ਪ੍ਧਾਨ ਮੰਤਰੀ ਦੇ "ਸੈਨਿਕਾਂ" ਵੱਲੋਂ ਲਾਏ ਇਸ ਲੇਬਲ ਦਾ ਮੰਤਵ ਅਤੇ ਹੀਜ- ਪਿਆਜ
ਇਹ ਤਸਵੀਰ ਫੇਸਬੁਕ ਤੋਂ ਧੰਨਵਾਦ ਸਹਿਤ |
ਪਿਛਲੇ ਅਰਸੇ 'ਚ ਬੀ ਜੇ ਪੀ ਆਗੂਆਂ ਦੇ ਮਨਾਂ 'ਚ ਪੰਜਾਬ ਅੰਦਰ ਵੱਡੀ ਸਿਆਸੀ ਪੀਂਘ ਪਾ ਲੈਣ ਦੀਆਂ ਉਮੀਦਾਂ ਕੁਤਕੁਤੀਆਂ ਕਰਨ ਲੱਗ ਪਈਆਂ ਸਨ ।ਬੀਜੇਪੀ ਬਾਦਲ ਅਕਾਲੀ ਦਲ ਦੀ ਖੁਰਦੀ ਸਿਆਸੀ ਜ਼ਮੀਨ 'ਤੇ ਆਪਣਾ ਹਲ ਚਲਾਉਣ ਨੂੰ ਫਿਰਦੀ ਸੀ। ਸੂਬਾਈ ਰਾਜ ਭਾਗ ਲਈ ਸਿਆਸੀ ਗੱਠਜੋੜ ਦੀ ਚੌਧਰ ਹਥਿਆਉਣ ਨੂੰ ਫਿਰਦੀ ਸੀ। ਬੀਤੇ 'ਚ ਦੋਹਾਂ ਦੇ ਸਾਂਝੇ ਰਾਜ ਦੀ ਜੋ ਸਿਆਸੀ ਬਦਨਾਮੀ ਹੋਈ, ਉਸ 'ਚੋਂ ਬਹੁਤਾ ਹਿੱਸਾ ਬਾਦਲ ਅਕਾਲੀ ਦਲ ਨੂੰ ਮਿਲਿਆ ਸੀ। ਤਾਂ ਵੀ ਬੀਜੇਪੀ ਲੀਡਰਸ਼ਿਪ ਨੂੰ ਲੱਗ ਰਿਹਾ ਸੀ ਕਿ 'ਰੱਬ' ਜੋ ਕਰਦਾ ਹੈ ਚੰਗਾ ਹੀ ਕਰਦਾ ਹੈ। ਪੰਜਾਬ ਅੰਦਰ "ਮੋਦੀ ਕ੍ਰਿਸ਼ਮੇ" 'ਤੇ ਗੱਠਜੋੜ ਦੀ ਨਿਰਭਰਤਾ ਵਧ ਜਾਣ ਨਾਲ ਬੀਜੇਪੀ ਨੂੰ ਪੰਜਾਬ ਅੰਦਰ ਆਪਣੀ ਸਿਆਸੀ "ਵੇਲ ਵਧਾਉਣ'' ਦਾ ਮੌਕਾ ਮਿਲਦਾ ਜਾਪ ਰਿਹਾ ਸੀ।
ਪਰ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਨੇ ਹਾਲਤ ਬਦਲ ਦਿੱਤੀ। ਕੇਂਦਰ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੋਹਾਂ ਖ਼ਿਲਾਫ਼ ਨਾਅਰੇ ਗੂੰਜਣ ਲੱਗੇ। ਬੀ ਜੇ ਪੀ ਅਤੇ ਅਕਾਲੀ ਦਲ ਦੋਹਾਂ ਦੇ ਆਗੂਆਂ ਦੇ ਘਰਾਂ 'ਤੇ ਕਿਸਾਨ ਸੱਥਾਂ ਜੁੜਨ ਲੱਗੀਆਂ। ਪਿੰਡਾਂ ਵਿੱਚ ਇਨ੍ਹਾਂ ਦੋਹਾਂ ਦੇ ਲੀਡਰਾਂ ਦੀ ਸਿਆਸੀ ਜਵਾਬਦੇਹੀ ਲਈ ਤਿਆਰ ਬਰ ਤਿਆਰ ਰਹਿਣ ਦੇ ਹੋਕੇ ਗੂੰਜਣ ਲੱਗੇ। ਸਵਾਲ ਪੁੱਛਣ ਲਈ ਹਜ਼ਾਰਾਂ ਦੀਆਂ ਭੀੜਾਂ ਜੁੜਨ ਲੱਗੀਆਂ। ਦਹਿ ਹਜ਼ਾਰਾਂ ਦਾ ਕਿਸਾਨ ਕਾਫ਼ਲਾ ਹਫ਼ਤਾ ਭਰ ਬਾਦਲਾਂ ਦਾ ਬਾਰ ਮੱਲ ਕੇ ਬੈਠਾ ਰਿਹਾ। ਹਰਸਿਮਰਤ ਕੌਰ ਨੂੰ ਅਸਤੀਫ਼ਾ ਦੇਣਾ ਪਿਆ ਅਤੇ ਗੱਠਜੋੜ ਦਾ ਤੜਾਕਾ ਪੈ ਗਿਆ।
ਇਨ੍ਹਾਂ ਹਾਲਤਾਂ 'ਚ ਕਿਸਾਨ ਜਨਤਾ ਨੂੰ ਕੀਲਣ ਅਤੇ ਕਾਇਲ ਕਰਨ ਦੀ ਵੱਡੀ ਜ਼ਿੰਮੇਵਾਰੀ ਸ਼੍ਰੀ ਹਰਜੀਤ ਗਰੇਵਾਲ ਅਤੇ ਸ਼੍ਰੀ ਸੁਰਜੀਤ ਜਿਆਣੀ ਦੇ ਹਿੱਸੇ ਆਈ। ਉਹ ਵਿਚੋਲਗਿਰੀ ਦੀ ਪੁਸ਼ਾਕ ਪਹਿਨ ਕੇ ਕੇਂਦਰ ਸਰਕਾਰ ਅਤੇ ਕਿਸਾਨਾਂ ਦਰਮਿਆਨ ਸਮਝੌਤਾ ਕਰਾਉਣ ਲਈ ਮੈਦਾਨ ਵਿਚ ਨਿੱਤਰ ਪਏ। ਇਹ ਵੱਡੇ ਨਿੱਜੀ ਸਿਆਸੀ ਇਨਾਮਾਂ ਵਾਲੀ ਲਲਚਾਵੀਂ ਜ਼ਿੰਮੇਵਾਰੀ ਸੀ। ਇਨ੍ਹਾਂ ਆਗੂਆਂ ਦੇ ਸਿਰ 'ਤੇ ਕਿਸਾਨ ਹੋਣ ਦੀ ਕਲਗੀ ਸਜੀ ਹੋਈ ਸੀ ਅਤੇ ਲਬਾਂ 'ਤੇ ਕਿਸਾਨ ਦਰਦੀ ਹੋਣ ਦਾ ਦਾਅਵਾ ਸੀ।
ਪਰ ਹੋਇਆ ਇਹ ਕਿ ਇਨ੍ਹਾਂ ਆਗੂਆਂ ਨੇ ਜਲਦੀ ਹੀ ਵਿਚੋਲਗਿਰੀ ਦੀ ਪੁਸ਼ਾਕ ਲਾਹ ਕੇ ਕਾਨੂੰਨਾਂ ਦੀ ਵਕਾਲਤ ਲਈ ਗਾਊਨ ਪਹਿਨ ਲਏ। ਕੇਂਦਰ ਸਰਕਾਰ ਦੀਆਂ ਤਜਵੀਜ਼ਾਂ ਨੇ ਕਿਸਾਨਾਂ ਨੂੰ ਸੰਤੁਸ਼ਟ ਨਾ ਕੀਤਾ ਅਤੇ ਦਲੀਲਾਂ ਦੀ ਤੱਕੜੀ ਦਾ ਪੱਲਾ ਹੌਲਾ ਸਾਬਤ ਹੋਇਆ। ਨਾਕਾਮੀ ਨੇ ਬੀ ਜੇ ਪੀ ਆਗੂਆਂ ਦਾ ਪਾਰਾ ਚੜ੍ਹਾ ਦਿੱਤਾ। ਉਨ੍ਹਾਂ ਦਾ ਰੌਂਅ ਜੰਗਜੂ ਹੋ ਗਿਆ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ "ਸੈਨਾਪਤੀ" ਅਤੇ ਖ਼ੁਦ ਨੂੰ "ਸੈਨਿਕ" ਐਲਾਨ ਦਿੱਤਾ। ਸ੍ਰੀ ਹਰਜੀਤ ਗਰੇਵਾਲ ਕਹਿਣ ਲੱਗ ਪਏ ਕਿ ਸੈਨਿਕ ਆਪਣੇ ਸੈਨਾਪਤੀ ਨਾਲ ਹੋਈ ਗੱਲਬਾਤ ਪੱਤਰਕਾਰਾਂ ਨੂੰ ਨਹੀਂ ਦੱਸ ਸਕਦੇ।
ਅਗਲੇ ਨਤੀਜੇ ਕੋਈ ਵੀ ਹੋਣ ਕੇਂਦਰ ਸਰਕਾਰ ਨਾਲ ਗੱਲਬਾਤ ਦੇ ਗਿਆਰਾਂ ਗੇੜਾਂ ਨੇ ਕਿਸਾਨ ਜਨ ਸੰਗਠਨਾਂ ਦੀ ਨਿਵੇਕਲੀ ਜਨਤਕ ਸ਼ਨਾਖ਼ਤ ਸਥਾਪਤ ਕਰ ਦਿੱਤੀ ਹੈ। ਮਜਬੂਰਨ ਹੀ ਸਹੀ, ਕੇਂਦਰ ਸਰਕਾਰ ਉਨ੍ਹਾਂ ਦੀ ਨੁਮਾਇੰਦਾ ਹੈਸੀਅਤ ਨੂੰ ਅਮਲੀ ਮਾਨਤਾ ਦੇ ਚੁੱਕੀ ਹੈ।ਇਹ ਨੁਮਾਇੰਦਾ ਹੈਸੀਅਤ ਜਨਤਕ ਪਲੇਟਫਾਰਮਾਂ ਵਜੋਂ ਉਨ੍ਹਾਂ ਦੀ ਨਿਵੇਕਲੀ ਸ਼ਨਾਖ਼ਤ ਨਾਲ ਇੱਕ ਮਿੱਕ ਹੈ । ਕਿਸਾਨ ਆਗੂਆਂ ਦੀ ਹੋਰ ਕੋਈ ਵੀ ਸ਼ਨਾਖ਼ਤ ਇਸ ਵਾਰਤਾਲਾਪ ਦੌਰਾਨ ਹਵਾਲੇ ਦਾ ਨੁਕਤਾ ਨਹੀਂ ਹੈ।
ਪ੍ਰਧਾਨ ਮੰਤਰੀ ਪਾਰਲੀਮੈਂਟ 'ਚ ਕਹਿ ਰਹੇ ਹਨ ਕਿ ਖੇਤੀਬਾੜੀ ਮੰਤਰੀ ਦਾ ਦਫ਼ਤਰ ਕਿਸਾਨ ਜਥੇਬੰਦੀਆਂ ਤੋਂ ਇਕ ਫੋਨ ਕਾਲ ਦੀ ਦੂਰੀ 'ਤੇ ਹੈ ।ਜੇ ਪ੍ਰਧਾਨ ਮੰਤਰੀ ਦੀ ਗੱਲ ਨੂੰ ਸ਼੍ਰੀ ਗਰੇਵਾਲ ਦੇ ਫਤਵਿਆਂ ਨਾਲ ਮੇਲਕੇ ਵੇਖਣਾ ਹੋਵੇ ਤਾਂ ਗੱਲ ਇਹੋ ਬਣਦੀ ਹੈ ਕਿਅੱਤਵਾਦੀ','ਵੱਖਵਾਦੀ','ਖਾਲਸਤਾਨੀ','ਨਕਸਲੀ', 'ਪਾਕਿਸਤਾਨੀ-ਚੀਨੀ ਏਜੰਟ' ਅਤੇ 'ਦੇਸ਼ ਧਰੋਹੀ' ਖੇਤੀ ਮੰਤਰੀ ਤੋਂ ਸਿਰਫ਼ ਇੱਕ ਫੋਨ ਕਾਲ ਦੀ ਦੂਰੀ ਤੇ ਹਨ!
ਤਾਂ ਵੀ ਸ਼੍ਰੀ ਗਰੇਵਾਲ ਆਪਣੇ ਫਤਵਿਆਂ ਦੇ ਗੁਬਾਰੇ ਦੇ ਇਉਂ ਪੈਂਚਰ ਹੋ ਜਾਣ 'ਤੇ ਨਿੰਮੋਝੂਣ ਨਹੀਂ ਹੋਣਗੇ। ਸ਼੍ਰੀਮਾਨ "ਸੈਨਾਪਤੀ" ਦੇ "ਸੈਨਿਕ" ਜੋ ਹੋਏ!
*ਜਸਪਾਲ ਜੱਸੀ |
ਸ੍ਰੀ ਗਰੇਵਾਲ ਦੀਆਂ ਗੱਲਾਂ ਸੁਣ ਕੇ ਕਿਸਾਨਾਂ ਦੇ ਕੰਨ ਹਸਣੋਂ ਨਹੀਂ ਰਹਿ ਸਕਦੇ । ਓੁਹ ਚੰਗੀ ਤਰਾਂ ਜਾਣਦੇ ਹਨ ਕਿ ਬੀ ਕੇ ਯੂ ਏਕਤਾ ਓੁਗਰਾਹਾਂ ਇਕ ਗੈਰ ਪਾਰਟੀ ਕਿਸਾਨ ਪਲੇਟਫਾਰਮ ਹੈ। ਇਸਦਾ ਆਪਣਾ ਸੰਵਿਧਾਨ, ਮੰਗ ਪੱਤਰ ਅਤੇ ਨੀਤੀਆਂ ਹਨ। ਇਹਨਾਂ ਦੇ ਚੌਖਟੇ 'ਚ ਰਹਿਕੇ ਵਿਚਰਨਾ ਇਸਦੇ ਮੈਂਬਰ ਹੋਣ ਦੀ ਲਾਜ਼ਮੀ ਸ਼ਰਤ ਹੈ। ਨਿੱਜੀ ਤੌਰ 'ਤੇ ਕਿਸੇ ਨੂੰ ਕਿਸੇ ਸਿਆਸੀ ਪਾਰਟੀ ਜਾਂ ਪਲੇਟਫਾਰਮ ਦਾ ਸਮਰਥਕ ਹੋਣ ਦੀ ਮਨਾਹੀ ਨਹੀਂ ਹੈ। ਪਰ ਕੋਈ ਵੀ ਆਪਣੀ ਪਾਰਟੀ ਸ਼ਨਾਖ਼ਤ ਨੂੰ ਇਸ ਜਥੇਬੰਦੀ ਦੇ ਮੰਚਾਂ ਤੋਂ ਪਰਦਰਸ਼ਤ ਨਹੀੰ ਕਰ ਸਕਦਾ । ਕੋਈ ਸਿਆਸੀ ਪਾਰਟੀ ਆਪਣੇ ਪਾਰਟੀ ਪ੍ਚਾਰ ਲਈ ਇਸ ਕਿਸਾਨ ਪਲੇਟਫਾਰਮ ਦੀ ਵਰਤੋਂ ਨਹੀਂ ਕਰ ਸਕਦੀ । ਕਿਸੇ ਪਾਰਟੀ ਨੂੰ ਵੋਟ ਪਾਓੁਣਾ ਜਾਂ ਨਾ ਪਾਓੁਣਾ ਇਸ ਦੇ ਮੈਂਬਰਾਂ ਦਾ ਨਿੱਜੀ ਫ਼ੈਸਲਾ ਹੁੰਦਾ ਹੈ। ਬੀ ਜੇ ਪੀ ਨਾਲ ਜੁੜੇ ਕਿਸਾਨ ਪਲੇਟਫਾਰਮਾਂ ਦੇ ਓੁਲਟ ਇਹ ਕਿਸੇ ਸਿਆਸੀ ਪਾਰਟੀ ਦੀ ਫਰੰਟ ਜਥੇਬੰਦੀ ਨਹੀਂ ਹੈ। ਇਸ ਕਰਕੇ ਸ਼੍ਰੀ ਜੋਗਿੰਦਰ ਸਿੰਘ ਓੁਗਰਾਹਾਂ ਜਾਂ ਕਿਸੇ ਹੋਰ ਆਗੂ ਦੇ ਕਿਸੇ ਸਿਆਸੀ ਪਾਰਟੀ ਬਾਰੇ ਨਿੱਜੀ ਵਿਚਾਰ ਆਪਣੇ ਆਪ 'ਚ ਕਿਸਾਨ ਜਥੇਬੰਦੀ ਦੇ ਗੌਰ ਫਿਕਰ ਦਾ ਮਾਮਲਾ ਨਹੀਂ ਬਣਦੇ। ਬੀ ਕੇ ਯੂ ਦੇ ਆਗੂ ਵਜੋਂ ਕਿਸੇ ਵੀ ਬੁਲਾਰੇ ਲਈ ਇਹ ਜ਼ਰੂਰੀ ਹੈ ਕਿ ਓੁਹ ਕਿਸੇ ਮੁੱਦੇ 'ਤੇ ਕਿਸੇ ਵੀ ਸਿਆਸੀ ਪਾਰਟੀ ਦੇ ਰੋਲ ਬਾਰੇ ਗੱਲ ਕਰਦਿਆਂ ਕਿਸਾਨ ਜਥੇਬੰਦੀ ਦੇ ਫੈਸਲਿਆਂ ਦੀ ਨੁਮਾਇੰਦਗੀ ਕਰੇ। ਨਾ ਇਨ੍ਹਾਂ ਦੇ ਚੌਖਟੇ ਤੋਂ ਬਾਹਰ ਜਾਵੇ, ਨਾ ਹੀ ਇਹਨਾਂ ਨਾਲ ਟਕਰਾਵੇਂ ਕਿਸੇ ਵੀ ਸਿਆਸੀ ਪਾਰਟੀ ਦੇ ਵਿਚਾਰਾਂ ਨੂੰ ਕਿਸਾਨ ਪਲੇਟਫਾਰਮ ਤੋਂ ਪੇਸ਼ ਕਰੇ ।ਬੀ ਕੇ ਯੂ ਓੁਗਰਾਹਾਂ ਦੀ ਇਹ ਨੀਤੀ ਵੀ ਜਾਣੀ ਪਛਾਣੀ ਹੈ ਕਿ ਕਿਸਾਨ ਸੰਘਰਸ਼ਾਂ ਦਾ ਸੰਚਾਲਨ ਕਿਸਾਨ ਜਥੇਬੰਦੀਆ਼ ਦੇ ਹੱਥ ਰਹੇ।ਕਿਸਾਨਾ ਦੀ ਸਮੂਹਕ ਰਜ਼ਾ ਦਾ ਪਾਲਣ ਹੋਵੇ। ਕਿਸੇ ਵੀ ਪਾਰਟੀ ਲਈ ਕਿਸਾਨ ਸੰਘਰਸ਼ਾਂ 'ਤੇ ਆਪਣੀ ਰਜ਼ਾ ਠੋਸਣ ਦੀ ਗੁੰਜਾਇਸ਼ ਨਾ ਹੋਵੇ। ਕਿਸਾਨ ਪਲੇਟਫਾਰਮ ਸਿਆਸੀ ਪਾਰਟੀਆਂ ਦੇ ਸ਼ਰੀਕਾ ਭੇੜ ਦਾ ਅਖਾੜਾ ਨਾ ਬਣਨ਼ ਦਿੱਤੇ ਜਾਣ । ਇਸ ਗੱਲ ਦੀ ਯਕੀਨੀਂ ਪੇਸ਼ਬੰਦੀ ਵਜੋਂ ਕਿਸਾਨ ਜਥੇਬੰਦੀ ਦੇ ਆਪਣੇ ਮੰਚ ਨੁੰ ਕਿਸੇ ਵੀ ਸਿਆਸੀ ਪਾਰਟੀ ਨਾਲ ਸਾਂਝਾ ਨਾ ਕੀਤਾ ਜਾਵੇ। ਸਿਆਸੀ ਪਾਰਟੀਆਂ ਕਿਸਾਨ ਸੰਘਰਸ਼ਾਂ ਦਾ ਸਮਰਥਨ ਆਪਣੇ ਵੱਖਰੇ ਮੰਚਾਂ ਤੋਂ ਕਰਨ।
ਇਹ ਗੱਲ ਕਾਫੀ ਦਿਲਚਸਪ ਹੈ ਕਿ ਬੀ ਕੇ ਯੂ ਏਕਤਾ ਉਗਰਾਹਾਂ ਦੇ ਸਮੁੱਚੇ ਇਤਹਾਸ ਦੌਰਾਨ ਅੱਜ ਤਕ ਕਿਸੇ ਨੇ "ਨਾਗੀਰੈਡੀ ਗਰੁੱਪ" ਜਾਂ ਉਨ੍ਹਾਂ ਦੇ ਨਾਂ 'ਤੇ ਬਣੇ ਕਿਸੇ ਪਲੇਟਫਾਰਮ ਦਾ ਬੁਲਾਰਾ ਇਸ ਦੀ ਸਟੇਜ ਤੋਂ ਬੋਲਦਾ ਨਹੀਂ ਸੁਣਿਆ। ਨਾਗੀ ਰੈਡੀ ਨਾਲ ਸਬੰਧਤ ਟਰੱਸਟ ਅਤੇ ਹੋਰ ਪਲੇਟਫਾਰਮ ਬਣੇ ਹੋਏ ਹਨ। ਉਨ੍ਹਾਂ ਦੀ ਬਰਸੀ 'ਤੇ ਪਬਲਿਕ ਇਕੱਠ ਹੁੰਦੇ ਹਨ ਅਤੇ ਸ਼ਰਧਾਂਜਲੀਆਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੀਆਂ ਲਿਖਤਾਂ ਛਪਦੀਆਂ ਅਤੇ ਵੰਡੀਆਂ ਜਾਂਦੀਆਂ ਹਨ। ਉਨ੍ਹਾਂ ਦੀ ਪੁਸਤਕ "ਗਹਿਣੇ ਟਿਕਿਆ ਭਾਰਤ" ਅਤੇ ਹੋਰ ਲਿਖਤਾਂ 'ਤੇ ਸੈਮੀਨਾਰ ਹੁੰਦੇ ਹਨ। ਹੈਦਰਾਬਾਦ ਅਦਾਲਤ 'ਚ ਦਿੱਤੇ ਉਨ੍ਹਾਂ ਦੇ ਕਈ ਸੌ ਸਫਿਆਂ ਦੇ ਮਸ਼ਹੂਰ ਬਿਆਨ ਦੀ ਅਖ਼ਬਾਰਾਂ ਰਸਾਲਿਆਂ 'ਚ ਚਰਚਾ ਹੁੰਦੀ ਹੈ ਅਤੇ ਇਸ ਦੇ ਹਵਾਲੇ ਦਿੱਤੇ ਜਾਂਦੇ ਹਨ। ਪਰ ਬੀ ਕੇ ਯੂ ਉਗਰਾਹਾਂ ਦੇ ਪਲੇਟਫਾਰਮ ਤੋਂ ਕਦੇ ਵੀ ਅਜਿਹੀ ਕੋਈ ਗੱਲ ਨਹੀਂ ਹੋਈ। ਫੇਰ ਬੀ ਕੇ ਯੂ ਉਗਰਾਹਾਂ "ਸੀਪੀਆਈ ਐਮਐਲ ਨਾਗੀਰੈਡੀ ਗਰੁੱਪ" ਕਿਵੇਂ ਹੋਈ, ਜਿਵੇਂ ਕਿ ਸ਼੍ਰੀ ਹਰਜੀਤ ਗਰੇਵਾਲ ਦੋਸ਼ ਲਾਉਂਦੇ ਹਨ।
ਇਹ ਤਕਨੀਕੀ ਨੁਕਤਾ ਵੀ ਕੁਝ ਦਿਲਚਸਪ ਹੈ ਕਿ "ਸੀਪੀਆਈ ਐਮਐਲ ਨਾਗੀਰੈਡੀ ਗਰੁੱਪ" ਨਾਂ ਹੇਠ ਕੋਈ ਮਾਰਕਸਵਾਦੀ ਲੈਨਿਨਵਾਦੀ ਪਾਰਟੀ ਕਦੇ ਵੀ ਹੋਂਦ ਵਿੱਚ ਨਹੀਂ ਰਹੀ ਜਦੋਂ ਕਿ ਸ੍ਰੀ ਗਰੇਵਾਲ ਨੇ ਯੂ -ਟਿਓੂਬ ਚੈਨਲ 'ਤੇ ਇਹ ਨਾਂ 'ਕੱਲੇ 'ਕੱਲੇ ਸ਼ਬਦ 'ਤੇ ਕਾਫੀ ਜ਼ੋਰ ਦੇ ਕੇ ਬੋਲਿਆ ਹੈ ,ਜਿਵੇਂ ਇਹ ਆਪਣੇ ਆਪ 'ਚ ਹੀ ਕਿਸੇ ਬਹੁਤ ਹੀ ਸੰਗੀਨ ਤੱਥ ਦਾ ਇੰਕਸ਼ਾਫ ਹੋਵੇ !
ਸ੍ਰੀ ਗਰੇਵਾਲ ਦੀ ਅਜਿਹੀ ਹਾਲਤ ਦੋ ਕਾਰਨਾਂ ਕਰਕੇ ਬਣੀ ਹੋਈ ਹੈ। ਇੱਕ ਤਾਂ ਸ਼੍ਰੀ ਨਾਗ਼ੀ ਰੈਡੀ ਦੀ ਸਖ਼ਸ਼ੀਅਤ ਅਤੇ ਜੀਵਨ ਬਾਰੇ ਜਾਣਕਾਰੀ ਪੱਖੋਂ ਸ਼੍ਰੀ ਹਰਜੀਤ ਗਰੇਵਾਲ ਦੀ ਹਾਲਤ ਕਾਫੀ ਪਤਲੀ ਹੈ। ਦੂਜੇ, ਆਪਣੇ ਪ੍ਰਚਾਰ ਦੌਰਾਨ ਜ਼ਿੰਮੇਵਾਰੀ ਦਾ ਪੱਲਾ ਫੜਨ ਦੀ ਉਨ੍ਹਾਂ ਨੂੰ ਚਿੰਤਾ ਨਹੀਂ ਹੈ। ਇਨ੍ਹਾਂ ਦੋਹਾਂ ਕਾਰਨਾਂ ਕਰਕੇ ਓੁਹ ਬੀ ਕੇ ਯੂ ਉਗਰਾਹਾਂ ਨੂੰ ਬਦਨਾਮ ਕਰਨ ਦੀ ਜ਼ਿੰਮੇਵਾਰੀ ਬੜੇ ਹੀ ਹਲਕੇ ਢੰਗ ਨਾਲ ਨਿਭਾ ਰਹੇ ਹਨ। ਉਹ ਨਾਗੀ ਰੈਡੀ ਨੂੰ ਕਿਸੇ ਡਾਕੂ ਵਾਂਗ ਪੇਸ਼ ਕਰਦੇ ਹਨ। ਫੇਰ ਬੀ ਕੇ ਯੂ ਉਗਰਾਹਾਂ ਦਾ ਸੰਬੰਧ ਨਾਗੀ ਰੈਡੀ ਨਾਲ ਜੋੜ ਕੇ ਇਸ ਨੂੰ ਕੋਈ ਅਪਰਾਧੀ ਜਥੇਬੰਦੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ ।
"ਇੱਕ ਮਹੱਤਵਪੂਰਨ ਲੱਛਣ ਇਹ ਹੈ ਕਿ 1940 ਵਿੱਚ ਮੇਰੀ ਪਹਿਲੀ ਗਰਿਫਤਾਰੀ ਅਤੇ 1969 'ਚ ਦੁਬਾਰਾ ਗਰਿਫਤਾਰੀ ਸਾਵੇਂ ਕਾਨੂੰਨ , ਇੰਡੀਅਨ ਪੈਨਲ ਕੋਡ ਤਹਿਤ ਹੋਈ ਹੈ, ਜਿਹੜਾ 1860 ਵਿੱਚ ਲਾਗੂ ਕੀਤਾ ਗਿਆ ਸੀ।" ਓੁਹਨਾਂ ਨੇ ਅਦਾਲਤ ਸਾਹਮਣੇੇ ਜ਼ੋਰ ਦਿੱਤਾ ਕਿ ਕਾਨੂੰਨਾਂ ਦੀ ਇਹ ਲਗਾਤਾਰਤਾ ਸਮਾਜ ਦੀ ਖੜੋਤ ਨੂੰ ਜ਼ਾਹਿਰ ਕਰਦੀ ਹੈ। ਇਹ ਉੱਨੀ ਸੌ ਸੰਤਾਲੀ ਦੀ ਤਬਦੀਲੀ ਪਿੱਛੋਂ ਤਰੱਕੀ ਦੇ ਦੌਰ 'ਚ ਪ੍ਰਵੇਸ਼ ਬਾਰੇ ਲੋਕਾਂ ਦੀ ਕਲਪਨਾ ਨਾਲ ਟਕਰਾਉਂਦੀ ਹੈ। ਲੋਕਾਂ ਦਾ ਵਾਹ ਦੁਬਾਰਾ ਉਨ੍ਹਾਂ ਹੀ ਤਰੀਕਾਂ, ਨਾਵਾਂ , ਹੁਕਮਨਾਮਿਆਂ ਅਤੇ ਸਥਾਪਤੀ ਦੇ ਵਫਾਦਾਰ ਲਠੈਤਾਂ ਨਾਲ ਪੈ ਰਿਹਾ ਹੈ ਜਿਹੜੇ ਲੋਕਾਂ ਦੀ ਕਲਪਨਾ ਦੇ ਸ਼ੀਸ਼ੇ 'ਚ ਬਹੁਤ ਚਿਰ ਪਹਿਲਾਂ ਮਰ ਖਪ ਗਏ ਸਨ ।
ਕਮਿਊਨਿਸਟ ਲਹਿਰ ਅੰਦਰ ਆਪਣੇ ਸਫ਼ਰ ਦੌਰਾਨ ਤਰਿਮਲਾ ਨਾਗ਼ੀ ਰੈਡੀ ਪਹਿਲਾਂ ਭਾਰਤੀ ਕਮਿਊਨਿਸਟ ਪਾਰਟੀ ਦੀ ਕੌਮੀ ਅਗਜ਼ੈਕਟਿਵ ਦੇ ਮੈਂਬਰ ਬਣੇ ਅਤੇ ਉਨੀ ਸੌ ਚੌਂਹਠ ਪਿੱਛੋਂ ਸੀਪੀਐੱਮ ਦੇ ਕੇਂਦਰੀ ਆਗੂਆਂ 'ਚ ਰਹੇ ।ਮਗਰੋਂ ਓੁਹ ਆਂਧਰਾ ਪ੍ਰਦੇਸ਼ ਕਮਿਊਨਿਸਟ ਇਨਕਲਾਬੀ ਕਮੇਟੀ (APCCR) ਅਤੇ ਕਮਿਊਨਿਸਟ ਇਨਕਲਾਬੀ ਏਕਤਾ ਕੇਂਦਰ ਭਾਰਤ (ਮ.ਲ) ਦੇ ਆਗੂ ਵਜੋਂ ਸਰਗਰਮ ਰਹੇ। ਓੁਹ ਕਮਿਓੂਨਿਸਟ ਇਨਕਲਾਬੀਆਂ ਦੀ ਸਰਬ ਹਿੰਦ ਕੋਆਰਡੀਨੇਸ਼ਨ ਕਮੇਟੀ ਅਤੇ ਆਂਧਰਾ ਪ੍ਰਦੇਸ਼ ਕੋਆਰਡੀਨੇਸ਼ਨ ਕਮੇਟੀ ਦਾ ਵੀ ਹਿੱਸਾ ਰਹੇ।
ਅਠਾਈ ਜੁਲਾਈ 1976 ਨੂੰ ਆਂਧਰਾ ਪ੍ਰਦੇਸ਼ ਦੇ ਓਸਮਾਨੀਆਂ ਹਸਪਤਾਲ 'ਚ ਨਾਗ਼ੀ ਰੈਡੀ ਦਾ ਦੇਹਾਂਤ ਹੋਇਆ। ਇਹ ਐਮਰਜੈਂਸੀ ਦੀ ਦਹਿਸ਼ਤ ਦੇ ਦਿਨ ਸਨ ਅਤੇ ਨਾਗ਼ੀ ਰੈਡੀ ਬੀਮਾਰ ਹੋਣ ਵੇਲੇ ਹੋਰ ਕਿੰਨੇ ਹੀ ਸਿਆਸੀ ਲੀਡਰਾਂ ਵਾਂਗ ਅੰਡਰ ਗਰਾਊਂਡ ਸਨ। ਪਰ ਵੱਡੀਆਂ ਭੀੜਾਂ ਉਨ੍ਹਾਂ ਦੇ ਅੰਤਮ ਦਰਸ਼ਨਾਂ ਲਈ ਉਮੜ ਪਈਆਂ। ਤੀਹ ਹਜ਼ਾਰ ਲੋਕਾਂ ਦਾ ਕਾਫਲਾ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਲੈ ਕੇ ਉਨ੍ਹਾਂ ਦੇ ਪਿੰਡ ਤਰਿਮਾਲਾ ਪੁੱਜਿਆ। ਅਗਸਤ ਉਨੀ ਸੌ ਛਿਅੱਤਰ 'ਚ ਭਾਰਤ ਦੀ ਸਮੁੱਚੀ ਪਾਰਲੀਮੈਂਟ ਨੇ ਸ਼੍ਰੀ ਨਾਗ਼ੀ ਰੈਡੀ ਨੂੰ ਅਦਬ ਨਾਲ ਸ਼ਰਧਾਂਜਲੀ ਦਿੱਤੀ। ਉਨ੍ਹਾਂ ਦੀ ਵਡਿਆਈ 'ਚ ਵੱਡੇ ਵਿਸ਼ੇਸ਼ਣ ਵਰਤੇ ਗਏ। ਇੱਕ ਸੁਘੜ ਅਤੇ ਪ੍ਰਭਾਵਸ਼ਾਲੀ ਪਾਰਲੀਮੈਂਟੇਰੀਅਨ ਵਜੋਂ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਗਈ ਸੀ। ਪਾਰਲੀਮੈਂਟ ਦਾ ਇਹ ਮਤਾ ਕਿੰਨੇ ਹੀ ਅਖ਼ਬਾਰਾਂ ਰਸਾਲਿਆਂ ਵਿਚ ਪ੍ਰਕਾਸ਼ਤ ਹੋਇਆ। ਅੰਗਰੇਜ਼ੀ ਦੇ ਬਲਿਟਜ਼ ਅਖਬਾਰ ਨੇ ਇਸ ਨੂੰ ਛਾਪਿਆ। ਇਸ ਦਾ ਪੰਜਾਬੀ ਅਨੁਵਾਦ ਪ੍ਰੀਤ ਲੜੀ ਨੇ ਛਾਪਿਆ।
ਫੋਟੋ ਹਿਸਟਰੀ ਵਰਲਡ ਯੂਟਿਯੂਬ ਦੇ ਧੰਨਵਾਦ ਸਹਿਤ |
ਤਰਿਮਲਾ ਨਾਗੀਰੈਡੀ 1952 'ਚ ਮਦਰਾਸ ਅਸੈਂਬਲੀ ਦੇ ਵਿਧਾਇਕ ਅਤੇ ਆਪੋਜ਼ੀਸ਼ਨ ਦੇ ਆਗੂ ਚੁਣੇ ਗਏ ਸਨ। ਉਨ੍ਹਾਂ ਨੇ ਜੇਲ੍ਹ 'ਚੋਂ ਚੋਣ ਲੜੀ ਸੀ ਅਤੇ ਸ਼੍ਰੀ ਨੀਲਮ ਸੰਜੀਵਾ ਰੈਡੀ ਨੂੰ ਹਰਾਇਆ ਸੀ ਜੋ ਕਾਫ਼ੀ ਚਿਰ ਪਿੱਛੋਂ ਭਾਰਤ ਦੇ ਰਾਸ਼ਟਰਪਤੀ ਬਣੇ ਸਨ। ਉਨੀ ਸੌ ਸਤਵੰਜਾ ''ਚ ਉਹ ਪਾਰਲੀਮੈਂਟ ਦੇ ਮੈਂਬਰ ਚੁਣੇ ਗਏ। ਸੰਨ 1962 ਅਤੇ 1967 ਦੀਆਂ ਚੋਣਾਂ 'ਚ ਉਹ ਆਂਧਰਾ ਪ੍ਰਦੇਸ਼ ਅਸੰਬਲੀ ਦੇ ਵਿਧਾਇਕ ਚੁਣੇ ਗਏ। ਨਾਗੀ ਰੈਡੀ ਦੀਆਂ ਚੋਣ ਮੁਹਿੰਮਾਂ ਦੀ ਇਕ ਵਿਸ਼ੇਸ਼ਤਾ ਇਹ ਸੀ ਕਿ ਇਹ ਆਮ ਕਰਕੇ ਜਗੀਰਦਾਰਾਂ ਦੇ ਲੱਠਮਾਰਾਂ ਦੀ ਦਹਿਸ਼ਤੀ ਮੁਹਿੰਮ ਨੂੰ ਸਰ ਕਰਕੇ ਜੇਤੂ ਹੁੰਦੀਆਂ ਰਹੀਆਂ । ਅਸੰਬਲੀਆਂ ਦੇ ਬਾਹਰ ਵੀ ਅਤੇ ਅੰਦਰ ਵੀ ਨਾਗੀਰੈਡੀ ਨੂੰ ਦੱਬੇ ਕੁਚਲੇ ਮਿਹਨਤਕਸ਼ ਲੋਕਾਂ ਦੇ ਹਿੱਤਾਂ ਦੇ ਨਿਧੜਕ ਬੁਲਾਰੇ ਵਜੋਂ ਜਾਣਿਆ ਗਿਆ। ਵਿਧਾਇਕ ਵਜੋਂ ਆਪਣੇ ਰੋਲ ਦੇ ਆਖ਼ਰੀ ਗੇੜ 'ਚ ਉਨ੍ਹਾਂ ਨੇ ਆਂਧਰਾ ਪ੍ਰਦੇਸ਼ ਅਸੈਂਬਲੀ ਤੋਂ ਅਸਤੀਫ਼ਾ ਦੇ ਦਿੱਤਾ। ਇਸ ਮੌਕੇ ਅਸੰਬਲੀ ਅੰਦਰ ਆਪਣੀ ਪ੍ਰਭਾਵਸ਼ਾਲੀ ਤਕਰੀਰ ਦੌਰਾਨ ਉਨ੍ਹਾਂ ਨੇ ਲੋਕਾਂ ਦੀਆਂ ਉਮੀਦਾਂ ਅਤੇ ਪਾਰਲੀਮਾਨੀ ਸੰਸਥਾਵਾਂ ਦੀ ਕਾਰਗੁਜ਼ਾਰੀ 'ਚ ਵੱਡੇ ਪਾੜੇ ਬਾਰੇ ਗੰਭੀਰ ਪ੍ਰਸ਼ਨ ਉਠਾਏ।ਉਨ੍ਹਾਂ ਨੇ ਇਸ ਇਲਜ਼ਾਮ ਦਾ ਵੀ ਜਵਾਬ ਦਿੱਤਾ ਕਿ ਅਜਿਹੇ ਪ੍ਰਸ਼ਨ ਉਠਾਉਣ ਵਾਲੇ ਵਿਚਾਰ "ਸਮੁੰਦਰ ਪਾਰ" ਤੋਂ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੰਸਾਰ ਅੰਦਰ ਵਿਚਾਰਾਂ ਦਾ ਆਦਾਨ ਪ੍ਰਦਾਨ ਤਾਂ ਸੁਭਾਵਿਕ ਗੱਲ ਹੈ। ਅਸਲ ਸਮੱਸਿਆ ਇਹ ਹੈ ਕਿ "ਸਮੁੰਦਰ ਪਾਰ" ਤੋਂ ਹੁਕਮ ਆ ਰਹੇ ਹਨ। ਉਨ੍ਹਾਂ ਨੇ ਮਿਸਾਲ ਦਿੱਤੀ ਕਿ ਕੋਠਾਗੁਡਮ ਚ ਲਾਇਆ ਜਾਣ ਵਾਲਾ ਖਾਦ ਦਾ ਕਾਰਖਾਨਾ ਅਮਰੀਕਾ ਵੱਲੋਂ ਕੀਤੀ ਮਨਾਹੀ ਕਾਰਨ ਰੁਕਿਆ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਕੋਲ ਅਜਿਹਾ ਕਾਰਖਾਨਾ ਲਾਉਣ ਲਈ ਸਭ ਕੁਝ ਹੈ। ਜੇ ਕੋਈ ਵਿਦੇਸ਼ੀ ਹੁਕਮ ਨਹੀਂ ਹਨ ਤਾਂ "ਜਾਓ ਅਤੇ ਕਾਰਖਾਨਾ ਲਾ ਕੇ ਵਿਖਾਓ"। ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਲੋਕਾਂ ਨੂੰ ਆਪਣੀ ਹੋਣੀ ਆਪਣੇ ਹੱਥ ਲੈਣ ਲਈ ਜਾਗਰੂਕ ਅਤੇ ਲਾਮਬੰਦ ਕਰਨ ਦੇ ਬੁਨਿਆਦੀ ਕੰਮ ਲਈ ਅਸੰਬਲੀ 'ਚੋਂ ਅਸਤੀਫ਼ਾ ਦੇ ਕੇ ਲੋਕਾਂ 'ਚ ਜਾ ਰਹੇ ਹਨ।
ਕੀ ਨਾਗ਼ੀ ਰੈਡੀ ਦੀ ਜੀਵਨ ਘਾਲਣਾ ਦੀ ਇਹ ਤਸਵੀਰ ਮੁਲਕ ਦੇ ਕਿਸਾਨਾਂ ਅਤੇ ਲੋਕਾਂ ਲਈ ਡਰਾਵਣੀ ਹੈ ? ਚੰਗੀ ਗੱਲ ਇਹੋ ਹੈ ਕਿ ਸ਼੍ਰੀਮਾਨ "ਸੈਨਾਪਤੀ" ਅਤੇ ਉਨ੍ਹਾਂ ਦੇ "ਸੈਨਿਕ" ਨਾਗ਼ੀ ਰੈਡੀ ਦੇ ਅਕਸ ਨੂੰ ਕਿਸੇ ਨੱਥੂ ਰਾਮ ਗੌਡਸੇ ਦੇ ਬਿੰਬ ਨਾਲ ਰਲ਼-ਗੱਡ ਕਰਨ ਤੋਂ ਪ੍ਰਹੇਜ਼ ਕਰਨ ਅਤੇ ਇਸ ਮਨ ਚਾਹੇ ਅਕਸ ਨੂੰ ਕਿਸਾਨ ਜਥੇਬੰਦੀਆਂ ਅਤੇ ਕਿਸਾਨ ਆਗੂਆਂ 'ਤੇ ਥੋਪਣ ਦੀ ਜ਼ਿੱਦ ਛੱਡ ਦੇਣ ਕਿਉਂਕਿ ਅਜਿਹੀ ਜ਼ਿੱਦ ਦੀ ਨਾਕਾਮੀ ਨਿਸਚਿਤ ਹੈ ।
*ਜਸਪਾਲ ਜੱਸੀ ਖੱਬੇ ਪੱਖੀ ਪਰਚੇ ਸੁਰਖ ਲੀਹ ਦੇ ਮੁੱਖ ਸੰਪਾਦਕ ਵੀ ਹਨ ਅਤੇ ਸਰਗਰਮ ਲੀਡਰ ਵੀ। ਉਹਨਾਂ ਨਾਲ ਮੋਬਾਈਲ ਸੰਪਰਕ ਦਾ ਨੰਬਰ ਹੈ 9463167923
No comments:
Post a Comment