Wednesday, September 28, 2022

ਲਿਬਰੇਸ਼ਨ ਨੇ ਕਰਵਾਇਆ ਬੀਜੇਪੀ//ਸੰਘ ਅਤੇ ਆਪ ਦੇ ਖਿਲਾਫ ਪ੍ਰਣ

Wednesday 28th September 2022 at 04:02 PM

ਝੁਨੀਰ ਵਿੱਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਵਿਸ਼ੇਸ਼ ਆਯੋਜਨ

ਸਰਕਾਰ ਤੋਂ ਮੀਹਾਂ ਕਾਰਨ ਹੋਏ ਮਕਾਨਾਂ ਤੇ ਫਸਲਾਂ ਦਾ ਤੁਰੰਤ ਮੁਆਵਜ਼ਾ ਦੇਣ ਦੀ ਕੀਤੀ ਮੰਗ


ਝੁਨੀਰ: 28 ਸਤੰਬਰ 2022: (ਨਕਸਲਬਾੜੀ ਬਿਊਰੋ):: 28th September 2022 at 04:02 PM

ਆਓ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਇਹ ਪ੍ਰਣ ਕਰੀਏ ਕਿ ਅਸੀਂ ਨਾ ਤਾਂ ਸੰਘ-ਬੀਜੇਪੀ ਦੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਕੇ ਧਰਮ ਤੇ ਜਾਤ ਦੇ ਅਧਾਰ 'ਤੇ ਆਪੋ ਵਿਚ ਲੜਾਂਗੇ ਅਤੇ ਨਾ ਹੀ ਭਗਵੰਤ ਮਾਨ ਦੀ ਬਸੰਤੀ ਰੰਗ ਦੀ ਪੱਗ ਨੂੰ ਅੱਗੋਂ ਭਗਤ ਸਿੰਘ ਦਾ ਚਿੰਨ ਸਮਝ ਕੇ 'ਆਪ' ਦੇ ਨਕਲੀ ਇਨਕਲਾਬ ਦੇ ਧੋਖੇ ਵਿਚ ਫਸਾਂਗੇ। ਬਲਕਿ ਲੋਕਤੰਤਰ, ਧਰਮਨਿਰਪੱਖਤਾ ਤੇ ਫੈਡਰਲਿਜ਼ਮ ਦੀ ਰਾਖੀ ਲਈ ਸਾਰੀਆਂ ਤਾਕਤਾਂ ਨੂੰ ਇਕਜੁੱਟ ਕਰਨ ਲਈ ਪੂਰੀ ਤਾਕਤ ਝੋਕ ਦੇਵਾਂਗੇ-ਇਹ ਪ੍ਰਣ ਅੱਜ ਇਥੇ ਸੀਪੀਆਈ (ਐਮ ਐਲ) ਲਿਬਰੇਸ਼ਨ ਵਲੋਂ  ਸ਼ਹੀਦ ਭਗਤ ਸਿੰਘ ਦੇ 115ਵੇਂ ਜਨਮ ਦਿਨ ਮੌਕੇ ਮਜ਼ਦੂਰ ਧਰਮਸ਼ਾਲਾ ਝੁਨੀਰ ਵਿਖੇ ਕੀਤੀ ਗਈ ਕਨਵੈਨਸ਼ਨ ਵਿਚ ਜੁੜੇ ਸੈਂਕੜੇ ਮਜ਼ਦੂਰਾਂ ਕਿਸਾਨਾਂ ਵਲੋਂ ਲਿਆ ਗਿਆ।

ਸੀਪੀਆਈ (ਐਮ ਐਲ) ਲਿਬਰੇਸ਼ਨ ਵਲੋਂ ਕੀਤੀ ਗਈ ਇਸ ਬਲਾਕ ਪੱਧਰੀ ਕਨਵੈਨਸ਼ਨ ਨੂੰ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਸੁਖਦਰਸ਼ਨ ਸਿੰਘ ਨੱਤ, ਜ਼ਿਲਾ ਸਕੱਤਰ ਗੁਰਮੀਤ ਸਿੰਘ ਸਰਪੰਚ ਨੰਦਗੜ੍ਹ, ਤਹਿਸੀਲ ਆਗੂ ਦਰਸ਼ਨ ਸਿੰਘ ਦਾਨੇਵਾਲਾ, ਹਰਮੇਸ਼ ਸਿੰਘ ਭੰਮੇ, ਬੂਟਾ ਸਿੰਘ ਦੂਲੋਵਾਲ, ਨਿਰੰਜਨ ਸਿੰਘ ਮਾਖਾ, ਕਮਲਜੀਤ ਕੌਰ ਝੁਨੀਰ, ਬਿੰਦਰ ਕੌਰ ਉੱਡਤ ਤੇ ਬਜੁਰਗ ਆਗੂ ਰਣਜੀਤ ਸਿੰਘ ਝੁਨੀਰ ਨੇ ਸੰਬੋਧਨ ਕੀਤਾ।ਜਥੇਬੰਦ ਕੀਤੇ ਸਮਾਗਮ ਦੇ ਕੁਝ ਦ੍ਰਿਸ਼। ਕਨਵੈਨਸ਼ਨ ਦੀ ਸਮਾਪਤੀ 'ਤੇ ਕਸਬੇ ਵਿਚ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਸਹਿਤ ਨਾਹਰੇ ਮਾਰਦੇ ਹੋਏ ਪ੍ਰਭਾਵਸ਼ਾਲੀ  ਇਨਕਲਾਬੀ ਮਾਰਚ ਵੀ ਕੀਤਾ ਗਿਆ, ਜੋ ਬੱਸ ਸਟੈਂਡ 'ਤੇ ਪਹੁੰਚ ਕੇ ਸਮਾਪਤ ਹੋਇਆ। ਪਾਰਟੀ ਆਗੂਆਂ ਵਲੋਂ ਬੀਡੀਪੀਓ ਝੁਨੀਰ ਰਾਹੀਂ ਪੰਜਾਬ ਸਰਕਾਰ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ, ਜਿਸ ਵਿਚ ਭਾਰੀ ਮੀਂਹ ਕਾਰਨ ਡਿੱਗੇ ਤੇ ਨੁਕਸਾਨੇ ਮਕਾਨਾਂ ਵਾਲੇ ਮਜ਼ਦੂਰਾਂ ਕਿਸਾਨਾਂ ਨੂੰ ਫੌਰੀ ਰਾਹਤ ਤੇ ਮੁਆਵਜ਼ਾ ਦੇਣ , ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਤੇ ਮਨਰੇਗਾ ਤਹਿਤ 300 ਦਿਨ ਕੰਮ ਤੇ 700 ਰੁਪਏ ਦਿਹਾੜੀ ਦੇਣ ਦੀ ਮੰਗ ਕੀਤੀ ਗਈ ਹੈ।

ਇਸ ਆਯੋਜਨ ਦੀ ਜਾਣਕਾਰੀ ਗੁਰਮੀਤ ਸਿੰਘ ਨੰਦਗੜ੍ਹ (ਜ਼ਿਲਾ ਸਕੱਤਰ) ਸਕੱਤਰ ਨੇ ਦਿੱਤੀ।