Wednesday, July 28, 2021

ਬਾਬਾ ਬੂਝਾ ਸਿੰਘ ਦੀ ਸ਼ਹਾਦਤ ਬਾਰੇ ਅਜਮੇਰ ਸਿੱਧੂ ਵੱਲੋਂ ਦਸਤਾਵੇਜ਼ੀ ਜਾਣਕਾਰੀ

  ਸ਼ਹੀਦ ਬਾਬਾ ਬੂਝਾ ਸਿੰਘ ਦੀਆਂ ਆਖ਼ਰੀ ਘੜੀਆਂ 

ਲਾਹੌਰ ਦਾ ਉਹ ਕਿਲਾ ਜਿੱਥੇ ਬ੍ਰਿਟਿਸ਼ ਸਰਕਾਰ ਬਾਬਾ ਬੂਝਾ ਸਿੰਘ ਜੀ 'ਤੇ
ਮਹੀਨਿਆਂ ਬੱਧੀ ਟਾਰਚਰ ਕਰਦੀ ਰਹੀ 

ਚੱਕ ਮਾਈਦਾਸ
:(ਨਵਾਂ ਸ਼ਹਿਰ): 27 ਜੁਲਾਈ 2021: 
(ਨਕਸਲਬਾੜੀ ਸਕਰੀਨ ਬਿਊਰੋ)::

ਨਕਸਲਬਾੜੀ ਲਹਿਰ ਕੋਲ ਵੀ ਸ਼ਹੀਦਾਂ ਦੀ ਲਿਸਟ ਬੜੀ ਲੰਮੀ ਹੈ। ਇਸਦੇ ਬਾਵਜੂਦ ਇਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਸੰਭਾਲ ਲਈ ਜੱਥੇਬੰਦਕ ਤੌਰ ਤੇ ਉਸ ਪੱਧਰ ਦੇ ਕੰਮ ਨਹੀਂ ਹੋ ਸਕੇ ਜਿਹੜੇ ਹੋਣੇ ਚਾਹੀਦੇ ਸਨ। ਇਲਾਕੇ ਦੇ ਲੋਕਾਂ ਅਤੇ ਅਤੇ ਹੋਰਨਾਂ ਚਾਹਵਾਨਾਂ ਨੇ ਇਸ ਪਾਸੇ ਕਾਫੀ ਕੰਮ ਕੀਤਾ ਹੈ। ਇਹਨਾਂ ਵਿੱਚ ਹੀ ਇੱਕ ਨਾਮ ਹੈ ਅਜਮੇਰ ਸਿੱਧੂ ਹੁਰਾਂ ਦਾ ਜਿਹਨਾਂ ਨੇ ਬਾਬਾ ਬੂਝਾ ਸਿੰਘ ਨੂੰ ਕਿਸੇ ਦਸਤਾਵੇਜ਼ੀ ਵਾਂਗ ਸੰਭਾਲਣ ਵਿੱਚ ਕੋਈ ਕਸਰ ਨਹੀਂ ਛੱਡੀ। ਫਿਲਹਾਲ ਪੜ੍ਹੋ ਤੁਸੀਂ ਉਹਨਾਂ ਦੀ ਲਿਖੀ ਹੇਠਲੀ ਲਿਖਤ ਜੋ ਬਾਬਾ ਬੂਝ ਸਿੰਘ ਅਤੇ ਉਹਨਾਂ ਦੇ ਮਿਸ਼ਨ ਬਾਰੇ ਬਹੁਤ ਕੁਝ ਦੱਸਦੀ ਹੈ।-- ਸੰਪਾਦਕ

ਸ਼ਹਾਦਤ ਮਗਰੋਂ ਬਾਬਾ ਬੂਝਾ ਸਿੰਘ ਜੀ ਦਾ ਅੰਤਿਮ ਸੰਸਕਾਰ ਲੋਕ ਵੱਧ ਚੜ੍ਹ ਕੇ ਪੁੱਜੇ 

ਜਦੋਂ 28 ਜੁਲਾਈ 1970 ਨੂੰ
ਬਾਬਾ ਬੂਝਾ ਸਿੰਘ ਨੂੰ ਸ਼ਹੀਦ ਕੀਤਾ ਗਿਆ,
ਉਦੋਂ ਉਹ ਇਨਕਲਾਬੀ ਤੈਲਗੂ ਕਵੀ ਪ੍ਰੋ. ਵਰਵਰਾ ਰਾਓ ਦੀ ਉਮਰ ਦੇ ਸਨ। ਪ੍ਰੋ. ਰਾਓ ਨੂੰ ਹਿੰਦੋਸਤਾਨੀ ਹਕੂਮਤ ਨੇ ਇਸ ਕਰਕੇ ਜੇਲ੍ਹ ਵਿਚ ਨਹੀਂ ਸੁੱਟਿਆ ਹੋਇਆ ਕਿ ਉਹ ਸ਼ਾਇਰੀ ਕਰਦਾ ਹੈ। ਸ਼ਾਇਰਾਂ ਨੂੰ ਤਾਂ ਸਰਕਾਰ ਪੁਰਸਕਾਰਾਂ ਨਾਲ ਨਿਵਾਜ਼ਦੀ ਹੈ। ਦਰਅਸਲ, ਉਸ ਦੀਆਂ ਕਵਿਤਾਵਾਂ ਆਦਿਵਾਸੀਆਂ, ਪੱਛੜੇ ਵਰਗਾਂ ਅਤੇ ਆਮ ਆਦਮੀ ਦੀ ਗੁਰਬਤ, ਨਰਕ ਅਤੇ ਅਨਿਆਂ ਭਰੀ ਜ਼ਿੰਦਗੀ ਦੀ ਗੱਲ ਕਰਦੀਆਂ ਹਨ। ਉਸ ਦੀਆਂ ਕਵਿਤਾਵਾਂ ਕ੍ਰਾਂਤੀ ਦੇ ਚੰਗਿਆੜੇ ਛੱਡਦੀਆਂ ਹਨ। ਇਸੇ ਕਾਰਨ ਸਟੇਟ ਨੂੰ ਉਨ੍ਹਾਂ ਵਿਚੋਂ ਤਖ਼ਤ ਨੂੰ ਪਲਟਾਉਣ ਦੀ ਬੋਅ ਆ ਰਹੀ ਹੈ। ਬਜ਼ੁਰਗੀ ਵਾਲੀ ਅਵਸਥਾ ਵਿੱਚ 82 ਸਾਲ ਦੇ ਬਜ਼ੁਰਗ ਬੂਝਾ ਸਿੰਘ ਨੂੰ ਮਾਰਨ ਵੇਲੇ ਵੀ ਸਰਕਾਰ ਨੂੰ ਨੌਜਵਾਨਾਂ ਲਈ ਬਾਬੇ ਦਾ ਇਨਕਲਾਬੀ ਬਿੰਬ ਚੁਭਦਾ ਸੀ। ਨਹੀਂ ਤਾਂ ਅੰਗਰੇਜ਼ੀ ਹਕੂਮਤ ਨਾਲ ਟੱਕਰ ਲੈਣ ਕਾਰਨ ਬਾਬੇ ਨੂੰ ਸਰਕਾਰ ਨੇ ਪੈਨਸ਼ਨ ਤੇ ਤਾਮਰ ਪੱਤਰ ਦੇਣੇ ਸਨ। 

ਚੱਕ ਮਾਈਦਾਸ (ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਵਾਲਾ ਇਹ ਬਾਬਾ ਕੋਈ ਐਰਾ ਗੈਰਾ ਨਹੀਂ ਸੀ। ਉਹ ਘਰ 'ਚ ਖੁਸ਼ਹਾਲੀ ਲਿਆਉਣ ਲਈ 1930 ਵਿਚ ਅਰਜਨਟਾਈਨਾ ਗਿਆ ਸੀ, ਪਰ ਬਰਤਾਨਵੀ ਰਾਜ ਦੀ ਗ਼ੁਲਾਮੀ ਦਾ ਜੂਲਾ ਲਾਹੁਣ ਲਈ ਸਰਗਰਮ ਗ਼ਦਰ ਪਾਰਟੀ ਵਿਚ ਅਜਿਹਾ ਕੁੱਦਿਆ ਕਿ ਸਾਰਾ ਦੇਸ਼ ਹੀ ਉਸ ਨੂੰ ਆਪਣਾ ਘਰ ਪਰਿਵਾਰ ਦਿਸਣ ਲੱਗ ਪਿਆ। ਉਹ ਭਾਈ ਰਤਨ ਸਿੰਘ ਰਾਏਪੁਰ ਡੱਬਾ, ਅਜੀਤ ਸਿੰਘ (ਸ਼ਹੀਦ ਭਗਤ ਸਿੰਘ ਦੇ ਚਾਚਾ ਜੀ), ਤੇਜਾ ਸਿੰਘ ਸੁਤੰਤਰ, ਭਗਤ ਸਿੰਘ ਬਿਲਗਾ... ਵਰਗੇ ਗਦਰੀਆਂ ਨਾਲ ਰਲ ਕੇ ਦੇਸ ਦੀ 'ਗੁਲਾਮੀ ਦਾ ਜੂਲਾ ਲਾਹੋ' ਦਾ ਨਾਅਰਾ ਬੁਲੰਦ ਕਰਨ ਲੱਗਾ। ਸੰਨ 1932 ਤੋਂ 34 ਤੱਕ ਮਾਸਲੋ (ਰੂਸ) ਦੀ ਈਸਟਰਨ ਯੂਨੀਵਰਸਿਟੀ ਵਿਚ ਮਾਰਕਸਵਾਦ ਦੀ ਪੜ੍ਹਾਈ ਕੀਤੀ ਅਤੇ ਹਥਿਆਰਾਂ ਦੀ ਸਿਖਲਾਈ ਵੀ  ਲਈ। ਇਨ੍ਹਾਂ ਆਜ਼ਾਦੀ ਸੰਗਰਾਮੀਆਂ ਨੇ ਭਾਰਤ ਆ ਕੇ ਕਿਰਤੀ ਪਾਰਟੀ ਦੇ ਝੰਡੇ ਥੱਲੇ ਹਕੂਮਤ ਨੂੰ ਕੰਬਣੀ ਛੇੜ ਦਿੱਤੀ। ਗੋਰੀ ਹਕੂਮਤ ਨੂੰ ਇਹ ਜੰਗਜੂ ਚੁਭਣ ਲੱਗੇ। ਲਾਹੌਰ ਦੇ ਸ਼ਾਹੀ ਕਿਲੇ ਵਿਚ ਦੋ ਮਹੀਨੇ ਬਰਫ਼ 'ਤੇ ਲਿਟਾ ਕੇ ਪੁਲੀਸ ਬੂਝਾ ਸਿੰਘ 'ਤੇ ਤਸ਼ੱਦਦ ਕਰਦੀ ਰਹੀ ਤੇ ਦੂਜੇ ਗ਼ਦਰ ਦਾ ਭੇਤ ਲੈਣਾ ਚਾਹਿਆ, ਪਰ ਪੁਲੀਸ ਸਫ਼ਲ ਨਾ ਹੋ ਸਕੀ। ਅੰਤ ਉਨ੍ਹਾਂ ਬੂਝਾ ਸਿੰਘ ਨੂੰ ਜੰਗੀ ਕੈਦੀ ਐਲਾਨ ਦਿੱਤਾ। 

ਕਈ ਸਾਲ ਇਨ੍ਹਾਂ ਕਿਰਤੀਆਂ ਨੇ ਅੰਗਰੇਜ਼ ਹਕੂਮਤ ਨੂੰ ਵਖ਼ਤ ਪਾਈ ਰੱਖਿਆ। ਜਦੋਂ ਇਹ ਆਪਣੇ ਅਕੀਦੇ ਤੋਂ ਪਿੱਛੇ ਨਾ ਹਟੇ ਤਾਂ ਰਾਜਸਥਾਨ ਦੇ ਦਿਓਲੀ ਕੈਂਪ ਵਿਚ ਦੋ ਸਾਲ ਲਈ ਬੂਝਾ ਸਿੰਘ ਸਮੇਤ ਅਨੇਕਾਂ ਕਿਰਤੀ ਤੇ ਕਮਿਊਨਿਸਟਾਂ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਗਿਆ। ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਕਾਂਗਰਸ ਪਾਰਟੀ ਦਾ ਕੌਮੀ ਪ੍ਰਧਾਨ ਬਣਾਉਣ ਦਾ ਸਿਹਰਾ ਵੀ ਇਨ੍ਹਾਂ ਕਿਰਤੀਆਂ ਦੇ ਸਿਰ ਬੱਝਦਾ ਹੈ। ਬਾਬਾ ਜੀ ਦੀ ਉੱਚ ਸ਼ਖ਼ਸੀਅਤ ਦਾ ਇਸ ਗੱਲ ਤੋਂ ਪਤਾ ਲੱਗਦਾ ਹੈ: ਜਿਨ੍ਹਾਂ ਪੰਜ ਕਿਰਤੀਆਂ (ਅੱਛਰ ਸਿੰਘ ਛੀਨਾ), ਰਾਮ ਕਿਸ਼ਨ ਬੀ.ਏ. ਨੈਸ਼ਨਲ, ਬੂਝਾ ਸਿੰਘ, ਦਸੌਂਧਾ ਸਿੰਘ, ਭਗਤ ਰਾਮ ਤਲਵਾੜ) ਦੀ ਡਿਊਟੀ ਲੱਗੀ ਸੀ ਕਿ ਉਹ ਨੇਤਾ ਜੀ ਨੂੰ ਰੂਸ ਲਿਜਾਣਗੇ ਅਤੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਰੂਸ ਦੇ ਉਸ ਸਮੇਂ ਦੇ ਰਾਸ਼ਟਰਪਤੀ ਕਾਮਰੇਡ ਸਟਾਲਿਨ ਤੋਂ ਮਦਦ ਵਾਸਤੇ ਨੇਤਾ ਜੀ ਦੀ ਮੀਟਿੰਗ ਕਰਵਾਉਣਗੇ, ਉਨ੍ਹਾਂ ਵਿਚ ਬੂਝਾ ਸਿੰਘ ਵੀ ਇਕ ਸੀ।

ਸ਼ਹੀਦੀ ਯਾਦਗਾਰ ਨਾਲ ਲੇਖਕ 

15 ਅਗਸਤ 1947 ਨੂੰ ਕੂਕਿਆਂ, ਗ਼ਦਰੀਆਂ, ਕਿਰਤੀਆਂ, ਬੱਬਰਾਂ, ਭਗਤ ਸਿੰਘ ਤੇ ਸਾਥੀਆਂ, ਅਕਾਲੀਆਂ ਅਤੇ ਕ੍ਰਾਂਤੀਕਾਰੀਆਂ ਦੀਆਂ ਅਥਾਹ ਕੁਰਬਾਨੀਆਂ ਸਦਕਾ ਸਾਡਾ ਦੇਸ਼ ਆਜ਼ਾਦ ਹੋ ਗਿਆ। ਪਰ ਆਜ਼ਾਦੀ ਦੇ ਕੁਝ ਸਾਲਾਂ ਬਾਅਦ ਹੀ ਇਨ੍ਹਾਂ ਸਿਰਾਂ ਵਾਲੇ ਦੇਸ਼ ਭਗਤਾਂ ਨੂੰ ਸਮਝ ਆ ਗਈ ਕਿ ਭਾਰਤੀਆਂ ਨੂੰ ਅਧੂਰੀ ਆਜ਼ਾਦੀ ਮਿਲੀ ਹੈ। ਇਸੇ ਕਾਰਨ ਬਾਬਾ ਸੋਹਣ ਸਿੰਘ ਭਕਨਾ, ਤੇਜਾ ਸਿੰਘ ਸੁਤੰਤਰ, ਸ਼ਿਵ ਵਰਮਾ, ਬੂਝਾ ਸਿੰਘ... ਆਜ਼ਾਦੀ ਦੀ ਦੂਜੀ ਲੜਾਈ ਲਈ ਕਮਿਊਨਿਸਟ ਅੰਦੋਲਨਾਂ ਵਿਚ ਸਰਗਰਮ ਹੋ ਗਏ।  ਜਦੋਂ 1967 ਵਿਚ ਨਕਸਲਬਾੜੀ ਦਾ ਸੰਘਰਸ਼ 'ਜ਼ਮੀਨ ਹਲਵਾਹਕ ਦੀ', ਸਮਾਜਿਕ ਅਤੇ ਆਰਥਿਕ ਨਿਆਂ ਦੀ ਲੜਾਈ ਦੇ ਤੌਰ 'ਤੇ ਸ਼ੁਰੂ ਹੋਇਆ ਸੀ ਤਾਂ ਬੰਗਾਲ, ਬਿਹਾਰ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਤੋਂ ਬਾਅਦ ਪੰਜਾਬ ਵੀ ਨਕਸਲੀ ਸਰਗਰਮੀਆਂ ਵਜੋਂ ਉੱਭਰਿਆ ਸੀ¢ ਇਸ ਲਹਿਰ ਵਿਚ ਉਦੋਂ ਹੋਰ ਜਾਨ ਪੈ ਗਈ, ਜਦੋਂ ਬਾਬਾ ਬੂਝਾ ਸਿੰਘ ਵੀ ਇਸ ਵਿਚ ਆ ਸ਼ਾਮਲ ਹੋਏ। 

ਉਨ੍ਹਾਂ ਪੁਰਾਣੇ ਅਕਾਲੀਆਂ ਵਾਲੀ ਨੀਲੀ ਪੱਗ ਬੰਨ੍ਹ ਲਈ। ਜਲਦ ਹੀ ਪਾਰਟੀ ਵਿਚ ਭਾਈ ਜੀ ਵਜੋਂ ਮਸ਼ਹੂਰ ਹੋ ਗਏ। ਜਦੋਂ ਉਹ ਘਰੋਂ ਤੁਰਨ ਲੱਗੇ, ਉਨ੍ਹਾਂ ਦੇ ਭਰਾ ਯੋਗੇਸ਼ਰ ਵਿਚ ਨੇ ਰੋਕਿਆ, ''ਵੱਡੇ ਭਾਈ, ਹੁਣ ਤੂੰ ਬੁੱਢਾ ਹੋ ਗਿਐਂ। ਗੁਪਤਵਾਸ ਦੀਆਂ ਕਠਿਨਾਈਆਂ ਕਿਵੇਂ ਝੱਲੇਗਾ?''

''ਯੋਗੇਸ਼ਰ ਸਿਆਂ, ਇਨਕਲਾਬੀ ਕਦੇ ਬੁੱਢੇ ਨਹੀਂ ਹੁੰਦੇ।  ਮੈਂ ਇਸ ਉਮਰ ਵਿਚ ਵੀ ਮੌਕੇ ਦੀ ਜਾਬਰ ਸਰਕਾਰ ਨਾਲ ਟੱਕਰ ਲੈ ਸਕਦਾ ਹਾਂ।'' ਉਨ੍ਹਾਂ ਆਪਣਾ ਦਿ੍ੜ੍ਹ ਨਿਸ਼ਚਾ ਦੁਹਰਾਇਆ ਸੀ।

ਫੇਰ ਉਹ ਸਾਈਕਲ 'ਤੇ ਲੰਮੀਆਂ ਵਾਟਾਂ ਦਾ ਰਾਹੀ ਹੋ ਗਿਆ। ਬਾਬਾ ਜੀ ਗ਼ਦਰ ਪਾਰਟੀ, ਕਿਰਤੀ ਪਾਰਟੀ, ਮੁਜਾਰਾ ਲਹਿਰ ਅਤੇ ਕਮਿਊਨਿਸਟ ਪਾਰਟੀਆਂ ਦੇ ਮੋਹਤਬਰ ਆਗੂ ਰਹੇ ਸਨ। ਉਨ੍ਹਾਂ ਦੀ ਦੇਸ਼ ਦੀ ਆਜ਼ਾਦੀ, ਕਮਿਊਨਿਸਟ ਲਹਿਰ ਅਤੇ ਆਪਣੇ ਆਦਰਸ਼ਾਂ ਲਈ ਵਰ੍ਹਿਆਂ ਦੀ ਘਾਲਣਾ ਨੇ ਉਨ੍ਹਾਂ ਨੂੰ ਇਨਕਲਾਬ ਦੀ ਵੱਡੀ ਹਸਤੀ ਦਾ ਰੁਤਬਾ ਦਿੱਤਾ ਸੀ।  ਉਹ ਆਹਲਾ ਦਰਜੇ ਦੇ ਮਾਰਕਸਵਾਦੀ ਅਧਿਆਪਕ ਸਨ। ਬੱਕਰੀਆਂ ਚਾਰਨ ਵਾਲੇ ਤੋਂ ਲੈ ਕੇ ਯੂਨੀਵਰਸਿਟੀਆਂ ਤੱਕ ਦੇ ਵਿਦਵਾਨ ਉਨ੍ਹਾਂ ਕੋਲੋਂ ਤਾਲੀਮ ਲੈਂਦੇ ਰਹੇ ਸਨ। ਸੈਂਕੜੇ ਹੀ ਨੌਜਵਾਨ ਉਨ੍ਹਾਂ ਦੀ ਅਗਵਾਈ ਹੇਠ ਲੋਕਾਂ ਦੀ ਖ਼ਾਤਰ ਕੁਰਬਾਨੀਆਂ ਕਰਨ ਲਈ ਤਿਆਰ ਹੋ ਗਏ।  ਬਾਬਾ ਬੂਝਾ ਸਿੰਘ ਨੌਜਵਾਨਾਂ ਲਈ ਬਿੰਬ ਬਣ ਗਿਆ। ਸਾਰੀ ਜ਼ਿੰਦਗੀ ਬਰਤਾਨਵੀ ਸਾਮਰਾਜੀਆਂ ਅਤੇ ਦੇਸੀ ਹਾਕਮਾਂ ਵਿਰੁੱਧ ਸੰਘਰਸ਼ਾਂ 'ਚ ਅਤੇ ਜੋਖ਼ਮ ਝੱਲ ਕੇ ਕੱਟੀ ਸੀ। ਬਿਰਧ ਅਵਸਥਾ ਵਿਚ ਵੀ ਉਹ ਦੁਸ਼ਮਣ ਨਾਲ ਲੋਹਾ ਲੈਣ ਲਈ ਤਿਆਰ ਸਨ।  ਪੰਜਾਬ ਕਮੇਟੀ ਨੇ ਉਨ੍ਹਾਂ ਦੀ ਇਸ ਦਿੱਖ ਨੂੰ ਨੌਜਵਾਨਾਂ ਵਿਚ ਸੁੱਟਿਆ। ਜਿਹੜੇ ਨੌਜਵਾਨ ਉਨ੍ਹਾਂ ਦੇ ਨੇੜੇ ਆਏ, ਉਨ੍ਹਾਂ ਦੇ ਸੰਘਰਸ਼ਮਈ ਜੀਵਨ, ਆਪਾ-ਵਾਰੂ ਸੋਚ, ਕੰਮਕਾਰ ਕਰਨ ਦੇ ਢੰਗ, ਕੁਰਬਾਨੀ ਅਤੇ ਜਜ਼ਬੇ ਤੋਂ ਕਾਇਲ ਹੋਏ ਬਿਨਾਂ ਨਾ ਰਹੇ। ਇਸੇ ਕਾਰਨ ਵਿਦਿਆਰਥੀਆਂ ਦੇ ਘੋਲ ਤਿੱਖੇ ਹੋ ਗਏ। ਕਮੇਟੀ ਨੇ ਪੰਜਾਬ ਦੀਆਂ ਚਾਰ ਥਾਵਾਂ 'ਤੇ ਹਜ਼ਾਰਾਂ ਏਕੜ ਜ਼ਮੀਨਾਂ 'ਤੇ ਮਜ਼ਦੂਰਾਂ ਕਿਸਾਨਾਂ ਦੇ ਕਬਜ਼ੇ ਕਰਵਾਉਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਜ਼ਮੀਨੀ ਕਬਜ਼ਿਆਂ ਅਤੇ ਜਨਰਲ ਬਲਵੰਤ ਸਿੰਘ ਦੇ ਕਤਲ ਪਿੱਛੋਂ ਉਨ੍ਹਾਂ ਦੇ ਸਿਰ ਦਾ ਮੁੱਲ ਰੱਖ ਦਿੱਤਾ ਗਿਆ।

ਪਿੰਡ ਨਾਈਮਾਜਰਾ ਦਾ ਉਹ ਪੁਲ ਜਿੱਥੇ ਪੁਲਿਸ ਨੇ ਬਾਬਾ ਜੀ ਦਾ ਮੁਕਾਬਲਾ ਬਣਾਇਆ ਦਿਖਾਇਆ 

ਸਰਕਾਰ ਲਈ ਇਹ ਲਹਿਰ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਖ਼ਤਰਾ ਵੀ ਸੀ ਤੇ ਰਾਜ ਪ੍ਰਬੰਧ ਲਈ ਚੁਣੌਤੀ ਵੀ।
ਇਹ ਲਹਿਰ ਸਰਕਾਰ ਵੱਲੋਂ ਗ਼ੈਰ-ਕਾਨੂੰਨੀ ਕਰਾਰ ਦੇ ਦਿੱਤੀ ਗਈ। ਇਨਕਲਾਬ ਪਸੰਦਾਂ ਦੀ ਮਾਂ ਬਾਬਾ ਬੂਝਾ ਸਿੰਘ ਨੂੰ ਫੜਨ ਜਾਂ ਮਾਰਨ ਲਈ ਸਪੈਸ਼ਲ ਪੁਲੀਸ ਅਪਰੇਸ਼ਨ ਚਲਾਇਆ ਗਿਆ। ਡੀ.ਐਸ.ਪੀ. ਸਾਧੂ ਸਿੰਘ ਨੂੰ ਫਿਲੌਰ ਅਤੇ ਨਵਾਂਸ਼ਹਿਰ ਤਹਿਸੀਲਾਂ ਦਾ ਇਲਾਕਾ ਦਿੱਤਾ ਗਿਆ। ਮੰਜਕੀ ਅਤੇ ਨਕੋਦਰ ਵਿਚ ਤਾਇਨਾਤ ਕੀਤੇ ਡੀ.ਐਸ.ਪੀ. ਓਮਰਾਓ ਸਿੰਘ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦਰਬਾਰਾ ਸਿੰਘ ਦੇ ਚਾਚਾ ਮੇਹਰ ਚੰਦ (ਜੰਡਿਆਲਾ) ਕੋਲੋਂ ਬਾਬੇ ਦੀ ਗਿ੍ਫ਼ਤਾਰੀ ਲਈ ਮਦਦ ਮੰਗੀ। ਮੇਹਰ ਚੰਦ ਨੇ ਉਸ ਨੂੰ ਤਾੜਨਾ ਕੀਤੀ ਕਿ ਉਹ ਜੰਡਿਆਲੇ ਵਿਚ ਉਸ ਨੂੰ ਹੱਥ ਨਾ ਪਾ ਬੈਠੇ, ਜੰਡਿਆਲੇ ਦੇ ਲੋਕ ਪੈ ਜਾਣਗੇ। ਇਹੋ ਹਾਲ ਸਰੀਂਹ, ਸ਼ੰਕਰ, ਸਮਰਾਏ, ਬੁੰਡਾਲਾ, ਰੁੜਕਾ, ਚੀਮਾ, ਬੜਾ ਪਿੰਡ, ਧੁਲੇਤਾ ਤੇ ਦੁਸਾਂਝ ਕਲਾਂ ਵਾਲੇ ਕਰਨਗੇ। 
ਬਾਬਾ ਜੀ ਦੀ ਬੇਟੀ ਨਸੀਬ ਕੌਰ 
ਬਾਬਾ ਜੀ ਨੂੰ ਕਤਲ ਕਰਨ ਦੀ ਯੋਜਨਾ ਮੇਹਰ ਚੰਦ ਨੇ ਬਾਬੇ ਦੀ ਧੀ ਨਸੀਬ ਕੌਰ (ਜੋ ਜੰਡਿਆਲਾ ਵਿਆਹੀ ਹੋਈ ਸੀ) ਨੂੰ ਦੱਸ ਦਿੱਤੀ। ਇਹ ਗੱਲ ਬੀਬੀ ਨੇ ਪਾਰਟੀ ਦੇ ਆਗੂਆਂ ਤੱਕ ਪਹੁੰਚਾ ਦਿੱਤੀ। ਉਨ੍ਹਾਂ ਨੇ ਸਲਾਹ ਮਸ਼ਵਰੇ ਤੋਂ ਬਾਅਦ ਬਾਬਾ ਜੀ ਨੂੰ ਇਲਾਕਾ ਛੱਡਣ ਦੀ ਸਲਾਹ ਦੇ ਦਿੱਤੀ, ਪਰ ਬਾਬਾ ਬੂਝਾ ਸਿੰਘ ਨੇ ਇਲਾਕਾ ਛੱਡਣ ਤੋਂ ਕੋਰੀ ਨਾਂਹ ਕਰ ਦਿੱਤੀ: ''ਮਰਨ ਤੋਂ ਡਰ ਕੇ ਇਨਕਲਾਬ ਦੀ ਲੜਾਈ ਪਿੱਛੇ ਨਹੀਂ ਪੈਣ ਦੇਣੀ। ਲਹਿਰ ਨੇ ਮੇਰੇ ਅਰਗਿਆਂ ਦੇ ਮਰਿਆਂ 'ਤੇ ਹੀ ਜਿੱਤ ਵੱਲ ਵਧਣੈ। ਮੈਂ ਲਹਿਰ ਲਈ ਨੌਜਵਾਨ ਮੁੰਡੇ ਤਿਆਰ ਕੀਤੇ। ਪੁਲੀਸ ਨੇ ਉਹ ਮਾਰ ਦਿੱਤੇ, ਖਪਾ ਦਿੱਤੇ।  ਹੁਣ ਮੇਰੀ ਵਾਰੀ ਆਈ। ਛੁਪ ਜਾਵਾਂ? ਅਜਿਹਾ ਕਰਨਾ ਬੁਜ਼ਦਿਲੀ ਐ ਅਤੇ ਉਨ੍ਹਾਂ ਗੱਭਰੂਆਂ ਨਾਲ ਧੋਖਾ।'' ਪਾਰਟੀ ਆਗੂਆਂ ਨੇ ਲੀਡਰਿਸ਼ਪ ਦਾ ਵਾਸਤਾ ਪਾਇਆ। ਉਨ੍ਹਾਂ ਦੀ ਉਮਰ ਯਾਦ ਕਰਵਾਈ। ਪਾਰਟੀ ਨੂੰ ਸੰਗਠਿਤ ਕਰਨ, ਇਨਕਲਾਬ ਦੀ ਸਫ਼ਲਤਾ ਅਤੇ ਪੁਲੀਸ ਜਬਰ ਦੀ ਯਾਦ ਦਿਵਾਈ, ਪਰ ਬਾਬਾ ਜੀ ਨਾ ਮੰਨੇ। 

''ਦੇਖੋ, ਪਾਰਟੀ ਨੇ ਦੇਸ਼ ਵਿਚ ਇਨਕਲਾਬ ਕਰਨ ਲਈ 1975 ਤੱਕ ਦਾ ਸਮਾਂ ਨਿਸ਼ਚਿਤ ਕੀਤਾ ਹੋਇਆ ਹੈ। ਸਾਨੂੰ ਉਹਦੀ ਸਫ਼ਲਤਾ ਲਈ ਅੱਗੇ ਵਧਣਾ ਚਾਹੀਦਾ ਹੈ। ਨਾਲੇ ਜਦੋਂ ਜੰਗ ਸ਼ੁਰੂ ਹੀ ਕਰ ਚੁੱਕੇ ਆਂ, ਫੇਰ ਪੁਲੀਸ ਵੱਲੋਂ ਫੜੇ ਜਾਣ ਤੋਂ ਬਚਣ ਲਈ ਬਾਹਰ ਕਿਉਂ ਜਾਇਆ ਜਾਵੇ।''

ਬਾਬਾ ਬੂਝਾ ਸਿੰਘ ਪਾਰਟੀ ਦੀ ਲਾਈਨ ਲਾਗੂ ਕਰਨ ਅਤੇ ਰਾਜਨੀਤਕ ਤਬਦੀਲੀ ਲਈ ਦਿਨ ਰਾਤ ਕੰਮ ਕਰਨ ਲੱਗੇ। ਉਨ੍ਹਾਂ  ਸਰਕਾਰ ਵੱਲੋਂ ਕਤਲ ਕੀਤੇ ਜਾਣ ਦਾ ਸੁਣ ਕੇ ਪਾਰਟੀ ਸਰਗਰਮੀਆਂ ਹੋਰ ਤੇਜ਼ ਕਰ ਦਿੱਤੀਆਂ। ਉਨ੍ਹਾਂ ਆਪ ਇਸ ਲਹਿਰ ਦੌਰਾਨ ਕੋਈ ਕਤਲ ਨਹੀਂ ਕੀਤਾ। ਇਨਕਲਾਬ ਲਈ ਮਰ ਮਿਟਣ ਵਾਲੇ ਨੌਜਵਾਨ ਤਿਆਰ ਕਰਦੇ ਸਨ। ਨੌਜਵਾਨਾਂ ਦੀ ਨਵੀਂ ਭਰਤੀ ਕਰਨ ਅਤੇ ਉਨ੍ਹਾਂ ਦੇ ਵਿਚਾਰਾਂ ਵਿਚ ਪਰਪੱਕਤਾ ਲਿਆਉਣ ਲਈ ਪੜ੍ਹਨ ਪੜ੍ਹਾਉਣ ਦੇ ਕੰਮ ਵਿਚ ਤੇਜ਼ੀ ਲੈ ਆਂਦੀ। ਇਸੇ ਤਰ੍ਹਾਂ ਦੀ ਇਕ ਮੀਟਿੰਗ 27 ਜੁਲਾਈ 1970 ਦੀ ਰਾਤ ਨੂੰ ਫਿਲੌਰ ਨੇੜੇ ਪਿੰਡ ਹਰੀਪੁਰ ਰੱਖੀ ਹੋਈ ਸੀ। 

ਬਾਬਾ ਬੂਝਾ ਸਿੰਘ ਦੀ ਨਜ਼ਰ ਬਹੁਤ ਕਮਜ਼ੋਰ ਸੀ। ਉਨ੍ਹਾਂ ਨੂੰ ਸਹਾਰਾ ਦੇਣ, ਸਾਂਭ-ਸੰਭਾਲ ਅਤੇ ਰੱਖਿਆ ਲਈ ਸਰਬਜੀਤ ਸਿੰਘ ਦੁਸਾਂਝ ਦੀ ਡਿਊਟੀ ਹੁੰਦੀ ਸੀ। ਉਹ ਦੋਵੇਂ ਹਰੀਪੁਰ ਵਾਲੀ ਮੀਟਿੰਗ ਵਿਚ ਹਿੱਸਾ ਲੈਣ ਲਈ ਨਗਰ ਪੁੱਜੇ। ਨਗਰ ਵਿਖੇ ਬਾਬਾ ਜੀ ਦੀ ਪਤਨੀ ਧੰਤੀ ਦੀ ਭਾਣਜੀ ਮਲਕੀਤ ਕੌਰ (ਪਤਨੀ ਅਜੀਤ ਸਿੰਘ) ਵਿਆਹੀ ਹੋਈ ਸੀ। ਉਸ ਦਿਨ ਬਾਬਾ ਜੀ ਨੂੰ ਮਰੋੜ ਲੱਗੇ ਹੋਏ ਸਨ। ਵਡੇਰੀ ਉਮਰ ਕਾਰਨ ਸਰੀਰ ਬਹੁਤ ਕਮਜ਼ੋਰ ਸੀ। 

ਬਾਬਾ ਜੀ ਦਾ ਬੇਟਾ ਹਰਦਾਸ ਸਿੰਘ 
ਉਹ ਆਰਾਮ ਕਰਨ ਲਈ ਭਾਣਜੀ ਦੇ ਘਰ ਰੁਕ ਗਏ। ਸਰਬਜੀਤ ਦੁਸਾਂਝ ਹਰੀਪੁਰ ਮੀਟਿੰਗ ਦੇ ਪ੍ਰਬੰਧ ਦਾ ਜਾਇਜ਼ਾ ਲੈਣ ਚਲਾ ਗਿਆ। ਬਾਬਾ ਜੀ ਨੇ ਉਸ ਘਰ ਵਿਚ ਹੀ ਦੁਪਹਿਰਾ ਕੱਟਿਆ। ਉਧਰ ਪੁਲੀਸ ਨੂੰ ਬਾਬਾ ਜੀ ਦੇ ਨਗਰ ਠਹਿਰਨ ਦੀ ਸੂਹ ਮਿਲ ਚੁੱਕੀ ਸੀ। ਪੁਲੀਸ ਵਾਲੇ ਤੁਰੰਤ ਕਾਰਵਾਈ ਕਰਦਿਆਂ, ਪਿੰਡ ਦੇ ਬਾਹਰ ਗੁਪਤ ਜਗ੍ਹਾ 'ਤੇ ਬੈਠ ਗਏ।

ਬਾਬਾ ਬੂਝਾ ਸਿੰਘ ਚਾਰ ਕੁ ਵਜੇ ਫਾਈਲ ਚੁੱਕ ਕੇ ਮੀਟਿੰਗ ਵਾਲੀ ਜਗ੍ਹਾ ਵੱਲ ਨੂੰ ਚੱਲ ਪਏ। ਉਹ ਨਗਰ ਤੋਂ ਰਸੂਲਪੁਰ ਦੀ ਕੱਚੀ ਫਿਰਨੀ ਪੈ ਗਏ। ਉਹ ਸਕੂਲ ਦੀ ਚਾਰਦੀਵਾਰੀ ਨਾਲ ਜਾ ਰਹੇ ਸਨ। ਪਿੱਛੋਂ ਪੁਲੀਸ ਦੀ ਜੀਪ ਆਈ। ਜੀਪ ਡਰਾਈਵਰ ਨੇ ਬਰਾਬਰ ਆ ਕੇ ਟੱਕਰ ਮਾਰੀ। ਉਹ ਸਾਈਕਲ ਸਮੇਤ ਧਰਤੀ 'ਤੇ ਡਿੱਗ ਪਏ। ਪੁਲੀਸ ਵਾਲਿਆਂ ਨੇ ਧਰਤੀ 'ਤੇ ਡਿੱਗੇ ਬੂਝਾ ਸਿੰਘ ਨੂੰ ਝਟਪਟ ਦਬੋਚ ਲਿਆ। ਉਨ੍ਹਾਂ ਨੇ ਪੁਲੀਸ ਦੇ ਕਾਬੂ ਆਇਆਂ ਦੇਖ 'ਇਨਕਲਾਬ ਜ਼ਿੰਦਾਬਾਦ' ਅਤੇ 'ਨਕਸਲਬਾੜੀ ਜ਼ਿੰਦਾਬਾਦ' ਦੇ ਨਾਅਰੇ ਲਾਏ। ਪੁਲੀਸ ਨੇ ਰਾਹਗੀਰਾਂ ਨੂੰ ਸੁਣਾ ਕੇ ਕਿਹਾ ਕਿ ਉਹ ਚੱਕ ਮਾਈਦਾਸ ਵਾਲਾ ਕਾਮਰੇਡ ਬੂਝਾ ਸਿੰਘ ਹੈ। ਪੁਲੀਸ ਵਾਲਿਆਂ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਹੀ ਗਲ ਦੇ ਪਰਨੇ ਅਤੇ ਨੀਲੀ ਪੱਗ ਨਾਲ ਬੰਨ੍ਹ ਲਿਆ। ਸਾਈਕਲ, ਕਿਤਾਬਾਂ ਅਤੇ ਝੋਲੇ ਸਮੇਤ ਚੁੱਕ ਕੇ ਜੀਪ ਵਿਚ ਸੁੱਟ ਲਿਆ। ਉਨ੍ਹਾਂ ਕੋਲ ਕੋਈ ਹਥਿਆਰ ਨਹੀਂ ਸੀ। ਇਸ ਕਾਰਵਾਈ ਨੂੰ ਅੱਖੀਂ ਦੇਖਣ ਵਾਲਿਆਂ ਨੂੰ ਪੁਲੀਸ ਅਧਿਕਾਰੀ ਡਰਾ-ਧਮਕਾ ਕੇ ਫਰਾਰ ਹੋ ਗਏ। ਇਹ ਕਾਰਵਾਈ ਦੋ ਜਾਂ ਤਿੰਨ ਮਿੰਟ ਵਿਚ ਹੀ ਹੋ ਗਈ।

ਬਾਬਾ ਬੂਝਾ ਸਿੰਘ ਦੀ ਸ਼ਹਾਦਤ ਬਾਰੇ ਬਾਬਾ ਭਗਤ ਸਿੰਘ ਬਿਲਗਾ ਲਿਖਦੇ ਹਨ:

''ਪੁਲੀਸ ਦੀ ਇਹ ਜੀਪ ਅੱਪਰੇ ਵੱਲ ਦੀ ਹੁੰਦੀ ਹੋਈ ਫਿਲੌਰ ਦੇ ਡਾਕ ਬੰਗਲੇ ਗਈ, ਜਿੱਥੇ ਡਿਪਟੀ ਸੁਪਰਡੈਂਟ ਸਾਧੂ ਸਿੰਘ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ। ਮੌਕੇ 'ਤੇ ਹਾਜ਼ਰ ਪੁਲਸੀਆਂ ਨੇ ਦੱਸਿਆ ਕਿ ਸੁਪਰਡੈਂਟ ਨੇ ਕਿਹਾ: ਬੂਝਾ ਸਿੰਘ ਦੱਸ ਹੁਣ ਤੇਰੇ ਨਾਲ ਕੀ ਸਲੂਕ ਕੀਤਾ ਜਾਵੇ? ਬੂਝਾ ਸਿੰਘ ਨੇ ਕਿਹਾ: ਜੇ ਤੂੰ ਸਿਪਾਹੀ ਤੋਂ ਤਰੱਕੀ ਕਰਕੇ ਸੁਪਰਡੈਂਟ ਬਣਿਆ ਹੈਂ ਤਾਂ ਤੂੰ ਕਿਸੇ ਗ਼ਰੀਬ ਕਿਸਾਨ ਦਾ ਪੁੱਤ ਹੋਣਾ ਹੈ। ਮੈਨੂੰ ਛੱਡ ਦੇ ਤਾਂ ਕਿ ਗਰੀਬ ਕਿਸਾਨਾਂ ਦੀ ਹੋਰ ਸੇਵਾ ਕਰ ਸਕਾਂ। ਅਗਰ ਤੂੰ ਲੈਂਡਲਾਰਡ ਉੱਚ ਘਰਾਣੇ 'ਚੋਂ ਹੈ ਤਾਂ ਮੈਨੂੰ ਗੋਲੀ ਮਾਰ ਕੇ ਮਾਰ ਦੇ। ਮੈਂ ਤੁਹਾਡਾ ਦੁਮਸ਼ਣ ਹਾਂ।''

ਪਰਿਵਾਰਿਕ ਫੋਟੋ 
ਇੱਥੋਂ ਬੂਝਾ ਸਿੰਘ ਨੂੰ ਪੁਲੀਸ ਨੇ ਬੰਗਿਆਂ ਵਾਲੇ ਤਸੀਹਾ ਕੇਂਦਰ ਵਿਚ ਲਿਆਂਦਾ। ਚੱਕ ਮਾਈਦਾਸ ਦਾ ਨੰਬਰਦਾਰ ਗੁਰਦਾਸ ਰਾਮ ਸ਼ਨਾਖ਼ਤ ਲਈ ਆਇਆ ਤਾਂ ਬੂਝਾ ਸਿੰਘ ਨੇ ਹੱਸ ਕੇ ਕਿਹਾ, ''ਤੂੰ ਆ ਗਿਐਂ ਸ਼ਨਾਖ਼ਤ ਕਰਨ।'' ਰਾਤ ਦੇ ਸਮੇਂ ਪਹਿਲਾਂ ਦੋਵੇਂ ਸਬ ਇੰਸਪੈਕਟਰਾਂ ਨੇ ਗੋਲੀਆਂ ਮਾਰੀਆਂ ਅਤੇ ਬਾਅਦ ਵਿਚ ਸਾਧੂ ਸਿੰਘ ਡੀ.ਐੱਸ.ਪੀ. ਨੇ ਵੀ ਦੋ ਫਾਇਰ ਕੀਤੇ। ਇਉਂ ਬੂਝਾ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ। ਵਿਉਂਤ ਬਣਾਈ ਗਈ ਲਾਸ਼ ਨੂੰ ਚੁੱਕ ਕੇ ਨਾਈਮਜਾਰੇ ਦੇ ਵੀਰਾਨ ਪੁਲ 'ਤੇ ਲਿਆਂਦਾ ਗਿਆ। ਆਸਮਾਨ ਵੱਲ ਰੌਸ਼ਨੀ ਕਰਨ ਵਾਲੇ ਫਾਇਰ ਕੀਤੇ ਗਏ। 

*ਲੇਖਕ ਅਜਮੇਰ ਸਿੱਧੂ 

ਇਸ ਤਰ੍ਹਾਂ ਇਸ ਝੂਠੇ ਪੁਲੀਸ ਮੁਕਾਬਲੇ ਦੀ ਕਹਾਣੀ ਘੜ ਕੇ ਪ੍ਰੈਸ ਨੂੰ ਦਿੱਤੀ ਗਈ।  ਲੋਕਾਂ ਨੇ ਇਸ ਝੂਠੀ ਕਹਾਣੀ ਨੂੰ ਕਦੇ ਕਬੂਲ ਨਾ ਕੀਤਾ ਸਗੋਂ ਲੋਕ ਜਲਸਿਆਂ-ਜਲੂਸਾਂ ਦੁਆਰਾ ਮੰਗ ਕਰਨ ਲੱਗੇ ਕਿ ਦੋਸ਼ੀ ਪੁਲੀਸ ਅਫ਼ਸਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ 'ਤੇ ਕਤਲ ਦਾ ਮੁਕੱਦਮਾ ਚਲਾਇਆ ਜਾਵੇ।

ਇਸ ਸ਼ਹਾਦਤ ਪਿੱਛੋਂ ਤਾਂ ਇਹ ਮਰਜੀਵੜਾ ਪੰਜਾਬ ਦੀ ਇਨਕਲਾਬੀ ਲਹਿਰ ਅੰਦਰ ਹੋਰ ਉੱਚਾ ਰੁਤਬਾ ਹਾਸਲ ਕਰ ਗਿਆ।  ਉਨ੍ਹਾਂ ਦਾ ਇਹ ਸਥਾਨ ਉਨ੍ਹਾਂ ਦੀ ਲਗਨ, ਇਮਾਨਦਾਰੀ ਅਤੇ ਕੁਰਬਾਨੀ ਸਦਕਾ ਬਣਿਆ ਹੈ। ਉਨ੍ਹਾਂ ਦਿਨਾਂ ਵਿਚ ਨੌਜਵਾਨਾਂ, ਬੁੱਧੀਜੀਵੀਆਂ, ਦੇਸ਼ ਭਗਤਾਂ ਅਤੇ ਵਕੀਲਾਂ ਵਿਚ ਇਸ ਕਤਲ ਕਾਰਨ ਬਹੁਤ ਰੋਹ ਸੀ। ਪਾਸ਼ ਵੱਲੋਂ ਸਟੇਜਾਂ 'ਤੇ ਸੁਣਾਈ ਜਾਂਦੀ ਕਵਿਤਾ ਦੀਆਂ ਚਾਰ ਸਤਰਾਂ ਤੋਂ ਲੋਕਾਂ ਦੇ ਰੋਹ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ:

ਅਸਾਂ ਬਦਲਾ ਲੈਣਾ ਏ, ਉਸ ਬੁੱਢੜੇ ਬਾਬਾ ਦਾ!

ਜਿਨ੍ਹਾਂ ਫੜ ਕੇ ਮਾਰ ਦਿੱਤਾ, ਸਾਡਾ ਮਾਣ ਦੁਆਬੇ ਦਾ!

ਪਾਸ਼ ਦੀਆਂ ਇਹ ਤੁਕਾਂ ਬਹੁਤ ਪ੍ਰਸਿੱਧ ਹੋਈਆਂ ਸਨ ਅਤੇ ਹੁਣ ਤੱਕ ਲੋਕਾਂ ਦੀ ਜ਼ੁਬਾਨ ਤੇ ਹਨ। 

*ਲੇਖਕ ਅਜਮੇਰ ਸਿੱਧੂ ਨੇ ਸ਼ਹੀਦ ਬਾਬਾ ਬੂਝਾ ਸਿੰਘ ਜੀ ਦੀ ਜੀਵਨੀ 'ਬਾਬਾ ਬੂਝਾ ਸਿੰਘ - ਗ਼ਦਰ ਤੋਂ ਨਕਸਲਬਾੜੀ ਤੱਕ' ਨਾਮ ਦੀ ਕਿਤਾਬ ਵੀ ਲਿਖੀ ਹੈ ਜਿਹੜੀ 'Baba Bujha Singh an Untold Story’ ਦੇ ਨਾਂ ਹੇਠ ਅੰਗਰੇਜ਼ੀ ਵਿਚ ਅਨੁਵਾਦ ਹੋਈ ਹੈ। 

*ਇਸ ਲਿਖਤ ਦੇ ਲੇਖਕ ਅਜਮੇਰ ਸਿੱਧੂ ਵਰ੍ਹਿਆਂ ਤੋਂ ਇਸ ਪਾਸੇ ਖੋਜ ਕਾਰਜਾਂ ਵਿੱਚ ਲੱਗੇ ਹੋਏ ਹਨ। ਲਹਿਰ ਲਈ ਉਹ ਬਹੁਤ ਕੁਝ ਅਜਿਹਾ ਕਰ ਰਹੇ ਹਨ। ਸਾਹਿਤ ਸਾਧਨਾ ਦੇ ਨਾਲ ਨਾਲ ਇਤਿਹਾਸ ਦੇ ਖੇਤਰ ਵਿੱਚ ਉਹਨਾਂ ਦੀ ਇਹ ਦੇਣ ਬਹੁਤ ਖਾਸ ਅਰਥ ਰੱਖਦੀ ਹੈ। ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ ਹਨ ਜਿਹਨਾਂ ਬਾਰੇ ਜਲਦੀ ਹੀ ਕਿਸੇ ਵੱਖਰੀ ਪੋਸਟ ਵਿੱਚ ਚਰਚਾ ਕੀਤੀ ਜਾਏਗੀ।  

ਏਥੇ ਕਲਿੱਕ ਕਰਕੇ ਅਜਮੇਰ ਸਿੱਧੂ ਹੁਰਾਂ ਦਾ ਵੈਬਲੋਗ ਦੇਖਿਆ ਜਾ ਸਕਦਾ ਹੈ।