Sunday, April 30, 2023

ਕਾਮਰੇਡ ਸਤਨਾਮ ਜੰਗਲਨਾਮਾ ਨੂੰ ਸੱਤਵੀਂ ਬਰਸੀ ਮੌਕੇ ਯਾਦ ਕਰਦਿਆਂ

ਜੰਗਲਨਾਮਾ ਸਤਨਾਮ ਨਹੀਂ ਮਰਿਆ,,//ਇਹ ਤਾਂ ਆਪਾਂ ਆਪ ਮਰੇ ਹਾਂ


ਲੁਧਿਆਣਾ: 30 ਅਪ੍ਰੈਲ 2023: (ਨਕਸਲਬਾੜੀ ਬਿਊਰੋ)::

ਇਹ ਤਸਵੀਰ Know Law ਤੋਂ ਧੰਨਵਾਦ ਸਹਿਤ 
ਸਤਨਾਮ ਜੰਗਲਨਾਮਾ ਨੂੰ ਵਿੱਛੜਿਆਂ  ਲੰਮਾ ਅਰਸਾ ਹੋ ਗਿਆ ਹੈ। ਸੱਤਵੀਂ ਬਰਸੀ ਮੌਕੇ ਵੀ ਉਹ ਸੁਆਲ ਉਂਝ ਦੇ ਉਂਝ ਹੀ ਖੜੇ ਹਨ ਜਿਹੜੇ ਉਸਦੇ ਦੇਹਾਂਤ ਮੌਕੇ ਪੈਦਾ ਹੋਏ ਸਨ। ਉਹ ਖ਼ੁਦਕੁਸ਼ੀ ਸਾਧਾਰਨ ਤਾਂ ਨਹੀਂ ਸੀ। ਸੰਘਰਸ਼ਾਂ ਨਾਲ ਜੁੜੇ ਇੱਕ ਅਜਿਹੇ  ਵਿਅਕਤੀ ਨੇ ਆਤਮ ਹੱਤਿਆ ਕਰ ਲਈ ਸੀ ਜਿਸ ਕੋਲੋਂ ਇਸਦੀ ਉੱਕਾ ਹੀ ਕੋਈ ਆਸ ਨਹੀਂ ਸੀ। ਉਹ ਬਹਾਦਰ ਇਨਸਾਨ ਅਜਿਹੀ ਸੋਚ ਨੂੰ ਪ੍ਰਣਾਇਆ ਹੋਇਆ ਸੀ ਜਿਸ ਵਿਚ ਖ਼ੁਦਕੁਸ਼ੀ ਦੀ ਕਲਪਨਾ ਵੀ ਨਾਮੁਮਕਿਨ ਹੈ।  ਬਹੁਤ ਸਾਰੇ ਸੁਆਲਾਂ ਨੂੰ ਛੱਡ ਗਿਆ ਹੈ। ਕੀ ਅਸੀਂ ਇਹਨਾਂ ਸੁਆਲਾਂ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ ਜਾਂ ਫਿਰ ਇਹਨਾਂ ਨੂੰ ਨਜ਼ਰ ਅੰਦਾਜ਼ ਕਰ ਰਹੇ ਹਾਂ? ਸੁਆਲਾਂ ਤੋਂ  ਭਗੌੜੇ ਹੋਣ ਦਾ ਇਹ ਰੁਝਾਣ ਸਮੁੱਚੀ ਲਹਿਰ ਨੂੰ ਕਿਸ ਪਾਸੇ ਲਿਜਾ ਰਿਹਾ ਹੈ। ਜਦੋਂ ਸਤਨਾਮ ਜੰਗਲਨਾਮਾ ਦੇ ਸਿਆਸੀ ਸਾਥੀ ਖਾਮੋਸ਼ ਹਨ ਉਦੋਂ ਇਸ ਮੌਕੇ ਸ਼ਾਇਰ ਬੋਲ ਰਿਹਾ ਹੈ। ਸ਼ਾਇਦ ਹਰ ਵਾਰ ਸ਼ਾਇਰ ਹੀ ਦਿਲਾਂ ਵਿੱਚ ਲੁਕੀ ਗੱਲ ਬਾਹਰ ਲਿਆਉਣ ਦੇ ਖਤਰੇ ਉਠਾਉਂਦਾ ਹੈ। ਇਸ ਵਾਰ ਸ਼ਾਇਰ ਗੁਰਮੀਤ ਸਿੰਘ ਜੱਜ ਹੁਰਾਂ ਦੀ ਇੱਕ ਕਵਿਤਾ ਕੁਝ ਸਿੱਧੀਆਂ ਸਿੱਧੀਆਂ  ਗੱਲਾਂ ਕਰਦੀ ਹੈ। ਲਓ ਤੁਸੀਂ ਵੀ ਪੜ੍ਹੋ ਇਸ ਕਾਵਿ ਰਚਨਾ ਨੂੰ ਅਤੇ ਇਸਦੇ ਰੰਗ ਨੂੰ ਨੰਗੀਆਂ ਅੱਖਾਂ ਨਾਲ ਦੇਖਣ ਦੀ ਕੋਸ਼ਿਸ਼ ਕਰੋ। ਇਹ ਵੀ ਦੱਸਣਾ ਕਿ ਇਹ ਕਵਿਤਾ ਤੁਹਾਨੂੰ ਕਿਹੋ ਜਿਹੀ ਲੱਗੀ ਅਤੇ ਇਹ ਵੀ ਜ਼ਰੂਰ ਲਿਖਣਾ ਕਿ ਖੁਦਕੁਸ਼ੀਆਂ ਦੀ ਨੌਬਤ ਤੱਕ ਲਿਜਾਣ ਵਾਲੀ ਇਸ ਨਿਰਾਸ਼ਾ ਨੂੰ ਦੂਰ ਕਰਨ ਦਾ ਰਸਤਾ ਆਖਿਰ ਕੌਣ ਲੱਭੇਗਾ? ਮਜ਼ਦੂਰ ਜਮਾਤ ਦੀ ਇਤਿਹਾਸਿਕ ਜਿੱਤ ਨੂੰ ਯਾਦ ਕਰਵਾਉਂਦੇ ਇਤਿਹਾਸਿਕ ਦਿਨ ਮਈ ਦਿਵਸ ਮੌਕੇ ਅਜਿਹੇ ਨੁਕਤੇ ਵਿਚਰਨਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। --ਰੈਕਟਰ ਕਥੂਰੀਆ 

ਗੁਰਮੀਤ ਸਿੰਘ ਜੱਜ ਦੀ ਹਲੂਣਾ ਦੇਂਦੀ ਕਾਵਿ ਰਚਨਾ 


ਅੰਤਰਝਾਤ ਮਾਰ ਕੇ ਪੁੱਛੀਏ,,

ਖੋਟੇ ਈ ਆਂ ਜਾਂ ਕੁਝ ਖਰੇ ਹਾਂ॥

ਜੰਗਲਨਾਮਾ ਸਤਨਾਮ ਨਹੀਂ ਮਰਿਆ,,

ਇਹ ਤਾਂ ਆਪਾਂ ਆਪ ਮਰੇ ਹਾਂ॥

ਸਾਥੀ ਨਾ ਸੜਿਹਾਂਦ ਮਾਰਦੇ,,

ਟੁੱਟੇ ਜੇ ਇਤਬਾਰ ਨਾ ਹੁੰਦੇ॥

ਆਤਮਸਾਤ ਸਿਧਾਂਤ ਨੂੰ ਕਰਦੇ,,

ਬਗਲ ਛੁਰੀ ਦੀ ਧਾਰ ਨਾ ਹੁੰਦੇ॥

ਕਹਿਣੀ ਕਰਨੀ ਇੱਕੋ ਰਹਿੰਦੀ,,

ਡਿੱਗੇ ਜੇ ਕਿਰਦਾਰ ਨਾ ਹੁੰਦੇ॥

ਚੋਂਦੀ ਝੁੱਗੀ ਉੱਤੇ ਕਿੰਨੇ,,

ਬਣ ਕੇ ਛੰਭ ਦਾ ਮੀਂਹ ਵਰ੍ਹਿਆ ਏ॥

ਜੰਗਲਨਾਮਾ ਸਤਨਾਮ ਨਹੀਂ ਮਰਿਆ,,

ਇਹ ਖਾਸ ਆਗੂ ਖੁਦ ਮਰਿਆ ਏ॥

ਕਰਦੇ ਕਰਦੇ ਥੱਕਦੇ ਨਹੀਂ ਸਨ,,

ਗੱਲ ਉੱਚੇ ਇਖਲਾਕਾਂ ਵਾਲੀ॥

ਉੱਚੀਆਂ ਸੁੱਚੀਆਂ ਕਦਰਾਂ ਦੀ ਸਭ,,

ਨਿੱਕਲੀ ਗੱਲ ਚਲਾਕਾਂ ਵਾਲੀ॥

ਦੱਸੋ ਤਾਂ ਸਹੀ ਕਿੱਸ ਪੱਲੇ ਹੈ,,

ਗੱਲ ਰੂਹ ਦੀਆਂ ਖੁਰਾਕਾਂ ਵਾਲੀ॥

ਮੰਚਾਂ ਤੇ ਚੰਘਿਆੜਨ ਵਾਲੇ,,

ਸੱਚ ਦੇ ਸਾਹਵੇਂ ਡਰੇ ਡਰੇ ਹਾਂ॥

ਜੰਗਲਨਾਮਾ ਸਤਨਾਮ ਨਹੀਂ ਮਰਿਆ,,

ਇਹ ਤਾਂ ਆਪਾਂ ਆਪ ਮਰੇ ਹਾਂ॥

ਹੋਣ ਜੇ ਸ਼ੀਸ਼ੇ ਵਰਗੇ ਰਿਸ਼ਤੇ,,

ਪਾਰਦਰਸ਼ ਇਨਸਾਨਾਂ ਵਾਲੇ॥

ਬੰਦੇ ਬਣਕੇ ਰਹਿਣ ਜੇ ਬੰਦੇ,,

ਕੰਮ ਨਾ ਕਰਨ ਸ਼ੈਤਾਨਾਂ ਵਾਲੇ॥

ਮੂਲੋਂ ਨੀਵੇਂ ਕੰਮ ਵੇਖੇ ਨੇ,,

ਬਹੁਤ ਵੱਡੇ ਪ੍ਰਧਾਨਾਂ ਵਾਲੇ॥

ਕਹਿਣੀ ਕਥਨੀ ਇੱਕ ਨਾ ਰੱਖੀ,,

ਗਲ਼ ਗਲ਼ ਗੰਦ ਦੇ ਵਿੱਚ ਗਰੇ ਨੇ॥

ਜੰਗਲਨਾਮਾ ਸਤਨਾਮ ਨਹੀਂ ਮਰਿਆ,,

ਇਹ ਤਾਂ ਆਗੂ ਖਾਸ ਮਰੇ ਨੇ॥

ਇੱਕ ਦੂਜੇ ਤੇ ਚਿੱਕੜ ਸੁੱਟਿਆ,,

ਆਪਣੇ ਵਿੱਚ ਸੁਧਾਰ ਨਹੀਂ ਕੀਤੇ॥

ਲੋਕਾਂ ਨਾਲ ਵਫਾ ਪਾਲਣ ਦੇ,,

ਖੁਦ ਅੰਦਰੋਂ ਇਕਰਾਰ ਨਹੀਂ ਕੀਤੇ॥

ਸ਼ੋਸ਼ੇਬਾਜ਼ ਮਲਾਹਾਂ ਕਦੇ ਵੀ,,

ਭੰਵਰ ਚੋਂ ਬੇੜੇ ਪਾਰ ਨਹੀਂ ਕੀਤੇ॥

ਉੱਤੋਂ ਪਰਬਤ ਜਿੱਡੇ ਦਿੱਸਦੇ,,

ਅੰਦਰੋਂ ਕਿਣਕੇ ਜ਼ਰੇ ਜ਼ਰੇ ਨੇ॥

ਜੰਗਲਨਾਮਾ ਸਤਨਾਮ ਨਹੀਂ ਮਰਿਆ,,

ਇਹ ਤਾਂ ਆਗੂ ਖਾਸ ਮਰੇ ਨੇ॥

ਸਤਨਾਮ ਜੰਗਲਨਾਮੇ ਦੇ ਘਰ ਮੈਂ,,

ਜਾ ਕੇ ਗੀਤ ਸੁਣਾਂਦਾ ਰਿਹਾ ਹਾਂ॥

ਕਾਮਰੇਡ ਦੇ ਜ਼ਖਮੀ ਦਿਲ ਤੇ,,

ਹਲਕੀਆਂ ਮਲ੍ਹਮਾਂ ਲਾਂਦਾ ਰਿਹਾ ਹਾਂ॥

ਸ਼ਾਵਾਸ਼ੇ ਵੀ ਲੈਂਦਾ ਰਿਹਾ ਵਾਂ,,

ਗਾਹਲਾਂ ਵੀ ਮੈਂ ਖਾਂਦਾ ਰਿਹਾ ਹਾਂ॥

ਮਾੜੀਆਂ ਖਵਰਾਂ ਸੁਣ ਦੂਜੇ ਦੀਆਂ,,

ਜਿੱਨ੍ਹਾਂ ਜਿਨ੍ਹਾਂ ਦੇ ਦਿਲ ਠਰੇ ਨੇ॥

ਜੰਗਲਨਾਮਾ ਸਤਨਾਮ ਨਹੀਂ ਮਰਿਆ,,

ਇਹ ਉਹ ਆਗੂ ਆਪ ਮਰੇ ਨੇ॥

ਸਮਾਜ ਦੀਆਂ ਸਭ ਨੀਵੀਆਂ ਗੱਲਾਂ,,

ਸਾਡੇ ਵਿੱਚ ਘਰ ਗਈਆਂ ਕਰ ਨੇ॥

ਇਨਕਲਾਬ ਦੇ ਨਾਹਰੇ ਥੱਲੇ,,

ਪਨਪਦੀਆਂ ਸੋਚਾਂ ਜ਼ਰਜ਼ਰ ਨੇ॥

ਕਈ ਤਾਂ ਉਜੜੇ ਫਿਰਦੇ ਸਾਥੀ,,

ਕਈਆਂ ਭਰ ਲਏ ਆਪਣੇ ਘਰ ਨੇ॥

ਜਥੇਬੰਦੀ ਵਿਚ ਸਾਥੀਆਂ ਨਾਲ ਹੀ,,

ਧੋਖੇ, ਠੱਗੀਆਂ ਲੱਖ ਕਰੇ ਨੇ॥

ਜੰਗਲਨਾਮਾ ਸਤਨਾਮ ਨਹੀਂ ਮਰਿਆ,,

ਇਹ ਉਹ ਆਗੂ ਆਪ ਮਰੇ ਨੇ॥

ਝੱਗੇ ਪਾੜੇ ਨੰਗੇ ਕੀਤੇ,,

ਕਿਸੇ ਨਾਲ ਨਹੀਂ ਘੱਟ ਗੁਜ਼ਾਰੀ॥

ਦੁਸ਼ਮਣ ਵੀ ਸਾਡੇ ਤੇ ਹੱਸਿਆ,,

ਐਸੀ ਕੁੱਕੜ ਖੇਹ ਖਿਲਾਰੀ॥

ਇੱਕ ਦੂਜੇ ਦੀਆਂ ਖਿੱਚੀਆਂ ਲੱਤਾਂ,,

ਜੜ੍ਹਾਂ ਤੇ ਫੇਰੀ ਦੱਬ ਕੇ ਆਰੀ॥

#ਮੀਤ #ਗੁਰੂ ਦੇ ਮਰਿਆਂ ਸੋਹਲੇ,,

ਜਿਉਂਦਿਆਂ #ਜੱਜ ਦੀ ਧੌਣ ਚੜ੍ਹੇ ਨੇ॥

ਜੰਗਲਨਾਮਾ ਸਤਨਾਮ ਨਹੀਂ ਮਰਿਆ,,

ਇਹ ਕੁੱਝ ਆਗੂ ਆਪ ਮਰੇ ਨੇ॥  

#ਜੰਗਲਨਾਮਾ  #ਸਤਨਾਮ ਨਹੀਂ ਮਰਿਆ,, 

ਆਗੂ ਖਾਸਮਖਾਸ ਮਰੇ ਨੇ॥

ਗੁਰਮੀਤ ਸਿੰਘ ਜੱਜ,

9465806990