Monday, January 23, 2023

ਦੀਪਾਂਕਰ ਭੱਟਾਚਾਰੀਆ ਵੱਲੋਂ ਮੋਦੀ ਸਰਕਾਰ ਦੀ ਗੰਭੀਰ ਅਤੇ ਤਿੱਖੀ ਆਲੋਚਨਾ

Monday 23rd January 2023 at 09:06 PM

ਦੇਸ਼ ਦੀਆਂ ਸਾਰੀਆਂ ਸੰਵਿਧਾਨਕ ਸੰਸਥਾਵਾਂ ਨੂੰ ਖੋਖਲਾ ਕਰਨ ਦਾ ਦੋਸ਼


ਚੰਡੀਗੜ੍ਹ: 23 ਜਨਵਰੀ 2023: (ਨਕਸਲਬਾੜੀ ਸਕਰੀਨ ਬਿਊਰੋ):: 

ਸੀਪੀਆਈ (ਐਮ ਐਲ) ਲਿਬਰੇਸ਼ਨ ਵੱਲੋਂ ਇਥੇ ਭਕਨਾ ਭਵਨ ਵਿਖੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਦਾ ਵਿਸ਼ਾ ਸੀ - ਫਾਸ਼ੀਵਾਦ: ਦੁਨੀਆਂ ਦੇ ਤਜਰਬੇ ਅਤੇ ਇਸ ਦੀਆਂ ਭਾਰਤੀ ਵਿਸ਼ੇਸ਼ਤਾਵਾਂ। ਮੁੱਖ ਬੁਲਾਰੇ ਵਜੋਂ ਸੈਮੀਨਾਰ ਨੂੰ ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਜਨਰਲ ਸਕੱਤਰ ਕਾਮਰੇਡ ਦੀਪਾਂਕਰ ਭੱਟਾਚਾਰੀਆਂ ਨੇ ਸੰਬੋਧਨ ਕੀਤਾ। ਸੈਮੀਨਾਰ ਦੀ ਪ੍ਰਧਾਨਗੀ ਕਾਮਰੇਡ ਪ੍ਰਸੋਤਮ ਸ਼ਰਮਾ, ਸੁਖਦਰਸ਼ਨ ਸਿੰਘ ਨੱਤ, ਰੁਲਦੂ ਸਿੰਘ ਮਾਨਸਾ, ਭਗਵੰਤ ਸਿੰਘ ਸਮਾਓ ਅਤੇ ਕੇਂਦਰੀ ਟਰੇਡ ਯੂਨੀਅਨ ਏਕਟੂ ਦੇ ਆਗੂ ਸਤੀਸ਼ ਕੁਮਾਰ ਵੱਲੋਂ ਅਤੇ ਸੰਚਾਲਨ ਪਾਰਟੀ ਦੀ ਚੰਡੀਗੜ੍ਹ ਇਕਾਈ ਦੇ ਸਕੱਤਰ ਕਾਮਰੇਡ ਕੰਵਲਜੀਤ ਵਲੋਂ ਕੀਤਾ ਗਿਆ। 

ਕਾਮਰੇਡ ਦੀਪਾਂਕਰ ਭੱਟਾਚਾਰੀਆਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਜਦੋਂ ਤੋਂ ਮੋਦੀ ਸਰਕਾਰ ਸੱਤਾ ਵਿੱਚ ਆਈ ਹੈ ਉਦੋਂ ਤੋਂ ਹੀ ਸੰਵਿਧਾਨ, ਜਮਹੂਰੀਅਤ, ਰਾਜ ਦੇ ਧਰਮ ਨਿਰਪੱਖ ਕਿਰਦਾਰ ਅਤੇ ਫੈਡਰਲ ਢਾਂਚੇ ਨੂੰ ਲਗਾਤਾਰ ਖੋਰਾ ਲਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸਾਲ 2024 ਦੀਆਂ ਸੰਸਦੀ ਚੋਣਾਂ ਦੇਸ਼ ਤੇ ਦੇਸ਼ ਵਾਸੀਆਂ ਦੇ ਭਵਿੱਖ ਲਈ ਬੇਹੱਦ ਅਹਿਮੀਅਤ ਰੱਖਦੀਆਂ ਹਨ । ਦੇਸ਼ ਵਿੱਚ ਲੋਕਤੰਤਰ ਬਚਾਉਣ ਲਈ ਬੀਜੇਪੀ ਨੂੰ ਹਾਰ ਦੇਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਲੱਗ ਅਲੱਗ ਸੂਬਿਆਂ ਵਿੱਚ ਵੱਖ ਵੱਖ ਪਾਰਟੀਆਂ ਵਿਰੋਧੀ ਧਿਰ ਦੀ ਭੂਮਿਕਾ ਵਿਚ ਹਨ, ਸਭ ਨੂੰ ਆਪੋ ਆਪਣੇ ਸੂਬਿਆਂ ਵਿੱਚ ਭਾਜਪਾ ਖਿਲਾਫ ਮਜ਼ਬੂਤੀ ਨਾਲ ਲੜਨਾ ਚਾਹੀਦਾ ਹੈ। ਵਿਰੋਧੀ ਦਲਾਂ ਦੀ ਏਕਤਾ ਲਈ ਹਰ ਸੂਬੇ ਵਿੱਚ ਅਲੱਗ ਫਾਰਮੂਲਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਪੱਧਰ 'ਤੇ ਬੀਜੇਪੀ ਖਿਲਾਫ ਇਕ ਵਿਆਪਕ ਏਕਤਾ ਦੇ ਨਿਰਮਾਣ ਲਈ ਯਤਨ ਹੋ ਰਹੇ ਹਨ। ਉਨ੍ਹਾਂ ਤਾਮਿਲਨਾਡੂ, ਪੰਜਾਬ, ਕੇਰਲ ਤੇ ਬੰਗਾਲ ਦੀ ਮਿਸਾਲ ਦਿੰਦਿਆ ਕਿਹਾ ਕਿ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਵਾਲੇ ਸੂਬਿਆਂ ਵਿੱਚ ਰਾਜਪਾਲ ਖੁੱਲੇਆਮ ਕੇਂਦਰ ਸਰਕਾਰ ਦੇ ਏਜੰਟ ਵਜੋਂ ਕੰਮ ਕਰ ਰਹੇ ਹਨ। ਰਾਜਪਾਲਾਂ ਦੀਆਂ ਇਹ ਕਾਰਵਾਈਆਂ ਫੈਡਰਲ ਢਾਂਚੇ ਦੇ ਸੰਕਲਪ ਅਤੇ ਰਾਜਾਂ ਦੇ ਅਧਿਕਾਰਾਂ ਦੀ ਸ਼ਰੇਆਮ ਉਲੰਘਣਾ ਹਨ, ਇਸ ਲਈ ਦੇਸ਼ ਦੀ ਏਕਤਾ ਨੂੰ ਤੋੜਨ ਵਾਲੀਆਂ ਅਜਿਹੀਆਂ ਸੰਵਿਧਾਨ ਵਿਰੋਧੀ ਹਰਕਤਾਂ ਤੁਰੰਤ ਬੰਦ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸੇ ਤਾਨਾਸ਼ਾਹ ਤੋਂ ਵੀ ਵੱਧ ਇਕ ਫਾਸਿਸਟ ਸਤਾ ਵਾਂਗ ਕੰਮ ਕਰ ਰਹੀ  ਹੈ, ਇਸ ਕਰਕੇ ਇਹ ਸਾਰੀਆਂ ਸੰਵਿਧਾਨਕ ਸੰਸਥਾਵਾਂ ਦੀ ਹੋਂਦ ਲਈ ਖਤਰਾ ਬਣ ਚੁੱਕੀ ਹੈ। ਆਮ ਜਨਤਾ ਰੁ਼ਜ਼ਗਾਰ, ਮਕਾਨ, ਸਿੱਖਿਆ ਅਤੇ ਸਿਹਤ ਆਦਿ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਵੋਟ ਦਿੰਦੀ ਹੈ, ਪ੍ਰੰਤੂ ਸੰਘ-ਬੀਜੇਪੀ ਇਸ ਦੀ ਬਜਾਏ ਪ੍ਰਾਪਤ ਸਤਾ ਦੀ ਦੁਰਵਰਤੋਂ ਆਪਣਾ ਕਾਰਪੋਰੇਟ ਪ੍ਰਸਤ ਫਿਰਕੂ ਏਜੰਡਾ ਅੱਗੇ ਵਧਾਉਣ ਲਈ ਕਰ ਰਹੀ ਹੈ। ਅੱਜ ਫਿਰਕੂ ਜ਼ਹਿਰ ਉਗਲਣ ਵਾਲੇ, ਕਾਤਲ ਦੰਗਾਕਾਰੀ ਅਤੇ ਖਰਬਾਂ ਦਾ ਜਨਤਕ ਧਨ ਹੜਪਣ ਵਾਲੇ ਭ੍ਰਿਸ਼ਟਾਚਾਰੀ ਆਜ਼ਾਦ ਘੁੰਮ ਰਹੇ ਹਨ, ਪਰ ਦਲਿਤਾਂ ਮਜਦੂਰਾਂ ਨੌਜਵਾਨਾਂ ਆਦਿਵਾਸੀਆਂ ਅਤੇ ਘੱਟਗਿਣਤੀਆਂ ਦੇ ਹੱਕਾਂ ਲਈ ਆਵਾਜ਼ ਉਠਾਉਣ ਤੇ ਲੜਨ ਵਾਲੇ ਸਮਾਜਿਕ ਤੇ ਸਿਆਸੀ ਕਾਰਕੁੰਨ ਝੂਠੇ ਕੇਸਾਂ, ਝੂਠੇ ਪੁਲਸ ਮੁਕਾਬਲਿਆਂ ਦਾ ਸ਼ਿਕਾਰ ਬਣਾਏ ਜਾ ਰਹੇ ਹਨ ਜਾਂ ਅਪਣੀਆਂ ਸਜ਼ਾਵਾਂ ਪੂਰੀਆਂ ਕਰ ਲੈਣ ਦੇ ਬਾਵਜੂਦ ਵੀ ਜੇਲਾਂ ਵਿਚ ਡੱਕੇ ਹੋਏ ਹਨ। 

ਮੀਡੀਆ ਨਾਲ ਗੱਲ ਕਰਦਿਆਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਉਤੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਉਨਾਂ ਕਿਹਾ ਕਿ ਅਗਰ ਰਾਹੁਲ ਦੀ ਇਸ ਯਾਤਰਾ ਨਾਲ ਕਾਂਗਰਸ ਵਿੱਚ ਕੁਝ ਗਤੀ ਆ ਜਾਵੇ ਤਾਂ ਚੰਗੀ ਗੱਲ ਹੋਵੇਗੀ। ਉਨ੍ਹਾਂ ਕਿਹਾ ਕਿ ਫਾਸ਼ੀਵਾਦ ਦੇ ਮੁਕਾਬਲੇ ਲਈ ਦੇਸ਼ ਵਿਚ ਘੱਟੋ ਘੱਟ ਸਹਿਮਤੀ ਦੇ ਅਧਾਰ 'ਤੇ ਇਕ ਵਿਆਪਕ ਮੋਰਚਾ ਵਿਕਸਤ ਕਰਨ ਵਿੱਚ ਮੁੱਖ ਜ਼ਿੰਮੇਵਾਰੀ ਖੱਬੀਆਂ ਪਾਰਟੀਆਂ ਦੀ ਹੀ ਬਣਦੀ ਹੈ। ਉਨ੍ਹਾਂ ਕਿਹਾ ਕਿ ਸੀਪੀਆਈ (ਐਮ ਐਲ) ਦੇ 15 ਤੋਂ 20 ਫਰਵਰੀ ਨੂੰ ਪਟਨਾ ਵਿਖੇ ਹੋ ਰਹੇ 11ਵੇਂ ਮਹਾਂ ਸੰਮੇਲਨ ਵਿੱਚ ਮੋਦੀ ਸਰਕਾਰ ਖਿਲਾਫ ਵਿਆਪਕ ਸਮਾਜਿਕ ਸਿਆਸੀ ਲਾਮਬੰਦੀ ਲਈ ਗੰਭੀਰ ਵਿਚਾਰ ਵਟਾਂਦਰਾ ਕੀਤਾ ਜਾਵੇਗਾ।

ਇਸ ਸੈਮੀਨਾਰ ਵਿੱਚ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਕਾਮਰੇਡ ਸੁਖਦਰਸ਼ਨ ਨੱਤ ਆਪਣੇ ਪਰਿਵਾਰ ਸਮੇਤ ਮਾਨਸਾ ਤੋਂ ਉਚੇਚ ਨਾਲ ਪੁੱਜੇ ਹੋਏ ਸਨ। ਉਹਨਾਂ ਨੇ ਵਾਪਿਸੀ ਵੇਲੇ ਚੰਡੀਗੜ੍ਹ ਦੇ ਵਾਈਪੀਐਸ ਚੌਂਕ ਵਿਚ ਚੱਲ ਰਹੇ ਕੌਮੀ ਇਨਸਾਫ ਮੋਰਚੇ ਵਿੱਚ ਵੀ ਪਾਰਟੀ ਵਫਦ ਦੀ ਅਗਵਾਈ ਕਰਦਿਆਂ ਆਪਣੀ ਮੌਜੂਦਗੀ ਦਰਜ ਕਰਾਈ। ਉਹਨਾਂ ਨੂੰ ਇਸ ਪਾਰਟੀ ਨਾਲ ਲੰਮਾ ਸਮਾਂ ਹੋ ਗਿਆ ਹੈ ਅਤੇ ਉਹਨਾਂ ਨੇ ਸੰਸਾਰ ਕਮਿਊਨਿਸਟ ਲਹਿਰਾਂ ਦੇ ਨਾਲ ਨਾਲ ਭਾਰਤ ਵਿਚਲੇ ਕਮਿਊਨਿਸਟ ਉਭਾਰ ਅਤੇ ਉਤਰਾਵਾਂ ਚੜਾਵਾਂ ਦੇ ਦੌਰ ਵੀ ਦੇਖੇ ਹਨ। ਪਾਰਟੀ ਦੇ ਬਹੁਤ ਹੀ ਅਨੁਸ਼ਾਸਨ ਪਸੰਦ ਸੀਨੀਅਰ ਲੀਡਰ ਹਨ। ਮਾਨਸਾ ਤੋਂ ਅੰਮ੍ਰਿਤਸਰ, ਪੰਜਾਬ ਤੋਂ ਯੂਪੀ ਬਿਹਾਰ ਅਤੇ ਬੰਗਾਲ ਤੱਕ ਦੇ ਲੰਮੇ ਸਫਰ ਕਰਦਿਆਂ ਵੀ ਕਦੇ ਪਾਰਟੀ ਦੇ ਕੰਮਾਂ ਤੋਂ ਥੱਕਦੇ ਨਹੀਂ। ਉਹਨਾਂ ਨੇ ਪਾਰਟੀ ਨੂੰ ਪੰਜਾਬ ਵਿੱਚ ਪੱਕੇ ਪੈਰੀਂ ਕਰਨ ਅਤੇ ਵੱਖ ਵੱਖ ਖੇਤਰਾਂ ਦੇ ਅਗਾਂਹਵਧੂ ਸੋਚ ਵਾਲੇ ਬਹੁਤ ਸਾਰੇ ਵਿਅਕਤੀਆਂ, ਪੱਤਰਕਾਰਾਂ ਅਤੇ ਲੇਖਕਾਂ ਨੂੰ ਪਾਰਟੀ ਦੇ ਨੇੜੇ ਲਿਆਉਣ ਵਿਚ ਵੀ ਸਰਗਰਮ ਰੋਲ ਅਦਾ ਕੀਤਾ। ਬਹੁਤ ਹੀ ਸਾਦਗੀ ਅਤੇ ਨੈਤਿਕਤਾ ਵਾਲੀ ਜ਼ਿੰਦਗੀ ਜਿਊਣ ਵਾਲੇ ਨੱਤ ਪਰਿਵਾਰ ਤਿੱਖੀ ਤੋਂ ਤਿੱਖੀ ਗੱਲ ਸੁਣ ਕੇ ਆਪਣਾ ਸੰਤੁਲਨ ਨਾ ਗੁਆਉਣ ਵਾਲੀ ਜਾਦੂਈ ਸਮਰੱਥਾ ਮੌਜੂਦ ਹੈ। ਸ਼ਾਇਦ ਸੁਖਦਰਸ਼ਨ ਨੱਤ ਉਹਨਾਂ ਕੁਝ ਕੁ ਵਿਰਲੇ ਟਾਂਵੇਂ ਪਰਿਵਾਰਾਂ ਵਿੱਚੋਂ ਹਨ ਜਿਹਨਾਂ ਨੇ ਆਪਣੇ ਬੱਚਿਆਂ ਨੂੰ ਵੀ ਇਸ ਫਲਸਫੇ ਨਾਲ ਜੋੜ ਕੇ ਰੱਖਿਆ ਹੋਇਆ ਹੈ। ਪੂਰੀ ਡੂੰਘਾਈ ਨਾਲ ਖੁਦ ਵੀ ਵੱਧ ਤੋਂ ਵੱਧ ਅਧਿਐਨ ਕਰਨਾ ਅਤੇ ਹੋਰਨਾਂ ਨੂੰ ਵਿਉ ਕਰਾਉਣਾ ਉਹਨਾਂ ਦੇ ਸੁਭਾਅ ਵਿੱਚ ਸ਼ਾਮਲ ਹੈ। ਜਵਾਨੀ ਦੀ ਮੌਜਮਸਤੀ ਵਾਲੀ ਉਮਰੇ ਵੀ ਉਹ ਇਸ ਫਲਸਫੇ ਨਾਲ ਗੰਭੀਰਤਾ ਜੁੜੇ ਰਹੇ। ਲੋਕਾਂ ਦਾ ਭਲਾ ਕਿੰਝ ਹੋਵੇ ਇਸ ਲਈ ਉਹ ਹੁਣ ਵੀ ਚਿੰਤਨਸ਼ੀਲ ਰਹਿੰਦੇ ਹਨ। ਇਸ ਲਹਿਰ ਨੂੰ ਸਾਰੇ ਮਤਭੇਦਾਂ ਤੋਂ ਉੱਪਰ ਉੱਠ ਮਜ਼ਬੂਤ ਬਣਾਉਣਾ ਉਹਨਾਂ ਦੀਆਂ ਮੁਢਲੀਆਂ ਚਿੰਤਾਵਾਂ ਵਿੱਚੋਂ ਵੀ ਇੱਕ ਹੈ। ਉਹਨਾਂ ਦੀ ਧਰਮ ਪਤਨੀ ਜਸਬੀਰ ਕੌਰ ਨੱਤ ਉਹਨਾਂ ਦਾ ਪੂਰਾ ਸਾਥ ਦੇਂਦੀ ਹੈ ਅਤੇ ਖੁਦ ਵੀ ਪਾਰਟੀ ਵਿੱਚ ਸਰਗਰਮ ਹੈ। 

ਅੱਜਕਲ੍ਹ ਬੇਹੱਦ ਨਾਜ਼ੁਕ ਅਤੇ ਵਿਵਾਦਤ ਮਾਮਲਿਆਂ ਬਾਰੇ ਵੀ ਆਪਣੀਆਂ ਟਿੱਪਣੀਆਂ ਬੇਬਾਕੀਆਂ ਨਾਲ ਦੇਣ ਵਾਲੇ ਉੱਘੇ ਚਿੰਤਕ ਡਾਕਟਰ ਪਿਆਰੇ ਲਾਲ ਗਰਗ ਵੀ ਇਸ ਮੌਕੇ 'ਤੇ ਪੁੱਜੇ ਹੋਏ ਸਨ। ਖੁਦ ਪਾਰਟੀ ਦੇ ਅਹੁਦੇਦਾਰ ਅਤੇ ਹੋਰ ਪ੍ਰਬੰਧਕ ਵੀ ਅਜੇ ਬਾਬਾ ਸੋਹਣ ਸਿੰਘ ਭੱਕਣਾ ਹਾਲ ਵਿਖੇ ਨਹੀਂ ਸਨ ਪੁੱਜੇ ਪਰ ਡਾਕਟਰ ਪਿਆਰੇ ਲਾਲ ਗਰਗ ਨਿਸਚਿਤ ਸਮੇਂ 'ਤੇ ਪੂਰੇ ਅਨੁਸ਼ਾਸਨ ਨਾਲ ਪੁੱਜ ਗਏ ਸਨ। ਹਲੀਮੀ ਦੇ ਮੁਜੱਸਮੇ ਡਾਕਟਰ ਗਰਗ ਬਾਬਾ ਬਕਣਾ ਭਵਨ ਦੇ ਬਾਹਰਲੇ ਵਿਹੜੇ ਦੇ ਇੱਕ ਬੰਨੇ ਵਰਗੇ ਥੜ੍ਹੇ ਜਿਹੇ ਤੇ ਬੈਠੇ ਨਜ਼ਰ ਆਏ ਤਾਂ ਯਕੀਨ ਨਹੀਂ ਹੋਇਆ। ਫੋਨ ਮਿਲਾ ਕੇ ਪੁਸ਼ਟੀ ਕੀਤਾ ਤਾਂ ਉਹ ਡਾਕਟਰ ਗਰਗ ਹੀ ਨਿਕਲੇ। ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਉਹਨਾਂ ਦੀਆਂ ਗੱਲਾਂ ਨੇ ਜ਼ਿੰਦਗੀ ਦੀਆਂ ਡੂੰਘੀਆਂ ਰਮਜ਼ਾਂ ਬਾਰੇ ਬਹੁਤ ਕੁਝ ਸਿਖਾਇਆ  ਅਤੇ ਬਹੁਤ ਕੁਝ ਹੀ  ਸਮਝਾਇਆ।  ਘਰ ਪਰਿਵਾਰ ਤੋਂ ਲੈ ਕੇ ਸਮਾਜ ਤੱਕ ਉਹਨਾਂ ਦੀ ਪਾਰਦਰਸ਼ਿਤਾ ਵਾਲੀ ਸੋਚ ਅਤੇ ਬੇਬਾਕੀ ਦੇਖ ਕੇ ਉਹਨਾਂ ਵਰਗਾ ਬਣਨ ਦਾ ਦਿਲ ਕਰਦਾ ਹੈ। ਇਹਨਾਂਗੱਲਾਂ ਵਿਚ ਉਹਨਾਂ ਦੇ ਪੀਜੀਆਈ ਵਿਚਲੀ ਡਿਊਟੀ ਦੇ ਨਾਲ ਨਾਲ ਘਰ ਪਰਿਵਾਰ ਦੀਆਂ ਗੱਲਾਂ ਵੀ ਸਨ। ਅਜਿਹੀਆਂ ਗੱਲਾਂ ਕਿਤਾਬਾਂ ਵਿੱਚੋਂ ਨਹੀਂ ਮਿਲਦੀਆਂ। ਇਹਨਾਂ ਦਾ ਪਤਾ ਡਾਕਟਰ ਗਰਗ ਵਰਗੇ ਦਰਵੇਸ਼ਾਂ ਕੋਲ ਬੈਠ ਕੇ ਹੀ ਲੱਗਦਾ ਹੈ। ਏਨੇ ਵਿਚ ਜਦੋਂ ਸੈਮੀਨਾਰ ਸ਼ੁਰੂ ਹੋਇਆ ਤਾਂ ਡਾਕਟਰ ਪਿਆਰੇ ਲਾਲ ਗਰਗ ਨੇ ਇੱਕ ਇੱਕ ਬੁਲਾਰੇ ਨੂੰ ਬੜੇ ਹੀ ਗਹੁ ਨਾਲ ਸੁਣਿਆ। ਆਰੰਭ ਤੋਂ ਅੰਤ ਤੱਕ ਸਭ ਤੋਂ ਪਿਛੇ ਬੈਠ ਕੇ ਵੀ ਉਹਨਾਂ ਹਰ ਬੁਲਾਰੇ ਦੇ ਦਿਲ ਦੀ ਉਹ ਆਵਾਜ਼ ਵੀ ਸੁਣ  ਲਈ ਸੀ ਜਿਹੜੀ ਉਸਦੀ ਜ਼ੁਬਾਨ ਤੇ ਵੀ ਨਹੀਂ ਸੀ ਆਈ। ਜਦੋਂ ਸਟੇਜ ਵਾਲੇ ਉਹਨਾਂ ਨੂੰ ਬੇਨਤੀ ਕਰ ਕੇ ਗਏ ਤਾਂ ਉਹਨਾਂ ਇਸ ਮੌਕੇ ਸਟੇਜ 'ਤੇ ਪੁੱਜ ਕੇ ਵੀ ਆਪਣੇ ਵਿਚਾਰ ਰੱਖੇ।ਉਹਨਾਂ ਇਥੇ ਵੀ ਬੜੇ ਹੀ ਸਲੀਕੇ ਨਾਲ ਆਪਣੇ ਵਿਚਾਰ ਸੈਮੀਨਾਰ ਦੇ ਮੰਚ ਤੋਂ ਸਾਂਝੇ ਕੀਤੇ। ਇਸ ਛੋਟੇ ਜਿਹੇ ਭਾਸ਼ਣ ਦੀ ਸ਼ੁਰੂਆਤ ਵੀ ਸਾਡੀ ਜਿਹੀ ਸੀ ਅਤੇ ਆਖ਼ਿਰੀ ਵੇਲੇ ਮਾਈਕ ਰੱਖਣ ਦੀ ਰਸਮ ਵੀ। ਬਾਹਰ ਪਾਰਕ ਵਿਚਲੇ ਥੜ੍ਹੇ 'ਤੇ ਬੈਠੇ ਰੁਲਦਾ ਸਿੰਘ ਮਾਨਸਾ ਦੀ ਉੱਚੀ ਆਵਾਜ਼ ਵਾਲੀ ਗੱਲ ਯਾਦ ਆਈ ਜਿਹੜੀ ਉਹਨਾਂ ਡਾਕਟਰ ਗਰਗ ਨੂੰਦੇਖ ਕੇ ਆਖਿ ਸੀ-ਡਾਕਟਰ ਸਾਹਿਬ ਟੀਵੀ 'ਤੇ ਤਾਂ ਤੁਹੰਬੁਨ ਰੋਜ਼ ਦੇਖ ਲਈ ਦਾ ਹੈ ਅੱਜ ਆਹਮੋ ਸਾਹਮਣੇ ਵੀ ਖੁੱਲੇ ਦਰਸ਼ ਹੋ ਗਏ। ਡਾਕਟਰ ਗਰਗ ਦੀ ਵਿਲੱਖਣ ਸ਼ਖ਼ਸੀਅਤ ਅਣਜਾਣ ਨੂੰ ਵੀ ਪਲਾਂ ਵਿਚ ਹੀ ਆਪਣਾ ਬਣਾ ਲੈਂਦੀ ਹੈ। 

ਆਮ ਤੌਰ 'ਤੇ ਪੱਤਰਕਾਰ ਸਿਰਫ ਅਤੇ ਸਿਰਫ ਆਪਣੀ ਅਖਬਾਰੀ ਡਿਊਟੀ ਤੱਕ ਹੀ ਸੀਮਿਤ ਰਹਿੰਦੇ ਹਨ। ਆਪਣੇ ਨਿਸਚਿਤ ਸਮੇਂ 'ਤੇ ਦਫਤਰ ਪੁੱਜਣਾ, ਖਬਰਾਂ ਬਣਾਉਣੀਆਂ, ਸੰਪੜਿਤ ਕਰਨੀਆਂ, ਲੇਖ ਲਿਖਣੇ ਅਤੇ ਮੁਲਾਕਾਤਾਂ ਨੂੰ ਸ਼ਬਦ ਦੇਣੇ। ਡਿਊਟੀ ਮੁੱਕੀ ਤਾਂ ਘਰ ਨੂੰ ਪਰਤ ਪੈਣਾ। ਕਿਸੇ ਵੀ ਹੋਰ ਕੰਮ ਲਈ ਨਾ ਤਾਂ ਉਹਨਾਂ ਸਮਾਂ ਮਿਲਦਾ ਹੈ ਅਤੇ ਨਾ ਹੀ ਉਹਨਾਂ ਦਾ ਮਨ ਹੁੰਦਾ ਹੈ। ਸੰਪਾਦਕੀ ਟੇਬਲ ਤੋਂ ਉੱਠ ਕੇ ਇੰਝ ਲੱਗਣ ਲੱਗਦਾ ਹੈ ਜਿਵੇਂ ਅੰਦਰੋਂ ਸਾਰੀ ਸੱਤਿਆ ਮੁੱਕ ਗਈ ਹੋਵੇ। ਸਮਾਜ ਦੇ ਚੌਥੇ ਥੰਮ ਮੀਡੀਅਵਿੱਚ ਕੰਮ ਕਰਨ ਵਾਲਿਆਂ ਵਿੱਚੋਂ ਬਹੁਤ ਸਾਰੇ ਇਹ ਅਜੋਕੀ ਪੱਤਰਕਾਰੀ ਨੂੰ ਅਖਬਾਰੀ ਡਿਊਟੀਆਂ ਨਿਭਾਉਣ  ਦੇ ਨਾਲ ਨਾਲ ਆਮ ਜਨਤਾ ਨਾਲ ਜੁੜੇ ਮੁੱਦਿਆਂ ਦੀ ਚਰਚਾ ਬਣਾਉਣ ਵਾਲਿਆਂ ਵਿਚ ਉਘੇ ਪੱਤਰਕਾਰ ਹਮੀਰ ਸਿੰਘ ਹੁਰਾਂ ਦੀ ਸਰਗਰਮ ਭੂਮਿਕਾ ਸਾਹਮਣੇ ਆ ਰਹੀ ਹੈ। ਉਹ ਚਲੰਤ ਮੁੱਦਿਆਂ ਬਾਰੇ ਆਪਣੀਆਂ ਬੇਬਾਕ ਟਿੱਪਣੀਆਂ ਕਾਰਨ ਅਕਸਰ ਜਾਣੇ ਜਾਂਦੇ ਹਨ। ਉਹ ਵੀ ਇਸ ਸੈਮੀਨਾਰ ਵਿਚ ਪੁੱਜੇ ਹੋਏ ਸਨ।  ਹਮੀਰ ਸਿੰਘ ਦੀ ਅਲੋਵਹਣਾ ਕਰਨ ਵਾਲਿਆਂ ਵਿੱਚ ਕਈ ਵਾਰ ਉਹਨਾਂ ਦੇ ਨੇੜਲੇ ਕਲਮੀ ਸਾਥੀ ਜਾਂ ਹੋਰ ਦੋਸਤ ਮਿੱਤਰ ਵੀ ਹੁੰਦੇਹਨ ਪਰ ਇਸ ਗੱਲ ਨੇ ਕਦੇ ਵੀ ਹਮੀਰ ਸਿੰਘ ਹੁਰਾਂ ਨੂੰ ਇਸ ਤਰ੍ਹਾਂ ਪ੍ਰਭਾਵਿਤ ਨਹੀਂ ਕੀਤਾ ਕਿ ਉਹ ਆਪਣੇ ਵਿਚਾਰ ਬਦਲ ਲੈਣ ਜਾਂ ਆਪਣਾ ਅੰਦਾਜ਼ ਬਦਲ ਲੈਣ। ਬਸ ਉਹਨਾਂ ਨੂੰ ਦੇਖ ਸੁਣ ਕੇ  ਉਹ ਸਲੋਕ ਜਿਹਾ ਯਾਦ ਆਉਂਦਾ ਹੈ-

ਕਬੀਰਾ ਖੜਾ ਬਾਜ਼ਾਰ ਮੈਂ, ਸਬ ਕੀ ਮਾਂਗੇ ਖੈਰ!

ਨਾ ਕਾਹੂ ਸੇ ਦੋਸਤੀ, ਨਾ ਕਾਹੂ ਸੇ ਬੈਰ!

ਸੋ ਅਜਿਹੀ ਸ਼ਖ਼ਸੀਅਤ ਵਾਲੇ ਪੱਤਰਕਾਰ ਹਮੀਰ ਸਿੰਘ ਵੀ ਇਸ ਸੈਮੀਨਾਰ ਵਿਚ ਆਏ ਹੋਏ ਸਨ। ਉਹ ਵੀ ਡਾਕਟਰ ਗਰਗ ਨਾਲ ਸਭ ਤੋਂ ਪਿਛਲੀ ਕਤਾਰ ਵਾਲਿਆਂ ਕੁਰਸੀਆਂ 'ਤੇ ਬੈਠੇ ਸਨ। ਉਹਨਾਂ ਨਾਲ ਲਿਖਤੁਮ ਬ ਦਲੀਲ ਵਾਲੇ ਕਾਲਮ ਨਵੀਸ ਅਤੇ ਟੀਵੀ ਪੱਤਰਕਾਰੀ ਦੀ ਦੁਨੀਆ ਦੇ ਅਜੋਕੇ ਸਟਾਰ ਐਸ ਪੀ ਸਿੰਘ ਵੀ ਸਨ ਪਰ ਉਹ ਪ੍ਰਬੰਧਕਾਂ ਦੇ ਬਹੁਤ ਜ਼ੋਰ ਦੇਣ 'ਤੇ ਵੀ ਸਟੇਜ ਨਹੀਂ ਆਏ। ਉਂਝ ਉਹਨਾਂ ਦੀ ਮੌਜੂਦਗੀ ਇਸ ਸੈਮੀਨਾਰ ਦੀ ਕਵਰੇਜ ਨੂੰ ਅਹਿਮੀਅਤ ਦੇ ਰਹੀ ਸੀ।

ਅਖੀਰ ਵਿੱਚ ਉਸ ਵਿਅਕਤੀ ਦੇ ਜ਼ਿਕਰ ਬਿਨਾ ਗੱਲ ਅਧੂਰੀ ਰਹੇਗੀ ਜਿਹੜਾ ਇਸ ਸਾਰੇ ਆਯੋਜਨ ਦੀਆਂ ਜ਼ਿੰਮੇਵਾਰੀਆਂ ਦਾ ਭਰ ਬੜੇ ਹੀ ਖਿੜੇ ਮੱਥੇ ਚੁੱਕਦਿਆਂ ਹੋਈਆਂ ਸਭਨਾਂ ਨੂੰ ਬਹੁਤ ਹੀ ਮੁਸਕਰਾ ਕੇ ਮਿਲ ਰਿਹਾ ਸੀ। ਸੀਪੀਆਈ ਐਮ ਐਲ ਲਿਬਰੇਸ਼ਨ ਦੀ ਕੇਂਦਰੀ ਕਮੇਟੀ ਦੇ ਮੈਂਬਰ ਅਤੇ ਚੰਡੀਗੜ੍ਹ ਯੂਨਿਟ ਦੇ ਇੰਚਾਰਜ ਕੰਵਲਜੀਤ ਸਿੰਘ ਨੇ ਇਸ ਸਾਰੇ ਪ੍ਰੋਗਰਾਮ ਨੂੰ ਬੜੇ ਹੀ ਸੁਚਜੱਜ ਢੰਗ ਨਾਲ ਸਫਲ ਬਣਾਇਆ। ਨਾ ਕੋਈ ਥਕਾਵਟ ,ਆ ਹੀ ਕੋਈ ਖਿਝ ਅਤੇ ਨਾ ਹੀ ਮੱਥੇ 'ਤੇ ਕੋਈ ਤਿਊੜੀ। ਪੰਜਾਬ ਯੂਨੀਵਰਸਿਟੀ ਤੋਂ ਬਹੁਤ ਸਾਰੇ ਨੌਜਵਾਨ ਅਤੇ ਵਿਦਿਆਰਥੀ ਅਤੇ ਨੌਜਵਾਨ ਮੁੰਡੇ ਕੁੜੀਆਂ ਸਿਰਫ ਕੰਵਲਜੀਤ ਸਿੱਖ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਇਸ ਆਯੋਜਨ ਨੰ ਸਫਲ ਬਣਾਉਣ ਲਈ ਸਰਗਰਮ ਹਨ। ਕਾਮਰੇਡ ਦੀਪੰਕਰ ਭੱਟਾਚਾਰਿਆ ਨੇ ਦੇਸ਼ ਸੇਵਕ ਅਖਬਾਰ ਦੇ ਕੰਪਲੈਕਸ ਵਾਲੇ ਬਾਬਾ ਸੋਹਣ ਸਿੰਘ ਭਕਨਾ ਹਾਲ ਵਿਚ ਆਉਣਾ ਹੈ ਇਸ ਖਬਰ ਨੂੰ ਦੋ ਤਿੰਨ ਦਿਨ ਪਹਿਲਾਂ ਹੀ ਇਸ ਨੌਜਵਾਨ ਵਰਗ ਨੇ ਆਪਣੇ ਸੋਸ਼ਲ ਮੀਡੀਆ ਨੈਟਵਰਕ ਰਾਹੀਂ ਤਕਰੀਬਨ ਹਰ ਕਾਲਜ ਤਕ ਪਹੁੰਚਾ ਦਿੱਤਾ ਸੀ। 

ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਜਨਰਲ ਸਕੱਤਰ ਕਾਮਰੇਡ ਦੀਪਾਂਕਰ ਭੱਟਾਚਾਰੀਆ ਚੰਡੀਗੜ੍ਹ ਅਤੇ ਪੰਜਾਬ ਹਰਿਆਣਾ ਦੇ ਇਹਨਾਂ ਨੌਜਵਾਨਾਂ ਅਤੇ ਵਿਦਿਆਰਥੀਆਂ ਵਿੱਚ ਏਨੇ ਹਰਮਨ ਪਿਆਰੇ ਹਨ ਇਸਦਾ ਪਤਾ ਇਹਨਾਂ ਨੌਜਵਾਨਾਂ ਨੂੰ ਦੇਖ ਕੇ ਹੀ ਲੱਗਦਾ ਸੀ। ਇਹ ਸਾਰੇ ਵੀ ਆਪਣੇ ਮਹਿਬੂਬ ਲੀਡਰ ਦੀ ਇੱਕ ਝਲਕ ਦੇਖਣ ਅਤੇ ਵਿਚਾਰ ਸੁਣਨ ਲਈ ਆਏ ਹੋਏ ਸਨ। ਮਿਕਨਾਤੀਸੀ ਸ਼ਖ਼ਸੀਅਤ ਵਾਲਾ ਕੰਵਲਜੀਤ ਜਲਦੀ ਹੀ ਪਾਰਟੀ ਦੇ ਅਧਾਰ ਨੂੰ ਹੋਰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਏਗਾ। 

ਕਮਿਊਨਿਸਟ ਪਾਰਟੀਆਂ ਦੀ ਵੰਡੀ ਹੋਈ ਸ਼ਕਤੀ ਅਤੇ ਨਕਸਲਬਾੜੀ ਲਹਿਰ ਨਾਲ ਸਬੰਧਤ ਲੋਕਾਂ ਵਿਚਲੀ ਧੜੇਬੰਦੀ ਇਸ ਅੰਦੋਲਨ ਦੇ ਮਜ਼ਬੂਤ ਹੋਣ ਵਿਚ ਵੱਡੀ ਰੁਕਾਵਟ ਹੈ। ਅਜਿਹੀਆਂ ਰੁਕਾਵਟਾਂ ਨੂੰ ਦੂਰ ਕਰ ਕੇ ਇਸ ਲਹਿਰ ਨੂੰ ਹੋਰ ਮਜ਼ਬੂਤ ਕਰਨ ਲਈ ਸਾਰੇ ਹੀ ਸੁਹਿਰਦ ਵਿਅਕਤੀ ਅਤੇ ਸੰਗਠਨ ਸਰਗਰਮ ਵੀ ਹਨ। 


ਇਸ ਸੈਮੀਨਾਰ ਵਿਚ ਵੀ ਖੱਬੀਆਂ ਧਿਰਾਂ ਦੀ ਏਕਤਾ ਅਤੇ ਮਜ਼ਬੂਤੀ 'ਤੇ ਕਾਫੀ ਜ਼ੋਰ ਦਿੱਤਾ ਗਿਆ। ਹੁਣ ਦੇਖਣਾ ਹੈ ਕਿ ਆਉਂਦੇ ਮਹੀਨੇ ਫਰਵਰੀ ਵਿੱਚ ਪਟਨਾ ਸਾਹਿਬ ਹੋਣ ਵਾਲੀ ਪਾਰਟੀ ਦੀ ਗਿਆਰਵੀਂ ਕਾਂਗਰਸ ਵਿੱਚ ਪਾਰਟੀ ਲੀਡਰਸ਼ਿਪ ਕਿਹੜੇ ਕਿਹੜੇ ਨਵੇ ਫੈਸਲੇ ਲੈਂਦੀ ਹੈ? ਇਹ ਅਜਲਾਸ ਪਟਨਾ ਸਾਹਿਬ ਦੇ ਗਾਂਧੀ ਗਰਾਊਂਡ ਵਿਖੇ 15 ਤੋਂ 20 ਫਰਵਰੀ ਤੱਕ ਹੋਣਾ ਹੈ। ਜ਼ਿਕਰਯੋਗ ਹੈ ਕਿ ਪਾਰਟੀ ਦੀ ਦਸਵੀਂ ਕਾਂਗਰਸ ਮਾਨਸਾ ਵਿਖੇ ਹੋਈ ਸੀ।  

ਸਮਾਜਿਕ ਚੇਤਨਾ ਅਤੇ ਜਨਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Tuesday, January 10, 2023

ਅਫ਼ਸਰਸ਼ਾਹੀ ਦੇ ਦਬਾਅ ਹੇਠ ਭ੍ਰਿਸ਼ਟਾਚਾਰ ਨੂੰ ਛੋਟ ਨਾ ਦੇਵੇ ਮਾਨ ਸਰਕਾਰ

Tuesday 10th January 2023 at 4:59 PM

ਵਰਨਾ ਉਸ ਦੀ ਬਚੀ ਖੁਸ਼ੀ ਭਰੋਸੇਯੋਗਤਾ ਵੀ ਮਿੱਟੀ ਵਿਚ ਮਿਲੇਗੀ-ਲਿਬਰੇਸ਼ਨ 

*ਭ੍ਰਿਸ਼ਟਾਚਾਰੀ ਅਫਸਰਾਂ, ਸੱਤਾਧਾਰੀਆਂ ਤੇ ਦਲਾਲਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ

*ਉਨਾਂ ਦੀਆਂ ਚਲ ਅਚਲ ਸੰਪਤੀਆਂ ਵੀ ਜ਼ਬਤ ਕਰਨ ਦੀ ਮੰਗ

ਮਾਨਸਾ10 ਜਨਵਰੀ 2023: (*ਸੁਖਦਰਸ਼ਨ ਨੱਤ//ਨਕਸਲਬਾੜੀ ਸਕਰੀਨ ਡੈਸਕ)::

ਕਾਮਰੇਡ ਸੁਖਦਰਸ਼ਨ ਨੱਤ ਫਾਈਲ ਫੋਟੋ 
ਆਈਏਐਸ ਤੇ ਪੀਸੀਐਸ ਅਫਸਰਾਂ ਵਲੋਂ ਪੰਜਾਬ ਸਰਕਾਰ ਦੇ ਖਿਲਾਫ ਅਪਣਾਏ ਗਏ ਸਖਤ ਰੁੱਖ ਦੇ ਚਲਦਿਆਂ ਸੀਪੀਆਈ (ਐਮ ਐਲ) ਲਿਬਰੇਸ਼ਨ ਖੁੱਲ੍ਹ ਕੇ ਕੁਰੱਪਸ਼ਨ ਕਰਨ ਵਾਲਿਆਂ ਦੇ ਖਿਲਾਫ ਆ ਖੜੋਤੀ ਹੈ। ਲਿਬਰੇਸ਼ਨ ਨੇ ਸੋਸ਼ਟ ਸ਼ਬਦਾਂ ਵਿੱਚ ਪੰਜਾਬ ਸਰਕਾਰ ਨੂੰ ਸੁਚੇਤ ਕੀਤਾ ਹੈ ਕਿ ਉਹ ਇਸ ਮਾਮਲੇ ਵਿਚ ਹੁਣ ਕੋਈ ਢਿੱਲਮੱਠ ਨਾ ਦਿਖਾਵੇ।  

ਭ੍ਰਿਸ਼ਟਾਚਾਰ ਵਿਚ ਗ੍ਰਿਫਤਾਰ ਕੀਤੇ ਗਏ ਅਪਣੇ ਭਾਈਵਾਲਾਂ ਦੇ ਪੱਖ ਵਿਚ ਪੰਜਾਬ ਦੇ ਆਈਏਐਸ ਤੇ ਪੀਸੀਐਸ ਅਫਸਰਾਂ ਵਲੋਂ ਚਲਾਈ ਜਾ ਰਹੀ ਦਬਾਅ ਮੁਹਿੰਮ ਦੀ ਸਖਤ ਆਲੋਚਨਾ ਕਰਦਿਆਂ ਸੀਪੀਆਈ (ਐਮ ਐਲ) ਲਿਬਰੇਸ਼ਨ ਦਾ ਕਹਿਣਾ ਹੈ ਕਿ ਅਫ਼ਸਰਸ਼ਾਹੀ ਦੇ ਇਸ ਨਜਾਇਜ਼ ਦਬਾਅ ਅੱਗੇ ਝੁਕ ਕੇ ਮਾਨ ਸਰਕਾਰ ਅਪਣੀ ਪੁਜੀਸ਼ਨ ਹੋਰ ਹਾਸੋਹੀਣੀ ਬਣਾਉਣ ਦੀ ਬਜਾਏ, ਜਨਤਾ ਦੇ ਧਨ ਨੂੰ ਦੋਵੇਂ ਹੱਥੀਂ ਲੁੱਟਣ ਦੀ ਵਾਲੇ ਦੋਸ਼ੀ ਅਫ਼ਸਰਾਂ ਤੇ ਮੁਲਾਜ਼ਮਾਂ ਨੂੰ ਢੁੱਕਵੀਂ ਸਜ਼ਾ ਦਿਵਾਉਣ ਦੀ ਗਾਰੰਟੀ ਕਰਨੀ ਚਾਹੀਦੀ ਹੈ।

ਪਾਰਟੀ ਦੇ ਸੂਬਾਈ ਬੁਲਾਰੇ ਵਲੋਂ ਇਸ ਬਾਰੇ ਇਥੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਬਾਦਲ-ਬੀਜੇਪੀ ਤੇ ਕਾਂਗਰਸ ਦੀਆਂ ਸਰਕਾਰਾਂ ਦੌਰਾਨ ਅਫ਼ਸਰਸ਼ਾਹੀ ਦੇ ਵੱਡੇ ਹਿੱਸੇ ਨੇ ਸਤਾਧਾਰੀ ਲੀਡਰਾਂ ਨਾਲ ਮਿਲ ਕੇ ਅੰਨਾ ਭ੍ਰਿਸ਼ਟਾਚਾਰ ਕੀਤਾ ਹੈ। ਸੰਜੇ ਪੋਪਲੀ ਤੋਂ ਲੈ ਕੇ ਸਰਵੇਸ਼ ਕੌਸ਼ਲ, ਕੇਬੀਐਸ ਸਿੱਧੂ ਤੇ ਪੰਨੂ ਵਰਗੇ ਆਈਏਐਸ ਅਫਸਰ ਅਤੇ ਸ਼ਰਨਜੀਤ ਸਿੰਘ ਢਿੱਲੋਂ , ਜਨਮੇਜਾ ਸਿੰਘ ਸੇਖੋਂ, ਸਾਧੂ ਸਿੰਘ ਧਰਮਸੋਤ, ਭਾਰਤ ਭੂਸ਼ਨ ਆਸ਼ੂ ਵਰਗੇ ਮੰਤਰੀ ਪਹਿਲਾਂ ਹੀ ਕੇਸਾਂ ਤੇ ਪੜਤਾਲਾਂ ਦਾ ਸਾਹਮਣਾ ਕਰ ਰਹੇ ਹਨ। 

ਪਾਰਟੀ ਦਾ ਕਹਿਣਾ ਹੈ ਕਿ ਕਾਨੂੰਨ ਦੀ ਪਰਿਭਾਸ਼ਾ ਮੁਤਾਬਿਕ ਜਨਤਾ ਦੇ ਇਹ ਨੌਕਰ, ਅਮਲ ਵਿਚ ਸਭ ਦੇ ਮਾਲਕ ਅਤੇ ਸਥਾਈ ਸਰਕਾਰ ਬਣੇ ਹੋਏ ਹਨ, ਜੋ ਅਪਣੇ ਆਪ ਨੂੰ ਕਿਸੇ ਵੀ ਜਵਾਬਦੇਹੀ ਤੋਂ ਉਪਰ ਸਮਝਦੇ ਹਨ। ਦਰਅਸਲ ਇੰਨਾਂ ਨੂੰ ਕਿਸੇ ਨੀਲਮਾ ਜਾਂ ਨਰਿੰਦਰ ਸਿੰਘ ਦੇ ਗ੍ਰਿਫਤਾਰ ਕੀਤੇ ਜਾਣ ਦਾ ਦੁੱਖ ਨਹੀਂ, ਬਲਕਿ ਅਪਣੀ ਵਾਰੀ ਆ ਜਾਣ ਦੀ ਹੀ ਚਿੰਤਾ ਹੈ। ਇਸ ਡਾਰੋਂ ਇਹ ਲੋਕ ਸੂਬਾ ਸਰਕਾਰ ਉਤੇ ਦਬਾਅ ਬਣਾ ਕੇ ਇਹ ਅਪਣੇ ਬਚਾਅ ਲਈ ਵਿਜੀਲੈਂਸ ਦੀ ਕਾਰਵਾਈ ਇਥੇ ਹੀ ਠੱਪ ਕਰਵਾਉਣਾ ਚਾਹੁੰਦੇ ਹਨ। 

ਦੂਜੇ ਪਾਸੇ ਮੁੱਖ ਮੰਤਰੀ ਮਾਨ ਦੇ ਅੱਜ ਦੇ ਬਿਆਨ ਤੋਂ ਸਾਫ ਹੈ ਕਿ ਉਹ ਇਸ ਮਾਮਲੇ ਵਿਚ ਸਪਸ਼ਟ ਤੌਰ 'ਤੇ ਪੈਰ ਪਿੱਛੇ ਖਿੱਚ ਰਹੇ ਹਨ। ਪਰ ਉਨਾਂ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਲਤੀਫਪੁਰੇ ਤੇ ਜੀਰਾ ਵੱਲ ਉਨਾਂ ਦੇ ਲੋਕ ਵਿਰੋਧੀ ਅਤੇ ਭੂ ਮਾਫੀਆ-ਕਾਰਪੋਰੇਟ ਪੱਖੀ ਕਾਰਵਾਈਆਂ ਕਾਰਨ ਉਨਾਂ ਦੀ ਸਰਕਾਰ ਦੀ ਸਥਿਤੀ ਪਹਿਲਾਂ ਹੀ ਪਾਣੀਓਂ ਪਤਲੀ ਹੋਈ ਪਈ ਹੈ ਤੇ ਹੁਣ ਭ੍ਰਿਸ਼ਟਾਚਾਰ ਵਿਰੁਧ ਕਾਰਵਾਈ ਰੋਕਣ ਦੇ ਸਿੱਟੇ ਵਜੋਂ ਉਨਾਂ ਦੀ ਭਰੋਸੇਯੋਗਤਾ ਬਿਲਕੁਲ ਖਤਮ ਹੋ ਕੇ ਰਹਿ ਜਾਵੇਗੀ। 

ਬਿਆਨ ਵਿਚ ਇਹ ਵੀ ਮੰਗ ਕੀਤੀ ਗਈ ਹੈ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਵਜਾਰਤ ਵਿਚੋਂ ਹਟਾਏ ਗਏ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਪਾਰਟੀ ਵਿਚੋਂ ਕੱਢਿਆ ਤੇ ਗ੍ਰਿਫਤਾਰ ਕੀਤਾ ਜਾਵੇ ਅਤੇ ਉਸ ਨੂੰ ਸਜਾ ਦਿਵਾਉਣ ਨੂੰ ਯਕੀਨੀ ਬਣਾਇਆ ਜਾਵੇ, ਕਿਉਂਕਿ ਪਹਿਲਾਂ ਵਿਜੇ ਸਿੰਗਲਾ ਦੇ ਮਾਮਲੇ ਵਿਚ ਵੀ ਭ੍ਰਿਸ਼ਟਾਚਾਰ ਖ਼ਿਲਾਫ਼ ਆਮ ਆਦਮੀ ਪਾਰਟੀ ਦੇ ਜ਼ੀਰੋ ਟਾਲਰੈਂਸ ਦੇ ਦਾਅਵੇ ਦਾ ਹਾਲੇ ਕੋਈ ਵੀ ਨਤੀਜਾ ਸਾਹਮਣੇ ਨਹੀਂ ਆਇਆ।

ਪੰਜਾਬ ਸਰਕਾਰ ਦੀ ਉਸਾਰੂ ਆਲੋਚਨਾ ਕਰਦਿਆਂ  ਸੁਖਦਰਸ਼ਨ ਨੱਤ ਨੇ ਕੁਝ ਦਿਨ ਪਹਿਲਾਂ ਵੀ ਆਪਣੀ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਸੀ ਕਿ ਇਹ ਸੋਚ ਕੇ ਬੜੀ ਹੈਰਾਨੀ ਅਤੇ ਦੁੱਖ ਹੁੰਦਾ ਹੈ ਕਿ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਜੋ ਭਗਵੰਤ ਮਾਨ ਹਰ ਮਸਲੇ ਬਾਰੇ ਅਪਣੀਆਂ ਤਿੱਖੀਆਂ ਤੇ ਦਿਲਚਸਪ ਟਿੱਪਣੀਆਂ ਰਾਹੀਂ ਦਰਸ਼ਕਾਂ-ਸਰੋਤਿਆਂ ਦੀਆਂ ਜ਼ੋਰਦਾਰ ਤਾੜੀਆਂ ਬਟੋਰਦਾ ਸੀ, ਮੁੱਖ ਮੰਤਰੀ ਬਣਨ ਤੋਂ ਬਾਦ ਜ਼ੀਰਾ ਅਤੇ ਲਤੀਫਪੁਰਾ ਵਰਗੇ ਅਹਿਮ ਸਮਾਜਿਕ ਸਿਆਸੀ ਮੁੱਦਿਆਂ ਬਾਰੇ ਉਸ ਨੇ ਇਵੇਂ ਚੁੱਪ ਧਾਰ ਰੱਖੀ ਹੈ, ਜਿਵੇਂ ਹੁਣ ਨਾ ਉਸ ਦੇ ਮੂੰਹ 'ਚ ਜ਼ੁਬਾਨ ਬਚੀ ਹੈ ਅਤੇ ਨਾ ਹੀ ਦਿਲ ਵਿਚ ਪੰਜਾਬ ਦੇ ਤਬਾਹ ਤੇ ਬਰਬਾਦ ਕੀਤੇ ਜਾ ਰਹੇ ਆਮ ਲੋਕਾਂ ਲਈ ਭੋਰਾ ਭਰ ਵੀ ਸੰਵੇਦਨਾ। ਇਹ ਪੋਸਟ ਮਾਨ ਸਰਕਾਰ ਵੱਲੋਂ ਆਪਣੇ ਜਾ ਰਹੇ ਰਵਈਏ ਬਾਰੇ ਕਈ ਸੁਆਲ ਉਠਾਉਂਦੀ ਹੈ। ਇਹ ਲੋਕਾਂ ਦੇ ਦਿਲਾਂ ਵਿਚ ਮੌਜੂਦ ਸ਼ੰਕਿਆਂ ਨੂੰ ਨਵਿਰਤ ਕਰਨ ਦਾ ਵੀ ਇਸ਼ਾਰਾ ਕਰਦੀ ਹੈ। 

ਲਿਬਰੇਸ਼ਨ ਨੇ ਪੰਜਾਬ ਦੀ ਜਨਤਾ, ਮਜ਼ਦੂਰ ਕਿਸਾਨ ਜਥੇਬੰਦੀਆਂ ਅਤੇ ਲੋਕ ਹਿੱਤੂ ਮੀਡੀਆ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਭ੍ਰਿਸ਼ਟ ਲੀਡਰਾਂ, ਅਫਸਰਾਂ ਤੇ ਦਲਾਲਾਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਭ੍ਰਿਸ਼ਟਾਚਾਰ ਦੇ ਜ਼ਰੀਏ ਜਨਤਾ ਦਾ ਧਨ ਲੁੱਟ ਕੇ ਬਣਾਈਆਂ ਇੰਨਾਂ ਦੀਆਂ ਚੱਲ ਤੇ ਅਚੱਲ ਸੰਪਤੀਆਂ ਜ਼ਬਤ ਕਰਨ ਲਈ ਮਾਨ ਸਰਕਾਰ ਉਤੇ ਜ਼ੋਰਦਾਰ ਦਬਾਅ ਪਾਉਣ।

*ਕਾਮਰੇਡ ਸੁਖਦਰਸ਼ਨ ਨੱਤ ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਸੀਨੀਅਰ ਲੀਡਰ ਹਨ ਅਤੇ ਉਘੇ ਬੁਧੀਜੀਵੀਆਂ ਵਿਚ ਗਿਣੇ ਜਾਂਦੇ ਹਨ