Friday, February 25, 2022

ਰੂਸ ਯੂਕਰੇਨ ਖ਼ਿਲਾਫ਼ ਫੌਜੀ ਕਾਰਵਾਈ ਤੁਰੰਤ ਬੰਦ ਕਰੇ-CPI (ML) ਲਿਬਰੇਸ਼ਨ

 25th February 2022 at 01:15 PM WhatsApp

ਮੋਦੀ ਸਰਕਾਰ ਵੀ ਜੰਗਬੰਦੀ ਲਈ ਸਰਗਰਮ ਸਹਿਯੋਗ ਕਰੇ

 ਭਾਰਤੀ ਨਾਗਰਿਕਾਂ ਦੀ ਸੁਰੱਖਿਆ ਲਈ ਵੀ ਪ੍ਰਭਾਵੀ ਕਦਮ ਚੁੱਕਣ ਦੀ ਮੰਗ 


ਮਾਨਸਾ: 25 ਫਰਵਰੀ 2022: (ਨਕਸਲਬਾੜੀ ਬਿਊਰੋ)::

ਅਸੀਂ ਰੂਸ ਵੱਲੋਂ ਆਰੰਭੀ ਜੰਗ ਦੇ ਖਿਲਾਫ ਯੂਕਰੇਨ ਦੇ ਨਾਲ ਖੜੇ ਹਾਂ। ਅਸੀਂ ਮੰਗ ਕਰਦੇ ਹਾਂ ਕਿ ਰੂਸ ਤੁਰੰਤ ਯੂਕਰੇਨ ਉਤੇ ਬੰਬਾਰੀ ਬੰਦ ਕਰੇ, ਆਪਣੀ ਫੌਜ ਨੂੰ ਯੂਕਰੇਨ ਦੀ ਜ਼ਮੀਨ ਅਤੇ ਹਵਾਈ ਖੇਤਰ ਤੋਂ ਹਟਾਵੇ। ਸਾਰੇ ਵਿਵਾਦਾਂ ਦਾ ਨਿਪਟਾਰਾ ਕੂਟਨੀਤਕ ਢੰਗ ਤਰੀਕਿਆਂ ਨਾਲ ਹੀ ਕੀਤਾ ਜਾਵੇ' ਇਹ ਗੱਲ ਕੱਲ ਸ਼ੁਰੂ ਹੋਈ ਰੂਸ ਯੂਕਰੇਨ ਜੰਗ ਬਾਰੇ ਟਿੱਪਣੀ ਕਰਦਿਆਂ ਸੀ.ਪੀ.ਆਈ.(ਐਮ.ਐਲ) ਲਿਬਰੇਸ਼ਨ ਦੀ ਕੇਂਦਰੀ ਕਮੇਟੀ ਵਲੋਂ ਜਾਰੀ ਇਕ ਬਿਆਨ ਵਿਚ ਕਹੀ ਗਈ ਹੈ।  

ਲਿਬਰੇਸ਼ਨ ਪਾਰਟੀ ਦਾ ਕਹਿਣਾ ਹੈ ਕਿ ਰੂਸ ਨੂੰ ਯੂਕਰੇਨ ਖ਼ਿਲਾਫ਼ ਆਪਣੀ ਹਮਲਾਵਰ ਫੌਜੀ ਕਾਰਵਾਈ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ ਅਤੇ ਮੌਜੂਦਾ ਸੰਕਟ ਨੂੰ ਹੱਲ ਕਰਨ ਲਈ ਮੁੜ ਗੱਲਬਾਤ ਦਾ ਰਾਹ ਅਖਤਿਆਰ ਕਰਨਾ ਚਾਹੀਦਾ ਹੈ। ਦੂਜੇ ਪਾਸੇ ਭਾਰਤ ਨੂੰ ਯੂਕਰੇਨ ਵਿੱਚ ਰੂਸੀ ਫੌਜੀ ਦਖਲਅੰਦਾਜ਼ੀ ਅਤੇ ਨਾਟੋ ਦੁਆਰਾ ਚੱਲ ਰਹੀ ਫੌਜੀ ਲਾਮਬੰਦੀ ਨੂੰ ਰੋਕਣ ਲਈ ਇੱਕ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ, ਕਿਉਕਿ ਇਹ ਜੰਗ ਇਸ ਸਮੁਚੇ ਖੇਤਰ ਨੂੰ ਹੀ ਇਕ ਭਿਆਨਕ ਜੰਗ ਵੱਲ ਧੱਕ ਸਕਦੀ ਹੈ। ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ-ਖਾਸ ਕਰਕੇ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਲਈ  ਮੋਦੀ ਸਰਕਾਰ ਨੂੰ ਪ੍ਰਭਾਵੀ ਡਿਪਲੋਮੈਟਿਕ ਦਬਾਅ ਬਣਾਉਣਾ ਚਾਹੀਦਾ ਹੈ।  

ਕਮਿਉਨਿਸਟ ਪਾਰਟੀ ਦਾ ਕਹਿਣਾ ਹੈ ਕਿ ਅਸੀਂ ਯੂਕਰੇਨ ਦੇ ਬਹਾਨੇ ਅਮਰੀਕਾ ਅਤੇ ਨਾਟੋ ਦੇ ਬਾਕੀ ਹਿੱਸੇਦਾਰਾਂ ਦੀ ਇਸ ਖਿੱਤੇ ਵਿਚ ਲਗਾਤਾਰ ਵੱਧ ਰਹੀ ਦਖਲਅੰਦਾਜ਼ੀ ਦੀ ਵੀ ਸਖਤ ਨਿੰਦਾ ਕਰਦੇ ਹਾਂ। ਅਸੀਂ ਮੰਗ ਕਰਦੇ ਹਾਂ ਕਿ ਅਮਰੀਕਾ ਰੂਸ ਦੇ ਵਿਰੁੱਧ ਲਾਈਆਂ ਆਰਥਿਕ ਪਾਬੰਦੀਆਂ ਤੁਰੰਤ ਵਾਪਸ ਲਵੇ ਅਤੇ ਪੂਰਬ ਵੱਲ ਨਾਟੋ ਦੀ ਵਧਦੀ ਦਖਲ ਅੰਦਾਜੀ ਨੂੰ ਰੋਕੇ। ਬਿਆਨ ਵਿਚ ਕਿਹਾ ਗਿਆ ਹੈ ਕਿ ਨਾਟੋ ਨੂੰ ਇੱਕ ਰੱਖਿਆਤਮਕ ਗਠਜੋੜ ਕਰਾਰ ਦੇਣ ਦੇ ਯੂਐਸ ਅਤੇ ਯੂਕੇ ਦੇ ਦਾਅਵਿਆਂ ਦੇ ਉਲਟ ਅਫਗਾਨਿਸਤਾਨ, ਯੂਗੋਸਲਾਵੀਆ ਅਤੇ ਲੀਬੀਆ ਵਿੱਚ ਇਸਦਾ ਰਿਕਾਰਡ ਅਤੇ ਇਰਾਕ ਉੱਤੇ ਕੀਤਾ ਗਿਆ ਅਮਰੀਕੀ-ਬ੍ਰਿਟਿਸ਼ ਹਮਲਾ  ਨਾਟੋ ਦੇ ਹਮਲਾਵਰ ਸਾਮਰਾਜਵਾਦੀ ਮਨੋਰਥਾਂ ਨੂੰ ਸਪਸ਼ਟ ਰੂਪ ਵਿੱਚ ਜ਼ਾਹਰ ਕਰਦਾ ਹੈ।

ਲਿਬਰੇਸ਼ਨ ਦਾ ਕਹਿਣਾ ਹੈ ਕਿ ਆਪਣੇ ਭਾਸ਼ਣ ਵਿੱਚ ਯੂਕਰੇਨ ਦੇ ਦੋ ਪੂਰਬੀ ਸੂਬਿਆਂ ਨੂੰ ਸੁਤੰਤਰ ਦੇਸ਼ਾਂ ਵਜੋਂ ਮਾਨਤਾ ਦਿੰਦੇ ਹੋਏ, ਪੁਤਿਨ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਯੂਕਰੇਨ ਦੀ ਸੁਤੰਤਰ ਹੋਂਦ ਵੱਖ-ਵੱਖ ਛੋਟੀਆਂ ਅਤੇ ਦਬਾਈਆਂ ਹੋਈਆਂ ਕੌਮੀਅਤਾਂ ਦੀ ਖੁਦਮੁਖਤਿਆਰੀ ਦਾ ਸਨਮਾਨ ਕਰਨ ਦੀ ਲੈਨਿਨ ਦੀ ਨੀਤੀ ਦਾ ਨਤੀਜਾ ਸੀ-ਜਿਸ ਨੀਤੀ ਦੁਆਰਾ ਲੈਨਿਨ ਨੇ "ਵਿਸ਼ਾਲ ਰੂਸੀ ਸਾਮਰਾਜ" ਦੇ ਸੰਕਲਪ ਨੂੰ ਰੱਦ ਕਰ ਦਿੱਤਾ ਸੀ। ਪੁਤਿਨ ਦਾ ਇੱਥੋਂ ਤੱਕ ਕਹਿਣਾ ਹੈ ਕਿ ਯੂਕਰੇਨ ਉਕਤ ਬਾਲਸ਼ਵਿਕ ਨੀਤੀ ਦੇ ਨਤੀਜੇ ਵਜੋਂ ਹੀ ਹੋਂਦ ਵਿੱਚ ਆਇਆ ਸੀ, ਇਸ ਲਈ ਇਸ ਨੂੰ 'ਵਲਾਦੀਮੀਰ ਇਲਿਚ ਲੈਨਿਨ ਦਾ ਯੂਕਰੇਨ' ਕਿਹਾ ਜਾ ਸਕਦਾ ਹੈ। ਪੁਤਿਨ ਦੇ ਇਹ ਸ਼ਬਦ ਸਪੱਸ਼ਟ ਕਰ ਦਿੰਦੇ ਹਨ ਕਿ ਉਹ ਲੈਨਿਨ ਦੀ ਕੌਮਾਂ ਦੀ ਆਜ਼ਾਦੀ ਤੇ ਖੁਦਮੁਖਤਾਰੀ ਵਾਲੀ ਉਸ ਵਿਰਾਸਤ ਨੂੰ ਖਤਮ ਕਰਨ ਲਈ ਉਤਾਵਲਾ ਹੈ। ਸੋ ਜ਼ਾਹਰ ਹੈ ਕਿ ਯੂਕਰੇਨ ਦੀਆਂ ਸਰਹੱਦਾਂ 'ਤੇ ਰੂਸੀ ਫੌਜਾਂ ਦੀ ਮੌਜੂਦਗੀ ਪੁਤਿਨ ਦੇ ਦਾਅਵੇ ਦੇ ਉਲਟ "ਸ਼ਾਂਤੀ ਦੀ ਰਾਖੀ" ਲਈ ਨਹੀਂ , ਬਲਕਿ ਹਮਲੇ ਤੇ ਕਬਜ਼ੇ ਦੇ ਸਪਸ਼ਟ ਮੰਤਵ ਲਈ ਹੈ। ਅਜਿਹੀ ਵਿਸਥਾਰਵਾਦੀ ਨੀਤੀ ਦੀ ਅਸੀਂ ਇਨਕਲਾਬੀ ਕਮਿਉਨਿਸਟਾਂ ਹਮੇਸ਼ਾ ਹੀ ਡੱਟਵੀ ਵਿਰੋਧਤਾ ਕਰਦੇ ਰਹੇ ਹਾਂ।

 ਜਾਰੀ ਕਰਤਾ : ਸੁਖਦਰਸ਼ਨ ਸਿੰਘ ਨੱਤ, (ਮੈਂਬਰ ਕੇਂਦਰੀ ਕਮੇਟੀ)