Sunday, May 31, 2020

ਭਗਵੀ ਲਕੀਰ ਦੇ ਲਾਲ ਫਕੀਰ//ਨਾਜ਼ਰ ਸਿੰਘ ਬੋਪਾਰਾਏ ਬੋਪਾਰਾਏ

Saturday: 30th  May 2020 at 06:51 AM 
''ਕਿਛੁ ਸੁਣਿਐ, ਕਿਛੁ ਕਹੀਐ'' ਵਾਲੀ ਭਾਵਨਾ ਦੀ ਕਦਰ ਕਰਨੀ ਹੀ ਪਵੇਗੀ 
ਸੋਸ਼ਲ ਮੀਡੀਆ: 30 ਮਈ 2020: (ਫੇਸਬੁੱਕ//ਪੰਜਾਬੀ ਡੈਸਕ):: 
ਜਿਹੜਾ ਵੀ ਬੰਦਾ ਫੇਸਬੁੱਕ ਆਦਿ ਵਰਗੇ ਸੋਸ਼ਲ ਮੀਡੀਆ ਦੇ ਮਾਧਿਅਮਾਂ ਨੂੰ ਵਰਤਦਾ ਹੈ। ਉਸ ਲਈ ਇਹ ਜ਼ਰੂਰੀ ਬਣਦਾ ਹੈ ਕਿ ਜੇਕਰ ਉਹ ਆਪਣੀ ਗੱਲ ਪਬਲਿਕ ਸਾਹਮਣੇ ਰੱਖਣੀ ਚਾਹੁੰਦਾ ਹੈ ਤਾਂ ਉਸ ਨੂੰ ਇਹ ਵੀ ਚਾਹੀਦਾ ਹੈ ਕਿ ਉਹ ਜਨਤਾ ਦੀ ਸੁਣੇ ਵੀ। ਅਜਿਹਾ ਵਰਤਾਰਾ ਨਹੀਂ ਹੋਣਾ ਚਾਹੀਦਾ ਕਿ ਕਿਸੇ ਨੇ ਆਪਣੀ ਗੱਲ ਤਾਂ ਜਨਤਾ ਨੂੰ ਸੁਣਾਉਣੀ ਹੈ ਪਰ ਕਿਸੇ ਦੀ ਸੁਣਨੀ ਨਹੀਂ। ਇਹ ਲੋਕਾਂ ਨਾਲ ਇਨਸਾਫ ਨਹੀਂ ਬਣਦਾ। ਇਹ ਜਮਹੂਰੀ ਪਰਕਿਰਿਆ ਨਹੀਂ ਹੈ। ਜੇਕਰ ਕਿਸੇ ਨੇ ਜਨਤਕ ਥੜਾ ਵਰਤਣਾ ਹੈ ਤਾਂ ਹੋਰਨਾਂ ਦੀ ਗੱਲ ਸੁਣਨੀ ਪਵੇਗੀ ਹੀ। ਸੁਣਨੀ ਚਾਹੀਦੀ ਦੀ ਵੀ ਹੈ। ਕੋਈ ਇਹ ਨਹੀਂ ਕਹਿ ਸਕਦਾ ਕਿ ''ਮੈਂ ਫੇਸਬੁੱਕ ਉੱਤੇ ਚੱਲ ਰਹੀ ਬਹਿਸ ਵਿੱਚ ਕਈ ਹਿੱਸਾ ਨਹੀਂ ਲੈਣਾ ਹੈ, ਜੇਕਰ ਕਿਸੇ ਸਾਥੀ ਨੇ ਜਾਣਕਾਰੀ ਲੈਣੀ ਹੋਵੇ ਤਾਂ ਮੈਨੂੰ ਫੋਨ ਕਰ ਸਕਦਾ ਹੈ।'' ਇਹ ਸੋਸ਼ਲ ਮੀਡੀਆ ਹੈ। ਜੇਕਰ ਕੋਈ ਇਸ ਨੂੰ ਮਾਨਤਾ ਦਿੰਦਾ ਹੈ ਤਾਂ ਉਸ ਨੂੰ ''ਕਿਛੁ ਸੁਣਿਐ, ਕਿਛੁ ਕਹੀਐ'' ਦੀ ਭਾਵਨਾ ਦੀ ਕਦਰ ਕਰਨੀ ਹੀ ਪਵੇਗੀ। ਜੇਕਰ ਕਿਸੇ ਨੇ ਫੇਸਬੁੱਕ ਸਿਰਫ ਆਪਣੇ ਨਿੱਜੀ ਘੇਰੇ ਲਈ ਵਰਤਣੀ ਹੈ ਤਾਂ ਉਸ ਨੂੰ ਆਪਣੀ ਸਾਰੀ ਗੱਲ ਜਨਤਾ ਸਾਹਮਣੇ ਨਹੀਂ ਰੱਖਣੀ ਚਾਹੀਦੀ, ਸਿਰਫ ਆਪਣੇ ਦੋਸਤਾਂ ਤੱਕ ਹੀ ਮਹਿਦੂਦ ਰਹੇ। ਕਿਸੇ ਨੇ ਆਪਣੀ ਗੱਲ ਕਹਿਣੀ ਹੈ, ਆਪਣੇ ਨਾਲ ਸਬੰਧਤ ਦੋਸਤ ਨੂੰ ਮੈਸੇਂਜਰ ਵਿੱਚ ਜਾ ਕੇ ਨਿੱਜੀ ਤੌਰ ਵਰਤ ਸਕਦਾ ਹੈ। ਇਸ ਤੋਂ ਵੀ ਅੱਗੇ ਜੇਕਰ ਕਿਸੇ ਨੇ ਗੱਲ ਹੀ ਫੋਨ 'ਤੇ ਕਰਨੀ ਹੈ ਤਾਂ ਉਹ ਫੇਸ ਬੁੱਕ ਵਰਗੇ ਸੋਸ਼ਲ ਮੀਡੀਏ ਨੂੰ ਵਰਤੇ ਹੀ ਨਾ। ਅੱਜ ਦੇ ਸਮੇਂ ਵਿੱਚ ਜਿੱਥੇ ਪਰਚਾਰ-ਪਰਸਾਰ ਦੇ ਮਾਧਿਅਮਾਂ 'ਤੇ ਜ਼ਿਆਦਾਤਰ ਕਾਰਪੋਰੇਟ ਘਰਾਣਿਆਂ ਨੇ ਕਬਜ਼ਾ ਕੀਤਾ ਹੋਇਆ ਹੈ ਤਾਂ ਇਸ ਵਿੱਚ ਸੋਸ਼ਲ ਮੀਡੀਏ ਰਾਹੀਂ ਹੀ ਆਮ ਲੋਕਾਂ ਲਈ ਕੋਈ ਨਾ ਕੋਈ ਥਾਂ ਬਚਦੀ ਹੈ, ਜਿੱਥੋਂ ਉਹ ਆਪਣੀ ਗੱਲ ਕਹਿ ਸਕਦੇ ਹਨ। ਭਾਵੇਂ ਕਿ ਇਹ ਵੀ ਸੀਮਤ ਰੂਪ ਵਿੱਚ ਆਖੀ ਜਾ ਸਕਦੀ ਹੈ। ਕਿਉਂਕਿ ਜੇਕਰ ਕਿਸੇ ਦੀ ਗੱਲ ਕਾਰਪੋਰੇਟਾਂ ਅਤੇ ਉਹਨਾਂ ਦੇ ਮਾਲਕਾਂ ਦੇ ਖਿਲਾਫ ਜਾਂਦੀ ਹੋਈ ਤਾਂ ਉਹ ਇਸ ਨੂੰ ਰੋਕ ਵੀ ਸਕਦੇ ਹਨ।

ਜੇਕਰ ਕੋਈ ਵਿਅਕਤੀ ਫੇਸਬੁੱਕ ਵਰਗਾ ਕੋਈ ਸੋਸ਼ਲ ਮੀਡੀਆ ਵਰਤਦਾ ਨਹੀਂ। ਇਹ ਉਸਦੀ ਆਪਣੀ ਸੋਚ-ਸਮਝ ਦਾ ਮਾਮਲਾ ਹੈ। ਜੇਕਰ ਕੋਈ ਵਿਅਕਤੀ ਸੋਸ਼ਲ ਮੀਡੀਏ ਦਾ ਮੈਂਬਰ ਹੈ, ਪਰ ਉਹ ਕਿਸੇ ਸਮੇਂ 'ਤੇ ਚੱਲ ਰਹੀ ਬਹਿਸ ਦੌਰਾਨ ਇਸ ਮੀਡੀਏ ਵਿੱਚ ਹਾਜ਼ਰ ਨਹੀਂ ਤਾਂ ਉਸਦੀ ਗੈਰ-ਹਾਜ਼ਰੀ ਸਵਿਕਾਰੀ ਜਾ ਸਕਦੀ ਹੈ। ਪਰ ਜੇਕਰ ਕੋਈ ਵਿਅਕਤੀ ਸੋਸ਼ਲ ਮੀਡੀਏ 'ਤੇ ਹਾਜ਼ਰ ਵੀ ਹੋਵੇ ਅਤੇ ਉਸਦੇ ਖਿਲਾਫ ਚੱਲਦੀ ਬਹਿਸ ਵਿੱਚ ਕੋਈ ਹਿੱਸਾ ਨਾ ਰਿਹਾ ਹੋਵੇ ਤਾਂ ਇਹ ਗੱਲ ਉਸ ਲਈ ਸ਼ੋਭਦੀ ਨਹੀਂ। ਉਸ ਨੂੰ ਆਪਣੇ ਖਿਲਾਫ ਚੱਲ ਰਹੀ ਬਹਿਸ ਵਿੱਚ ਆਪਣਾ ਪੱਖ ਰੱਖਣਾ ਚਾਹੀਦਾ ਹੈ। ਫੇਰ ਵੀ ਇਹ ਉਸਦੀ ਆਪਣੀ ਸਮਝ ਦਾ ਹਿੱਸਾ ਹੈ ਕਿ ਉਸ ਨੇ ਕਿਸੇ ਬਹਿਸ ਵਿੱਚ ਹਿੱਸਾ ਨਹੀਂ ਲੈਣਾ, ਪਰ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਉਹ ਕਿਸੇ ਇੱਕ ਪੋਸਟ 'ਤੇ ਆਪਣਾ ਪੱਖ ਰੱਖ ਜਾਵੇ ਪਰ ਹੋਰਨਾਂ ਤੋਂ ਭੱਜ ਹੀ ਜਾਵੇ। ਭੱਜਣ ਵਾਲਾ ਆਮ ਦਰਸ਼ਕਾਂ-ਪਾਠਕਾਂ ਦੀ ਨਜ਼ਰ ਵਿੱਚ ਕਮਜ਼ੋਰ ਹੀ ਮੰਨਿਆ ਜਾਵੇਗਾ।

``ਮੈਂ ਫੇਸਬੁੱਕ ਉੱਤੇ ਚੱਲ ਰਹੀ ਬਹਿਸ ਵਿੱਚ ਕੋਈ ਹਿੱਸਾ ਨਹੀਂ ਲੈਣਾ ਹੈ ਜੇਕਰ ਕਿਸੇ ਸਾਥੀ ਨੇ ਜਾਣਕਾਰੀ ਲੈਣੀ ਹੋਵੇ ਤਾਂ ਮੈਨੂੰ ਫੋਨ ਕਰ ਸਕਦਾ ਹੈ'' ਅਜਿਹੇ ਬੋਲ ਇੱਕਪਾਸੜਤਾ ਵਾਲੇ ਹਨ। ਇਹ ਟਰੰਪ ਦੀ ਬੋਲੀ ਬੋਲੇ ਜਾਣ ਵਾਲੀ ਗੱਲ ਹੈ ਜਿਹੜਾ ਸੋਸ਼ਲ ਮੀਡੀਏ ਨੂੰ ਬੰਦ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ, ਜਾਂ ਫੇਰ ਇਹ ਸਿਰਫ ''ਮਨ ਕੀ ਬਾਤ'' ਕਹਿਣ ਵਾਲੇ ਮੋਦੀ ਦੀ ਬੋਲੀ ਵਰਗੀ ਹੈ, ਜਿਹੜਾ ਮੁੱਖ ਤੌਰ 'ਤੇ ਆਪਣੀ ਹੀ ਕਹਿਣਾ ਚਾਹੁੰਦਾ ਹੈ, ਆਮ ਲੋਕਾਂ ਦੀ ਸੁਣਨੀ ਨਹੀਂ ਚਾਹੁੰਦਾ। ਇਸੇ ਨੂੰ ''ਭਗਵੀਂ ਲਕੀਰ ਦੇ ਲਾਲ ਫਕੀਰ'' ਲਾਗੂ ਕਰਦੇ ਆ ਰਹੇ ਹਨ।