Saturday, November 5, 2022

ਲਿਬਰੇਸ਼ਨ ਵਲੋਂ ਸੂਰੀ ਦੇ ਕਤਲ ਦੀ ਨਿੰਦਾ

Saturday5th November 2022 at 02:49 PM

ਇਹ ਭੜਕਾਊ ਵਾਰਦਾਤਾਂ ਪੰਜਾਬ ਨੂੰ ਬੀਤੇ ਮਾੜੇ ਦੌਰ ਵਿੱਚ ਵਾਪਸ ਲੈਜਾਣ ਦੀ ਸੋਚੀ-ਸਮਝੀ ਸਾਜ਼ਿਸ਼

ਮਾਨਸਾ: 5 ਨਵੰਬਰ 2022: (ਨਕਸਲਬਾੜੀ ਸਕਰੀਨ ਬਿਊਰੋ)::

ਸ਼ਿਵ ਸੈਨਾ ਹਿੰਦੋਸਤਾਨ ਦੇ ਪ੍ਰਮੁੱਖ ਸੁਧੀਰ ਸੂਰੀ ਦਾ ਕਤਲ ਪਿਛਲੇ ਕੁਝ ਅਰਸੇ ਤੋਂ ਪੰਜਾਬ ਵਿੱਚ ਨਫ਼ਰਤ ਭਰੇ ਭਾਸ਼ਣਾਂ ਰਾਹੀਂ ਮਾਹੌਲ ਨੂੰ ਖ਼ਰਾਬ ਕਰਨ ਦੀਆਂ ਯੋਜਨਾਬੱਧ ਕੋਸ਼ਿਸ਼ਾਂ ਦਾ ਨਤੀਜਾ ਹੈ।  ਸੀਪੀਆਈ (ਐਮਐਲ) ਲਿਬਰੇਸ਼ਨ ਇਸ ਕਤਲ ਕਾਂਡ ਦੀ ਸਖ਼ਤ ਨਿੰਦਾ ਕਰਦੀ ਹੈ। ਪਾਰਟੀ ਨੇ ਮੁੱਖ ਮੰਤਰੀ ਭਗਵੰਤ ਮਾਨ-ਜਿੰਨਾਂ ਕੋਲ ਗ੍ਰਹਿ ਮੰਤਰਾਲਾ ਵੀ ਹੈ-ਤੋਂ ਮੰਗ ਕੀਤੀ ਹੈ ਕਿ ਹੋਰਨਾਂ ਸੂਬਿਆਂ 'ਚ ਸਿਆਸੀ ਸਰਗਰਮੀਆਂ ਵਿਚ ਰੁਝੇ ਰਹਿਣ ਦੀ ਬਜਾਏ, ਸਭ ਤੋਂ ਪਹਿਲਾਂ ਉਹ ਪੰਜਾਬ ਦੇ ਮਾਮਲਿਆਂ ਵੱਲ ਧਿਆਨ ਦੇਣ।

ਪਾਰਟੀ ਦਾ ਕਹਿਣਾ ਹੈ ਕਿ ਚਿੰਤਾ ਦੀ ਗੱਲ ਹੈ ਕਿ ਪੰਜਾਬ ਦੀ ‘ਆਪ’ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਮੂਕ ਦਰਸ਼ਕ ਬਣ ਕੇ ਭੜਕਾਊ ਤਾਕਤਾਂ ਨੂੰ ਹੱਲਾਸ਼ੇਰੀ ਦੇ ਰਹੀਆਂ ਹਨ।  ਕਿਉਂਕਿ ਪੰਜਾਬ ਵਿੱਚ ਕੋਈ ਹਿੰਦੂ ਰਾਸ਼ਟਰ ਦੀ ਆਵਾਜ਼ ਉਠਾਵੇ ਜਾਂ ਖਾਲਿਸਤਾਨ ਦੀ, ਦੋਵਾਂ ਦਾ ਸਭ ਤੋਂ ਵੱਧ ਲਾਭ ਫਿਰਕੂ ਫਾਸੀਵਾਦੀ ਸੰਘ-ਬੀਜੇਪੀ ਨੂੰ ਹੀ ਮਿਲਦਾ ਹੈ।

ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਪੰਜਾਬੀਆਂ ਨੂੰ ਸੁਚੇਤ ਕੀਤਾ ਹੈ ਕਿ ਇਹੋ ਜਹੀਆਂ ਵਾਰਦਾਤਾਂ ਪੰਜਾਬ ਨੂੰ ਮੁੜ ਬੀਤੇ ਦੇ ਮਾੜੇ ਦੌਰ ਵਿੱਚ ਵਾਪਸ ਲੈਜਾਣ ਦੀ ਸੋਚੀ-ਸਮਝੀ ਸਾਜ਼ਿਸ਼ ਹਨ।  ਇਸ ਦੇ ਨਾਲ ਹੀ ਪਾਰਟੀ ਨੇ ਪੰਜਾਬੀਆਂ ਨੂੰ ਪੰਜਾਬ ਦੇ ਅਣਸੁਲਝੇ ਸਿਆਸੀ ਮਸਲਿਆਂ ਅਤੇ ਲੋਕਾਂ ਦੇ ਬੁਨਿਆਦੀ ਸਵਾਲਾਂ ਬਾਰੇ ਧਾਰਮਿਕ ਤੇ ਜਾਤੀ ਵਖਰੇਵਿਆ ਤੋਂ ਉਪਰ ਉਠਦਿਆਂ ਇਕਜੁੱਟ ਹੋ ਕੇ ਲੋਕ ਸੰਘਰਸ਼ ਤੇਜ਼ ਕਰਨ ਦਾ ਵੀ ਸੱਦਾ ਦਿੰਦੀ ਹੈ।

ਬਿਆਨ ਵਿਚ ਲਿਬਰੇਸ਼ਨ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਿਛਾਖੜੀ ਤੇ ਫਾਸ਼ੀਵਾਦੀ ਤਾਕਤਾਂ ਦੇ ਮਨਸੂਬਿਆਂ ਨੂੰ ਨਾਕਾਮ ਕਰਨ ਲਈ ਹਰ ਕੀਮਤ 'ਤੇ ਸ਼ਾਂਤੀ ਅਤੇ ਆਪਸੀ ਸਦਭਾਵਨਾ ਦਾ ਮਾਹੌਲ ਬਣਾਈ ਰੱਖਣ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Wednesday, October 19, 2022

ਫਾਸ਼ੀਵਾਦ ਦੇ ਅੱਥਰੇ ਘੋੜੇ ਨੂੰ ਨੱਥ ਪਾਉਣ ਦੀ ਤਿਆਰੀ ਵਿੱਚ ਲਿਬਰੇਸ਼ਨ

ਪੰਜਾਬ ਦੇ ਲੋਕਾਂ ਨੂੰ ਮਿਲ ਸਕਦੀ ਹੈ ਨੇੜ ਭਵਿੱਖ ਦੇ ਸੰਘਰਸ਼ਾਂ ਵਿੱਚ ਅਗਵਾਈ 


ਮੂਧਲ
//ਅੰਮ੍ਰਿਤਸਰ: 19 ਅਕਤੂਬਰ 2022: (ਨਕਸਲਬਾੜੀ ਡੈਸਕ ਬਿਊਰੋ):: 

ਸੀ ਪੀ ਆਈ (ਐਮ ਐਲ) ਲਿਬਰੇਸ਼ਨ ਦਾ ਦੋ ਦਿਨਾਂ ਸੂਬਾਈ ਅਜਲਾਸ ਅੰਮ੍ਰਿਤਸਰ ਦੇ ਮੂਧਲ ਪਿੰਡ ਵਿੱਚ 16 ਅਤੇ 17 ਅਕਤੂਬਰ ਨੂੰ ਉਦੋਂ ਹੋਇਆ ਹੈ ਜਦੋਂ  ਵਿਜੇਵਾੜਾ (ਆਧਰਾ ਪ੍ਰਦੇਸ਼) ਵਿੱਚ ਸੀ ਪੀ ਆਈ ਦਾ 24ਵਾਂ ਕੌਮੀ ਡੈਲੀਗੇਟ ਅਜਲਾਸ ਚੱਲ ਰਿਹਾ ਸੀ।  ਵਿਜੇਵਾੜਾ ਵਿੱਚ ਸੀਪੀਆਈ ਦਾ ਇਹ ਅਜਲਾਸ 18 ਅਕਤੂਬਰ ਨੂੰ ਸਮਾਪਤ ਹੋਇਆ। ਸੀਪੀਆਈ ਦੇ ਕੁਝ ਪੁਰਾਣੇ ਮੈਂਬਰਾਂ ਸਮੇਤ ਨਵੀਂ ਟੀਮ ਅਤੇ ਨਵੇਂ ਜੋਸ਼ ਦੇ ਨਾਲ ਮੋਦੀ ਸਰਕਾਰ ਨੂੰ ਉਖਾੜ ਸੁੱਟਣ ਦੇ ਸੰਕਲਪ ਨਾਲ ਇਹ ਸਮਾਪਨ ਯਾਦਗਾਰੀ ਰਿਹਾ। ਇਸਦੇ ਨਾਲ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵਿਦਿਆਰਥੀ ਚੋਣਾਂ ਦਾ ਪ੍ਰਚਾਰ ਵੀ ਸਿਖਰਾਂ 'ਤੇ ਸੀ। ਇਹ ਵਿਦਿਆਰਥੀ ਚੋਣਾਂ 18 ਅਕਤੂਬਰ ਨੂੰ ਹੋਈਆਂ ਅਤੇ ਇਸ ਵਿੱਚ ਆਮ ਆਦਮੀ ਪਾਰਟੀ ਦੇ ਵਿਦਿਆਰਥੀ ਸੰਗਠਨ ਛਾਤਰ ਯੁਵਾ ਸੰਘਰਸ਼ ਸਮਿਤੀ ਨੇ ਇੱਕ ਤਰ੍ਹਾਂ ਨਾਲ ਹੂੰਝਾ ਫੇਰੂ ਜਿੱਤ ਪ੍ਰਾਪਤ ਕੀਤੀ ਹੈ। ਏ ਬੀ ਵੀ ਪੀ ਨੇ ਵੀ ਆਪਣੀ ਮੌਜੂਦਗੀ ਦਾ ਅਹਿਸਾਸ ਕਰਾਇਆ ਹੈ ਪਰ ਐਨ ਐਸ ਯੂ ਆਈ ਉਹ ਵੀ ਨਹੀਂ ਕਰ ਸਕੀ। ਲਲਕਾਰ ਸਮੇਤ ਖੱਬੀਆਂ ਵਿਦਿਆਰਥੀ ਜੱਥੇਬੰਦੀਆਂ ਇਸ ਚੋਣ ਸੀਨ ਵਿੱਚੋਂ ਇੱਕ ਵਾਰ ਤਾਂ ਲਾਂਭੇ ਹੋ ਗਈਆਂ ਹਨ ਪਰ ਪੀ ਐਸ ਯੂ ਲਲਕਾਰ ਗਰੁੱਪ ਅਤੇ ਐਸ ਐਫ ਐਸ ਆਪਣੀਆਂ ਰਵਾਇਤਾਂ ਮੁਤਾਬਿਕ ਜਲਦੀ ਹੀ ਆਪਣੇ ਐਕਸ਼ਨਾਂ ਨਾਲ ਆਪਣੀ ਮੌਜੂਦਗੀ ਦਾ ਅਹਿਸਾਸ ਕਰਾਉਣਗੀਆਂ। ਇਸੇ ਦੌਰਾਨ ਕਾਂਗਰਸ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਵੀ ਹੋ ਹਟੀ ਹੈ। ਸ਼ਸ਼ੀ ਥਰੂਰ ਇਹ ਚੋਣ ਹਾਰ ਗਏ ਹਨ ਅਤੇ ਮਲਿਕਾਰਜੁਨ ਇਹ ਚੋਣ ਜਿੱਤ ਗਏ ਹਨ। ਕੁਲ ਮਿਲਾ ਕੇ ਹੰਗਾਮਿਆਂ ਭਰਪੂਰ ਸਿਆਸੀ ਦ੍ਰਿਸ਼ ਦੇ ਚੱਲਦਿਆਂ ਸੀਪੀਆਈ (ਐਮ ਐਲ) ਲਿਬਰੇਸ਼ਨ ਬੜੇ ਹੀ ਸੰਤੁਲਤ ਅੰਦਾਜ਼ ਨਾਲ ਆਪਣਾ ਸੂਬਾਈ ਅਜਲਾਸ ਕਰ ਕੇ ਇੱਕ ਤਰ੍ਹਾਂ ਨਾਲ ਆਪਣੇ ਅੱਗੇ ਵਧਣ ਦਾ ਐਲਾਨ ਵੀ ਕਰ ਗਈ ਹੈ। 

ਪੰਜਾਬ ਦੇ ਮੌਜੂਦਾ ਹਾਲਤ ਇੱਕ ਵਾਰ ਫੇਰ ਮੋੜਾ ਲੈ ਰਹੇ ਹਨ। ਬੇਅਦਬੀਆਂ, ਮਹਿੰਗਾਈ, ਬੇਰੋਜ਼ਗਾਰੀ, ਅਮਨ ਕਾਨੂੰਨ ਦੀ ਸਥਿਤੀ ਅਤੇ ਗਰਮ ਭਾਸ਼ਣਾਂ ਦਾ ਮੁੜ ਸ਼ੁਰੂ ਹੋਇਆ ਸਿਲਸਿਲਾ ਕੁਲ ਮਿਲਾ ਕੇ ਅਜਿਹਾ ਮਾਹੌਲ ਬਣ ਰਿਹਾ ਹੈ ਜਿਹੜਾ ਲੋਕ ਪੱਖੀ ਸੈਕੂਲਰ ਤਾਕਤਾਂ ਦੇ ਰਸਤਿਆਂ ਵਿਚ ਮੁਸ਼ਕਲਾਂ ਹੀ ਖੜੀਆਂ ਕਰੇਗਾ। ਇਸਦੇ ਬਾਵਜੂਦ ਲਿਬਰੇਸ਼ਨ ਦਾ ਸੰਕਲਪ ਹਿੰਮਤ ਭਰਿਆ ਕਦਮ ਹੈ। 

ਇਸ ਵੇਲੇ ਜਦੋਂ ਪੰਜਾਬ ਵਿੱਚ ਖੱਬੀ ਸਿਆਸਤ ਲੰਮੇ ਅਰਸੇ ਤੋਂ ਉਤਾਰ ਜਿਹੇ ਤੇ ਹੈ  ਅਤੇ ਲੋਕ ਖੱਬੀਆਂ ਧਿਰਾਂ ਤੋਂ ਪਿਛੇ ਵੀ ਹਟਦੇ ਮਹਿਸੂਸ ਹੋ ਰਹੇ ਹਨ ਉਸ ਵੇਲੇ ਲਿਬਰੇਸ਼ਨ ਦਾ ਅੰਮ੍ਰਿਤਸਰ ਵਿੱਚ ਪੰਜਾਬ ਦਾ ਸੂਬਾਈ ਅਜਲਾਸ ਕਰਨਾ ਚਕਰਵਰਤੀ ਘੋੜਾ ਛੱਡਣ ਤੋਂ ਘੱਟ ਨਹੀਂ। 

ਚੇਤੇ ਰਹੇ ਕਿ ਅੰਮ੍ਰਿਤਸਰ ਉਹੀ ਧਰਤੀ ਹੈ ਜਿਥੇ ਭਗਵਾਨ ਰਾਮ ਦੇ ਸਪੁੱਤਰਾਂ ਲਵ ਅਤੇ ਕੁਸ਼ ਨੇ ਸ਼੍ਰੀ ਰਾਮ ਦਾ ਅਸ਼ਵਮੇਧ ਵਾਲਾ ਘੋੜਾ ਵੀ ਫੜ ਲਿਆ ਸੀ ਅਤੇ ਯੁੱਧ ਵਿੱਚ ਲਛਮਣ ਸਮੇਤ ਬਹੁਤ ਸਾਰੇ ਯੋਧਿਆਂ ਨੂੰ ਜ਼ਖਮੀ ਕਰ ਦਿੱਤਾ ਸੀ। ਹਨੂੰਮਾਨ ਜੀ ਵੀ ਇਥੇ ਉਸ ਯੁੱਧ ਦੌਰਾਮ ਬਣਦੀ ਬਣਾ ਲੈ ਗਏ ਸਨ। ਆਖਿਰ ਭਗਵਾਨ ਰਾਮ ਨੂੰ ਖੁਦ ਯੁੱਧ ਭੂਮੀ ਵਿਚ ਆਉਣਾ ਪਿਆ ਸੀ। ਸ਼ਾਇਦ ਅੰਮ੍ਰਿਤਸਰ ਦੀ ਧਰਤੀ ਵਿੱਚ ਈਨ ਨਾ ਮੰਨਣ ਵਾਲੀ ਨਾਬਰੀ ਦੀ ਸੁਰ ਆਰੰਭ ਤੋਂ ਹੀ ਮੌਜੂਦ ਹੈ। ਅੱਜ ਵੀ ਸਿਆਸੀ ਮੈਦਾਨ ਕੋਈ ਘੱਟ ਗੰਭੀਰ ਨਹੀਂ। ਲਿਬਰੇਸ਼ਨ ਦੇ ਇਸ ਅਜਲਾਸ ਵਿੱਚ ਉਸ ਨਾਬਰੀ ਵਾਲੀ ਸੁਰ ਵੀ ਸਪਸ਼ਟ ਸੁਣਾਈ ਦੇਂਦੀ ਹੈ। ਪੰਜਾਬ ਦੇ ਲੋਕ ਸ਼ਾਇਦ ਚਾਹੁੰਦੇ ਵੀ ਹੀ ਹਨ ਕਿ ਕੋਈ ਤਾਂ ਉੱਠੇ ਜਿਹੜਾ ਸਿਰਫ ਅਸਲ ਮਸਲਿਆਂ ਦੀ ਗੱਲ ਕਰੇ। ਜਾਪਦਾ ਹੈ ਫਾਸ਼ੀਵਾਦ ਦੇ ਅੱਥਰੇ ਘੋੜੇ ਨੂੰ ਇਸੇ ਧਰਤੀ ਤੋਂ ਹੀ ਨੱਥ ਪਾਉਣ ਦਾ ਉਪਰਾਲਾ ਹੋਣਾ ਹੈ ਅਤੇ ਇਸ ਲਈ ਲਿਬਰੇਸ਼ਨ ਦੀ ਟੀਮ ਸਰਗਰਮ ਹੈ। 

ਉਦਘਾਟਨੀ ਸਮਾਗਮ ਦੇ ਭਾਸ਼ਣ ਮੌਕੇ ਕਾਮਰੇਡ ਦਿਪਾਂਕਰ ਭੱਟਾਚਾਰੀਆ ਨੇ ਲੋਕਾਂ ਨੂੰ ਸਾਵਧਾਨ ਕਰਦਿਆਂ ਸਪਸ਼ਟ ਕਿਹਾ ਵੀ ਕਿ ਪੰਜਾਬ ਦੇ ਲੋਕ ਸੂਬੇ ਨੂੰ ਮੂੜ ਫਿਰਕੂ ਧਰੁਵੀਕਰਨ ਤੇ ਟਕਰਾਅ ਵੱਲ ਧੱਕਣ ਦੀਆਂ ਸੰਘ-ਬੀਜੇਪੀ ਦੀ ਸਾਜ਼ਿਸ਼ਾਂ ਤੋਂ ਚੌਕਸ ਹੋਣ। ਇਸ ਤਰ੍ਹਾਂ ਫਿਰਕੂ ਭਾਂਬੜਾਂ ਤੋਂ ਬਚਾਓ ਦੀ ਪਹਿਰੇਦਾਰੀ ਕਰਦਿਆਂ ਸੀਪੀਆਈ (ਐਮ ਐਲ) ਲਿਬਰੇਸ਼ਨ ਦਾ ਚੌਥਾ ਸੂਬਾ ਡੈਲੀਗੇਟ ਇਜਲਾਸ ਸ਼ੁਰੁ ਹੋਇਆ ਸੀ। ਇਹ ਇੱਕ ਯਾਦਗਾਰੀ ਸ਼ੁਰੂਆਤ ਹੈ ਇਸਦਾ ਪਤਾ ਆਉਣ ਵਾਲੇ ਸਮੇਂ ਵਿਚ ਜ਼ਿਆਦਾ ਚੰਗੀ ਤਰ੍ਹਾਂ ਲੱਗ ਸਕੇਗਾ। 

ਪਾਰਟੀ ਦੇ ਬੁਲਾਰਿਆਂ ਨੇ ਵੀ ਚੇਤੇ ਕਰਾਇਆ ਕਿ ਅੰਮ੍ਰਿਤਸਰ ਸਾਹਿਬ ਜਿਥੇ ਜ਼ੁਲਮ ਦੇ ਖਿਲਾਫ ਸਿਰਧੜ ਦੀ ਬਾਜ਼ੀ ਲਾਉਣ ਵਾਲੇ ਸਿੱਖ ਗੁਰੂ ਸਾਹਿਬਾਨਾਂ ਦੇ ਮਹਾਨ ਮਾਨਵੀ ਤੇ ਸਮਾਨਤਾਵਾਦੀ ਵਿਚਾਰਧਾਰਾ ਅਤੇ ਬਾਬਾ ਸੋਹਣ ਸਿੰਘ ਭਕਨਾ ਵਰਗੇ ਇਨਕਲਾਬੀ ਗਦਰੀਆਂ ਦਾ ਕੇਂਦਰ ਹੈ, ਉਥੇ ਇਹ ਬਰਤਾਨਵੀ ਸਾਮਰਾਜ ਖਿਲਾਫ਼ ਲੋਕ ਏਕਤਾ, ਸੰਗਰਾਮ ਤੇ ਕੁਰਬਾਨੀਆਂ ਦਾ ਵੀ ਇਕ ਚਾਨਣ ਮੁਨਾਰਾ ਰਿਹਾ ਹੈ। ਇਸੇ ਮਿਸ਼ਨ ਨੂੰ ਅੱਗੇ ਵਧਾਉਣ ਦਾ ਸੰਕਲਪ ਲੈਣ ਲਈ ਹੀ ਸੀਪੀਆਈ (ਐਮ ਐਲ) ਨੇ ਅਪਣੀ ਚੌਥੀ ਸੂਬਾਈ ਕਾਨਫਰੰਸ ਇਸ ਧਰਤੀ 'ਤੇ ਕਰਨ ਦਾ ਫੈਸਲਾ ਕੀਤਾ ਹੈ-ਇਹ ਗੱਲ ਅੱਜ ਇਥੇ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਦੀਪਾਂਕਰ ਭੱਟਾਚਾਰੀਆ ਨੇ ਅਪਣੇ ਉਦਘਾਟਨੀ ਭਾਸ਼ਨ ਵਿਚ ਕਹੀ। ਇਸ ਗੱਲ ਦਾ ਇਸ ਅਜਲਾਸ ਵਿਚ ਮੌਜੂਦ ਲੋਕਾਂ ਨੇ ਡੂੰਘਾ ਅਸਰ ਕਬੂਲ ਕੀਤਾ ਅਤੇ ਅੰਮ੍ਰਿਤਸਰ ਦੇ ਲੋਕ ਤਾਂ ਕੀਲੇ ਹੀ ਗਏ। 

ਇਸ ਇਤਿਹਾਸਿਕ ਕਾਨਫਰੰਸ ਦੀ ਸ਼ੁਰੂਆਤ ਡਾਕਟਰ ਅਰੀਤ-ਜੋ ਇਥੋਂ ਦੇ ਜੰਮਪਲ ਤੇ ਪੰਜਾਬੀ ਥਿਏਟਰ ਵਿਚ ਇਕ ਮਿਥ ਬਣ ਚੁੱਕੇ ਨਾਟਕਕਾਰ ਤੇ ਚਿੰਤਕ ਗੁਰਸ਼ਰਨ ਸਿੰਘ ਦੀ ਬੇਟੀ ਹਨ-ਵਲੋਂ ਸੰਸਾਰ ਕਮਿਉਨਿਸਟ ਦਾ ਸੂਹਾ ਝੰਡਾ ਲਹਿਰਾਉਣ ਨਾਲ ਹੋਈ। 

ਪਹਿਲੇ ਹੀ ਦਿਨ ਡਾਕਟਰ ਅਰੀਤ ਨੇ ਅਪਣੇ ਸੰਬੋਧਨ ਵਿਚ ਕਿਹਾ ਕਿ ਸਾਡੇ ਇਨਕਲਾਬੀ ਦੇਸ਼ਭਗਤਾਂ ਨੇ ਜਿਸ ਇਨਕਲਾਬ ਦਾ ਸੁਪਨਾ ਲਿਆ ਸੀ, ਉਸ ਵੱਲ ਅੱਗੇ ਵੱਧਣ ਦੀ ਬਜਾਏ ਅੱਜ ਸਾਡਾ ਦੇਸ਼ ਆਰ ਐੱਸ ਐੱਸ-ਬੀਜੇਪੀ ਤੇ ਮੋਦੀ ਸਰਕਾਰ ਵਲੋਂ ਬਣਾਏ ਫਾਸ਼ਿਸ਼ਟ ਚੱਕਰਵਿਊ ਵਿਚ ਫਸ ਗਿਆ ਹੈ। ਪਰ ਇਸ ਬਾਰੇ ਕੋਈ ਖਾਸ ਜ਼ਿਕਰ ਨਾ ਹੋਇਆ ਕਿ ਖੱਬੀਆਂ ਧਿਰਾਂ ਦੀ ਨਿਰੰਤਰ ਸਰਗਰਮੀ ਦੇ ਬਾਵਜੂਦ ਇਸ ਚੱਕਰਵਿਯੂਹ ਨੇ ਲੋਕਾਂ ਨੰ ਆਪਣੇ ਜਾਲ ਵਿਚ ਕਿਵੇਂ ਫਸਾਇਆ? ਇਹ ਸਾਜ਼ਿਸ਼ ਕਾਮਯਾਬ ਕਿਵੇਂ ਹੋਈ? ਅਜਿਹੇ ਸੁਆਲ ਅਜੇ ਵੀ ਬਣੇ ਹੋਏ ਹਨ। ਸਮੁੱਚੀਆਂ ਖੱਬੀਆਂ ਧਿਰਾਂ ਨੂੰ ਇਸ ਬਾਰੇ ਨਿਰਪੱਖ ਅਤੇ ਇਮਾਨਦਾਰ ਪੜਤਾਲ ਕਰਨੀ ਹੀ ਚਾਹੀਦੀ ਹੈ। ਅਜਲਾਸ ਵਿਚ ਡਾਕਟਰ ਅਰੀਤ ਨੇ ਜ਼ੋਰ ਦਿੱਤਾ ਕਿ ਸਾਨੂੰ ਇਕਜੁੱਟ ਹੋ ਕੇ ਬੜੀ ਸਿਆਣਪ ਨਾਲ ਇਸ ਫਿਰਕੂ ਜਾਲ ਨੂੰ ਕੱਟਕੇ ਅੱਗੇ ਵੱਧਣ ਦੀ ਜ਼ਰੂਰਤ ਹੈ।

ਇਸ ਅਜਲਾਸ ਮੌਕੇ ਭਰਾਤਰੀ ਇਕਜੁੱਟਤਾ ਵੀ ਮਜ਼ਬੂਤ ਹੁੰਦੀ ਮਹਿਸੂਸ ਹੋਈ। ਸੀਪੀਆਈ ਦੇ ਸੀਨੀਅਰ ਆਗੂ ਕਾਮਰੇਡ ਭੁਪਿੰਦਰ ਸਿੰਘ ਸਾਂਬਰ ਅਤੇ ਆਰ ਐਮ ਪੀ ਆਈ ਦੇ ਸੂਬਾ ਸਕੱਤਰ ਕਾਮਰੇਡ ਪ੍ਰਗਟ ਸਿੰਘ ਜਾਮਾਰਾਏ ਨੇ ਕਾਨਫਰੰਸ ਦੀ ਸਫਲਤਾ ਲਈ ਲਿਬਰੇਸ਼ਨ ਨੂੰ ਅਪਣੀ ਪਾਰਟੀ ਵਲੋਂ ਸ਼ੁਭ ਇੱਛਾਵਾਂ ਦਿੰਦਿਆਂ ਕਿਹਾ ਕਿ ਅੱਜ ਸੂਬੇ ਤੇ ਦੇਸ਼ ਦੀਆਂ ਤਮਾਮ ਖੱਬੀਆਂ, ਜਮਹੂਰੀ ਧਰਮ ਨਿਰਪੱਖ ਤੇ ਦੇਸ਼ਭਗਤ ਸ਼ਕਤੀਆਂ ਦੇ ਏਕੇ ਤੇ ਸਾਂਝੇ ਸੰਘਰਸ਼ਾਂ ਦੀ ਹੋਰ ਕਿਸੇ ਵੀ ਵਕਤ ਨਾਲੋਂ ਵਧੇਰੇ ਜ਼ਰੂਰਤ ਹੈ। 

ਫੋਕਲੋਰ ਰਿਸਰਚ ਅਕੈਡਮੀ ਦੇ ਮੁੱਖੀ ਰਮੇਸ਼ ਯਾਦਵ ਨੇ ਕਾਨਫਰੰਸ ਦੀ ਸਫਲਤਾ ਲਈ ਕਾਮਨਾ ਕਰਦਿਆਂ ਸਰਹੱਦ ਦੇ ਦੋਵੇਂ ਪਾਸੇ ਵਸਦੇ ਪੰਜਾਬੀਆਂ ਦੀਆਂ ਇੱਛਾਵਾਂ ਮੁਤਾਬਿਕ ਭਾਰਤ ਪਾਕਿਸਤਾਨ ਦਰਮਿਆਨ ਬੇਰੋਕ ਆਉਣ ਜਾਣ ਤੇ ਵਪਾਰ ਦੀ ਖੁੱਲ ਦੇਣ ਦੀ ਮੰਗ ਉਭਾਰੀ, ਤਾਂ ਜੋ ਆਪਸੀ ਟਕਰਾਅ ਦੀ ਬਜਾਏ ਗੁਆਂਢੀਆਂ ਨਾਲ ਮਿੱਤਰਤਾ ਦਾ ਬੇਹਤਰ ਮਾਹੌਲ ਬਣਾਇਆ ਜਾ ਸਕੇ।

ਕਾਨਫਰੰਸ ਦੇ ਖੁੱਲੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਾਮਰੇਡ ਦੀਪਾਂਕਰ ਭੱਟਾਚਾਰੀਆ ਨੇ ਕਿਹਾ ਕਿ ਸੰਸਾਰ ਭਰ ਦੇ ਲੋਕ ਸਾਮਰਾਜੀ ਕਾਰਪੋਰੇਟ ਤੰਤਰ ਨੂੰ ਚੁਣੌਤੀ ਦੇ ਰਹੇ ਹਨ। ਜਿਥੇ ਇਰਾਨ ਦੀਆਂ ਬਹਾਦਰ ਔਰਤਾਂ, ਪਿੱਤਰ ਸਤਾ ਦੇ ਖਿਲਾਫ ਆਜ਼ਾਦੀ ਤੇ ਬਰਾਬਰੀ ਲਈ ਉਥੇ ਦੀ ਕੱਟੜਪੰਥੀ ਹਕੂਮਤ ਨਾਲ ਟੱਕਰ ਲੈ ਰਹੀਆਂ ਹਨ, ਉਥੇ ਦੱਖਣੀ ਅਮਰੀਕੀ ਮਹਾਂਦੀਪ ਵਿਚ ਇਕ ਤੋਂ ਬਾਦ ਦੂਜੇ ਦੇਸ਼ ਦੀ ਜਨਤਾ ਬਦਲ ਵਜੋਂ ਸਮਾਜਵਾਦੀ ਧਾਰਾ ਦੀਆਂ ਪਾਰਟੀਆਂ ਨੂੰ ਸਤਾ ਸੌਂਪ ਰਹੇ ਨੇ। ਪਰ ਇਸ ਦੇ ਉਲਟ ਮੋਦੀ ਸਰਕਾਰ ਭਾਰਤ ਨੂੰ ਬਿਲਕੁਲ ਉਲਟ ਦਿਸ਼ਾ ਵਿਚ ਧੱਕਣਾ ਚਾਹੁੰਦੀ ਹੈ। 

ਦੇਸ਼ ਨੂੰ ਮੰਦਵਾੜੇ 'ਚੋ ਕੱਢਣ ਲਈ ਸੁਰਖਿਆ ਤੇ ਫੌਜੀ ਖਰਚ ਘਟਾਉਣ ਦੀ ਅਤੇ ਇਸ ਪਾਸੇ ਦੇ ਦੇਸ਼ਾਂ ਨਾਲ ਆਪਸੀ ਵਪਾਰ ਤੇ ਸਬੰਧ ਆਸਾਨ ਬਣਾਉਣ ਦੀ ਲੋੜ ਹੈ, ਪਰ ਇਸ ਦੇ ਉਲਟ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅੱਜ ਸਾਰੇ ਗੁਆਂਢੀ ਦੇਸ਼ਾਂ ਨਾਲ ਭਾਰਤ ਦੇ ਸਬੰਧ ਬੇਹੱਦ ਖਰਾਬ ਹੋ ਚੁੱਕੇ ਹਨ। 

ਕਾਮਰੇਡ ਦਿਪਾਂਕਰ ਭੱਟਾਚਾਰਿਆ ਨੇ ਕਿਹਾ ਕਿ ਸਰਕਾਰ ਨੇ ਹੋਰ ਸੰਵਿਧਾਨਕ ਅਦਾਰਿਆਂ ਵਾਂਗ ਨਿਆਂ ਪਾਲਿਕਾ ਨੂੰ ਵੀ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਮਹਾਰਾਸ਼ਟਰ ਹਾਈਕੋਰਟ ਇਕ ਦਿਨ ਪਹਿਲਾਂ ਪੰਜ ਸਾਲ ਤੋਂ ਜੇਲ 'ਚ ਬੰਦ 90% ਅੰਗਹੀਣ ਲੋਕਪੱਖੀ ਬੁੱਧੀਜੀਵੀ ਪ੍ਰੋ. ਜੀਐਨ ਸਾਂਈਬਾਬਾ ਸਮੇਤ ਚਾਰ ਹੋਰਾਂ ਨੂੰ ਨਿਰਦੋਸ਼ ਕਰਾਰ ਦੇ ਕੇ ਰਿਹਾਅ ਕਰਨ ਦੇ ਹੁਕਮ ਦਿੰਦੀ ਹੈ, ਪਰ ਅਗਲੇ ਦਿਨ ਛੁੱਟੀ ਹੋਣ ਦੇ ਬਾਵਜੂਦ ਸਰਕਾਰ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਅਸਧਾਰਨ ਢੰਗ ਨਾਲ ਇਸ ਫੈਸਲੇ ਉਤੇ ਰੋਕ ਲਾ ਦਿੰਦੀ ਹੈ। ਜਦੋਂ ਕਿ 1984 ਦੇ ਸਿੱਖ ਕਤਲੇਆਮ, 2002 ਦੇ ਗੁਜਰਾਤ ਕਤਲੇਆਮ, ਕਸ਼ਮੀਰ 'ਚ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੇ ਅਤੇ ਵੱਖ ਵੱਖ ਸਕੈਂਡਲਾਂ ਰਾਹੀਂ ਲੋਕਾਂ ਦਾ ਅਰਬਾਂ ਰੁਪਏ ਹੜਪਣ ਵਾਲੇ ਸਾਰੇ ਅਪਰਾਧੀ ਮੁਕਤ ਘੁੰਮ ਰਹੇ ਹਨ। ਪਰ ਮਨਰੇਗਾ ਸਕੀਮ ਨੂੰ ਖਤਮ ਕਰਨ, ਛੋਟੇ ਕਰਜਿਆਂ ਦੀ ਵਸੂਲੀ ਲਈ ਗਰੀਬ ਔਰਤਾਂ, ਮਜ਼ਦੂਰਾਂ ਤੇ ਕਿਸਾਨਾਂ ਨੂੰ ਪ੍ਰੇਸ਼ਾਨ ਤੇ ਜ਼ਲੀਲ ਕੀਤਾ ਜਾ ਰਿਹਾ ਹੈ।  ਬਹੁਤ ਸਮਾਂ ਪਹਿਲਾਂ ਅਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਅਨੇਕਾਂ ਸਿਆਸੀ ਕੈਦੀ ਜੇਲਾਂ ਵਿਚ ਸਨ ਰਹੇ ਹਨ, ਪਰ ਨਿਆਂ ਪਾਲਿਕਾ ਜਾਂ ਸਰਕਾਰ ਨੇ ਇਸ ਮੁੱਦੇ 'ਤੇ ਮੁਜਰਮਾਨਾ ਚੁੱਪ ਵੱਟੀ ਹੋਈ ਹੈ। 

ਸੰਘ ਪਰਿਵਾਰ ਨਾਲ ਜੁੜੇ ਸੰਗਠਨ ਘੱਟਗਿਣਤੀਆਂ ਤੇ ਦਲਿਤਾਂ ਕਮਜ਼ੋਰਾਂ ਖਿਲਾਫ ਮਨਮਾਨੀਆਂ ਕਰ ਰਹੇ ਹਨ। ਦੇਸ਼ ਦੇ ਸੰਵਿਧਾਨ, ਸੂਬਿਆਂ ਦੇ ਅਧਿਕਾਰਾਂ ਤੇ ਫੈਡਰਲ ਢਾਂਚੇ ਦੇ ਸੰਕਲਪ ਨੂੰ ਪੈਰਾਂ ਹੇਠ ਦਰੜਿਆ ਜਾ ਰਿਹਾ ਹੈ। ਪਰ 92 ਸੀਟਾਂ ਜਿੱਤ ਕੇ ਪੰਜਾਬ 'ਚ ਸਤਾ ਸਾਂਭਣ ਵਾਲੀ ਆਮ ਆਦਮੀ ਪਾਰਟੀ, ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸਟੈਂਡ ਲੈਣ ਤੋਂ ਵੀ ਅਤੇ ਅਪਣੇ ਚੋਣ ਵਾਲੇ ਪੂਰੇ ਕਰਨ ਤੋਂ ਵੀ ਨਾਕਾਮ ਸਾਬਤ ਹੋ ਰਹੀ ਹੈ। ਸਾਰੇ ਸਰਕਾਰੀ ਦਫ਼ਤਰਾਂ ਵਿਚ ਡਾਕਟਰ ਅੰਬੇਦਕਰ ਦੀ ਤਸਵੀਰ ਲਾਉਣ ਵਾਲੀ ਦਿੱਲੀ ਦੀ ਕੇਜਰੀਵਾਲ ਸਰਕਾਰ ਵੀ ਡਾਕਟਰ ਅੰਬੇਦਕਰ ਦੇ ਵਿਚਾਰਾਂ ਸਬੰਧੀ ਭਾਸ਼ਣ ਦੇਣ ਵਾਲੇ ਅਪਣੇ ਮੰਤਰੀ ਰਜਿੰਦਰ ਗੌਤਮ ਨੂੰ ਅਸਤੀਫਾ ਦੇਣ ਲਈ ਮਜਬੂਰ ਕਰ ਦਿੰਦੀ ਹੈ। 

ਦੂਜੇ ਪਾਸੇ ਬੀਜੇਪੀ ਪੰਜਾਬ ਨੂੰ ਮੁੜ ਫਿਰਕੂ ਧਰੁਵੀਕਰਨ ਤੇ ਹਿੰਸਕ ਟਕਰਾਅ ਵੱਲ ਧੱਕਣ ਲਈ ਬਹੁਪਰਤੀ ਸਾਜ਼ਿਸ਼ਾਂ ਕਰ ਰਹੀ ਹੈ, ਤਾਂ ਜੋ ਉਹ ਇਥੋਂ ਲੋਕ ਸਭਾ ਚੋਣਾਂ ਜਿੱਤ ਸਕੇ, ਇਸ ਬਾਰੇ ਸਮੂਹ ਪੰਜਾਬੀਆਂ ਨੂੰ ਬੜਾ ਸੁਚੇਤ ਰਹਿਣ ਦੀ ਜ਼ਰੂਰਤ ਹੈ।  ਉਨਾਂ ਕਿਹਾ ਕਿ ਦੇਸ਼ ਨੂੰ ਮੌਜੂਦਾ ਸੰਕਟ ਚੋਂ ਕੱਢਣ ਲਈ ਸਾਨੂੰ ਸਮਾਜਿਕ ਪਰਿਵਰਤਨ ਦੀਆਂ ਹਾਮੀ ਸਮੂਹ ਸ਼ਕਤੀਆਂ ਦੀ ਵਿਸ਼ਾਲ ਲਾਮਬੰਦੀ ਦੇ ਆਧਾਰ ਉਤੇ ਇਕ ਨਵਾਂ ਜਮਹੂਰੀ ਅਤੇ ਲੋਕ ਹਿੱਤੂ ਨਿਜ਼ਾਮ ਸਥਾਪਤ ਕਰਨ ਲਈ ਦੂਜੀ ਜੰਗ-ਏ-ਆਜਾਦੀ ਛੇੜਣ ਦੀ ਅਟੱਲ ਜ਼ਰੂਰਤ ਹੈ। 

ਰੂਸ-ਯੂਕਰੇਨ ਜੰਗ ਬਾਰੇ ਟਿਪਣੀ ਕਰਦਿਆਂ ਕਾਮਰੇਡ ਦੀਪਾਂਕਰ ਨੇ ਕਿਹਾ ਕਿ ਦਰ ਅਸਲ ਗੰਭੀਰ ਆਰਥਿਕ ਮੰਦਵਾੜੇ 'ਚ ਫਸਿਆ ਸੰਸਾਰ ਪੂੰਜੀਵਾਦੀ ਸਾਮਰਾਜੀ ਪ੍ਰਬੰਧ ਅੱਜ ਦੁਨੀਆਂ ਨੂੰ ਜੰਗਾਂ, ਹਥਿਆਰਾਂ ਦੀ ਦੌੜ, ਕੁਦਰਤੀ ਸੋਮਿਆਂ ਦੀ ਤਬਾਹੀ ਅਤੇ ਆਮ ਜਨਤਾ ਨੂੰ ਮਹਿੰਗਾਈ, ਬੇਰੁਜ਼ਗਾਰੀ, ਭੁੱਖ ਅਤੇ ਤਾਨਾਸ਼ਾਹੀ ਵੱਲ ਧੱਕ ਰਿਹਾ ਹੈ, ਇਸ ਲਈ ਮਨੁੱਖਤਾ ਤੇ ਵਾਤਾਵਰਨ ਦੀ ਰਾਖੀ ਤੇ ਬੇਹਤਰੀ ਲਈ ਇਸ ਸਾਮਰਾਜੀ ਪ੍ਰਬੰਧ ਤੋਂ ਨਿਜਾਤ ਹਾਸਲ ਕਰਨਾ ਬੇਹੱਦ ਜ਼ਰੂਰੀ  ਹੋ ਗਿਆ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਜਿਵੇਂ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਅੰਦੋਲਨ ਦੀ ਪੰਜਾਬ ਦੇ ਕਿਸਾਨਾਂ ਨੇ ਅੰਦੋਲਨ ਦੀ ਅਗਵਾਈ ਕੀਤੀ, ਉਵੇਂ ਹੀ ਜ਼ਰੂਰਤ ਹੈ ਕਿ ਬੀਜੇਪੀ ਨੂੰ ਦੇਸ਼ ਦੀ ਸਤਾ ਤੋਂ ਬੇਦਖਲ ਕਰਨ ਲਈ ਪੰਜਾਬ ਦੀ ਬਹਾਦਰ ਜਨਤਾ, ਕਾਰਪੋਰੇਟ ਫਿਰਕੂ ਫਾਸ਼ੀਵਾਦ ਨੂੰ ਹਾਰ ਦੇਣ ਲਈ ਦੇਸ਼ ਦੀ ਜਨਤਾ ਦੇ ਸੰਘਰਸ਼ ਦੀ ਵੀ ਅਗਵਾਈ ਕਰੇਗੀ।

ਉਦਘਾਟਨੀ ਸੈਸ਼ਨ  ਦੀ ਕਾਰਵਾਈ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਨੇ ਚਲਾਈ। ਮੰਚ ਉਤੇ ਮਹਿਮਾਨ ਬੁਲਾਰਿਆਂ ਤੋਂ ਇਲਾਵਾ ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਕੇਂਦਰੀ ਆਬਜ਼ਰਵਰ ਕਾਮਰੇਡ ਰਵੀ ਰਾਏ, ਪਾਰਟੀ ਦੀ ਜੰਮੂ ਕਸ਼ਮੀਰ ਇਕਾਈ ਦੇ ਸਕੱਤਰ ਕਾਮਰੇਡ ਨਿਰਦੋਸ਼ ਉਪਲ, ਪੰਜਾਬ ਦੇ ਪਾਰਟੀ ਇੰਚਾਰਜ ਪਰਸ਼ੋਤਮ ਸ਼ਰਮਾ , ਗੁਰਨਾਮ ਸਿੰਘ ਦਾਊਦ, ਕਾਮਰੇਡ ਸੁਖਦਰਸ਼ਨ ਸਿੰਘ ਨੱਤ, ਭਗਵੰਤ ਸਿੰਘ ਸਮਾਂਓ , ਕੰਵਲਜੀਤ ਚੰਡੀਗੜ੍ਹ, ਜਸਬੀਰ ਕੌਰ ਨੱਤ, ਗੁਰਪ੍ਰੀਤ ਸਿੰਘ ਰੂੜੇਕੇ, ਕਾਮਰੇਡ ਬਲਬੀਰ ਸਿੰਘ ਝਾਮਕਾ ਤੇ ਸਥਾਨਕ ਮੁੱਖ ਪ੍ਰਬੰਧਕ ਕਾਮਰੇਡ ਬਲਬੀਰ ਸਿੰਘ ਮੂਧਲ ਵੀ ਮੌਜੂਦ ਸਨ।

ਇਸ ਤਰ੍ਹਾਂ ਪਹਿਲੇ ਦਿਨ ਹੀ ਲਿਬਰੇਸ਼ਨ ਦੀ ਕੇਂਦਰੀ ਲੀਡਰਸ਼ਿਪ ਨੇ ਪੰਜਾਬ ਦੀ ਜਨਤਾ ਨੂੰ ਨਵੇਂ ਸੰਘਰਸ਼ਾਂ ਦੀ ਅਗਵਾਈ ਲਈ ਸੱਦਾ ਦੇ ਕੇ ਇੱਕ ਵੱਡੀ ਜ਼ਿੰਮੇਵਾਰੀ ਪੰਜਾਬ ਦੀ ਜਨਤਾ ਨੂੰ ਸੌਂਪਣ ਦਾ ਇਸ਼ਾਰਾ ਦੇ ਦਿੱਤਾ ਹੈ। ਲਿਬਰੇਸ਼ਨ ਵੱਲੋਂ ਨੇੜ ਭਵਿੱਖ ਵਿੱਚ ਤਿੱਖੇ ਸੰਘਰਸ਼ਾਂ ਦਾ ਐਲਾਨ ਸੰਭਵ ਹੈ। 

ਸਮਾਜਿਕ ਚੇਤਨਾ ਅਤੇ ਜਨਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Friday, October 14, 2022

ਲਿਬਰੇਸ਼ਨ ਦੇ ਅੰਮ੍ਰਿਤਸਰ ਸੰਮੇਲਨ ਨਾਲ ਮਜ਼ਬੂਤ ਹੋਏਗੀ ਪੰਜਾਬ 'ਤੇ ਪਕੜ

ਚੌਥੇ ਸੂਬਾ ਅਜਲਾਸ ਦਾ ਉਦਘਾਟਨ ਕਰਨਗੇ ਕਾਮਰੇਡ ਦਿਪਾਂਕਰ

ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਔਰਤਾਂ ਨੂੰ ਸੰਗਠਨ ਨਾਲ ਜੋੜਨਾ ਪਹਿਲ ਦੇ ਅਧਾਰ 'ਤੇ ਸ਼ਾਮਲ 

ਲੁਧਿਆਣਾ
//ਮਾਨਸਾ: 14 ਅਕਤੂਬਰ 2022 (ਨਕਸਲਬਾੜੀ ਸਕਰੀਨ ਡੈਸਕ)::

ਹੁਣ ਜਦੋਂ ਕਿ ਪੰਜਾਬ ਵਿੱਚ ਇੱਕ ਪਾਸੇ ਫਿਰਕੂ ਭਾਂਬੜਾਂ ਦਾ ਖਤਰਾ ਵੱਧ ਰਿਹਾ ਹੈ ਅਤੇ ਦੂਜੇ ਪਾਸੇ ਗੈਂਗਸਟਰ ਵਾਲੀ ਦਹਿਸ਼ਤ ਸਰਕਾਰੀ ਦਾਅਵਿਆਂ ਦੇ ਬਾਵਜੂਦ ਸਿਰ ਚੁੱਕਦੀ ਨਜ਼ਰ ਆ ਰਹੀ ਹੈ ਉਦੋਂ ਸੀ ਪੀ ਆਈ (ਐਮ ਐਲ) ਲਿਬਰੇਸ਼ਨ ਦਾ ਚੌਥਾ ਸੂਬਾ ਅਜਲਾਸ ਇਸ ਵਾਰ ਅੰਮ੍ਰਿਤਸਰ ਵਿੱਚ ਹੋ ਰਿਹਾ ਹੈ। ਸਾਰੀਆਂ ਤਿਆਰੀਆਂ ਮੁਕੰਮਲ ਹਨ ਅਤੇ ਇਹ ਦੋ ਦਿਨਾਂ ਅਜਲਾਸ 16 ਅਕਤੂਬਰ ਦੀ ਦੁਪਹਿਰ ਨੂੰ ਸ਼ੁਰੂ ਹੋ ਕੇ 17 ਅਕਤੂਬਰ ਤੱਕ ਚੱਲੇਗਾ।

ਅੰਮ੍ਰਿਤਸਰ ਦੀ ਧਰਤੀ ਨਾਲ ਪੰਜਾਬ ਅਤੇ ਸਿੱਖ ਕੌਮ ਦਾ ਡੂੰਘਾ ਜਜ਼ਬਾਤੀ ਸੰਬੰਧ ਹੈ। ਜਦੋਂ ਬਲਿਊ ਸਟਾਰ ਆਪ੍ਰੇਸ਼ਨ ਵੇਲੇ ਮੁੱਖ ਧਾਰਾ ਵਾਲੀਆਂ ਦੋਹਾਂ ਕਮਿਊਨਿਸਟ ਪਾਰਟੀਆਂ ਇੱਕ ਤਰ੍ਹਾਂ ਨਾਲ ਸਰਕਾਰ ਦੀ ਕਾਰਵਾਈ ਦੇ ਸਮਰਥਨ ਵਿੱਚ ਖਲੋ ਗਈਆਂ ਸਨ ਅਤੇ ਸੁਰਖ ਰੇਖਾ ਵਰਗੇ ਨਕਸਲੀ ਗੁੱਟ ਵੀ ਸਰਕਾਰ ਦੇ ਪਾਲੇ ਵਿੱਚ ਖੜੋਤੇ ਨਜ਼ਰ ਆਉਣ ਲੱਗੇ ਸਨ ਉਦੋਂ ਵੀ ਲਿਬਰੇਸ਼ਨ ਦੇ ਜਨਮਦਾਤਾ ਸੰਗਠਨ ਵੱਜੋਂ ਗਿਣੇ ਜਾਂਦੇ ਆਈ ਪੀ ਐਫ ਅਰਥਾਤ ਇੰਡਿਅਨ ਪੀਪਲਜ਼ ਫਰੰਟ ਨੇ ਖੁੱਲ੍ਹ ਕੇ ਸਰਕਾਰ ਵੱਲੋਂ ਕੀਤੇ ਬਲਿਊ ਸਟਾਰ ਆਪ੍ਰੇਸ਼ਨ ਦੀ ਖੁੱਲ੍ਹ ਕੇ ਤਿੱਖੀ ਵਿਰੋਧਤਾ ਕੀਤੀ ਸੀ। 

ਉਸ ਵੇਲੇ ਆਈ ਪੀ ਐਫ ਇੱਕ ਜਨ ਸੰਗਠਨ ਵੱਜੋਂ  ਚੱਲ ਰਿਹਾ ਸੀ ਅਤੇ ਹਰਮਨ ਪਿਆਰਾ ਵੀ ਹੋ ਰਿਹਾ ਸੀ। ਜਨਤਕ ਥਾਂਵਾਂ ਤੇ ਜੇਕਰ ਚਾਰ ਲੋਕ ਚਾਹ ਵੀ ਪੀਂਦੇ ਹੁੰਦੇ ਤਾਂ ਉਹ ਆਈ ਪੀ ਐਫ ਦੀ ਹੀ ਚਰਚਾ ਕਰ ਰਹੇ ਹੁੰਦੇ। ਉਦੋਂ ਤੱਕ ਸੀਪੀਆਈ ਐਮ ਐਲ ਅੰਡਰ ਗਰਾਊਂਡ ਹੀ ਚੱਲ ਰਹੀ ਸੀ। ਆਈ ਪੀ ਐਫ ਨੇ ਹਰ ਕਿਸਮ ਦੇ ਦਲਿਤ ਵਰਗਾਂ ਨੂੰ ਇੱਕ ਝੰਡੇ ਹੇਠ ਇਕੱਤਰ ਕਰਨ ਲਈ ਪੂਰਾ ਤਾਣ ਲਾਇਆ ਹੋਇਆ ਸੀ। ਹਾਲਾਤ ਦੀ ਦਹਿਸ਼ਤ ਅਤੇ ਨਾਜ਼ੁਕਤਾ ਦੇ ਉਸ ਦੌਰ ਵਿੱਚ ਆਈ ਪੀ ਐਫ ਇੱਕ ਨਵੀਂ ਕਿਰਨ ਵਾਂਗ ਸਾਹਮਣੇ ਆਇਆ ਸੀ। ਆਈ ਪੀ ਐਫ ਦੇ ਰਾਹੀਂ ਚੋਣਾਂ ਵਿੱਚ ਸਫਲਤਾ ਨਾਲ ਭਾਗ ਲੈਣ ਅਤੇ ਜਿੱਤਾਂ ਦੀ ਸ਼ੁਰੂਆਤ ਦਾ ਤਜਰਬਾ ਵੀ ਕਰ ਲਿਆ ਗਿਆ ਸੀ। 

ਇਸੇ ਦੌਰਾਨ ਦਸੰਬਰ 1992 ਵਿੱਚ (ਸੀ ਪੀ ਆਈ ਐਮ ਐਲ) ਸਾਰੇ ਪਹਿਲੂਆਂ ਨੂੰ ਵਿਚਾਰਨ  ਮਗਰੋਂ ਅੰਡਰ ਗਰਾਊਂਡ ਵਾਲੀਆਂ ਹਾਲਤਾਂ ਤੋਂ ਖੁੱਲ੍ਹ ਕੇ ਬਾਹਰ ਆ ਗਈ। ਸੰਨ 1994 ਵਿੱਚ ਆਈ ਪੀ ਐਫ ਨੂੰ ਵੀ ਭੰਗ ਕਰ ਦਿੱਤਾ ਗਿਆ ਅਤੇ ਸੀਪੀਆਈ ਐਮ ਐਲ ਲਿਬਰੇਸ਼ਨ ਦੇ ਰੂਪ ਵਿਚ ਇੱਕ ਠੋਸ ਅਤੇ ਨਵੇਂ ਸੰਗਠਨ ਵੱਜੋਂ ਜਨਤਾ ਦੇ ਸਾਹਮਣੇ ਆਈ। ਸੰਸਦੀ ਅਤੇ ਗੈਰ ਸੰਸਦੀ ਸੰਘਰਸ਼ਾਂ ਦੇ ਰਲੇਵੇਂ ਦਾ ਇਹ ਅਨੋਖਾ ਤਜਰਬਾ ਸੀ। ਹੁਣ ਤੱਕ ਪਾਰਟੀ ਦੇ ਵਿਰੋਧੀ ਇਸਦੀ ਆਲੋਚਨਾ ਵੀ ਕਰਦੇ ਹਨ ਪਰ ਇਸ ਵਿਰੋਧਤਾ ਅਤੇ ਆਲੋਚਨਾ ਦੇ ਬਾਵਜੂਦ ਲਿਬਰੇਸ਼ਨ ਲਗਾਤਾਰ ਅੱਗੇ ਵਧਦੀ ਜਾ ਰਹੀ ਹੈ। ਪੰਜਾਬ ਵਿੱਚ ਅੰਡਰ ਗਰਾਊਂਡ ਅਤੇ ਹਥਿਆਰਬੰਦ ਅੰਦੋਲਨ ਸਫਲ ਹੁੰਦਾ ਨਜ਼ਰ ਨਹੀਂ ਸੀ ਆ ਰਿਹਾ। ਜ਼ਿੰਦਗੀ ਦਾ ਲੰਮਾ ਹਿੱਸਾ ਇਸ ਲਹਿਰ ਨਾਲ ਲੰਘ ਚੁੱਕੇ ਬਹੁਤ ਸਾਰੇ ਲੋਕ ਮਾਯੂਸ ਜਿਹੇ ਵੀ ਸਨ ਕਿ ਹੁਣ ਕੀ ਕੀਤਾ ਜਾਵੇ? ਇਸ ਕਿਸਮ ਦੇ ਅੰਦੋਲਨਾਂ ਨਾਲ ਜੁੜ ਕੇ ਅਜਿਹੀ ਨਿਰਾਸ਼ਾ ਆਉਣੀ ਸੁਭਾਵਿਕ ਵੀ ਹੁੰਦੀ ਹੈ। ਲਿਬਰੇਸ਼ਨ ਦੀ ਕਾਇਮੀ ਨੇ ਉਹਨਾਂ ਨਕਸਲੀ ਕਾਰਕੁਨਾਂ ਨੂੰ ਵੀ ਰਾਹ ਦਿਖਾਈ। 

ਪੰਜਾਬ ਵਿੱਚ ਲੰਮੇ ਸਮੇਂ ਤੋਂ ਮਾਨਸਾ ਲਿਬਰੇਸ਼ਨ ਦਾ ਮੁਖ ਅਧਾਰ ਬਣਿਆ ਹੋਇਆ ਹੈ ਪਰ ਛੇਤੀ ਹੀ ਪਾਰਟੀ ਲੁਧਿਆਣਾ ਜਲੰਧਰ, ਅੰਮ੍ਰਿਤਸਰ ਅਤੇ ਹੋਰ ਇਲਾਕਿਆਂ ਵਿੱਚ ਵੀ ਨਜ਼ਰ ਆ ਸਕਦੀ ਹੈ। ਇਸਦਾ ਵੱਡਾ ਕਾਰਨ ਹੈ ਕਿ ਰਵਾਇਤੀ ਕਮਿਊਨਿਸਟ ਪਾਰਟੀਆਂ ਸਿਰਫ ਕੇਂਦਰੀ ਸੱਤਾ ਦੀ ਤਬਦੀਲੀ ਪ੍ਰਤੀ ਸਰਗਰਮ ਹਨ। ਇਸ ਮਕਸਦ ਦੇ ਤਕਰੀਬਨ ਸਾਰੇ ਪ੍ਰੋਗਰਾਮ ਹਾਈਕਮਾਂਡ ਤੋਂ ਆਉਂਦੇ ਹਨ। ਉੱਪਰੋਂ ਆਉਂਦੇ ਇਹਨਾਂ ਪ੍ਰੋਗਰਾਮ ਵਿਚ ਭਾਵੇਂ ਕਾਫੀ ਜਾਂ ਹੁੰਦੀ ਹੈ ਪਰ ਉਹ ਸਥਾਨਕ ਮੁੱਦਿਆਂ ਨਾਲੋਂ ਕੱਟੇ ਹੋਏ ਹੁੰਦੇ ਹਨ। ਸੰਨ 2024 ਦੀਆਂ ਚੋਣਾਂ ਵਿੱਚ ਭਾਜਪਾ ਨੰ ਹਰਾਉਣਾ ਉਹਨਾਂ ਪਾਰਟੀਆਂ ਦਾ ਦਾ ਮੁਖ ਨਿਸ਼ਾਨਾ ਵੀ ਹੈ ਪਰ ਇਸ ਮੁਹਿੰਮ ਵਿੱਚ ਆਮ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਅਣਗੌਲੀਆਂ ਜਿਹੀਆਂ ਪਈਆਂ  ਹਨ। ਉਹਨਾਂ ਨੂੰ ਕੋਈ ਠੋਸ ਧਿਰ ਨਹੀਂ ਲੱਭਦੀ ਜਿਹੜੀ ਉਹਨਾਂ ਦੀ ਬਾਂਹ ਫੜੇ। ਲੋਕਾਂ ਨੂੰ ਆਪਣੇ ਨਿਜੀ ਮਸਲਿਆਂ ਲਈ ਨਿਜੀ ਤੌਰ ਤੇ ਹੀ ਉਪਰਾਲੇ ਕਰਕੇ ਸੰਘਰਸ਼ ਕਰਨਾ ਪੈ ਰਿਹਾ ਹੈ। ਸਮੁੱਚੀ ਪਾਰਟੀ ਹਰ ਵਿਅਕਤੀ ਦੀ ਪਿੱਠ ਪਿਛੇ ਹੋਵੇ ਉਹ ਭਾਵਨਾ ਅਤੇ ਯਕੀਨ ਹੁਣ ਖਤਮ ਹੋ ਚੁੱਕੇ ਹਨ। ਖਬਬੀਂ ਧਿਰਾਂ ਦੇ ਬਹੁਤ ਸਾਰੇ ਮੱਧ ਵਰਗੀ ਅਤੇ ਗਰੀਬ ਕੇਡਰ ਵਾਲੇ ਮੈਂਬਰ ਖੁਦ ਨੂੰ ਕਮਜ਼ੋਰ ਅਤੇ ਵਿਚਾਰ ਜਿਹਾ ਮਹਿਸੂਸ ਕਰ ਰਹੇ ਹਨ। ਇਹਨਾਂ ਹਾਲਤਾਂ ਨੇ ਨਿਸਚੇ ਹੀ ਲਿਬਰੇਸ਼ਨ ਨੂੰ ਫਾਇਦਾ ਦੇਣਾ ਹੈ। 

ਲਿਬਰੇਸ਼ਨ ਨੇ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਲਿਆ ਵੀ ਹੈ। ਅੰਮ੍ਰਿਤਸਰ ਦੀ ਪਾਵਨ ਧਰਤੀ 'ਤੇ 16 ਅਤੇ 17 ਅਕਤੂਬਰ ਨੂੰ ਹੋ ਰਿਹਾ ਚੌਥਾ ਅਜਲਾਸ ਇਸ ਧਰਤੀ 'ਤੇ ਰਹਿ ਰਹੇ ਵਸਨੀਕਾਂ ਦੇ ਦਿਲਾਂ 'ਤੇ ਦਸਤਕ ਦੇਣ ਦਾ ਕੰਮ ਹੀ ਕਰੇਗਾ। ਆਮ ਲੋਕਾਂ ਨੂੰ ਲੱਗੇਗਾ ਕਿ ਸਾਨੂੰ ਕੋਈ ਬਹੁੜ ਪਿਆ ਹੈ। ਹਾਲਾਂਕਿ ਇਹ ਫੈਸਲਾ ਸਮੇਂ ਨੇ ਹੀ ਕਰਨਾ ਹੈ ਕਿ ਲੋਕਾਂ ਨੂੰ ਅਮਲੀ ਤੌਰ 'ਤੇ ਕਿੰਨਾ ਕੁ ਆਸਰਾ ਮਿਲਦਾ ਹੈ! ਨਤੀਜੇ ਭਾਵੇਂ ਕੁਝ ਵੀ ਹੋਣ ਪਰ ਪੰਜਾਬ ਦੀ ਸਿਆਸਤ 'ਤੇ ਇਸ ਸੰਮੇਲਨ ਨਾਲ ਫਰਕ ਪਏਗਾ।

ਪਾਰਟੀ ਦੇ ਸੀਨੀਅਰ ਬੁਲਾਰਿਆਂ ਮੁਤਾਬਿਕ ਇਨਕਲਾਬੀ ਪਾਰਟੀ-ਸੀਪੀਆਈ (ਐਮ ਐਲ) ਲਿਬਰੇਸ਼ਨ ਦਾ ਚੌਥਾ ਸੂਬਾਈ ਡੈਲੀਗੇਟ ਇਜਲਾਸ 16-17 ਅਕਤੂਬਰ ਨੂੰ ਸ੍ਰੀ ਅੰਮ੍ਰਿਤਸਰ ਦੇ ਨੇੜਲੇ ਪਿੰਡ ਮੂਧਲ ਸਰਕਾਰੀਆ ਸੀਨੀਅਰ ਸਕੈਂਡਰੀ ਸਕੂਲ ਵਿਖੇ ਹੋਵੇਗਾ।

ਪਾਰਟੀ ਦੀ ਕੇਂਦਰੀ ਕਮੇਟੀ ਮੈਂਬਰ ਸੁਖਦਰਸ਼ਨ ਸਿੰਘ ਨੱਤ ਅਤੇ ਇਜਲਾਸ ਦੀ ਤਿਆਰੀ ਕਮੇਟੀ ਦੇ ਮੁੱਖੀ ਕਾਮਰੇਡ ਬਲਬੀਰ ਸਿੰਘ ਝਾਮਕਾ ਵਲੋਂ ਜਾਰੀ ਬਿਆਨ ਵਿਚ ਦਸਿਆ ਗਿਆ ਕਿ ਸੂਬਾ ਇਜਲਾਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਉੱਘੇ ਚਿੰਤਕ ਤੇ ਇਨਕਲਾਬੀ ਨਾਟਕਕਾਰ ਗੁਰਸ਼ਰਨ ਸਿੰਘ ਜੀ ਦੀ ਸਪੁੱਤਰੀ ਡਾਕਟਰ ਅਰੀਤ ਨਿਭਾਉਣਗੇ ਤੇ ਉਦਘਾਟਨੀ ਭਾਸ਼ਨ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਦੀਪਾਂਕਰ ਭੱਟਾਚਾਰੀਆ ਦੇਣਗੇ। ਉਦਘਾਟਨੀ ਸੈਸ਼ਨ ਵਿਚ ਪੰਜਾਬ ਦੇ ਪ੍ਰਮੁੱਖ ਬੁੱਧੀਜੀਵੀ ਤੇ ਸੰਘਰਸ਼ ਸ਼ੀਲ ਆਗੂ ਵੀ ਸ਼ਮੂਲੀਅਤ ਕਰਨਗੇ।

ਬਿਆਨ ਵਿਚ ਦੱਸਿਆ ਗਿਆ ਹੈ ਕਿ ਕਾਨਫਰੰਸ ਦੇ ਮੁੱਖ ਗੇਟ ਨੂੰ ਪਿੱਛੇ ਜਿਹੇ ਵਿਛੋੜਾ ਦੇ ਗਏ ਪੈਪਸੂ ਮੁਜ਼ਾਰਾ ਲਹਿਰ ਦੇ ਆਗੂ 95 ਸਾਲਾ ਕਾਮਰੇਡ ਕਿਰਪਾਲ ਸਿੰਘ ਬੀਰ ਦਾ, ਕਾਨਫਰੰਸ ਹਾਲ ਨੂੰ ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦਾ ਅਤੇ ਮੰਚ ਨੂੰ ਭਾਅ ਜੀ ਗੁਰਸ਼ਰਨ ਸਿੰਘ ਦਾ ਨਾਂ ਦਿੱਤਾ ਗਿਆ ਹੈ। 

ਕਾਨਫਰੰਸ ਦੇ ਏਜੰਡਿਆਂ ਵਿਚ ਲੋਕ ਅੰਦੋਲਨਾਂ ਨੂੰ ਇਨਕਲਾਬੀ ਬਦਲਾਅ ਦੀ ਦਿਸ਼ਾ ਵਿਚ ਅੱਗੇ ਵਧਾਉਣਾ, ਸੰਘ-ਬੀਜੇਪੀ ਦੇ ਕਾਰਪੋਰੇਟ ਪ੍ਰਸਤ ਫਿਰਕੂ ਫਾਸੀਵਾਦੀ ਰਾਜ ਦੇ ਖ਼ਾਤਮੇ ਲਈ ਤਮਾਮ ਫਾਸ਼ੀਵਾਦ ਵਿਰੋਧੀ ਤਾਕਤਾਂ ਨੂੰ ਘੱਟੋ ਘੱਟ ਸਹਿਮਤੀ ਦੇ ਅਧਾਰ 'ਤੇ ਇਕਜੁੱਟ ਕਰਨ ਦੇ ਯਤਨਾਂ ਨੂੰ ਤੇਜ਼ ਕਰਨਾ,  ਅਪਣੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਵਿਚ ਨਾਕਾਮ ਸਾਬਤ ਹੋ ਰਹੀ ਪੰਜਾਬ ਦੀ ਆਪ ਸਰਕਾਰ ਖ਼ਿਲਾਫ਼ ਲੋਕ ਰੋਹ ਤੇ ਮਜਦੂਰ ਕਿਸਾਨ ਅੰਦੋਲਨਾਂ  ਨੂੰ ਸਹੀ ਦਿਸ਼ਾ ਪ੍ਰਦਾਨ ਕਰਨਾ ਅਤੇ ਪੰਜਾਬ ਨੂੰ ਮੁੜ ਹਿੰਸਕ ਫਿਰਕੂ ਭੇੜ ਵੱਲ ਧੱਕਣ ਦੀਆਂ ਸਾਜ਼ਿਸ਼ਾਂ ਦਾ ਪਰਦਾਫ਼ਾਸ਼ ਕਰਨ ਲਈ ਪਾਰਟੀ ਦੀ ਮਜ਼ਬੂਤੀ ਅਤੇ ਇਨਕਲਾਬੀ ਤੇ ਖੱਬੀਆਂ ਜਮਹੂਰੀ ਤਾਕਤਾਂ ਦੀ ਏਕਤਾ ਆਦਿ ਪ੍ਰਮੁੱਖ ਹਨ।

ਹੁਣ ਦੇਖਣਾ ਹੈ ਕਿ ਲਿਬਰੇਸ਼ਨ ਦਾ ਇਹ ਚੌਥਾ ਸੂਬਾ ਸੰਮੇਲਨ ਆਪਣੇ ਮਕਸਦਾਂ ਵਿੱਚ ਕਿੰਨਾ ਕੁ ਕਮਾਇਬ ਰਹਿੰਦਾ ਹੈ!

ਸਮਾਜਿਕ ਚੇਤਨਾ ਅਤੇ ਜਨਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Wednesday, September 28, 2022

ਲਿਬਰੇਸ਼ਨ ਨੇ ਕਰਵਾਇਆ ਬੀਜੇਪੀ//ਸੰਘ ਅਤੇ ਆਪ ਦੇ ਖਿਲਾਫ ਪ੍ਰਣ

Wednesday 28th September 2022 at 04:02 PM

ਝੁਨੀਰ ਵਿੱਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਵਿਸ਼ੇਸ਼ ਆਯੋਜਨ

ਸਰਕਾਰ ਤੋਂ ਮੀਹਾਂ ਕਾਰਨ ਹੋਏ ਮਕਾਨਾਂ ਤੇ ਫਸਲਾਂ ਦਾ ਤੁਰੰਤ ਮੁਆਵਜ਼ਾ ਦੇਣ ਦੀ ਕੀਤੀ ਮੰਗ


ਝੁਨੀਰ: 28 ਸਤੰਬਰ 2022: (ਨਕਸਲਬਾੜੀ ਬਿਊਰੋ):: 28th September 2022 at 04:02 PM

ਆਓ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਇਹ ਪ੍ਰਣ ਕਰੀਏ ਕਿ ਅਸੀਂ ਨਾ ਤਾਂ ਸੰਘ-ਬੀਜੇਪੀ ਦੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਕੇ ਧਰਮ ਤੇ ਜਾਤ ਦੇ ਅਧਾਰ 'ਤੇ ਆਪੋ ਵਿਚ ਲੜਾਂਗੇ ਅਤੇ ਨਾ ਹੀ ਭਗਵੰਤ ਮਾਨ ਦੀ ਬਸੰਤੀ ਰੰਗ ਦੀ ਪੱਗ ਨੂੰ ਅੱਗੋਂ ਭਗਤ ਸਿੰਘ ਦਾ ਚਿੰਨ ਸਮਝ ਕੇ 'ਆਪ' ਦੇ ਨਕਲੀ ਇਨਕਲਾਬ ਦੇ ਧੋਖੇ ਵਿਚ ਫਸਾਂਗੇ। ਬਲਕਿ ਲੋਕਤੰਤਰ, ਧਰਮਨਿਰਪੱਖਤਾ ਤੇ ਫੈਡਰਲਿਜ਼ਮ ਦੀ ਰਾਖੀ ਲਈ ਸਾਰੀਆਂ ਤਾਕਤਾਂ ਨੂੰ ਇਕਜੁੱਟ ਕਰਨ ਲਈ ਪੂਰੀ ਤਾਕਤ ਝੋਕ ਦੇਵਾਂਗੇ-ਇਹ ਪ੍ਰਣ ਅੱਜ ਇਥੇ ਸੀਪੀਆਈ (ਐਮ ਐਲ) ਲਿਬਰੇਸ਼ਨ ਵਲੋਂ  ਸ਼ਹੀਦ ਭਗਤ ਸਿੰਘ ਦੇ 115ਵੇਂ ਜਨਮ ਦਿਨ ਮੌਕੇ ਮਜ਼ਦੂਰ ਧਰਮਸ਼ਾਲਾ ਝੁਨੀਰ ਵਿਖੇ ਕੀਤੀ ਗਈ ਕਨਵੈਨਸ਼ਨ ਵਿਚ ਜੁੜੇ ਸੈਂਕੜੇ ਮਜ਼ਦੂਰਾਂ ਕਿਸਾਨਾਂ ਵਲੋਂ ਲਿਆ ਗਿਆ।

ਸੀਪੀਆਈ (ਐਮ ਐਲ) ਲਿਬਰੇਸ਼ਨ ਵਲੋਂ ਕੀਤੀ ਗਈ ਇਸ ਬਲਾਕ ਪੱਧਰੀ ਕਨਵੈਨਸ਼ਨ ਨੂੰ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਸੁਖਦਰਸ਼ਨ ਸਿੰਘ ਨੱਤ, ਜ਼ਿਲਾ ਸਕੱਤਰ ਗੁਰਮੀਤ ਸਿੰਘ ਸਰਪੰਚ ਨੰਦਗੜ੍ਹ, ਤਹਿਸੀਲ ਆਗੂ ਦਰਸ਼ਨ ਸਿੰਘ ਦਾਨੇਵਾਲਾ, ਹਰਮੇਸ਼ ਸਿੰਘ ਭੰਮੇ, ਬੂਟਾ ਸਿੰਘ ਦੂਲੋਵਾਲ, ਨਿਰੰਜਨ ਸਿੰਘ ਮਾਖਾ, ਕਮਲਜੀਤ ਕੌਰ ਝੁਨੀਰ, ਬਿੰਦਰ ਕੌਰ ਉੱਡਤ ਤੇ ਬਜੁਰਗ ਆਗੂ ਰਣਜੀਤ ਸਿੰਘ ਝੁਨੀਰ ਨੇ ਸੰਬੋਧਨ ਕੀਤਾ।ਜਥੇਬੰਦ ਕੀਤੇ ਸਮਾਗਮ ਦੇ ਕੁਝ ਦ੍ਰਿਸ਼। ਕਨਵੈਨਸ਼ਨ ਦੀ ਸਮਾਪਤੀ 'ਤੇ ਕਸਬੇ ਵਿਚ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਸਹਿਤ ਨਾਹਰੇ ਮਾਰਦੇ ਹੋਏ ਪ੍ਰਭਾਵਸ਼ਾਲੀ  ਇਨਕਲਾਬੀ ਮਾਰਚ ਵੀ ਕੀਤਾ ਗਿਆ, ਜੋ ਬੱਸ ਸਟੈਂਡ 'ਤੇ ਪਹੁੰਚ ਕੇ ਸਮਾਪਤ ਹੋਇਆ। ਪਾਰਟੀ ਆਗੂਆਂ ਵਲੋਂ ਬੀਡੀਪੀਓ ਝੁਨੀਰ ਰਾਹੀਂ ਪੰਜਾਬ ਸਰਕਾਰ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ, ਜਿਸ ਵਿਚ ਭਾਰੀ ਮੀਂਹ ਕਾਰਨ ਡਿੱਗੇ ਤੇ ਨੁਕਸਾਨੇ ਮਕਾਨਾਂ ਵਾਲੇ ਮਜ਼ਦੂਰਾਂ ਕਿਸਾਨਾਂ ਨੂੰ ਫੌਰੀ ਰਾਹਤ ਤੇ ਮੁਆਵਜ਼ਾ ਦੇਣ , ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਤੇ ਮਨਰੇਗਾ ਤਹਿਤ 300 ਦਿਨ ਕੰਮ ਤੇ 700 ਰੁਪਏ ਦਿਹਾੜੀ ਦੇਣ ਦੀ ਮੰਗ ਕੀਤੀ ਗਈ ਹੈ।

ਇਸ ਆਯੋਜਨ ਦੀ ਜਾਣਕਾਰੀ ਗੁਰਮੀਤ ਸਿੰਘ ਨੰਦਗੜ੍ਹ (ਜ਼ਿਲਾ ਸਕੱਤਰ) ਸਕੱਤਰ ਨੇ ਦਿੱਤੀ। 

Wednesday, August 10, 2022

ਬਿਹਾਰ ਵਿੱਚ ਐਨਡੀਏ ਸਰਕਾਰ ਦਾ ਡਿਗਣਾ ਇੱਕ ਨਵੀਂ ਸ਼ੁਰੁਆਤ

 10th August 2022 at 10:01 AM

ਹੁਣ ਪੂਰੇ ਦੇਸ਼ ਵਿਚ ਤੇਜ਼ ਹੋਵੇਗਾ ਨਵਾਂ ਧਰੁਵੀਕਰਨ-ਲਿਬਰੇਸ਼ਨ

ਪਟਨਾ: 10 ਅਗਸਤ 2022: (ਨਕਸਲਬਾੜੀ ਬਲਾਗ ਬਿਊਰੋ)::  

ਬਿਹਾਰ ਵਿਚਲੇ ਘਟਨਾਕ੍ਰਮ 'ਤੇ ਤੇਜ਼ੀ ਨਾਲ ਪ੍ਰਤੀਕਰਮ ਆ ਰਹੇ ਹਨ। ਵਿਰੋਧੀ ਧਿਰ ਨਾਲ ਜੁੜੇ ਲੋਕ ਅਤੇ ਭਾਜਪਾ ਦੀਆਂ ਨੀਤੀਆਂ ਤੋਂ ਤੰਗ ਆਏ ਲੋਕਾਂ ਵਿਚ ਨਵਾਂ ਉਤਸ਼ਾਹ ਹੈ।  

ਸੀਪੀਆਈ (ਐਮਐਲ) ਦੇ ਜਨਰਲ ਸਕੱਤਰ ਕਾਮਰੇਡ  ਦੀਪਾਂਕਰ ਭੱਟਾਚਾਰੀਆ ਨੇ ਬਿਹਾਰ ਦੇ ਤੇਜ਼ੀ ਨਾਲ ਬਦਲ ਰਹੇ ਸਿਆਸੀ ਹਾਲਾਤ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਸ ਘਟਨਾ ਕ੍ਰਮ ਦਾ ਸੰਦੇਸ਼ ਦੇਸ਼ ਵਿਆਪੀ ਹੈ। ਇਹ ਉਲਟ ਫੇਰ ਦੇਸ਼ ਦੇ ਸੰਵਿਧਾਨ ਤੇ ਲੋਕਤੰਤਰ ਉਤੇ ਭਾਜਪਾ ਵਲੋਂ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਅਤੇ ਦੇਸ਼ 'ਚ ਤਾਨਾਸ਼ਾਹੀ ਥੋਪਣ ਦੀਆਂ ਕੋਸ਼ਿਸ਼ਾਂ ਦੇ ਖਿਲਾਫ ਬੁਨਿਆਦੀ ਅਧਿਕਾਰਾਂ ਦੀ ਰੱਖਿਆ ਲਈ ਦੇਸ਼ ਵਿਚ ਨਵੇਂ ਸਿਆਸੀ ਧਰੁਵੀਕਰਨ ਦਾ ਆਧਾਰ ਤਿਆਰ ਕਰੇਗਾ।

ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਅੱਤ ਦੀਆ ਮਨਮਾਨੀਆਂ, ਵਿਰੋਧੀ ਧਿਰ ਦੀਆਂ ਸਾਰੀਆਂ ਪਾਰਟੀਆਂ ਨੂੰ ਖ਼ਤਮ ਕਰਕੇ ਦੇਸ਼ ਵਿੱਚ ਇੱਕ ਪਾਰਟੀ ਪ੍ਰਣਾਲੀ ਲਾਗੂ ਕਰਨ ਦੀ ਬੇਚੈਨੀ, ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਉਤੇ ਲਗਾਤਾਰ ਹਮਲੇ ਇੰਨੇ ਵਧ ਗਏ ਹਨ ਕਿ ਖੁਦ ਭਾਜਪਾ ਦੇ ਭਾਈਵਾਲ ਦਲ ਵੀ ਦਹਿਸ਼ਤ ਵਿੱਚ ਆ ਗਏ ਹਨ।

ਅਜਿਹੀ ਸਥਿਤੀ ਵਿੱਚ,  ਜਨਤਾ ਦਲ (ਯੂ) ਵਲੋਂ ਚਾਹੇ ਦੇਰ ਨਾਲ ਹੀ ਸਹੀ - ਭਾਜਪਾ ਤੋਂ ਵੱਖ ਹੋਣ ਦੇ ਫੈਸਲੇ ਦਾ ਅਸੀਂ ਸਵਾਗਤ ਕਰਦੇ ਹਾਂ।

ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੀ ਜਨਤਾ ਨੂੰ ਭਾਜਪਾ ਦੀ ਨਫਰਤ ਅਤੇ ਫੁੱਟ ਪਾਊ ਰਾਜਨੀਤੀ ਦਾ ਡੱਟ ਕੇ ਮੁਕਾਬਲਾ ਕਰਨਾ ਹੋਵੇਗਾ।  ਅਸੀਂ ਆਸ ਕਰਦੇ ਹਾਂ ਕਿ ਬਿਹਾਰ ਦੀ ਬਦਲਵੀਂ ਸਰਕਾਰ ਲੋਕਾਂ ਦੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਸਵਾਲਾਂ ਦੇ ਹੱਲ ਲਈ ਸਹੀ ਕਦਮ ਚੁੱਕੇਗੀ ਅਤੇ ਬੁਲਡੋਜ਼ਰ ਰਾਜ ਵਿੱਚ ਚੁੱਕੇ ਗਏ ਸਾਰੇ ਕਦਮਾਂ ਨੂੰ ਵਾਪਸ ਲਵੇਗੀ।

ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਬਿਹਾਰ ਨੂੰ ਯੂਪੀ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।  ਇਸ ਦੇ ਲਈ ਉਹ ਲਗਾਤਾਰ  ਹੇਠਲੇ ਪੱਧਰ ਤੱਕ ਫਿਰਕੂ ਧਰੁਵੀਕਰਨ ਦੀ ਮੁਹਿੰਮ  ਚਲਾ ਰਹੀ ਹੈ।  ਇਸ ਨਫ਼ਰਤ ਭਰੀ ਮੁਹਿੰਮ ਤੋਂ ਛੁਟਕਾਰਾ ਪਾਉਣ ਦੀ ਇੱਛਾ  ਸਮੁੱਚੇ ਬਿਹਾਰੀ ਸਮਾਜ ਦੀ ਇੱਛਾ ਬਣੀ ਹੋਈ ਹੈ। 

ਇਸ ਘਟਨਾਕ੍ਰਮ ਨੇ ਤੇਜ਼ੀ ਨਾਲ ਆਪਣਾ ਰੰਗ ਦਿਖਾਇਆ ਪਰ ਇਸਦੀਆਂ ਸੰਭਾਵਨਾਵਾਂ ਪਹਿਲਾਂ ਹੀ ਬਣ ਚੁੱਕੀਆਂ ਸਨ। ਬਿਹਾਰ ਵਿਚ ਜੇ ਡੀ ਯੂ ਤੇ ਭਾਜਪਾ ਵਿਚਾਲੇ ਗੱਠਜੋੜ ਮੰਗਲਵਾਰ ਫਿਰ ਟੁੱਟ ਗਿਆ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸ਼ਾਮੀਂ ਚਾਰ ਵਜੇ ਰਾਜਪਾਲ ਫਾਗੂ ਚੌਹਾਨ ਨੂੰ ਅਸਤੀਫਾ ਸੌਂਪ ਦਿੱਤਾ ਤੇ ਛੇਤੀ ਬਾਅਦ ਫਿਰ ਰਾਜਪਾਲ ਨੂੰ ਮਿਲ ਕੇ 164 ਵਿਧਾਇਕਾਂ ਦੀ ਹਮਾਇਤ ਨਾਲ ਮੁੜ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ। ਪਹਿਲਾਂ ਨਿਤੀਸ਼ ਨੇ ਰਾਜਪਾਲ ਨੂੰ 160 ਵਿਧਾਇਕਾਂ ਦੀ ਹਮਾਇਤ ਦੀ ਸੂਚੀ ਦਿੱਤੀ ਸੀ। ਅਸਤੀਫਾ ਦੇਣ ਤੋਂ ਬਾਅਦ ਨਿਤੀਸ਼ ਰਾਬੜੀ ਦੇਵੀ ਦੀ ਕੋਠੀ ਪੁੱਜੇ, ਜਿਥੇ ਉਹਨਾਂ ਨੂੰ ਮਹਾਗਠਬੰਧਨ ਦਾ ਆਗੂ ਚੁਣਿਆ ਗਿਆ। ਇਥੇ ਜੀਤਨ ਰਾਮ ਮਾਂਝੀ ਦੀ ਪਾਰਟੀ ਹਿੰਦੁਸਤਾਨੀ ਅਵਾਮ ਮੋਰਚਾ ਵੀ ਨਾਲ ਆ ਗਈ, ਜਿਸਦੇ ਚਾਰ ਵਿਧਾਇਕ ਹਨ। ਨਿਤੀਸ਼ ਇਕ ਵਾਰ ਫਿਰ ਰਾਜਭਵਨ ਗਏ ਤੇ 164 ਵਿਧਾਇਕਾਂ ਦੀ ਸੂਚੀ ਸੌਂਪ ਕੇ ਆਏ। ਚਾਚਾ ਨਿਤੀਸ਼ ਕੁਮਾਰ ਨਾਲ ਲਾਲੂ ਪ੍ਰਸਾਦ ਯਾਦਵ ਦੇ ਦੋਨੋਂ ਬੇਟੇ ਤੇਜੱਸਵੀ ਯਾਦਵ ਤੇ ਤੇਜ ਪ੍ਰਤਾਪ ਵੀ ਸਨ। ਰਾਬੜੀ ਦੀ ਕੋਠੀ ਵਿਚ ਨਿਤੀਸ਼ ਨੇ ਤੇਜੱਸਵੀ ਨੂੰ ਕਿਹਾ ਕਿ 2017 ਵਿਚ ਜੋ ਹੋਇਆ ਉਸ ਨੂੰ ਭੁਲਾ ਕੇ ਨਵਾਂ ਅਧਿਆਇ ਸ਼ੁਰੂ ਕਰੀਏ।

ਅਪੋਜ਼ੀਸ਼ਨ ਪਾਰਟੀਆਂ ਨੇ ਕਿਹਾ ਹੈ ਕਿ ਨਿਤੀਸ਼ ਦਾ ਫੈਸਲਾ ਭਾਰਤੀ ਸਿਆਸਤ ਵਿਚ ਤਬਦੀਲੀ ਨੂੰ ਦਰਸਾਉਂਦਾ ਹੈ। ਸੀ ਪੀ ਆਈ ਦੇ ਜਨਰਲ ਸਕੱਤਰ ਡੀ ਰਾਜਾ ਨੇ ਕਿਹਾ—ਅਕਾਲੀ ਦਲ ਤੇ ਸ਼ਿਵ ਸੈਨਾ ਤੋਂ ਬਾਅਦ ਜੇ ਡੀ ਯੂ ਤੀਜੀ ਮਿਸਾਲ ਹੈ ਜਿਹੜੀ ਦਰਸਾਉਂਦੀ ਹੈ ਕਿ ਭਾਜਪਾ ਦੀ ਤਾਨਾਸ਼ਾਹੀ ਕਰਕੇ ਉਸ ਨਾਲ ਮਿਲ ਕੇ ਨਹੀਂ ਚੱਲਿਆ ਜਾ ਸਕਦਾ। ਤਾਮਿਲਨਾਡੂ ਵਿਚ ਅੰਨਾ ਡੀ ਐੱਮ ਕੇ ਵੀ ਭਾਜਪਾ ਕੋਲੋਂ ਛੁਡਾਉਣ ਨੂੰ ਫਿਰ ਰਹੀ ਹੈ।  ਸੀ ਪੀ ਆਈ ਦੇ ਰਾਜ ਸਭਾ ਮੈਂਬਰ ਬਿਨੋਇ ਵਿਸ਼ਵਮ ਨੇ ਕਿਹਾ ਕਿ ਬਿਹਾਰ ਦੀਆਂ ਘਟਨਾਵਾਂ ਭਾਰਤੀ ਸਿਆਸਤ ਵਿਚ ਦੂਰਰਸ ਤਬਦੀਲੀ ਦਾ ਸੁਨੇਹਾ ਦਿੰਦੀਆਂ ਹਨ। ਅੰਤਮ ਨਤੀਜੇ ਦਾ ਪਤਾ ਅਹਿਮ ਖਿਡਾਰੀਆਂ ਦੇ ਰਵੱਈਏ ਤੋਂ ਪਤਾ ਲੱਗੇਗਾ। ਸੀ ਪੀ ਆਈ ਨੇ ਸਪਸ਼ਟ ਕੀਤਾ ਕਿ ਅਸੀਂ ਭਾਜਪਾ ਤੇ ਆਰ ਐੱਸ ਐੱਸ ਖਿਲਾਫ ਲੜਾਈ ਵਿਚ ਆਪਣਾ ਜ਼ਿੰਮੇਵਾਰਾਨਾ ਰੋਲ ਨਿਭਾਉਂਦੇ ਰਹਾਂਗੇ। ਤਿ੍ਣਮੂਲ ਕਾਂਗਰਸ ਦੇ ਰਾਜ ਸਭਾ ਮੈਂਬਰ ਡੈਰੇਕ ਓ’ਬ੍ਰਾਇਨ ਨੇ ਕਿਹਾ ਕਿ ਬਿਹਾਰ ਦੀ ਸਥਿਤੀ ਵੀ ਇਕ ਕਾਰਨ ਹੈ ਕਿ ਸੰਸਦ ਦਾ ਮਾਨਸੂਨ ਅਜਲਾਸ ਸਮੇਂ ਤੋਂ ਚਾਰ ਦਿਨ ਪਹਿਲਾਂ ਉਠਾ ਦਿੱਤਾ ਗਿਆ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ—ਅੱਜ ਦੇ ਦਿਨ ਅੰਗਰੇਜ਼ੋ ਭਾਰਤ ਛੋੜੋ ਦਾ ਨਾਅਰਾ ਦਿੱਤਾ ਗਿਆ ਸੀ ਤੇ ਅੱਜ ਬਿਹਾਰ ਤੋਂ ‘ਭਾਜਪਾ ਭਗਾਓ’ ਦਾ ਨਾਅਰਾ ਆਇਆ ਹੈ।

ਨਿਤੀਸ਼ ਵੱਲੋਂ ਸਵੇਰੇ ਸੱਦੀ ਗਈ ਵਿਧਾਇਕਾਂ ਦੀ ਮੀਟਿੰਗ ਵਿਚ ਭਾਜਪਾ ਦਾ ਸਾਥ ਛੱਡਣ ਦਾ ਫੈਸਲਾ ਲਿਆ ਗਿਆ। ਉਸੇ ਸਮੇਂ ਤੇਜੱਸਵੀ ਨੇ ਵਿਧਾਇਕ ਦਲ ਦੀ ਮੀਟਿੰਗ ਕਰਕੇ ਨਿਤੀਸ਼ ਦੀ ਹਮਾਇਤ ਦਾ ਫੈਸਲਾ ਕੀਤਾ। ਕਾਂਗਰਸ ਤੇ ਖੱਬੀਆਂ ਪਾਰਟੀਆਂ ਦੇ ਮੈਂਬਰ ਵੀ ਹਮਾਇਤ ਵਿਚ ਹਨ। 

ਨਿਤੀਸ਼ ਕੁਮਾਰ ਦਾ ਗੁੱਸਾ ਉਦੋਂ ਖਤਰੇ ਦੇ ਨਿਸ਼ਾਨ ‘ਤੇ ਪੁੱਜਾ, ਜਦੋਂ ਪਤਾ ਲੱਗਾ ਕਿ ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਉਨ੍ਹਾ ਦੀ ਪਾਰਟੀ ਨੂੰ ਤੋੜਨ ਦੇ ਜਤਨ ਕਰ ਰਹੇ ਹਨ। ਲਾਲੂ ਪ੍ਰਸਾਦ ਯਾਦਵ ਨੇ ਕਿਸੇ ਸਮੇਂ ਕਿਹਾ ਸੀ—ਜਬ ਤਕ ਰਹੇਗਾ ਸਮੋਸੇ ਮੇਂ ਆਲੂ, ਤਬ ਤਕ ਰਹੇਗਾ ਬਿਹਾਰ ਮੇਂ ਲਾਲੂ।

ਲਾਲੂ ਪ੍ਰਸਾਦ ਯਾਦਵ ਦੀ ਬੇਟੀ ਰੋਹਿਨੀ ਅਚਾਰੀਆ ਨੇ ਨਿਤੀਸ਼ ਦੇ ਭਾਜਪਾ ਦਾ ਸਾਥ ਛੱਡਣ ਦਰਮਿਆਨ ਭੋਜਪੁਰੀ ਫ਼ਿਲਮਾਂ ਦੇ ਸੁਪਰਸਟਾਰ ਖੇਸਾਰੀ ਲਾਲ ਯਾਦਵ ਦਾ ਗੀਤ ਟਵੀਟ ਕੀਤਾ, ਜਿਸ ‘ਚ ਬਿਹਾਰ ‘ਚ ਸਰਕਾਰ ਬਣਾਉਣ ਦੀ ਗੱਲ ਹੋ ਰਹੀ ਹੈ। ਲਾਲੂ ਯਾਦਵ ਦੇ ਨਾਂਅ ‘ਤੇ ਇਹ ਗੀਤ ਹੈ। ਇਸ ਗੀਤ ਦੇ ਨਾਲ ਰੋਹਿਨੀ ਨੇ ਇੱਕ ਲਾਈਨ ਦਾ ਟਵੀਟ ਵੀ ਲਿਖਿਆ। ਇਸ ਗੀਤ ਦੇ ਬੋਲ ਹਨ, ‘ਲਾਲੂ ਬਿਨਾਂ ਚਾਲੂ ਈ ਬਿਹਾਰ ਨਾ ਹੋਈ’।  ਇਸ ਗੀਤ ਨੂੰ ਖੇਸਾਰੀ ਲਾਲ ਯਾਦਵ ਨੇ ਗਾਇਆ ਹੈ। ਇਸ ਟਵੀਟ ਦੇ ਨਾਲ ਹੀ ਰੋਹਿਨੀ ਅਚਾਰੀਆ ਨੇ ਲਿਖਿਆ, ‘ਰਾਜਤਿਲਕ ਕੀ ਕਰੋ ਤਿਆਰੀ, ਆ ਰਹੇ ਲਾਲਟੈਨਧਾਰੀ।’

Thursday, June 23, 2022

ਔਰਤਾਂ ਤੋਂ ਬਗੈਰ ਕੋਈ ਜਨਤਕ ਅੰਦੋਲਨ ਨਹੀਂ ਹੋ ਸਕਦਾ-ਜੀਤਾ ਕੌਰ

 ਕਾਮਰੇਡ ਜੀਤਾ ਕੌਰ ਨੂੰ 15ਵੀਂ ਬਰਸੀ ਮੌਕੇ ਯਾਦ ਕਰਦਿਆਂ 

ਹਰਭਗਵਾਨ ਭੀਖੀ ਦੀ ਕਾਮਰੇਡ ਜੀਤਾ ਕੌਰ ਨਾਲ ਆਖ਼ਿਰੀ ਮੁਲਾਕਾਤ 

ਕਾਲਪਨਿਕ ਪਰ ਸੰਕੇਤਕ ਫੋਟੋ 

27-28 ਮਈ 2007 ਨੂੰ ਦਿੱਲੀ ਚ ਪਾਰਟੀ ਦੇ ਕੇਂਦਰੀ ਦਫਤਰ ਵਿੱਚ ਜੀਤਾ ਕੌਰ ਨਾਲ ਗੱਲਬਾਤ ਹੋਈ, ਜੋ ਆਖਰੀ ਇੰਟਰਵਿਊ ਸਿੱਧ ਹੋਈ, ਕਿਉਂਕਿ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੇ ਆਖਰੀ ਪੜਾਅ ਨਾਲ ਜੂਝ ਰਹੀ ਇਹ ਦਲੇਰ ਔਰਤ ਇਸ ਮੁਲਾਕਾਤ ਦੇ ਕੁਝ  ਦਿਨਾਂ ਬਾਅਦ  23 ਜੂਨ ਨੂੰ ਸਦੀਵੀ ਵਿਛੋੜਾ ਦੇ ਗਈ। ਅੱਜ ਉਹਨਾਂ ਦੀ ਪੰਦਰਵੀ ਬਰਸੀ ਮੌਕੇ ਉਹਨਾਂ ਨੂੰ ਚੇਤੇ ਕਰਦਿਆਂ ਉਹਨਾਂ ਨਾਲ ਹੋਈ ਇਹ ਆਖਰੀ ਗੱਲਬਾਤ ਇਕ ਵਾਰ ਫੇਰ ਪਾਠਕਾਂ, ਸਰੋਤਿਆਂ ਦੇ ਰੂਬਰੂ ਕਰ ਰਹੇ ਹਾਂ -ਹਰਭਗਵਾਨ ਭੀਖੀ


ਮਾਨਸਾ: 22 ਜੂਨ 2022: (ਹਰਭਗਵਾਨ ਭੀਖੀ//ਨਕਸਲਬਾੜੀ ਸਕਰੀਨ)

ਕਾਮਰੇਡ ਜੀਤਾ ਕੌਰ ਜੀ, ਆਪਣੇ ਪਿਛੋਕੜ ਬਾਰੇ ਕੁਝ ਦੱਸੋ?

2 ਫਰਵਰੀ 1959 ਨੂੰ ਮੇਰਾ ਜਨਮ ਹੋਇਆ ਸੀ, ਮਾਂ ਸੁਰਜੀਤ ਕੌਰ ਤੇ ਪਿਤਾ ਰਤਨ ਸਿੰਘ ਪੱਕੇ ਤੌਰ ਤੇ ਗੋਰਖਪੁਰ (ਯੂ ਪੀ) ਰਹਿੰਦੇ ਸਨ, ਪਰ ਸਾਡਾ ਪਰਿਵਾਰਕ ਪਿਛੋਕੜ ਗੁਰਦਾਸਪੁਰ ਜ਼ਿਲੇ ਦਾ ਬਟਾਲਾ ਹਲਕਾ ਹੈ। ਅਸੀਂ ਛੇ ਭੈਣ ਭਰਾ ਸੀ, ਮੈਂ ਇੱਕ ਭੈਣ ਤੇ ਇੱਕ ਭਰਾ ਤੋਂ ਛੋਟੀ ਹਾਂ, ਮੇਰੇ ਇੱਕ ਭਰਾ ਦੀ ਪਿੱਛੇ ਜਿਹੇ ਰੇਲ ਹਾਦਸੇ ਚ ਮੌਤ ਹੋ ਗਈ ਸੀ।

ਤੁਹਾਡਾ ਪਰਿਵਾਰ ਪੰਜਾਬ ਛੱਡ ਕੇ ਗੋਰਖਪੁਰ ਕਿਵੇਂ ਰਹਿਣ ਲੱਗਿਆ, ਕੋਈ ਖਾਸ ਵਜਾ ਸੀ?

ਅਸਲ ਚ ਮੇਰੇ ਤਿੰਨ ਚਾਚੇ ਪਹਿਲਾਂ ਹੀ ਲਖਨਊ ਰਹਿੰਦੇ ਸਨ, ਜਦੋਂ ਕਿ ਮੇਰੇ ਮਾਪੇ ਆਪਣੇ ਵਿਆਹ ਤੋਂ ਬਾਅਦ ਬਟਾਲਾ ਛੱਡ ਕੇ ਲਖਨਊ ਗਏ ਸਨ। ਇੱਥੇ ਮੇਰੇ ਪਿਤਾ ਜੀ ਨੇ ਸਾਈਕਲ ਫੈਕਟਰੀ ਚ ਕੰਮ ਕੀਤਾ, ਮੇਰੇ ਵੱਡੇ ਭਰਾ ਦਾ ਜਨਮ ਵੀ ਲਖਨਊ ਚ ਹੀ ਹੋਇਆ ਸੀ। 1950 ਵਿੱਚ ਮੇਰੇ ਦਾਦਾ ਜੀ ਦੇ ਕਹਿਣ ਤੇ ਮੇਰੇ ਮਾਪੇ ਪੱਕੇ ਤੌਰ ਤੇ ਹੀ ਗੋਰਖਪੁਰ ਚਲੇ ਗਏ। ਇੱਥੇ ਮੇਰੇ ਪਿਤਾ ਜੀ ਰਾਜਨੀਤੀ ਅਤੇ ਗੁਰਦੁਆਰਾ ਕਮੇਟੀ ਨਾਲ ਜੁੜੇ। 

ਆਪਣੀ ਪੜ੍ਹਾਈ ਬਾਰੇ ਕੁਝ ਦੱਸੋ? 

ਮੈਂ ਬਾਲ ਵਿਕਾਸ ਸਕੂਲ ਤੋਂ ਮੈਟ੍ਰਿਕ ਅਤੇ ਇਮਾਮਵਾੜਾ ਮੁਸਲਿਮ ਕਾਲਜ ਗੋਰਖਪੁਰ ਤੋਂ ਪ੍ਰੈਪ ਕੀਤੀ, ਅਤੇ 1979 ਚ ਗੋਰਖਪੁਰ ਯੂਨੀਵਰਸਿਟੀ ਤੋਂ ਬੀਏ ਦੀ ਡਿਗਰੀ ਲਈ ਸੀ।

ਕੀ ਤੁਸੀਂ ਇਸ ਤੋਂ ਅੱਗੇ ਪੜ੍ਹਨ ਦੀ ਕੋਸ਼ਿਸ਼ ਕੀਤੀ?

ਬੀ ਏ ਕਰਨ ਤੋਂ ਬਾਅਦ ਮੈਂ ਗੋਰਖਪੁਰ ਯੂਨੀਵਰਸਿਟੀ ਵਿੱਚ ਰਾਜਨੀਤੀ ਸ਼ਾਸਤਰ ਦੀ ਐਮ ਏ ਵਿੱਚ ਦਾਖਲਾ ਲੈ ਲਿਆ, ਪਰ ਮੇਰੇ ਪਿਤਾ ਜੀ ਚਾਹੁੰਦੇ ਸਨ ਕਿ ਮੈਂ ਆਈ ਏ ਐਸ, ਜਾਂ ਪੀ ਸੀ ਐਸ ਦੀ ਤਿਆਰੀ ਕਰਾਂ ਤੇ ਉੱਚ ਅਫਸਰ ਬਣਾਂ। ਪਿਤਾ ਜੀ ਨੇ ਇਸ ਦੀ ਤਿਆਰੀ ਲਈ ਮੇਰੀ ਟਿਊਸ਼ਨ ਰਖਵਾ ਦਿੱਤੀ। ਮੈਨੂੰ ਟਿਊਸ਼ਨ ਪੜ੍ਹਾਉਣ ਵਾਲਾ ਮੁੰਡਾ ਪੰਡਤਾਂ ਦਾ ਸੀ, ਤੇ ਉਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਟੌਪਰ ਸੀ। ਇਸ ਟਿਊਸ਼ਨ ਦੌਰਾਨ ਸਾਡੇ ਦੋਵਾਂ ਦਰਮਿਆਨ ਦੋਸਤੀ ਹੋਈ, ਜੋ ਬਾਅਦ ਵਿੱਚ ਇਕੱਠੇ ਜਿਉਣ ਮਰਨ ਦੀਆਂ ਕਸਮਾਂ ਵਿੱਚ ਬਦਲ ਗਈ। ਸਾਡਾ ਪਿਆਰ ਅਜੇ ਪੁੰਗਰਿਆ ਹੀ ਸੀ ਕਿ ਘਰ ਵਿੱਚ ਭਿਣਕ ਪੈ ਗਈ। ਬੱਸ ਫੇਰ ਕੀ ਸੀ.., ਮੇਰੀ ਕੁੱਟਮਾਰ ਹੋਈ, ਯੂਨੀਵਰਸਿਟੀ ਤੇ ਟਿਊਸ਼ਨ ਦੋਵਾਂ ਥਾਵਾਂ ਤੋਂ ਪੜ੍ਹਨੋਂ ਹਟਾ ਲਿਆ ਗਿਆ, ਮੇਰੀ ਐਮ ਏ ਦੀ ਪੜ੍ਹਾਈ ਅਧਵਾਟੇ ਹੀ ਛੁੱਟ ਗਈ।  

ਫੇਰ ਤੁਹਾਡੇ ਇਕੱਠੇ ਜਿਉਣ ਮਰਨ ਵਾਲੇ ਵਾਅਦੇ..??

ਮੈਂ ਵੀ ਹੋਰ ਕੁੜੀਆਂ ਵਾਂਗ ਆਪਣੇ ਪਿਆਰ ਨੂੰ ਹਾਸਲ ਕਰਨਾ ਚਾਹੁੰਦੀ ਸੀ, ਇਸ ਚਾਹਤ ਕਾਰਨ ਹੀ ਮੈਂ ਘਰੋਂ ਜਿਵੇਂ ਕਿਵੇਂ ਘਰੋਂ ਨਿਕਲੀ ਤੇ ਆਪਣੇ ਦੋਸਤ ਨੂੰ ਮਿਲੀ, ਸਾਰੀ ਸਥਿਤੀ ਬਾਰੇ ਗੱਲ ਕੀਤੀ ਤਾਂ ਉਸ ਨੇ ਸੁਝਾਅ ਦਿੱਤਾ ਕਿ ਘਰੋਂ ਭੱਜ ਕੇ ਵਿਆਹ ਕਰਵਾ ਲੈਂਦੇ ਹਾਂ। ਮੈਂ ਉਸ ਦੇ ਇਸ ਸੁਝਾਅ ਨਾਲ ਸਹਿਮਤ ਨਹੀਂ ਸੀ, ਕਿਉਂਕਿ ਮੈਂ ਤਾਂ ਸਮਾਜ ਦੀਆਂ ਅੱਖਾਂ ਚ ਅੱਖਾਂ ਪਾ ਕੇ ਆਪਣੀ ਜ਼ਿੰਦਗੀ ਦਾ ਫੈਸਲਾ ਕਰਨਾ ਚਾਹੁੰਦੀ ਸੀ। ਮੈਂ ਉਹਨੂੰ ਕਿਹਾ ਕਿ ਆਪਣੇ ਘਰ ਜਾ ਕੇ ਮਾਪਿਆਂ ਨਾਲ ਗੱਲ ਕਰ, ਪਰ ਉਹ ਡਰ ਗਿਆ ਤੇ ਮੇਰੀ ਇਸ ਗੱਲ ਨਾਲ ਸਹਿਮਤ ਨਾ ਹੋਇਆ। ਉਸ ਦੇ ਡਰ ਕੇ ਪਾਸਾ ਵੱਟ ਜਾਣ ਕਾਰਨ ਮੈਨੂੰ ਬਹੁਤ ਠੇਸ ਵੱਜੀ, ਮੈਂ ਬੁਰੀ ਤਰਾਂ ਨਿਰਾਸ਼ ਹੋ ਗਈ, ਟੁੱਟ ਗਈ। ਮੈਨੂੰ ਮਰਦਾਂ ਨਾਲ ਨਫਰਤ ਜਿਹੀ ਹੋ ਗਈ, ਮੇਰੇ ਵਿਆਹ ਨਾ ਕਰਵਾਉਣ ਦੇ ਫੈਸਲੇ ਪਿੱਛੇ ਇਸੇ ਘਟਨਾ ਦਾ ਵੱਡਾ ਹੱਥ ਹੈ।

ਇਹਦਾ ਮਤਲਬ ਪਿਆਰ ਤੇ ਪੜ੍ਹਾਈ ਦੋਵੇਂ ਖੁੱਸ ਗਏ?

ਪ੍ਰੇਮੀ ਦਾ ਸਾਥ ਤਾਂ ਭਾਵੇਂ ਛੁੱਟ ਗਿਆ, ਪਰ ਪੜ੍ਹਾਈ ਮੇਰੀ ਜ਼ਿੰਦਗੀ ਤੋਂ ਕਦੇ ਵੱਖ ਨਹੀਂ ਹੋਈ। ਘਰ ਰਹਿੰਦਿਆਂ ਮੈਂ ਆਪਣੇ ਆਪ ਨੂੰ ਸਾਹਿਤ ਨਾਲ ਜੋੜ ਲਿਆ, ਕਾਦੰਬਨੀ ਵਰਗੇ ਹਿੰਦੀ ਸਾਹਿਤਕ ਪਰਚੇ ਘਰ ਆਉਂਦੇ ਸਨ, ਮੈਂ ਪੜ੍ਹਦੀ ਰਹਿੰਦੀ, ਹੋਰ ਉਸਾਰੂ ਸਾਹਿਤ ਨਾਲ ਜੁੜਦੀ ਗਈ। ਚੁੱਪ ਰਹਿਣਾ ਤੇ ਪੜ੍ਹਦੇ ਰਹਿਣਾ ਮੇਰੀ ਆਦਤ ਬਣ ਗਈ। ਕੁਝ ਚਿਰ ਮਗਰੋਂ ਮੇਰੇ ਪ੍ਰੇਮ ਪ੍ਰਸੰਗ ਦੀ ਘਰ 'ਚ ਚਰਚਾ ਬੰਦ ਹੋ ਗਈ, ਮਹੌਲ ਆਮ ਵਰਗਾ ਹੋਣ ਲੱਗਿਆ। ਮੇਰੀ ਲਗਾਤਾਰ ਪੜ੍ਹਨ ਦੀ ਰੁਚੀ ਨੂੰ  ਵੇਖ ਕੇ ਹੀ ਮੇਰੇ ਭਰਾਵਾਂ ਖਾਸ ਕਰਕੇ ਸਤਨਾਮ ਵੱਲੋਂ ਪਰਿਵਾਰ ਉੱਤੇ ਮੈਨੂੰ ਮੁੜ ਪੜ੍ਹਨ ਲਈ ਪਾਏ ਗਏ ਦਬਾਅ ਕਾਰਨ ਹੀ ਮੈਂ ਮੁੜ ਹਿੰਦੀ ਸਾਹਿਤ ਦੀ ਐਮ ਏ 'ਚ ਦਾਖਲਾ ਲੈ ਲਿਆ। 

ਰਾਜਨੀਤੀ ਦੀ ਚੇਟਕ ਕਿਵੇਂ ਲੱਗੀ?

ਸਾਡੇ ਘਰ ਚ ਹੀ ਰਾਜਨੀਤਕ ਮਹੌਲ ਸੀ। ਮੇਰੇ ਪਿਤਾ ਸ. ਰਤਨ ਸਿੰਘ ਭਾਰਤੀ ਕ੍ਰਾਂਤੀ ਦਲ ਦੇ ਸਰਗਰਮ ਆਗੂ ਸਨ, ਇਸ ਪਾਰਟੀ ਦੀ ਟਿਕਟ ਤੋਂ ਉਹਨਾਂ ਨੇ ਦੋ ਵਾਰ ਵਿਧਾਨ ਸਭਾ ਦੀ ਚੋਣ ਲਈ ਲੜੀ, ਜਦੋਂਕਿ ਤੀਜੀ ਵਾਰ ਕਾਂਗਰਸੀਆਂ ਨੇ ਮੇਰੇ ਪਿਤਾ ਜੀ ਦਾ ਐਕਸੀਡੈਂਟ ਕਰਵਾ ਦਿੱਤਾ। ਜਿਸ ਵਿੱਚ ਸਿਰ ਤੇ ਸੱਟ ਲੱਗਣ ਕਾਰਨ ਉਹਨਾਂ ਦਾ ਦਿਮਾਗੀ ਸੰਤੁਲਨ ਵਿਗੜ ਗਿਆ। ਘਰ ਵਿੱਚ ਲਗਾਤਾਰ ਰਾਜਨੀਤਕ ਚਰਚਾ ਚੱਲਣ ਕਾਰਨ ਮੇਰੀ ਰਾਜਨੀਤੀ ਵਿਚ ਡੂੰਘੀ ਦਿਲਚਸਪੀ ਬਣਦੀ ਗਈ, ਪਰ ਮੈਂ ਕਦੇ ਵੀ ਪਿਤਾ ਜੀ ਦੀ ਪਾਰਟੀ ਰਾਜਨੀਤੀ ਨਾਲ ਸਹਿਮਤ ਨਾ ਹੋ ਸਕੀ।

ਤੁਹਾਡਾ ਖੱਬੀ ਰਾਜਨੀਤੀ ਨਾਲ ਜੁੜਣ ਦਾ ਸਬੱਬ ਕਿਵੇਂ ਬਣਿਆ?

ਗੋਰਖਪੁਰ ਵਿੱਚ ਇੱਕ ਸਿਲਸਿਲਾ ਨਾਟਕ ਮੰਚ ਚਲਦਾ ਸੀ, ਇਸ ਵਿੱਚ ਇਕ ਲੜਕੀ ਕੰਮ ਕਰਦੀ ਸੀ, ਸਵਿਤਾ ਤਿਵਾੜੀ, ਇੱਕ ਦਿਨ ਸਵਿਤਾ ਯੂਨੀਵਰਸਿਟੀ ਅੰਦਰ ਜਾਗ੍ਰਿਤ ਮਹਿਲਾ ਪ੍ਰੀਸ਼ਦ ਨਾਮ ਦੀ ਜਥੇਬੰਦੀ ਬਣਾਉਣ ਲਈ ਮੇਰੀ ਕਲਾਸ ਦੀਆਂ ਲੜਕੀਆਂ  ਨੂੰ ਕਹਿਣ ਆਈ, ਮੈਂ ਪੁੱਛ ਲਿਆ, ਕੀ ਮੈਂ ਵੀ ਮੀਟਿੰਗ ਵਿੱਚ ਆ ਸਕਦੀ ਹਾਂ?

ਹਾਂ ਵਿੱਚ ਜੁਆਬ ਮਿਲਿਆ, ਤਾਂ ਮੈਂ ਵੀ ਮੀਟਿੰਗ ਵਿਚ ਚਲੀ ਗਈ, ਮੈਨੂੰ ਗੱਲਬਾਤ ਚੰਗੀ ਲੱਗੀ, ਤੇ ਜਿਸ ਕਰਕੇ ਮੈਂ ਜਾਗ੍ਰਿਤੀ ਮਹਿਲਾ ਪ੍ਰੀਸ਼ਦ ਦੀ ਮੈਂਬਰ ਬਣ ਗਈ। ਬੱਸ ਉਹ ਦਿਨ ਤੇ ਆਹ ਦਿਨ…।

ਤੁਸੀ ਸੀ ਪੀ ਆਈ ਐਮ ਐਲ ਲਿਬਰੇਸ਼ਨ ਨਾਲ ਕਦੋਂ ਜੁੜੇ?

ਅਸਲ ਵਿੱਚ ਜਾਗ੍ਰਿਤੀ ਮਹਿਲਾ ਪ੍ਰੀਸ਼ਦ ਵਿਚਾਰਧਾਰਕ ਤੌਰ ਤੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਨਾਲ ਜੁੜੀ ਹੋਈ ਜਥੇਬੰਦੀ ਸੀ, ਜਿਸਦਾ  ਮੈਨੂੰ ਬਾਅਦ ਵਿੱਚ ਪਤਾ ਲੱਗਿਆ, ਉਸ ਸਮੇਂ ਪਾਰਟੀ ਅੰਡਰਗਰਾਊਂਡ ਸੀ ਅਤੇ ਇੰਡੀਅਨ ਪੀਪਲਜ਼ ਫਰੰਟ ਇਸ ਦਾ ਖੁੱਲਾ ਫਰੰਟ ਸੀ। ਮੈਂ ਪ੍ਰੀਸ਼ਦ ਰਾਹੀਂ 1983-84 ਚ ਆਈ ਪੀ ਐਫ ਦੀ ਅਤੇ 1986 ਚ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੀ ਮੈਂਬਰ ਬਣ ਗਈ ਸੀ। 

ਤੁਸੀਂ ਸਰਗਰਮ ਸਿਆਸਤ ਚ ਕਦੋਂ ਆਏ?

ਜਦੋਂ ਮੈਂ ਗੋਰਖਪੁਰ ਯੂਨੀਵਰਸਿਟੀ ਵਿੱਚ ਐਮ ਏ ਹਿੰਦੀ ਸਾਹਿਤ ਕਰ ਰਹੀ ਸੀ, ਉਸ ਸਮੇਂ ਭਾਵੇਂ ਜਾਗ੍ਰਿਤੀ ਮਹਿਲਾ ਪ੍ਰੀਸ਼ਦ ਰਾਹੀਂ ਆਈ ਪੀ ਐਫ ਨਾਲ ਜੁੜ ਚੁੱਕੀ ਸੀ, ਲੇਕਿਨ ਸਰਗਰਮ ਰਾਜਨੀਤੀ ਚ ਲੈ ਕੇ ਆਉਣ ਦਾ ਸਿਹਰਾ ਅਜਾ਼ਦੀ ਘੁਲਾਟੀਏ ਕਾਮਰੇਡ ਰਾਮਬਲੀ ਪਾਂਡੇ ਨੂੰ ਜਾਂਦਾ ਹੈ। ਉਹ ਮੈਨੂੰ ਆਪਣੀ ਮੋਪਿਡ ਤੇ ਬਿਠਾ ਕੇ ਪਿੰਡਾਂ ਚ ਮੀਟਿੰਗਾਂ ਕਰਵਾਉਣ ਲੈ ਜਾਂਦੇ। ਮੇਰੇ ਇਸ ਤਰਾਂ ਮੀਟਿੰਗਾਂ ਕਰਵਾਉਣ ਜਾਣ, ਉਹ ਵੀ ਇਕ ਮਰਦ ਸਾਥੀ ਨਾਲ ਇਕੱਲਿਆਂ ਜਾਣ ਕਾਰਨ ਘਰ ਚ ਹੰਗਾਮਾ ਹੋ ਗਿਆ, ਮੈਂ ਘਰ ਛੱਡ ਕੇ ਕਿਸੇ ਮਹਿਲਾ ਕਾਮਰੇਡ, ਸ਼ਾਇਦ ਸਵਿਤਾ ਤਿਵਾੜੀ ਦੇ ਘਰ ਰਹਿਣ ਲੱਗ ਪਈ। ਇਨਕਲਾਬੀ ਵਿਚਾਰਾਂ ਦੀ ਲੱਗੀ ਸਰਗਰਮ ਚੇਟਕ ਨੇ ਮੈਨੂੰ ਘਰ ਬਾਰ ਛੱਡ ਕੇ ਪੇਸ਼ੇਵਰ ਇਨਕਲਾਬੀ ਬਣਨ ਵੱਲ ਤੋਰ ਦਿੱਤਾ।

ਕੀ ਘਰ ਵਿੱਚ ਤੁਹਾਡੇ ਵਿਚਾਰਾਂ ਦਾ ਕਿਸੇ ਨੇ ਸਮਰਥਨ ਕੀਤਾ?

ਘਰ ਵਿੱਚ ਰਾਜਨੀਤਕ ਮਹੌਲ ਹੋਣ ਸਦਕਾ, ਰਾਜਨੀਤਕ ਸੂਝ ਤਾਂ ਸਭ ਨੂੰ ਸੀ, ਮੇਰੇ ਵਿਚਾਰਾਂ ਨੂੰ ਵੀ ਜਾਣਦੇ ਸਨ, ਪਰ ਪੂਰਾ ਪਰਿਵਾਰ ਮੇਰੇ ਨਕਸਲੀ ਲਹਿਰ ਨਾਲ ਜੁੜਨ ਕਾਰਨ ਡਰਦਾ ਸੀ। ਮਾਂ ਦਾ ਝੁਕਾਅ ਮੇਰੇ ਪੱਖ ਚ ਹੁੰਦਾ, ਪਰ ਸਮਾਜ ਦੀ ਪਿਛਾਖੜੀ ਸੋਚ ਤੇ ਸਮਾਜਿਕ ਦਾਬਾ ਮੇਰੀ ਮਾਂ ਦੇ ਮੇਰੇ ਪੱਖੀ ਵਿਚਾਰਾਂ ਨੂੰ ਖੁੱਲੇਆਮ ਉਜਾਗਰ ਕਰਨ ਤੋਂ ਰੋਕ ਦਿੰਦਾ। ਫੇਰ ਵੀ ਤਮਾਮ ਵਿਰੋਧਾਂ ਦੇ ਬਾਵਜੂਦ ਮੈਂ ਆਪਣੇ ਵਿਚਾਰਾਂ ਤੇ ਅਡੋਲ ਰਹੀ। ਕੁਝ ਸਮੇਂ ਬਾਅਦ ਮਾਂ ਦੀ ਮੌਤ ਹੋ ਗਈ। ਉਸ ਸਮੇਂ ਮੇਰੇ ਨਾਲ ਦੁੱਖ ਵੰਡਾਉਣ ਲਈ ਕਾਮਰੇਡ ਕ੍ਰਿਸ਼ਨਾ ਅਧਿਕਾਰੀ ਤੇ ਹੋਰ ਪਾਰਟੀ ਆਗੂ ਸਾਡੇ ਘਰ ਪੁੱਜੇ, ਲੀਡਰਾਂ ਦੇ ਘਰ ਆਉਣ ਜਾਣ ਨਾਲ ਪਰਿਵਾਰ ਪ੍ਰਭਾਵਿਤ ਹੋਇਆ ਤੇ ਮੈਨੂੰ ਵੀ ਕਹਿਣ ਲੱਗ ਪਏ ਕਿ ਆਪਣੀ ਘੋਕੇ ਤਾਂ ਲੀਡਰ ਬਣ ਗਈ ਹੈ।

ਘੋਕੇ ਮਤਲਬ?

ਘੋਕੇ ਮੇਰਾ ਘਰੇਲੂ ਨਾਂ ਹੈ, ਮੇਰੇ ਸੰਗੀ ਸਾਥੀ ਤੇ ਵਿਦਿਆਰਥੀ ਮੈਨੂੰ ਅਕਸਰ ਏਸੇ ਨਾਂ ਨਾਲ ਬੁਲਾਉਂਦੇ ਸਨ। 

ਕਾਮਰੇਡ ਜੀ, ਤੁਸੀਂ ਕਮਿਊਨਿਸਟ ਪਾਰਟੀ ਨਾਲ ਲਗਭਗ ਉਸ ਦੌਰ 'ਚ ਜੁੜੇ ਜਦੋਂ ਸੋਵੀਅਤ ਸੰਘ ਦੇ ਪਤਨ ਨਾਲ ਮਾਰਕਸਵਾਦ ਦਾ ਅੰਤ ਪ੍ਰਚਾਰਿਆ ਜਾ ਰਿਹਾ ਸੀ, ਇਸ ਪ੍ਰਚਾਰ ਨੂੰ ਤੁਸੀਂ ਕਿਵੇਂ ਲਿਆ?

ਪਹਿਲੀ ਗੱਲ ਮਾਰਕਸਵਾਦ ਇਕ ਵਿਗਿਆਨਕ ਵਿਚਾਰਧਾਰਾ ਹੈ, ਤੇ ਵਿਗਿਆਨ ਦਾ ਕਦੇ ਅੰਤ ਨਹੀ ਹੁੰਦਾ, ਦੂਜੀ ਗੱਲ ਦੋ ਧਰੂਵੀ ਸੰਸਾਰ ਅੰਦਰ ਸਾਮਰਾਜਵਾਦ ਦੇ ਖਿਲਾਫ ਸੋਵੀਅਤ ਸੰਘ ਦਾ ਸਮਾਜਵਾਦੀ ਮਾਡਲ ਇੱਕ ਚੁਣੌਤੀ ਸੀ, ਇਸ ਚੁਣੌਤੀ ਅਤੇ ਸਮਾਜਵਾਦੀ ਮਾਡਲ ਨੂੰ ਤਹਿਸ ਨਹਿਸ ਕਰਨ ਲਈ ਸਾਰੇ ਸਾਮਰਾਜੀ ਅਤੇ ਪਿਛਾਖੜੀ ਦੇਸ਼ ਇੱਕਜੁਟ ਸਨ। ਤੀਜੀ ਗੱਲ ਕਾਮਰੇਡ ਲੈਨਿਨ ਅਤੇ ਸਟਾਲਿਨ ਦੀ ਮੌਤ ਤੋਂ ਬਾਅਦ ਆਈ ਲੀਡਰਸ਼ਿਪ ਹੀ (ਖਰੁਸ਼ਚੋਵ ਵਰਗੇ) ਮਾਰਕਸਵਾਦੀ ਫਲਸਫੇ ਤੋਂ ਥਿੜਕੀ ਸੀ ਨਾ ਕਿ ਮਾਰਕਸਵਾਦ ਦੀ ਸਾਰਥਿਕਤਾ ਖਤਮ ਹੋਈ ਸੀ, ਬਾਕੀ ਮੈਂ ਭਾਰਤ ਦੀ ਕਮਿਊਨਿਸਟ ਪਾਰਟੀ ਨਾਲ ਜੁੜੀ ਹਾਂ, ਜੋ ਕਿ ਲੋਕਾਂ ਦੀ ਬੰਦ-ਖਲਾਸੀ ਲਈ ਜੱਦੋ ਜਹਿਦ ਕਰ ਰਹੀ ਹੈ। ਸਾਮਰਾਜੀ ਨੀਤੀਆਂ ਖਿਲਾਫ ਜੋ ਲਗਾਤਾਰ ਸੰਘਰਸ਼ ਉੱਠ ਰਹੇ ਹਨ, ਇਹ ਕਮਿਊਨਿਸਟ ਲਹਿਰ ਲਈ ਹਾਂ ਪੱਖੀ ਵਰਤਾਰਾ ਹੈ।

ਕੀ ਉਸ ਸਮੇਂ ਇੰਡੀਅਨ ਪੀਪਲਜ਼ ਫਰੰਟ ਨੂੰ ਭੰਗ ਕਰਨਾ ਤੇ ਪਾਰਟੀ ਨੂੰ ਸਾਹਮਣੇ ਲਿਆਉਣਾ ਦਰੁਸਤ ਫੈਸਲਾ ਸੀ?

ਬਿਲਕੁਲ ਠੀਕ ਸੀ। ਜਦੋਂ ਰੂਸ ਦੇ ਪਤਨ ਤੋਂ ਬਾਅਦ ਕਮਿਊਨਿਸਟ ਵਿਚਾਰਧਾਰਾ ਦਾ ਅੰਤ ਦਰਸਾਇਆ ਜਾ ਰਿਹਾ ਸੀ ਅਤੇ ਸੀ ਪੀ ਆਈ ਤੇ ਸੀ ਪੀ ਐਮ ਵਰਗੀਆਂ ਸੋਧਵਾਦੀ ਪਾਰਟੀਆਂ ਡਿਫੈਂਸਿਵ ਹੋ ਕੇ ਪਾਰਟੀ ਦਾ ਨਾਮ ਤੱਕ ਬਦਲਣ ਬਾਰੇ ਸੋਚ ਰਹੀਆਂ ਸਨ, ਪੂਰੀ ਦੁਨੀਆ ਚ ਕਾਮਰੇਡਾਂ ਖਿਲਾਫ ਮਹੌਲ ਸਿਰਜਿਆ ਜਾ ਰਿਹਾ ਸੀ, ਉਸ ਦੌਰ ਵਿੱਚ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਸਾਹਮਣੇ ਆ ਕੇ ਮਾਰਕਸਵਾਦ, ਲੈਨਿਨਵਾਦ ਦਾ ਝੰਡਾ ਬੁਲੰਦ ਕਰਨਾ ਕਾਫੀ ਦਲੇਰੀ ਤੇ ਦ੍ਰਿੜਤਾ ਭਰਿਆ ਕੰਮ ਸੀ।


ਦੂਜਾ, ਨਕਸਲੀ ਲਹਿਰ ਤੇ ਹੋਏ ਹਕੂਮਤੀ ਜਬਰ ਤੋਂ ਬਾਅਦ ਖਿੰਡ ਪੁੰਡ ਗਈ ਅਤੇ ਪਾਟੋਧਾੜ ਦਾ ਸ਼ਿਕਾਰ ਹੋਈ ਲਹਿਰ ਨੂੰ ਮੁੜ ਪੈਰਾਂ ਸਿਰ ਤੇ ਇਕਜੁਟ ਕਰਨ ਦੇ ਉਦੇਸ਼ ਨਾਲ ਹੀ ਇੰਡੀਅਨ ਪੀਪਲਜ਼ ਫਰੰਟ ਦੀ ਸਥਾਪਨਾ ਕੀਤੀ ਗਈ ਸੀ, ਕਾਫੀ ਹੱਦ ਤੱਕ ਆਈ ਪੀ ਐਫ ਆਪਣੇ ਮਿਸ਼ਨ ਚ ਸਫਲ ਰਿਹਾ। ਆਈ ਪੀ ਐਫ ਤੇ ਚਲਦਿਆਂ ਹੀ ਵਿਲੋਪਵਾਦ (ਖਾਤਮੇਵਾਦ) ਵਰਗੇ ਵਿਚਾਰ ਆਏ, ਜਿਹਨਾਂ ਖਿਲਾਫ ਸਖਤੀ ਨਾਲ ਨਜਿੱਠਿਆ ਗਿਆ, ਵਿਲੋਪਵਾਦ ਖਿਲਾਫ ਚੱਲੀ ਮੁਹਿੰਮ ਦੌਰਾਨ ਹੀ ਪਾਰਟੀ ਨੂੰ ਆਪਣਾ ਇੱਕ ਸੀਨੀਅਰ ਲੀਡਰ ਵੀ ਕੱਢਣਾ ਪਿਆ ਸੀ। 

ਕੀ ਤੁਸੀਂ ਪਾਰਟੀ ਦੇ ਚੋਣਾਂ ਲੜਨ ਦੇ ਫੈਸਲੇ ਨਾਲ ਸਹਿਮਤ ਹੋ?

ਬੇਸ਼ੱਕ ਪਾਰਟੀ ਹਥਿਆਰਬੰਦ ਇਨਕਲਾਬ ਦੀ ਡਟਵੀਂ ਹਾਮੀ ਹੈ, ਪਰ ਜਿਸ ਦੇਸ਼ ਅੰਦਰ ਵੱਖ ਵੱਖ ਧਰਮਾਂ, ਜਾਤਾਂ, ਨਸਲਾਂ, ਭਾਸ਼ਾਵਾਂ, ਤੇ ਰੰਗਾਂ ਦੇ ਲੋਕ ਹੋਣ ਅਤੇ ਉਹਨਾਂ ਨੂੰ ਸਮੌਣ ਵਾਲੀ ਇੱਕ ਪਾਰਲੀਮੈਂਟ ਹੋਵੇ, ਫੇਰ ਤੁਸੀਂ ਭਲਾ ਚੋਣਾਂ ਨੂੰ ਨਜ਼ਰਅੰਦਾਜ਼ ਕਿਵੇਂ ਕਰ ਸਕਦੇ ਹੋ। ਸਵਾਲ ਇਹ ਨਹੀ ਕਿ ਤੁਸੀਂ ਚੋਣਾਂ ਲੜਦੇ ਹੋ ਜਾਂ ਬਾਈਕਾਟ ਕਰਦੇ ਹੋ, ਸਵਾਲ ਇਹ ਹੈ ਕਿ ਤੁਹਾਡੇ ਵਲੋਂ ਲਿਆ ਗਿਆ ਫੈਸਲਾ ਮਾਰਕਸਵਾਦੀ/ਲੈਨਿਨਵਾਦੀ ਦ੍ਰਿਸ਼ਟੀਕੋਣ ਮੁਤਾਬਕ ਹੈ ਜਾਂ ਨਹੀਂ? ਜੇਕਰ ਤੁਸੀਂ ਮਾਰਕਸਵਾਦੀ/ਲੈਨਿਨਵਾਦੀ ਦ੍ਰਿਸ਼ਟੀਕੋਣ ਤੋਂ ਚੋਣਾਂ ਚ ਸ਼ਮੂਲੀਅਤ ਕਰਦੇ ਹੋ ਤਾਂ ਤੁਸੀਂ ਚੋਣ ਅਖਾੜੇ ਨੂੰ ਆਪਣੇ ਮਿਸ਼ਨ ਦੇ ਹੱਕ ਵਿੱਚ ਕਿਸੇ ਹੱਦ ਤੱਕ ਭੁਗਤਾਅ ਸਕਦੇ ਹੋ, ਜੇ ਨਹੀਂ ਤਾਂ ਤੁਹਾਡਾ ਹਾਲ ਵੀ ਸੀ ਪੀ ਆਈ ਤੇ ਸੀ ਪੀ ਐਮ ਵਰਗਾ ਹੀ ਹੋਵੇਗਾ।

ਤੁਸੀਂ ਬਤੌਰ ਲੀਡਰ ਕਦੋਂ ਸਾਹਮਣੇ ਆਏ?

1986 ਵਿੱਚ ਯੂ ਪੀ ਬੀਰ ਬਹਾਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਵੱਲੋਂ ਰਾਮਗੜ੍ਹ ਤਾਲ ਪ੍ਰੋਜੈਕਟ ਲਈ 1050 ਏਕੜ ਜ਼ਮੀਨ ਜਬਰੀ ਇਕਵਾਇਰ ਕਰਨ ਖਿਲਾਫ ਮਜ਼ਦੂਰਾਂ ਤੇ ਕਿਸਾਨਾਂ ਦਾ ਜ਼ਬਰਦਸਤ ਅੰਦੋਲਨ ਹੋਇਆ, ਮੈਂ ਉਸ ਸਮੇਂ ਆਈ ਪੀ ਐਫ ਦੀ ਜ਼ਿਲਾ ਕਨਵੀਨਰ ਸੀ, ਆਈ ਪੀ ਐਫ ਦੀ ਅਗਵਾਈ ਹੇਠ ਉਜਾੜੇ ਖਿਲਾਫ ਚੱਲੇ ਇਸ ਸੰਘਰਸ਼ ਦੀ ਅਗਵਾਈ ਮੈਂ ਕੀਤੀ, ਮੈਂ ਉਸ ਵਕਤ ਵਧੇਰੇ ਐਜੀਟੇਟਰ ਹੁੰਦੀ ਸੀ, ਸਰਕਾਰ ਨੇ ਇਸ ਘੋਲ ਨੂੰ ਕੁਚਲਣ ਲਈ ਹਰ ਤਰਾਂ ਦਾ ਵਹਿਸ਼ੀ ਜ਼ੁਲਮ ਯਤਨ ਕੀਤਾ, ਇਸ ਘੋਲ ਚ ਹੀ ਮੇਰੀ ਪਹਿਲੀ ਗ੍ਰਿਫਤਾਰੀ ਹੋਈ, ਮੈਨੂੰ ਬਗੈਰ ਲੇਡੀ ਪੁਲਸ ਦੇ ਹਵਾਲਾਤ ਚ ਰੱਖਿਆ, ਬੇਸ਼ੱਕ ਅਗਲੇ ਦਿਨ ਮੈਂ ਜ਼ਮਾਨਤ ਤੇ ਆ ਗਈ, ਪਰ ਪੁਲਸ ਇਸ ਗੱਲ ਤੋਂ ਡਰਦੀ ਰਹੀ ਕਿ ਬਗੈਰ ਲੇਡੀ ਪੁਲਸ ਦੇ ਨੌਜਵਾਨ ਕੁੜੀ ਨੂੰ ਹਵਾਲਾਤ ਚ ਰੱਖਣ ਉੱਤੇ ਕਾਮਰੇਡ ਕੋਈ ਨਵਾਂ ਬਖੇੜਾ ਨਾ ਖੜ੍ਹਾ ਕਰ ਦੇਣ। ਹਵਾਲਾਤ ਚੋਂ ਬਾਹਰ ਆ ਕੇ ਮੈਂ ਫੇਰ ਮੈਦਾਨ ਚ ਡਟ ਗਈ, ਸਮੁੱਚਾ ਰਾਮਗੜ੍ਹ ਤਾਲ ਅੰਦੋਲਨ ਮੇਰੇ ਦੁਆਲੇ ਕੇਂਦਰਿਤ ਹੋ ਗਿਆ, ਸਰਕਾਰ ਇਹ ਸਮਝ ਗਈ ਕਿ ਇਸ ਅੰਦੋਲਨ ਨੂੰ ਕੁਚਲਣ ਲਈ ਜੀਤਾ ਕੌਰ ਨੂੰ ਰੋਕਣਾ ਜ਼ਰੂਰੀ ਹੈ, ਪੁਲਸ ਨੇ ਮੇਰੇ ਖਿਲਾਫ ਹਰ ਹਥਕੰਡਾ ਵਰਤਿਆ, ਇੱਥੋਂ ਤੱਕ ਕਿ ਸਰਕਾਰ ਤੇ ਪੁਲਸ ਨੇ ਮੇਰੇ ਖਿਲਾਫ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਜੀਤਾ ਕੌਰ ਤਾਂ ਪੰਜਾਬ ਤੋਂ ਆਈ ਅੱਤਵਾਦੀ ਹੈ, ਪਰ ਪੁਲਸ ਤੇ ਸਰਕਾਰ, ਮਜ਼ਦੂਰਾਂ, ਕਿਸਾਨਾਂ ਦੇ ਇਸ ਅੰਦੋਲਨ ਨੂੰ ਕੁਚਲ ਨਾ ਸਕੀ। ਇੱਕ ਕੁਆਰੀ ਮੁਟਿਆਰ ਪੰਜਾਬੀ ਕੁੜੀ ਵਲੋਂ ਇੰਝ ਡਟ ਕੇ ਅਗਵਾਈ ਕਰਨ ਤੇ ਹਰ ਜਬਰ ਜ਼ੁਲਮ ਨਾਲ ਆਢਾ ਲਾਉਣ ਸਦਕਾ, ਮੈਂ ਯੂ ਪੀ ਵਿੱਚ ਵੱਡੀ ਚਰਚਾ ਦਾ ਵਿਸ਼ਾ ਬਣ ਗਈ ਸਾਂ, ਮੈਨੂੰ ਇਸ ਘੋਲ ਨੇ ਸਥਾਪਿਤ ਲੀਡਰ ਵਜੋਂ ਅੱਗੇ ਲਿਆਂਦਾ। ਰਾਮਗੜ੍ਹ ਦੇ ਅੰਦੋਲਨ ਤੇ ਚਲਦਿਆਂ ਹੀ ਜੂਨੀਅਰ ਡਾਕਟਰਾਂ ਦਾ ਸੰਘਰਸ਼ ਉੱਠਿਆ, ਅਤੇ ਇਕ ਪੁਲਸ ਅਧਿਕਾਰੀ ਵਲੋਂ ਹੋਲੀ ਵਾਲੇ ਦਿਨ ਸ਼ਰੇਆਮ ਇਕ ਨੌਜਵਾਨ ਨੂੰ ਗੋਲੀ ਮਾਰ ਕੇ ਕਤਲ ਕਰ ਦੇਣ ਖਿਲਾਫ ਤਿੱਖਾ ਸੰਘਰਸ਼ ਚੱਲਿਆ, ਜਿਸ ਦੀ ਅਗਵਾਈ ਏ ਵੀ ਬੀ ਪੀ ਨੇ ਕੀਤੀ, ਲੇਕਿਨ ਮੈਨੂੰ ਇਹਨਾਂ ਅੰਦੋਲਨਾਂ ਦੀ ਅਗਵਾਈ ਕਰਨ ਲਈ ਵਿਸ਼ੇਸ਼ ਤੌਰ ਤੇ ਬੁਲਾਇਆ ਜਾਂਦਾ ਰਿਹਾ। 

ਤੁਸੀਂ ਪਹਿਲੀ ਵਾਰ ਜੇਲ ਕਦੋਂ ਗਏ?

ਰਾਮਗੜ੍ਹ ਤਾਲ ਅੰਦੋਲਨ ਦੌਰਾਨ ਮੈਨੂੰ ਪੁਲਸ ਨੇ ਕਈ ਵਾਰ ਗ੍ਰਿਫਤਾਰ ਕੀਤਾ, ਇਸ ਅੰਦੋਲਨ ਦੌਰਾਨ ਹੀ ਮੈਂ ਪਹਿਲੀ ਵਾਰ ਜੇਲ ਯਾਤਰਾ ਕੀਤੀ, ਅਤੇ ਮੈਨੂੰ ਕਈ ਦਿਨ ਗੋਰਖਪੁਰ ਦੀ ਵਿਸਮਿਲ ਜੇਲ ਚ ਬੰਦ ਰੱਖਿਆ ਗਿਆ। 

ਇਸ ਅੰਦੋਲਨ ਦੌਰਾਨ ਵਾਪਰੀ ਕੋਈ ਵਿਸ਼ੇਸ਼ ਗੱਲ?

ਹਾਂ ਹੈ, ਰਾਮਗੜ੍ਹ ਤਾਲ ਅੰਦੋਲਨ ਕਾਫੀ ਲੰਮਾ ਹੋ ਗਿਆ, ਅਸੀਂ ਇਸ ਨੂੰ ਕਨੂੰਨੀ ਨੁਕਤਾ ਨਿਗਾਹ ਤੋਂ ਵੀ ਲੜਣਾ ਬਿਹਤਰ ਸਮਝਿਆ, ਇਸ ਲਈ ਅਸੀਂ ਕਾਮਰੇਡ ਸਵਿਤਾ ਤਿਵਾੜੀ ਐਡਵੋਕੇਟ ਦੀ ਮਦਦ ਲਈ, ਲੇਕਿਨ ਕੁਝ ਸਮੇਂ ਬਾਅਦ ਕਨੂੰਨੀ ਲੜਾਈ ਲੜਨ ਲਈ ਉਸ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ, ਹੌਲੀ ਹੌਲੀ ਪੈਸਾ ਉਸ ਦੀ ਕਮਜ਼ੋਰੀ ਬਣ ਗਿਆ ਤੇ ਆਖਰ ਉਸ ਦਾ ਵਿਚਾਰਧਾਰਕ ਪਤਨ ਹੋ ਗਿਆ। 

ਤੁਸੀਂ ਕਿਹੜੀਆਂ  ਕਿਹੜੀਆਂ ਸਟੇਟਾਂ ਵਿੱਚ ਕੰਮ ਕੀਤਾ?

ਮੈਂ ਇੰਡੀਅਨ ਪੀਪਲਜ਼ ਫਰੰਟ ਦੀ ਗੋਰਖਪੁਰ ਜ਼ਿਲੇ ਦੀ ਕਨਵੀਨਰ ਸੀ, ਲੇਕਿਨ ਜਲਦੀ ਹੀ ਮੇਰੀਆਂ ਸਰਗਰਮੀਆਂ ਨੂੰ ਵੇਖਦਿਆਂ ਮੈਨੂੰ ਆਈ ਪੀ ਐਫ ਦੀ ਸੂਬਾ ਸਕੱਤਰ ਬਣਾ ਲਿਆ ਗਿਆ, ਮੈਂ ਲਖਨਊ ਰਹਿਣ ਲੱਗ ਪਈ, ਇੱਥੇ ਹੀ ਮੇਰਾ ਸੰਪਰਕ ਕਾਮਰੇਡ ਅਜੰਤਾ ਲੋਹਿਤ ਨਾਲ ਹੋਇਆ, ਜਿਸ ਨੂੰ ਮੈਂ ਪਰੇਰ ਕੇ ਪਾਰਟੀ ਚ ਲੈ ਆਂਦਾ, ਜੋ ਬਾਅਦ ਚ ਪਾਰਟੀ ਦੇ ਪ੍ਰਮੁੱਖ ਲੀਡਰ ਬਣੇ, (ਕਾਮਰੇਡ ਅਜੰਤਾ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਕਾਰਨ ਕਾਮਰੇਡ ਜੀਤਾ ਕੌਰ ਤੋਂ ਇਕ ਮਹੀਨਾ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਸਨ।)

ਉੱਤਰ ਪ੍ਰਦੇਸ਼ ਵਿਚ ਔਰਤਾਂ ਨੂੰ ਜਥੇਬੰਦ ਕਰਨ ਦਾ ਵੱਡਾ ਕੰਮ ਆਪਣੇ ਹੱਥ ਲਿਆ ਅਤੇ ਆਲ ਇੰਡੀਆ ਪ੍ਰੋਗਰੈਸਿਵ ਐਸੋਸੀਏਸ਼ਨ (ਏਪਵਾ) ਨੂੰ ਜਥੇਬੰਦ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ, ਤੇ 1992 ਵਿੱਚ ਸੂਬਾ ਕਾਨਫਰੰਸ ਕੀਤੀ। ਇਸ ਤੋਂ ਬਾਅਦ ਏਪਵਾ ਦੀ ਕੌਮੀ ਕਾਨਫਰੰਸ ਹੋਣੀ ਸੀ, ਏਪਵਾ ਆਗੂ ਕਾਮਰੇਡ ਕੁਮੁਦਨੀਪਤੀ ਦੇ ਗਰਭਵਤੀ ਹੋਣ ਕਾਰਨ ਇਸ ਕਾਨਫਰੰਸ ਦੀ ਤਿਆਰੀ ਲਈ ਮੈਨੂੰ ਦਿੱਲੀ ਬੁਲਾ ਲਿਆ ਗਿਆ, ਕਾਨਫਰੰਸ ਦੌਰਾਨ ਮੈਨੂੰ ਏਪਵਾ ਦੀ ਕੌਮੀ ਪ੍ਰਚਾਰ ਸਕੱਤਰ ਚੁਣ ਲਿਆ ਗਿਆ, ਜਿਸ ਕਰਕੇ ਮੇਰਾ ਦਿੱਲੀ ਰੁਕਣਾ ਜ਼ਰੂਰੀ ਹੋ ਗਿਆ, ਮੈਂ 1994-2001 ਤੱਕ ਦਿੱਲੀ ਰਹੀ। ਇਸ ਸਮੇਂ ਦੌਰਾਨ ਮੈਂ ਪੱਛਮੀ ਤੇ ਪੂਰਵੀ ਦਿੱਲੀ ਵਿੱਚ ਪਾਰਟੀ ਲਈ ਕੰਮ ਕੀਤਾ, ਤੇ ਔਰਤਾਂ ਨੂੰ ਲਾਮਬੰਦ ਕਰਨ ਲਈ ਜਿ਼ੰਮੇਵਾਰੀ ਸੰਭਾਲੀ, ਲੇਕਿਨ ਇਸ ਤੋਂ ਬਾਅਦ ਜਨਰਲ ਸਕੱਤਰ ਦੇ ਸੁਝਾਅ ਤੇ ਮੈਨੂੰ ਪੰਜਾਬ ਭੇਜ ਦਿੱਤਾ ਗਿਆ।

ਕੀ ਤੁਸੀਂ ਵਾਰ ਵਾਰ ਥਾਵਾਂ ਅਤੇ ਜ਼ੁੰਮੇਵਾਰੀਆਂ ਬਦਲਣ ਦੇ ਫੈਸਲੇ ਨਾਲ ਸਹਿਮਤ ਸੀ?

ਮੈਂ ਵਾਰ ਵਾਰ ਸਥਾਨ ਤੇ ਡਿਊਟੀਆਂ ਬਦਲਣ ਨਾਲ ਸਹਿਮਤ ਨਹੀ ਸੀ, ਮੈਂ ਯੂ ਪੀ ਅੰਦਰ ਏਪਵਾ ਨੂੰ ਜਥੇਬੰਦ ਕੀਤਾ, ਤੇ ਮੇਰੀ ਸਟੇਟ ਚ ਬਤੌਰ ਜਨਤਕ ਲੀਡਰ ਵਾਲੀ ਪਛਾਣ ਵੀ ਬਣ ਗਈ ਸੀ, ਮੈਂ ਯੂ ਪੀ ਵਿੱਚ ਵਧੀਆ ਢੰਗ ਨਾਲ ਕੰਮ ਕਰ ਸਕਦੀ ਸੀ, ਪਰ ਮੇਰੀ ਡਿਊਟੀ ਦਿੱਲੀ ਲਾ ਦਿੱਤੀ ਗਈ, ਜੇ ਦਿੱਲੀ ਚ ਕੰਮ ਤੋਰਿਆ ਤਾਂ ਡਿਊਟੀ ਬਦਲ ਕੇ ਪੰਜਾਬ ਭੇਜ ਦਿੱਤਾ ਗਿਆ, ਵਿਅਕਤੀ ਜਿੱਥੇ ਰਹਿੰਦਾ ਹੈ, ਕੰਮ ਕਰਦਾ ਤੇ ਪਹਿਚਾਣ ਬਣਾਉਂਦਾ ਹੈ, ਓਥੇ ਬਿਹਤਰ ਨਤੀਜੇ ਕੱਢ ਸਕਦਾ ਹੈ, ਪਰ ਪਾਰਟੀ ਮੈਨੂੰ ਸ਼ਾਇਦ ਆਰਗੇਨਾਈਜ਼ਰ ਦੀ ਭੂਮਿਕਾ ਚ ਵੇਖਦੀ ਸੀ, ਤੇ ਪਾਰਟੀ ਫੈਸਲਾ ਮੇਰੇ ਵੱਖ ਵੱਖ ਥਾਵਾਂ ਤੇ ਕੰਮ ਕਰਨ ਦੀ ਮੰਗ ਕਰਦਾ ਸੀ। ਨਾਲੇ ਜਦੋਂ ਤੁਸੀਂ ਇਨਕਲਾਬੀ ਕਮਿਊਨਿਸਟ ਹੋ ਤਾਂ ਹਰ ਫੈਸਲੇ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਲਈ ਸਹਿਮਤ ਅਸਹਿਮਤ ਹੋਣ ਦਾ ਮਤਲਬ ਹੀ ਨਹੀਂ। ਬਾਕੀ, ਵਿਅਕਤੀ ਨਾਲੋਂ ਪਾਰਟੀ ਬਿਹਤਰ ਢੰਗ ਨਾਲ ਸੋਚ ਸਕਦੀ ਹੈ ਕਿ ਕੌਣ ਕਿੱਥੇ ਢੁਕਵਾਂ ਤੇ ਯੋਗ ਹੈ।

ਇੱਕ ਸੋਹਣੀ ਸੁਨੱਖੀ ਕੁਆਰੀ ਕੁੜੀ ਹੋਣ ਕਾਰਨ ਤੁਹਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ?

ਸਮੱਸਿਆਵਾਂ ਤਾਂ ਕੁੜੀਆਂ ਨਾਲ ਜੁੜੀਆਂ ਹੀ ਹੋਈਆਂ ਹਨ, ਔਰਤਾਂ ਪ੍ਰਤੀ ਸਮਾਜ ਦਾ ਨਜ਼ਰੀਆ ਦਰੁਸਤ ਨਹੀਂ। ਮੈਂ ਸ਼ੁਰੂ ਤੋਂ ਹੀ ਕਦੇ ਵੀ ਕਿਤੇ ਵੀ ਇਕੱਲੀ ਜਾਣ ਲਈ ਹਿਚਕ ਨਹੀ ਵਿਖਾਈ, ਬਹੁਤੀ ਵਾਰ ਇਕੱਲੀ ਨੂੰ ਵੇਖ ਕੇ ਲੋਕ ਗਲਤ ਹਰਕਤਾਂ ਵੀ ਕਰਦੇ, ਪਾਰਟੀ ਅੰਦਰ ਵੀ ਬਹੁਤ ਸਾਰੇ ਕਾਮਰੇਡਾਂ ਨੇ ਮੇਰੇ ਨਾਲ ਨਿੱਜੀ ਨੇੜਤਾ ਬਣਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਮੈਂ ਆਪਣੇ ਵਿਚਾਰਾਂ ਤੇ ਅਡੋਲ ਰਹੀ। ਮੇਰੇ ਹੱਕ ਵਿੱਚ ਇੱਕ ਇਹ ਜਾਂਦੀ ਸੀ ਕਿ ਮੇਰੇ ਵਾਲ ਉਮਰ ਤੋਂ ਪਹਿਲਾਂ ਚਿੱਟੇ ਹੋ ਗਏ, ਜਿਸ ਕਾਰਨ ਹਰ ਕੋਈ ਝਿਜਕਦਾ ਵੀ ਸੀ। ਮੈਂ ਪਾਰਟੀ ਦਫਤਰਾਂ ਤੇ ਕਾਮਰੇਡਾਂ ਦੇ ਘਰਾਂ ਚ ਵੀ ਰਹੀ ਹਾਂ, ਜਿੱਥੇ ਮੈਂ ਰਸੋਈ ਚ ਸਿਰਫ ਔਰਤਾਂ ਦੇ ਕੰਮ ਕਰਨ ਦੀ ਪ੍ਰਵਿਰਤੀ ਖਿਲਾਫ ਲੜੀ, ਓਥੇ ਮੈਨੂੰ ਕਈ ਕਾਮਰੇਡਾਂ ਦੇ ਘਰਾਂ ਚੋਂ `ਨਾਲੇ ਘਰੋਂ ਖਵਾਇਆ, ਨਾਲੇ ਭੜੂਆ ਅਖਵਾਇਆ`, ਵਰਗੇ ਸ਼ਬਦ ਵੀ ਸੁਣਨੇ ਪਏ। 

ਕੀ ਕਦੇ ਵਿਆਹ ਨਾ ਕਰਵਾਉਣ ਦੇ ਫੈਸਲੇ ਤੇ ਪਛਤਾਵਾ ਨਹੀਂ ਹੋਇਆ?

ਨਹੀਂ, ਕਦੇ ਨਹੀਂ। ਜਿਸ ਨੂੰ ਚਾਹਿਆ, ਉਹ ਹੋ ਨਾ ਸਕਿਆ, ਦੂਸਰੇ ਬਾਰੇ ਮੈਂ ਮੁੜ ਕੇ ਕਦੇ ਨਹੀਂ ਸੋਚਿਆ, ਫੇਰ ਪਛਤਾਵਾ ਤਾਂ ਹੋਵੇ ਜੇ ਮੈਂ ਕਦੇ ਵਿਆਹ ਕਰਾਉਣਾ ਹੁੰਦਾ। ਇਸ ਸ਼ਬਦ, ਵਿਆਹ, ਨਾਲ ਘ੍ਰਿਣਾ ਜਿਹੀ ਹੋ ਗਈ ਸੀ।

ਤੁਹਾਨੂੰ ਕਠੋਰ ਤੇ ਸਖਤ ਸੁਭਾਅ ਵਾਲੀ ਲੀਡਰ ਮੰਨਿਆ ਜਾਂਦਾ ਹੈ?

ਮੇਰੇ ਲਈ ਇਹ ਧਾਰਨਾ ਗਲਤ ਹੈ, ਲੇਕਿਨ ਮੈਂ ਸਪੱਸ਼ਟ ਵਿਚਾਰਾਂ ਅਤੇ ਸਖਤ ਅਨੁਸ਼ਾਸਨ ਦੀ ਹਾਮੀ ਹਾਂ, ਅਨੁਸ਼ਾਸਨ ਭੰਗ ਕਰਨ, ਝੂਠ ਬੋਲਣ, ਕਿਸੇ ਵੀ ਨਸ਼ਾ ਕਰਨ, ਔਰਤਾਂ ਵਿਰੋਧੀ ਗਾਲਾਂ ਕਢਣ ਵਾਲਿਆਂ ਦੇ ਸਖਤ ਖਿਲਾਫ ਹਾਂ, ਇਹਨਾਂ ਸਭ ਕੁਰੀਤੀਆਂ ਦੇ ਖਿਲਾਫ ਪਾਰਟੀ ਦੇ ਅੰਦਰ ਤੇ ਬਾਹਰ ਤਿੱਖੀ ਬਹਿਸ ਚਲਾਈ ਹੈ, ਮੈਂ ਬਹੁਤੀ ਵਾਰੀ ਅਜਿਹੀਆਂ ਘਾਟਾਂ ਕਮਜ਼ੋਰੀਆਂ ਵਾਲੇ ਸਾਥੀਆਂ ਨੂੰ ਪਿਆਰ ਨਾਲ ਬਹਿ ਕੇ ਸਮਝਾਇਆ ਵੀ ਹੈ, ਬਹੁਤੇ ਸਮਝੇ, ਪਰ ਕੁਝ ਨੇ ਮੈਨੂੰ ਸਖਤ ਸੁਭਾਅ ਦੀ ਆਗੂ ਦਾ ਖਿਤਾਬ ਦੇ ਦਿੱਤਾ।

ਤੁਹਾਡਾ ਪੜ੍ਹਨ ਦਾ ਰੁਝਾਨ ਕਿੰਨਾ ਕੁ ਹੈ?

ਮੈਨੂੰ ਅਕਸਰ ਪੜ੍ਹਨ ਦੀ ਆਦਤ ਹੈ, ਇੱਕ ਦੋ ਕਿਤਾਬਾਂ ਹਮੇਸ਼ਾਂ ਮੇਰੇ ਬੈਗ ਚ ਹੁੰਦੀਆਂ ਹਨ, ਮੈਨੂੰ ਜਿੱਥੇ ਵੀ ਵਕਤ ਮਿਲਦਾ ਹੈ ,ਮੈਂ ਪੜ੍ਹਨ ਦੀ ਕੋਸ਼ਿਸ਼ ਕਰਦੀ ਹਾਂ, ਭਾਵੇਂ ਬੱਸ, ਰੇਲ ਦਾ ਸਫਰ ਹੋਵੇ ਜਾਂ ਕਿਸੇ ਦਾ ਘਰ। 

ਤੁਸੀਂ ਪੰਜਾਬ ਕਦੋਂ ਆਏ ਤੇ ਕਿਸ ਭੂਮਿਕਾ ਵਿੱਚ ਰਹੇ?

ਮੈਂ 2001 ਵਿੱਚ ਪੰਜਾਬ ਆਈ ਤੇ ਹੁਣ ਤੱਕ ਇੱਥੇ ਹੀ ਹਾਂ, ਲੇਕਿਨ ਮੈਂ ਇਸ ਤੋਂ ਪਹਿਲਾਂ ਹੀ ਪੰਜਾਬ ਆਉਂਦੀ ਰਹੀ ਹਾਂ, ਮਹਿਲ ਕਲਾਂ ਦੇ ਕਿਰਨਜੀਤ ਕਾਂਡ ਖਿਲਾਫ ਸੰਘਰਸ਼ ਵਿੱਚ ਮੈਂ ਸ਼ਾਮਲ ਰਹੀ ਹਾਂ, ਮੈਂ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥ ਖਿਲਾਫ ਜਲਿਆਂਵਾਲਾ ਕਾਂਡ ਦੀ ਮਾਫੀ ਨੂੰ ਲੈ ਕੇ ਹੋਏ ਨਕਸਲੀ ਧਿਰਾਂ ਦੇ ਸਾਂਝੇ ਪ੍ਰਦਰਸ਼ਨ ਵਿਚ ਸ਼ਮੂਲੀਅਤ ਕੀਤੀ ਅਤੇ 1998 ਵਿੱਚ ਲੁਧਿਆਣੇ ਤੋਂ ਪਾਰਲੀਮੈਂਟ ਸੀਟ ਵੀ ਲੜੀ। ਇਸ ਸਮੇਂ ਮੈਂ ਪਾਰਟੀ ਦੀ ਸੂਬਾ ਲੀਡਿੰਗ ਟੀਮ ਦੀ ਮੈਂਬਰ ਹਾਂ, ਮੁੱਖ ਰੂਪ ਚ ਮੈਂ ਪਾਰਟੀ ਆਰਗੇਨਾਈਜ਼ਰ ਦੀ ਭੂਮਿਕਾ ਨਿਭਾਈ। ਜਦੋਂ ਮੈਂ ਪੰਜਾਬ ਆਈ, ਮੈਂ ਪਾਰਟੀ ਦਫਤਰ ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿਖੇ ਰਹੀ, ਇੱਥੇ ਪਾਰਟੀ ਤਾਂ ਰਹੀ, ਲੇਕਿਨ ਢਾਂਚਾ ਬੇਹੱਦ ਕਮਜ਼ੋਰ ਸੀ, ਲੰਮਾ ਲੰਮਾ ਸਮਾਂ ਮੀਟਿੰਗਾਂ ਨਹੀ ਸੀ ਹੁੰਦੀਆਂ, ਸਭ ਤੋਂ ਪਹਿਲਾਂ ਸਾਥੀਆਂ ਦੀ ਮਦਦ ਨਾਲ ਸੂਬਾ ਹੈਡਕੁਆਟਰ ਨੂੰ ਚੁਸਤ ਦਰੁਸਤ ਕਰਨਾ ਅਤੇ ਸਮੇਂ ਸਿਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਵਾਉਣਾ ਮੇਰਾ ਨਿਸ਼ਾਨਾ ਸੀ, ਜਿਸ ਚ ਮੈਂ ਸਫਲਤਾ ਹਾਸਲ ਕੀਤੀ। ਤਮਾਮ ਸਰਗਰਮੀਆਂ ਪਾਰਟੀ ਦਫਤਰੋਂ ਸ਼ੁਰੂ ਹੋਈਆਂ। ਕਾਫੀ ਤਿੱਖੀ ਬਹਿਸ ਤੋਂ ਬਾਅਦ ਪਾਰਟੀ ਦਫਤਰ ਮੇਨਟੇਨ ਹੋਇਆ। ਬੈਂਕ ਖਾਤਾ ਮੇਰੇ ਆਉਣ ਤੋਂ ਬਾਅਦ ਹੀ ਖੁੱਲਿਆ, ਤੇ ਪਾਰਟੀ ਮੈਗਜ਼ੀਨ ਦੀ ਲੋੜ ਨੂੰ ਮਹਿਸੂਸ ਕਰਦਿਆਂ ਸਾਥੀਆਂ ਦੇ ਇਕਜੁਟ ਹੰਭਲੇ ਨਾਲ ਸਮਕਾਲੀ ਲੋਕ ਮੋਰਚਾ ਮੁੜ ਸ਼ੁਰੂ ਹੋਇਆ। ਨੌਜਵਾਨ ਆਗੂਆਂ ਦੀ ਊਰਜਾ ਦਾ ਸਹੀ ਇਸਤੇਮਾਲ ਕਰਨ ਤੇ ਉਹਨਾਂ ਨੂੰ ਵੱਖ ਵੱਖ ਭੂਮਿਕਾਵਾਂ ਚ ਖੜ੍ਹੇ ਕਰਨ ਦੀ ਇਕਜੁਟ ਕੋਸ਼ਿਸ਼ ਕੀਤੀ, ਜਿਸ ਚ ਸਫਲਤਾ ਮਿਲੀ। ਪਾਰਟੀ ਆਰਗੇਨਾਈਜ਼ਰ ਦੀ ਭੂਮਿਕਾ ਤਹਿਤ ਹੀ ਮੈਂ ਮਾਨਸਾ ਤੋਂ ਬਾਅਦ ਮੋਗਾ ਅਤੇ ਲੁਧਿਆਣਾ ਵਿਖੇ ਕੰਮ ਕੀਤਾ, ਅਤੇ  ਔਰਤਾਂ ਨੂੰ ਜਥੇਬੰਦ ਕਰਨ ਦੀ ਕੋਸ਼ਿਸ਼ ਕੀਤੀ। 

ਕੀ ਤੁਸੀਂ ਔਰਤਾਂ ਨੂੰ ਜਥੇਬੰਦ ਕਰਨ ਚ ਸਫਲ ਹੋਏ?

ਬੰਤ ਸਿੰਘ ਝੱਬਰ 

ਪੰਜਾਬ ਅੰਦਰ ਔਰਤ ਲਹਿਰ ਬਹੁਤੀ ਨਜ਼ਰ ਨਹੀਂ ਆਉਂਦੀ, ਜੋ ਸੰਗਠਨ ਕੰਮ ਵੀ ਕਰ ਰਹੇ ਨੇ, ਉਹਨਾਂ ਵਿਚ ਨਾਰੀਵਾਦੀ ਸੋਚ ਭਾਰੂ ਹੈ। ਦੂਜਾ ਪੰਜਾਬ ਅੰਦਰ ਜਗੀਰੂ ਕਦਰਾਂ ਕੀਮਤਾਂ ਭਾਰੂ ਹਨ, ਔਰਤਾਂ ਨੂੰ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਦੀ ਖੁੱਲ ਨਹੀਂ। ਘਰਾਂ ਚ ਔਰਤਾਂ ਤੇ ਨਿਰਭਰਤਾ ਹੈ, ਔਰਤ ਲਹਿਰ ਦੇ ਵਿਕਸਿਤ ਨਾ ਹੋਣ ਦਾ ਕਾਰਨ ਜਗੀਰੂ ਕਲਚਰ ਦੇ ਨਾਲ ਨਾਲ ਖਪਤ ਸਭਿਆਚਾਰ ਤੇ ਆਰਥਿਕ ਸਮੱਸਿਆ ਹੈ। ਰਾਜ ਅੰਦਰ ਔਰਤਾਂ ਦਾ ਸ਼ੋਸ਼ਣ ਹੋ ਰਿਹਾ ਹੈ। ਹਰ ਪੱਧਰ ਤੇ ਭਰੂਣ ਹੱਤਿਆਵਾਂ ਲਗਾਤਾਰ ਪੰਜਾਬ ਚ ਵਧਰ ਰਹੀਆਂ ਹਨ, ਇਸ ਲਈ ਔਰਤ ਲਹਿਰ ਦੇ ਜਾਗਰੂਕ ਤੇ ਜਥੇਬਂਦ ਹੋਣ ਦੀ ਜ਼ਰੂਰ ਹੈ। ਮੈਂ ਔਰਤਾਂ ਨੂੰ ਏਪਵਾ ਰਾਹੀਂ  ਜਥੇਬੰਦ  ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਔਰਤਾਂ ਵਿਚ ਅਗਵਾਈ ਦੇ ਸਵਾਲ ਤੇ ਪੰਜਾਬ ਦੇ ਸਾਥੀਆਂ ਨਾਲ ਮੇਰੇ ਮਤਭੇਦ ਹਨ, ਪਰ ਇਹ ਹਕੀਕਤ ਹੈ ਕਿ ਕੋਈ ਵੀ ਮਿਸ਼ਨ ਔਰਤਾਂ ਦੀ ਸ਼ਮੂਲੀਅਤ ਤੋਂ ਬਗੈਰ ਸਫਲ ਹੋ ਸਕਦਾ ਹੈ, ਤੇ ਨਾ ਹੀ ਕੋਈ ਅੰਦੋਲਨ ਜਨਤਕ ਅੰਦੋਲਨ ਬਣ ਸਕਦਾ ਹੈ। 

ਤੁਸੀਂ ਲੁਧਿਆਣਾ ਦੀਆਂ ਗੰਦੀਆਂ ਬਸਤੀਆਂ ਚ ਕੰਮ ਕੀਤਾ, ਤੁਹਾਨੂੰ ਅਜਿਹਾ ਕਰਦੇ ਸਮੇਂ ਔਖ ਤੇ ਗਲਿਆਣ ਮਹਿਸੂਸ ਨਹੀਂ ਹੋਈ?

ਕਮਿਊਨਿਸਟ ਪਾਰਟੀ ਮਜ਼ਦੂਰ ਜਮਾਤ ਦੀ ਪਾਰਟੀ ਹੁੰਦੀ ਹੈ, ਫੇਰ ਮਜ਼ਦੂਰ ਗੰਦੀਆਂ ਬਸਤੀਆਂ ਚ ਹੋਣ ਜਾਂ ਕਿਤੇ ਹੋਰ, ਮਜ਼ਦੂਰਾਂ ਚ ਕੰਮ ਕਰਨਾ ਔਖ ਤੇ ਗਲਿਆਣ ਨਹੀਂ ਮਾਣ ਦੀ ਗੱਲ ਹੈ। ਜੇਕਰ ਸਭ ਤੋਂ ਵੱਧ ਅਹਿਮ ਪਾਰਟੀ ਅੰਗ ਮਜ਼ਦੂਰਾਂ ਚ ਮੇਰੀ ਡਿਊਟੀ ਲਾਈ ਹੈ, ਤਾਂ ਏਸ ਤੋਂ ਵੱਡੀ ਖੁਸ਼ੀ ਵਾਲੀ ਗੱਲ ਕਿਹੜੀ ਹੋ ਸਕਦੀ ਹੈ। ਨਾਲੇ ਸੌਖ ਦੀ ਜ਼ਿੰਦਗੀ ਛੱਡ ਕੇ ਹੀ ਤਾਂ ਕਮਿਊਨਿਸਟ ਬਣੇ ਹਾਂ।

ਬੰਤ ਸਿੰਘ ਝੱਬਰ ਕਾਂਡ ਬਾਰੇ ਤੁਸੀਂ ਕੀ ਸਮਝਦੇ ਹੋ?

ਝੱਬਰ ਕਾਂਡ ਜਗੀਰੂ ਮਾਨਸਿਕਤਾ ਵਾਲੇ ਗੁੰਡਾ ਅਨਸਰਾਂ ਵਲੋਂ ਵਰਤਾਏ ਗਏ ਘਿਣਾਉਣੀ ਤੇ ਅਣਮਨੁਖੀ ਤਸਵੀਰ ਹੈ, ਲੇਕਿਨ ਬੰਤ ਸਿੰਘ ਇਨਸਾਫ ਤੇ ਅਣਖ ਦੀ ਲਡ਼ਾਈ ਦਾ ਪ੍ਰਤੀਕ ਹੈ, ਜਿਸ ਨੇ ਆਪਣੇ ਅੰਗ ਅੰਗ ਨੂੰ ਤਾਂ ਕਟਾ ਲਿਆ, ਲੇਕਿਨ ਮਜ਼ਦੂਰ ਜਮਾਤ ਦੀ ਅਣਖ, ਗੈਰਤ ਤੇ ਸਵੈਮਾਣ ਨੂੰ ਜਗੀਰੂ ਤੇ ਧਨਾਢ ਮਾਨਸਿਕਤਾ ਅੱਗੇ ਨੀਵਾਂ ਨਹੀਂ ਪੈਣ ਦਿੱਤਾ।  ਸੀ ਪੀ ਆਈ ਐਮ ਐਲ ਲਿਬਰੇਸ਼ਨ ਦੀ ਪਹਿਲ ਕਦਮੀ ਤੇ ਇਸ ਕਾਂਡ ਖਿਲਾਫ ਲੜਿਆ  ਗਿਆ ਲਾਮਿਸਾਲ ਅੰਦੋਲਨ, ਦੁਨੀਆ ਦੇ ਨਕਸ਼ੇ ਤੇ ਉਭਰਿਆ ਹੈ। ਮੈਂ ਇਸ ਅੰਦੋਲਨ ਚ ਸ਼ਾਮਲ ਰਹੀ ਹਾਂ, ਪੀ ਜੀ ਆਈ ਹਸਪਤਾਲ ਚ ਮੁਸ਼ਕਲ ਹਾਲਤ ਚ ਰਹਿੰਦਿਆਂ ਬੰਤ ਸਿੰਘ ਦੀ ਸੰਭਾਲ ਦੀ ਜ਼ਿਮੇਵਾਰੀ ਮੇਰੇ ਹਿੱਸੇ ਆਈ ਹੈ।

ਆਖਰੀ ਸਵਾਲ, ਤੁਹਾਨੂੰ ਪੰਜਾਬ ਚ ਕਿੱਥੇ ਜਾਣਾ ਪਸੰਦ ਹੈ?

ਜਲੰਧਰ ਗਦਰੀ ਬਾਬਿਆਂ ਦੇ ਮੇਲੇ ਤੇ, ਜਿੱਥੇ ਕਮਿਊਨਿਸਟ ਲਹਿਰ ਦਾ ਅਸਰ ਅਤੇ ਤਾਕਤ ਦੇਖਣ ਨੂੰ ਮਿਲਦੀ ਹੈ ਤੇ ਸੰਘਰਸ਼ ਦੀ ਪ੍ਰੇਰਨਾ ਮਿਲਦੀ ਹੈ। 

ਮੁਲਾਕਾਤੀ ਹਰਭਗਵਾਨ ਭੀਖੀ 

ਅੱਜਕਲ੍ਹ ਦੇ ਕਾਮਰੇਡਾਂ ਵਿਚ ਭਾਸ਼ਣ ਸੁਣਨ ਦਾ ਰਿਵਾਜ ਘੱਟ ਹੈ ਪਰ ਭਾਸ਼ਣ ਦੇਣ ਦਾ ਰਿਵਾਜ ਲਗਾਤਾਰ ਵਧ ਰਿਹਾ ਹੈ। ਇਸੇ ਤਰ੍ਹਾਂ ਪੜ੍ਹਨ ਦਾ ਰਿਵਾਜ ਘਟਦਾ ਜਾ ਰਿਹਾ ਪਰ ਆਪਣੇ ਨਾਮ ਅਤੇ ਫੋਟੋ ਵਾਲੀਆਂ  ਖਬਰਾਂ ਲਿਖ ਲਿਖ ਭੇਜਣ ਵਾਲਾ ਰਿਵਾਜ ਵਧਦਾ ਜਾ ਰਿਹਾ ਹੈ। ਦੁਨੀਆ ਭਰ ਦੇ ਮਜ਼ਦੂਰਾਂ ਨੂੰ ਇੱਕ ਹੋਣ ਦਾ ਸੱਦਾ ਦੇਣ ਵਾਲੇ ਖੁਦ ਸਿਰਫ ਆਪਣੀ ਗੱਲ ਸੁਣਾਉਣਾ ਚਾਹੁੰਦੇ ਹਨ। ਗੱਲ ਕੀ ਬਹੁਤ ਸਾਰੇ ਕਾਮਰੇਡਾਂ ਦੇ ਢੰਗ ਤਰੀਕੇ ਵੀ ਬਾਕੀ ਬੁਰਜੂਆ ਲੀਡਰਾਂ ਵਾਲੇ ਹੁੰਦੇ ਜਾ ਰਹੇ ਹਨ। ਆਪਣੇ ਆਪਣੇ ਅਹੁਦਿਆਂ, ਨਾਂਵਾਂ, ਫੰਡ ਅਤੇ ਅਖਬਾਰੀ ਕਵਰੇਜ ਵੱਲ ਹੀ ਕੇਂਦ੍ਰਿਤ ਹੁੰਦਾ ਹੈ ਉਹਨਾਂ ਦਾ ਧਿਆਨ।ਇਸ ਕਿਸਮ ਦੇ ਮੌਜੂਦਾ ਮਾਹੌਲ ਵਿੱਚ ਵੀ ਇਸ ਮੁਲਾਕਾਤ ਨੂੰ ਲਿਖਣ ਵਾਲਾ ਕਾਮਰੇਡ ਹਰਭਗਵਾਨ ਭੀਖੀ ਮੌਜੂਦਾ ਦੌਰ ਅਤੇ ਨਕਸਲਬਾੜੀ ਲਹਿਰ ਨਾਲ ਸਬੰਧਤ ਸ਼ਖਸੀਅਤਾਂ ਅਤੇ ਘਟਨਾਵਾਂ ਨੂੰ ਕਲਮਬਧ ਕਰਕੇ ਉਹਨਾਂ ਨੂੰ ਸੰਭਾਲਣ ਵਿਚ ਸਰਗਰਮ ਵਾਲੇ ਗਿਨੇਚੁਨੇ ਕਲਮਕਾਰਾਂ ਦੀ ਟੀਮ ਵਿਚ ਸ਼ਾਮਿਲ ਹੈ। 
ਕਾਮਰੇਡ ਜੀਤਾ ਕੌਰ ਨਾਲ ਕਾਮਰੇਡ ਭੀਖੀ ਦੀ ਮੁਲਾਕਾਤ ਇਸੇ ਸਿਲਸਿਲੇ ਦੀ ਹੀ ਕੜੀ ਹੈ। ਅਜਿਹੀਆਂ ਲਿਖਤਾਂ ਅਸੀਂ ਭਵਿਖ ਵਿੱਚ ਵੀ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ। ਇਸਦੇ ਨਾਲ ਹੀ ਤੁਹਾਡੇ ਸੁਝਾਵਾਂ ਅਤੇ ਵਿਚਾਰਾਂ ਦੀ ਉਡੀਕ ਵੀ ਰਹੇਗੀ ਹੀ। 
ਕਾਮਰੇਡ ਭੀਖੀ ਨਾਲ ਸੰਪਰਕ ਲਈ ਉਹਨਾਂ ਦਾ ਮੋਬਾਈਲ ਨੰਬਰ ਵਾਲਾ ਸੰਪਰਕ ਹੈ--9876896122

Monday, June 6, 2022

ਭਾਰਤ ਰਹੇਗਾ ਜਾਂ ਨਹੀਂ ਰਹੇਗਾ, ਇਹ ਅੱਜ ਦਾ ਸਭ ਤੋਂ ਵੱਡਾ ਸਵਾਲ ਹੈ-ਦੀਪਾਂਕਰ

 ਅੱਜ ਇੱਕ ਸੁਪਰ ਐਮਰਜੈਂਸੀ ਲਾਗੂ ਹੈ--ਕਾਮਰੇਡ ਦੀਪਾਂਕਰ ਭੱਟਾਚਾਰੀਆ 


5 ਜੂਨ 2022 ਨੂੰ ਪਟਨਾ ਵਿਖੇ ਹੋਈ ਬਿਹਾਰ ਅੰਦਰਲੇ ਮਹਾਂਗਠਜੋੜ ਦੀ ਪ੍ਰਤੀਨਿਧ ਕਾਨਫਰੰਸ ਵਿੱਚ ਸੀਪੀਆਈ (ਐੱਮਐੱਲ) ਲਿਬਰੇਸ਼ਨ ਦੇ ਜਨਰਲ ਸਕੱਤਰ ਕਾਮਰੇਡ ਦੀਪਾਂਕਰ ਭੱਟਾਚਾਰੀਆ ਦਾ ਭਾਸ਼ਨ ਬਹੁਤ ਸਾਰੇ ਨੁਕਤਿਆਂ ਦੀ ਗੱਲ ਕਰਦਾ ਹੈ। ਕਾਮਰੇਡ ਦੀਪਾਂਕਾਰ ਦਾ ਕਹਿਣਾ ਹੈ ਕਿ ਬਿਹਾਰ ਵਾਲੇ ਮਹਾਂਗਠਜੋੜ ਦੇ ਸਾਹਮਣੇ ਹੈ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਦਾ ਵੱਡਾ ਉਦੇਸ਼ ਹੈ ਜਿਸਤੇ ਅਸੀਂ ਪੂਰੀ ਦ੍ਰਿੜਤਾ ਨਾਲ ਖੜੇ ਹਾਂ। ਇਸ ਭਾਸ਼ਣ ਵਿਚ ਸੰਨ 1974 ਵਾਲੀ ਸਥਿਤੀ ਅਤੇ ਜੀ ਪੀ ਵਾਲੀ ਲਹਿਰ ਦੇ ਦੋ ਧਾਰਾਵਾਂ ਵਿੱਚ ਵੰਡੇ ਜਾਣ ਦਾ ਜ਼ਿਕਰ ਵਿਚ ਉਚੇਚ ਨਾਲ ਕੀਤਾ ਗਿਆ ਹੈ। ਪੜ੍ਹੋ ਇਸ ਭਾਸ਼ਣ ਦੇ ਅੰਸ਼ ਜਿਹੜੇ ਸਾਨੂੰ ਭੇਜੇ ਹਨ ਕਾਮਰੇਡ ਹਰਭਗਵਾਨ ਭੀਖੀ ਹੁਰਾਂ ਨੇ। ਕਾਮਰੇਡ ਸੁਖਦਰਸ਼ਨ ਨੱਤ ਹੁਰਾਂ ਨੇ ਬਹੁਤ ਸਾਰੀਆਂ ਹੋਰ ਗੱਲਾਂ ਵੀ ਛੋਹੀਆਂ ਹਨ ਜਿਹਨਾਂ ਦਾ ਜ਼ਿਕਰ ਨੇੜ ਭਵਿੱਖ ਵਿਚ ਕੀਤਾ ਜਾਂਦਾ ਰਹੇਗਾ। ਫਿਲਹਾਲ ਪੜ੍ਹੋ ਕਾਮਰੇਡ ਦੀਪਾਂਕਾਰ ਹੁਰਾਂ ਦਾ ਭਾਸ਼ਣ ਜਿਹੜਾ ਅਤੀਤ ਦੇ ਨਾਲ ਨਾਲ ਵਰਤਮਾਨ ਅਤੇ ਭਵਿੱਖ ਦੇ ਇਸ਼ਾਰੇ ਵੀ ਕਰਦਾ ਹੈ। -ਸੰਪਾਦਕ 

 ਅੱਜ ਦੀ ਇਤਿਹਾਸਕ ਕਾਨਫਰੰਸ ਦੀ ਪ੍ਰਧਾਨਗੀ ਕਰ ਰਹੇ ਸਾਡੇ ਨੌਜਵਾਨ ਸਾਥੀ ਤੇਜਸਵੀ ਜੀ, ਮਹਾਗਠਜੋੜ ਦੇ ਸਾਰੇ ਨੇਤਾਗਣ ਅਤੇ ਆਡੀਟੋਰੀਅਮ ਵਿੱਚ ਬਿਹਾਰ ਦੇ ਕੋਨੇ-ਕੋਨੇ ਤੋਂ ਆਏ ਸਾਰੇ ਸੰਘਰਸ਼ਸ਼ੀਲ ਸਾਥੀਓ , ਤੁਹਾਨੂੰ ਸਾਰਿਆਂ ਨੂੰ ਜੈ ਭੀਮ-ਲਾਲ ਸਲਾਮ!

ਅੱਜ ਦਾ ਦਿਨ ਇੱਕ ਇਤਿਹਾਸਕ ਮੌਕਾ ਹੈ।  ਇਸ ਦਿਨ 1974 ਦੇ ਅੰਦੋਲਨ ਯਾਨੀ ਸੰਪੂਰਨ ਕ੍ਰਾਂਤੀ ਦਾ ਐਲਾਨ ਹੋਇਆ ਸੀ।  ਇਸ ਗੱਲ ਨੂੰ 48 ਸਾਲ ਹੋ ਗਏ ਹਨ।  ਇਸ ਲਈ ਅੱਜ ਕੁਝ ਇਤਿਹਾਸ ਦੀ ਗੱਲ ਹੋਵੇਗੀ।  ਅਸੀਂ ਵਰਤਮਾਨ ਦੀ ਗੱਲ ਵੀ  ਕਰਾਂਗੇ।  ਪਰ ਪਹਿਲਾਂ ਮੈਂ ਇਸ ਤੋਂ ਕੁਝ ਹੋਰ ਪਿੱਛੇ ਦੇ ਇਤਿਹਾਸ ਦਾ ਵੀ ਜ਼ਿਕਰ ਕਰਾਂਗਾ।  ਬਹੁਤਾ ਪਿੱਛੇ ਨਾ ਜਾ ਕੇ 1974 ਤੋਂ ਠੀਕ ਸੱਤ ਸਾਲ ਪਹਿਲਾਂ 1967 ਦੇ ਦੌਰ ਦੀ ਗੱਲ ਕਰਾਂਗਾ।  ਜਦੋਂ ਦੇਸ਼ ਦੀ ਸਮੁੱਚੀ ਰਾਜਨੀਤੀ ਵਿੱਚ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲਿਆ।  1967 ਦਾ ਸਾਲ ਸਮਾਜਿਕ ਤਬਦੀਲੀ ਦੀ ਲੜਾਈ ਵਿੱਚ ਇੱਕ ਮੀਲ ਪੱਥਰ ਹੈ, ਜਦੋਂ ਦੋ ਵੱਡੀਆਂ ਚੀਜ਼ਾਂ ਹੋਈਆਂ।  ਪਹਿਲੀ- ਉਸ ਸਾਲ ਜਿਹੜੀਆਂ ਵਿਧਾਨ ਸਭਾ ਚੋਣਾਂ ਕਈ ਰਾਜਾਂ ਵਿੱਚ ਹੋਈਆਂ, ਪਹਿਲੀ ਵਾਰ ਇੱਕ ਦੋ ਨਹੀਂ ਸਗੋਂ ਨੌਂ ਰਾਜਾਂ ਵਿੱਚ ਬਦਲਾਅ ਦੇ ਸੰਕੇਤ ਮਿਲੇ ਅਤੇ ਉਥੇ ਗੈਰ-ਕਾਂਗਰਸੀ ਸਰਕਾਰਾਂ ਬਣੀਆਂ।  ਉਨ੍ਹੀਂ ਦਿਨੀਂ ਦੇਸ਼ ਭਰ ਵਿਚ ਸਿਰਫ਼ ਕਾਂਗਰਸ ਦੀ ਹੀ ਸਰਕਾਰ ਹੋਇਆ ਕਰਦੀ ਸੀ ਤੇ ਸਮੁੱਚੇ ਦੇਸ਼ ਵਿਚ ਅੱਜ ਦੀ ਭਾਜਪਾ ਨਾਲੋਂ ਵੀ ਕਿਤੇ ਵੱਧ ਸੂਬਿਆਂ ਉਤੇ ਕਾਂਗਰਸ ਦਾ ਕਬਜ਼ਾ ਸੀ।  ਪਰ ਉਨ੍ਹਾਂ ਚੋਣ ਨਤੀਜਿਆਂ ਸਦਕਾ ਦੇਸ਼ ਵਿੱਚ ਸੰਸਦੀ ਵਿਰੋਧੀ ਧਿਰ ਅਤੇ ਸੰਸਦੀ ਰਾਜਨੀਤੀ ਵਿੱਚ ਇਕ ਵੱਡਾ ਬਦਲਾਅ ਆਇਆ। ਦੂਸਰਾ, ਮੈਂ ਨਕਸਲਬਾੜੀ ਲਹਿਰ ਦੀ ਗੱਲ ਕਰਾਂਗਾ, ਜਿੱਥੋਂ ਸਾਡੀ ਪਾਰਟੀ ਨੇ ਜਨਮ ਲਿਆ।  ਆਜ਼ਾਦੀ ਤੋਂ ਬਾਅਦ ਨਕਸਲਬਾੜੀ ਦਾ ਕਿਸਾਨ ਉਭਾਰ ਗ਼ਰੀਬਾਂ ਦਾ ਰਾਜ ਸਥਾਪਤ ਕਰਨ, ਉਨ੍ਹਾਂ ਨੂੰ ਪੂਰੇ ਹੱਕ ਦਿਵਾਉਣ ਅਤੇ ਮਜ਼ਦੂਰਾਂ-ਕਿਸਾਨਾਂ ਦੇ ਸੱਤਾ ਉਤੇ ਕਾਬਜ਼ ਹੋਣ ਦੀ ਇਨਕਲਾਬੀ ਲੜਾਈ ਸੀ।  ਨਕਸਲਬਾੜੀ ਦੀ ਚੰਗਿਆੜੀ ਬਿਹਾਰ ਵਿਚ  ਪਹਿਲੇ ਪਹਿਲ  ਮੁਜ਼ੱਫਰਪੁਰ ਜ਼ਿਲੇ ਦੇ ਮੁਸ਼ਹਿਰੀ ਵਿਚ ਅਤੇ ਫਿਰ ਭੋਜਪੁਰ ਜ਼ਿਲੇ ਦੇ ਇਕਵਾਰੀ ਏਰੀਏ ਵਿੱਚ ਲਿਸ਼ਕੀ ਸੀ। 

1974 ਤੋਂ ਪਹਿਲਾਂ ਸਾਲ 1972 ਦੀ ਵੀ ਗੱਲ ਕਰੀਏ। ਅੱਜ ਉਸ ਮਹਾਨ ਸ਼ਹਾਦਤ ਦੇ 50 ਸਾਲ ਪੂਰੇ ਹੋਣ ਜਾ ਰਹੇ ਹਨ।  ਉਹ ਸ਼ਹਾਦਤ ਸੀ ਮਾਸਟਰ ਜਗਦੀਸ਼ ਦੀ। ਇਥੇ ਜੋ ਲੜਾਈ ਕਾਮਰੇਡ ਰਾਮਨਰੇਸ਼ ਰਾਮ, ਜਗਦੀਸ਼ ਮਾਸਟਰ, ਰਾਮੇਸ਼ਵਰ ਯਾਦਵ, ਬੂਟਨ ਰਾਮ ਮੁਸਹਰ ਆਦਿ ਨੇ ਸ਼ੁਰੂ ਕੀਤੀ ਸੀ, ਉਹ ਕੋਈ ਚੋਣ ਲੜਾਈ ਨਹੀਂ ਸੀ, ਸਗੋਂ ਜਗੀਰੂ ਸੱਤਾ ਨੂੰ ਜੜ੍ਹੋਂ ਉਖਾੜ ਕੇ ਗਰੀਬਾਂ ਦੀ ਇੱਜ਼ਤ-ਮਾਣ ਤੇ ਬਰਾਬਰੀ ਨੂੰ ਸਥਾਪਤ ਕਰਨ ਦੀ ਲੜਾਈ ਸੀ। ਸੰਨ 74 ਦਾ ਅੰਦੋਲਨ ਵੀ ਇਸੇ ਕੜੀ ਵਿੱਚ ਆਉਂਦਾ ਹੈ। ਸ਼ਹਿਰਾਂ ਵਿੱਚ ਵਿਦਿਆਰਥੀਆਂ ਅਤੇ ਨੌਜਵਾਨਾਂ ਦੀ ਪੂਰੀ ਚੜ੍ਹਤ ਸੀ ਅਤੇ ਪਿੰਡਾਂ ਵਿੱਚ ਸੰਗਰਾਮੀ ਗਰੀਬਾਂ ਬੇਜ਼ਮੀਨਿਆਂ ਦੀ।  ਦੋਵੇਂ ਲੜਾਈਆਂ ਸਿਆਸੀ ਤੇ ਵਿਚਾਰਧਾਰਕ ਤੌਰ 'ਤੇ ਵੱਖੋ ਵੱਖਰੀਆਂ ਸਨ।  ਤਿੰਨੇ ਕਮਿਊਨਿਸਟ ਪਾਰਟੀਆਂ 1974 ਦੇ ਅੰਦੋਲਨ ਵਿਚ ਸ਼ਾਮਲ ਨਹੀਂ ਸਨ।  ਅੱਜ 48 ਸਾਲਾਂ ਬਾਅਦ ਅਸੀਂ ਮੁੜ ਉਸੇ ਵਰਗੀ ਰਾਜਸੀ ਹਾਲਤ ਵਿਚ ਹਾਂ। ਇਸ ਦੌਰਾਨ ਗੰਗਾ, ਕੋਸੀ ਤੇ ਸੋਨ ਨਦੀਆਂ ਵਿੱਚ ਬਹੁਤ ਸਾਰਾ ਪਾਣੀ ਵਹਿ ਚੁੱਕਾ ਹੈ।  ਸੱਤਾ ਨੇ ਜੇਪੀ ਅੰਦੋਲਨ ਨੂੰ ਕੁਚਲਣ ਲਈ ਵੀ ਜਬਰ ਦਾ ਸਹਾਰਾ ਲਿਆ ਸੀ ਅਤੇ ਸਾਡੇ ਅੰਦੋਲਨ ਨੂੰ ਕੁਚਲਣ ਲਈ ਵੀ ਦਮਨ ਦੀ ਭਿਆਨਕ ਮੁਹਿੰਮ ਚਲਾਈ ਹੈ। ਜਿਥੇ 74 ਦੇ ਅੰਦੋਲਨ ਦੇ ਆਗੂਆਂ ਨੂੰ ਜੇਲਾਂ ਵਿੱਚ ਡੱਕਿਆ ਗਿਆ, ਉਥੇ ਅਨੇਕਾਂ ਹੋਰ ਸਾਥੀਆਂ ਵਾਂਗ ਸਾਡੀ ਪਾਰਟੀ ਦੇ ਦੂਜੇ ਜਨਰਲ ਸਕੱਤਰ ਕਾਮਰੇਡ ਸੁਬਰਤ ਦੱਤ ਉਰਫ ਜੌਹਰ ਵੀ 1975 ਵਿੱਚ ਭੋਜਪੁਰ ਜ਼ਿਲੇ ਵਿੱਚ ਇਕ ਪੁਲਸ ਮੁਕਾਬਲੇ ਵਿਚ ਸ਼ਹੀਦ ਹੋ ਗਏ ਸਨ।  ਦੋਵੇਂ ਅੰਦੋਲਨ ਅਲੱਗ-ਅਲੱਗ ਸਨ, ਸੂਬਾ ਸਰਕਾਰ ਨੇ ਦੋਵਾਂ ਨੂੰ ਜਬਰ ਨਾਲ ਦਬਾਉਣਾ ਚਾਹਿਆ।  ਪਰ ਇਹ ਜਬਰ ਨਹੀਂ ਚੱਲਿਆ।  ਐਮਰਜੈਂਸੀ ਖਤਮ ਹੋਣ ਤੋਂ ਬਾਅਦ ਬਿਹਾਰ ਵਿੱਚ, ਕਰਪੂਰੀ ਠਾਕੁਰ ਮੁੱਖ ਮੰਤਰੀ ਬਣੇ ਅਤੇ ਇੱਕ ਵੱਡਾ ਸਮਾਜਿਕ ਸਿਆਸੀ ਬਦਲਾਅ ਸਾਹਮਣੇ ਆਇਆ।


ਅੱਜ ਸਾਡੇ ਸਾਹਮਣੇ ਮਾਮਲਾ ਵੱਖਰਾ ਹੈ।  ਜੇਪੀ ਅੰਦੋਲਨ ਦੀਆਂ ਦੋ ਧਾਰਾਵਾਂ ਸਾਡੇ ਸਾਹਮਣੇ ਹਨ।  ਇੱਕ ਧਾਰਾ ਜੇਪੀ ਤੋਂ ਬੀਜੇਪੀ ਤੱਕ ਦਾ ਸਫ਼ਰ ਕਰ ਚੁੱਕੀ ਹੈ।  ਉਸ ਧਾਰਾ ਵਾਲੇ ਲੋਕ ਇਸ ਆਡੀਟੋਰੀਅਮ ਵਿੱਚ ਨਹੀਂ ਹਨ, ਉਹ ਬਾਹਰ ਹਨ ਅਤੇ ਦੇਸ਼ ਨੂੰ ਬਰਬਾਦੀ ਵੱਲ ਧੱਕਣ ਵਿਚ ਲੱਗੇ ਹੋਏ ਹਨ। 

ਇਸ ਅੰਦੋਲਨ ਵਿੱਚੋਂ ਜੋ ਦੂਜੀ ਧਾਰਾ ਨਿਕਲੀ ਸੀ,  ਅੱਜ ਭਾਜਪਾ ਦੇ ਖਿਲਾਫ ਲੜਨ ਲਈ ਉਸ ਨਾਲ ਸਾਡਾ ਇੱਕ ਵੱਖਰੀ ਕਿਸਮ ਦਾ ਗਠਜੋੜ ਬਣਿਆ ਹੈ।  ਇਸ ਮਹਾਂਗਠਜੋੜ ਵਿੱਚ ਫਿਲਹਾਲ ਚਾਰ ਪਾਰਟੀਆਂ ਸ਼ਾਮਲ ਹਨ। ਸੰਭਵ ਹੈ ਕਿ ਕੁਝ ਹੋਰ ਪਾਰਟੀਆਂ ਵੀ ਇਸ ਵਿਚ ਸ਼ਾਮਲ ਹੋਣ ਦੀਆਂ ਇੱਛਕ ਹੋਣ।  

ਤਿੰਨਾਂ ਕਮਿਊਨਿਸਟ ਪਾਰਟੀਆਂ ਵਿਚੋਂ ਸੀਪੀਆਈ (ਐਮ ਐਲ) ਦਾ ਇਸ ਗੱਠਜੋੜ ਨਾਲ ਰਿਸ਼ਤਾ ਬਿਲਕੁਲ ਨਵਾਂ ਹੈ।  ਅਸੀਂ ਆਰਜੇਡੀ ਸਰਕਾਰ ਦੇ 15 ਸਾਲਾਂ ਦੌਰਾਨ ਵਿਰੋਧੀ ਧਿਰ ਵਿੱਚ ਸੀ।  ਸਾਡਾ ਇਸ ਨਾਲ ਇੱਕ ਖੱਟਾ-ਮਿੱਠਾ ਰਿਸ਼ਤਾ ਰਿਹਾ ਹੈ।  ਪਿਛਲੇ ਡੇਢ ਸਾਲ ਤੋਂ ਅਸੀਂ ਇਕੱਠੇ ਚੱਲ ਰਹੇ ਹਾਂ, ਇੰਝ ਕਰਨਾ ਅੱਜ ਸਮੇਂ ਦੀ ਲੋੜ ਹੈ। ਸੰਨ 1975 ਦੀ ਐਮਰਜੈਂਸੀ ਖਤਮ ਹੋ ਗਈ ਸੀ, ਪਰ ਅੱਜ ਦੇਸ਼ 'ਚ ਇਕ ਅਣਐਲਾਨੀ ਐਮਰਜੈਂਸੀ ਲਾਗੂ ਹੈ।  ਇਹ ਅਣ-ਐਲਾਨੀ ਐਮਰਜੈਂਸੀ ਅਸਥਾਈ ਸੁਭਾਅ ਦੀ ਨਹੀਂ , ਸਗੋਂ ਇਹ ਸਥਾਈ ਪ੍ਰਵਿਰਤੀ ਦੀ ਹੈ।  ਅੱਜ ਦੀ ਐਮਰਜੈਂਸੀ 'ਅੱਛੇ ਦਿਨ' ਦੇ ਨਾਂ 'ਤੇ ਹੈ।  ਉਸ ਐਮਰਜੈਂਸੀ ਸਮੇਂ ਚੋਣਵੇਂ ਲੋਕਾਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ ਸੀ, ਪਰ ਅੱਜ ਉਨ੍ਹਾਂ ਕੋਲ ਜਬਰ ਦੇ ਨਵੇਂ ਨਵੇਂ ਸੰਦ ਹਨ।  ਇਸ ਦੇਸ਼ ਨੇ ਅਜਿਹਾ ਜਬਰ ਪਹਿਲਾਂ ਕਦੇ ਨਹੀਂ ਦੇਖਿਆ। ਅੱਜ ਸੰਵਿਧਾਨ ਨੂੰ ਲਤਾੜਿਆ ਜਾ ਰਿਹਾ ਹੈ।  ਭਾਰਤ ਰਹੇਗਾ ਜਾਂ ਨਹੀਂ ਰਹੇਗਾ, ਇਹ ਅੱਜ ਦਾ ਸਭ ਤੋਂ ਵੱਡਾ ਸਵਾਲ ਹੈ।  

ਜਦੋਂ 1992 ਵਿੱਚ ਬਾਬਰੀ ਮਸਜਿਦ ਨੂੰ ਢਾਹਿਆ ਜਾ ਰਿਹਾ ਸੀ ਤਾਂ ਕੁਝ ਲੋਕ ਇਸ ਨੂੰ ਸਿਰਫ ਇਕ ਫਿਰਕੂ ਐਕਸ਼ਨ ਮੰਨ ਰਹੇ ਸਨ। ਉਹ ਕਹਿ ਰਹੇ ਸਨ ਕਿ ਇਸ ਨਾਲ ਅਸੀਂ ਅਪਣੀ ਭਾਈਚਾਰਕ ਸਾਂਝ ਦੇ ਬਲ 'ਤੇ ਨਿਪਟ ਲਵਾਂਗੇ।  ਅਸੀਂ ਉਸ ਸਮੇਂ ਵੀ ਕਿਹਾ ਸੀ ਕਿ ਇਹ ਸਿਰਫ਼ ਫ਼ਿਰਕਾਪ੍ਰਸਤੀ ਨਹੀਂ, ਸਗੋਂ ਫ਼ਿਰਕੂ ਫ਼ਾਸੀਵਾਦ ਹੈ ਜੋ ਪੂਰੇ ਦੇਸ਼ ਦੀ ਪਰਿਭਾਸ਼ਾ ਅਤੇ ਪਛਾਣ ਨੂੰ ਬਦਲਣ 'ਤੇ ਤੁਲਿਆ ਹੋਇਆ ਹੈ।  ਬਾਬਰੀ ਮਸਜਿਦ ਤੋਂ ਸ਼ੁਰੂ ਕਰਕੇ ਅੱਜ ਤਾਜ ਮਹਿਲ ਤੇ ਕੁਤੁਬ ਮੀਨਾਰ ਸਮੇਤ ਅਨੇਕਾਂ ਹੋਰ ਇਤਿਹਾਸਕ ਸਥਾਨ  ਹਮਲੇ ਦੀ ਲਪੇਟ ਵਿਚ ਆ ਗਏ ਹਨ।  ਭਾਰਤ ਦੀ ਪਛਾਣ ਮੰਨੇ ਜਾਂਦੇ ਤਾਜ ਮਹਿਲ ਤੱਕ ਉਤੇ ਸਵਾਲ ਉਠਾਏ ਜਾ ਰਹੇ ਹਨ।  ਅੱਜ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ ਕਿ ਇਹ ਸਭ ਗੁਲਾਮੀ ਦੇ ਪ੍ਰਤੀਕ ਹਨ।  ਦੇਸ਼ ਦੇ ਇਤਿਹਾਸ ਦੀ ਖੂਬਸੂਰਤੀ, ਜਿਸ 'ਤੇ ਅਸੀਂ ਮਾਣ ਕਰਦੇ ਰਹੇ ਹਾਂ, ਅੱਜ ਉਸ ਨੂੰ ਪਰਦੇਸੀ ਕਿਹਾ ਜਾ ਰਿਹਾ ਹੈ।  ਅਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ "ਅੰਮ੍ਰਿਤ ਮਹਾਉਤਸਵ" ਦਾ ਨਾਂ ਦੇ ਕੇ, ਇਸ ਦੀ ਆੜ ਵਿਚ ਜ਼ਹਿਰ ਪਰੋਸਿਆ ਜਾ ਰਿਹਾ ਹੈ। ਇਹ ਅੱਜ ਦੀ ਤਰੀਕ ਵਿੱਚ ਸਾਡੇ ਸਾਹਮਣੇ ਇਹੀ ਸਭ ਤੋਂ ਅਹਿਮ ਸਵਾਲ ਹਨ।

ਇਸ ਲਈ ਅੱਜ ਦੇਸ਼ ਦੇ ਸੰਵਿਧਾਨ ਅਤੇ ਸੰਸਦੀ ਜਮਹੂਰੀਅਤ ਨੂੰ ਬਚਾਉਣ ਲਈ ਇਕ ਵੱਡੀ ਲੜਾਈ ਦੀ ਲੋੜ ਹੈ।  ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਸੀ। ਡਾਕਟਰ ਅੰਬੇਡਕਰ ਨੇ ਸੰਵਿਧਾਨ ਬਣਾਉਂਦੇ ਸਮੇਂ ਕਿਹਾ ਸੀ ਕਿ ਇਸ ਦੇਸ਼ ਦੀ ਮਿੱਟੀ ਲੋਕਤੰਤਰੀ ਨਹੀਂ ਹੈ, ਅਸੀਂ ਦੇਸ਼ ਨੂੰ ਇਕ ਲੋਕਤੰਤਰੀ ਸੰਵਿਧਾਨ ਤਾਂ ਦੇ ਰਹੇ ਹਾਂ, ਪਰ ਅਸਲ ਜ਼ਰੂਰਤ ਦੇਸ਼ ਦੀ ਮਿੱਟੀ ਨੂੰ ਲੋਕਤੰਤਰੀ ਬਣਾਉਣ ਦੀ ਹੈ।  ਉਨ੍ਹਾਂ ਕਿਹਾ ਸੀ ਕਿ ਜੇਕਰ ਭਾਰਤ ਹਿੰਦੂ ਰਾਸ਼ਟਰ ਬਣ ਜਾਂਦਾ ਹੈ, ਤਾਂ ਦੇਸ਼ਵਾਸੀਆਂ ਲਈ ਇਸ ਤੋਂ ਵੱਡੀ ਬਿਪਤਾ ਹੋਰ ਕੋਈ ਨਹੀਂ ਹੋ ਸਕਦੀ।  ਅੱਜ ਉਹ ਖ਼ਤਰਾ ਸਾਡੇ ਐਨ ਸਾਹਮਣੇ ਹੈ।  ਇਸ ਵੱਡੇ ਖਤਰੇ ਦੇ ਟਾਕਰੇ ਲਈ ਇਕ ਵੱਡੀ ਲੜਾਈ ਲੜਨ ਦੀ ਲੋੜ ਹੈ।  ਇਸ ਨੂੰ ਅਸੀਂ 'ਆਜ਼ਾਦੀ ਦੀ ਦੂਜੀ ਲੜਾਈ' ਕਹਿ ਸਕਦੇ ਹਾਂ। ਇਸ ਲੜਾਈ ਵਿਚ ਸਾਨੂੰ ਪਹਿਲੀ ਜੰਗੇ-ਅਜਾਦੀ ਨਾਲੋਂ ਘੱਟ ਨਹੀਂ, ਬਲਕਿ ਕਿਤੇ ਵਧੇਰੇ ਕੁਰਬਾਨੀਆਂ ਦੇਣੀਆਂ ਪੈਣਗੀਆਂ।

ਅੱਜ ਅਸੀਂ ਕੇਂਦਰ ਅਤੇ ਬਿਹਾਰ ਦੀ ਸੂਬਾ ਸਰਕਾਰ ਖਿਲਾਫ ਚਾਰਜਸ਼ੀਟ ਦੇ ਰਹੇ ਹਾਂ।  ਸਾਡੇ ਸਾਹਮਣੇ ਕਿਸਾਨਾਂ ਦੇ ਮਸਲੇ ਹਨ।  ਦੇਸ਼ ਦੀ ਰਾਜਧਾਨੀ ਵਿੱਚ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਲੰਮੀ ਲੜਾਈ ਚੱਲੀ।  ਲੋਕ ਇਸ ਨੂੰ ਦਿੱਲੀ ਦੀ ਲੜਾਈ ਕਹਿੰਦੇ ਹਨ।  ਇਸ ਨੂੰ ਪਟਨਾ ਦੀ ਲੜਾਈ ਬਣਾਉਣ ਦਾ ਸਵਾਲ ਸਾਡੇ ਸਾਹਮਣੇ ਹੈ।  ਚੰਪਾਰਨ ਤੋਂ ਲੈ ਕੇ ਦੱਖਣੀ ਬਿਹਾਰ ਦੇ ਪਿੰਡ-ਪਿੰਡ ਤੱਕ, ਐਮਐਸਪੀ ਦੀ ਗਾਰੰਟੀ ਲਈ ਇੱਕ ਵੱਡਾ ਕਿਸਾਨ ਅੰਦੋਲਨ ਜਥੇਬੰਦ ਕਰਨ ਦਾ ਸਵਾਲ ਸਾਡੇ ਸਾਹਮਣੇ ਹੈ।  ਵਿਧਾਨ ਸਭਾ ਚੋਣਾਂ ਵਿੱਚ ਨਿਤੀਸ਼ ਕੁਮਾਰ ਨੇ 10 ਲੱਖ ਨੌਕਰੀਆਂ ਦੇ ਮੁਕਾਬਲੇ 19 ਲੱਖ ਨੌਕਰੀਆਂ ਦਾ ਵਾਅਦਾ ਕੀਤਾ ਸੀ।  ਪਰ ਅੱਜ ਉਲਟਾ ਪੋਸਟਾਂ ਖਤਮ ਕੀਤੀਆਂ ਜਾ ਰਹੀਆਂ ਹਨ।  ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਛਾਤੀ 56 ਇੰਚ ਹੈ।  ਪਰ ਹੋਮ ਗਾਰਡ ਵਿੱਚ ਭਰਤੀ ਲਈ 62 ਇੰਚ ਦੀ ਛਾਤੀ ਦੀ ਸ਼ਰਤ ਹੈ। ਇਹ ਕੀ ਮਜ਼ਾਕ ਹੈ?  

ਅਸੀਂ ਰੇਲਵੇ ਦੇ ਨਿੱਜੀਕਰਨ ਅਤੇ ਰੁਜ਼ਗਾਰ ਦੇ ਸੁਆਲ 'ਤੇ ਬੇਰੁਜ਼ਗਾਰਾਂ ਨਾਲ ਨਿਤੀਸ਼-ਬੀਜੇਪੀ ਵਲੋਂ ਕੀਤੇ ਗਏ ਵਿਸ਼ਵਾਸਘਾਤ ਵਿਰੁੱਧ ਵਿਦਿਆਰਥੀਆਂ ਅਤੇ ਨੌਜਵਾਨਾਂ ਦਾ ਗੁੱਸਾ ਦੇਖਿਆ।  ਇਸੇ ਲਈ ਰੁਜ਼ਗਾਰ ਕੋਈ ਨਾਅਰਾ ਨਹੀਂ , ਸਗੋਂ ਅੱਜ ਦੇ ਦੌਰ ਦੀ ਸਭ ਤੋਂ ਵੱਡੀ ਮੰਗ ਹੈ।  ਜੇਕਰ ਅਸੀਂ ਸਰਕਾਰ ਖਿਲਾਫ ਚਾਰਜਸ਼ੀਟ ਦੇ ਰਹੇ ਹਾਂ ਤਾਂ ਸਾਡੇ ਕੋਲ ਅਪਣਾ ਸੰਕਲਪ ਪੱਤਰ ਵੀ ਹੈ। 

ਉਸ ਸੰਕਲਪ ਨੂੰ ਲਾਗੂ ਕਰਨ ਲਈ ਵੱਡੇ ਪੱਧਰ 'ਤੇ ਲੋਕਾਂ ਦਾ ਭਰੋਸਾ ਜਿੱਤਣਾ ਹੋਵੇਗਾ ਅਤੇ ਜਨਤਾ ਵਿਚ ਵੱਡੇ ਪੈਮਾਨੇ 'ਤੇ ਨਵੀਂ ਊਰਜਾ ਦਾ ਸੰਚਾਰ ਕਰਨਾ ਹੋਵੇਗਾ।  ਪਰ ਜਿਸ ਰਫਤਾਰ ਅਤੇ ਜਿਸ ਢੰਗ ਨਾਲ ਸਾਡਾ ਮਹਾਂਗਠਜੋੜ ਚੱਲ ਰਿਹਾ ਹੈ, ਉਸ ਨਾਲ ਗੱਲ ਨਹੀਂ ਬਣੇਗੀ।  ਇਸ ਗਠਜੋੜ ਨੂੰ ਸਿਰਫ਼ ਚੋਣਾਂ ਜਾਂ ਵੱਡੀਆਂ ਰੈਲੀਆਂ ਦਾ ਸਾਧਨ ਨਹੀਂ, ਬਲਕਿ ਨਿੱਤ ਦਿਨ ਦੀਆਂ ਸਰਗਰਮੀਆਂ ਦਾ ਗਠਜੋੜ ਬਣਨਾ ਪਵੇਗਾ।  

ਇਹ ਗੱਠਜੋੜ ਵਿਦਿਆਰਥੀਆਂ, ਨੌਜਵਾਨਾਂ, ਘੱਟ ਗਿਣਤੀਆਂ, ਸਕੀਮ ਵਰਕਰਾਂ, ਮਜ਼ਦੂਰਾਂ ਅਤੇ ਕਿਸਾਨਾਂ ਭਾਵ ਸਮੁੱਚੇ ਕਿਰਤੀ ਭਾਈਚਾਰੇ ਦਾ ਗੱਠਜੋੜ ਹੋਣਾ ਚਾਹੀਦਾ ਹੈ।  ਯੂਪੀ ਨੂੰ ਜਿੱਤਣ ਤੋਂ ਬਾਅਦ ਭਾਜਪਾ ਵਾਲੇ ਬਿਹਾਰ ਨੂੰ ਵੀ ਯੂਪੀ ਬਣਾਉਣਾ ਚਾਹੁੰਦੇ ਹਨ।  ਬਿਹਾਰ ਵਿੱਚ ਵੀ ਬੁਲਡੋਜ਼ਰ ਰਾਜ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ੁਰੂ ਸ਼ੁਰੂ ਵਿਚ ਲੋਕ ਬੁਲਡੋਜ਼ਰ ਤੋਂ ਡਰੇ ਸਨ, ਪਰ ਹੁਣ ਇਸ ਦਾ ਡੱਟ ਕੇ ਸਾਹਮਣਾ ਕਰ ਰਹੇ ਹਨ। ਪਰ ਜੇਕਰ ਮੋਦੀ ਦਾ ਵਸ ਚਲਿਆ ਤਾਂ ਉਹ  ਬੁਲਡੋਜ਼ਰ ਨੂੰ ਆਪਣਾ ਚੋਣ ਨਿਸ਼ਾਨ ਬਣਾਉਣ ਤੋਂ ਵੀ ਗੁਰੇਜ਼ ਨਹੀਂ ਕਰੇਗਾ।  ਇਸ ਦੇ ਵਿਰੁੱਧ ਹਿੰਮਤੀ, ਨਿਡਰ ਤੇ ਉਮੀਦ ਵਾਲੇ ਗੱਠਜੋੜ ਅਤੇ ਵਿਆਪਕ ਏਕਤਾ ਦੀ ਲੋੜ ਹੈ।   ਸੰਪੂਰਨ ਕ੍ਰਾਂਤੀ ਅਤੇ ਨਕਸਲਵਾਦ ਦੀ ਵਿਰਾਸਤ ਦੀ ਇਹੀ ਮੰਗ ਹੈ ।

ਅੱਜ ਦੇਸ਼ ਵਿੱਚ ਵਿਰੋਧ ਦੀ ਆਵਾਜ਼ ਉਠਾਉਂਣ ਵਾਲੇ ਹਰ ਇਨਸਾਨ ਨੂੰ ਅਰਬਨ ਨਕਸਲ ਕਰਾਰ ਦੇ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜੇਕਰ ਵਿਰੋਧ ਦੀ ਹਰ ਆਵਾਜ਼ ਨੂੰ ਨਕਸਲ ਕਰਾਰ ਦਿੱਤਾ ਜਾ ਰਿਹਾ ਹੈ, ਤਾਂ ਇਹ ਮੰਨਣਾ ਹੀ ਪਵੇਗਾ ਕਿ ਨਕਸਲਬਾੜੀ ਲਹਿਰ ਵਿੱਚ ਕੁਝ ਤਾਂ ਵਿਸ਼ੇਸ਼ ਹੈ। 

ਦਰਅਸਲ ਨਕਸਲਬਾੜੀ ਅੰਦੋਲਨ ਸਿਰਫ਼ ਸੱਤਾ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਸੀ, ਸਗੋਂ ਉਸ ਦਾ ਉਦੇਸ਼ ਹੇਠਲੇ ਪੱਧਰ ਤੋਂ ਇਨਕਲਾਬੀ ਤਬਦੀਲੀ ਲਿਆਉਣਾ ਸੀ।  ਇਸੇ ਲਈ ਸ਼ਹੀਦ ਭਗਤ ਸਿੰਘ, ਡਾਕਟਰ ਅੰਬੇਡਕਰ, ਕਿਸਾਨ ਅੰਦੋਲਨ , ਨਕਸਲਬਾੜੀ ਅਤੇ 1974 ਦੀ ਸਾਡੀ ਜੋ ਵਿਰਾਸਤ ਹੈ, ਉਹ ਸਿਰਫ਼ ਕੁਝ ਸੀਟਾਂ ਲਈ ਲੜਾਈ ਦੀ ਵਿਰਾਸਤ ਨਹੀਂ ਹੈ।  ਇਹ ਗਠਜੋੜ ਕਿਸੇ ਸੀਮਤ ਮਕਸਦ ਲਈ ਨਹੀਂ , ਜੇਕਰ ਇਹ ਮਹਾਂਗਠਜੋੜ ਹੈ, ਤਾਂ ਇਹ ਚਲੇਗਾ ਵੀ ਇਕ ਮਹਾਂ ਉਦੇਸ਼ ਲਈ-ਦੇਸ਼ ਨੂੰ ਬਦਲਣ ਅਤੇ ਬਚਾਉਣ ਲਈ। ਅੱਜ ਦੇਸ਼ ਵਿਚ ਇੱਕ ਸੁਪਰ ਐਮਰਜੈਂਸੀ ਲਾਗੂ ਹੈ।  ਇਸ ਲਈ ਸਾਨੂੰ ਅਪਣੇ ਅੰਦੋਲਨ ਦੀ ਰਫ਼ਤਾਰ ਵੀ ਤੇਜ਼ ਕਰਨੀ ਪਵੇਗੀ।  ਮਹਿੰਗਾਈ, ਬੇਰੋਜ਼ਗਾਰੀ ਅਤੇ ਰਾਸ਼ਨ ਕਾਰਡ ਖੋਹੇ ਜਾਣ ਵਿਰੁੱਧ ਇੱਕ ਵੱਡੇ ਅੰਦੋਲਨ ਦੀ ਲੋੜ ਹੈ।  ਅਸੀਂ 7 ਅਗਸਤ ਤੋਂ ਇਸ ਦੀ ਸ਼ੁਰੂਆਤ ਕਰ ਸਕਦੇ ਹਾਂ।

ਅੱਜ ਅਸੀਂ ਇੱਕ ਨਵੀਂ ਸ਼ੁਰੂਆਤ ਦੀ ਉਮੀਦ ਕਰਦੇ ਹਾਂ।  ਇਸ ਮਹਾਂਸੰਮੇਲਨ ਨੂੰ ਇਸੇ ਰੂਪ ਵਿਚ ਦੇਖਿਆ ਜਾਣਾ ਚਾਹੀਦਾ ਹੈ।  ਇਹ ਮਹਾਂਗਠਜੋੜ  2020 ਦੀਆਂ ਚੋਣਾਂ ਦੇ ਸਮੇਂ ਬਣਿਆ ਸੀ।  ਉਸ ਤੋਂ ਪਹਿਲਾਂ ਇਕ ਵੱਖਰਾ ਗਠਜੋੜ ਸੀ, ਗਠਜੋੜ ਤਾਂ ਬਦਲਦਾ ਰਿਹਾ ਹੈ ਤੇ ਬਦਲਦਾ ਰਹੇਗਾ, ਪਰ ਸਾਹਮਣੇ ਜੋ ਵੱਡੀ ਲੜਾਈ ਹੈ, ਉਸ ਦੇ ਲਈ ਅੰਦੋਲਨ ਵਿਚ ਵੱਡੀ ਊਰਜਾ ਪੈਦਾ ਕਰਨੀ ਪਵੇਗੀ।  

ਕੁਝ ਲੋਕ ਕਹਿੰਦੇ ਹਨ ਕਿ ਨਿਤੀਸ਼ ਕੁਮਾਰ ਵਿੱਚ ਅਜੇ ਵੀ ਕੁਝ ਊਰਜਾ ਬਚੀ ਹੈ।  ਇੱਕ ਵਾਰ ਫਿਰ ਉਹ ਇੱਥੇ ਆ ਸਕਦੇ ਹਨ।  ਸਾਨੂੰ ਨਹੀਂ ਪਤਾ ਕਿ ਉਸ ਵਿੱਚ ਕਿੰਨੀ ਊਰਜਾ ਬਚੀ ਹੈ ਜਾਂ ਨਹੀਂ, ਉਹ ਇੱਥੇ ਆਵੇਗਾ ਜਾਂ ਨਹੀਂ।  ਇਹ ਕੋਈ ਸਵਾਲ ਹੀ ਨਹੀਂ ਹੈ।  ਸਵਾਲ ਅੰਦੋਲਨ ਤੇਜ਼ ਕਰਨ ਦਾ ਹੈ, ਲੋਕਾਂ ਨੂੰ ਲਾਮਬੰਦ ਕਰਨ ਦਾ ਹੈ।  ਅਸੀਂ ਆਪਣੀ ਊਰਜਾ ਦੇ ਬਲ 'ਤੇ ਇਸ ਫਾਸ਼ੀਵਾਦੀ ਸਰਕਾਰ ਨੂੰ 2024 ਤੱਕ ਖਤਮ ਕਰਨਾ ਹੈ।  ਅਜਿਹਾ ਸਿਰਫ਼ ਵੋਟਾਂ ਨਾਲ ਨਹੀਂ, ਸਗੋਂ ਪਿੰਡ-ਪਿੰਡ ਜਾ ਕੇ, ਵਿਆਪਕ ਪੱਧਰ 'ਤੇ ਮੁਹਿੰਮ ਚਲਾ ਕੇ, ਵਿਆਪਕ ਲੋਕ ਲਹਿਰ ਪੈਦਾ ਕਰਕੇ ਹੀ ਕੀਤਾ ਜਾ ਸਕਦਾ ਹੈ।  ਸਾਨੂੰ ਇਮਾਨਦਾਰੀ ਨਾਲ ਕੋਸ਼ਿਸ਼ ਕਰਨੀ ਪਵੇਗੀ ਤਾਂ ਜੋ ਲੋਕ ਮੁੜ ਭਾਰਤ ਨੂੰ ਸੱਚ ਦੇ ਚਸ਼ਮੇ ਰਾਹੀਂ ਦੇਖ ਸਕਣ।  ਇਸ ਵੱਡੀ ਲੜਾਈ ਵਿੱਚ ਸਾਰਿਆਂ ਨੂੰ ਕਦਮ ਨਾਲ ਕਦਮ ਮਿਲਾ ਕੇ ਚੱਲਣਾ ਪਵੇਗਾ।  ਸੀਪੀਆਈ (ਐਮਐਲ) ਇਸ ਗਠਜੋੜ ਵਿੱਚ ਸਭ ਤੋਂ ਨਵੀਂ ਅਤੇ ਨੌਜਵਾਨ ਪਾਰਟੀ  ਹੈ, ਅਸੀਂ ਆਪਣੀ ਪੂਰੀ ਊਰਜਾ ਨਾਲ ਇਸ ਲੜਾਈ ਨੂੰ ਲੜਨ ਲਈ ਤਿਆਰ ਹਾਂ।

Saturday, June 4, 2022

CPI (ML) ਲਿਬਰੇਸ਼ਨ ਨੇ ਫਿਰ ਉਠਾਈਆਂ ਪੰਥ ਅਤੇ ਪੰਜਾਬ ਦੀਆਂ ਮੰਗਾਂ

4th June 2022 at 04:46 PM

ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ 'ਤੇ ਜ਼ੋਰ ਦਿੱਤਾ 

ਘੱਟ ਗਿਣਤੀਆਂ ਉਤੇ ਲਗਾਤਾਰ ਹਮਲਿਆਂ ਦਾ ਵੀ ਦੋਸ਼ ਲਾਇਆ 


ਮਾਨਸਾ
: 4 ਜੂਨ 2022: (ਨਕਸਲਬਾੜੀ ਸਕਰੀਨ ਡੈਸਕ)::
ਪੰਜਾਬ ਅਤੇ ਸਿੱਖ ਪੰਥ ਨਾਲ ਸਬੰਧਤ ਮੰਗਾਂ ਨੂੰ ਇੱਕ ਵਾਰ ਫੇਰ ਸੀਪੀਆਈ ਐਮ ਐਲ ਲਿਬਰੇਸ਼ਨ ਜ਼ੋਰਦਾਰ ਢੰਗ ਨਾਲ ਉਠਾ ਕੇ ਸਾਹਮਣੇ ਆਈ ਹੈ। ਪਾਰਟੀ ਨੇ ਇਸ ਮਕਸਦ ਲਈ ਆਪਣੀ ਆਈ ਪੀ ਐਫ (ਇੰਡਿਯਨ ਪੀਪਲਜ਼ ਫਰੰਟ) ਵਾਲੀ ਨੀਤੀ ਅਤੇ ਨਾਅਰਿਆਂ ਉੱਤੇ ਫਿਰ ਦੇਂਦਿਆਂ ਮਾਨਸਾ ਵਾਲੇ ਇਕੱਠ ਨੂੰ ਜ਼ੋਰਦਾਰ ਪਲੇਟਫਾਰਮ ਵੱਜੋਂ ਵੀ ਵਰਤਿਆ ਹੈ।  ਇਤਫ਼ਾਕ ਨਾਲ ਪਾਰਟੀ ਦੇ ਸੰਸਥਾਪਕਾਂ ਵਿੱਚੋਂ ਇੱਕ ਕਾਮਰੇਡ ਹਾਕਮ ਸਿੰਘ ਸਮਾਓ ਦੀ ਬਰਸੀ ਚਾਰ ਜੂਨ ਵੀ ਘੱਲੂਘਾਰੇ ਦੇ ਹਫਤੇ ਦੌਰਾਨ ਆਉਂਦੀ ਹੈ। ਆਈ ਪੀ ਐਫ ਵੇਲੇ ਪਾਰਟੀ ਦੀ ਰਸਮੀ ਕਾਇਮੀ ਤੋਂ ਪਹਿਲਾਂ ਵੀ ਕਾਮਰੇਡ ਨਾਗਭੂਸ਼ਨ ਪਟਨਾਇਕ ਜੂਨ 1984 ਵਿੱਚ ਪੰਜਾਬ ਆਏ ਸਨ ਅਤੇ ਉਹਨਾਂ ਬਲਿਊ ਸਟਾਰ ਓਪਰੇਸ਼ਨ ਵਾਲੀ ਕਾਰਵਾਈ ਦੀ ਸਖਤ ਨਿਖੇਧੀ ਕੀਤੀ ਸੀ। ਉਹਨਾਂ ਉਦੋਂ ਵੀ ਕਿਹਾ ਸੀ ਕਿ ਕਾਂਗਰਸ ਨੇ ਆਪਣੇ ਸਿਆਸੀ ਸੇਰਥਾਂ ਲਈ ਏਨੀ ਵੱਡੀ ਗਲਤੀ ਕੀਤੀ ਹੈ। ਅੱਜ ਜਿਥੇ ਕਾਮਰੇਡ ਹਾਕਮ ਸਿੰਘ ਸਮਾਓ ਦੀ ਯਾਦ ਵਿਚ ਜਿਹੜਾ ਬਰਸੀ ਵਾਲਾ ਸਮਾਗਮ ਕੀਤਾ ਗਿਆ ਸੀ ਉਹ ਸਮਾਗਮ ਅੱਜ ਵੀ ਦਿਨ ਭਰ ਚੱਲਿਆ। ਲੁਧਿਆਣਾ ਅਤੇ ਹੋਰਨਾਂ ਦੂਰ ਦੁਰਾਡੇ ਥਾਂਵਾਂ ਤੋਂ ਵੀ ਬਹੁਤ ਸਾਰੇ ਲੋਕ ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਇਸ ਇਕੱਠ ਵਿਚ ਪੁੱਜੇ ਹੋਏ ਸਨ। ਪਾਰਟੀ ਵੱਲੋਂ ਜਲਦੀ ਹੀ ਇਹਨਾਂ ਮੰਗਾਂ ਨੂੰ ਪੰਜਾਬ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਵੀ ਉਭਾਰਨ ਦੀਆਂ ਸੰਭਾਵਨਾਵਾਂ ਹਨ। ਕੋਸ਼ਿਸ਼ ਇਹ ਵੀ ਹੈ ਕਿ ਲਾਲ ਝੰਡੇ ਵਾਲਿਆਂ ਸਮੂਹ ਪਾਰਟੀਆਂ ਇਸ ਮੁੱਦੇ ਤੇ ਇੱਕਜੁੱਟ ਹੋਕੇ ਮੌਜੂਦਾ ਸਿਆਸੀ ਮੈਦਾਨ ਵਿਚ ਨਿੱਤਰਨ। ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਇਸ ਸਬੰਧੀ ਗੱਲ ਕਰਦਿਆਂ ਸਪਸ਼ਟ ਕਿਹਾ ਕਿ ਸਿਰਫ ਕੋਈ ਮਾਮੂਲੀ ਜਿਹੀ ਕਿਤਾਬ ਪੜ੍ਹਨ ਬੜੇ ਸਿੱਖ ਨੌਜਵਾਨਾਂ ਨੂੰ ਦਸ ਦਸ ਸਾਲਾਂ ਤੋਂ ਵਧੇਰੇ ਸਮੇਂ ਤੋਂ ਜੇਲ੍ਹਾਂ ਵਿਚ ਸੁੱਟਿਆ ਹੋਇਆ ਹੈ। 

ਉਹਨਾਂ ਅੱਜ ਦੇ ਪ੍ਰੋਗਰਾਮ ਦਾ ਵੇਰਵਾ ਦੇਂਦਿਆਂ ਕਿਹਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ, ਝੂਠੇ ਮੁਕੱਦਮਿਆਂ ਵਿਚ ਜੇਲਾਂ ਵਿਚ ਬੰਦ ਬੁੱਧੀਜੀਵੀਆਂ ਤੇ ਸਿਆਸੀ ਕਾਰਕੁੰਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅਤੇ ਸੰਘ-ਬੀਜੇਪੀ ਦੀ ਸਰਪ੍ਰਸਤੀ ਹੇਠ ਧਾਰਮਿਕ ਘੱਟਗਿਣਤੀਆਂ ਤੇ ਉਨਾਂ ਦੇ ਧਾਰਮਿਕ ਸਥਾਨਾਂ ਉਤੇ ਹੋ ਰਹੇ ਹਮਲਿਆਂ ਦੇ ਖਿਲਾਫ ਅੱਜ ਇਥੇ ਸ਼ਹਿਰ ਵਿਚ  ਸੀਪੀਆਈ (ਐਮ ਐਲ) ਲਿਬਰੇਸ਼ਨ ਵਲੋਂ ਰੋਸ ਵਿਖਾਵਾ ਕੀਤਾ ਗਿਆ। ਇਸ ਮੌਕੇ ਨੌਜਵਾਨਾਂ ਦੇ ਨਾਲ ਨਾਲ ਬੇਹੱਦ ਬਜ਼ਰੂਗ ਕਾਮਰੇਡਾਂ ਨੂੰ ਵੀ ਪ੍ਰੋਗਰਾਮ ਵਿੱਚ ਸ਼ਾਮਲ ਕਰ ਲੈਣਾ ਪਾਰਟੀ ਦੀ ਪ੍ਰਾਪਤੀ ਕਹਿ ਜਾ ਸਕਦੀ ਹੈ। 

ਜ਼ਿਕਰਯੋਗ ਹੈ ਕਿ ਅੱਜ ਦੇ ਇਸ ਧਰਨੇ ਤੇ ਵਿਖਾਵੇ ਨੂੰ 95 ਸਾਲਾਂ ਕਮਿਉਨਿਸਟ ਆਗੂ ਕਾਮਰੇਡ ਕਿਰਪਾਲ ਸਿੰਘ ਬੀਰ, ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਪਰਸ਼ੋਤਮ ਸ਼ਰਮਾ, ਸੁਖਦਰਸ਼ਨ ਸਿੰਘ ਨੱਤ, ਸੂਬਾ ਸਕੱਤਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਜ਼ਿਲਾ ਸਕੱਤਰ ਗੁਰਮੀਤ ਸਿੰਘ ਸਰਪੰਚ ਨੰਦਗੜ੍ਹ, ਔਰਤ ਆਗੂ ਜਸਬੀਰ ਕੌਰ ਨੱਤ, ਕਾਮਰੇਡ ਨਿੱਕਾ ਸਿੰਘ ਬਹਾਦਰਪੁਰ, ਗੁਰਸੇਵਕ ਸਿੰਘ ਮਾਨ,  ਜੀਤ ਸਿੰਘ ਬੋਹਾ, ਸੁਖਜੀਤ ਸਿੰਘ ਰਾਮਾਨੰਦੀ, ਆਇਸਾ ਆਗੂ ਗੁਰਵਿੰਦਰ ਨੰਦਗੜ੍ਹ ਅਤੇ  ਮੁਖਤਿਆਰ ਸਿੰਘ ਕੁਲੈਹਰੀ ਨੇ ਸੰਬੋਧਨ ਕੀਤਾ। ਇਹਨਾਂ ਭਾਸ਼ਣਾਂ ਵਿਹਚ ਵਿਚ ਮੌਜੂਦਾ ਸਿਆਸੀ ਸਥਿਤੀ ਅਤੇ ਦੇਸ਼ ਨੂੰ ਦਰਪੇਸ਼ ਮੁੱਦੇ ਪੂਰੀ ਤਰ੍ਹਾਂ ਛਾਏ ਰਹੇ ਜੋ ਕਿ ਪਾਰਟੀ ਦੀ ਨੇੜ ਭਵਿੱਖ ਵਾਲੀ ਲਾਈਨ ਵੱਲ ਵੀ ਇਸ਼ਾਰਾ ਕਰਦੇ ਹਨ। 

ਇਹਨਾਂ ਬੁਲਾਰਿਆਂ ਨੇ ਕਿਹਾ ਕਿ ਇਕ ਪਾਸੇ ਬਿਨਾਂ ਕਿਸੇ ਛੁੱਟੀ ਜਾਂ ਪੈਰੋਲ ਦੇ ਕਈ ਸਿੱਖ ਕੈਦੀ ਅਪਣੀ ਸਜ਼ਾ ਪੂਰੀ ਕਰ ਚੁੱਕਣ ਦੇ ਬਾਵਜੂਦ ਵੀ ਢਾਈ ਢਾਈ ਦਹਾਕਿਆਂ ਤੋਂ ਜੇਲ੍ਹਾਂ 'ਚ ਬੰਦ ਹਨ, ਪਰ ਅਨੇਕਾਂ ਸੰਗਠਨਾਂ ਵਲੋਂ ਲੰਬੇ ਸਮੇਂ ਤੋਂ ਮੰਗ ਕਰਨ ਦੇ ਬਾਵਜੂਦ ਸਰਕਾਰ ਉਨਾਂ ਨੁੰ ਰਿਹਾਅ ਨਹੀਂ ਕਰ ਰਹੀ, ਦੂਜੇ ਪਾਸੇ ਲਖੀਮਪੁਰ ਖੀਰੀ ਵਿਚ ਪੰਜ ਸ਼ਾਂਤਮਈ ਅੰਦੋਲਨਕਾਰੀਆਂ ਨੂੰ ਗਿਣੀ ਮਿਥੀ ਸਾਜ਼ਿਸ਼ ਤਹਿਤ ਗੱਡੀ ਹੇਠ ਦਰੜ ਕੇ ਕਤਲ ਕਰ ਦੇਣ ਵਾਲੇ ਕੇਂਦਰੀ ਮੰਤਰੀ ਮਿਸ਼ਰਾ ਦੇ ਮੁੰਡੇ ਨੂੰ ਝੱਟ ਜ਼ਮਾਨਤ ਦੇ ਦਿੱਤੀ ਸੀ, ਜੋ ਸੁਪਰੀਮ ਕੋਰਟ ਵਲੋਂ ਫਿਟਕਾਰ ਪਾਉਣ 'ਤੇ ਮਜਬੂਰਨ ਰੱਦ ਕਰਨੀ ਪਈ। 
ਇਸੇ ਤਰ੍ਹਾਂ ਸੰਘ-ਬੀਜੇਪੀ ਵਲੋਂ ਭੀਮਾ ਕੋਰੇਗਾਂਵ ਅਤੇ ਦਿੱਲੀ ਵਿਚ ਕਰਵਾਏ ਗਏ ਫਿਰਕੂ ਦੰਗਿਆਂ ਵਿਚ ਦੰਗਾਕਾਰੀਆਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਉਲਟਾ ਕਿੰਨੇ ਹੀ ਨਿਰਦੋਸ਼ ਬੁੱਧੀਜੀਵੀਆਂ, ਵਿਦਿਆਰਥੀ ਆਗੂਆਂ ਅਤੇ ਮਨੁੱਖੀ ਅਧਿਕਾਰ ਕਾਰਕੁੰਨਾ ਨੂੰ ਜੇਲਾਂ ਵਿਚ ਡੱਕਿਆ ਹੋਇਆ ਹੈ ਅਤੇ ਵੱਡੀ ਉਮਰ, ਸਰੀਰਕ ਅਪੰਗਤਾ ਅਤੇ ਗੰਭੀਰ ਬਿਮਾਰੀਆਂ ਦੇ ਬਾਵਜੂਦ ਉਨਾਂ ਨੂੰ ਜ਼ਮਾਨਤ ਤੱਕ ਨਹੀਂ ਦਿੱਤੀ ਜਾ ਰਹੀ। 

ਉਹਨਾਂ ਕਿਹਾ ਕਿ ਧਾਰਮਿਕ ਘੱਟਗਿਣਤੀ ਵਜੋਂ ਮੁਸਲਿਮ ਭਾਈਚਾਰੇ ਦੀਆਂ ਪ੍ਰਮੱਖ ਮਸਜਿਦਾਂ ਨੂੰ ਖੁਦ ਬੀਜੇਪੀ ਸਰਕਾਰਾਂ ਅਤੇ ਸੱਤਾ ਦੀ ਸ਼ਹਿ ਪ੍ਰਾਪਤ ਭੜਕਾਊ ਗਿਰੋਹਾਂ ਵਲੋਂ ਹਮਲਿਆਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। "ਇਕ ਦੇਸ਼, ਇਕ ਭਾਸ਼ਾ, ਇਕ ਕਾਨੂੰਨ" ਦੇ ਨਾਹਰੇ ਤਹਿਤ ਦੇਸ਼ ਅੰਦਰੋਂ ਬਚੇ ਖੁਚੇ ਫੈਡਰਲ ਢਾਂਚੇ, ਭਾਸ਼ਾਈ ਤੇ ਸਭਿਆਚਾਰਕ ਵੰਨ ਸੁਵੰਨਤਾ ਦਾ ਖਾਤਮਾ ਕੀਤਾ ਜਾ ਰਿਹਾ ਹੈ।  

ਸਮਾਜ ਦੇ ਕਮਜ਼ੋਰ ਤਬਕਿਆਂ ਤੇ ਦਲਿਤਾਂ ਉਤੇ ਜਾਤੀਵਾਦੀ ਅਨਸਰਾਂ ਵਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਇਹ ਸਭ ਮੌਜੂਦਾ ਸੰਵਿਧਾਨ ਨੂੰ ਨਕਾਰ ਕੇ ਦੇਸ਼ ਉਤੇ ਮਨੂੰ ਸਮ੍ਰਿਤੀ ਥੋਪਣ ਦੀ ਸੰਘ ਪਰਿਵਾਰ ਦੀ ਯੋਜਨਾਬੱਧ ਤੇ ਫਾਸਿਸਟ ਸਕੀਮ ਅਧੀਨ ਕੀਤਾ ਜਾ ਰਿਹਾ ਹੈ। ਜ਼ਰੂਰਤ ਹੈ ਕਿ ਇੰਨਾਂ ਮਨਮਾਨੀਆਂ ਦੇ ਟਾਕਰੇ ਲਈ ਸਾਰੀਆਂ ਧਰਮ ਨਿਰਪੱਖ, ਜਮਹੂਰੀ ਤੇ ਇਨਸਾਫਪਸੰਦ ਤਾਕਤਾਂ ਮਿਲ ਕੇ ਜ਼ੋਰਦਾਰ ਲਾਮਬੰਦੀ ਕਰਨ। ਲਿਬਰੇਸ਼ਨ ਆਗੂਆਂ ਨੇ ਪੰਜਾਬੀਆਂ ਨੂੰ ਕਿਹਾ ਹੈ ਕਿ ਉਹ ਇਕ ਪਾਸੇ ਪੰਜਾਬ ਵਿਚ ਸਿੱਧੂ ਮੂਸੇਵਾਲਾ ਸਮੇਤ ਲਗਾਤਾਰ ਹੋ ਰਹੇ ਕਤਲਾਂ ਤੇ ਦਹਿਸ਼ਤੀ ਵਾਰਦਾਤਾਂ ਅਤੇ ਦੂਜੇ ਪਾਸੇ ਕਾਂਗਰਸ ਤੇ ਬਾਦਲ ਦਲ ਦੇ ਮੋਹਰੀ ਆਗੂਆਂ ਵਲੋਂ ਧੜਾਧੜ ਬੀਜੇਪੀ 'ਚ ਸ਼ਾਮਲ ਹੋਣ ਦੇ ਆਪਸੀ ਸਬੰਧ ਦੀ ਜੁੜਦੀਆਂ ਤੰਦਾਂ ਨੂੰ ਸਮਝਣ ਦਾ ਯਤਨ ਕਰਨ।

ਕਾਮਰੇਡ ਰਾਣਾ ਨੇ ਦਸਿਆ ਕਿ ਪਾਰਟੀ ਵਲੋਂ ਹਰ ਸਾਲ 4 ਜੂਨ ਨੂੰ ਪੰਜਾਬ 'ਚ ਪਾਰਟੀ ਦੇ ਮੋਢੀ ਆਗੂ ਕਾਮਰੇਡ ਹਾਕਮ ਸਿੰਘ ਸਮਾਂਓ ਅਤੇ ਜੰਗ ਵਿਰੋਧੀ ਲਹਿਰ ਦੇ ਨੌਜਵਾਨ ਸ਼ਹੀਦਾਂ ਬਲਵਿੰਦਰ ਸਿੰਘ ਸਮਾਂਓ ਤੇ ਮਨੋਜ ਕੁਮਾਰ ਭੀਖੀ ਦੀ ਬਰਸੀ ਮਨਾਈ ਜਾਂਦੀ ਹੈ। ਪਰ ਪਾਰਟੀ ਨੇ ਇਸ ਵਾਰ  ਇਹ ਸਮਾਗਮ ਉਪਰੋਤਕ ਮੰਗਾਂ ਮੁੱਦਿਆਂ ਨੂੰ ਉਭਾਰਨ ਉਤੇ ਹੀ ਕੇਂਦਰਿਤ ਕਰਨ ਦਾ ਫੈਸਲਾ ਕੀਤਾ ਸੀ। ਉਨਾਂ ਜ਼ੋਰ ਦਿੱਤਾ ਕਿ ਦੇਸ਼ ਤੇ ਪੰਜਾਬ ਅੰਦਰ ਜਮਹੂਰੀਅਤ ਤੇ ਸੰਵਿਧਾਨਕ ਲੋਕਤੰਤਰ ਦੀ ਰਾਖੀ ਲਈ ਸਮਾਨ ਵਿਚਾਰਾਂ ਵਾਲੀਆਂ ਸਮੂਹ ਸ਼ਕਤੀਆਂ ਨੂੰ ਇੰਨਾਂ ਮੁਦਿਆਂ 'ਤੇ ਵਿਸ਼ਾਲ ਸਾਂਝੀ ਜਦੋਜਹਿਦ ਖੜੀ ਕਰਨੀ ਚਾਹੀਦੀ ਹੈ।
 
ਇਸਦੇ ਨਾਲ ਹੀ ਸੂਬਾ ਸਕੱਤਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਅਸੀਂ ਸੂਬਿਆਂ ਨੂੰ ਵੱਧ ਅਧਿਕਾਰਾਂ ਵਾਲੇ ਫੈਡਰਲ ਢਾਂਚੇ ਦੀ ਮੰਗ ਤੇ ਲਗਾਤਾਰ ਕਾਇਮ ਹਾਂ ਅਤੇ ਕਾਇਮ ਰਹਾਂਗੇ। 

ਅੱਜ 4 ਜੂਨ ਦੇ ਮੌਕੇ ਤੇ ਹਾਕਮ ਸਿੰਘ ਸਮਾਓਂ ਨੂੰ ਯਾਦ ਕਰਦਿਆਂ

ਅੱਜ ਮਾਨਸਾ ਵਿਖੇ ਹੋ ਰਿਹਾ ਹੈ ਯਾਦ ਵਿੱਚ ਵਿਸ਼ੇਸ਼ ਇਕਠ 


ਭੀਖੀ: 2 ਜੂਨ 2022: (ਹਰਭਗਵਾਨ ਭੀਖੀ//ਨਕਸਲਬਾੜੀ ਸਕਰੀਨ)::

ਲੱਖਾਂ ਕੁਰਬਾਨੀਆਂ ਤੋਂ ਬਾਅਦ ਹਾਸਿਲ ਕੀਤੀ ਗਈ ਆਜ਼ਾਦੀ ਤੋਂ ਬਾਅਦ ਵੀ ਦੇਸ਼ ਅੰਦਰ ਉੱਠੀਆਂ ਲਹਿਰਾਂ  ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ ਕਿ ਆਜ਼ਾਦੀ ਦੀ ਵਾਂਗਡੋਰ ਜਿਹੜੇ ਹੱਥਾਂ ਚ ਚਲੀ ਗਈ ਉਹ ਹੱਥ ਲੋਕਾਂ ਦੀਆਂ ਉਮੀਦਾਂ ਸੱਧਰਾਂ ਤੇ ਖਰੇ ਨਹੀਂ ਉੱਤਰੇ।ਜਿਸ ਕਰਕੇ ਲੋਕਾਂ ਦੇ ਮਨਾਂ ਅੰਦਰ ਪੈਦਾ ਹੋਈ ਬੇਚੈਨੀ ਨੇ ਸਮੇਂ ਸਮੇਂ ਵੱਖ ਲਹਿਰਾਂ ਨੂੰ ਜਨਮ ਦਿੱਤਾ। ਅਜਿਹੀਆਂ ਲਹਿਰਾਂ ਚੋਂ ਪ੍ਰਮੁੱਖ ਸੀ ਨਕਸਲਬਾੜੀ ਲਹਿਰ ਜਿਸ ਨੇ ਹਕੀਕੀ ਬਦਲਾਅ ਲਈ ਹਕੂਮਤ ਨੂੰ ਸਿੱਧੀ ਹਥਿਆਰਬੰਦ ਟੱਕਰ ਦਿੱਤੀ। ਜਿਸ ਨੇ ਜਲਦੀ ਹੀ ਨੌਜਵਾਨਾਂ ਵਿਦਿਆਰਥੀਆਂ, ਮਧਵਰਗ ਤੇ ਬੁੱਧੀਜੀਵੀ ਵਰਗ ਨੂੰ ਆਪਣੇ ਕਲਾਵੇ ਚ ਲੈ ਲਿਆ।

ਨਕਸਲਬਾੜੀ ਦੇ ਪ੍ਰਭਾਵ ਹੇਠ ਆਉਣ ਵਾਲਿਆਂ ਚੋਂ ਪੰਜਾਬ ਪਹਿਲਿਆਂ ਚੋਂ ਇੱਕ ਸੀ। ਜਿਸ ਦਾ ਅੱਸੀ ਸਾਲਾ ਬਜ਼ੁਰਗ ਤੋਂ ਲੈ ਕੇ ਗਭਰੇਟ ਉਮਰ ਦੇ ਗੱਭਰੂਆਂ ਨੇ ਹੁੰਗਾਰਾ ਭਰਿਆ। ਇਸ ਲਹਿਰ ਦੇ ਰਸਤੇ ਤੁਰਨ ਵਾਲਿਆਂ ਚੋਂ ਇਕ ਸੀ ਕਾਮਰੇਡ ਹਾਕਮ ਸਿੰਘ ਸਮਾਓਂ। ਜਿਸ ਨੂੰ ਪੰਜਾਬ ਅੰਦਰ ਜੱਗੇ ਦੇ ਨਾਮ ਨਾਲ ਜਾਣਿਆ ਗਿਆ।ਜਿਸ ਤੇ ਕੱਦਾਵਰ ਲੇਖਕ ਜਸਵੰਤ ਕੰਵਲ ਨੇ ਲਹੂ ਦੀ ਲੋਅ ਵਰਗਾ  ਇਤਿਹਾਸਕ ਨਾਵਲ ਲਿਖਿਆ।

ਕਾਮਰੇਡ ਹਾਕਮ ਸਿੰਘ ਦਾ ਜਨਮ 1 ਜਨਵਰੀ1941 ਨੂੰ ਸਮਾਓ ਵਿਖੇ ਪਿਤਾ ਬਚਨ ਸਿੰਘ ਤੇ ਮਾਤਾ ਗੁਰਨਾਮ ਕੌਰ ਦੇ ਘਰ ਸਮਾਓ ਵਿਖੇ ਹੋਇਆ। ਸਕੂਲ ਪੜ੍ਹਦਿਆਂ ਹੀ ਹਾਕਮ ਸਿੰਘ ਦੇ ਤੇਵਰ ਬਾਗੀ ਸਨ।ਜਿਸ ਕਰਕੇ ਉਹ ਆਪਣੇ ਜਮਾਤੀ ਤੇ ਮਿੱਤਰ ਪ੍ਰੋਫੈਸਰ ਅਜਮੇਰ ਸਿੰਘ ਔਲਖ ਸਮੇਤ ਸਕੂਲ ਚ ਹੁੰਦੀਆਂ ਵਧੀਕੀਆਂ ਵਿਰੁੱਧ ਆਢਾ ਲਾਈ ਰੱਖਦਾ। ਪਟਿਆਲੇ ਕਾਲਜ ਪੜ੍ਹਦਿਆਂ ਦੌਰਾਨ ਹੀ ਹਾਕਮ ਸਿੰਘ ਤੇ ਅਜਮੇਰ ਔਲਖ ਤੇ ਖੱਬੇ ਪੱਖੀ ਵਿਚਾਰਾਂ ਦਾ ਪ੍ਰਭਾਵ ਪੈਣ ਲੱਗਾ। ਇਸ ਪ੍ਰਭਾਵ ਨੇ ਜਿੱਥੇ ਅਜਮੇਰ ਔਲਖ ਨੂੰ ਰੰਗਮੰਚ ਵੱਲ ਤੋਰ ਦਿੱਤਾ ਉਥੇ ਹਾਕਮ ਸਿੰਘ ਕਮਿਊਨਿਸਟ  ਪਾਰਟੀ ਵੱਲ ਖਿੱਚਿਆ ਗਿਆ। ਰੋਹਤਕ ਵਿਖੇ ਆਪਣੀ ਐਮ ਏ ਦੀ ਪੜ੍ਹਾਈ  ਵਿਚਾਲੇ ਛੱਡ ਹਾਕਮ ਸਿੱਧਾ ਨਵਾਂ ਜ਼ਮਾਨਾ ਅਖਬਾਰ ਚ ਚਲਾ ਗਿਆ ,ਜਿੱਥੇ ਉਨ੍ਹਾਂ ਕਾਫੀ ਕੰਮ ਕੀਤਾ ।ਲੇਕਿਨ ਸੀਪੀਆਈ ਚ ਸਿਧਾਂਤਕ ਬਹਿਸ ਦੌਰਾਨ ਪਈ ਫੁੱਟ ਕਾਰਨ ਉਹ ਨਵੀਂ ਬਣੀ  ਸੀ ਪੀ ਆਈ ਐਮ ਚ ਸ਼ਾਮਲ ਹੋ ਗਏ।ਇੱਥੇ ਉਨ੍ਹਾਂ ਨੇ ਕਿਸਾਨ ਸਭਾ ਤੇ ਪੰਦਰਾਂ ਦਿਨਾਂ ਬਾਅਦ ਨਿਕਲਦੇ ਰਸਾਲੇ ਲੋਕ ਲਹਿਰ ਲਈ ਕੰਮ ਕੀਤਾ।

ਪਰ ਜਲਦੀ ਹੀ ਪੱਛਮੀ ਬੰਗਾਲ ਅੰਦਰ ਕਿਸਾਨ ਬਗਾਵਤ ਖੜੀ ਹੋ ਗਈ ਜਿਸ ਨੂੰ ਦਬਾਉਣ ਲਈ ਸਾਂਝੇ ਮੋਰਚੇ ਦੀ ਸਰਕਾਰ ਨੇ ਗੋਲੀ ਚਲਾ ਦਿੱਤੀ, ਜਿਸ ਚ  ਅਨੇਕਾਂ ਕਿਸਾਨ ਮਾਰੇ ਗਏ।ਇਸ ਸਵਾਲ ਉੱਪਰ ਪਾਰਟੀ ਅੰਦਰ ਦਰਾਰ ਪੈਦਾ ਹੋ ਗਈ। ਨਕਸਲਬਾੜੀ ਦੇ ਹੱਕ ਚ ਆਵਾਜ਼ ਉਠਾਉਣ ਵਾਲਿਆਂ ਨੂੰ ਨਕਸਲੀਏ ਕਿਹਾ ਜਾਣ ਲੱਗਾ।ਕਾਮਰੇਡ ਹਾਕਮ ਸਿੰਘ ਨਕਸਲਬਾੜੀ ਦੇ ਹੱਕ ਚ ਸਟੈਂਡ ਲੈਣ ਵਾਲਿਆਂ ਚੋਂ ਮੋਹਰੀ ਸੀ।ਰਾਜਸੀ ਤਾਕਤ ਬੰਦੂਕ ਦੀ ਨਾਲੀ ਚੋਂ ਨਿਕਲਦੀ ਹੈ ਤੇ ਜ਼ਮੀਨ ਹਲਵਾਹਕ ਦੀ ਦਾ ਨਾਅਰਾ ਬੁਲੰਦ ਕਰਦਿਆਂ ਭਗੌੜਾ ਹੋ ਗਿਆ। ਇਸ ਲਹਿਰ ਦੇ ਐਕਸ਼ਨ ਦੀ ਸ਼ੁਰੂਆਤ ਕਾਮਰੇਡ ਹਾਕਮ ਸਿੰਘ ਨੇ ਘਰ ਤੋਂ ਕੀਤੀ। ਹਾਕਮ ਸਿੰਘ ਦਾ ਪਰਿਵਾਰ ਖਾਂਦੇ ਪੀਂਦੇ ਤੇ ਸਿਆਸੀ ਅਸਰ ਰਸੂਖ ਵਾਲਿਆਂ ਚੋਂ ਸੀ।ਉਨ੍ਹਾਂ ਦੇ ਪਿੰਡ ਚ ਵਿਆਜ ਤੇ ਪੈਸੇ ਵੀ ਚਲਦੇ ਸਨ। ਕਾਮਰੇਡ ਨੇ ਸਭ ਤੋਂ ਪਹਿਲਾਂ ਜਿਹੜੀਆਂ ਬਹੀਆਂ ਤੇ ਲੋਕਾਂ ਨੂੰ ਦਿੱਤੇ ਗਏ ਪੈਸੇ ਲਿਖੇ ਹੋਏ ਸਨ ਉਹਨਾਂ ਬਹੀਆਂ ਨੂੰ ਮਿੱਟੀ ਦਾ ਤੇਲ ਪਾਕੇ ਸਾੜ ਦਿੱਤਾ। ਕਾਮਰੇਡ ਨੂੰ ਪੰਦਰਾਂ ਏਕੜ ਜ਼ਮੀਨ ਆਉਂਦੀ ਸੀ ਕਾਮਰੇਡ ਨੇ ਆਪਣੇ ਬਾਪੂ ਨੂੰ ਜ਼ਮੀਨ ਪਾਰਟੀ ਦੇ ਨਾਮ ਕਰਵਾਉਣ ਲਈ ਜ਼ੋਰ ਦਿੱਤਾ ਪਰ ਪਰਿਵਾਰ ਮੰਨਿਆ ਨਹੀਂ।

ਪਹਿਲਾ ਜ਼ਮੀਨੀ ਐਕਸ਼ਨ ਵੀ ਕਾਮਰੇਡ ਹਾਕਮ ਸਿੰਘ ਦੀ ਅਗਵਾਈ ਹੇਠ ਸਮਾਓ ਵਿਖੇ ਹੀ ਹੋਇਆ ।ਜਿੱਥੇ ਸ਼ਾਹੂਕਾਰਾਂ ਦੀ ਪਈ ਜ਼ਮੀਨ ਉੱਪਰ ਝੰਡਾ ਗੱਢ ਦਿੱਤਾ।ਝੰਡਾ ਚੜ੍ਹਾਉਣ ਵਾਲਿਆਂ ਚ ਬਾਬੂ ਰਾਮ ਵੈਰਾਗੀ, ਜ਼ੋਰਾ ਸਿੰਘ ਅਲੀਸ਼ੇਰ,ਸੁਹਾਵਾ ਸਿੰਘ ਭੀਖੀ ਸ਼ਾਮਲ ਸਨ ਜਦਕਿ ਗੌਹਰ ਸਿੰਘ ਸਮਾਓ ਨੇ ਹਲ ਵਾਹਿਆ।ਇਸ ਘਟਨਾ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ।ਇਸ ਐਕਸ਼ਨ ਚ ਤੀਹ ਪੈਂਤੀ ਵਿਅਕਤੀਆਂ ਦੀ ਗ੍ਰਿਫਤਾਰੀ ਹੋਈ।

ਕਾਮਰੇਡ ਸਿਰਫ ਨੀਤੀ ਘਾੜਾ ਨਹੀਂ ਸੀ ਬਲਕਿ ਨੀਤੀ ਨੂੰ ਹਥਿਆਰ ਚੁੱਕ ਲਾਗੂ ਕਰਨ ਵਾਲਿਆਂ ਚ ਵੀ ਮੋਹਰੀ ਸੀ।ਇਸ ਕਰਕੇ ਹੀ ਹਾਕਮ ਸਿੰਘ ਪੰਜਾਬ ਚ ਖਿੱਚ ਦਾ ਕੇਂਦਰ ਵੀ ਸੀ।

ਨਕਸਲੀ ਲਹਿਰ ਵੱਲ ਨੌਜਵਾਨ, ਵਿਦਿਆਰਥੀ, ਮੱਧਵਰਗ, ਬੁੱਧੀਜੀਵੀ ਤਬਕਾ  ਤੇ ਸਾਹਿਤਕਾਰ ਤੇਜ਼ੀ ਨਾਲ ਖਿੱਚੇ ਜਾਣ ਲੱਗੇ।ਜਿਸ ਤੋਂ ਬੁਖਲਾਹਟ ਚ ਆਕੇ ਸਟੇਟ ਨੇ ਅੰਨ੍ਹੇ ਜਬਰ ਦਾ ਰਸਤਾ ਚੁਣਿਆ।ਅੱਸੀ ਸਾਲਾ ਬਾਬਾ ਬੂਝਾ ਸਿੰਘ ਤੋਂ ਲੈਕੇ ਚੜ੍ਹਦੀ ਉਮਰ ਦੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਚ ਖਪਾਇਆ ਜਾਣ ਲੱਗਾ।ਅੱਸੀ ਤੋਂ ਵੱਧ ਨੌਜਵਾਨ ਸ਼ਹੀਦ ਕਰ ਦਿੱਤੇ। ਤਸ਼ੱਦਦ ਦੀ ਭੰਨੀ ਤੇ ਟੁੱਟਾਂ ਫੁੱਟਾਂ ਦਾ ਸ਼ਿਕਾਰ ਲਹਿਰ ਨੂੰ ਸਟੇਟ ਨੇ ਵਕਤੀ ਤੌਰ ਤੇ ਦਬਾਅ ਲਿਆ।ਕਾਮਰੇਡ ਹਾਕਮ ਸਿੰਘ ਤੇ ਦਰਸ਼ਨ ਖਟਕੜ ਹੁਸ਼ਿਆਰਪੁਰ ਜਿਲ੍ਹੇ ਦੇ ਇੱਕ ਪਿੰਡ ਭਾਤਪੁਰ ਦੇ ਖੇਤਾਂ ਚੋਂ ਫੜੇ ਗਏ।ਪੁਲਿਸ ਮੁਕਾਬਲਿਆਂ ਦੇ ਦੌਰ ਚ ਦੋਵਾਂ ਦਾ ਵੀ ਝੂਠਾ ਪੁਲਿਸ ਮੁਕਾਬਲਾ ਬਣਾਇਆ ਜਾ ਸਕਦਾ ਸੀ ਪਰ ਲਹਿਰ ਦੇ ਦੋਵੇਂ ਵੱਡੇ ਲੀਡਰ ਹੋਣ ਕਾਰਨ ਇਨ੍ਹਾਂ ਦੀ ਗ੍ਰਿਫਤਾਰੀ ਦੀ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ,ਜਿਸ ਕਾਰਨ ਪੁਲਿਸ ਦੇ ਲਈ ਅਜਿਹਾ ਕਰਨਾ ਸੰਭਵ ਨਹੀਂ ਸੀ। ਪੁਲਿਸ ਵੱਲੋਂ ਕਾਮਰੇਡ ਸਮਾਓ ਦਾ ਵੱਖ ਵੱਖ ਥਾਣਿਆਂ ਚ ਉਨੀੜਿਵੇਂ ਦਿਨ ਰਿਮਾਂਡ ਰਿਹਾ ਜੋ ਇੱਕ ਰਿਕਾਰਡ ਹੈ।ਐਮਰਜੈਂਸੀ ਦਾ ਦੌਰ ਜੇਲ੍ਹ ਵਿਚ ਲੰਘਿਆ ।1977ਚ ਜਦ ਜਨਤਾ ਪਾਰਟੀ ਦੀ ਸਰਕਾਰ ਬਣੀ ਤਾਂ ਸਭ ਸਿਆਸੀ ਕੈਦੀਆਂ ਨੂੰ ਰਿਹਾਅ ਕੀਤਾ ਗਿਆ। ਜਦ ਕਾਮਰੇਡ ਹਾਕਮ ਸਿੰਘ ਜੇਲੋਂ ਬਾਹਰ ਆਇਆ ਲਹਿਰ ਖਿੰਡ ਚੁੱਕੀ ਸੀ  ਤੇ ਆਪਸੀ ਦੂਸ਼ਣਬਾਜ਼ੀ ਭਾਰੂ ਸੀ।ਮਾਸਟਰ ਤਰਲੋਚਨ ਸਮਰਾਲਾ ਦੇ ਸ਼ਬਦਾਂ ਵਿੱਚ ਜੋ ਸ਼ਹੀਦ ਹੋ ਗਏ ਸਭ ਕਿੰਤੂ ਪ੍ਰੰਤੂ ਤੋਂ ਉਪਰ ਉੱਠ ਗਏ ਪਰ ਜੋ ਬਚ ਗਏ ਕਟਹਿਰੇ ਚ ਖੜ੍ਹੇ ਹੋਣ ਲਈ ਸਰਾਪੇ ਗਏ। ਕਾਮਰੇਡ ਸਮਾਓ ਨਾਲ ਵੀ ਏਹ ਭਾਣਾ ਵਾਪਰਿਆ।

ਲੇਖਕ-ਕਾਮਰੇਡ ਹਰਭਗਵਾਨ ਭੀਖੀ 
ਜੇਲ੍ਹ ਤੋਂ ਬਾਹਰ ਆ ਕੇ ਹਾਕਮ ਸਿੰਘ ਨੇ ਲਹਿਰ ਦੀ ਹਾਲਤ  ਤੇ ਵਿਛੜ ਗਏ ਸਾਥੀਆਂ ਬਾਰੇ ਸੋਚਿਆ ਸਮਝਿਆ।ਏਹੀ ਉਹ ਦੌਰ ਸੀ ਜਦ ਕਾਮਰੇਡ ਵਿਨੋਦ ਮਿਸ਼ਰਾ ਤੇ ਕਾਮਰੇਡ ਨਾਗਭੂਸ਼ਣ ਪਟਨਾਇਕ ਦੀ ਅਗਵਾਈ ਹੇਠ ਲਹਿਰ ਨੂੰ ਇੱਕਜੁੱਟ ਕਰਨ ਦੇ ਯਤਨ  ਹੋ ਰਹੇ ਸਨ।ਇਨ੍ਹਾਂ ਯਤਨਾਂ ਦੇ ਫਲਸਰੂਪ ਹੀ  ਇੰਡੀਅਨ ਪੀਪਲਜ਼ ਫਰੰਟ ਹੋਂਦ ਵਿੱਚ ਆਇਆ। ਪੰਜਾਬ ਅੰਦਰ ਕਾਮਰੇਡ ਸਮਾਓ ਨੇ ਇਨ੍ਹਾਂ ਯਤਨਾਂ ਦਾ ਹੁੰਗਾਰਾ ਭਰਦਿਆਂ ਸੂਬੇ ਚ ਆਈ ਪੀ ਐਫ ਬਣਾਇਆ ਤੇ ਆਪਣੇ ਸਾਥੀਆਂ ਅਮਰ ਸਿੰਘ ਅੱਚਰਵਾਲ, ਬਾਬੂ ਰਾਮ ਵੈਰਾਗੀ, ਜਰਨੈਲ ਸਿੰਘ ਬਹਾਦਰਪੁਰ ਆਦਿ ਨੂੰ ਵੀ ਸ਼ਾਮਲ ਕੀਤਾ ਤੇ ਨਾਲ ਹੀ ਪੰਜਾਬ ਚ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੀ ਇਕਾਈ ਸੰਗਠਿਤ ਕੀਤੀ। ਲਹਿਰ ਦੌਰਾਨ ਸ਼ਹੀਦ ਹੋਏ ਸਾਥੀਆਂ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਮਾਨਸਾ ਵਿਖੇ ਸ਼ਹੀਦ ਬਾਬਾ ਬੂਝਾ ਸਿੰਘ ਭਵਨ ਦੀ ਉਸਾਰੀ ਕੀਤੀ।ਅੱਤਵਾਦ ਦੌਰਾਨ  ਕਾਮਰੇਡ ਦੀ ਸ੍ਰਪਰਸਤੀ ਹੇਠ ਪਾਰਟੀ ਨੇ ਫਿਰਕਾਪ੍ਰਸਤਾਂ ਤੇ ਸਟੇਟ ਦੇ ਦੋਵੇਂ ਕਿਸਮ ਦੇ ਜਬਰ ਦਾ ਵਿਰੋਧ ਕੀਤਾ। ਬ੍ਰਿਧ ਅਵਸਥਾ ਚ ਭੀਖੀ ਥਾਣੇ ਤੇ ਹਮਲੇ ਦੇ ਦੋਸ਼ ਚ ਅਡੋਲ ਰਹਿਕੇ ਅੰਨ੍ਹੇ ਪੁਲਿਸ ਜਬਰ ਦਾ ਸਾਹਮਣਾ ਕੀਤਾ।ਪੰਜਾਬ ਚ 1992ਚ ਪਹਿਲਾ ਨਕਸਲੀ ਉਮੀਦਵਾਰ ਵੀ ਹਾਕਮ ਸਿੰਘ ਦੀ ਅਗਵਾਈ ਹੇਠ ਹੀ ਜਿੱਤਿਆ।

ਕਾਮਰੇਡ ਹਾਕਮ ਸਿੰਘ ਸਮਾਓ ਉਰਫ ਜੱਗਾ 4 ਜੂਨ 1999 ਨੂੰ ਅਖਬਾਰ ਪੜ੍ਹਦਿਆਂ ਪੜ੍ਹਦਿਆਂ ਅਚਾਨਕ ਹੋਏ ਅਟੈਕ ਕਾਰਨ  ਜੁਝਾਰੂ ਕਾਫਲੇ ਨੂੰ ਸਰੀਰਕ ਰੂਪ ਚ ਸਦੀਵੀ ਵਿਛੋੜਾ ਦੇ ਗਏ।ਅੱਜ ਜਦੋਂ ਕਾਮਰੇਡ ਹਾਕਮ ਸਿੰਘ ਸਮਾਓ ਦੀ23ਵੀਂ ਬਰਸੀ ਮਨਾਈ ਜਾ ਰਹੀ ਹੈ ਤਾਂ ਆਓ ਆਪਣੇ ਨਾਇਕ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹਾਸ਼ੀਏ ਤੇ ਵਿਚਰ ਰਹੀ ਕਮਿਊਨਿਸਟ ਲਹਿਰ ਨੂੰ ਇੱਕਜੁੱਟ ਕਰਦਿਆਂ ਨਵੇਂ ਦਿਸਹੱਦਿਆਂ ਵੱਲ ਵਧੀਏ ਤੇ ਬਰਾਬਰਤਾ ਵਾਲੇ ਖੁਸ਼ਹਾਲ ਜਮਹੂਰੀ ਸਮਾਜ ਦੀ ਸਿਰਜਣਾ ਕਰੀਏ।

    ਵੱਲੋਂ: ਹਰਭਗਵਾਨ ਭੀਖੀ

     ਸੂਬਾ ਕਮੇਟੀ ਮੈਂਬਰ

      ਸੀ ਪੀ ਆਈ ਐਮ ਐਲ ਲਿਬਰੇਸ਼ਨ, ਪੰਜਾਬ>

      98768-96122

     2 ਜੂਨ 2022

ਦਰਸ਼ਨ ਖਟਕੜ ਹੁਰਾਂ ਬਾਰੇ ਇਹ ਵੀ ਪੜ੍ਹੋ--ਪੰਜਾਬ ਦੇ ਬਹੁ-ਪਸਾਰਾਂ ਦਾ ਦਸਤਾਵੇਜ਼ ਪੁਸਤਕ