀ ਕੇ ਯੂ ਏਕਤਾ ਓੁਗਰਾਹਾਂ ਇਕ ਗੈਰ ਪਾਰਟੀ ਕਿਸਾਨ ਪਲੇਟਫਾਰਮ ਹੈ। ਇਸਦਾ ਆਪਣਾ ਸੰਵਿਧਾਨ, ਮੰਗ ਪੱਤਰ ਅਤੇ ਨੀਤੀਆਂ ਹਨ। ਇਹਨਾਂ ਦੇ ਚੌਖਟੇ 'ਚ ਰਹਿਕੇ ਵਿਚਰਨਾ ਇਸਦੇ ਮੈਂਬਰ ਹੋਣ ਦੀ ਲਾਜ਼ਮੀ ਸ਼ਰਤ ਹੈ। ਨਿੱਜੀ ਤੌਰ  'ਤੇ ਕਿਸੇ ਨੂੰ ਕਿਸੇ ਸਿਆਸੀ ਪਾਰਟੀ ਜਾਂ ਪਲੇਟਫਾਰਮ ਦਾ ਸਮਰਥਕ ਹੋਣ ਦੀ ਮਨਾਹੀ  ਨਹੀਂ  ਹੈ। ਪਰ ਕੋਈ ਵੀ  ਆਪਣੀ ਪਾਰਟੀ ਸ਼ਨਾਖ਼ਤ ਨੂੰ ਇਸ ਜਥੇਬੰਦੀ ਦੇ ਮੰਚਾਂ ਤੋਂ   ਪਰਦਰਸ਼ਤ ਨਹੀੰ  ਕਰ ਸਕਦਾ । ਕੋਈ  ਸਿਆਸੀ ਪਾਰਟੀ ਆਪਣੇ  ਪਾਰਟੀ ਪ੍ਚਾਰ ਲਈ ਇਸ ਕਿਸਾਨ ਪਲੇਟਫਾਰਮ ਦੀ ਵਰਤੋਂ ਨਹੀਂ ਕਰ ਸਕਦੀ  । ਕਿਸੇ ਪਾਰਟੀ ਨੂੰ ਵੋਟ ਪਾਓੁਣਾ ਜਾਂ ਨਾ ਪਾਓੁਣਾ ਇਸ ਦੇ ਮੈਂਬਰਾਂ ਦਾ ਨਿੱਜੀ ਫ਼ੈਸਲਾ ਹੁੰਦਾ ਹੈ।  ਬੀ ਜੇ ਪੀ ਨਾਲ ਜੁੜੇ ਕਿਸਾਨ ਪਲੇਟਫਾਰਮਾਂ ਦੇ ਓੁਲਟ ਇਹ ਕਿਸੇ ਸਿਆਸੀ ਪਾਰਟੀ ਦੀ ਫਰੰਟ ਜਥੇਬੰਦੀ ਨਹੀਂ ਹੈ। ਇਸ ਕਰਕੇ ਸ਼੍ਰੀ ਜੋਗਿੰਦਰ ਸਿੰਘ ਓੁਗਰਾਹਾਂ ਜਾਂ ਕਿਸੇ ਹੋਰ ਆਗੂ ਦੇ ਕਿਸੇ ਸਿਆਸੀ  ਪਾਰਟੀ ਬਾਰੇ  ਨਿੱਜੀ ਵਿਚਾਰ ਆਪਣੇ ਆਪ 'ਚ ਕਿਸਾਨ ਜਥੇਬੰਦੀ ਦੇ ਗੌਰ ਫਿਕਰ  ਦਾ ਮਾਮਲਾ ਨਹੀਂ ਬਣਦੇ। ਬੀ ਕੇ ਯੂ ਦੇ ਆਗੂ ਵਜੋਂ  ਕਿਸੇ ਵੀ ਬੁਲਾਰੇ ਲਈ ਇਹ ਜ਼ਰੂਰੀ ਹੈ ਕਿ ਓੁਹ  ਕਿਸੇ ਮੁੱਦੇ 'ਤੇ ਕਿਸੇ ਵੀ ਸਿਆਸੀ ਪਾਰਟੀ ਦੇ ਰੋਲ ਬਾਰੇ ਗੱਲ ਕਰਦਿਆਂ ਕਿਸਾਨ ਜਥੇਬੰਦੀ ਦੇ ਫੈਸਲਿਆਂ ਦੀ ਨੁਮਾਇੰਦਗੀ ਕਰੇ। ਨਾ ਇਨ੍ਹਾਂ ਦੇ ਚੌਖਟੇ ਤੋਂ ਬਾਹਰ ਜਾਵੇ, ਨਾ ਹੀ ਇਹਨਾਂ ਨਾਲ ਟਕਰਾਵੇਂ ਕਿਸੇ ਵੀ ਸਿਆਸੀ ਪਾਰਟੀ ਦੇ ਵਿਚਾਰਾਂ ਨੂੰ ਕਿਸਾਨ ਪਲੇਟਫਾਰਮ ਤੋਂ ਪੇਸ਼ ਕਰੇ  ।ਬੀ ਕੇ ਯੂ ਓੁਗਰਾਹਾਂ ਦੀ  ਇਹ ਨੀਤੀ ਵੀ ਜਾਣੀ ਪਛਾਣੀ ਹੈ ਕਿ ਕਿਸਾਨ ਸੰਘਰਸ਼ਾਂ ਦਾ ਸੰਚਾਲਨ ਕਿਸਾਨ ਜਥੇਬੰਦੀਆ਼ ਦੇ ਹੱਥ ਰਹੇ।ਕਿਸਾਨਾ ਦੀ ਸਮੂਹਕ ਰਜ਼ਾ ਦਾ ਪਾਲਣ ਹੋਵੇ। ਕਿਸੇ ਵੀ ਪਾਰਟੀ ਲਈ ਕਿਸਾਨ ਸੰਘਰਸ਼ਾਂ 'ਤੇ ਆਪਣੀ ਰਜ਼ਾ ਠੋਸਣ ਦੀ ਗੁੰਜਾਇਸ਼ ਨਾ ਹੋਵੇ। ਕਿਸਾਨ ਪਲੇਟਫਾਰਮ ਸਿਆਸੀ ਪਾਰਟੀਆਂ ਦੇ ਸ਼ਰੀਕਾ ਭੇੜ ਦਾ ਅਖਾੜਾ ਨਾ ਬਣਨ਼ ਦਿੱਤੇ ਜਾਣ । ਇਸ ਗੱਲ ਦੀ ਯਕੀਨੀਂ ਪੇਸ਼ਬੰਦੀ ਵਜੋਂ ਕਿਸਾਨ ਜਥੇਬੰਦੀ ਦੇ ਆਪਣੇ ਮੰਚ ਨੁੰ ਕਿਸੇ ਵੀ ਸਿਆਸੀ ਪਾਰਟੀ ਨਾਲ ਸਾਂਝਾ ਨਾ ਕੀਤਾ ਜਾਵੇ। ਸਿਆਸੀ ਪਾਰਟੀਆਂ ਕਿਸਾਨ ਸੰਘਰਸ਼ਾਂ ਦਾ ਸਮਰਥਨ ਆਪਣੇ ਵੱਖਰੇ ਮੰਚਾਂ  ਤੋਂ ਕਰਨ।


ਪਿਛਲੇ ਸਮੇਂ 'ਚ ਕਿਸਾਨ ਸੰਘਰਸ਼ਾਂ ਅੰਦਰ ਇਸ ਨੀਤੀ ਦੀ ਸਾਰਥਕਤਾ ਦੇ ਅਹਿਸਾਸ ਦਾ ਹੋਰ ਪਸਾਰਾ ਹੋਇਆ ਹੈ। ਇਸਦਾ ਸੰਕੇਤ ਮੌਜੂਦਾ ਕਿਸਾਨ ਸੰਘਰਸ਼ ਦੇ ਸਾਂਝੇ ਪਲੇਟਫਾਰਮਾਂ ਵੱਲੋਂ ਕੀਤੇ ਫੈਸਲਿਆਂ ਤੋਂ ਮਿਲਦਾ ਹੈ। ਨਾ ਸੰਯੁਕਤ  ਕਿਸਾਨ ਮੋਰਚਾ ਅਤੇ ਨਾ ਹੀ ਬੱਤੀ ਕਿਸਾਨ ਜਥੇਬੰਦੀਆਂ ਦਾ ਪਲੇਟਫਾਰਮ  ਸਿਆਸੀ  ਪਾਰਟੀਆਂ ਦੇ ਨੁਮਾਇੰਦਿਆਂ ਨੂੰ ਆਪਣੇ ਮੰਚ ਤੋਂ ਬੋਲਣ ਦੀ ਇਜਾਜ਼ਤ ਦੇ ਰਹੇ ਹਨ  ।

ਇਹ ਗੱਲ ਕਾਫੀ ਦਿਲਚਸਪ ਹੈ ਕਿ ਬੀ ਕੇ ਯੂ ਏਕਤਾ ਉਗਰਾਹਾਂ ਦੇ ਸਮੁੱਚੇ ਇਤਹਾਸ ਦੌਰਾਨ ਅੱਜ ਤਕ ਕਿਸੇ ਨੇ "ਨਾਗੀਰੈਡੀ ਗਰੁੱਪ" ਜਾਂ ਉਨ੍ਹਾਂ ਦੇ ਨਾਂ 'ਤੇ ਬਣੇ ਕਿਸੇ ਪਲੇਟਫਾਰਮ ਦਾ ਬੁਲਾਰਾ  ਇਸ ਦੀ ਸਟੇਜ ਤੋਂ ਬੋਲਦਾ ਨਹੀਂ ਸੁਣਿਆ। ਨਾਗੀ  ਰੈਡੀ  ਨਾਲ ਸਬੰਧਤ  ਟਰੱਸਟ ਅਤੇ ਹੋਰ ਪਲੇਟਫਾਰਮ ਬਣੇ ਹੋਏ ਹਨ। ਉਨ੍ਹਾਂ ਦੀ ਬਰਸੀ 'ਤੇ ਪਬਲਿਕ ਇਕੱਠ ਹੁੰਦੇ ਹਨ ਅਤੇ ਸ਼ਰਧਾਂਜਲੀਆਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੀਆਂ ਲਿਖਤਾਂ ਛਪਦੀਆਂ ਅਤੇ ਵੰਡੀਆਂ ਜਾਂਦੀਆਂ ਹਨ। ਉਨ੍ਹਾਂ ਦੀ ਪੁਸਤਕ "ਗਹਿਣੇ ਟਿਕਿਆ ਭਾਰਤ" ਅਤੇ ਹੋਰ ਲਿਖਤਾਂ 'ਤੇ ਸੈਮੀਨਾਰ ਹੁੰਦੇ ਹਨ। ਹੈਦਰਾਬਾਦ ਅਦਾਲਤ  'ਚ ਦਿੱਤੇ ਉਨ੍ਹਾਂ ਦੇ  ਕਈ ਸੌ ਸਫਿਆਂ ਦੇ ਮਸ਼ਹੂਰ ਬਿਆਨ  ਦੀ ਅਖ਼ਬਾਰਾਂ ਰਸਾਲਿਆਂ 'ਚ ਚਰਚਾ ਹੁੰਦੀ ਹੈ ਅਤੇ ਇਸ ਦੇ ਹਵਾਲੇ ਦਿੱਤੇ ਜਾਂਦੇ ਹਨ। ਪਰ ਬੀ ਕੇ ਯੂ ਉਗਰਾਹਾਂ ਦੇ ਪਲੇਟਫਾਰਮ ਤੋਂ ਕਦੇ ਵੀ ਅਜਿਹੀ ਕੋਈ ਗੱਲ ਨਹੀਂ ਹੋਈ।  ਫੇਰ ਬੀ ਕੇ ਯੂ ਉਗਰਾਹਾਂ "ਸੀਪੀਆਈ ਐਮਐਲ ਨਾਗੀਰੈਡੀ ਗਰੁੱਪ" ਕਿਵੇਂ ਹੋਈ, ਜਿਵੇਂ ਕਿ ਸ਼੍ਰੀ ਹਰਜੀਤ ਗਰੇਵਾਲ ਦੋਸ਼ ਲਾਉਂਦੇ ਹਨ। 

   ਇਹ ਤਕਨੀਕੀ ਨੁਕਤਾ  ਵੀ ਕੁਝ ਦਿਲਚਸਪ ਹੈ ਕਿ "ਸੀਪੀਆਈ ਐਮਐਲ ਨਾਗੀਰੈਡੀ ਗਰੁੱਪ" ਨਾਂ ਹੇਠ ਕੋਈ ਮਾਰਕਸਵਾਦੀ ਲੈਨਿਨਵਾਦੀ ਪਾਰਟੀ ਕਦੇ ਵੀ ਹੋਂਦ ਵਿੱਚ ਨਹੀਂ ਰਹੀ ਜਦੋਂ ਕਿ   ਸ੍ਰੀ ਗਰੇਵਾਲ ਨੇ  ਯੂ -ਟਿਓੂਬ ਚੈਨਲ 'ਤੇ ਇਹ ਨਾਂ 'ਕੱਲੇ 'ਕੱਲੇ ਸ਼ਬਦ 'ਤੇ ਕਾਫੀ ਜ਼ੋਰ ਦੇ ਕੇ ਬੋਲਿਆ ਹੈ ,ਜਿਵੇਂ ਇਹ ਆਪਣੇ ਆਪ 'ਚ ਹੀ ਕਿਸੇ ਬਹੁਤ ਹੀ ਸੰਗੀਨ ਤੱਥ ਦਾ ਇੰਕਸ਼ਾਫ ਹੋਵੇ !

ਸ੍ਰੀ ਗਰੇਵਾਲ ਦੀ ਅਜਿਹੀ ਹਾਲਤ ਦੋ ਕਾਰਨਾਂ ਕਰਕੇ ਬਣੀ ਹੋਈ ਹੈ। ਇੱਕ ਤਾਂ ਸ਼੍ਰੀ ਨਾਗ਼ੀ ਰੈਡੀ ਦੀ ਸਖ਼ਸ਼ੀਅਤ ਅਤੇ ਜੀਵਨ ਬਾਰੇ  ਜਾਣਕਾਰੀ ਪੱਖੋਂ ਸ਼੍ਰੀ ਹਰਜੀਤ ਗਰੇਵਾਲ ਦੀ ਹਾਲਤ ਕਾਫੀ ਪਤਲੀ ਹੈ। ਦੂਜੇ, ਆਪਣੇ ਪ੍ਰਚਾਰ ਦੌਰਾਨ ਜ਼ਿੰਮੇਵਾਰੀ ਦਾ ਪੱਲਾ ਫੜਨ ਦੀ ਉਨ੍ਹਾਂ ਨੂੰ ਚਿੰਤਾ ਨਹੀਂ ਹੈ। ਇਨ੍ਹਾਂ ਦੋਹਾਂ ਕਾਰਨਾਂ ਕਰਕੇ  ਓੁਹ ਬੀ ਕੇ ਯੂ ਉਗਰਾਹਾਂ ਨੂੰ ਬਦਨਾਮ ਕਰਨ ਦੀ ਜ਼ਿੰਮੇਵਾਰੀ ਬੜੇ ਹੀ ਹਲਕੇ ਢੰਗ ਨਾਲ ਨਿਭਾ ਰਹੇ ਹਨ। ਉਹ ਨਾਗੀ ਰੈਡੀ ਨੂੰ ਕਿਸੇ ਡਾਕੂ ਵਾਂਗ ਪੇਸ਼ ਕਰਦੇ ਹਨ।  ਫੇਰ ਬੀ ਕੇ ਯੂ ਉਗਰਾਹਾਂ ਦਾ ਸੰਬੰਧ ਨਾਗੀ ਰੈਡੀ ਨਾਲ ਜੋੜ ਕੇ ਇਸ ਨੂੰ ਕੋਈ ਅਪਰਾਧੀ ਜਥੇਬੰਦੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ । 

ਨਾਗ਼ੀ ਰੈਡੀ ਦਾ ਸਿਆਸੀ ਜੀਵਨ ਬਰਤਾਨਵੀ ਸਾਮਰਾਜੀਆਂ ਤੋਂ ਆਜ਼ਾਦੀ ਲਈ ਸੰਘਰਸ਼ ਦੇ ਸੰਗਰਾਮੀੇਏਂ ਵਜੋਂ ਸ਼ੁਰੂ ਹੋਇਆ। 1940 'ਚ ਓੁਹਨਾਂ ਵੱਲੋਂ ਦੂਜੀ ਸਾਮਰਾਜੀ ਜੰਗ ਸਬੰਧੀ ਕਿਤਾਬਚਾ "ਜੰਗ ਦੇ ਆਰਥਕ ਪ੍ਰਭਾਵ" ਪਰਕਾਸ਼ਤ ਕੀਤਾ ਗਿਆ।ਇਸ ਬਦਲੇ ਓੁਹਨਾਂ ਨੁੰ ਇੱਕ ਸਾਲ ਦੀ ਸਖਤ ਕੈਦ ਦੀ ਸਜ਼ਾ ਦਿੱਤੀ ਗਈ। ਸਜ਼ਾ ਖਤਮ ਹੋਣ 'ਤੇ ਓੁਹਨਾ ਨੂੰ ਜੇਲ੍ਹ  ਦੇ ਗੇਟ ਤੋਂ ਹੀ ਮੁੜ  ਗਰਿਫਤਾਰ ਕਰ ਲਿਆ ਗਿਆ ਅਤੇ ਡਿਫੈੰਸ ਆਫ ਇੰਡੀਆ ਐਕਟ ਅਧੀਨ ਮੁੜ ਜੇਲ 'ਚ ਡੱਕ ਦਿੱਤਾ ਗਿਆ। ਸੰਨ 1946 'ਚ ਓੁਹ "ਪ੍ਰਕਾਸ਼ਨ ਆਰਡੀਨੈੰਸ" ਤਹਿਤ ਮੁੜ ਗਰਿਫਤਾਰ ਹੋਏ। ਇਸੇ ਦੌਰਾਨ ਉਹਨਾਂ ਨੇ ਜਗੀਰਦਾਰਾਂ ਦੇ ਜ਼ੁਲਮਾਂ ਖਿਲਾਫ ਪੇਂਡੂ ਗਰੀਬਾਂ ਦੇ ਕਿੰਨੇ ਹੀ ਸੰਘਰਸ਼ਾਂ ਦੀ ਅਗਵਾਈ ਕੀਤੀ।ਓੁਹ ਹੈਦਰਾਬਾਦ ਰਿਆਸਤ 'ਚ ਸ਼ੁਰੂ ਹੋਏ  ਮਹਾਨ ਅਤੇ ਇਤਿਹਾਸਕ ਤਿਲੰਗਾਨਾ ਸੰਗਰਾਮ ਦੀਆਂ ਆਗੂ ਸਫਾਂ 'ਚ ਸ਼ਾਮਲ ਸਨ।ਭਾਰਤੀ ਹਕੂਮਤ  ਅਧੀਨ   ਵੀ ਓੁਹਨਾਂ ਨੂੰ ਅੱਧੀ ਦਰਜਨ ਵਾਰ ਜੇਲ੍ਹ   'ਚ ਸੁੱਟਿਆ ਗਿਆ। ਸੰਨ 1969 ''ਚ ਓੁਹਨਾਂ ਨੇ ਅਦਾਲਤ ਸਾਹਮਣੇ ਆਪਣੇ ਬਿਆਨ 'ਚ   ਭਾਵਪੂਰਤ ਟਿੱਪਣੀ ਕੀਤੀ ਕਿ ਉਨ੍ਹਾਂ ਦੀ ਗ੍ਰਿਫਤਾਰੀ ਬਸਤੀਵਾਦੀ ਰਾਜ ਵੇਲੇ ਦੇ ਸੌ ਸਾਲ ਤੋਂ ਵੀ ਵੱਧ ਪੁਰਾਣੇ ਕਾਨੂੰਨ ਤਹਿਤ ਹੋਈ ਹੈ:

‌        "ਇੱਕ ਮਹੱਤਵਪੂਰਨ ਲੱਛਣ ਇਹ ਹੈ ਕਿ 1940 ਵਿੱਚ ਮੇਰੀ ਪਹਿਲੀ ਗਰਿਫਤਾਰੀ ਅਤੇ 1969 'ਚ ਦੁਬਾਰਾ ਗਰਿਫਤਾਰੀ ਸਾਵੇਂ ਕਾਨੂੰਨ , ਇੰਡੀਅਨ ਪੈਨਲ ਕੋਡ ਤਹਿਤ ਹੋਈ ਹੈ, ਜਿਹੜਾ 1860 ਵਿੱਚ ਲਾਗੂ ਕੀਤਾ ਗਿਆ ਸੀ।" ਓੁਹਨਾਂ ਨੇ ਅਦਾਲਤ ਸਾਹਮਣੇੇ ਜ਼ੋਰ ਦਿੱਤਾ ਕਿ ਕਾਨੂੰਨਾਂ ਦੀ   ਇਹ ਲਗਾਤਾਰਤਾ  ਸਮਾਜ ਦੀ ਖੜੋਤ  ਨੂੰ ਜ਼ਾਹਿਰ ਕਰਦੀ ਹੈ। ਇਹ ਉੱਨੀ ਸੌ ਸੰਤਾਲੀ ਦੀ ਤਬਦੀਲੀ ਪਿੱਛੋਂ ਤਰੱਕੀ ਦੇ ਦੌਰ 'ਚ ਪ੍ਰਵੇਸ਼ ਬਾਰੇ ਲੋਕਾਂ ਦੀ ਕਲਪਨਾ ਨਾਲ ਟਕਰਾਉਂਦੀ ਹੈ।  ਲੋਕਾਂ ਦਾ ਵਾਹ ਦੁਬਾਰਾ ਉਨ੍ਹਾਂ ਹੀ ਤਰੀਕਾਂ, ਨਾਵਾਂ , ਹੁਕਮਨਾਮਿਆਂ ਅਤੇ ਸਥਾਪਤੀ ਦੇ ਵਫਾਦਾਰ ਲਠੈਤਾਂ ਨਾਲ ਪੈ ਰਿਹਾ ਹੈ ਜਿਹੜੇ ਲੋਕਾਂ ਦੀ ਕਲਪਨਾ ਦੇ ਸ਼ੀਸ਼ੇ 'ਚ  ਬਹੁਤ ਚਿਰ ਪਹਿਲਾਂ ਮਰ ਖਪ ਗਏ ਸਨ ।

ਕਮਿਊਨਿਸਟ ਲਹਿਰ ਅੰਦਰ ਆਪਣੇ ਸਫ਼ਰ ਦੌਰਾਨ ਤਰਿਮਲਾ ਨਾਗ਼ੀ ਰੈਡੀ  ਪਹਿਲਾਂ ਭਾਰਤੀ ਕਮਿਊਨਿਸਟ ਪਾਰਟੀ ਦੀ ਕੌਮੀ ਅਗਜ਼ੈਕਟਿਵ ਦੇ ਮੈਂਬਰ ਬਣੇ ਅਤੇ ਉਨੀ ਸੌ ਚੌਂਹਠ ਪਿੱਛੋਂ   ਸੀਪੀਐੱਮ ਦੇ ਕੇਂਦਰੀ ਆਗੂਆਂ 'ਚ ਰਹੇ  ।ਮਗਰੋਂ ਓੁਹ  ਆਂਧਰਾ ਪ੍ਰਦੇਸ਼ ਕਮਿਊਨਿਸਟ ਇਨਕਲਾਬੀ ਕਮੇਟੀ (APCCR)  ਅਤੇ ਕਮਿਊਨਿਸਟ ਇਨਕਲਾਬੀ  ਏਕਤਾ ਕੇਂਦਰ ਭਾਰਤ  (ਮ.ਲ) ਦੇ ਆਗੂ ਵਜੋਂ  ਸਰਗਰਮ ਰਹੇ। ਓੁਹ ਕਮਿਓੂਨਿਸਟ ਇਨਕਲਾਬੀਆਂ ਦੀ ਸਰਬ ਹਿੰਦ ਕੋਆਰਡੀਨੇਸ਼ਨ ਕਮੇਟੀ ਅਤੇ ਆਂਧਰਾ ਪ੍ਰਦੇਸ਼ ਕੋਆਰਡੀਨੇਸ਼ਨ ਕਮੇਟੀ ਦਾ ਵੀ ਹਿੱਸਾ  ਰਹੇ।   

ਅਠਾਈ ਜੁਲਾਈ 1976 ਨੂੰ ਆਂਧਰਾ ਪ੍ਰਦੇਸ਼ ਦੇ ਓਸਮਾਨੀਆਂ ਹਸਪਤਾਲ 'ਚ  ਨਾਗ਼ੀ ਰੈਡੀ ਦਾ ਦੇਹਾਂਤ ਹੋਇਆ। ਇਹ ਐਮਰਜੈਂਸੀ ਦੀ ਦਹਿਸ਼ਤ ਦੇ ਦਿਨ ਸਨ ਅਤੇ ਨਾਗ਼ੀ ਰੈਡੀ ਬੀਮਾਰ ਹੋਣ ਵੇਲੇ ਹੋਰ ਕਿੰਨੇ ਹੀ ਸਿਆਸੀ ਲੀਡਰਾਂ ਵਾਂਗ ਅੰਡਰ ਗਰਾਊਂਡ ਸਨ। ਪਰ ਵੱਡੀਆਂ ਭੀੜਾਂ ਉਨ੍ਹਾਂ ਦੇ ਅੰਤਮ ਦਰਸ਼ਨਾਂ ਲਈ ਉਮੜ ਪਈਆਂ। ਤੀਹ ਹਜ਼ਾਰ ਲੋਕਾਂ ਦਾ ਕਾਫਲਾ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਲੈ ਕੇ ਉਨ੍ਹਾਂ ਦੇ ਪਿੰਡ ਤਰਿਮਾਲਾ ਪੁੱਜਿਆ।  ਅਗਸਤ ਉਨੀ ਸੌ ਛਿਅੱਤਰ 'ਚ  ਭਾਰਤ ਦੀ ਸਮੁੱਚੀ ਪਾਰਲੀਮੈਂਟ ਨੇ ਸ਼੍ਰੀ ਨਾਗ਼ੀ ਰੈਡੀ ਨੂੰ ਅਦਬ ਨਾਲ ਸ਼ਰਧਾਂਜਲੀ ਦਿੱਤੀ। ਉਨ੍ਹਾਂ ਦੀ ਵਡਿਆਈ 'ਚ ਵੱਡੇ ਵਿਸ਼ੇਸ਼ਣ ਵਰਤੇ ਗਏ। ਇੱਕ ਸੁਘੜ ਅਤੇ ਪ੍ਰਭਾਵਸ਼ਾਲੀ ਪਾਰਲੀਮੈਂਟੇਰੀਅਨ ਵਜੋਂ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਗਈ ਸੀ। ਪਾਰਲੀਮੈਂਟ ਦਾ ਇਹ ਮਤਾ ਕਿੰਨੇ ਹੀ ਅਖ਼ਬਾਰਾਂ ਰਸਾਲਿਆਂ ਵਿਚ ਪ੍ਰਕਾਸ਼ਤ ਹੋਇਆ। ਅੰਗਰੇਜ਼ੀ ਦੇ ਬਲਿਟਜ਼ ਅਖਬਾਰ ਨੇ ਇਸ ਨੂੰ ਛਾਪਿਆ। ਇਸ ਦਾ ਪੰਜਾਬੀ ਅਨੁਵਾਦ ਪ੍ਰੀਤ ਲੜੀ ਨੇ ਛਾਪਿਆ।

ਫੋਟੋ ਹਿਸਟਰੀ ਵਰਲਡ ਯੂਟਿਯੂਬ ਦੇ ਧੰਨਵਾਦ ਸਹਿਤ 
ਪਰ  ਜਾਪਦਾ ਹੈ ਕਿ  ਭਾਰਤ ਦੀ ਪਾਰਲੀਮੈਂਟ ਦੇ ਇਤਹਾਸ ਬਾਰੇ  ਸ਼੍ਰੀ ਗਰੇਵਾਲ ਦਾ ਗਿਆਨ ਕਾਫ਼ੀ ਸੀਮਤ ਹੈ। ਉਨ੍ਹਾਂ ਨੂੰ ਇਤਹਾਸ ਜਾਣਨ ਜਾਂ ਪਾਰਲੀਮੈਂਟ ਦੇ ਬੋਲਾਂ ਦੀ ਲਾਜ ਰੱਖਣ ਦੀ ਵੀ ਕੋਈ ਚਿੰਤਾ ਨਹੀਂ ਹੈ । ਇਹ "ਸੈਨਾਪਤੀ "ਦੇ "ਸੈਨਿਕ" ਵਜੋਂ ਅਖਤਿਆਰ ਕੀਤੇ ਉਨ੍ਹਾਂ ਦੇ ਰੋਲ ਦੇ ਤਕਾਜ਼ੇ ਨਹੀਂ ਹਨ!

ਤਰਿਮਲਾ ਨਾਗੀਰੈਡੀ 1952 'ਚ ਮਦਰਾਸ  ਅਸੈਂਬਲੀ ਦੇ ਵਿਧਾਇਕ ਅਤੇ ਆਪੋਜ਼ੀਸ਼ਨ ਦੇ ਆਗੂ  ਚੁਣੇ ਗਏ ਸਨ। ਉਨ੍ਹਾਂ  ਨੇ ਜੇਲ੍ਹ 'ਚੋਂ ਚੋਣ ਲੜੀ ਸੀ ਅਤੇ ਸ਼੍ਰੀ ਨੀਲਮ ਸੰਜੀਵਾ ਰੈਡੀ ਨੂੰ ਹਰਾਇਆ ਸੀ ਜੋ ਕਾਫ਼ੀ ਚਿਰ  ਪਿੱਛੋਂ ਭਾਰਤ ਦੇ ਰਾਸ਼ਟਰਪਤੀ ਬਣੇ ਸਨ। ਉਨੀ ਸੌ  ਸਤਵੰਜਾ  ''ਚ ਉਹ ਪਾਰਲੀਮੈਂਟ ਦੇ ਮੈਂਬਰ ਚੁਣੇ ਗਏ। ਸੰਨ 1962 ਅਤੇ 1967 ਦੀਆਂ ਚੋਣਾਂ 'ਚ  ਉਹ ਆਂਧਰਾ ਪ੍ਰਦੇਸ਼ ਅਸੰਬਲੀ ਦੇ ਵਿਧਾਇਕ ਚੁਣੇ ਗਏ। ਨਾਗੀ ਰੈਡੀ ਦੀਆਂ ਚੋਣ ਮੁਹਿੰਮਾਂ ਦੀ ਇਕ ਵਿਸ਼ੇਸ਼ਤਾ ਇਹ ਸੀ ਕਿ ਇਹ ਆਮ ਕਰਕੇ ਜਗੀਰਦਾਰਾਂ ਦੇ ਲੱਠਮਾਰਾਂ ਦੀ ਦਹਿਸ਼ਤੀ ਮੁਹਿੰਮ ਨੂੰ ਸਰ ਕਰਕੇ ਜੇਤੂ ਹੁੰਦੀਆਂ ਰਹੀਆਂ । ਅਸੰਬਲੀਆਂ ਦੇ ਬਾਹਰ ਵੀ ਅਤੇ ਅੰਦਰ ਵੀ ਨਾਗੀਰੈਡੀ  ਨੂੰ ਦੱਬੇ ਕੁਚਲੇ ਮਿਹਨਤਕਸ਼ ਲੋਕਾਂ ਦੇ ਹਿੱਤਾਂ ਦੇ ਨਿਧੜਕ ਬੁਲਾਰੇ ਵਜੋਂ ਜਾਣਿਆ ਗਿਆ। ਵਿਧਾਇਕ ਵਜੋਂ ਆਪਣੇ ਰੋਲ ਦੇ ਆਖ਼ਰੀ ਗੇੜ 'ਚ ਉਨ੍ਹਾਂ ਨੇ ਆਂਧਰਾ ਪ੍ਰਦੇਸ਼ ਅਸੈਂਬਲੀ ਤੋਂ ਅਸਤੀਫ਼ਾ ਦੇ ਦਿੱਤਾ। ਇਸ ਮੌਕੇ ਅਸੰਬਲੀ ਅੰਦਰ  ਆਪਣੀ ਪ੍ਰਭਾਵਸ਼ਾਲੀ  ਤਕਰੀਰ ਦੌਰਾਨ ਉਨ੍ਹਾਂ ਨੇ ਲੋਕਾਂ ਦੀਆਂ ਉਮੀਦਾਂ ਅਤੇ ਪਾਰਲੀਮਾਨੀ ਸੰਸਥਾਵਾਂ ਦੀ ਕਾਰਗੁਜ਼ਾਰੀ 'ਚ ਵੱਡੇ ਪਾੜੇ ਬਾਰੇ ਗੰਭੀਰ ਪ੍ਰਸ਼ਨ ਉਠਾਏ।ਉਨ੍ਹਾਂ ਨੇ ਇਸ ਇਲਜ਼ਾਮ ਦਾ ਵੀ ਜਵਾਬ ਦਿੱਤਾ ਕਿ ਅਜਿਹੇ ਪ੍ਰਸ਼ਨ ਉਠਾਉਣ ਵਾਲੇ ਵਿਚਾਰ "ਸਮੁੰਦਰ ਪਾਰ" ਤੋਂ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੰਸਾਰ ਅੰਦਰ ਵਿਚਾਰਾਂ ਦਾ ਆਦਾਨ ਪ੍ਰਦਾਨ ਤਾਂ ਸੁਭਾਵਿਕ ਗੱਲ ਹੈ। ਅਸਲ ਸਮੱਸਿਆ ਇਹ ਹੈ ਕਿ "ਸਮੁੰਦਰ ਪਾਰ" ਤੋਂ ਹੁਕਮ ਆ ਰਹੇ ਹਨ। ਉਨ੍ਹਾਂ ਨੇ ਮਿਸਾਲ ਦਿੱਤੀ ਕਿ ਕੋਠਾਗੁਡਮ ਚ ਲਾਇਆ ਜਾਣ ਵਾਲਾ ਖਾਦ ਦਾ ਕਾਰਖਾਨਾ ਅਮਰੀਕਾ ਵੱਲੋਂ ਕੀਤੀ ਮਨਾਹੀ ਕਾਰਨ ਰੁਕਿਆ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਕੋਲ ਅਜਿਹਾ ਕਾਰਖਾਨਾ ਲਾਉਣ ਲਈ ਸਭ ਕੁਝ ਹੈ। ਜੇ ਕੋਈ ਵਿਦੇਸ਼ੀ ਹੁਕਮ ਨਹੀਂ ਹਨ ਤਾਂ "ਜਾਓ ਅਤੇ ਕਾਰਖਾਨਾ ਲਾ ਕੇ ਵਿਖਾਓ"। ਉਨ੍ਹਾਂ ਨੇ ਐਲਾਨ ਕੀਤਾ ਕਿ ਉਹ  ਲੋਕਾਂ ਨੂੰ ਆਪਣੀ ਹੋਣੀ ਆਪਣੇ ਹੱਥ ਲੈਣ ਲਈ ਜਾਗਰੂਕ ਅਤੇ ਲਾਮਬੰਦ ਕਰਨ ਦੇ ਬੁਨਿਆਦੀ ਕੰਮ ਲਈ ਅਸੰਬਲੀ 'ਚੋਂ ਅਸਤੀਫ਼ਾ ਦੇ ਕੇ  ਲੋਕਾਂ 'ਚ ਜਾ ਰਹੇ ਹਨ।

  ਕੀ  ਨਾਗ਼ੀ ਰੈਡੀ ਦੀ ਜੀਵਨ ਘਾਲਣਾ ਦੀ ਇਹ ਤਸਵੀਰ ਮੁਲਕ ਦੇ ਕਿਸਾਨਾਂ ਅਤੇ ਲੋਕਾਂ ਲਈ ਡਰਾਵਣੀ ਹੈ ? ਚੰਗੀ ਗੱਲ ਇਹੋ ਹੈ ਕਿ ਸ਼੍ਰੀਮਾਨ "ਸੈਨਾਪਤੀ" ਅਤੇ ਉਨ੍ਹਾਂ ਦੇ "ਸੈਨਿਕ" ਨਾਗ਼ੀ ਰੈਡੀ ਦੇ ਅਕਸ ਨੂੰ ਕਿਸੇ ਨੱਥੂ ਰਾਮ ਗੌਡਸੇ ਦੇ ਬਿੰਬ ਨਾਲ ਰਲ਼-ਗੱਡ  ਕਰਨ ਤੋਂ ਪ੍ਰਹੇਜ਼ ਕਰਨ    ਅਤੇ   ਇਸ ਮਨ ਚਾਹੇ ਅਕਸ   ਨੂੰ ਕਿਸਾਨ ਜਥੇਬੰਦੀਆਂ ਅਤੇ ਕਿਸਾਨ ਆਗੂਆਂ 'ਤੇ ਥੋਪਣ ਦੀ ਜ਼ਿੱਦ ਛੱਡ  ਦੇਣ ਕਿਉਂਕਿ ਅਜਿਹੀ ਜ਼ਿੱਦ ਦੀ ਨਾਕਾਮੀ ਨਿਸਚਿਤ ਹੈ  ।

*ਜਸਪਾਲ ਜੱਸੀ ਖੱਬੇ ਪੱਖੀ ਪਰਚੇ ਸੁਰਖ ਲੀਹ ਦੇ ਮੁੱਖ ਸੰਪਾਦਕ ਵੀ ਹਨ ਅਤੇ ਸਰਗਰਮ ਲੀਡਰ ਵੀ। ਉਹਨਾਂ ਨਾਲ ਮੋਬਾਈਲ ਸੰਪਰਕ ਦਾ ਨੰਬਰ ਹੈ 9463167923