Thursday, December 23, 2021

ਨਕਸਲੀ ਨੌਜਵਾਨਾਂ ਦੇ ਦਿਲਾਂ ਵਿੱਚ ਵੀ ਮਹਾਤਮਾ ਬੁੱਧ ਵਾਂਗ ਸੁਆਲਾਂ ਦੀ ਅਗਨੀ ਸੀ

23rd December 2021: 1:42 PM

ਸ਼ਹੀਦ ਮਲਕੀਤ ਸਿੰਘ ਮੱਲ੍ਹਾ ਵੀ ਇਹਨਾਂ ਵਿੱਚੋਂ ਇੱਕ ਸੀ 

ਸੋਸ਼ਲ ਮੀਡੀਆ//ਪਿੰਡ ਮੱਲਾ (ਲੁਧਿਆਣਾ):: 23 ਦਸੰਬਰ 2021: (ਨਕਸਲਬਾੜੀ ਬਿਊਰੋ)::

ਨਕਸਲਬਾੜੀ ਲਹਿਰ ਜਦੋਂ ਪੰਜਾਬ ਵਿੱਚ ਉੱਠੀ ਤਾਂ ਇਥੇ ਵੀ ਇੱਕ ਵਾਰ ਤਾਂ ਪੂਰੀ ਤਰ੍ਹਾਂ ਚੜ੍ਹਤ ਵਿੱਚ ਆਈ।ਪਾਕਿਸਤਾਨ ਨਾਲ ਹੋਈ ਜੰਗ ਤੋਂ ਬਾਅਦ ਸੱਠਵਿਆਂ ਦੇ ਅੰਤ ਵਿਚ ਸਰਗਰਮ ਹੋਈ ਇਸ ਲਹਿਰ ਦੇ ਨਾਲ ਸਬੰਧਤ ਜ਼ਿਆਦਾਤਰ ਸ਼ਹੀਦ ਅਜਿਹੇ ਨੌਜਵਾਨ ਸਨ ਜਿਹਨਾਂ ਨੂੰ ਨਿਜੀ ਤੌਰ ਤੇ ਨਾ ਕੋਈ ਕਮੀ ਸੀ ਤੇ ਨਾ ਹੀ ਕੋਈ ਦੁੱਖ। ਇਹ ਚੰਗੇ ਸਰਦੇ ਪੁੱਜਦੇ ਪਰਿਵਾਰਾਂ ਵਿੱਚੋਂ ਸਨ ਪਰ ਇਹ ਸਾਰੇ ਹੀ ਬੇਹੱਦ ਸੰਵੇਦਨਸ਼ੀਲ ਵੀ ਸਨ। ਇਹਨਾਂ ਦੇ ਮਨਾਂ ਵਿੱਚ ਸਿਧਾਰਥ ਵਰਗੀ ਉਹ ਆਤਮਾ ਜਾਂ ਇੱਛਾ ਸਮਾਈ ਹੋਈ ਸੀ ਜਿਸਨੇ ਦੁਨੀਆ ਨੂੰ ਦਰਪੇਸ਼ ਦੁੱਖਾਂ ਬਾਰੇ ਸੁਆਲ ਪੁਛੇ ਹੀ ਨਹੀਂ ਉਹਨਾਂ ਦੇ ਜੁਆਬ ਵੀ ਲੱਭੇ ਸਨ। ਮਹਾਤਮਾ ਬੁੱਧ ਜੰਗਲਾਂ ਵਿਚ ਰਿਹਾ ਇਹਨਾਂ ਨੌਜਵਾਨਾਂ ਨੇ ਲੋਕਾਂ ਦੇ ਜੰਗਲਾਂ ਵਿਚ ਸਾਧਨਾ ਕੀਤੀ। 

ਉਸ ਵੇਲੇ ਦੇ ਰਾਜਸ਼ਾਹੀ ਪਰਿਵਾਰ ਨਾਲ ਸਬੰਧਤ  ਨੌਜਵਾਨ ਸਿਧਾਰਥ ਆਪਣੀ ਪਤਨੀ ਯਸ਼ੋਧਾ ਅਤੇ ਇਕਲੌਤੇ ਪੁਤੱਰ ਰਾਹੁਲ ਨੂੰ ਸੁੱਤੇ ਪਿਆਂ ਛੱਡ ਕੇ ਗਿਆਨ ਦੀ ਪ੍ਰਾਪਤੀ ਲਈ ਜੰਗਲਾਂ ਵਿਚ ਚਲਾ ਗਿਆ ਅਤੇ ਗਿਆਨ ਪ੍ਰਾਪਤੀ  ਤੋਂ ਬਾਅਦ ਮਹਾਤਮਾ ਬੁੱਧ ਕਹਿਲਾਇਆ। ਗਿਆਨ ਪ੍ਰਾਪਤੀ ਤੋਂ ਬਾਅਦ ਮਹਾਤਮਾ ਬੁੱਧ ਨੇ ਇਹੀ ਕਿਹਾ ਕਿ ਕੋਈ ਰੱਬ ਨਹੀਂ ਹੁੰਦਾ। ਕੋਈ ਪਰਮਾਤਮਾ ਨਹੀਂ ਹੁੰਦਾ। ਇਸ ਤਰ੍ਹਾਂ ਮਹਾਤਮਾ ਬੁੱਧ ਮੁਢਲੇ ਨਾਸਤਿਕਾਂ ਵਿੱਚੋਂ ਇੱਕ ਸੀ। ਬੁੱਧ ਨੇ ਕਿਹਾ ਸੀ ਆਪਣੇ ਦੀਪਕ ਖੁਦ ਬਣੋ। ਆਪਣੇ ਕਰਮਾਂ ਪ੍ਰਤੀ ਖੁਦ ਜ਼ਿੰਮੇਵਾਰ ਬਣੋ। ਜੇ ਗਲਤੀਆਂ ਹੋਈਆਂ ਹਨ ਤਾਂ ਸਜ਼ਾ ਤੋਂ ਪਿੱਛੇ ਨਾ ਹਟੋ। 

ਇਹਨਾਂ ਨੌਜਵਾਨਾਂ ਨੇ ਵੀ ਆਪਣੇ ਮਾਰਗਦਰਸ਼ਕ ਖੁਦ ਲਭੇ ਸਨ। ਕਾਰਲ ਮਾਰਕਸ, ਲੈਨਿਨ, ਚੀਗਵੇਰਾ ਅਤੇ ਮਾਓ ਦੇ ਵਿਚਾਰਾਂ ਨੇ ਇਹਨਾਂ ਨੂੰ ਰਾਹ ਦਿਖਾਇਆ ਸੀ। ਆਖਦੇ ਨੇ ਜਦੋਂ ਮਹਾਤਮਾ ਬੁੱਧ ਗਿਆਨ ਪ੍ਰਾਪਤੀ ਮਗਰੋਂ  ਆਪਣੇ ਸੰਸਾਰ ਵਿੱਚ ਪਰਤਿਆ ਤਾਂ ਪਤਨੀ ਯਸ਼ੋਧਾਂ ਨੇ ਉਸਨੂੰ ਲਾਹਨਤਾਂ ਪਾਉਣ ਵਰਗੇ ਸੁਆਲ ਵੀ ਪੁੱਛੇ ਸਨ ਜਿਹਨਾਂ ਦਾ ਜ਼ਿਕਰ ਬਹੁਤ ਘੱਟ ਹੋਇਆ ਹੈ। 

ਉਸਨੇ ਪੁੱਛਿਆ ਸੀ ਦੱਸ ਮੇਰਾ ਕਸੂਰ ਕੀ ਸੀ? ਤੂੰ ਕਿਓਂ ਮੈਨੂੰ ਛੱਡ ਕੇ ਚਲਾ ਗਿਆ ਉਹ ਵੀ ਉਸ ਉਮਰੇ ਜਦੋਂ ਮੈਨੂੰ ਤੇਰੀ ਸਭ ਤੋਂ ਜ਼ਿਆਦਾ ਲੋੜ ਸੀ। ਤੂੰ ਕਿਸੇ ਜੰਗ ਲਈ ਚੱਲਿਆ ਸੀ ਤਾਂ ਯੋਧਿਆਂ ਵਾਂਗ ਦੱਸ ਕੇ ਜਾਂਦਾ ਚੋਰਾਂ ਵਾਂਗ ਕਿਓਂ ਨਿਕਲ ਗਿਆ? ਤੂੰ ਕਾਇਰ ਸੀ ਸ਼ਾਇਦ। ਪੁੱਤਰ ਰਾਹੁਲ ਵੱਲ ਇਸ਼ਾਰਾ ਕਰਦਿਆਂ ਵੀ ਉਸਨੇ ਪੁੱਛਿਆ ਸੀ ਜ਼ਰਾ ਦੱਸ ਮੈਂ ਇਸਨੂੰ ਤੇਰੀ ਕਿਹੜੀ ਵਰਾਸਤ ਦੇਵਾਂ? ਤੇ ਜੁਆਬ ਵੇਲੇ ਮਹਾਤਮਾ ਬੁੱਧ ਨੇ ਆਪਣੇ ਬੇਟੇ ਰਾਹੁਲ ਨੂੰ ਵੀ ਆਪਣਾ ਸਨਿਆਸੀ ਬਣਾ ਲਿਆ। 

ਇਹੀ ਸੀ ਉਸਦਾ ਗਿਆਨ। ਅਜਿਹਾ ਵਿਵਾਦ ਹੋਇਆ ਜਾਂ ਨਹੀਂ ਇਸ ਬਾਰੇ ਕਿੰਤੂਪ੍ਰੰਤੂ ਹੁੰਦੇ ਰਹਿੰਦੇ ਹਨ ਪਰ ਮੌਜੂਦਾ ਦੌਰ ਵਾਲੇ ਇਹਨਾਂ ਨਕਸਲੀ ਸਿਧਾਰਥਾਂ ਬਾਰੇ ਵੀ ਬਹੁਤ ਘੱਟ ਗੱਲ ਹੁੰਦੀ ਹੈ ਜਿਹਨਾਂ ਨੇ ਲੋਕਾਂ ਦੇ ਦੁੱਖ ਦੂਰ ਕਰਨ ਲਈ ਆਪਣੇ ਘਰ ਬਾਰ ਤਿਆਗ ਦਿੱਤੇ ਸਨ। ਇਹਨਾਂ ਨੂੰ ਵੀ ਗਿਆਨ ਪ੍ਰਾਪਤ ਹੋਇਆ ਸੀ। ਪਾਸ਼, ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ, ਪ੍ਰਿਥੀਪਾਲ ਸਿੰਘ ਰੰਧਾਵਾ, ਗਿਆਨ ਸਿੰਘ ਸਿੰਘ, ਬਲਦੇਵ ਸਿੰਘ ਮਾਨ, ਅਮਰ ਸਿੰਘ ਅੱਚਰਵਾਲ ਵਰਗੀਆਂ ਨੇ ਬਹੁਤ ਵਾਰ ਤ੍ਰਿਕਾਲਦਰਸ਼ੀਆਂ ਵਰਗੀਆਂ ਗੱਲਾਂ ਕੀਤੀਆਂ। ਉਹਨਾਂ ਦੇ ਵਿਚਾਰ, ਉਹਨਾਂ ਦੀਆਂ ਕਵਿਤਾਵਾਂ ਅੱਜ ਵੀ ਪ੍ਰਸੰਗਿਕ ਹਨ। 

ਹੋਸ਼ ਸੰਭਾਲਦਿਆਂ ਸੰਭਾਲਦਿਆਂ ਜਦੋਂ ਜੁਆਨੀ ਖਰੂਦ ਪਾਉਣ ਵਾਲੀ ਉਮਰ ਗਿਣੀ ਜਾਂਦੀ ਹੈ ਉਦੋਂ ਨਕਸਲਬਾੜੀ ਲਹਿਰ ਦੇ ਇਹਨਾਂ ਨੌਜਵਾਨਾਂ ਨੂੰ ਵੀ ਬਹੁਤ ਸਾਰੇ ਸੁਆਲਾਂ ਨੇ ਤੰਗ ਕੀਤਾ ਸੀ ਅਤੇ ਗੰਭੀਰ ਸੋਚ ਵਾਲਾ ਕਰ ਦਿੱਤਾ। ਸੁਆਲ ਬਾਰ ਬਾਰ ਤੰਗ ਕਰਦੇ ਸਨ ਕਿ ਇੱਕ ਪਾਸੇ ਏਨੀ ਅਮੀਰੀ ਅਤੇ ਦੂਜੇ ਪਾਸੇ ਏਨੀ ਗਰੀਬੀ ਕਿਓਂ? ਮਨੁੱਖ ਹੱਥੋਂ ਮਨੁੱਖ ਦੀ ਲੁੱਟਖਸੁੱਟ ਕਿਓਂ? ਹੱਕਾਂ ਦਾ ਰਾਹ ਸ਼ਹੀਦੀਆਂ ਬਿਨਾ ਕਿਓਂ ਨਹੀਂ ਤੈਅ ਹੁੰਦਾ? ਨਕਸਲਬਾੜੀ ਨੌਜਵਾਨਾਂ ਦੇ ਦਿਲਾਂ ਵਿੱਚ ਵੀ ਮਹਾਤਮਾ ਬੁੱਧ ਵਾਂਗ ਬੇਸ਼ੁਮਾਰ ਸੁਆਲਾਂ ਦੀ ਅਗਨੀ ਸੀ। ਅਜਿਹੇ ਹੀ ਸੁਆਲ ਮਲਕੀਤ ਸਿੰਘ ਦੇ ਮਨ ਵਿਚ ਵੀ ਸਨ।  ਜਨਮ ਹੋਇਆ ਸੀ 2 ਦਸੰਬਰ 1965 ਨੂੰ ਅਤੇ ਸ਼ਹਾਦਤ ਹੋਈ ਸੀ 25 ਦਸੰਬਰ 1990 ਨੂੰ। ਸ਼ਾਇਦ ਉਹ ਪਹਿਲਾਂ ਹੀ ਸ਼ਹੀਦੀ ਲਈ ਤਿਆਰ ਸੀ। ਉਸਨੂੰ ਇਸਦਾ ਬਾਕਾਇਦਾ ਇਲਮ ਸੀ। ਉਸਨੂੰ ਪਤਾ ਸੀ ਉਹ ਜਿਹੜੇ ਰਸਤੇ ਤੇ ਜਾ ਰਿਹਾ ਹੈ ਉਸਦੀ ਮੰਜ਼ਿਲ ਫਿਲਹਾਲ ਮੌਤ ਹੀ ਹੈ। ਪਤਾ ਨਹੀਂ ਕਿੰਨੀਆਂ ਕੁਰਬਾਨੀਆਂ ਮਗਰੋਂ ਅਸਲੀ ਮੰਜ਼ਿਲ ਆਉਣੀ ਹੈ। ਇਨਕਲਾਬ ਵਾਲੀ ਮੰਜ਼ਿਲ। ਫਿਲਹਾਲ ਸਿਰ ਤੇ ਕਫਨ ਬੰਨ ਕੇ ਹੀ ਤੁਰਨਾ ਪੈਣਾ ਹੈ। ਮੇਰਾ ਰੰਗ ਦੇ ਬਸੰਤੀ ਚੋਲਾ ਐਵੇਂ ਗਾਇਆ ਹੀ ਨਹੀਂ ਜਾਂਦਾ। ਪ੍ਰਸਿਧ ਸ਼ਾਇਰ ਜਗਤਾਰ ਦੇ ਸ਼ਬਦ ਯਾਦ ਆਉਂਦੇ:

ਹਰ ਮੋੜ 'ਤੇ ਸਲੀਬਾਂ, ਹਰ ਪੈਰ 'ਤੇ ਹਨੇਰਾ। ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ।

ਉਸਦਾ ਰਸਤਾ ਰੋਕਣ ਲਈ ਖਾਲਿਸਤਾਨੀਆਂ ਨੇ ਤੜਕਸਾਰ ਸਵੇਰੇ ਚਾਰ ਕੁ ਵਜੇ ਉਸਦੇ ਹੀ ਪਿੰਡ ਮੱਲਾ ਵਿਖੇ ਉਸਨੂੰ ਸ਼ਹੀਦ ਕਰ ਦਿੱਤਾ ਸੀ। ਆਪਣੇ ਇਸ ਕਤਲ ਤੋਂ ਬਹੁਤ ਪਹਿਲਾਂ ਹੀ ਉਸ ਲਿਖਿਆ ਸੀ-

"ਮੈਂ ਸਭ ਕੁੱਝ ਸੋਚ ਵਿਚਾਰਕੇ ਪੂਰੀ ਜਿੰਦਗੀ ਨੂੰ ਇਨਕਲਾਬ ਦੇ , ਲੋਕਾਂ ਦੇ ਅਤੇ ਮਨੁੱਖਤਾ ਦੇ ਲੇਖੇ ਲਾਉਣ ਦਾ ਫੈਂਸਲਾ ਕੀਤਾ ਹੈ। ਇਸ ਪਵਿੱਤਰ ਕਾਰਜ ਖਾਤਰ ਮੈਨੂੰ ਹਰ ਕੁਰਬਾਨੀ ਦੇਣੀ ਪੈ ਸਕਦੀ ਹੈ। ਜਾਨ ਵਾਰਨੀ ਪੈ ਸਕਦੀ ਹੈ। ਮੈਂ ਮਨੁੱਖਤਾ ਲਈ ਆਪਣੇ ਖੂਨ ਦਾ ਕਤਰਾ-ਕਰਤਾ ਵਹਾਉਣ ਤੇ ਜਥੇਬੰਦੀ ਲਈ ਮੈਂ ਆਪਣੀ ਜ਼ਿੰਦਗੀ ਦਾ ਹਰ ਸੁੱਖ-ਅਰਾਮ ਤਿਆਗਣ ਲਈ ਤਿਆਰ ਹਾਂ"
(ਸ਼ਹੀਦ ਮਲਕੀਤ ਸਿੰਘ ਮੱਲ੍ਹਾ ਦੀ ਇਕ ਲਿਖਤ ਚੋਂ)

ਮਹਾਤਮਾ ਬੁੱਧ ਤਾਂ ਗਿਆਨ ਪ੍ਰਾਪਤੀ ਮਗਰੋਂ ਜਿਸਮਾਨੀ ਤੌਰ ਤੇ ਵੀ ਆਪਣੇ ਘਰ ਵੱਲ ਪਰਤ ਆਇਆ ਸੀ ਪਰ ਸ਼ਹਾਦਤ ਮਗਰੋਂ ਮਲਕੀਤ ਕਦੇ ਵੀ ਜਿਸਮਾਨੀ ਤੌਰ ਤੇ ਨਾ ਪਰਤ ਸਕਿਆ। ਉਸਦੇ ਚਾਹੁਣ ਵਾਲੇ ਉਸਦੇ ਵਿਚਾਰਾਂ ਦੀ ਗੱਲ ਕਰਕੇ ਉਸਨੂੰ ਅਕਸਰ ਵਾਪਿਸ ਬੁਲਾਉਂਦੇ ਰਹਿੰਦੇ ਹਨ ਅਤੇ ਉਹ ਹਾਜ਼ਰ ਵੀ ਹੋ ਜਾਂਦਾ ਹੈ। ਉਹ ਸਾਬਤ ਕਰਦਾ ਹੈ ਵਿਚਾਰਾਂ ਦੀ ਕਦੇ ਮੌਤ ਨਹੀਂ ਹੁੰਦੀ। ਸ਼ਾਇਦ ਇਹੀ ਹੈ ਭਗਵਾਨ ਕ੍ਰਿਸ਼ਨ ਦਾ ਗੀਤ ਉਪਦੇਸ਼। ਸ਼ਾਇਦ ਇਹੀ ਹੁੰਦਾ ਹੈ ਪੁਨਰਜਨਮ।

ਜਿਸ ਤਰ੍ਹਾਂ ਤੰਤਰ ਸਾਧਨਾ ਵਾਲੇ ਆਤਮਾਵਾਂ ਨੂੰ ਬੁਲਾ ਲੈਣ ਦੇ ਦਾਅਵੇ ਕਰਦੇ ਹਨ। ਉਸੇ ਤਰ੍ਹਾਂ ਕ੍ਰਾਂਤੀਕਾਰੀ ਖੱਬੇਪੱਖੀ ਨਾਸਤਿਕ ਲੋਕ ਯਾਦਾਂ ਅਤੇ ਵਿਚਾਰਾਂ ਦੀ ਗੱਲ ਕਰ ਕੇ ਆਪਣੇ ਸ਼ਹੀਦ ਹੋਏ ਸਾਥੀਆਂ ਨੂੰ ਸਭਨਾਂ ਸਾਹਮਣੇ ਸਾਕਾਰ ਕਰ ਦੇਂਦੇ ਹਨ। ਕਿਸੇ ਮਿਸ਼ਨ ਲਈ ਸ਼ਹੀਦ ਹੋਏ ਬਹਾਦਰ ਅਮਰ ਹੋ ਜਾਂਦੇ ਹਨ ਉਹ ਕਦੇ ਮਰਿਆਂ ਨਹੀਂ ਕਰਦੇ। ਉਹ ਕਦਮ ਕਦਮ ਤੇ ਆਪਣੇ ਸਾਥੀਆਂ ਦਾ ਰਾਹ ਰੁਸ਼ਨਾਉਂਦੇ ਹਨ। ਮੌਤ ਨੂੰ ਮਖੌਲਾਂ ਕਰਨ ਵਾਲੇ ਇਹ ਲੋਕ ਆਪਣੇ ਕਾਤਲਾਂ ਨੂੰ ਸੰਤ ਰਾਮ ਉਦਾਸੀ ਦੇ ਸ਼ਬਦ ਬਾਰ ਬਾਰ ਯਾਦ ਦੁਆਉਂਦੇ ਹਨ:
ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ! ਕਤਲ ਕੀਤਿਆਂ ਤੋਂ ਵੀ ਕਦੇ ਮੁੱਕਣੀ ਨਹੀਂ ਏਨੀ ਲੰਮੀ ਹੈ ਸਾਡੀ ਕਤਾਰ ਲੋਕੋ!

ਉਸਨੂੰ ਯਾਦ ਕਰਨ ਵਾਲੇ ਵੀ ਉਹਨਾਂ ਵਿਚਾਰਾਂ ਨੂੰ ਹੀ ਪ੍ਰਣਾਏ ਹੋਏ ਹਨ। ਲੋਕਾਂ ਦੇ ਦੁੱਖ ਦੂਰ ਕਰਨ ਲਈ ਆਪ ਵਾਰਨ ਵਾਲੇ ਉਸ ਨੌਜਵਾਨ ਸ਼ਹੀਦ ਮਲਕੀਤ ਦੀ ਇਹ ਤਸਵੀਰ ਸਾਂਝੀ ਕੀਤੀ ਹੈ ਉਸ ਬਹਾਦਰ ਕੁੜੀ ਨੇ ਜਿਸਨੂੰ ਲੋਕ ਸਮਤਾ ਦੇ ਨਾਮ ਨਾਲ ਜਾਣਦੇ ਹਨ। ਲੋਕਾਂ ਲਈ ਹੁੰਦੇ ਧਰਨਿਆਂ, ਮੁਜ਼ਾਹਰਿਆਂ ਅਤੇ ਕਿਸਾਨ ਅੰਦੋਲਨ ਆਯੋਜਨਾਂ ਵਿੱਚ ਅਕਸਰ ਹਾਜ਼ਰ ਰਹਿਣ ਵਾਲੇ ਸੁਰਿੰਦਰ ਸਿੰਘ ਦੇ ਪ੍ਰਤੀਬੱਧ ਪਰਿਵਾਰ ਨਾਲ ਸਬੰਧਤ ਸਟੇਜ ਦੀ ਦੁਨੀਆਂ ਵਾਲੀ ਸਰਗਰਮ ਕਲਾਕਾਰ ਮੁਟਿਆਰ ਜਸਪ੍ਰੀਤ ਕੌਰ ਸਮਤਾ ਨੇ ਜਿਹੜੀ ਸਿੰਘੂ ਬਾਰਡਰ, ਟਿਕਰੀ ਬਾਰਡਰ, ਵੇਰਕਾ ਮਿਲਕ ਪਲਾਂਟ ਲੁਧਿਆਣਾ ਅਤੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਨਜ਼ਰ ਆਉਂਦੀ ਹੀ ਰਹਿੰਦੀ ਹੈ। ਇਸ ਵੇਲੇ ਲੋੜ ਹੈ ਸਮਤਾ ਵਾਂਗ ਹੀ ਉਹਨਾਂ ਸ਼ਹੀਦਾਂ ਦੇ ਵੇਰਵਿਆਂ ਅਤੇ ਬਿਊਰਿਆਂ ਨੂੰ ਸੰਭਾਲਿਆ ਜਾਵੇ ਜਿਹਨਾਂ ਨੇ ਮਨੁੱਖਤਾ ਦੇ ਭਲੇ ਲਈ ਸਰਬ ਸਾਂਝਾ ਸਮਾਜ ਸਿਰਜਣ ਦੇ ਮਕਸਦ ਨਾਲ ਅਪਣੀਆਂ ਜਾਨਾਂ ਵਾਰੀਆਂ ਹਨ। --ਰੈਕਟਰ ਕਥੂਰੀਆ

Thursday, December 9, 2021

ਨਕਸਲੀ ਲਹਿਰ ਦੀਆਂ ਮੋਹਰੀ ਸਫ਼ਾਂ `ਚ ਗਿਣੇ ਜਾਂਦੇ ਸਨ ਫ਼ਤਿਹਜੀਤ

 ਪੰਜਾਬੀ ਸ਼ਾਇਰ ਅੰਕਲ ਫ਼ਤਿਹਜੀਤ ਫ਼ਤਿਹ ਬੁਲਾ ਗਏ

ਤੁਰ ਗਿਆ ਇੱਕ ਹੋਰ ਚਾਚਾ...  

ਨਕਸਲੀ ਲਹਿਰ ਦੇ ਮੋਹਰੀ ਸਫ਼ਾਂ `ਚ ਗਿਣੇ ਜਾਂਦੇ ਪੰਜਾਬੀ ਸ਼ਾਇਰ ਅੰਕਲ ਫ਼ਤਿਹਜੀਤ ਫ਼ਤਿਹ ਬੁਲਾ ਗਏ।

ਸਸਕਾਰ ਕੱਲ੍ਹ ਸਵੇਰੇ 11.30 ਵਜੇ ਸ਼ਾਹਕੋਟ ਵਿਖੇ।

ਪ੍ਰੋਫੈਸਰ ਗੁਰਭਜਨ ਗਿੱਲ ਵੱਲੋਂ ਭੇਜੀ ਗਈ ਪ੍ਰੈੱਸ ਰਲੀਜ਼:

ਸਿਰਕੱਢ ਪੰਜਾਬੀ ਕਵੀ ਫ਼ਤਹਿਜੀਤ 

ਸੁਰਗਵਾਸ

ਅੱਜ 3.30 ਵਜੇ ਜਲੰਧਰ ਦੇ ਹਸਪਤਾਲ ਚ ਸਵਾਸ ਤਿਆਗੇ

ਲੁਧਿਆਣਾਃ 9 ਦਸੰਬਰ

ਸਿਰਕੱਢ ਅਗਾਂਹਵਧੂ ਪੰਜਾਬੀ ਕਵੀ ਫ਼ਤਹਿਜੀਤ ਦਾ ਅੱਜ ਦੁਪਹਿਰ 3.30 ਵਜੇ ਜਲੰਧਰ ਦੇ ਨਿਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਦੀ ਵੱਡੀ ਬੇਟੀ ਬਲਜੀਤ ਕੌਰ ਨੇ ਦਿੱਤੀ। ਫ਼ਤਹਿਜੀਤ ਚਾਰ ਦਸੰਬਰ ਨੂੰ ਹੀ 83 ਵਰ੍ਹਿਆਂ ਦੇ ਹੋਏ ਸਨ। ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਇਲਾਕੇ ਚ ਉਨ੍ਹਾਂ ਸਕੂਲ ਅਧਿਆਪਨ ਕਾਰਜ ਕਰਨ ਦੇ ਨਾਲ ਨਾਲ ਦੋਆਬੇ ਜੀ ਅਗਾਂਹਵਧੂ ਸਾਹਿੱਤਕ ਲਹਿਰ ਨੂੰ ਵੀ ਅਗਵਾਈ ਪ੍ਰਦਾਨ ਕੀਤੀ। 

 ਫ਼ਤਿਹਜੀਤ ਜੀ ਦਾ ਜਨਮ 3 ਦਸੰਬਰ 1938 ਨੂੰ ਚੱਕ ਨੰਬਰ 87 ਲਾਇਲਪੁਰ(ਪਾਕਿਸਤਾਨ ) ਚ ਸ: ਗੁਰਚਰਨ ਸਿੰਘ ਬਦੇਸ਼ਾ ਦੇ ਘਰ ਮਾਤਾ ਜੀ ਸਰਦਾਰਨੀ ਸੁਰਜੀਤ ਕੌਰ ਦੀ ਕੁੱਖੋਂ ਨਾਨਕੇ ਘਰ (ਲਲਤੋਂ ਵਾਲੇ ਗਰੇਵਾਲ )ਪਰਿਵਾਰ ਚ ਹੋਇਆ। ਦੇਸ਼ ਵੰਡ ਮਗਰੋਂ ਇਹ ਪਰਿਵਾਰ ਆਪਣਾ ਜੱਦੀ ਪਿੰਡ ਢੰਡੋਵਾਲ ਤੋਂ ਸ਼ਾਹਕੋਟ (ਜਲੰਧਰ)ਆਣ ਵੱਸਿਆ। ਆਪ ਨੇ ਮੈਟਰਿਕ ਸਰਕਾਰੀ ਸਕੂਲ ਨੰਗਲ ਅੰਬੀਆਂ (ਜਲੰਧਰ)ਅਤੇ ਰਣਬੀਰ ਕਾਲਿਜ ਸੰਗਰੂਰ ਤੋਂ ਐੱਫ ਏ ਕਰਕੇ ਗਿਆਨੀ, ਓ ਟੀ ਪਾਸ ਕੀਤੀ। ਮਗਰੋਂ ਬੀਏ ਤੇ ਐੱਮ ਏ ਪਰਾਈਵੇਟ ਤੌਰ ਤੇ ਪਾਸ ਕੀਤੀ। ਜੀਵਨ ਸਾਥਣ ਰਣਧੀਰ ਕੌਰ ਤੇ ਤਿੰਨ ਧੀਆਂ ਦੇ ਭਰਵੇਂ ਪਰਿਵਾਰ ਦੇ ਅੰਗ ਸੰਗ ਜਲੰਧਰ ਚ ਰਹਿੰਦਿਆਂ ਬੀਮਾਰੀ ਦੀ ਲੰਮੀ ਮਾਰ ਦੇ ਬਾਵਜੂਦ ਸੂਰਮਿਆਂ ਵਾਂਗ ਲਗਾਤਾਰ ਸਿਰਜਣ ਸ਼ੀਲ ਰਹੇ। ਇਸੇ ਸਦਕਾ ਉਹ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਫ਼ਤਹਿਜੀਤ ਵਿਸ਼ੇਸ਼ ਸਨਮਾਨਯੋਗ ਥਾਂ ਰੱਖਦੇ ਸਨ। 

ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਤੇ ਫ਼ਤਹਿਜੀਤ ਪਰਿਵਾਰ ਦੇ ਨਿਕਟ ਸਨੇਹੀ ਪ੍ਰੋਃ ਗੁਰਭਜਨ ਗਿੱਲ ਨੇ ਫ਼ਤਹਿਜੀਤ ਜੀ ਦੇ ਦੇਹਾਂਤ ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਹ ਮਨੁੱਖੀ ਰਿਸ਼ਤਿਆਂ, ਸਮਾਜਿਕ ਤਾਣੇ ਬਾਣੇ ਤੇ ਮਨੁੱਖੀ ਹੋਂਦ ਸਮੇਤ ਜ਼ਿੰਦਗੀ ਦੇ ਹੋਰ ਪਹਿਲੂਆਂ ਨੂੰ ਸੰਵੇਦਨਸ਼ੀਲਤਾ ਤੇ ਖੂਬਸੂਰਤ ਕਾਵਿਕ ਭਾਸ਼ਾ ਵਿੱਚ ਸੰਚਾਰਦੇ ਸਨ। 

ਜੀਵਨ ਨਿਰਬਾਹ ਲਈ ਅਧਿਆਪਨ ਕਿੱਤੇ ਦੀ ਚੋਣ ਸਬੱਬ ਸੀ ਜਿਸ ਨੇ ਫ਼ਤਹਿਜੀਤ ਜੀ ਨੂੰ ਪੱਛਮੀ ,ਭਾਰਤੀ ਤੇ ਪੰਜਾਬੀ ਸਾਹਿੱਤ ਦਾ ਨਿੱਠ ਕੇ ਅਧਿਐਨ ਕਰਨ ਦੇ ਮੌਕੇ ਮੁਹੱਈਆ ਕਰਾਏ। ਉਨ੍ਹਾਂ ਇਨਾਂ ਮੌਕਿਆਂ ਦਾ ਸਦ ਉਪਯੋਗ ਕੀਤਾ ਜਿਸ ਦੀ ਝਲਕ ਉਨ੍ਹਾਂ ਦੀਆਂ ਰਚਨਾਵਾਂ ਵਿੱਚੋਂ ਮਿਲਦੀ ਹੈ।

ਸ਼ਾਂਤ ਸੁਭਾਅ ਤੇ ਚੇਤੰਨ ਕਵੀ ਫ਼ਤਹਿਜੀਤ ਜੀ ਨੇ ਚਾਰ ਕਾਵਿ ਪੁਸਤਕਾਂ ਪੰਜਾਬੀ ਸਾਹਿੱਤ ਦੀ ਝੋਲੀ ਪਾਈਆਂ। 

ਅਮਰੀਕਾ ਤੋਂ ਉਨ੍ਹਾਂ ਦੇ ਸਨੇਹੀ ਤੇ ਸ਼੍ਰੋਮਣੀ ਪੰਜਾਬੀ ਕਵੀ ਸੁਖਵਿੰਦਰ ਕੰਬੋਜ ਨੇ ਫ਼ਤਹਿਜੀਤ ਦੀ ਮੌਤ ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਹ ਮੇਰੇ ਸਮੇਤ ਨਕੋਦਰ ਇਲਾਕੇ ਦੇ ਕਈ ਨੌਜਵਾਨਾਂ ਨੂੰ ਉਂਗਲੀ ਫੜ ਕੇ ਤੋਰਨ ਵਾਲੇ ਰਾਹ ਦਿਸੇਰਾ ਸਨ। 

ਉਨ੍ਹਾਂ ਦੀ ਕਵਿਤਾ ਆਉਣ ਵਾਲੀਆਂ ਭਵਿੱਖ ਪੀੜ੍ਹੀਆਂ ਨੂੰ ਸਾਰਥਕ ਸੋਚ ਦੇ ਨਾਲ ਨਾਲ ਚੜ੍ਹਦੀ ਕਲਾ ਵਿੱਚ ਰਹਿਣ ਦਾ ਸੁਨੇਹਾ ਦਿੰਦੀ ਰਹੇਗੀ। 

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾਃ ਸ ਪ ਸਿੰਘ ਨੇ ਕਿਹਾ ਕਿ ਜਲੰਧਰ ਦੀਆਂ ਅਦਬੀ ਮਹਿਫ਼ਲਾਂ ਚ ਫ਼ਤਹਿਜੀਤ ਸਹਿਜ ਸਬਰ ਸੰਤੋਖ ਦਾ ਪ੍ਰਤੀਕ ਸੀ

ਜਿਸ ਦੀ ਪਲੇਠੀ ਕਿਤਾਬ ‘ਏਕਮ’ 1967 ਵਿੱਚ ਛਪੀ ਜਦ ਅਸੀਂ ਲਾਇਲਪੁਰ ਖਾਲਸਾ ਕਾਲਿਜ ਜਲੰਧਰ ਵਿੱਚ ਐੱਮ ਏ ਕਰਦੇ ਸਾਂ। ਇਸ ਨਾਲ ਉਹ ਉਸ ਸਮੇਂ ਦੇ ਪੰਜਾਬੀ ਦੇ ਚੋਣਵੇਂ ਕਵੀਆਂ ਵਿੱਚ ਸ਼ਾਮਿਲ ਹੋ ਗਏ। ਉਨ੍ਹਾਂ ਦੀ ਕਵਿਤਾ ਨੂੰ ਨੌਜਵਾਨ ਵਰਗ ਦੇ ਨਾਲ ਨਾਲ ਕਵਿਤਾ ਦੇ ਗੰਭੀਰ ਪਾਠਕਾਂ ਨੇ ਵੀ ਸਰਾਹਿਆ।

ਦੂਜੀ ਕਿਤਾਬ ਕੱਚੀ ਮਿੱਟੀ ਦੇ ਬੌਣੇ' 1973 ਵਿੱਚ ਆਈ ਜਦ ਕਿ 1982 ਵਿੱਚ ਤੀਜੀ ਪੁਸਤਕ ਨਿੱਕੀ ਜੇਹੀ ਚਾਨਣੀ ਛਪੀ। 2018 ਚ ਆਈ ਚੌਥੀ ਕਾਵਿ ਕਿਤਾਬ ਰੇਸ਼ਮੀ ਧਾਗੇ ਰਿਸ਼ਤਿਆਂ ਦੀ ਅਹਿਮੀਅਤ ਤੇ ਚੰਗੇ ਸਮਾਜ ਦੀ ਸਿਰਜਣਾ ਦੀ ਆਸ ਦੀ ਗੱਲ ਕਰਦੀ ਹੈ। ਇਸ ਕਿਤਾਬ ਨੂੰ ਰਘਬੀਰ ਸਿੰਘ ਸਿਰਜਣਾ, ਸੁਰਿੰਦਰ ਗਿੱਲ, ਰਵਿੰਦਰ ਭੱਠਲ ਤੇ ਗੁਰਭਜਨ ਗਿੱਲ , ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ ,ਲਖਵਿੰਦਰ ਜੌਹਲ ਤੇ ਬਲਬੀਰ ਪਰਵਾਨਾ ਨੇ ਘਰ ਜਾ ਕੇ ਲੋਕ ਅਰਪਨ ਕੀਤਾ ਕਿਉਂ ਉਹ ਚੱਲਣ ਫਿਰਨ ਤੋਂ ਅਸਮਰੱਥ ਸਨ। 

ਫ਼ਤਿਜੀਤ ਦੇ ਦੇਹਾਂਤ ਤੇ ਟੋਰੰਟੋ ਤੋਂ ਕੁਲਵਿੰਦਰ ਖ਼ਹਿਰਾ, ਡਾਃ ਵਰਿਆਮ ਸਿੰਘ ਸੰਧੂ, ਪ੍ਰਿੰਸੀਪਲ ਸਰਵਣ ਸਿੰਘ ਤੇ ਪ੍ਰੋਃ ਜਾਗੀਰ ਸਿੰਘ ਕਾਹਲੋਂ  ਨੇ ਵੀ ਫ਼ਤਹਿਜੀਤ ਦੇ ਦੇਹਾਂਤ ਤੇ ਭਾਰੀ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। 

ਸੁਖਵਿੰਦਰ ਕੰਬੋਜ ਵੱਲ਼ੋਂ ਆਪਣੇ ਪਿਤਾ ਜੀ ਦੀ ਯਾਦ ਚ ਸਥਾਪਿਤ ਕੌਮਾਂਤਰੀ ਸੰਸਥਾ ਕਲਮ ਵੱਲੋਂ ਬਾਪੂ ਜਾਗੀਰ ਸਿੰਘ ਕੰਬੋਜ ਪੁਰਸਕਾਰ ਨਾਲ ਸਾਲ 2019 ਚ ਸਨਮਾਨਿਤ ਕੀਤਾ ਗਿਆ ਸੀ। 

ਸ਼੍ਰੀ ਫ਼ਤਹਿਜੀਤ  ਦਾ ਅੰਤਿਮ ਸੰਸਕਾਰ ਸਵੇਰੇ 11.30 ਵਜੇ ਸ਼ਾਹਕੋਟ (ਜਲੰਧਰ) ਵਿਖੇ ਹੋਵੇਗਾ। ਇਹ ਜਾਣਕਾਰੀ ਉਨ੍ਹਾਂ ਦੇ ਦਾਮਾਦ ਸਃ ਜਗਦੀਪ ਸਿੰਘ ਗਿੱਲ ਲੋਕ ਸੰਪਰਕ ਅਫ਼ਸਰ ਪੰਜਾਬ ਸਰਕਾਰ ਨੇ ਦਿੱਤੀ ਹੈ। (ਕੁਲਵਿੰਦਰ ਖਹਿਰਾ ਦੀ ਫੇਸਬੁੱਕ ਪ੍ਰੋਫਾਈਲ ਤੋਂ ਧੰਨਵਾਦ ਸਹਿਤ )



ਫਤਿਹਜੀਤ ਹੁਰਾਂ ਦੀ ਇੱਕ ਕਵਿਤਾ 

ਮੁਕਤੀ ਮਾਰਗ
 
ਲਾਰਿਆਂ ਤੇ ਇਕਰਾਰਾਂ ਵਿਚਕਾਰ
ਖੜੇ ਸੀ ਯਾਰ
ਕਦੇ ਹਮਦਰਦ ਲੱਗਦੇ ਸੀ
ਕਦੇ ਬੇਦਰਦ ਲੱਗਦੇ ਸੀ।

ਸਲੀਕਾ ਮੰਗ ਕਰਦਾ ਸੀ
ਕਿ ਉਹ ਕਹਿੰਦੇ
ਕਹਿ ਦਿੰਦੇ ਜੋ ਕਹਿਣਾ ਸੀ
ਦੁਚਿੱਤੀ ਮੁੱਕ ਜਾਂਦੀ,
ਛਿੱਜਦਿਆਂ ਸਾਹਾਂ 'ਚ
ਕੁੱਝ ਤਾਂ ਨਵਾਂ ਹੁੰਦਾ
ਦੋਸਤਾਂ ਵਰਗਾ
ਜਾਂ ਦੁਸ਼ਮਣਾ ਵਰਗਾ ।

ਭਲਾ ਹੁੰਦਾ
ਜੇ ਹਾਂ ਹੁੰਦੀ
ਜਾਂ ਨਾਂਹ ਹੁੰਦੀ।
ਸ਼ਰੀਕਾਂ ਵਾਂਗ ਰੁੱਸਦੀ ਮੰਨਦੀ
ਆਸ਼ਾ-ਨਿਰਾਸ਼ਾ
ਫ਼ਾਸਲੇ ਤੋਂ ਮੁਕਤ ਹੋ ਜਾਂਦੀ।
ਘੋੜਾ ਆਰ ਹੋ ਜਾਂਦਾ
ਜਾਂ ਘੋੜਾ ਪਾਰ।
ਖੜੇ ਸੀ ਯਾਰ
ਲਾਰਿਆਂ ਤੇ ਇਕਰਾਰਾਂ ਵਿਚਕਾਰ।
ਕਦੇ ਹਮਦਰਦ ਲੱਗਦੇ ਸੀ
ਕਦੇ ਬੇਦਰਦ ਲੱਗਦੇ ਸੀ।
----------------------------

Thursday, December 2, 2021

ਲੋਕ ਰਜ਼ਾ ਦਾ ਸੱਚ ਪਾਵੇਲ ਕੁੱਸਾ ਦੇ ਸ਼ਬਦਾਂ ਵਿੱਚ

ਲੋਕ ਰਜ਼ਾ ਸੜਕਾਂ 'ਤੇ ਪੁੱਗਦੀ ਹੈ

ਫੋਟੋ ਅਮੋਲਕ ਸਿੰਘ ਹੁਰਾਂ ਦੇ ਪ੍ਰੋਫ਼ਾਈਲ ਪੇਜ ਤੋਂ ਧੰਨਵਾਦ ਸਹਿਤ 

ਸੋਸ਼ਲ ਮੀਡੀਆ: 2 ਦਸੰਬਰ 2021: (ਨਕਸਲਬਾੜੀ ਬਿਊਰੋ)::

ਲੋਕ ਹਰ ਵਾਰ ਚੋਣਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਬੜਾ ਜੋਸ਼ੋ ਖਰੋਸ਼ ਵੀ ਨਜ਼ਰ ਆਉਣਾ ਹੈ। ਫਿਰ ਵੀ ਲੋਕਾਂ ਦੀ ਹਾਲਤ ਕਿਓਂ ਨਹੀਂ ਸੁਧਰਦੀ? ਉਹਨਾਂ ਨੂੰ ਸੁੱਖ ਦਾ ਸਾਹ ਕਿਓਂ ਨਹੀਂ ਆਉਂਦਾ? ਉਹਨਾਂ ਦਾ ਭਲਾ ਕਿਨ ਨਹੀਂ ਹੁੰਦਾ? ਕੁਰੱਪਸ਼ਨ, ਗਰੀਬੀ, ਮਹਿੰਗਾਈ, ਲਾਲ ਫੀਤਾਸ਼ਾਹੀ, ਅਫ਼ਸਰੀ ਹੰਕਾਰ ਅਤੇ ਹੋਰ ਕੁਰੀਤੀਆਂ ਉਹਨਾਂ ਦਾ ਪਿੱਛਾ ਕਿਓਂ ਨਹੀਂ ਛੱਡਦੀਆਂ? ਹਰ ਵਾਰ ਚੋਣਾਂ ਦੇ ਨਤੀਜੇ ਸਿਰਫ ਚਿਹਰੇ ਹੀ ਕਿਓਂ ਬਦਲਦੇ ਹਨ? ਹਾਲਾਤ ਨੂੰ ਕਿਓਂ ਨਹੀਂ ਬਦਲਦੇ? ਉਹਨਾਂ ਨੂੰ ਇਨਸਾਫ ਕਿਓਂ ਨਹੀਂ ਮਿਲਦਾ? ਇਹਨਾਂ ਸਾਰੇ ਸੁਆਲਾਂ ਦਾ ਜੁਆਬ ਮਿਲਦਾ ਹੈ ਪਾਵੇਲ ਕੁੱਸਾ ਦੀ ਇੱਕ ਸੰਖੇਪ ਜੀ ਪੋਸਟ ਵਿੱਚ। ਇਹ ਪੋਸਟ ਬਹੁਤ ਕੁਝ ਦੱਸਦੀ ਹੈ। ਬਹੁਤ ਹੀ ਥੋਹੜੇ ਸ਼ਬਦਾਂ ਵਿੱਚ ਬਹੁਤ ਕੁਝ:

ਕਿਸਾਨ ਸੰਘਰਸ਼ ਦਾ ਵੱਡਮੁੱਲਾ ਸਬਕ ਹੈ ਕਿ ਲੋਕ ਰਜ਼ਾ ਪਾਰਲੀਮੈਂਟ ਜਾਂ ਵਿਧਾਨ ਸਭਾ ਦੀਆਂ ਸੀਟਾਂ 'ਤੇ ਨਹੀਂ ਪੁੱਗਦੀ। ਲੋਕ ਰਜ਼ਾ ਸੜਕਾਂ 'ਤੇ ਪੁੱਗਦੀ ਹੈ, ਲੋਕਾਂ ਦੇ ਘੋਲਾਂ ਨਾਲ ਪੁੱਗਦੀ ਹੈ।

ਤਾਕਤ ਵੋਟ ਦੀ ਨਹੀਂ ਹੁੰਦੀ ਅਸਲ ਤਾਕਤ ਚੇਤੰਨ, ਜਥੇਬੰਦ ਤੇ ਸੰਘਰਸ਼ਸ਼ੀਲ ਜਨਤਾ ਦੀ ਹੁੰਦੀ ਹੈ।
ਆ ਰਹੀਆਂ ਪੰਜਾਬ ਚੋਣਾਂ ਕਾਰਨ ਇਹ ਸਬਕ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ।
ਤੁਸੀਂ ਵੀ ਆਪੋ ਆਪਣੇ ਇਲਾਕਿਆਂ ਅਤੇ ਹੋਰ ਸਰੋਤਾਂ ਤੋਂ ਅਜਿਹੀ ਜਾਣਕਾਰੀ ਭੇਜ ਸਕਦੇ ਹੋ।

ਇਸਦੇ ਨਾਲ ਹੀ ਦੇਖ ਸਕਦੇ ਹੋ ਪਾਵੇਲ ਕੁੱਸਾ ਦੀ ਇੱਕ ਵੀਡੀਓ ਵੀ:

ਇਸ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਨੌਜਵਾਨ ਪਾਵੇਲ ਕੁੱਸਾ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਵਿਖੇ ਕਿਸਾਨ ਅੰਦੋਲਨ 'ਤੇ ਵਿਚਾਰ ਚਰਚਾ ਦੌਰਾਨ ।