Sunday, September 12, 2021

ਸ਼ਹੀਦ ਅਮਰ ਸਿੰਘ ਅੱਚਰਵਾਲ ਦੇ 29 ਵੇ ਸ਼ਹਾਦਤ ਦਿਵਸ ਮੌਕੇ

  ਅੱਜ 12 ਸਤੰਬਰ ਤੇ ਵਿਸ਼ੇਸ਼//ਹਰਭਗਵਾਨ ਭੀਖੀ ਦੀ ਕਲਮ ਤੋਂ


ਭੀਖੀ
(ਮਾਨਸਾ): 12 ਸਤੰਬਰ 2021: (ਨਕਸਲਬਾੜੀ ਬਿਊਰੋ)::
ਇਤਿਹਾਸਿਕ ਲਹਿਰਾਂ ਵਿੱਚੋਂ ਇੱਕ ਨਕਸਲਬਾੜੀ ਲਹਿਰ ਦੇ ਵਿਰਸੇ ਅਤੇ ਇਤਿਹਾਸ ਨੂੰ ਸੰਭਾਲਣ ਲਈ ਜਿਹੜੇ ਲੋਕ ਆਪੋ ਆਪਣੇ ਤੌਰ ਤੇ ਜਾਂ ਜੱਥੇਬੰਦਕ ਤੌਰ ਤੇ ਸਿਰੜ ਅਤੇ ਸਿਦਕ ਨਾਲ ਜੁੱਟੇ ਹੋਏ ਹਨ ਉਹਨਾਂ ਵਿੱਚ ਹਰਭਗਵਾਨ ਭੀਖੀ ਦਾ ਨਾਂਅ ਵੀ ਇੱਕ ਹੈ। ਧੜੇਬੰਦੀਆਂ ਅਤੇ ਵਿਚਾਰਧਾਰਕ ਵਖਰੇਵਿਆਂ ਤੋਂ ਉੱਪਰ ਉਠਕੇ ਕੰਮ ਕਰਨਾ ਹੁੰਦਾ ਤਾਂ ਬਹੁਤ ਔਖਾ ਹੈ ਪਰ ਫਿਰ ਵੀ ਇਹ ਕੁਝ ਲੋਕ ਲਗਾਤਾਰ ਸਰਗਰਮ ਹਨ। ਉਮਰ ਤੇਜ਼ੀ ਨਾਲ ਲੰਘ ਰਹੀ ਹੈ। ਕਾਲਿਆਂ ਤੋਂ ਧੌਲੇ ਆ ਰਹੇ ਹਨ। ਘਰ ਘਾਟ ਦਾ ਇਹਨਾਂ ਨੇ ਵੀ ਕੁਝ ਨਹੀਂ ਬਣਾਇਆ ਹੋਣਾ। ਪਰ ਸ਼ਹੀਦਾਂ ਨੂੰ ਸਲਾਮ ਕਰਨ ਵਿੱਚ ਸਭ ਤੋਂ ਅੱਗੇ ਹੁੰਦੇ ਹਨ। ਹਰਭਗਵਾਨ ਭੀਖੀ ਨੇ ਤਾਂ ਇਸ ਲਹਿਰ ਬਾਰੇ ਕਿਤਾਬਾਂ ਵੀ ਲਿਖੀਆਂ ਹਨ। ਇਥੇ ਅਸੀਂ ਦੇ ਰਹੇ ਹਾਂ ਸ਼ਹੀਦ ਅਮਰ ਸਿੰਘ ਅੱਚਰਵਾਲ ਦੀ ਯਾਦ ਵਿਚ ਹੋਣ ਵਾਲੇ ਸਮਾਗਮ ਦਾ ਸੱਦਾ ਪੱਤਰ ਜਿਹੜਾ ਹਰਭਗਵਾਨ ਭੀਖੀ ਨੇ ਹੀ ਲਿਖਿਆ ਹੈ। --ਰੈਕਟਰ ਕਥੂਰੀਆ

ਲੰਮੇ ਸੰਘਰਸ਼ ਤੇ ਅਥਾਹ ਕੁਰਬਾਨੀਆਂ ਤੋਂ ਬਾਅਦ ਹਾਸਿਲ ਹੋਈ ਅਜ਼ਾਦੀ ਵੀ ਜਦ ਭਾਰਤੀ ਲੋਕਾਂ ਦੀ ਹੋਣੀ ਨਾ ਬਦਲ ਸਕੀ ਤੇ ਸਤ੍ਹਾ ਤੇ ਬਿਰਾਜਮਾਨ ਹੋਏ ਭੂਰੇ ਹਾਕਮਾਂ ਨੇ ਆਮ ਲੋਕਾਂ ਦੀ ਬਜਾਏ ਕੁਝ ਮੁੱਠੀ ਭਰ ਸਰਮਾਏਦਾਰਾਂ ਦੇ ਹਿੱਤਾਂ ਨੂੰ ਤਰਜੀਹ ਦਿੱਤੀ ਤਾਂ ਇਸ ਨੀਤੀ ਖਿਲਾਫ਼ ਆਜ਼ਾਦੀ ਦੇ ਥੋੜ੍ਹੇ ਸਮੇਂ ਬਾਅਦ ਹੀ ਲੋਕਾਂ ਦਾ ਰੋਹ ਸਾਹਮਣੇ ਆਉਣ ਲੱਗ ਪਿਆ ਸੀ। ਜਿਸ ਕਾਰਨ ਸਮੇਂ ਸਮੇਂ ਭਾਰਤੀ ਹਕੂਮਤ ਖਿਲਾਫ਼ ਬਗਾਵਤ ਉਭਰਦੀ ਰਹੀ ਹੈ। ਇਨਾਂ ਬਗਾਵਤਾਂ ਚੋਂ ਵੀਹਵੀਂ ਸਦੀ ਦੇ ਸੱਤਰਵਿਆਂ ਚ ਉੱਠੀ ਨਕਸਲਬਾੜੀ ਦੀ ਹਥਿਆਰਬੰਦ ਬਗਾਵਤ ਦਾ ਵਿਸ਼ੇਸ਼ ਸਥਾਨ ਹੈ। ਜਿਸ ਨੇ ਵਿੱਦਿਅਕ ਅਦਾਰਿਆਂ ,ਸਾਹਿਤਕ ਹਲਕਿਆਂ, ਬੁੱਧੀਜੀਵੀਆਂ, ਨੌਜਵਾਨਾਂ ਵਿਦਿਆਰਥੀਆਂ ਨੂੰ ਆਪਣੇ ਕਲਾਵੇ ਚ ਹੀ ਨਹੀਂ ਲਿਆ ਬਲਕਿ ਲੁਟੇਰੇ ਨਿਜ਼ਾਮ ਨੂੰ ਉਖਾੜ ਕੇ ਇਨਕਲਾਬ ਦੀ ਚਿਣਗ ਵੀ ਪੈਦਾ ਕੀਤੀ ਜੋ ਸਿਰ ਤੇ ਕੱਫਣ ਬੰਨ ਕੇ ਖੁਸ਼ਹਾਲ ਭਾਰਤ ਦੀ ਸਿਰਜਣਾ ਲਈ ਉੱਠ ਖੜ੍ਹੇ ਹੋਏ। ਅਜਿਹੇ ਸਿਰਲੱਥ ਯੋਧਿਆਂ ਚ ਸ਼ਹੀਦ ਅਮਰ ਸਿੰਘ ਅੱਚਰਵਾਲ ਵੀ ਸ਼ਾਮਲ ਹੈ। ਗਦਰੀਆਂ ਕੂਕਿਆਂ ਦੀ ਧਰਤੀ ਜਿਲ੍ਹਾ ਲੁਧਿਆਣਾ ਦੇ ਪਿੰਡ ਅੱਚਰਵਾਲ ਚ ਅਕਤੂਬਰ 1929 ਜਨਮਿਆ ਅਮਰ ਸਿੰਘ ਨੇ ਜਦ ਸੁਰਤ ਸੰਭਾਲੀ ਸਮਾਜ ਅੰਦਰ ਜੋ ਵੀ ਲੋਕ ਪੱਖੀ ਲਹਿਰ ਉੱਠੀ ਉਨ੍ਹਾਂ ਨੇ ਤਨ ਮਨ ਧਨ ਉਸ ਦਾ ਹੁੰਗਾਰਾ ਭਰਿਆ। ਉਹ ਸੀ ਪੀ ਆਈ ਸੀਪੀ ਐਮ ਨਾਲ ਰਹੇ ਜਦ ਬਸੰਤ ਦੀ ਕੜਕ ਨਕਸਲਬਾੜੀ ਲਹਿਰ ਉਠੀ ਤਾਂ ਪਿੰਡ ਦੀ ਸਰਪੰਚੀ ਛੱਡ ਬੰਦੂਕ ਚੱਕ ਬਾਗੀ ਹੋ ਤੁਰਿਆ। ਚਮਕੌਰ ਸਾਹਿਬ ਥਾਣੇ ਤੇ ਹਮਲੇ ਦਾ ਸਵਾਲ ਹੋਵੇ ਜਾਂ ਬਿਰਲਾ ਫਾਰਮ ਤੇ ਕਬਜ਼ੇ ਦਾ ਸਵਾਲ ਸ਼ਹੀਦ ਅਮਰ ਸਿੰਘ ਆਪਣੇ ਸਾਥੀਆਂ ਨਾਲ ਹਥਿਆਰ ਚੱਕ ਮੋਹਰੀ ਸਫਾਂ ਚ ਸ਼ਾਮਲ ਸੀ। ਨਕਸਲੀ ਲਹਿਰ ਚ ਮੋਹਰੀ ਹੋਣ ਕਾਰਨ ਸਟੇਟ ਦੇ ਅੰਨ੍ਹੇ ਤਸ਼ੱਦਦ, ਕੁਰਕੀਆਂ, ਜ਼ਮੀਨ ਦੇ ਉਜਾੜੇ ਦਾ ਸਾਹਮਣਾ ਕੀਤਾ ਲੇਕਿਨ ਇਸ ਅਮਰ ਯੋਧੇ ਦੇ ਕਦਮ ਅਡੋਲ ਆਪਣੀ ਮੰਜ਼ਿਲ ਵੱਲ ਵਧਦੇ ਰਹੇ। ਬਾਬਾ ਬੂਝਾ ਸਿੰਘ, ਕਾਮਰੇਡ ਹਾਕਮ ਸਿੰਘ ਸਮਾਓ,ਤੇ ਦਰਸ਼ਨ ਖਟਕੜ ਵਰਗੇ ਸੂਰਮਿਆਂ ਦਾ ਸਾਥੀ ਅਮਰ ਸਿੰਘ ਅੱਚਰਵਾਲ ਆਪਣੇ ਇਲਾਕੇ ਵਿੱਚ ਐਨਾ ਹਰਮਨ ਪਿਆਰਾ ਸੀ ਕਿ ਵਿਰੋਧੀ ਵੀ ਉਸ ਸਤਿਕਾਰ ਕਰਦੇ ਤੇ ਉਸ ਦੀ ਗੱਲ ਕਾਟ ਨਹੀਂ ਪਾਉਂਦੇ ਸਨ। ਅਨੇਕਾਂ ਕੁਰਬਾਨੀਆਂ ਦੇ ਬਾਵਜੂਦ ਜਦ ਲਹਿਰ ਇੱਛਤ ਮੰਜ਼ਿਲ ਹਾਸਲ ਨਾ ਕਰ ਸਕੀ ਤੇ ਅੱਸੀ ਤੋਂ ਵੱਧ ਸਾਥੀ ਕੁਰਬਾਨ ਹੋ ਗਏ ਉਨ੍ਹਾਂ ਸਮੇਤ ਅਨੇਕਾਂ ਜੇਲ੍ਹਾਂ ਚ ਬੰਦ ਹੋ ਗਏ ਤੇ ਲਹਿਰ ਟੁੱਟ ਫੁੱਟ ਦਾ ਸ਼ਿਕਾਰ ਹੋ ਗਈ ਉਸ ਹਾਲਤ ਚ ਵੀ ਉਨ੍ਹਾਂ ਹੌਂਸਲਾ ਨਾ ਹਾਰਿਆ। ਬਦਲੀਆਂ ਹਾਲਤਾਂ ਚ ਵੀ ਉਨ੍ਹਾਂ ਲਹਿਰ ਨੂੰ ਇੱਕਜੁੱਟ ਕਰਨ ਦੇ ਯਤਨ ਜਾਰੀ ਰੱਖੇ। ਇਸ ਦਾ ਨਤੀਜਾ ਸੀ ਕਿ ਉਨ੍ਹਾਂ ਕਾਮਰੇਡ ਹਾਕਮ ਸਿੰਘ ਸਮਾਓ ਨਾਲ ਮਿਲਕੇ ਪੰਜਾਬ ਅੰਦਰ ਇੰਡੀਅਨ ਪੀਪਲਜ ਫਰੰਟ ਤੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਨੂੰ ਸਥਾਪਤ ਕੀਤਾ।ਨਕਸਲੀ ਲਹਿਰ ਦਾ ਪਹਿਲਾ ਵਿਧਾਇਕ ਵੀ ਉਨ੍ਹਾਂ ਦੀ ਅਗਵਾਈ ਹੇਠ ਹੀ ਜਿੱਤਿਆ। ਜਦੋਂ ਸੂਬੇ ਅੰਦਰ ਦਹਿਸ਼ਤਗਰਦ ਲਹਿਰ ਸਿਖਰਾਂ ਤੇ ਸੀ ਪੁਲਿਸ ਜਬਰ ਵੀ ਜ਼ੋਰਾਂ ਤੇ ਸੀ ਦੋਵਾਂ ਧਿਰਾਂ ਵੱਲੋਂ ਮਿਲਦੀਆਂ ਧਮਕੀਆਂ ਦੇ ਬਾਵਜੂਦ ਉਨ੍ਹਾਂ ਆਪਣੀ ਸਰਗਰਮੀ ਨੂੰ ਨਿਰੰਤਰ ਜਾਰੀ ਰੱਖਿਆ। ਸਟੇਟ ਤੇ ਕਾਲੀਆਂ ਤਾਕਤਾਂ ਦੀਆਂ ਵਧੀਕੀਆਂ ਦਾ ਵਿਰੋਧ ਵੀ ਕੀਤਾ। ਸ਼੍ਰੀ ਦਰਬਾਰ ਸਾਹਿਬ ਤੇ ਫੌਜ ਦੇ ਹਮਲੇ ਖਿਲਾਫ਼ ਉਨ੍ਹਾਂ ਡਟਵਾਂ ਵਿਰੋਧ ਕੀਤਾ। ਆਪਣੇ ਸ਼ਹੀਦ ਹੋਣ ਤੱਕ ਪਿੰਡ ਦੇ ਸਰਪੰਚ ਅਮਰ ਸਿੰਘ ਅੱਚਰਵਾਲ ਜਦ ਇੱਕ ਅਧਿਆਪਕ ਪ੍ਰਾਣ ਨਾਥ ਦੇ ਕਿਸੇ ਕੰਮ ਨੂੰ ਕਰਵਾਕੇ ਬੱਸੀਆਂ ਤੋਂ 12ਸਤੰਬਰ 1992 ਵਾਪਸ ਘਰ ਆ ਰਹੇ ਸਨ ਤਾਂ ਕਾਲੀਆਂ ਤਾਕਤਾਂ ਨੇ ਉਨ੍ਹਾਂ ਨੂੰ ਘੇਰ ਕੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਤੇ ਲੋਕਾਂ ਦਾ ਨਾਇਕ ਸਦੀਵੀ ਅਮਰ ਹੋ ਗਿਆ। ਉਨ੍ਹਾਂ ਦੀ ਯਾਦ ਚ ਯਾਦਗਾਰੀ ਗੇਟ,ਵੱਡਾ ਛੈੱਡ,ਸ਼ਹੀਦੀ ਲਾਟ,ਲਾਇਬ੍ਰੇਰੀ ਉਸਰੀ ਹੋਈ ਹੈ। ਹਰ ਸਾਲ ਉਨ੍ਹਾਂ ਦੀ ਯਾਦ ਚ ਸਮਾਗਮ ਹੁੰਦਾ ਹੈ। ਜਿਸ ਦੀ ਸ਼ੁਰੂਆਤ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਸੂਹਾ ਝੰਡਾ ਲਹਿਰਾਉਣ ਨਾਲ ਹੁੰਦੀ ਹੈ। ਅੱਜ ਬਾਰਾਂ ਸਤੰਬਰ ਨੂੰ ਉਨ੍ਹਾਂ ਦੀ29ਵੀਂ ਬਰਸੀ ਮੌਕੇ ਪਿੰਡ ਅੱਚਰਵਾਲ ਵਿਖੇ ਸਮਾਗਮ ਕੀਤਾ ਜਾ ਰਿਹਾ ਹੈ। ਆਓ ਸਿਜਦਾ ਕਰਨ ਲਈ ਅਚਰਵਾਲ ਚੱਲੀਏ।
ਹਰਭਗਵਾਨ ਭੀਖੀ
9876896122