Wednesday, August 10, 2022

ਬਿਹਾਰ ਵਿੱਚ ਐਨਡੀਏ ਸਰਕਾਰ ਦਾ ਡਿਗਣਾ ਇੱਕ ਨਵੀਂ ਸ਼ੁਰੁਆਤ

 10th August 2022 at 10:01 AM

ਹੁਣ ਪੂਰੇ ਦੇਸ਼ ਵਿਚ ਤੇਜ਼ ਹੋਵੇਗਾ ਨਵਾਂ ਧਰੁਵੀਕਰਨ-ਲਿਬਰੇਸ਼ਨ

ਪਟਨਾ: 10 ਅਗਸਤ 2022: (ਨਕਸਲਬਾੜੀ ਬਲਾਗ ਬਿਊਰੋ)::  

ਬਿਹਾਰ ਵਿਚਲੇ ਘਟਨਾਕ੍ਰਮ 'ਤੇ ਤੇਜ਼ੀ ਨਾਲ ਪ੍ਰਤੀਕਰਮ ਆ ਰਹੇ ਹਨ। ਵਿਰੋਧੀ ਧਿਰ ਨਾਲ ਜੁੜੇ ਲੋਕ ਅਤੇ ਭਾਜਪਾ ਦੀਆਂ ਨੀਤੀਆਂ ਤੋਂ ਤੰਗ ਆਏ ਲੋਕਾਂ ਵਿਚ ਨਵਾਂ ਉਤਸ਼ਾਹ ਹੈ।  

ਸੀਪੀਆਈ (ਐਮਐਲ) ਦੇ ਜਨਰਲ ਸਕੱਤਰ ਕਾਮਰੇਡ  ਦੀਪਾਂਕਰ ਭੱਟਾਚਾਰੀਆ ਨੇ ਬਿਹਾਰ ਦੇ ਤੇਜ਼ੀ ਨਾਲ ਬਦਲ ਰਹੇ ਸਿਆਸੀ ਹਾਲਾਤ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਸ ਘਟਨਾ ਕ੍ਰਮ ਦਾ ਸੰਦੇਸ਼ ਦੇਸ਼ ਵਿਆਪੀ ਹੈ। ਇਹ ਉਲਟ ਫੇਰ ਦੇਸ਼ ਦੇ ਸੰਵਿਧਾਨ ਤੇ ਲੋਕਤੰਤਰ ਉਤੇ ਭਾਜਪਾ ਵਲੋਂ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਅਤੇ ਦੇਸ਼ 'ਚ ਤਾਨਾਸ਼ਾਹੀ ਥੋਪਣ ਦੀਆਂ ਕੋਸ਼ਿਸ਼ਾਂ ਦੇ ਖਿਲਾਫ ਬੁਨਿਆਦੀ ਅਧਿਕਾਰਾਂ ਦੀ ਰੱਖਿਆ ਲਈ ਦੇਸ਼ ਵਿਚ ਨਵੇਂ ਸਿਆਸੀ ਧਰੁਵੀਕਰਨ ਦਾ ਆਧਾਰ ਤਿਆਰ ਕਰੇਗਾ।

ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਅੱਤ ਦੀਆ ਮਨਮਾਨੀਆਂ, ਵਿਰੋਧੀ ਧਿਰ ਦੀਆਂ ਸਾਰੀਆਂ ਪਾਰਟੀਆਂ ਨੂੰ ਖ਼ਤਮ ਕਰਕੇ ਦੇਸ਼ ਵਿੱਚ ਇੱਕ ਪਾਰਟੀ ਪ੍ਰਣਾਲੀ ਲਾਗੂ ਕਰਨ ਦੀ ਬੇਚੈਨੀ, ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਉਤੇ ਲਗਾਤਾਰ ਹਮਲੇ ਇੰਨੇ ਵਧ ਗਏ ਹਨ ਕਿ ਖੁਦ ਭਾਜਪਾ ਦੇ ਭਾਈਵਾਲ ਦਲ ਵੀ ਦਹਿਸ਼ਤ ਵਿੱਚ ਆ ਗਏ ਹਨ।

ਅਜਿਹੀ ਸਥਿਤੀ ਵਿੱਚ,  ਜਨਤਾ ਦਲ (ਯੂ) ਵਲੋਂ ਚਾਹੇ ਦੇਰ ਨਾਲ ਹੀ ਸਹੀ - ਭਾਜਪਾ ਤੋਂ ਵੱਖ ਹੋਣ ਦੇ ਫੈਸਲੇ ਦਾ ਅਸੀਂ ਸਵਾਗਤ ਕਰਦੇ ਹਾਂ।

ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੀ ਜਨਤਾ ਨੂੰ ਭਾਜਪਾ ਦੀ ਨਫਰਤ ਅਤੇ ਫੁੱਟ ਪਾਊ ਰਾਜਨੀਤੀ ਦਾ ਡੱਟ ਕੇ ਮੁਕਾਬਲਾ ਕਰਨਾ ਹੋਵੇਗਾ।  ਅਸੀਂ ਆਸ ਕਰਦੇ ਹਾਂ ਕਿ ਬਿਹਾਰ ਦੀ ਬਦਲਵੀਂ ਸਰਕਾਰ ਲੋਕਾਂ ਦੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਸਵਾਲਾਂ ਦੇ ਹੱਲ ਲਈ ਸਹੀ ਕਦਮ ਚੁੱਕੇਗੀ ਅਤੇ ਬੁਲਡੋਜ਼ਰ ਰਾਜ ਵਿੱਚ ਚੁੱਕੇ ਗਏ ਸਾਰੇ ਕਦਮਾਂ ਨੂੰ ਵਾਪਸ ਲਵੇਗੀ।

ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਬਿਹਾਰ ਨੂੰ ਯੂਪੀ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।  ਇਸ ਦੇ ਲਈ ਉਹ ਲਗਾਤਾਰ  ਹੇਠਲੇ ਪੱਧਰ ਤੱਕ ਫਿਰਕੂ ਧਰੁਵੀਕਰਨ ਦੀ ਮੁਹਿੰਮ  ਚਲਾ ਰਹੀ ਹੈ।  ਇਸ ਨਫ਼ਰਤ ਭਰੀ ਮੁਹਿੰਮ ਤੋਂ ਛੁਟਕਾਰਾ ਪਾਉਣ ਦੀ ਇੱਛਾ  ਸਮੁੱਚੇ ਬਿਹਾਰੀ ਸਮਾਜ ਦੀ ਇੱਛਾ ਬਣੀ ਹੋਈ ਹੈ। 

ਇਸ ਘਟਨਾਕ੍ਰਮ ਨੇ ਤੇਜ਼ੀ ਨਾਲ ਆਪਣਾ ਰੰਗ ਦਿਖਾਇਆ ਪਰ ਇਸਦੀਆਂ ਸੰਭਾਵਨਾਵਾਂ ਪਹਿਲਾਂ ਹੀ ਬਣ ਚੁੱਕੀਆਂ ਸਨ। ਬਿਹਾਰ ਵਿਚ ਜੇ ਡੀ ਯੂ ਤੇ ਭਾਜਪਾ ਵਿਚਾਲੇ ਗੱਠਜੋੜ ਮੰਗਲਵਾਰ ਫਿਰ ਟੁੱਟ ਗਿਆ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸ਼ਾਮੀਂ ਚਾਰ ਵਜੇ ਰਾਜਪਾਲ ਫਾਗੂ ਚੌਹਾਨ ਨੂੰ ਅਸਤੀਫਾ ਸੌਂਪ ਦਿੱਤਾ ਤੇ ਛੇਤੀ ਬਾਅਦ ਫਿਰ ਰਾਜਪਾਲ ਨੂੰ ਮਿਲ ਕੇ 164 ਵਿਧਾਇਕਾਂ ਦੀ ਹਮਾਇਤ ਨਾਲ ਮੁੜ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ। ਪਹਿਲਾਂ ਨਿਤੀਸ਼ ਨੇ ਰਾਜਪਾਲ ਨੂੰ 160 ਵਿਧਾਇਕਾਂ ਦੀ ਹਮਾਇਤ ਦੀ ਸੂਚੀ ਦਿੱਤੀ ਸੀ। ਅਸਤੀਫਾ ਦੇਣ ਤੋਂ ਬਾਅਦ ਨਿਤੀਸ਼ ਰਾਬੜੀ ਦੇਵੀ ਦੀ ਕੋਠੀ ਪੁੱਜੇ, ਜਿਥੇ ਉਹਨਾਂ ਨੂੰ ਮਹਾਗਠਬੰਧਨ ਦਾ ਆਗੂ ਚੁਣਿਆ ਗਿਆ। ਇਥੇ ਜੀਤਨ ਰਾਮ ਮਾਂਝੀ ਦੀ ਪਾਰਟੀ ਹਿੰਦੁਸਤਾਨੀ ਅਵਾਮ ਮੋਰਚਾ ਵੀ ਨਾਲ ਆ ਗਈ, ਜਿਸਦੇ ਚਾਰ ਵਿਧਾਇਕ ਹਨ। ਨਿਤੀਸ਼ ਇਕ ਵਾਰ ਫਿਰ ਰਾਜਭਵਨ ਗਏ ਤੇ 164 ਵਿਧਾਇਕਾਂ ਦੀ ਸੂਚੀ ਸੌਂਪ ਕੇ ਆਏ। ਚਾਚਾ ਨਿਤੀਸ਼ ਕੁਮਾਰ ਨਾਲ ਲਾਲੂ ਪ੍ਰਸਾਦ ਯਾਦਵ ਦੇ ਦੋਨੋਂ ਬੇਟੇ ਤੇਜੱਸਵੀ ਯਾਦਵ ਤੇ ਤੇਜ ਪ੍ਰਤਾਪ ਵੀ ਸਨ। ਰਾਬੜੀ ਦੀ ਕੋਠੀ ਵਿਚ ਨਿਤੀਸ਼ ਨੇ ਤੇਜੱਸਵੀ ਨੂੰ ਕਿਹਾ ਕਿ 2017 ਵਿਚ ਜੋ ਹੋਇਆ ਉਸ ਨੂੰ ਭੁਲਾ ਕੇ ਨਵਾਂ ਅਧਿਆਇ ਸ਼ੁਰੂ ਕਰੀਏ।

ਅਪੋਜ਼ੀਸ਼ਨ ਪਾਰਟੀਆਂ ਨੇ ਕਿਹਾ ਹੈ ਕਿ ਨਿਤੀਸ਼ ਦਾ ਫੈਸਲਾ ਭਾਰਤੀ ਸਿਆਸਤ ਵਿਚ ਤਬਦੀਲੀ ਨੂੰ ਦਰਸਾਉਂਦਾ ਹੈ। ਸੀ ਪੀ ਆਈ ਦੇ ਜਨਰਲ ਸਕੱਤਰ ਡੀ ਰਾਜਾ ਨੇ ਕਿਹਾ—ਅਕਾਲੀ ਦਲ ਤੇ ਸ਼ਿਵ ਸੈਨਾ ਤੋਂ ਬਾਅਦ ਜੇ ਡੀ ਯੂ ਤੀਜੀ ਮਿਸਾਲ ਹੈ ਜਿਹੜੀ ਦਰਸਾਉਂਦੀ ਹੈ ਕਿ ਭਾਜਪਾ ਦੀ ਤਾਨਾਸ਼ਾਹੀ ਕਰਕੇ ਉਸ ਨਾਲ ਮਿਲ ਕੇ ਨਹੀਂ ਚੱਲਿਆ ਜਾ ਸਕਦਾ। ਤਾਮਿਲਨਾਡੂ ਵਿਚ ਅੰਨਾ ਡੀ ਐੱਮ ਕੇ ਵੀ ਭਾਜਪਾ ਕੋਲੋਂ ਛੁਡਾਉਣ ਨੂੰ ਫਿਰ ਰਹੀ ਹੈ।  ਸੀ ਪੀ ਆਈ ਦੇ ਰਾਜ ਸਭਾ ਮੈਂਬਰ ਬਿਨੋਇ ਵਿਸ਼ਵਮ ਨੇ ਕਿਹਾ ਕਿ ਬਿਹਾਰ ਦੀਆਂ ਘਟਨਾਵਾਂ ਭਾਰਤੀ ਸਿਆਸਤ ਵਿਚ ਦੂਰਰਸ ਤਬਦੀਲੀ ਦਾ ਸੁਨੇਹਾ ਦਿੰਦੀਆਂ ਹਨ। ਅੰਤਮ ਨਤੀਜੇ ਦਾ ਪਤਾ ਅਹਿਮ ਖਿਡਾਰੀਆਂ ਦੇ ਰਵੱਈਏ ਤੋਂ ਪਤਾ ਲੱਗੇਗਾ। ਸੀ ਪੀ ਆਈ ਨੇ ਸਪਸ਼ਟ ਕੀਤਾ ਕਿ ਅਸੀਂ ਭਾਜਪਾ ਤੇ ਆਰ ਐੱਸ ਐੱਸ ਖਿਲਾਫ ਲੜਾਈ ਵਿਚ ਆਪਣਾ ਜ਼ਿੰਮੇਵਾਰਾਨਾ ਰੋਲ ਨਿਭਾਉਂਦੇ ਰਹਾਂਗੇ। ਤਿ੍ਣਮੂਲ ਕਾਂਗਰਸ ਦੇ ਰਾਜ ਸਭਾ ਮੈਂਬਰ ਡੈਰੇਕ ਓ’ਬ੍ਰਾਇਨ ਨੇ ਕਿਹਾ ਕਿ ਬਿਹਾਰ ਦੀ ਸਥਿਤੀ ਵੀ ਇਕ ਕਾਰਨ ਹੈ ਕਿ ਸੰਸਦ ਦਾ ਮਾਨਸੂਨ ਅਜਲਾਸ ਸਮੇਂ ਤੋਂ ਚਾਰ ਦਿਨ ਪਹਿਲਾਂ ਉਠਾ ਦਿੱਤਾ ਗਿਆ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ—ਅੱਜ ਦੇ ਦਿਨ ਅੰਗਰੇਜ਼ੋ ਭਾਰਤ ਛੋੜੋ ਦਾ ਨਾਅਰਾ ਦਿੱਤਾ ਗਿਆ ਸੀ ਤੇ ਅੱਜ ਬਿਹਾਰ ਤੋਂ ‘ਭਾਜਪਾ ਭਗਾਓ’ ਦਾ ਨਾਅਰਾ ਆਇਆ ਹੈ।

ਨਿਤੀਸ਼ ਵੱਲੋਂ ਸਵੇਰੇ ਸੱਦੀ ਗਈ ਵਿਧਾਇਕਾਂ ਦੀ ਮੀਟਿੰਗ ਵਿਚ ਭਾਜਪਾ ਦਾ ਸਾਥ ਛੱਡਣ ਦਾ ਫੈਸਲਾ ਲਿਆ ਗਿਆ। ਉਸੇ ਸਮੇਂ ਤੇਜੱਸਵੀ ਨੇ ਵਿਧਾਇਕ ਦਲ ਦੀ ਮੀਟਿੰਗ ਕਰਕੇ ਨਿਤੀਸ਼ ਦੀ ਹਮਾਇਤ ਦਾ ਫੈਸਲਾ ਕੀਤਾ। ਕਾਂਗਰਸ ਤੇ ਖੱਬੀਆਂ ਪਾਰਟੀਆਂ ਦੇ ਮੈਂਬਰ ਵੀ ਹਮਾਇਤ ਵਿਚ ਹਨ। 

ਨਿਤੀਸ਼ ਕੁਮਾਰ ਦਾ ਗੁੱਸਾ ਉਦੋਂ ਖਤਰੇ ਦੇ ਨਿਸ਼ਾਨ ‘ਤੇ ਪੁੱਜਾ, ਜਦੋਂ ਪਤਾ ਲੱਗਾ ਕਿ ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਉਨ੍ਹਾ ਦੀ ਪਾਰਟੀ ਨੂੰ ਤੋੜਨ ਦੇ ਜਤਨ ਕਰ ਰਹੇ ਹਨ। ਲਾਲੂ ਪ੍ਰਸਾਦ ਯਾਦਵ ਨੇ ਕਿਸੇ ਸਮੇਂ ਕਿਹਾ ਸੀ—ਜਬ ਤਕ ਰਹੇਗਾ ਸਮੋਸੇ ਮੇਂ ਆਲੂ, ਤਬ ਤਕ ਰਹੇਗਾ ਬਿਹਾਰ ਮੇਂ ਲਾਲੂ।

ਲਾਲੂ ਪ੍ਰਸਾਦ ਯਾਦਵ ਦੀ ਬੇਟੀ ਰੋਹਿਨੀ ਅਚਾਰੀਆ ਨੇ ਨਿਤੀਸ਼ ਦੇ ਭਾਜਪਾ ਦਾ ਸਾਥ ਛੱਡਣ ਦਰਮਿਆਨ ਭੋਜਪੁਰੀ ਫ਼ਿਲਮਾਂ ਦੇ ਸੁਪਰਸਟਾਰ ਖੇਸਾਰੀ ਲਾਲ ਯਾਦਵ ਦਾ ਗੀਤ ਟਵੀਟ ਕੀਤਾ, ਜਿਸ ‘ਚ ਬਿਹਾਰ ‘ਚ ਸਰਕਾਰ ਬਣਾਉਣ ਦੀ ਗੱਲ ਹੋ ਰਹੀ ਹੈ। ਲਾਲੂ ਯਾਦਵ ਦੇ ਨਾਂਅ ‘ਤੇ ਇਹ ਗੀਤ ਹੈ। ਇਸ ਗੀਤ ਦੇ ਨਾਲ ਰੋਹਿਨੀ ਨੇ ਇੱਕ ਲਾਈਨ ਦਾ ਟਵੀਟ ਵੀ ਲਿਖਿਆ। ਇਸ ਗੀਤ ਦੇ ਬੋਲ ਹਨ, ‘ਲਾਲੂ ਬਿਨਾਂ ਚਾਲੂ ਈ ਬਿਹਾਰ ਨਾ ਹੋਈ’।  ਇਸ ਗੀਤ ਨੂੰ ਖੇਸਾਰੀ ਲਾਲ ਯਾਦਵ ਨੇ ਗਾਇਆ ਹੈ। ਇਸ ਟਵੀਟ ਦੇ ਨਾਲ ਹੀ ਰੋਹਿਨੀ ਅਚਾਰੀਆ ਨੇ ਲਿਖਿਆ, ‘ਰਾਜਤਿਲਕ ਕੀ ਕਰੋ ਤਿਆਰੀ, ਆ ਰਹੇ ਲਾਲਟੈਨਧਾਰੀ।’