Wednesday, November 24, 2021

ਮੁਫਤ ਦੀਆਂ ਸੌਗਾਤਾਂ ਦੇਣ ਦੇ ਵਾਅਦੇ ਸੱਤਾ ਦੀ ਠਗੀ ਦਾ ਦੁਹਰਾਓ-ਬੱਖਤਪੁਰਾ

ਲਿਬਰੇਸ਼ਨ ਨੇ ਕੇਜਰੀਵਾਲ, ਕਾਂਗਰਸ ਅਤੇ ਬਾਦਲਾਂ ਨੂੰ ਲੰਮੇ ਹੱਥੀਂ ਲਿਆ 

ਲੁਧਿਆਣਾ//ਬਟਾਲਾ: 24 ਨਵੰਬਰ 2021: (ਨਕਸਲਬਾੜੀ ਬਿਊਰੋ)::

ਪਿਛਲੇ ਸਮਿਆਂ ਦੌਰਾਨ ਸੱਤਾ ਲੋਭੀ ਸਿਆਸੀ ਲੋਕਾਂ ਨੇ ਬਹੁਤ ਸਾਰੇ ਅਜਿਹੇ ਐਲਾਨ ਕੀਤੇ ਹਨ ਜਿਹਨਾਂ ਅਧੀਨ ਲੋਕਾਂ ਨੂੰ ਵੱਖ ਵੱਖ ਤਰ੍ਹਾਂ ਦੇ ਲਾਲਚ ਦੇ ਕੇ ਭਰਮਾਉਣ ਦੇ ਸੁਚੇਤ ਜਤਨ ਹੋਏ ਹਨ। ਇੰਝ ਲੱਗਦਾ ਹੈ ਜਿਵੇਂ ਵੋਟ ਬਦਲੇ ਕੁਝ ਨਾ ਕੁਝ ਦੇਣ ਦੇ ਸ਼ਰਮਨਾਕ ਵਰਤਾਰੇ ਨੂੰ ਨੰਗੇ ਚਿੱਟੇ ਰੂਪ ਵਿੱਚ ਅਪਨਾ ਲਿਆ ਗਿਆ ਹੋਵੇ। 

ਇੱਕ ਦੂਜੇ ਤੋਂ ਵੱਧ ਕੇ ਆਏ ਦਿਨ ਅਜਿਹੇ ਐਲਾਨ ਕੀਤੇ ਜਾਂਦੇ ਹਨ। ਕਦੇ ਮੁਫ਼ਤ ਬਿਜਲੀ, ਕਦੇ ਮੁਫ਼ਤ ਪਾਣੀ, ਕਦੇ ਮੁਫ਼ਤ ਇਲਾਜ, ਕਦੇ ਬੈਂਕਾਂ ਦੇ ਖਾਤਿਆਂ ਵਿੱਚ ਨਗਦ ਨਰਾਇਣ ਵਾਲੇ ਵਾਅਦੇ। ਪਿਛਲੇ ਸਮੇਂ ਦੌਰਾਨ 15-15 ਲਖ ਰੁਪਏ ਦਾ ਵਾਅਦਾ ਵੀ ਅਜਿਹਾ ਹੀ ਐਲਾਨ ਸੀ ਜਿਸ ਨੂੰ ਬਾਅਦ ਵਿੱਚ ਚੁਣਾਵੀ ਜੁਮਲਾ ਆਖ ਕੇ ਹਾਸੇ ਵਿੱਚ ਉਡਾ ਦਿੱਤਾ ਗਿਆ। 

ਜਦ ਜਦ ਵੀ ਚੋਣਾਂ ਦਾ ਮੌਸਮ ਆਉਂਦਾ ਹੈ ਉਦੋਂ ਉਦੋਂ ਅਜਿਹੇ ਵਾਅਦਿਆਂ ਅਤੇ ਐਲਾਨੰਦੀ ਹਨੇਰੀ ਜਿਹੀ ਵਗਣ ਲੱਗ ਪੈਂਦੀ ਹੈ ਲੁੱਟਾਂ, ਖਸੁੱਟਾਂ ਅਤੇ ਸ਼ੋਸ਼ਣ ਨਾਲ ਕੰਗਾਲ ਕੀਤੇ ਵਿਚਾਰ ਬੇਬਸ ਜਿਹੇ ਲੋਕ ਇਹਨਾਂ ਸੱਤਾ ਲੋਭੀ ਵਰਤਾਰਿਆਂ ਦੌਰਾਨ ਅਕਸਰ ਇਉਂ ਕੀਲੇ ਹੁਜੰਦੇ ਹਨ ਜਿਵੇਂ ਪਿਆਸੇ ਨੂੰ ਪਾਣੀ ਦੀ ਬੂੰਦ ਲੱਭ ਗਈ ਹੋਵੇ। ਥੁੜਾਂ ਅਤੇ ਮਜਬੂਰੀਆਂ ਮਾਰੇ ਲੋਕਾਂ ਨੂੰ ਰੋਜ਼ਗਾਰ ਦੇ ਪ੍ਰਬੰਧ ਨਹੀਂ ਕੀਤੇ ਜਾਂਦੇ। ਸਾਡੇ ਕੁਦਰਤੀ ਸਰੋਤਾਂ ਨੂੰ ਲੁੱਟਣ ਵਾਲਿਆਂ ਨਿਜੀ ਕੰਪਨੀਆਂ ਨਾਲ ਸੌਦੇਬਾਜ਼ੀਆਂ ਬੰਦ ਨਹੀਂ ਕੀਤੀਆਂ ਜਾਂਦੀਆਂ। ਲੁੱਟ ਖਸੁੱਟ ਕਰ ਕਰ ਕੇ ਇਕੱਠੇ ਕੀਤੇ ਧੰਨ ਦੇ ਸਮੁੰਦਰਾਂ ਦੀਆਂ ਦੀਆਂ ਕੁਝ ਬੂੰਦਾਂ ਵਿਚਾਰੇ ਪੀੜਿਤ ਲੋਕਾਂ ਦੇ ਮੂੰਹਾਂ ਤੇ ਜ਼ਰੂਰ ਛਿੜਕ ਦਿੱਤੀਆਂ ਜਾਂਦੀਆਂ ਹਨ ਤਾਂਕਿ ਉਹਨਾਂ ਨੂੰ ਆਉਂਦੇ ਪੰਜਾਂ ਸਾਲਾਂ ਦੌਰਾਨ ਫਿਰ ਤੋਂ ਨਚੋੜਿਆ ਜਾ ਸਕੇ। 

ਲੰਮੇ ਸਮੇਂ ਤੋਂ ਜਾਰੀ ਅਜਿਹੇ ਵਰਤਾਰਿਆਂ ਵਿੱਚ ਇਸ ਵਾਰ ਜ਼ਿਆਦਾ ਤੇਜ਼ੀ ਆਈ ਹੈ ਅਤੇ ਇਸ ਤੇਜ਼ੀ ਦਾ ਗੰਭੀਰ ਨੋਟਿਸ ਲਿਆ ਹੈ ਸੀਪੀਆਈ ਐਮ ਐਲ (ਲਿਬਰੇਸ਼ਨ) ਨੇ। ਇਸ ਨਕਸਲੀ ਪਾਰਟੀ ਦੇ ਸੀਨੀਅਰ ਆਗੂ ਗੁਰਮੀਤ ਸਿੰਘ ਬੱਖਤਪੁਰਾ ਹਾਲ ਹੀ ਵਿੱਚ ਸਾਂਝੀ ਤਿਆਰੀ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਲੁਧਿਆਣਾ ਆਏ ਹੋਏ ਸਨ। ਇਹ ਮੀਟਿੰਗ 28 ਨਵੰਬਰ ਨੂੰ ਹੋਣ ਵਾਲੀ ਸਾਂਝੀ ਰੈਲੀ ਦੀ ਸਫਲਤਾ ਲਈ ਬੁਲਾਈ ਗਈ ਸੀ। ਸਮਾਜ ਦੇ ਕਿਰਤੀ ਵਰਗ, ਗਰੀਬ ਵਰਗ ਅਤੇ ਮੱਧ ਵਰਗ ਦਾ ਖੂਨ ਪੀ ਰਹੀ ਮਹਿੰਗਾਈ ਅਤੇ ਹੋਰ ਮਸਲਿਆਂ ਨੂੰ ਲੈ ਕੇ ਵਿਸ਼ਾਲ ਰੈਲੀ ਦਾ ਸੱਦਾ ਚਾਰ ਕੇਂਦਰੀ ਮਜ਼ਦੂਰ ਸੰਗਠਨਾਂ ਨੇ ਦਿੱਤਾ ਹੈ। ਇਹਨਾਂ ਵਿੱਚ ਸੀਪੀਆਈ ਐਮ ਐਲ ਲਿਬਰੇਸ਼ਨ ਨਾਲ ਸਬੰਧਤ ਮਜ਼ਦੂਰ ਜੱਥੇਬੰਦੀ ਆਲ ਇੰਡੀਆ ਸੈਂਟਰਲ ਕਾਉਂਸਿਲ ਆਫ਼ ਟਰੇਡ ਯੂਨੀਅਨਜ਼ ਵੀ ਸ਼ਾਮਲ ਹੈ। 

ਸੀ ਪੀ ਆਈ (ਐਮ ਐਲ) ਲਿਬਰੇਸ਼ਨ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਵੱਖ ਵੱਖ ਹਾਕਮ ਪਾਰਟੀਆਂ ਦੁਆਰਾ ਪੰਜਾਬ ਦੇ ਲੋਕਾਂ ਨਾਲ ਕੀਤੇ ਜਾ ਰਹੇ ਮੁਫਤ ਦੀਆਂ ਸੌਗਾਤਾਂ ਦੇਣ ਦੇ ਵਾਅਦਿਆਂ ਨੂੰ ਸਤਾ ਦੀ ਠਗੀ ਦਾ ਦੁਹਰਾਓ ਦਸਦਿਆਂ ਪਾਰਟੀ ਦੇ ਸੂਬਾ ਸਕਤਰ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਪੰਜਾਬ ਦੇ ਮੁਖ ਮੰਤਰੀ ਵਲੋਂ ਹਰ ਰੋਜ਼ ਨਵੇਂ ਤੋਂ ਨਵਾਂ ਵਾਇਦਾ ਕਰਨ ਤੋਂ ਇਲਾਵਾ ਅਕਾਲੀ ਦਲ ਦੇ ਪਰਧਾਨ ਸੁਖਬੀਰ ਸਿੰਘ ਬਾਦਲ ਨੇ ਕਈ ਤਰ੍ਹਾਂ ਵਾਇਦਿਆ ਸਮੇਤ ਮਾਤਾ ਖੀਵੀ ਜੀ ਰਸੋਈ ਸਕੀਮ ਤਹਿਤ ਨੀਲੇ ਕਾਰਡ ਧਾਰਕ ਪਰਿਵਾਰਾਂ ਦੀ ਔਰਤ ਮੁਖੀ ਨੂੰ ਦੋ ਹਜ਼ਾਰ ਰੁਪਏ ਮਹੀਨਾ ਦੇਣ ਦਾ ਵਾਅਦਾ ਕੀਤਾ ਹੈ ਜਿਸਨੂੰ ਕਾਟ ਕਰਨ ਲਈ ਪੰਜਾਬ ਦੀ ਸਤਾ ਨੂੰ ਹਥਿਆਉਣ ਦੇ ਬੇਹਦ ਲਾਲਚੀ ਨਜਰ ਆ ਰਹੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਹਰ ਬਾਲਗ ਔਰਤ ਦੇ ਅਕਾਉਂਟ ਵਿੱਚ ਇੱਕ ਹਜ਼ਾਰ ਰੁਪਏ ਮਹੀਨਾ ਭੇਜਣ ਦਾ ਵਾਅਦਾ ਕੀਤਾ ਹੈ ਜੋ ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਇਕ ਕਰੋੜ ਔਰਤ ਵੋਟਰਾਂ ਲਈ ਇਹ ਰਕਮ ਬਾਰਾ ਹਜ਼ਾਰ ਕਰੋੜ ਬਣੇਗੀ। 

ਕਾਮਰੇਡ ਬੱਖਤਪੁਰਾ ਨੇ ਹੋਰ ਕਿਹਾ ਕਿ ਆਪਣੇ ਆਪ ਨੂੰ ਆਮ ਲੋਕਾਂ ਦੇ ਅਸਲੀ ਆਮ ਆਗੂ ਦਸਣ ਵਾਲੇ ਕੇਜਰੀਵਾਲ ਸਮੇਤ ਸਮੂਹ ਹਾਕਮ ਪਾਰਟੀਆਂ ਅਤੇ ਉਨ੍ਹਾਂ ਦੇ ਆਗੂ ਪੰਜਾਬ ਦੇ ਲੋਕਾਂ ਦੇ ਰੋਟੀ, ਕਪੜੇ, ਮਕਾਨ,ਸਿਖਿਆ ਅਤੇ ਸੇਹਤ ਆਦਿ ਨਾਲ ਜੁੜੇ ਬੁਨਿਆਦੀ ਮਸਲਿਆਂ ਉਪਰ ਕੋਈ ਠੋਸ ਵਾਇਦਾ ਕਰਨ ਦੀ ਥਾਂ ਲੋਕਾਂ ਦੀਆਂ ਵੋਟਾ ਲੁਟਣ ਦੇ ਜੁਗਾੜ ਲੜਾ ਰਹੇ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਵਡੇਰੇ ਹਿਤਾਂ ਦੀ ਰਾਖੀ ਲਈ ਇਨ੍ਹਾਂ ਹਾਕਮ ਨੂੰ ਦੁਰਕਾਰਿਆ ਜਾਵੇ।