Saturday, December 12, 2020

ਖੜੋਤ ਦੇ ਬਾਵਜੂਦ ਨਕਸਲਬਾੜੀ ਲਹਿਰ ਦੀ ਸੰਭਾਲ ਕਰਦੀ ਸ਼ਖ਼ਸੀਅਤ

Wednesday: 9th December 2020 at 3:09 PM

ਨਿਰੰਤਰ ਸਫਰਗਾਥਾ:ਸੁਖਦਰਸ਼ਨ ਨੱਤ//ਬਲਬੀਰ ਪਰਵਾਨਾ//ਵਿਸ਼ੇਸ਼ ਲਿਖਤ 


ਖੱਬੀਆਂ ਧਿਰਾਂ ਅਤੇ ਖਾਸ ਕਰਕੇ ਨਕਸਲਬਾੜੀ ਲਹਿਰ ਨੇ ਸਮਾਜ ਨੂੰ ਬਹੁਤ ਕੁਝ ਦਿੱਤਾ ਹੈ। ਨਵਾਂ ਸਾਹਿਤ, ਨਵੇਂ ਅੰਦਾਜ਼ ਅਤੇ ਨਵੇਂ ਤੌਰ ਤਰੀਕੇ ਵੀ। ਇਸਦੇ ਨਾਲ ਹੀ ਅਣਗਿਣਤ ਕੁਰਬਾਨੀਆਂ ਵੀ ਦਿੱਤੀਆਂ। ਇਹਨਾਂ ਸਾਰੀਆਂ ਹਕੀਕਤਾਂ ਦੇ ਬਾਵਜੂਦ ਇਹਨਾਂ ਸਾਰੀਆਂ ਗੱਲਾਂ ਨੂੰ ਸੰਭਾਲਣ ਦੇ ਮਾਮਲੇ ਵਿੱਚ ਖੱਬੀਆਂ ਧਿਰਾਂ ਕਦੇ ਵੀ ਪੂਰੀ ਤਰਾਂ ਸੁਚੇਤ ਨਾ ਹੋਈਆਂ। ਫੁੱਟ ਦਰ ਫੁੱਟ ਦਾ ਸ਼ਿਕਾਰ ਹੋਈਆਂ ਨਕਸਲੀ ਧਿਰਾਂ ਵੀ ਆਪੋ ਆਪਣੇ ਸਰਕਲਾਂ ਤੱਕ ਸੀਮਿਤ ਹੁੰਦੀਆਂ ਗਈਆਂ। ਜਿਹੜੇ ਜਤਨ ਹੋਏ ਵੀ ਉਹ ਵੱਖੋ ਵੱਖਰੇ ਅਤੇ ਨਿਜੀ ਉਪਰਾਲਿਆਂ ਵਰਗੇ ਹੀ ਸਨ। ਇਹਨਾਂ ਵਿੱਚ ਹੀ ਇੱਕ ਠੋਸ ਉਪਰਾਲਾ ਬਲਬੀਰ ਪਰਵਾਨਾ ਵੱਲੋਂ ਕੀਤੇ ਜਤਨਾਂ ਦਾ ਵੀ ਹੈ। ਆਰਥਿਕ ਅਤੇ ਸਿਆਸੀ ਮਜਬੂਰੀਆਂ ਦੇ ਬਾਵਜੂਦ ਉਸਨੇ ਸਫਲ ਕਦਮ ਚੁੱਕੇ। ਇਹ ਲਿਖਤ ਵੀ ਉਹਨਾਂ ਉਪਰਾਲਿਆਂ ਦੀ ਲੜੀ ਦਾ ਹੀ ਇੱਕ ਹਿੱਸਾ ਹੈ। --ਰੈਕਟਰ ਕਥੂਰੀਆ 

1983 ਦੀ ਗੱਲ ਹੈ। ਮੈਂ ਉਦੋਂ 'ਲੋਕ ਲਹਿਰ' ਛੱਡ ਕੇ ਪਿੰਡ ਰਹਿ ਰਿਹਾ ਸੀ ਤੇ ਸਾਹਿਤ ਸਭਾ ਮੁਕੇਰੀਆਂ 'ਚ ਸਰਗਰਮ। ਸਾਹਿਤ ਸਭਾ 'ਚ ਮਾਰਕਸੀ ਪਾਰਟੀ ਦੇ ਪ੍ਰਭਾਵ ਵਾਲੇ ਮੈਂਬਰ ਭਾਰੂ ਸਨ। ਸਾਡੇ ਇਲਾਕੇ ਵਿੱਚ ਵੀ ਮਾਰਕਸੀ ਪਾਰਟੀ ਦਾ ਪ੍ਰਭਾਵ, ਦੂਸਰੀਆਂ ਖੱਬੀਆਂ ਪਾਰਟੀਆਂ/ਧਿਰਾਂ ਤੋਂ ਜ਼ਿਆਦਾ ਸੀ। 'ਲੋਕ ਲਹਿਰ' 'ਚੋਂ ਮੁੜ ਕੇ ਭਾਵੇਂ ਮੇਰਾ ਇਸਦੇ ਜਥੇਬੰਦਕ ਢਾਂਚੇ ਤੋਂ ਮੋਹ ਭੰਗ ਹੋ ਚੁੱਕਾ ਸੀ, ਪਰ ਪਿੰਡ ਆ ਕੇ ਵੀ ਇਸ ਨਾਲ ਜੁੜਿਆ ਰਿਹਾ ਤਾਂ ਇਸ ਦਾ ਕਾਰਨ ਸੀ ਸਾਡੇ ਪਿੰਡ 'ਚ ਮਾਰਕਸੀ ਪਾਰਟੀ ਦਾ ਤਕੜਾ ਪ੍ਰਭਾਵ ਤੇ ਬਹੁਤੇ ਸਰਗਰਮ ਆਗੂ/ਕਾਰਕੁੰਨ ਮੇਰੇ ਜਮਾਤੀ ਜਾਂ ਦੋਸਤ ਹੋਣਾ। ਉਹਨਾਂ ਨਾਲ ਧਰਨੇ-ਮੁਜ਼ਾਹਰਿਆਂ 'ਚ ਜਾਣ ਦੇ ਨਾਲ-ਨਾਲ, ਸਾਹਿਤ ਸਿਰਜਣ ਤੇ ਸਾਹਿਤ ਸਭਾਵਾਂ ਦੀਆਂ ਸਰਗਰਮੀਆਂ 'ਚ ਵੀ ਜੁਟਿਆ ਹੋਇਆ ਸਾਂ ਕਿ ਇਨਕਲਾਬ ਤੇ ਮਾਰਕਸੀ-ਚਿੰਤਨ ਮੇਰਾ ਜਨੂੰਨ ਬਣ ਚੁੱਕੇ ਸਨ। ਸਿਰਜਣਾ ਦੇ ਖੇਤਰ 'ਚ ਇੱਕ ਤਰ੍ਹਾਂ ਸ਼ੁਰੂਆਤ ਹੀ ਸੀ, ਇਸ ਦੀ ਪੌੜੀ ਦੇ ਪਹਿਲੇ ਡੰਡੇ ਚੜ੍ਹਦਾ ਹੋਇਆ। ਸਾਹਿਤਕ ਘੇਰਾ ਵੀ ਬਹੁਤਾ ਇਲਾਕੇ ਤੱਕ ਹੀ ਸੀਮਤ ਸੀ।

ਇਹਨਾਂ ਹੀ ਦਿਨਾਂ 'ਚ ਮੁਕੇਰੀਆਂ ਸਾਹਿਤ ਸਭਾ ਦਾ ਸਾਲਾਨਾ ਸਮਾਗਮ ਆਇਆ। ਇਸ ਵਿੱਚ ਦੂਰ-ਨੇੜਿਉਂ ਬਹੁਤ ਸਾਰੇ ਸਾਹਿਤਕਾਰ ਸ਼ਾਮਲ ਹੋਏ। ਸਾਹਿਤ ਸਭਾ ਤਲਵਾੜਾ ਵੱਲੋਂ ਗੁਰਮੀਤ ਹੇਅਰ ਤੇ ਚਾਰ-ਪੰਜ ਜਣੇ ਹੋਰ ਆਏ, ਜਿਨ੍ਹਾਂ ਵਿੱਚ ਸੁਖਦਰਸ਼ਨ ਨੱਤ ਵੀ ਸ਼ਾਮਲ ਸੀ। ਇਹ ਪਹਿਲੀ ਮੁਲਾਕਾਤ ਸੀ, ਜਿਸ ਵਿੱਚ ਹੱਥ ਮਿਲਾਉਣ ਤੋਂ ਅਗਾਂਹ ਕੋਈ ਖਾਸ ਗੱਲ ਨਾ ਹੋਈ, ਕਿਉਂਕਿ ਕਰਨ ਵਾਲੀ ਕੋਈ ਗੱਲ ਸੀ ਹੀ ਨਹੀਂ; ਇੱਕ-ਦੂਸਰੇ ਨੂੰ ਪਹਿਲਾਂ ਜਾਣਦੇ ਜੁ ਨਹੀਂ ਸਾਂ। ਨਾਂ ਵੀ ਉਦੋਂ ਹੀ ਸਾਂਝੇ ਹੋਏ। ਸਮਾਗਮ ਮੁੱਕਿਆ ਤਾਂ ਸਾਰੇ ਖਿੰਡ-ਬਿੱਖਰ ਗਏ। ਪਿੱਛੋਂ ਗੁਰਮੀਤ ਹੇਅਰ ਨਾਲ ਤਾਂ ਮਾੜਾ-ਮੋਟਾ ਸੰਪਰਕ ਰਿਹਾ, ਕਿਉਂ ਜੋ ਉਹ ਸਾਹਿਤ ਸਭਾ ਤਲਵਾੜਾ ਦਾ ਜਨਰਲ ਸਕੱਤਰ ਸੀ ਤੇ ਲੇਖਕ ਵਜੋਂ ਉਸ ਦਾ ਚੰਗਾ ਨਾਂਅ ਵੀ ਸੀ, ਪਰ ਨੱਤ ਨਾਲ ਕੋਈ ਸੰਪਰਕ  ਨਾ ਰਿਹਾ। ਇਹ ਸੰਪਰਕ ਬਣਿਆ ਇਸ ਤੋਂ ਚਾਰ-ਪੰਜ ਮਹੀਨੇ ਬਾਅਦ। 


ਜਲੰਧਰੋਂ ਕਿਸੇ ਸਾਹਿਤਕ-ਮਟਰਗਸ਼ਤੀ ਤੋਂ ਮੁੜਦਿਆਂ ਮੈਂ ਦਸੂਹੇ ਮਾਸਟਰ ਲਾਲ ਸਿੰਘ ਨੂੰ ਮਿਲਣ ਲਈ  ਉੱਤਰ ਗਿਆ। ਉਸ ਕੋਲ ਚਾਹ ਪੀਂਦਿਆਂ, ਤਲਵਾੜੇ ਜਾਣ ਦਾ ਪ੍ਰੋਗਰਾਮ ਬਣ ਗਿਆ, ਜਿੱਥੇ ਸਾਹਿਤ ਸਭਾ ਵੱਲੋਂ ਕਮਿਊਨਿਸਟ ਲਹਿਰ ਬਾਰੇ ਚਰਚਾ ਰੱਖੀ ਹੋਈ ਸੀ ਤੇ ਲਾਲ ਸਿੰਘ ਨੇ ਇਸ ਦੀ ਸ਼ੁਰੂਆਤ ਕਰਨੀ ਸੀ। ਤਲਵਾੜੇ ਅਸੀਂ ਸ਼ਾਮ ਜਿਹੀ ਨੂੰ ਪੁੱਜੇ। ਸੈਕਟਰ ਦੋ ਦੇ ਅੱਡੇ ਤੋਂ ਉੱਤਰ ਕੇ ਉੱਥੋਂ ਮਸਾਂ ਸੌ ਕੁ ਮੀਟਰ 'ਤੇ ਪਰਵੇਸ਼ ਦਾ ਕੁਆਰਟਰ ਸੀ, ਜਿੱਥੇ ਇਹ ਚਰਚਾ ਰੱਖੀ ਹੋਈ ਸੀ। ਅਸੀਂ ਪੁੱਜੇ ਤਾਂ ਕੁਝ ਜਣੇ ਆ ਕੇ ਬੈਠੇ ਹੋਏ ਸਨ ਤੇ ਕੁਝ ਦੀ ਉਡੀਕ ਕੀਤੀ ਜਾ ਰਹੀ ਸੀ। ਕਮਰੇ 'ਚ ਫਰਸ਼ 'ਤੇ ਦਰੀਆਂ ਵਿਛਾਈਆਂ ਹੋਈਆਂ ਸਨ ਤੇ ਚੁਫੇਰੇ ਕੰਧਾਂ ਨਾਲ ਲਾਏ ਹੋਏ ਸਿਰਹਾਣੇ। ਇਸ ਕਮਰੇ 'ਚ ਦਾਇਰੇ 'ਚ ਬਹਿ ਕੇ ਲੱਗਭੱਗ ਅੱਧੀ ਰਾਤ ਤੱਕ ਪੰਜਾਬ ਦੀ ਕਮਿਊਨਿਸਟ ਲਹਿਰ ਬਾਰੇ ਚਰਚਾ ਚੱਲਦੀ ਰਹੀ। ਬਹਿਸ ਦੀ ਸੰਜੀਦਗੀ ਨੇ ਮੈਨੂੰ ਪ੍ਰਭਾਵਿਤ ਕੀਤਾ ਤੇ ਨੱਤ ਦੇ ਤਰਕਾਂ ਨੇ ਵੀ। ਦਿਲਚਸਪ ਗੱਲ ਇਹ ਵੀ ਰਹੀ ਕਿ ਚਰਚਾ ਦੌਰਾਨ ਬਹੁਤ ਸਾਰੇ ਨੁਕਤਿਆਂ 'ਤੇ, ਮੇਰੀ ਤੇ ਉਸ ਦੀ ਸਹਿਮਤੀ ਬਣ ਜਾਂਦੀ ਰਹੀ, ਹਾਲਾਂਕਿ ਉਹ ਨਕਸਲੀਆਂ ਦੇ ਨੇੇੜੇ ਸੀ ਤੇ ਮੈਂ ਮਾਰਕਸੀਆਂ ਦੇ;  ਦੋਵੇਂ ਹੀ ਇੱਕ ਤਰ੍ਹਾਂ ਸਾਹਿਤ, ਚਿੰਤਨ ਤੇ ਰਾਜਨੀਤੀ ਦੇ ਪਹਿਲੇ ਸਬਕ ਪੜ੍ਹਦੇ ਹੋਏ। ਸੁੱਤੇ ਉਦੋਂ ਹੀ ਜਦੋਂ ਨੀਂਦ ਨੇ ਢਾਹ ਲਿਆ ਤੇ ਸਵੇਰੇ ਉੱਠ ਕੇ ਸਾਰੇ ਆਪਣੇ-ਆਪਣੇ ਰਾਹ ਪੈ ਗਏ। ਮੈਂ ਆਪਣੇ ਪਿੰਡ ਨੂੰ ਬੱਸ ਚੜ੍ਹ ਆਇਆ। 

ਇਸ ਸੰਵਾਦ/ਚਰਚਾ ਨੇ ਇੱਕ ਸਾਂਝ ਦੀ ਸ਼ੁਰੂਆਤ ਕਰ ਦਿੱਤੀ।  ਇਲਾਕੇ 'ਚ ਮੁਕੇਰੀਆਂ ਤੇ ਤਲਵਾੜਾ ਦੀਆਂ ਦੋ ਸਾਹਿਤ ਸਭਾਵਾਂ ਸਰਗਰਮ ਸਨ। ਮੁਕੇਰੀਆਂ ਦਾ ਜਨਰਲ ਸਕੱਤਰ ਲਾਲ ਸਿੰਘ ਸੀ ਤੇ ਤਲਵਾੜੇ ਦਾ ਗੁਰਮੀਤ ਹੇਅਰ। ਸੁਖਦਰਸ਼ਨ ਨੱਤ ਨਾਲ ਸਹਾਇਕ ਸੀ। ਇਲਾਕੇ ਦੇ ਪੜ੍ਹਨ-ਲਿਖਣ ਵਾਲੇ ਇਹਨਾਂ ਦੋਹਾਂ ਹੀ ਸਾਹਿਤ ਸਭਾਵਾਂ ਦੀਆਂ ਮੀਟਿੰਗਾਂ 'ਚ ਚਲੇ ਜਾਂਦੇ।

ਕਾਮਰੇਡ ਸੁਖਦਰਸ਼ਨ ਨੱਤ ਬਾਰੇ ਹਿੰਦੀ ਦੀ ਨਕਸਲਬਾੜੀ ਸਕਰੀਨ ਵਿੱਚ ਵੀ ਵਿਸ਼ੇਸ਼ ਲਿਖਤ 

ना संघर्ष ना तकलीफ, तो क्या मजा है जीने में

ਇਹ ਸ਼ਾਇਦ 1984 ਦੇ ਸ਼ੁਰੂ ਦੀ ਗੱਲ ਹੈ। ਮੈਂ ਤੇ ਬਲਵੰਤ ਗਿੱਲ ਤਲਵਾੜੇ ਗਏ। ਇੱਕ ਤਾਂ ਉੱਥੇ ਰੁਜ਼ਗਾਰ ਦਫਤਰ 'ਚ ਨਾਂਅ ਦਰਜ ਕਰਵਾਉਣਾ ਸੀ, ਕਿਉਂ ਜੋ ਗ੍ਰੈਜੂਏਟਾਂ ਨੂੰ ਚਾਲੀ ਰੁਪਏ ਮਹੀਨੇ ਦਾ ਬੇਰੁਜ਼ਗਾਰੀ ਭੱਤਾ ਮਿਲਣ ਲੱਗ ਪਿਆ ਸੀ, ਤੇ ਦੂਜਾ ਸੀ  ਕੁਝ ਘੁੰਮ-ਫਿਰ ਆਵਾਂਗੇ। ਰੁਜ਼ਗਾਰ ਦਫਤਰ 'ਚੋਂ ਵਿਹਲੇ ਹੋ ਕੇ ਗੁਰਮੀਤ ਹੇਅਰ ਨੂੰ ਮਿਲਣ ਤੁਰ ਪਏ ਕਿ ਉਸ ਦੇ ਘਰ ਦਾ ਮੇਰੇ ਕੋਲ ਪਤਾ ਸੀ। ਉੱਥੇ ਗਏ ਤਾਂ ਹੇਅਰ ਘਰ ਨਹੀਂ ਸੀ। ਉਸ ਦੀ ਪਤਨੀ ਨੇ ਕਿਹਾ,  ''ਸ਼ਾਇਦ ਨੱਤ ਹੁਰਾਂ ਦੇ ਕੁਆਟਰ ਹੋਵੇ।'' ਉਸ ਤੋਂ ਨੱਤ ਦੇ ਕੁਆਰਟਰ ਦਾ ਪਤਾ ਲਿਆ। ਅੱਗੇ ਮਾਸਟਰ ਹੇਅਰ ਤਾਂ ਨਾ ਮਿਲਿਆ ਪਰ ਨੱਤ, ਹਰਜੀਤ, ਬਰਾੜ, ਪਰਵੇਸ਼ ਤੇ ਦੋ ਕੁ ਜਣੇ ਹੋਰ ਮਹਾਂਸ਼ਵੇਤਾ ਦੇ ਨਾਵਲ 'ਅਕਲਾਂਤ ਕੌਰਵ' ਦੇ ਪੰਜਾਬੀ ਅਨੁਵਾਦ ਦਾ ਖਰੜਾ ਪੜ੍ਹ ਰਹੇ ਸਨ। ਉਹ ਅਨੁਵਾਦ ਉਹਨਾਂ ਨੂੰ ਬਹੁਤਾ ਪਸੰਦ ਨਹੀਂ ਸੀ ਆ ਰਿਹਾ। ਉੱਥੇ ਚਾਹ ਪੀਂਦਿਆਂ, ਗੱਲਾਂ-ਗੱਲਾਂ 'ਚ ਨੱਤ ਕਹਿੰਦਾ, ''ਤੂੰ ਕਿਉਂ ਨਹੀਂ ਇਸ ਦਾ ਅਨੁਵਾਦ ਕਰ ਦਿੰਦਾ...ਇਸ ਨਾਵਲ ਦਾ ਅਨੁਵਾਦ ਅਸੀਂ ਛਾਪਣਾ ਚਾਹੁੰਦੇ ਹਾਂ, ਪਰ ਇਹ ਖਰੜਾ ਗੜਬੜ ਵਾਲਾ ਲੱਗਦਾ ਹੈ।'' ਮੈਂ ਕੁਝ ਪੰਨੇ ਪੜ੍ਹ ਕੇ ਦੇਖੇ ਤਾਂ ਲੱਗਿਆ ਮੈਂ ਕਰ ਸਕਦਾ ਹਾਂ। ਦੋ ਕੁ ਮਹੀਨੇ ਲਾ ਕੇ ਮੈਂ ਇਹ ਅਨੁਵਾਦ ਕਰ ਦਿੱਤਾ ਭਾਵੇਂ ਇਸ ਲਈ ਮਿਹਨਤ ਬਹੁਤ ਕਰਨੀ ਪਈ। ਕੁਝ ਸੰਸਕ੍ਰਿਤ-ਨੁਮਾ ਹਿੰਦੀ ਲਫਜ਼ਾਂ ਲਈ ਮੁਕੇਰੀਆਂ ਕਾਲਜ 'ਚ ਸੰਸਕ੍ਰਿਤ ਦੇ ਪ੍ਰੋਫੈਸਰ ਹਰਸ਼ ਮਹਿਤਾ ਦੀ ਸਹਾਇਤਾ ਲੈਣੀ ਪਈ ਤੇ ਕੁਝ ਬੰਗਾਲੀ ਟਰਮਾਂ ਦਾ ਪਿਛੋਕੜ ਜਾਨਣ ਲਈ ਆਪਣੇ ਚੰਡੀਗੜ੍ਹ ਰਹਿੰਦੇ ਲੈਕਚਰਾਰ ਦੋਸਤ ਚੈਂਚਲ ਸਿੰਘ  ਦੀ, ਜਿਸ ਦਾ ਅਗਾਂਹ ਕੋਈ ਬੰਗਾਲੀ ਦੋਸਤ ਸੀ। 

ਇਹ ਅਨੁਵਾਦ 'ਯੁੱਧ ਦਾ ਗੀਤ' ਨਾਂਅ ਹੇਠ ਰੈਡੀਕਲ ਪਬਲੀਕੇਸ਼ਨਜ਼, ਮੋਗਾ ਵੱਲੋਂ ਛਾਪਿਆ ਗਿਆ ਤੇ ਇਸ 'ਤੇ ਸਾਹਿਤ ਸਭਾ ਤਲਵਾੜਾ ਵੱਲੋਂ ਗੋਸ਼ਟੀ ਹੋਈ। ਇਸ ਸਾਰੀ ਪ੍ਰਕਿਰਿਆ ਦੌਰਾਨ ਅਸੀਂ ਇੱਕ-ਦੂਸਰੇ ਦੇ ਹੋਰ ਨੇੜੇ ਆਉਂਦੇ ਗਏ। ਉਹ ਉਦੋਂ ਸਾਹਿਤ ਦੇ ਨਾਲੋਂ-ਨਾਲ ਰਾਜਨੀਤੀ ਦੀਆਂ ਪੌੜੀਆਂ ਵੱਧ ਚੜ੍ਹ ਰਿਹਾ ਸੀ ਤੇ ਮੈਂ ਰਾਜਨੀਤੀ ਦੇ ਨਾਲ-ਨਾਲ  ਸਾਹਿਤ ਦੀਆਂ। ਸਾਹਿਤ ਮੇਰੇ ਲਈ ਮੁੱਖ ਸੀ ਤੇ ਰਾਜਨੀਤੀ ਦੂਸਰੇ ਥਾਂ, ਜਦੋਂ ਕਿ ਉਸ ਲਈ ਰਾਜਨੀਤੀ ਮੁੱਖ ਸੀ ਤੇ ਸਾਹਿਤ ਦੂਸਰੇ ਥਾਂ 'ਤੇ। ਪਿਛੋਕੜ 'ਚ ਸਾਂਝਾ ਸੂਤਰ ਸੀ ਮਾਰਕਸਵਾਦ ਨੂੰ ਪੰਜਾਬ ਦੇ ਹਾਲਤਾਂ ਅਨੁਸਾਰ ਰਚਨਾਤਮਕ ਢੰਗ ਨਾਲ ਸਮਝਣ ਦਾ ਯਤਨ। ਕਮਿਊਨਿਸਟ ਲਹਿਰ ਦੇ ਜਥੇਬੰਦਕ ਢਾਂਚੇ 'ਚ ਜਿਹੜੀਆਂ ਖਾਮੀਆਂ ਦਿਸਦੀਆਂ, ਉਨ੍ਹਾਂ ਬਾਰੇ ਖੁੱਲ੍ਹ ਕੇ ਚਰਚਾ ਕਰਦੇ। ਇਸ ਮੁੱਦੇ 'ਤੇ ਬਹੁਤ ਸਾਰੀਆਂ ਬਣਦੀਆਂ ਸਹਿਮਤੀਆਂ ਤੇ ਸਾਂਝ ਕਰਕੇ, ਮੈਂ ਮੁਕੇਰੀਆਂ ਸਾਹਿਤ ਸਭਾ ਨਾਲੋਂ ਟੁੱਟਦਾ ਗਿਆ ਤੇ ਤਲਵਾੜਾ ਸਾਹਿਤ ਸਭਾ ਨਾਲ ਜੁੜਦਾ। ਮਹੀਨੇ 'ਚ ਇੱਕ ਵਾਰ ਤਾਂ ਜ਼ਰੂਰ ਹੀ, ਕਈ ਵਾਰ ਦੋ-ਤਿੰਨ ਗੇੜੇ ਵੀ ਤਲਵਾੜੇ ਦੇ ਲੱਗ ਜਾਂਦੇ। ਰਾਤ ਨੂੰ ਰਹਿਣ ਦਾ ਟਿਕਾਣਾ ਅਕਸਰ ਉਸਦਾ ਕੁਆਟਰ ਹੀ ਬਣਦਾ। ਭਾਵੇਂ ਉਹਨਾਂ ਦਿਨਾਂ 'ਚ ਪ੍ਰੋ: ਪਰਮਜੀਤ ਪੜਬੱਗਾ ਵੀ ਉੱਥੇ ਸੀ, ਹਰਜੀਤ ਬਰਾੜ, ਪਰਵੇਸ਼, ਮਹੇਸ਼ ਇੰਦਰ, ਧਵਨ ਵੀ। ਕਈ ਵਾਰ ਉਹਨਾਂ ਕੋਲ ਵੀ ਰਹਿ ਲੈਂਦਾ ਸਾਂ, ਪਰ ਉਦੋਂ ਹੀ ਜਦੋਂ ਨੱਤ ਉੱਥੇ ਨਾ ਹੁੰਦਾ। ਤਲਵਾੜਾ ਉਦੋਂ ਸੀ ਵੀ ਉਸਰ ਰਹੇ ਪ੍ਰੋਜੈਕਟਾਂ ਦਾ ਕੇਂਦਰ। ਪੌਂਗਡੈਮ ਭਾਵੇਂ ਮੁਕੰਮਲ ਹੋ ਚੁੱਕਾ ਸੀ, ਪਰ ਹੇਠਾਂ ਹਾਈਡਲ ਨਹਿਰ ਦੀ ਉਸਾਰੀ ਹੋ ਰਹੀ ਸੀ। ਉਸ 'ਤੇ ਬਣ ਰਹੇ ਪਾਵਰ ਹਾਊਸ। ਇੰਜੀਨੀਅਰਾਂ ਤੇ ਦੂਸਰੇ ਸਟਾਫ ਦੀ ਧੜਾਧੜ ਹੁੰਦੀ ਭਰਤੀ। ਨੱਤ ਵੀ ਹਾਈਡਲ 'ਤੇ ਸਿਵਲ ਇੰਜੀਨੀਅਰ ਸੀ। ਇੰਜੀਨੀਅਰਿੰਗ, ਪੋਲੀਟੈਕਨਿਕ ਕਾਲਜਾਂ 'ਚ ਉਦੋਂ ਖਾਸ ਤੌਰ 'ਤੇ ਖੱਬੀਆਂ ਵਿਦਿਆਰਥੀ ਸਰਗਰਮੀਆਂ ਦੇ ਉਭਾਰ ਦਾ ਦੌਰ ਸੀ, ਤੇ ਉੱਥੋਂ ਨਿਕਲ ਕੇ ਆਏ ਇਹ ਇੰਜੀਨੀਅਰ ਕਿਸੇ ਨਾ ਕਿਸੇ ਰੂਪ 'ਚ, ਕਿਸੇ ਨਾ ਕਿਸੇ ਖੱਬੇ ਮੰਚ ਨਾਲ ਜੁੜ ਹੀ ਜਾਂਦੇ, ਜਿਨ੍ਹਾਂ ਦਾ ਨੱਤ ਰੂਹੇ-ਰਵਾਂ ਸੀ।  

ਇਹਨਾਂ ਹੀ ਦਿਨਾਂ 'ਚ ਉਸ ਨੇ ਸਾਹਿਤ ਸਭਾ ਨਾਲੋਂ ਸਰਗਰਮੀਆਂ ਘਟਾ ਕੇ ਪੀਪਲਜ਼ ਡੈਮੋਕਰੇਟਿਕ ਫਰੰਟ ਬਣਾਉਣ ਦੀ ਪਹਿਲਕਦਮੀ ਆਰੰਭੀ। ਤਰਕ ਉਸ ਦਾ ਇਹ ਸੀ, ''ਕਿਉਂਕਿ ਸਾਹਿਤ ਸਭਾ 'ਚ ਬਹੁਤੀਆਂ ਗੱਲਾਂ ਸਾਹਿਤ ਬਾਰੇ ਹੀ ਹੁੰਦੀਆਂ, ਇਕੱਠੇ ਹੋਏ ਸਾਹਿਤਕਾਰ ਆਪਣੀ ਕਹਾਣੀ ਜਾਂ ਕਵਿਤਾ ਸੁਨਣ/ਸੁਣਾਉਣ ਤੋਂ ਅਗਾਂਹ ਦੀ ਕੋਈ ਗੱਲ ਹੀ ਨਹੀਂ ਕਰਦੇ, ਇਸ ਕਰਕੇ ਅਜੋਕੇ ਹਾਲਾਤ 'ਚ ਇੱਕ ਅਜਿਹੇ ਮੰਚ ਦੀ ਲੋੜ ਹੈ, ਜਿਹੜਾ ਦੇਸ਼ ਦੇ, ਤੇ ਖਾਸ ਕਰਕੇ ਪੰਜਾਬ ਦੇ ਤੇਜ਼ੀ ਨਾਲ ਬਦਲ ਰਹੇ ਹਾਲਾਤ ਬਾਰੇ 'ਸੰਵਾਦ' ਤੋਰੇ, ਇਸ ਬਾਰੇ ਬਹਿਸਾਂ ਹੋਣ। ਨਾ ਕੇਵਲ ਆਪ, ਸਗੋਂ ਬਾਹਰੋਂ ਵੀ ਵਿਦਵਾਨਾਂ ਨੂੰ ਸੱਦ ਕੇ ਵਿਚਾਰ-ਚਰਚਾ ਦੀਆਂ ਲੜੀਆਂ ਚਲਾਈਆਂ ਜਾਣ।'' ਸਾਹਿਤ ਸਭਾ ਵਾਲੇ ਕੁਝ ਸੰਜੀਦਾ, ਪੜ੍ਹਨ-ਲਿਖਣ ਵਾਲੇ ਮੈਂਬਰ ਵੀ ਇਸ ਮੰਚ ਨਾਲ ਜੁੜ ਗਏ ਤੇ ਕੁਝ ਹੋਰ ਰਾਜਨੀਤੀ/ਟਰੇਡ ਯੂਨੀਅਨਾਂ 'ਚ ਸਰਗਰਮ ਕਾਰਕੁੰਨ। ਇਸ ਦੀਆਂ ਮੀਟਿੰਗਾਂ ਵੀ ਅਕਸਰ ਗੈਰ ਰਸਮੀ ਢੰਗ ਨਾਲ ਰਾਤਾਂ ਨੂੰ ਹੁੰਦੀਆਂ। ਸਿਆਲਾਂ ਨੂੰ ਦਰੀ ਵਿਛਾ ਕੇ ਉੱਪਰ ਰਜਾਈਆਂ ਸੁੱਟ ਲੈਂਦੇ ਤੇ ਕੰਧਾਂ ਨਾਲ ਢਾਸਣਾ ਲਾਈ ਸਾਰੀ-ਸਾਰੀ ਰਾਤ ਚਰਚਾ ਚੱਲਦੀ ਰਹਿੰਦੀ। ਜਿਸ ਨੂੰ ਜਦੋਂ ਨੀਂਦ ਆ ਜਾਂਦੀ, ਉਹ ਉੱਥੇ ਹੀ ਟੇਢਾ ਹੋ ਜਾਂਦਾ ਤੇ ਬਾਕੀ ਲੱਗੇ ਰਹਿੰਦੇ।  ਗਰਮੀਆਂ 'ਚ ਕੁਆਰਟਰ ਦੀ ਛੱਤ 'ਤੇ ਦਰੀ ਵਿਛਾ ਕੇ ਪੱਖੇ ਲਾ ਲਏ ਜਾਂਦੇ। ਦਸ-ਬਾਰਾਂ ਤੋਂ ਲੈ ਕੇ ਗਿਣਤੀ ਅਠਾਰਾਂ-ਵੀਹਾਂ ਤੱਕ ਵੀ ਜਾ ਪੁੱਜਦੀ। ਇਹਨਾਂ ਬਹਿਸਾਂ 'ਚ ਹਰ ਇੱਕ ਨੂੰ ਬੋਲਣ ਦਾ, ਆਪਣੀ ਗੱਲ ਕਹਿਣ ਦਾ ਪੂਰਾ ਮੌਕਾ ਦਿੱਤਾ ਜਾਂਦਾ, ਸਗੋਂ ਜੇ ਕੋਈ ਨਾ ਬੋਲਦਾ, ਆਪਣੀ ਰਾਇ ਨਾ ਦਿੰਦਾ ਤਾਂ ਉਸ ਨੂੰ ਜ਼ੋਰ ਦੇ ਕੇ ਗੱਲ ਕਰਨ ਲਈ ਪਰੇਰਿਆ ਜਾਂਦਾ। ਇਹਨਾਂ ਸੰਵਾਦ/ਚਰਚਾਵਾਂ 'ਚ ਡਾ: ਰਜਿੰਦਰਪਾਲ ਸਿੰਘ ਉਰਫ ਬਾਬੂ ਰਾਮ ਬੈਰਾਗੀ, ਸਵਪਨ ਮੁਖਰਜੀ, ਸੁਰਜੀਤ ਭੱਟੀ (ਸੁਰਖ ਰੇਖਾ), ਇੰਜੀਨੀਅਰ ਟੀ ਐੱਸ ਸੰਧੂ, ਹਾਕਮ ਸਿੰਘ ਸਮਾਉਂ, ਅਮਰ ਸਿੰਘ ਅਚਰਵਾਲ, ਗੁਰਸ਼ਰਨ ਸਿੰਘ, ਅਜਮੇਰ ਔਲਖ, ਪ੍ਰੋ: ਐੱਮ ਸੀ ਭਾਰਦਵਾਜ, ਡਾ: ਜਗਜੀਤ ਚੀਮਾ, ਦੇਸ਼ ਪੰਜਾਬ ਵਾਲਾ ਗੁਰਬਚਨ ਸਿੰਘ, ਹੰਸ ਰਾਜ ਰਹਿਬਰ ਆਦਿ ਸ਼ਾਮਲ ਹੁੰਦੇ ਰਹੇ। ਸਥਾਨਕ ਮੈਂਬਰਾਂ 'ਚੋਂ ਸੁਖਦਰਸ਼ਨ ਨੱਤ ਤੇ ਹਰਬੰਸ ਮਾਂਗਟ ਚਰਚਾ ਦੀ ਦਿਸ਼ਾ ਤਹਿ ਕਰਦੇ, ਵਿਸ਼ੇਸ਼ ਤਿਆਰੀ ਕਰਕੇ ਮਾਮਲਿਆਂ ਨੂੰ ਛੂੰਹਦੇ ਤੇ ਬਹਿਸ ਲਈ ਪੇਸ਼ ਕਰਦੇ। ਹਰੇ ਇਨਕਲਾਬ ਨਾਲ ਪੰਜਾਬ ਦੀ ਕਿਸਾਨੀ 'ਚ ਮਚੀ ਉਥਲ-ਪੁਥਲ ਨਾਲ ਜੋੜ ਕੇ ਉਭਰ ਰਹੀ ਅੱਤਵਾਦੀ ਲਹਿਰ ਨੂੰ ਵਿਚਾਰਿਆ ਜਾਣ ਲੱਗਾ। ਪੰਜਾਬ ਦੇ ਸਮਾਜਚਾਰੇ ਬਾਰੇ ਜਿੰਨੀਆਂ ਖੁੱਲ੍ਹੀਆਂ ਤੇ ਭੱਖਵੀਆਂ ਬਹਿਸਾਂ ਫਰੰਟ ਵੱਲੋਂ ਇੱਥੇ ਆਯੋਜਿਤ ਕੀਤੀਆਂ ਗਈਆਂ, ਬਾਅਦ ਵਿੱਚ ਘੱਟ ਹੀ ਦੇਖਣ ਦਾ ਮੌਕਾ ਬਣਿਆ। ਛੇਤੀ ਹੀ ਇਹ ਫਰੰਟ, ਤਹਿਸੀਲ ਦਸੂਹਾ ਦੀ ਰਾਜਨੀਤੀ ਤੇ ਸਾਹਿਤ ਦੇ ਖੇਤਰਾਂ 'ਚ ਸੰਜੀਦਾ ਸੋਚਣ ਵਾਲਿਆਂ 'ਚ ਖਿੱਚ ਵਾਲਾ ਨਾਂਅ ਬਣ ਗਿਆ। ਇਸ ਵਿੱਚ ਨਕਸਲੀਆਂ ਦੀਆਂ ਵੱਖ-ਵੱਖ ਧਿਰਾਂ, ਸੀ ਪੀ ਆਈ ਦੇ ਨਾਲ-ਨਾਲ ਸੋਚਣ-ਵਿਚਾਰਨ ਵਾਲੇ ਹੋਰ ਲੋਕ ਵੀ ਆਉਣ ਲੱਗੇ। ਇਸ ਦਾ ਕਾਰਨ ਇਹ ਵੀ ਸੀ ਕਿ ਅੱਤਵਾਦ ਨਿੱਤ-ਦਿਹਾੜੇ ਤੇਜ਼ੀ ਨਾਲ ਪੈਰ ਪਸਾਰ ਰਿਹਾ ਸੀ, ਬਹੁਤੀਆਂ ਜਮਹੂਰੀ ਸੰਸਥਾਵਾਂ ਸੁੰਗੜ ਰਹੀਆਂ ਸਨ ਜਾਂ ਆਪਣੇ-ਆਪਣੇ ਖੋਲ ਦੇ ਘੇਰਿਆਂ 'ਚ ਕੈਦ ਹੁੰਦੀਆਂ ਹੋਈਆਂ ਪਰ ਫਰੰਟ ਅਜਿਹਾ ਮੰਚ ਸੀ, ਜਿਹੜਾ ਫੈਲ ਰਿਹਾ ਸੀ, ਤੇ ਹਰ ਇੱਕ ਨੂੰ ਹੀ ਆਪਣੇ ਵਿਚਾਰ ਤਰਕ-ਯੁਕਤ ਢੰਗ ਨਾਲ ਰੱਖਣ ਦੀ ਖੁੱਲ੍ਹ ਦੇ ਰਿਹਾ ਸੀ, ਇੱਥੋਂ ਤੱਕ ਕਿ ਖਾਲਿਸਤਾਨ ਦੇ ਸਮੱਰਥਕਾਂ ਨੂੰ ਵੀ। ਇਸ ਦੇਖਣ ਨੂੰ ਖੁੱਲ੍ਹੇ ਲੱਗਦੇ ਮੰਚ ਨੂੰ, ਪਰ ਨੱਤ ਹੌਲੀ-ਹੌਲੀ ਨਕਸਲੀ ਰਾਜਨੀਤੀ ਦੀ ਟਵਿਸਟ ਦਿੰਦਾ ਰਿਹਾ, ਉਂਜ ਭਾਵੇਂ ਉਹਨਾਂ ਦੇ ਕਿਸੇ ਖਾਸ ਗਰੁੱਪ ਦੇ ਅਜੇ ਨੇੜੇ ਨਹੀਂ  ਸੀ। ਰੋਡੇ ਪਾਲੀਟੈਕਨਿਕ 'ਚ ਪੜ੍ਹਦਿਆਂ (1976-80) ਉਹ ਸਤਿਆ ਨਰੈਣ ਗਰੁੱਪ ਨਾਲ ਜੁੜਿਆ ਹੋਇਆ ਸੀ। ਇਹਨਾਂ ਸਰਗਰਮੀਆਂ 'ਚ ਜਸਵਿੰਦਰ, ਬੰਤ ਮਾਣੂੰਕੇ ਤੇ ਬਿੱਕਰ ਕੰਮੇਆਣਾ ਅਕਸਰ ਉਸ ਕੋਲ ਆਉਂਦੇ। ਨੌਕਰੀ 'ਤੇ ਆ ਕੇ ਉਸ ਅਨੁਸਾਰ, ''ਜਨਵਰੀ 1982 'ਚ ਮੇਰੀ ਤਲਵਾੜੇ ਨੌਕਰੀ ਲੱਗੀ ਤਾਂ ਸਭ ਤੋਂ ਪਹਿਲਾਂ ਇੱਥੇ ਆ ਕੇ ਸਾਹਿਤ ਸਭਾ ਨਾਲ ਜੁੜਿਆ। ਮੈਂ ਇਸ 'ਚ ਸਰਗਰਮੀ ਨਾਲ ਹਿੱਸਾ ਲੈਣ ਲੱਗਾ, ਪਰ ਇਸ ਵਿੱਚ ਲੇਖਕ/ਕਵੀ ਆਪਣੀ ਰਚਨਾ ਸੁਣਾਉਣ ਤੋਂ ਬਿਨਾਂ ਕਿਸੇ ਮੁੱਦੇ ਬਾਰੇ ਸੰਜੀਦਾ ਚਰਚਾ ਤਾਂ ਕੀ ਕਰਨੀ, ਦੂਸਰੇ ਦੀ ਰਚਨਾ ਵੀ ਧਿਆਨ ਨਾਲ ਨਹੀਂ ਸਨ ਸੁਣਦੇ। ਉਹ ਆਪਣੇ ਆਪ ਤੋਂ ਬਿਨਾਂ ਕਿਸੇ ਨੂੰ ਕੁਝ ਸਮਝਦੇ ਹੀ ਨਹੀਂ। ਇਸ ਤੋਂ ਲੱਗਣ ਲਗ ਪਿਆ ਕਿ ਇਹ ਸੰਜੀਦਾ ਚਰਚਾ/ਸੰਵਾਦ ਦਾ ਮੰਚ ਨਹੀਂ ਬਣ ਸਕਦਾ। ਇਹਨਾਂ ਬਹਿਸਾਂ/ਸੰਵਾਦ ਲਈ ਫਰੰਟ ਬਣਾਇਆ, ਜਿਸ ਵਿੱਚ ਵੱਖ-ਵੱਖ ਖੱਬੀਆਂ ਧਿਰਾਂ ਦੀ ਪਹੁੰਚ ਬਾਰੇ ਆਉਂਦੇ ਆਗੂਆਂ/ਚਿੰਤਕਾਂ ਨਾਲ ਚਰਚਾ ਹੁੰਦੀ। ਇਹਨਾਂ ਸਰਗਰਮੀਆਂ 'ਚ ਹੀ ਚੰਡੀਗੜ੍ਹ ਤੋਂ ਇੰਜੀਨੀਅਰ ਟੀ ਐੱਸ ਸੰਧੂ ਆਉਣ ਲੱਗਾ, ਜਿਹੜਾ ਉਦੋਂ ਪੰਜਾਬ ਦੇ ਲਿਬਰੇਸ਼ਨ ਗਰੁੱਪ ਦਾ ਇੰਚਾਰਜ ਸੀ। ਉਸ ਨੇ ਮੈਨੂੰ ਇਸ ਗਰੁੱਪ ਦੀਆਂ ਨੀਤੀਆਂ ਬਾਰੇ ਕਾਇਲ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਈ।''

ਕਾਮਰੇਡ ਸੁਖਦਰਸ਼ਨ ਨੱਤ ਬਾਰੇ ਹਿੰਦੀ ਦੀ ਨਕਸਲਬਾੜੀ ਸਕਰੀਨ ਵਿੱਚ ਵੀ ਵਿਸ਼ੇਸ਼ ਲਿਖਤ 

ना संघर्ष ना तकलीफ, तो क्या मजा है जीने में

ਉਹ ਆਪ ਭਾਵੇਂ ਲਿਬਰੇਸ਼ਨ ਨਾਲ ਜੁੜ ਗਿਆ, ਪਰ ਫਰੰਟ ਦੀਆਂ ਸਰਗਰਮੀਆਂ ਪਹਿਲਾਂ ਵਾਂਗ ਹੀ ਜਾਰੀ ਰਹੀਆਂ। ਉੱਥੇ ਆ ਕੇ ਕੋਈ ਵੀ ਆਪਣੀ ਗੱਲ ਰੱਖ ਸਕਦਾ ਸੀ, ਕਰ ਸਕਦਾ। ਇੱਕ ਹੀ ਬਿੰਦੂ ਉੱਪਰ ਚਰਚਾ ਕੇਂਦਰਤ ਕਰਕੇ ਉਸ ਦੀਆਂ ਕਈ ਤਹਿਆਂ ਫੋਲੀਆਂ ਜਾਂਦੀਆਂ।  ਮੀਟਿੰਗਾਂ ਤੋਂ ਬਾਅਦ ਅਸੀਂ ਕਿਸੇ ਨਾ ਕਿਸੇ ਪਾਸੇ ਘੁੰਮਣ ਲਈ ਨਿਕਲ ਤੁਰਦੇ। ਤਲਵਾੜਾ  ਹੈ ਵੀ ਬਹੁਤ ਖੂਬਸੂਰਤ ਥਾਂ। ਇਸਦੇ ਦੱਖਣ ਵਾਲੇ ਪਾਸੇ ਸੜਕ ਦੇ ਨਾਲੋਂ ਹੀ ਸ਼ਿਵਾਲਿਕ ਦੀਆਂ ਪਹਾੜੀਆਂ ਸ਼ੁਰੂ ਹੋ ਜਾਂਦੀਆਂ ਹਨ, ਜੰਗਲ। ਉੱਤਰ ਵਾਲੇ ਪਾਸੇ ਕਿਲੋਮੀਟਰ ਕੁ ਜਾ ਕੇ ਬਿਆਸ ਦਰਿਆ ਦਾ ਪੁਰਾਣਾ ਵਹਿਣ ਤੇ ਉਸ ਦਾ ਮੰਡ। ਉਸ ਤੋਂ ਪਾਰ ਮੁੜ ਸ਼ਿਵਾਲਿਕ ਦੀਆਂ ਪਹਾੜੀਆਂ। ਪੂਰਬ ਵਾਲੇ ਪਾਸੇ ਛੇ-ਸੱਤ ਕਿਲੋਮੀਟਰ 'ਤੇ ਜਾ ਕੇ ਪੌਂਗਡੈਮ। ਜੇ ਦਿਨ ਦੀ ਮੀਟਿੰਗ ਹੁੰਦੀ ਤਾਂ ਸ਼ਾਮ ਚਾਰ ਕੁ ਵਜੇ, ਅਤੇ ਜੇ ਰਾਤ ਨੂੰ ਹੁੰਦੀ ਤਾਂ ਸਵੇਰੇ ਤੜਕੇ ਉੱਠ ਕੇ ਅਸੀਂ ਪਹਾੜੀਆਂ ਜਾਂ ਦਰਿਆ ਦੇ ਮੰਡ ਵਾਲੇ ਪਾਸੇ ਸੈਰ ਲਈ ਨਿਕਲ ਤੁਰਦੇ। ਘੁੰਮਦੇ, ਕਿਸੇ ਨਾ ਕਿਸੇ ਬਾਗ 'ਚੋਂ ਕਿੰਨੂ ਜਾਂ ਅਮਰੂਦ ਲੈ ਕੇ ਖਾਂਦੇ ਜਾਂ ਕਿਤਿਉਂ ਗੰਨੇ ਭੰਨ ਕੇ ਚੂਪਦੇ, ਨਾਲੋ-ਨਾਲ ਮੀਟਿੰਗਾਂ ਦੇ ਮੁੱਦੇ ਵੀ ਵਿਚਾਰਦੇ ਰਹਿੰਦੇ। ਇੱਕ ਤਰ੍ਹਾਂ ਮੀਟਿੰਗਾਂ ਦੀ ਨਿਰੰਤਰਤਾ ਜਾਰੀ ਰਹਿੰਦੀ, ਸਗੋਂ ਕਈ ਵਾਰ ਇਹਨਾਂ ਸੈਰਾਂ 'ਚ ਮੀਟਿੰਗਾਂ ਨਾਲੋਂ ਵਧੇਰੇ ਸਾਰਥਕ ਗੱਲਾਂ ਹੁੰਦੀਆਂ। 

ਹਾਈਡਲ ਕਲੋਨੀ 'ਚ ਨੱਤ ਦਾ ਕੁਆਰਟਰ ਜਿਵੇਂ ਫਰੰਟ ਦਾ ਖੁੱਲ੍ਹਾ ਦਫਤਰ ਹੀ ਸੀ, ਜਿੱਥੇ ਕੋਈ ਕਦੀ ਵੀ ਆ ਸਕਦਾ। ਉਹ ਕਦੀ ਵੀ ਕਿਸੇ ਦੇ ਆਉਣ 'ਤੇ ਮੱਥੇ ਵੱਟ ਨਾ ਪਾਉਂਦਾ। ਹੋਰ ਤਾਂ ਹੋਰ, ਮਾਲਵੇ ਵੱਲੋਂ ਕਿਸੇ ਦੀ ਤਲਵਾੜੇ ਨਵੀਂ ਨਿਯੁਕਤੀ ਹੋ ਜਾਂਦੀ ਤਾਂ ਰਹਿਣ ਦਾ ਕੋਈ ਸੰਪਰਕ ਨਾ ਲੱਭਣ 'ਤੇ, ਉਸ ਦਾ ਕੋਈ ਨਾ ਕੋਈ ਜਾਣੂ ਇਸ ਕੁਆਰਟਰ ਦਾ ਪਤਾ ਦੇ ਦਿੰਦਾ, ਤੇ ਜਿੰਨਾ ਚਿਰ ਫਿਰ ਉਸ ਦਾ ਰਹਿਣ ਦਾ ਬੰਦੋਬਸਤ ਨਾ ਬਣਦਾ, ਉਹ ਇੱਥੇ ਰਹੀ ਜਾਂਦਾ। ਮੇਰਾ ਪਿੰਡ ਤਾਂ ਭਾਵੇਂ ਉਥੋਂ ਵੀਹ ਕੁ ਕਿਲੋਮੀਟਰ ਸੀ, ਪਰ ਜਦੋਂ ਵੀ ਵਿਹਲ ਲੱਗਦੀ, ਮੈਂ ਅਕਸਰ ਇੱਥੇ ਪਹੁੰਚ ਜਾਂਦਾ ਤੇ ਫਿਰ ਗੱਲਾਂ/ਸੰਵਾਦ ਦੇ ਨਾਲ-ਨਾਲ ਸੈਰ ਦਾ ਮਜ਼ਾ ਵੀ ਰਹਿੰਦਾ ਜਾਂ ਸ਼ਾਇਦ ਘੁੰਮਣ-ਫਿਰਨ ਦੀ ਚਾਹਨਾ ਵੱਧ ਹੁੰਦੀ ਤੇ ਗੱਲਾਂ ਝੁੰਗੇ 'ਚੋਂ ਹੋ ਜਾਂਦੀਆਂ। 

ਨੱਤ ਦੀ ਇੱਕ ਖਾਸ ਗੱਲ ਹੈ ਕਿ ਉਹ ਹਰ ਵੇਲੇ ਆਪਣਾ ਏਜੰਡਾ ਜਾਂ ਪਸੰਦ ਸਾਹਮਣੇ ਚਿਪਕਾ ਕੇ ਨਹੀਂ ਰੱਖਦਾ। ਜੇ ਤਾਂ ਕੋਈ ਪਾਰਟੀ ਕਾਮਰੇਡ ਆਇਆ ਹੁੰਦਾ, ਉਹ ਪਾਰਟੀ ਸਿਧਾਂਤ ਦੀਆਂ ਗੱਲਾਂ  ਕਰਨ ਲੱਗ ਪੈਂਦਾ; ਜੇ ਕੋਈ ਕੁਲੀਗ ਇੰਜੀਨੀਅਰ ਆਇਆ ਹੁੰਦਾ ਤਾਂ ਉਸ ਨਾਲ ਸਰਕਾਰੀ ਕਾਨੂੰਨ ਤੇ ਉਸ 'ਚੋਂ ਚੋਰ-ਮੋਰੀਆਂ ਲੱਭ ਕੇ ਅਫਸਰਸ਼ਾਹੀ/ਠੇਕੇਦਾਰਾਂ ਵੱਲੋਂ ਕੀਤੀ ਜਾ ਰਹੀ ਲੁੱਟ ਬਾਰੇ ਦੱਸਣ ਲੱਗ ਪੈਂਦਾ; ਤੇ ਜੇ ਕੋਈ ਮੇਰੇ ਵਰਗਾ ਹੁੰਦਾ ਤਾਂ ਸਾਹਿਤ, ਸੱਭਿਆਚਾਰ ਜਾਂ ਲਿਖਣ-ਪੜ੍ਹਨ ਦੀਆਂ ਗੱਲਾਂ ਹੁੰਦੀਆਂ। ਉਹ ਆਪ ਵੀ ਬਹੁਤ ਪੜ੍ਹਦਾ  ਸੀ। ਡਿਊਟੀ ਤੋਂ ਆ ਕੇ  ਅਕਸਰ ਪੜ੍ਹਨ 'ਚ ਰੁੱਝਿਆ ਰਹਿੰਦਾ। ਕਈ ਵਾਰ ਮੈਂ ਉਸ ਨਾਲ, ਉਸ ਦੇ ਕੰਮ ਦੀ ਸਾਇਟ 'ਤੇ ਵੀ ਗਿਆ, ਜਿੱਥੇ ਦਿਨ-ਰਾਤ ਚੱਲਦੀਆਂ ਮਸ਼ੀਨਾਂ ਜ਼ਮੀਨ 'ਚ ਸੌ-ਸੌ ਫੁੱਟ ਦੇ ਡੂੰਘੇ ਪਾੜ ਪਾ ਕੇ ਨਹਿਰ ਪੁੱਟ ਰਹੀਆਂ ਹੁੰਦੀਆਂ। ਅੱਗੇ-ਅੱਗੇ ਪੁਟਾਈ ਚੱਲ ਰਹੀ ਹੁੰਦੀ ਤੇ ਪਿੱਛੇ ਕੰਢਿਆਂ ਨੂੰ ਲੈਵਲਿੰਗ ਕਰਕੇ ਉਹਨਾਂ ਨੂੰ ਪੱਕਿਆਂ ਕਰਨ ਦਾ ਕੰਮ। ਇੱਥੇ ਭਿ੍ਸ਼ਟਾਚਾਰ ਕਿਵੇਂ ਤੇ ਕਿਸ ਵੱਡੀ ਪੱਧਰ 'ਤੇ ਹੋ ਰਹੀ ਸੀ, ਇਹ ਵੀ ਵਿਸਥਾਰ 'ਚ ਸਾਹਮਣੇ ਦੇਖ ਕੇ ਹੀ ਪਤਾ ਲੱਗਿਆ।

ਉਦੋਂ ਕੁ ਹੀ ਅੱਤਵਾਦੀਆਂ ਦਾ ਕਮਿਊਨਿਸਟਾਂ ਨਾਲ ਸਿੱਧਾ ਟਕਰਾਅ ਸ਼ੁਰੂ ਹੋ ਗਿਆ। ਕਈ ਥਾਂ ਘਾਤ ਲਾ ਕੇ ਕਾਮਰੇਡਾਂ 'ਤੇ ਹਮਲੇ ਕੀਤੇ ਗਏ ਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਇੱਕ ਅਜਿਹਾ ਦੌਰ ਸ਼ੁਰੂ ਹੋ ਗਿਆ ਸੀ, ਜਦੋਂ ਪਤਾ ਨਹੀਂ ਸੀ ਲੱਗਦਾ 'ਅੱਜ ਜਿਊਂਦੇ ਹਾਂ, ਭਲਕੇ ਵੀ ਜਿਊਂਦੇ ਹੀ ਹੋਵਾਂਗੇ!' ਸੱਤਾ ਨਿਸਥੀ ਹੁੰਦੀ ਜਾ ਰਹੀ ਸੀ। ਇਸ ਦੌਰ 'ਚ ਅਕਸਰ ਮੀਟਿੰਗਾਂ 'ਚ ਸੁਰੱਖਿਆ ਦਾ ਮਸਲਾ ਵੀ ਵਿਚਾਰਿਆ ਜਾਂਦਾ।  ਕਿਸੇ ਨਾ ਕਿਸੇ ਪਾਸਿਉਂ ਹਥਿਆਰਾਂ ਦੇ ਲਸੰਸ ਲੈਣ ਜਾਂ ਸਰਕਾਰੀ ਸੁਰੱਖਿਆ ਲੈਣ ਦਾ ਮੁੱਦਾ ਉਠ ਖੜੋਂਦਾ। ਇਸ ਬਾਰੇ ਪਰ ਉਹ ਅਕਸਰ ਅਮਰ ਅਚਰਵਾਲ ਦੇ ਸ਼ਬਦ ਦੁਹਰਾਉਂਦਾ, 'ਹਥਿਆਰ ਨਹੀਂ, ਨੀਤੀ ਹੀ ਸੁਰੱਖਿਆ ਦੀ ਗਰੰਟੀ ਹੁੰਦੀ ਹੈ। ਹਥਿਆਰਾਂ ਦੀ ਸੁਰੱਖਿਆ ਤਾਂ ਇੰਦਰਾ ਗਾਂਧੀ ਨੂੰ ਨਾ ਬਚਾ ਸਕੀ। ਚੌਕਸ ਰਹਿਣਾ ਜ਼ਰੂਰੀ ਹੈ, ਪਰ ਮੁੱਖ ਹੈ ਕਿ ਅਸੀਂ ਲੋਕਾਂ 'ਚ ਸਰਕਾਰੀ ਧੁੱਤੂ ਨਾ ਸਮਝੇ ਜਾਈਏ।' ਇਸ ਮਾਮਲੇ 'ਚ ਮੈਨੂੰ ਮਾਰਕਸੀਆਂ ਦੇ ਮੁਕਾਬਲੇ ਉਸ ਦੀ ਦਲੀਲ ਵਧੇਰੇ ਵਜ਼ਨਦਾਨ ਲੱਗਦੀ  ਸੀ। ਮੇਰਾ ਪਿੰਡ 'ਚ, ਇਲਾਕੇ 'ਚ ਸਾਰੇ ਦਾ ਸਾਰਾ ਘੇਰਾ ਮਾਰਕਸੀ ਪਾਰਟੀ ਵਾਲਾ ਸੀ, ਮੈਂ ਖੁਦ ਵੀ ਇਸ ਦੀਆਂ ਸਰਗਰਮੀਆਂ ਨਾਲ ਜੁੜਿਆ ਹੋਇਆ ਸਾਂ, ਪਰ ਉੱਥੇ ਸੰਵਾਦ ਜਾਂ ਚਰਚਾ ਬਹੁਤ ਘੱਟ ਹੁੰਦੀ।  ਐਕਸ਼ਨ ਉਲੀਕੇ ਜਾਂਦੇ, ਐਕਸ਼ਨ ਕੀਤੇ ਜਾਂਦੇ; ਧਰਨੇ, ਰੈਲੀਆਂ, ਮੁਜ਼ਾਹਰੇ, ਝੰਡਾ ਮਾਰਚ। ਕੋਈ ਨਾ ਕੋਈ ਆਗੂ ਅਕਸਰ ਜ਼ਿਲ੍ਹਾ ਜਾਂ ਸੂਬਾ ਕਮੇਟੀ ਵੱਲੋਂ ਪਾਰਟੀ ਦੀ ਲਈ ਜਾ ਰਹੀ ਨੀਤੀ ਦੀ ਵਿਆਖਿਆ ਕਰਨ ਲਈ ਵੀ ਆ ਜਾਂਦਾ, ਪਰ ਖੁੱਲ੍ਹਾ ਵਿਚਾਰ-ਵਟਾਂਦਰਾ ਨਾ ਹੁੰਦਾ, ਜਿਹੜਾ ਡੀ ਪੀ ਐੱਫ 'ਚ ਆਮ ਸੀ।

1986 ਦੀ ਗੱਲ ਹੈ। ਡੀ ਪੀ ਐੱਫ ਵੱਲੋਂ ਅਸੀਂ ਇਲਾਕੇ 'ਚ ਗੁਰਸ਼ਰਨ ਭਾਅ ਜੀ ਦੇ ਨਾਟਕਾਂ ਦਾ ਪ੍ਰੋਗਰਾਮ ਉਲੀਕਿਆ। ਪੰਜ-ਛੇ ਪਿੰਡਾਂ 'ਚ ਲਗਾਤਾਰ ਪ੍ਰੋਗਰਾਮਾਂ ਦੇ ਅੰਤ 'ਤੇ, ਐਡਵੋਕੇਟ ਸ਼ੁਭ ਸਰੋਚ ਦੇ ਪਿੰਡ ਡਡਿਆਲ (ਤਹਿਸੀਲ ਦਸੂਹਾ) ਵਿਖੇ ਰਾਤ ਨੂੰ ਨਾਟਕ ਹੋਏ। ਸੁਖਦਰਸ਼ਨ ਨੱਤ, ਪਰਵੇਸ਼, ਸਤਦੇਵ, ਸੁਰਿੰਦਰ ਉੱਚੀ ਬੱਸੀ, ਭੁਪਿੰਦਰ, ਮੈਂ ਤੇ ਕੁਝ ਜਣੇ ਹੋਰ ਲੱਗਭੱਗ ਹਰ ਥਾਂ ਹੀ ਨਾਟਕ ਟੀਮ ਨਾਲ ਹਾਜ਼ਰ ਰਹੇ।  ਕੁਝ ਤਾਂ ਸ਼ੌਕ ਵਜੋਂ ਵੀ, ਤੇ ਕੁਝ ਇਸ ਲਈ ਵੀ ਕਿ ਹਰ ਥਾਂ ਸਥਾਨਕ ਪ੍ਰਬੰਧਕ ਵੀ ਜ਼ੋਰ ਦਿੰਦੇ ਸਨ। ਦੂਸਰੇ ਦਿਨ ਸਵੇਰੇ ਉੱਠ ਕੇ ਨਾਸ਼ਤਾ ਕਰ ਰਹੇ ਸਾਂ ਤਾਂ ਪਤਾ ਲੱਗਾ, ਉੱਥੋਂ ਕੋਈ ਪਹਾੜੀ ਪਗਡੰਡੀ ਵੀ ਹੈ, ਜਿਹੜੀ ਪਹਾੜੀਆਂ, ਖੱਡਾਂ ਵਿੱਚੀਂ ਹੁੰਦੀ ਕਮਾਹੀ ਦੇਵੀ ਦੇ ਨੇੜਿਉਂ ਲੰਘਦੀ ਅਗਾਂਹ ਤਲਵਾੜੇ ਜਾ ਕੇ ਨਿਕਲਦੀ ਹੈ। ਗਿਆ ਭਾਵੇਂ ਇਸ ਰਾਹੀਂ ਕਦੀ ਸ਼ੁਭ ਵੀ ਨਹੀਂ ਸੀ, ਪਰ ਉਸ ਨਾਲ ਪਿੰਡ ਦੇ ਇੱਕ ਬੰਦੇ ਨੇ ਦੱਸਿਆ, ''ਪੁਰਾਣੇ ਵੇਲਿਆਂ 'ਚ ਕਮਾਹੀ ਦੇਵੀ ਜਾਂ ਤਲਵਾੜੇ ਨੂੰ ਅਸੀਂ ਇਧਰ ਦੀ ਹੀ ਜਾਇਆ ਕਰਦੇ ਸਾਂ।'' ਉਸ ਨੇ ਕੁਝ ਪਿੰਡਾਂ-ਥਾਵਾਂ ਦੇ ਨਾਂਅ ਵੀ ਸਮਝਾਏ, ਜਿਹੜੇ ਰਾਹ 'ਚ ਆਉਂਦੇ ਸਨ। ਨਾਸ਼ਤਾ ਕਰਕੇ ਨਾਟਕ ਟੀਮ ਰਵਾਨਾ ਹੋ ਗਈ ਤੇ ਹੋਰ ਵੀ ਬਾਹਰੋਂ ਆਏ ਕਾਮਰੇਡ ਆਪਣੇ-ਆਪਣੇ ਟਿਕਾਣਿਆਂ ਵੱਲ।  ਨੱਤ, ਮੈਂ ਤੇ ਚਾਰ ਕੁ ਜਣੇ ਹੋਰ ਇਸ ਪਹਾੜੀ ਪਗਡੰਡੀ ਰਾਹੀਂ ਡਡਿਆਲ ਤੋਂ ਤਲਵਾੜੇ ਨੂੰ ਜਾਣ ਲਈ ਤਿਆਰ ਹੋ ਗਏ। ਇਹ ਰਾਹ ਸ਼ਾਇਦ ਬਾਰਾਂ, ਚੌਦਾਂ ਕਿਲੋਮੀਟਰ ਸੀ। ਪਹਾੜੀਆਂ ਚੜ੍ਹਦਿਆਂ-ਉਤਰਦਿਆਂ, ਖੱਡਾਂ ਦੇ ਪੱਥਰਾਂ ਤੋਂ ਤੁਰਦਿਆਂ ਇਹ ਸਫਰ ਬਹੁਤ ਦਿਲਚਸਪ ਰਿਹਾ। ਦਿ੍ਸ਼ਾਂ ਨੂੰ ਮਾਣਦੇ, ਕਮਿਊਨਿਸਟ ਲਹਿਰ, ਇਸ ਇਲਾਕੇ 'ਚ ਗੁਰੀਲਾ-ਯੁੱਧ ਦੀਆਂ ਸੰਭਾਵਨਾਵਾਂ ਬਾਰੇ ਵੀ ਚਰਚਾ ਕਰਦੇ ਰਹੇ ਤੇ ਕੰਢੀ ਦੇ ਖੇਤਰ 'ਚ ਜ਼ਿੰਦਗੀ ਦੀਆਂ ਵੱਖਰੀ ਤਰ੍ਹਾਂ ਦੀਆਂ ਸਮੱਸਿਆਵਾਂ ਬਾਰੇ ਵੀ, ਜਿੱਥੇ ਪੀਣ ਵਾਲਾ ਪਾਣੀ ਲੈਣ ਲਈ ਕਈ ਵਾਰ ਪੰਜ-ਪੰਜ, ਛੇ-ਛੇ ਕਿਲੋਮੀਟਰ ਤੋਂ ਔਰਤਾਂ ਨੂੰ ਘੜੇ ਭਰ ਕੇ ਲਿਆਉਣੇ ਪੈਂਦੇ।  ਨੌਂ  ਵਜੇ ਦੇ ਤੁਰੇ ਅਸੀਂ ਸ਼ਾਮ ਚਾਰ ਕੁ ਵਜੇ ਤਲਵਾੜੇ ਪੁੱਜੇ ਹੋਵਾਂਗੇ, ਥਕੇਵੇਂ ਦੇ ਬਾਵਜੂਦ ਪਰ ਖੁਸ਼ ਸਾਂ, ਸਗੋਂ ਇੱਕ ਤਰ੍ਹਾਂ ਨਾ ਭੁੱਲਣਯੋਗ ਸਫਰ ਬਣ ਗਿਆ।

ਉਹ ਅਕਸਰ ਅਜਿਹੇ ਨਿੱਕੇ-ਨਿੱਕੇ ਐਡਵੈਂਚਰ ਕਰਨ ਲਈ ਤਿਆਰ ਰਹਿੰਦਾ।  ਮੇਰੀ ਵੀ ਆਦਤ ਸੀ।  ਨਾ ਕੇਵਲ ਘੁੰਮਣ-ਫਿਰਨ ਦੇ ਮਾਮਲੇ 'ਚ ਸਗੋਂ ਰਾਜਨੀਤੀ ਦੇ ਮਾਮਲੇ 'ਚ ਵੀ ਤੇ ਸੋਚਣ-ਸਮਝਣ ਦੇ ਮਾਮਲੇ 'ਚ ਵੀ, 'ਵਿਚਾਰ ਕਰਨ 'ਚ ਕੀ ਹਰਜ਼ ਹੈ। ਜੇ ਸਹੀ ਨਾ ਲੱਗਿਆ ਤਾਂ ਨਾ ਮੰਨਾਂਗੇ।' ਉਸ ਲਈ ਕੋਈ ਗੱਲ ਅਛੂਤ ਨਹੀਂ ਸੀ, ਨਾ ਬਿਨਾਂ ਸੋਚਿਆਂ ਰੱਦ ਕਰ ਦਿੰਦਾ। ਬੋਲਣ ਲੱਗਿਆਂ ਦਲੇਰੀ ਨਾਲ ਬੋਲਦਾ, ਜੋ ਕੁਝ ਉਸ ਨੂੰ ਸਹੀ ਲੱਗਦਾ। ਇਸ ਕਰਕੇ ਤਲਵਾੜੇ ਉਸ ਦੀ ਦੋਸਤੀ ਦਾ ਘੇਰਾ ਬਹੁਤ ਵਿਸ਼ਾਲ ਸੀ। ਆਪਣੇ ਮਹਿਕਮੇ 'ਚ ਤਾਂ ਸੀ ਹੀ, ਬਹੁਤੇ ਉਸ ਵੱਲੋਂ ਲਾਏ ਕਿਸੇ ਰਾਜਨੀਤਕ ਕੰਮ ਨੂੰ ਵੀ ਖੁਸ਼ੀ-ਖੁਸ਼ੀ  ਕਰਦੇ ਸਨ; ਦੂਸਰੀਆਂ ਖੱਬੀਆਂ ਧਿਰਾਂ 'ਚ ਵੀ ਉਸ ਦੀ ਗੱਲ ਨੂੰ ਸੰਜੀਦਗੀ ਨਾਲ ਲਿਆ ਜਾਂਦਾ। ਮੇਰੀਆਂ ਰਚਨਾਵਾਂ ਜਿਹੜੀਆਂ ਉਦੋਂ ਬਹੁਤੀਆਂ ਅਖਬਾਰਾਂ 'ਚ ਹੀ ਛਪਦੀਆਂ ਸਨ, ਬਾਰੇ ਉਹ ਬੜੀ ਸੰਤੁਲਤ ਰਾਏ ਦਿੰਦਾ।  ਉਚੇਚ ਨਾਲ ਪੜ੍ਹਦਾ। ਇਹ ਵੀ ਸ਼ਾਇਦ ਸਾਡੀ ਵਧਦੀ ਨੇੜਤਾ ਦਾ ਇੱਕ ਕਾਰਨ ਸੀ ਕਿ ਸੀ ਪੀ ਐੱਮ, ਜਿਸ  ਨਾਲ ਮੈਂ ਬਹੁਤਾ ਵਿਚਰਦਾ ਸਾਂ, 'ਚ ਪੜ੍ਹਨ ਦਾ ਬਹੁਤ ਘੱਟ ਰੁਝਾਨ ਸੀ। ਉਹਨਾਂ 'ਚੋਂ ਬਹੁਤਿਆਂ ਨੇ ਸ਼ਾਇਦ ਹੀ ਮੇਰੀ ਕੋਈ ਰਚਨਾ ਪੜ੍ਹੀ ਹੋਵੇ ਤੇ  ਜਿਸ ਨੇ ਵੀ ਪੜ੍ਹੀ ਵੀ, ਉਸ ਨੂੰ ਜਦੋਂ ਉਸ 'ਚੋਂ ਇਨਕਲਾਬ ਦਾ ਨਾਹਰਾ ਨਾ ਲੱਭਦਾ ਤਾਂ ਇੱਕ-ਵੱਢਿਉਂ ਰੱਦ ਕਰ ਦਿੱਤੀ ਜਾਂਦੀ ਜਾਂ ਕਾਮਰੇਡ ਪਿਆਰਾ ਸਿੰਘ ਗੜੀ (ਉਦੋਂ ਤਹਿਸੀਲ ਦਸੂਹਾ ਦੀ ਸੀ ਪੀ ਐੱਮ ਕਮੇਟੀ ਦੇ ਸਕੱਤਰ) ਵਾਂਗ ਸਿੱਧੀ ਕੁਹਾੜੀ ਮਾਰ ਆਲੋਚਨਾ ਹੁੰਦੀ, ''ਇਹ ਪੜ੍ਹਨ-ਲਿਖਣ ਵਾਲੇ ਕਿਸੇ ਕੰਮ ਦੇ ਨਹੀਂ ਹੁੰਦੇ! ਗੱਲਾਂ ਕਰੀ ਜਾਣਗੇ, ਪਰ ਜਦੋਂ ਐਕਸ਼ਨ ਦਾ ਵੇਲਾ ਆਉਂਦਾ ਤਾਂ ਮੋਕ ਮਾਰ ਦੇਣਗੇ।'' 

ਉਨ੍ਹਾਂ ਦਿਨਾਂ 'ਚ ਮੈਨੂੰ ਡਾਇਰੀ ਲਿਖਣ ਦੀ ਆਦਤ ਸੀ। ਹੁਣ ਉਸ ਨੂੰ ਪੜ੍ਹਦਾ ਹਾਂ ਤਾਂ ਯਕੀਨ ਜਿਹਾ ਨਹੀਂ ਆਉਂਦਾ ਕਿ ਇੰਨੀ ਸਰਗਰਮੀ ਕਰ ਲੈਂਦਾ ਸਾਂ। ਪਿੰਡੋਂ ਤਲਵਾੜੇ, ਮੁਕੇਰੀਆਂ, ਦਸੂਹੇ ਤੱਕ ਇਲਾਕੇ ਦੇ ਪਿੰਡਾਂ 'ਚ ਅਕਸਰ ਤੁਰਿਆ ਫਿਰਦਾ, ਉਹ ਵੀ ਸਾਈਕਲ 'ਤੇ। ਚਾਲੀ-ਪੰਜਾਹ ਕਿਲੋਮੀਟਰ ਸਫਰ ਗਾਹ ਦੇਣਾ ਕੋਈ ਗੱਲ ਹੀ ਨਹੀਂ ਸੀ ਲੱਗਦੀ। ਕਈ ਵਾਰ ਤੀਸਰੇ, ਚੌਥੇ ਦਿਨ ਘਰ ਵੜਦਾ। ਪਿੰਡ ਤੋਂ ਬਾਅਦ ਮੇਰਾ ਦੂਸਰਾ ਪੱਕਾ ਟਿਕਾਣਾ ਤਲਵਾੜਾ ਸੀ ਤੇ ਉੱਥੇ ਵੀ ਨੱਤ ਦਾ ਕੁਆਰਟਰ। ਇਸ ਦਾ ਇੱਕ ਕਾਰਨ ਸ਼ਾਇਦ ਇਹ ਵੀ ਸੀ ਕਿ ਉਸ ਦਾ ਵੀ ਅਜੇ ਵਿਆਹ ਨਹੀਂ ਸੀ ਹੋਇਆ ਤੇ ਉਸ ਕੋਲ ਮਾਲਵੇ ਵੱਲੋਂ ਕੋਈ ਨਾ ਕੋਈ ਕਾਮਰੇਡ ਜਾਂ ਲੇਖਕ ਆਇਆ ਹੀ ਰਹਿੰਦਾ। ਉੱਥੇ ਗਹਿਗੱਚ ਗੱਲਾਂ ਹੁੰਦੀਆਂ।  ਕਾਰਲ ਮਾਰਕਸ, ਏਂਗਲਜ਼, ਲੈਨਿਨ, ਸਟਾਲਿਨ, ਮਾਓ ਜ਼ੇ ਤੁੰਗ ਦੇ ਫਲਸਫੇ ਬਾਰੇ ਵੀ ਚਰਚਾ ਹੁੰਦੀ ਤੇ ਟਾਲਸਟਾਏ, ਤੁਰਗਨੇਵ, ਗੋਰਕੀ, ਚੈਖੋਵ, ਜਸਵੰਤ ਸਿੰਘ ਕੰਵਲ ਦੀਆਂ ਰਚਨਾਵਾਂ ਬਾਰੇ ਵੀ। ਮੇਰੀ ਡਾਇਰੀ 'ਚ ਬਹੁਤ ਸਾਰੇ ਥਾਵਾਂ 'ਤੇ ਇਸ ਚਰਚਾ ਤੇ ਘੁੰਮਣ-ਫਿਰਨ ਦਾ ਜ਼ਿਕਰ ਹੈ।  7 ਫਰਵਰੀ 1985  ਨੂੰ ਮੈਂ ਲਿਖਿਆ, 'ਬੀਤੇ ਦਿਨ ਤਲਵਾੜੇ ਗਿਆ। ਰਾਤ ਮੈਂ ਤੇ ਸੁਖਦਰਸ਼ਨ ਨੱਤ ਦੇਰ ਤੱਕ ਗੱਲਾਂ ਕਰਦੇ ਰਹੇ। ਉਸ ਦੇ ਜੀਵਨ ਅਨੁਭਵ ਦੀਆਂ ਗੱਲਾਂ ਤੋਂ ਮੈਂ ਮਹਿਸੂਸ ਕੀਤਾ,  ਜੇ ਉਹ ਆਪਣਾ ਵਿਅੱਕਤੀਗਤ ਕੈਰੀਅਰ ਛੱਡ ਜਾਂਦਾ ਤਾਂ  ਉਸ ਨੇ ਕਦੀ ਵੀ ਇੱਥੋਂ ਤੱਕ ਨਹੀਂ ਸੀ ਪਹੁੰਚਣਾ। ਉਸ ਨੇ ਸੰਘਰਸ਼ ਨੂੰ ਕੇਵਲ ਸਮਾਜਿਕ ਸੂਝ ਵਜੋਂ ਹੀ ਨਹੀਂ ਲਿਆ, ਸਗੋਂ ਇਸ ਨੂੰ ਵਿਅਕਤੀਤਵ ਵਜੋਂ ਵੀ ਲਿਆ ਹੈ।  ਭਾਰਤ ਦੀ ਕਮਿਊਨਿਸਟ ਲਹਿਰ ਨੂੰ ਜਿੰਨਾ ਨੁਕਸਾਨ 'ਇਨਕਲਾਬੀਆਂ' (ਜਾਂ ਟਿਪੀਕਲ ਕਾਮਰੇਡ ਜਿਹੜੇ ਝੋਲੇ ਗਲਾਂ 'ਚ ਪਾ ਕੇ ਸੜਕਾਂ ਕੱਛਦੇ ਫਿਰਦੇ ਹਨ। ਮਾਰਕਸ, ਲੈਨਿਨ, ਮਾਓ ਦੀਆਂ ਕੁਟੇਸ਼ਨ ਘੋਟਦੇ ਹਨ, ਪਰ ਜਨ ਸਧਾਰਨ ਨਾਲੋਂ ਬੁਰੀ ਤਰ੍ਹਾਂ ਕੱਟੇ ਹੋਏ) ਨੇ  ਪਹੁੰਚਾਇਆ ਹੈ, ਓਨਾ ਬੁਰਜੂਆਜੀ ਨੇ ਨਹੀਂ ਪਹੁੰਚਾਇਆ ਹੋਣਾ। ਇਹ ਲੋਕਾਂ ਨਾਲੋਂ ਕੱਟੇ ਹੋਏ ਹੋਣ 'ਤੇ ਅੰਤਰਮੁਖੀ ਸਿੱਟੇ ਕੱਢਦੇ ਹਨ, ਇੱਕ ਜਾਂ ਦੂਸਰੇ ਲਫ਼ਜ ਪਿੱਛੇ ਧੂੰਆਂਧਾਰ ਬਹਿਸਾਂ ਕਰਦੇ ਹਨ ਤੇ ਸਮਕਾਲੀ ਸਰੋਕਾਰਾਂ ਵੱਲੋਂ ਅੱਖਾਂ ਮੀਟ ਧਾਰਮਿਕ ਗ੍ਰੰਥਾਂ ਵਾਂਗ ਮਾਰਕਸੀ ਕੁਟੇਸ਼ਨਾਂ 'ਚੋਂ ਹੱਲ ਲੱਭਦੇ ਹਨ।  ਉਸ ਪੀੜ ਦਾ ਅਹਿਸਾਸ ਤੱਕ ਨਹੀਂ ਹੁੰਦਾ, ਜਿਹੜੀ ਲੋਕ ਹੰਢਾ ਰਹੇ ਹਨ। ਸਿਰਫ ਕੁਰਬਾਨੀ ਖਾਤਰ ਕੁਰਬਾਨੀ ਕਰਨ ਦਾ ਢੌਂਗ ਸਮੁੱਚੀ ਕਮਿਊਨਿਸਟ ਲਹਿਰ ਲਈ ਗੰਭੀਰ ਸਿਰਦਰਦੀ ਬਣ ਰਿਹਾ ਹੈ। ਫੁੱਟ ਦਰ ਫੁੱਟ ਲਈ ਵੀ ਮੈਂ ਇਸ ਨੂੰ ਮੁੱਖ ਕਾਰਨ ਸਮਝਦਾ।'

ਇਹਨਾਂ ਹੀ ਦਿਨਾਂ ਦੀ ਗੱਲ ਹੈ। ਉਸ ਨੇ ਪੈਂਫਲਿਟਨੁਮਾ ਇੱਕ ਦੁਵਰਕੀ ਸ਼ੁਰੂ ਕੀਤੀ, 'ਮੂੜ੍ਹ ਮੱਤ।' ਵਿਅੰਗਨੁਮਾ ਸਿਆਸੀ ਜਾਂ ਸਮਾਜੀ ਟਿੱਪਣੀਆਂ ਹੱਥ ਨਾਲ ਸਾਫ-ਸਾਫ ਲਿਖ ਕੇ ਫੋਟੋ ਕਾਪੀਆਂ ਕਰਵਾ ਲਈਆਂ ਜਾਂਦੀਆਂ। ਆਮ ਕਰਕੇ ਇਸ ਦੀ ਬਹੁਤੀ ਸੁਰ ਕਾਮਰੇਡਾਂ ਜਾਂ ਕਮਿਊਨਿਸਟ ਪਾਰਟੀਆਂ 'ਚ ਆ ਰਹੀ ਜੜ੍ਹਤਾ 'ਤੇ ਟਕੋਰਾਂ ਹੁੰਦੀਆਂ। ਕਾਮਰੇਡਾਂ ਦੇ ਸਮਾਗਮਾਂ, ਨਾਟਕ ਮੇਲਿਆਂ 'ਤੇ ਇਸ ਨੂੰ ਖਾਸ-ਖਾਸ ਲੋਕਾਂ 'ਚ ਵੰਡਵਾ ਦਿੱਤਾ ਜਾਂਦਾ; ਸੰਜੀਦਾ ਪੜ੍ਹਨ-ਲਿਖਣ ਵਾਲੇ ਤੇ ਨਵਾਂ ਸੋਚਣ ਵਾਲੇ ਕਾਮਰੇਡਾਂ 'ਚ। ਭਾਵੇਂ ਇਸ ਦੀਆਂ ਕਾਪੀਆਂ ਤਾਂ ਵੀਹ-ਪੰਝੀ ਜਾਂ ਪੰਜਾਹ ਤੱਕ ਹੀ ਵੰਡੀਆਂ ਜਾਂਦੀਆਂ, ਪਰ ਇਹ ਚਰਚਾ 'ਚ ਕਾਫੀ ਰਹਿੰਦਾ। ਕਈ ਵਾਰ ਜਿਸ ਕੋਲ ਪੁੱਜਦਾ, ਉਹ ਅਗਾਂਹ ਫੋਟੋਕਾਪੀਆਂ ਕਰਵਾ ਕੇ ਆਪਣੇ ਘੇਰੇ 'ਚ ਵੰਡ ਦਿੰਦਾ। ਕੁਝ ਅੰਕਾਂ ਤੋਂ ਬਾਅਦ ਤਾਂ ਇਹ ਉਡੀਕਿਆ ਵੀ ਜਾਣ ਲੱਗ ਪਿਆ ਸੀ ਕਿ ਨਵੀਂ ਛੁਰਲੀ ਕੀ ਛੱਡੀ ਗਈ ਹੈ। ਲੱਗਭੱਗ ਹਰ ਇੱਕ ਨੂੰ ਇਸ ਦੇ ਘਾੜੇ ਦਾ ਪਤਾ ਵੀ ਲੱਗ ਗਿਆ, ਹਾਲਾਂਕਿ ਨੱਤ ਦਾ ਕਿਤੇ ਨਾਂਅ ਨਹੀਂ ਸੀ ਛਪਦਾ।  ਪਿੱਛੋਂ ਜਦੋਂ ਉਸ ਨੇ ਲਿਬਰੇਸ਼ਨ ਗਰੁੱਪਾਂ ਦੀ ਪੰਜਾਬ ਇਕਾਈ ਦੇ  ਬੁਲਾਰੇ ਵਜੋਂ 'ਲੋਕ ਮੋਰਚਾ' ਸ਼ੁਰੂ ਕੀਤਾ ਤਾਂ ਇਸ ਵਿੱਚ ਵੀ ਉਸ ਦਾ ਇਹ ਕਾਲਮ 'ਮੂੜ੍ਹਮੱਤ' ਛਪਣ ਲੱਗਾ, ਭਾਵੇਂ ਹੁਣ ਉਹ ਲਹਿਰ ਬਾਰੇ ਤਿੱਖੀਆਂ ਟਿੱਪਣੀਆਂ ਤੋਂ ਗੁਰੇਜ਼ ਕਰ ਜਾਂਦਾ।  ਸੰਨ 1988 ਦੇ ਆਸ-ਪਾਸ ਸ਼ੁਰੂ ਕੀਤਾ

ਉਸ ਦਾ ਇਹ ਕਾਲਮ ਲੱਗਭੱਗ 98-99 ਤੱਕ ਜਾਰੀ ਰਿਹਾ; ਉਸ ਦੇ ਕਮਿਊਨਿਸਟ ਢਾਂਚੇ 'ਚ ਖਚਤ ਹੋ ਜਾਣ ਤੱਕ।  ਇੰਜੀਨੀਅਰ ਟੀ ਐੱਸ ਸੰਧੂ, ਸਵਪਨ ਮੁਖਰਜੀ, ਬਿ੍ਜ ਬਿਹਾਰੀ ਪਾਂਡੇ ਦੇ ਲਗਾਤਾਰ ਸੰਪਰਕ ਕਾਰਨ ਉਹ ਲਿਬਰੇਸ਼ਨ ਗਰੁੱਪ ਨਾਲ ਜੁੜ ਗਿਆ ਸੀ।  ਭਾਵੇਂ ਉਸ ਨੇ ਇਸ ਦਾ ਪਹਿਲਾਂ-ਪਹਿਲਾਂ ਖੁੱਲ੍ਹੇਆਮ ਐਲਾਨ ਨਾ ਕੀਤਾ, ਇਸ ਦਾ ਖੁੱਲ੍ਹਾ ਅਹਿਸਾਸ ਉਦੋਂ ਹੋਇਆ, ਜਦੋਂ ਉਸ ਨੇ ਡੈਮੋਕਰੇਟਿਕ ਪੀਪਲਜ਼ ਫਰੰਟ ਭੰਗ ਕਰਕੇ ਇਸ ਨੂੰ ਇੰਡੀਅਨ ਪੀਪਲਜ਼ ਫਰੰਟ ਦੀ ਇਕਾਈ 'ਚ ਤਬਦੀਲ ਕਰਨ ਦਾ ਮਤਾ ਲਿਆਂਦਾ। ਉਂਜ ਇਸ ਬਾਰੇ ਉਸ ਨੇ ਨੇੜਲੇ ਘੇਰੇ 'ਚ ਸਲਾਹ ਕਰ ਲਈ ਸੀ। ਫਿਰ ਖੁੱਲ੍ਹੀ ਮੀਟਿੰਗ ਸੱਦ ਕੇ ਜਦੋਂ ਡੀ ਪੀ ਐੱਫ ਨੂੰ ਭੰਗ ਕਰਕੇ ਆਈ ਪੀ ਐੱਫ ਦੀ ਤਲਵਾੜਾ ਇਕਾਈ 'ਚ ਤਬਦੀਲ ਕਰਨ ਦਾ ਬਹੁ-ਸੰਮਤੀ ਨਾਲ ਫੈਸਲਾ ਲਿਆ ਤਾਂ ਮਾਸਟਰ ਗੁਰਮੀਤ ਹੇਅਰ ਸਣੇ ਕੁਝ ਜਣੇ ਇਸ ਤੋਂ ਵੱਖ ਹੋ ਗਏ। ਕੁਝ ਉਂਜ ਹੀ ਗੈਰ ਸਰਗਰਮ ਹੋ ਗਏ ਕਿ ਆਈ ਪੀ ਐੱਫ ਲਿਬਰੇਸ਼ਨ ਵਾਲਿਆਂ ਦਾ ਖੁੱਲ੍ਹਾ ਰਾਜਨੀਤਕ ਮੰਚ ਸੀ, ਨਕਸਲੀ-ਰਾਜਨੀਤੀ ਦਾ ਵਾਹਨ। ਅਸੀਂ ਕੁਝ ਜਣੇ ਇਸ ਨਾਲ ਬਣੇ ਰਹੇ ਤਾਂ ਇਸ ਦਾ ਕਾਰਨ ਨੱਤ ਦੀ ਉਦਾਰ ਸ਼ਖਸੀਅਤ ਹੀ ਸੀ। ਉਸ ਨੇ ਕਦੀ ਵੀ ਮੈਨੂੰ ਲਿਬਰੇਸ਼ਨ ਦਾ ਮੈਂਬਰ ਬਣਨ ਲਈ ਨਾ ਕਿਹਾ, ਨਾ ਹੀ ਨਕਸਲੀ ਰਾਜਨੀਤੀ ਨਾਲ ਸਿੱਧੇ ਰੂਪ 'ਚ ਜੁੜਨ ਲਈ। ਉਸ ਨੂੰ ਪਤਾ ਸੀ ਮੈਂ ਮਾਰਕਸੀਆਂ ਦੇ ਨੇੜੇ ਹਾਂ, ਪਰ ਹੌਲੀ-ਹੌਲੀ ਮੇਰਾ ਝੁਕਾਅ ਮਾਰਕਸੀਆਂ ਵੱਲੋਂ ਘਟ ਰਿਹਾ ਸੀ ਤੇ ਤਲਵਾੜੇ ਵਾਲੇ ਘੇਰੇ 'ਚ ਵਧਦਾ ਜਾ ਰਿਹਾ ਸੀ।  

ਕਾਮਰੇਡ ਸੁਖਦਰਸ਼ਨ ਨੱਤ ਬਾਰੇ ਹਿੰਦੀ ਦੀ ਨਕਸਲਬਾੜੀ ਸਕਰੀਨ ਵਿੱਚ ਵੀ ਵਿਸ਼ੇਸ਼ ਲਿਖਤ 

ना संघर्ष ना तकलीफ, तो क्या मजा है जीने में

ਮਈ 1989 'ਚ ਮੈਂ 'ਨਵਾਂ ਜ਼ਮਾਨਾ' ਦੇ ਸੰਪਾਦਕੀ ਸਟਾਫ 'ਚ ਸ਼ਾਮਲ ਹੋ ਜਲੰਧਰ ਆ ਕੇ ਰਹਿਣ ਲੱਗਾ ਤਾਂ ਵੀ ਮੇਰਾ ਉਸ ਨਾਲ ਨੇੜ ਬਣਿਆ ਰਿਹਾ। ਮਹੀਨੇ-ਵੀਹੀਂ ਦਿਨੀਂ ਪਿੰਡ ਜਾਂਦਾ ਤਾਂ ਜਾਂਦਿਆਂ ਜਾਂ ਮੁੜਦਿਆਂ ਇੱਕ ਅੱਧੀ ਰਾਤ ਲਈ ਤਲਵਾੜੇ ਜਾ ਵੜਦਾ। ਉੱਥੇ ਉਹੀ ਗੱਲਾਂ; ਮਾਰਕਸਵਾਦ ਤੇ ਇਸ ਲਈ ਸਰਗਰਮ ਕਮਿਊਨਿਸਟ ਪਾਰਟੀਆਂ/ਧਿਰਾਂ ਬਾਰੇ, ਸਮਾਜਕ ਸਰੋਕਾਰਾਂ ਦੇ ਬਦਲਦੇ ਹੋਏ ਪਰਿਪੇਖ।  ਆਪਣੇ ਘਰ ਮਾਨਸਾ ਜਾਂਦਾ ਉਹ ਵੀ ਕਦੀ ਮੇਰੇ ਕੋਲ ਆ ਜਾਂਦਾ।  ਇਸ ਨਾਲ ਬਾਹਰ ਇਹ ਪ੍ਰਭਾਵ ਬਣਦਾ ਗਿਆ ਕਿ ਮੈਂ ਨਕਸਲੀਆਂ ਦੇ ਨਾਲ ਹਾਂ, ਉਹਨਾਂ ਦਾ ਮੈਂਬਰ; ਹਾਲਾਂਕਿ ਮੈਂ ਮੈਂਬਰ ਨਹੀਂ ਸਾਂ ਤੇ ਨਾ ਹੀ ਲਿਬਰੇਸ਼ਨ ਦੀ ਕੋਈ ਸਰਗਰਮੀ ਕਰਦਾ। ਸੰਨ 1994 'ਚ ਨੱਤ ਪਰਵਾਰ ਵੀ ਬਦਲੀ ਕਰਵਾ ਕੇ ਪਹਿਲਾਂ ਲੁਧਿਆਣੇ ਤੇ ਫਿਰ ਮਾਨਸਾ ਚਲਿਆ ਗਿਆ। ਉੱਥੇ ਜਾ ਕੇ ਉਸ ਨੇ 'ਲੋਕ ਮੋਰਚਾ' ਕੱਢਣਾ ਸ਼ੁਰੂ ਕਰ ਦਿੱਤਾ। ਇਹ ਛਪਦਾ ਜਲੰਧਰ ਤੋਂ ਸੀ। ਇਸ ਦਾ ਮੈਟਰ ਕੋਰੀਅਰ ਰਾਹੀਂ ਮੈਨੂੰ ਜਾਂ ਛਾਬੜਾ ਪ੍ਰੈੱਸ 'ਤੇ ਭੇਜ ਦਿੰਦਾ। ਇਸ ਦੇ ਇੱਕ ਸਫੇ 'ਤੇ ਕਵਿਤਾਵਾਂ ਛਪਦੀਆਂ ਸਨ, ਜਿਹੜੀਆਂ ਮੈਂ ਲੇਖਕਾਂ ਤੋਂ ਮੰਗਵਾ ਦਿੰਦਾ ਜਾਂ ਕਦੇ ਪਰਚੇ ਦੇ ਪਰੂਫ ਪੜ੍ਹ ਦਿੰਦਾ। ਇੰਨਾ ਕੁ ਉਸ ਨੇ ਮੈਨੂੰ ਨਾਲ ਜੋੜ ਲਿਆ ਸੀ। ਇਹਨਾਂ ਹੀ ਦਿਨਾਂ ਦੀ ਗੱਲ ਹੈ, ਸ਼ਾਇਦ 2002 ਦੇ ਆਸਪਾਸ ਦੀ ਕਿ ਇੱਕ ਵਾਰ ਆਇਆ ਉਹ ਮੈਨੂੰ ਕਹਿੰਦਾ, 'ਤੂੰ ਲਿਬਰੇਸ਼ਨ ਦਾ ਮੈਂਬਰ ਹੀ ਬਣ ਜਾ।''

''ਨਹੀਂ ਯਾਰ, ਮੇਰੇ ਕੋਲ ਪੜ੍ਹਨ-ਲਿਖਣ 'ਚੋਂ ਸਮਾਂ ਨਹੀਂ ਨਿਕਲ ਸਕਣਾ? ਫਿਰ ਨੌਕਰੀ।'' ਮੈਂ ਟਾਲਾ ਵੱਟਿਆ। ਅਸਲ 'ਚ ਕਮਿਊਨਿਸਟ ਲਹਿਰ ਨਾਲ ਲੰਮੇ ਸਮੇਂ ਤੋਂ ਵਿਚਰਦਿਆਂ ਇਸ ਦੀਆਂ ਜਥੇਬੰਦਕ ਸੀਮਤਾਈਆਂ ਤੋਂ ਜਾਣੂੰ ਹੋ ਚੁੱਕਾ ਸਾਂ।

''ਕਰਨਾ ਕੀ ਹੈ?  'ਲੋਕ ਮੋਰਚੇ' ਲਈ ਤਾਂ ਤੂੰ ਕੁਝ ਨਾ ਕੁਝ ਪਹਿਲਾਂ ਹੀ ਕਰਦਾ ਰਹਿਨੈ...ਬਸ ਇਹੀ ਕਰਨਾ। ਹੋਰ ਤੈਥੋਂ ਮਜ਼ਦੂਰ ਸਭਾ ਦੀ ਭਰਤੀ ਥੋੜ੍ਹਾ ਕਰਵਾਵਾਂਗੇ। !' ਉਦੋਂ ਸ਼ਾਇਦ ਉਹ ਲਿਬਰੇਸ਼ਨ ਵੱਲੋਂ ਪੰਜਾਬ ਦਾ ਇੰਚਾਰਜ ਸੀ।|

''ਮੈਂ ਪਾਰਟੀਆਂ ਵਾਲੇ ਬੰਧੇਜ 'ਚ ਵੀ ਨਹੀਂ ਬੱਝ ਸਕਦਾ ਕਿ ਜੇ ਤੁਹਾਨੂੰ ਕੋਈ ਪੈਂਤੜਾ/ਨੀਤੀ  ਗਲਤ ਲੱਗ ਰਹੀ ਹੋਵੇ ਤਾਂ ਵੀ ਅਨੁਸ਼ਾਸਨ ਦੇ ਨਾਂਅ ਹੇਠ ਉਸ ਨੂੰ ਸਹੀ ਸਾਬਤ ਕਰਨ ਲਈ ਦਲੀਲ ਘੜੀ ਜਾਓ ਜਾਂ ਸਰਗਰਮੀ ਕਰੋ |''

''ਇਸ ਮਾਮਲੇ 'ਚ ਲੇਖਕਾਂ, ਕਵੀਆਂ ਨੂੰ ਖੁੱਲ੍ਹ ਹੁੰਦੀ ਹੈ।'' ਉਸ ਨੇ ਹੱਸ ਕੇ ਕਿਹਾ ਤੇ ਮੇਰਾ ਫਾਰਮ ਭਰ ਦਿੱਤਾ। ਇਸ ਫਾਰਮ ਭਰੇ ਨੂੰ ਮਸਾਂ ਪੰਜ-ਛੇ ਮਹੀਨੇ ਹੀ ਹੋਏ ਸਨ ਕਿ ਕਾਮਰੇਡ ਜੀਤਾ ਕੌਰ ਕੇਂਦਰੀ ਕਮੇਟੀ ਵੱਲੋਂ ਪੰਜਾਬ ਦੀ ਲਿਬਰੇਸ਼ਨ ਇਕਾਈ ਦੀ ਇੰਚਾਰਜ ਬਣ ਕੇ ਆ ਗਈ। ਕੇਂਦਰ ਦੇ ਕੰਮ-ਢੰਗ ਅਨੁਸਾਰ ਉਸ ਨੇ ਪੰਜਾਬ 'ਚ ਵੀ ਆਪਣੀਆਂ ਜਥੇਬੰਦਕ ਸਰਗਰਮੀਆਂ ਆਰੰਭੀਆਂ ਤਾਂ ਇੱਕ ਦਿਨ ਸ਼ਾਮ ਜਿਹੀ ਨੂੰ ਮੈਨੂੰ ਫੋਨ ਆਇਆ, ''ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ।'' ਉਹ ਜਲੰਧਰ ਕਿਸੇ ਸੰਪਰਕ ਕੋਲ ਠਹਿਰੀ ਹੋਈ ਸੀ। ਮੈਂ ਉਸ ਵੇਲੇ ਦਫਤਰ ਸਾਂ ਤੇ ਉਸ ਨੂੰ ਸ਼ਾਮ ਛੇ ਕੁ ਵਜੇ ਘਰ ਆਉਣ ਲਈ ਕਹਿ ਦਿੱਤਾ। ਘਰ ਆ ਚਾਹ ਪੀਂਦਿਆਂ ਉਸ ਨੇ ਗੱਲ ਸ਼ੁਰੂ ਕਰ ਲਈ, ''ਤੁਸੀਂ ਪਾਰਟੀ ਲਈ ਕੀ ਜਥੇਬੰਦਕ ਸਰਗਰਮੀ ਕਰਦੇ ਹੋ?''

ਕਾਮਰੇਡ ਸੁਖਦਰਸ਼ਨ ਨੱਤ ਬਾਰੇ ਹਿੰਦੀ ਦੀ ਨਕਸਲਬਾੜੀ ਸਕਰੀਨ ਵਿੱਚ ਵੀ ਵਿਸ਼ੇਸ਼ ਲਿਖਤ 

ना संघर्ष ना तकलीफ, तो क्या मजा है जीने में

''ਮੇਰੇ ਕੋਲ ਸਮਾਂ ਨਹੀਂ ਹੁੰਦਾ |''

''ਹਰ ਮੈਂਬਰ ਨੂੰ ਪਾਰਟੀ ਲਈ ਕੁਝ ਨਾ ਕੁਝ ਕਰਨਾ ਚਾਹੀਦਾ।  ਰੈਲੀਆਂ, ਧਰਨਿਆਂ, ਮੁਜ਼ਾਹਰਿਆਂ ਲਈ ਤਿਆਰੀ ਤੇ ਸ਼ਮੂਲੀਅਤ।''

''ਨੱਤ ਨੂੰ ਮੇਰੇ ਬਾਰੇ ਪਹਿਲਾਂ ਹੀ ਪਤਾ ਹੈ। ਮੈਂ ਇਹੋ ਜਿਹਾ ਕੁਝ ਨਹੀਂ ਕਰ ਸਕਦਾ। ਹਾਂ, ਕਦੀ-ਕਦੀ 'ਲੋਕ ਮੋਰਚਾ' ਲਈ ਕੁਝ ਕਰ ਦਿੰਦਾ ਹਾਂ |''

''ਨੌਕਰੀ ਤੋਂ ਬਾਅਦ ਤਾਂ ਸਮਾਂ ਹੁੰਦਾ ਹੀ ਹੈ |''

''ਉਹ ਮੈਂ ਪੜ੍ਹਨ-ਲਿਖਣ 'ਤੇ ਲਾਉਂਦਾ ਹਾਂ...ਪੜ੍ਹਦਾ-ਲਿਖਦਾ ਭਾਵੇਂ ਸਮਾਜਿਕ ਬਦਲਾਅ ਬਾਰੇ ਹੀ ਬਹੁਤਾ ਹਾਂ, ਪਰ ਉਹ ਮੇਰੇ ਆਪਣੇ ਪ੍ਰੋਗਰਾਮ ਅਨੁਸਾਰ ਹੁੰਦਾ।''

''ਫਿਰ ਤੁਸੀਂ ਪਾਰਟੀ ਮੈਂਬਰ ਨਹੀਂ ਰਹਿ ਸਕਦੇ।''

''ਠੀਕ ਹੈ, ਮੈਨੂੰ ਇਸ 'ਤੇ ਕੋਈ ਇਤਰਾਜ਼ ਨ੍ਹੀ!'' ਮੈਂ ਕਿਹਾ ਤਾਂ ਉਸ ਨੇ ਕੱਪ 'ਚ ਬਚਦੀ ਚਾਹ ਵੱਡੇ-ਵੱਡੇ ਘੁੱਟ ਭਰ ਕੇ ਪੀਤੀ ਤੇ 'ਚੰਗਾ ਚਲਦੀ ਹਾਂ' ਕਹਿ ਕੇ ਚਲੀ ਗਈ। ਇਉਂ ਨਾਲ ਹੀ ਮੇਰੀ ਮੈਂਬਰੀ ਖਤਮ ਹੋ ਗਈ।

ਪਿੱਛੋਂ ਅਸੀਂ ਕਿਸੇ ਸਮਾਗਮ 'ਤੇ ਮਿਲੇ ਤਾਂ ਮੈਂ ਉਸ ਨੂੰ ਜੀਤਾ ਕੌਰ ਨਾਲ ਹੋਈ ਗੱਲ ਦੱਸੀ। ਉਸ ਨੇ ਹੱਸ ਕੇ ਗੱਲ ਕਿਸੇ ਹੋਰ ਮਸਲੇ 'ਤੇ ਸ਼ੁਰੂ ਕਰ ਲਈ। ਇਹ ਉਸ ਦਾ ਖਾਸ ਅੰਦਾਜ਼ ਹੈ। ਜਦੋਂ ਪਾਰਟੀ ਜਥੇਬੰਦੀ ਬਾਰੇ ਕਿਸੇ ਮਸਲੇ 'ਤੇ ਉਂਗਲ ਰੱਖੀ ਜਾਵੇ, ਉਹ ਜਾਂ ਤਾਂ ਚੁੱਪ ਰਹਿੰਦਾ ਹੈ ਤੇ ਜਾਂ ਫਿਰ ਪਾਰਟੀ ਦੀ ਜੋ  ਪ੍ਰਵਾਨਿਤ ਲਾਇਨ ਹੈ, ਉਸ ਦੀ ਵਿਆਖਿਆ ਕਰਨ ਲੱਗ ਪਵੇਗਾ। ਵੱਧ ਤੋਂ ਵੱਧ ਜੋ ਮੰਨਦਾ, ਉਹ ਹੁੰਦਾ, ''ਹਾਂ, ਸਾਨੂੰ ਪਤਾ ਗੜਬੜਾਂ ਹਨ, ਪਰ ਇਹ ਅਸੀਂ ਹੀ ਠੀਕ ਕਰਨੀਆਂ!  ਇਹਨਾਂ ਲਈ ਯਤਨ ਜਾਰੀ ਹਨ।''

''ਯਤਨ ਜਾਰੀ ਹਨ ਤਾਂ ਕਮਿਊਨਿਸਟ ਲਹਿਰ ਦਿਨੋ-ਦਿਨ ਸੁੰਗੜ ਕਿਉਂ ਰਹੀ ਹੈ? ਤੇਰੇ ਵਰਗੇ ਪ੍ਰਤਿਭਾਸ਼ੀਲ ਬੰਦੇ ਨੂੰ ਜਥੇਬੰਦਕ ਢਾਂਚੇ 'ਚ ਤੁਰੇ ਫਿਰਨ ਨੂੰ ਛੱਡ ਕੇ ਸਿਧਾਂਤਕ ਸਵਾਲਾਂ 'ਤੇ ਮੱਥਾ ਮਾਰਨਾ ਚਾਹੀਦਾ, ਕਿ ਕਿਉਂ ਲਹਿਰ ਖੜੋਤ ਦੀ ਸ਼ਿਕਾਰ ਹੈ? ਕੀ ਕਾਰਨ ਹੈ ਮੌਕਾ ਮਿਲਦਿਆਂ ਹੀ ਕਈ ਆਗੂ/ਕਾਰਕੁੰਨ ਦੂਸਰੀਆਂ ਖੱਬੀਆਂ ਪਾਰਟੀਆਂ/ਧੜਿਆਂ ਤੋਂ ਅਗਾਂਹ ਬੁਰਜੂਆ ਰਾਜਨੀਤੀ ਤੱਕ ਜਾ ਛਾਲ ਮਾਰਦੇ ਹਨ? ਕਿਉਂ ਲੱਗਭੱਗ ਇੱਕ ਸਦੀ ਦੀ ਸਰਗਰਮੀ ਦੇ ਬਾਵਜੂਦ  ਲਹਿਰ ਅੰਦਰ ਕੋਈ ਕਮਿਊਨਿਸਟ ਕਲਚਰ ਨਹੀਂ ਉਸਰ ਸਕਿਆ, ਜਿਸ ਲਈ ਸ਼ੁਰੂ-ਸ਼ੁਰੂ 'ਚ ਕੁਝ ਸੰਜੀਦਾ ਯਤਨ ਹੋਵੇ ਵੀ ਸਨ?'' ਗੱਲਾਂ ਤਾਂ ਉਸ ਨੂੰ ਵੀ ਇਹ ਠੀਕ ਲੱਗਦੀਆਂ, ਨਿੱਜੀ ਜ਼ਿੰਦਗੀ 'ਚ ਉਹ ਇਹਨਾਂ ਨੂੰ ਲਾਗੂ ਵੀ ਕਰਦਾ ਹੈ। 

ਪੰਜਾਬ ਦੇ ਅੱਜ ਦੇ ਬਹੁਤੇ ਆਗੂਆਂ/ਕਾਰਕੁਨਾਂ ਨਾਲੋਂ ਉਹ ਲਹਿਰ ਨਾਲ ਵਧੇਰੇ ਅੰਦਰੋਂ-ਬਾਹਰੋਂ ਜੁੜਿਆ ਹੋਇਆ ਹੈ। ਉਸ ਦਾ ਛੋਟਾ ਭਰਾ ਰਾਜਵਿੰਦਰ ਰਾਣਾ ਲਿਬਰੇਸ਼ਨ ਦੀ ਪੰਜਾਬ ਇਕਾਈ ਦੇ ਸੀਨੀਅਰ ਆਗੂਆਂ 'ਚੋਂ ਹੈ ਤੇ ਬੀਵੀ ਜਸਬੀਰ ਕੌਰ ਨੱਤ ਪੰਜਾਬ ਦੀਆਂ ਸਰਗਰਮ ਇਸਤਰੀ ਆਗੂਆਂ 'ਚੋਂ। ਬੇਟੀ ਨਵਕਿਰਨ ਨੱਤ ਨੌਜੁਆਨ ਸਭਾ 'ਚ ਸਰਗਰਮ ਹੈ, ਪਰ ਲਿਖਣ/ਬੋਲਣ ਤੇ ਸੋਸ਼ਲ ਮੀਡੀਆ 'ਤੇ ਆਪਣੀ ਗੱਲ ਦਲੇਰੀ ਨਾਲ ਰੱਖਣ ਕਰਕੇ ਉਸ ਨੇ ਰੈਡੀਕਲ ਨਾਰੀਵਾਦੀ ਚਿੰਤਕ ਵਜੋਂ ਆਪਣੀ ਇੱਕ ਆਜ਼ਾਦ ਪਛਾਣ ਵੀ ਬਣਾ ਲਈ ਹੈ।  ਬੇਟਾ ਅਮਨ ਨੱਤ ਵੀ ਲਹਿਰ ਨਾਲ ਸਰਗਰਮੀ ਨਾਲ ਜੁੜਿਆ ਹੋਇਆ। 

ਮੈਂ 'ਨਵਾਂ ਜ਼ਮਾਨਾ' 'ਚ ਸੀ ਤੇ ਸੰਨ 2014 'ਚ 'ਐਤਵਾਰਤਾ' 'ਚ ਇੱਕ ਸੰਵਾਦ ਸ਼ੁਰੂ ਕੀਤਾ 'ਪੰਜਾਬ ਦੀ ਕਮਿਊਨਿਸਟ ਲਹਿਰ ਦਾ ਭਵਿੱਖ।' ਮਕਸਦ ਸੀ ਜਿਸ ਖੜੋਤ 'ਚ ਲਹਿਰ ਪੁੱਜ ਚੁੱਕੀ ਹੈ, ਉਸ ਜੜ੍ਹਤਾ 'ਚੋਂ ਨਿਕਲਣ ਬਾਰੇ ਚਰਚਾ ਲਈ ਸਾਰੀਆਂ ਸਰਗਰਮ ਧਿਰਾਂ ਨੂੰ ਮੰਚ ਮੁਹੱਈਆ ਕੀਤਾ ਜਾਵੇ ਕਿ ਸ਼ਾਇਦ ਵਿਚਾਰ-ਚਰਚਾ 'ਚੋਂ ਕੋਈ ਦਿਸ਼ਾ/ਸੰਕੇਤ ਉੱਭਰ ਸਕਣ। ਇਸ ਵਿੱਚ ਦੋ-ਤਿੰਨ ਨੂੰ ਛੱਡ ਕੇ ਬਾਕੀ ਸਾਰੇ ਕਮਿਊਨਿਸਟ ਆਗੂਆਂ/ਕਾਰਕੁੰਨਾਂ ਨੇ ਆਪਣੇ-ਆਪਣੇ ਧੜੇ ਦੀਆਂ ਪ੍ਰਵਾਨਿਤ ਲਾਇਨਾਂ ਤੋਂ ਬਾਹਰ ਝਾਕਣਾ ਤਾਂ ਕੀ, ਇਹ ਵੀ ਨਾ ਦੇਖਿਆ ਕਿ  ਉਹਨਾਂ ਤੋਂ ਬਿਨਾਂ ਕੋਈ ਹੋਰ ਧਿਰ ਵੀ 'ਇਨਕਲਾਬ' ਲਈ ਸਰਗਰਮ ਹੈ।  ਆਪਣੇ ਪਾਰਟੀ ਪ੍ਰੋਗਰਾਮਾਂ ਦੇ ਚਰਬੇ ਹੀ ਲਿਖ ਭੇਜੇ।  ਇੱਕ ਦੋ ਨੇ ਤਾਂ ਆਪਣੇ ਸ਼ਬਦਾਂ 'ਚ ਇਹ ਲਿਖਣ ਦੀ ਵੀ ਜੁਰਅੱਤ ਨਾ ਕੀਤੀ ਤੇ ਪ੍ਰੋਗਰਾਮ ਦੇ ਪਹਿਰੇ ਦੇ ਪਹਿਰੇ ਅਨੁਵਾਦ ਕਰ ਦਿੱਤੇ। ਜਿਨ੍ਹਾਂ ਕੁਝ ਨੇ ਸਥਾਪਤ  ਲਾਇਨ ਤੋਂ ਬਾਹਰ ਕੁਝ ਝਾਕਿਆ, ਨੱਤ ਉਹਨਾਂ 'ਚੋਂ ਇੱਕ ਸੀ। ਮਿਲਣ 'ਤੇ ਮੈਂ ਉਸ ਨੂੰ ਇੰਜ ਦਲੇਰੀ ਨਾਲ ਲਿਖਣ ਲਈ ਵਧਾਈ ਦਿੱਤੀ। ਨਾਲ ਹੀ ਕਿਹਾ, ''ਜਦੋਂ ਤੈਨੂੰ ਲੱਗਦਾ ਮੌਜੂਦਾ ਜਥੇਬੰਦਕ ਢਾਂਚੇ 'ਚ ਕਿਤੇ ਗੜਬੜਾਂ ਹਨ ਤਾਂ ਤੂੰ ਕਿਉਂ ਉਹਨਾਂ 'ਚ ਹੀ ਘੁੰਮੀ ਜਾ ਰਿਹਾ ਹੈਂ। ਕਿਉਂ ਨਹੀਂ ਨਵਾਂ ਕੁਝ ਕਰਨ ਬਾਰੇ ਯਤਨ ਕਰਦਾ, ਜਿਵੇਂ ਸੋਚਦਾ ਹੈਂ?''  ਪਰ ਜੁਆਬ  'ਚ ਉਹ ਫਿਰ ਆਪਣੀ ਪੁਰਾਣੀ ਪੁਜ਼ੀਸ਼ਨ 'ਤੇ ਆ ਗਿਆ, ''ਜਥੇਬੰਦੀ 'ਚ ਕੰਮ ਤੋਂ ਬਿਨਾਂ ਨਿਰੇ ਸੋਚਣ ਨਾਲ ਕੁਝ ਨਹੀਂ ਬਣਦਾ।''

ਉਹ ਨਕਸਲੀ ਆਗੂਆਂ ਦੀ ਦੂਸਰੀ ਪੀੜ੍ਹੀ 'ਚੋਂ ਹੈ। ਲਹਿਰ ਦੇ ਆਗੂਆਂ ਦੇ ਬਹੁਤੇ ਚਰਚਿਤ ਜਾਂ ਉੱਘੇ ਨਾਂਅ,  ਵਿਦਰੋਹ ਫੁੱਟਣ ਦੇ ਸਮੇਂ ਜਾਂ ਇਸ ਦੇ ਆਸ-ਪਾਸ ਆਏ ਹੋਏ ਹਨ। ਉਹਨਾਂ 'ਚੋਂ ਕੁਝ ਤਾਂ ਸੋਚ-ਸਮਝ ਕੇ ਆਏ ਸਨ ਤੇ ਕੁਝ ਲਹਿਰ ਦੇ ਵਹਾਅ 'ਚ ਹੀ, ਐਕਸ਼ਨਾਂ/ਕੇਸਾਂ 'ਚ ਫਿਰ ਅਜਿਹੇ ਉਲਝੇ ਕਿ ਉਹਨਾਂ ਨੂੰ ਰੂਪੋਸ਼ ਹੋਣਾ ਪੈ ਗਿਆ। ਵਿਚਾਲੇ ਉਹਨਾਂ ਨੂੰ ਕਿਤੇ ਕੁਝ ਗਲਤ ਵੀ ਲੱਗਿਆ ਹੋਵੇਗਾ, ਪਰ ਜਥੇਬੰਦਕ ਢਾਂਚੇ 'ਚੋਂ ਪਿਛਾਂਹ ਮੁੜਨ ਦਾ ਰਾਹ ਹੀ ਨਹੀਂ ਸੀ ਬਚਿਆ। ਪੁਲਸ ਤੇ ਸੱਤਾ ਦਾ ਲਗਾਤਾਰ ਦਬਾਅ। ਦਹਾਕੇ, ਡੇਢ ਦਹਾਕੇ ਬਾਅਦ ਜਦੋਂ ਹਾਲਾਤ ਕੁਝ ਨਾਰਮਲ ਹੋਏ ਤਾਂ ਉਹ ਅਧਖੜ ਉਮਰ ਵੱਲ ਉਸ ਪੜਾਅ 'ਚ ਸ਼ਾਮਲ ਹੋ ਚੁੱਕੇ ਸਨ ਕਿ ਪਿਛਾਂਹ ਮੁੜਨ ਦਾ ਕੋਈ ਬਦਲ ਹੀ ਨਹੀਂ ਸੀ ਬਚਿਆ, ਜਿੱਥੋਂ ਜ਼ਿੰਦਗੀ ਦੀ ਨਵੀਂ ਪਾਰੀ ਸ਼ੁਰੂ ਕਰ ਸਕਣ ਤੇ ਉਹ ਜਥੇਬੰਦਕ ਢਾਂਚੇ 'ਚ ਫਿੱਟ ਹੋ ਕੇ ਰੂਟੀਨ ਵਜੋਂ ਹੀ ਤੁਰੇ ਫਿਰਨ ਲੱਗੇ।  ਨੱਤ ਇਸ ਪੀੜ੍ਹੀ ਤੋਂ ਬਾਅਦ, ਲਹਿਰ ਨਾਲ ਉਦੋਂ ਜੁੜਿਆ, ਜਦੋਂ ਲਹਿਰ ਖੜੋਤ ਦਾ ਸ਼ਿਕਾਰ ਹੋਣ ਵੱਲ ਵਧ ਰਹੀ ਸੀ ਤੇ ਇਸ ਖੜੋਤ 'ਚੋਂ ਨਿਕਲਦੀਆਂ ਫੁੱਟਾਂ ਜਾਂ ਫੁੱਟ-ਦਰ-ਫੁੱਟ। ਇਸ ਦੌਰ 'ਚ ਵਿਦਿਆਰਥੀ ਤੇ ਨੌਜੁਆਨ ਸਭਾਵਾਂ 'ਚ ਕਾਰਕੁੰਨ ਆਉਂਦੇ, ਆਪਣੀ ਥੋੜਚਿਰੀ ਭੂਮਿਕਾ ਨਿਭਾਉਂਦੇ, ਪਰ ਜ਼ਿੰਦਗੀ ਭਰ ਦਾ ਮਿਸ਼ਨ ਬਹੁਤ ਘੱਟ ਨੇ ਅਪਣਾਇਆ, ਪਰ ਜਿਸ ਨੇ ਵੀ ਅਪਨਾਇਆ, ਸੋਚ-ਸਮਝ ਕੇ ਅਪਣਾਇਆ। ਇਸ ਸੋਚ-ਸਮਝ ਕੇ ਆਉਣ ਵਾਲੀ ਪੀੜ੍ਹੀ 'ਚੋਂ ਹੀ ਹੈ ਸੁਖਦਰਸ਼ਨ ਨੱਤ, ਜਿਸ ਸਾਹਮਣੇ ਲਹਿਰ ਨਾਲ ਜੁੜਨ ਜਾਂ ਜੁੜੇ ਰਹਿਣ ਦੀ ਕੋਈ ਮਜਬੂਰੀ ਨਹੀਂ ਸੀ, ਉਸ ਲਈ ਕੈਰੀਅਰ ਦੇ ਬਦਲ ਖੁੱਲ੍ਹੇ ਸਨ ਪਰ ਉਹ ਹੁਣ ਤੱਕ ਡਟਿਆ ਆ ਰਿਹਾ ਹੈ। ਪਿਛਲੇ ਲੱਗਭੱਗ ਸਾਢੇ ਚਾਰ ਦਹਾਕਿਆਂ ਦੌਰਾਨ ਉਸ ਦੀ ਸਰਗਰਮੀ ਦੇ ਰੂਪ ਭਾਵੇਂ ਬਦਲਦੇ ਰਹੇ, ਪਹਿਲਾਂ ਵਿਦਿਆਰਥੀ ਲਹਿਰ 'ਚ, ਫਿਰ ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ, ਡੈਮੋਕਰੈਟਿਕ ਪੀਪਲਜ਼ ਫਰੰਟ ਤੋਂ ਲਿਬਰੇਸ਼ਨ ਤੱਕ...ਪਰ ਉਸ ਦੀ ਸੁਰ ਇੱਕੋ ਰਹੀ ਹੈ ਤੇ ਇਸ ਤੇ ਉਸ ਨੂੰ ਮਾਣ ਵੀ ਹੈ!

ਕਾਮਰੇਡ ਸੁਖਦਰਸ਼ਨ ਨੱਤ ਬਾਰੇ ਹਿੰਦੀ ਦੀ ਨਕਸਲਬਾੜੀ ਸਕਰੀਨ ਵਿੱਚ ਵੀ ਵਿਸ਼ੇਸ਼ ਲਿਖਤ 

ना संघर्ष ना तकलीफ, तो क्या मजा है जीने में