Saturday, December 12, 2020

ਖੜੋਤ ਦੇ ਬਾਵਜੂਦ ਨਕਸਲਬਾੜੀ ਲਹਿਰ ਦੀ ਸੰਭਾਲ ਕਰਦੀ ਸ਼ਖ਼ਸੀਅਤ

Wednesday: 9th December 2020 at 3:09 PM

ਨਿਰੰਤਰ ਸਫਰਗਾਥਾ:ਸੁਖਦਰਸ਼ਨ ਨੱਤ//ਬਲਬੀਰ ਪਰਵਾਨਾ//ਵਿਸ਼ੇਸ਼ ਲਿਖਤ 


ਖੱਬੀਆਂ ਧਿਰਾਂ ਅਤੇ ਖਾਸ ਕਰਕੇ ਨਕਸਲਬਾੜੀ ਲਹਿਰ ਨੇ ਸਮਾਜ ਨੂੰ ਬਹੁਤ ਕੁਝ ਦਿੱਤਾ ਹੈ। ਨਵਾਂ ਸਾਹਿਤ, ਨਵੇਂ ਅੰਦਾਜ਼ ਅਤੇ ਨਵੇਂ ਤੌਰ ਤਰੀਕੇ ਵੀ। ਇਸਦੇ ਨਾਲ ਹੀ ਅਣਗਿਣਤ ਕੁਰਬਾਨੀਆਂ ਵੀ ਦਿੱਤੀਆਂ। ਇਹਨਾਂ ਸਾਰੀਆਂ ਹਕੀਕਤਾਂ ਦੇ ਬਾਵਜੂਦ ਇਹਨਾਂ ਸਾਰੀਆਂ ਗੱਲਾਂ ਨੂੰ ਸੰਭਾਲਣ ਦੇ ਮਾਮਲੇ ਵਿੱਚ ਖੱਬੀਆਂ ਧਿਰਾਂ ਕਦੇ ਵੀ ਪੂਰੀ ਤਰਾਂ ਸੁਚੇਤ ਨਾ ਹੋਈਆਂ। ਫੁੱਟ ਦਰ ਫੁੱਟ ਦਾ ਸ਼ਿਕਾਰ ਹੋਈਆਂ ਨਕਸਲੀ ਧਿਰਾਂ ਵੀ ਆਪੋ ਆਪਣੇ ਸਰਕਲਾਂ ਤੱਕ ਸੀਮਿਤ ਹੁੰਦੀਆਂ ਗਈਆਂ। ਜਿਹੜੇ ਜਤਨ ਹੋਏ ਵੀ ਉਹ ਵੱਖੋ ਵੱਖਰੇ ਅਤੇ ਨਿਜੀ ਉਪਰਾਲਿਆਂ ਵਰਗੇ ਹੀ ਸਨ। ਇਹਨਾਂ ਵਿੱਚ ਹੀ ਇੱਕ ਠੋਸ ਉਪਰਾਲਾ ਬਲਬੀਰ ਪਰਵਾਨਾ ਵੱਲੋਂ ਕੀਤੇ ਜਤਨਾਂ ਦਾ ਵੀ ਹੈ। ਆਰਥਿਕ ਅਤੇ ਸਿਆਸੀ ਮਜਬੂਰੀਆਂ ਦੇ ਬਾਵਜੂਦ ਉਸਨੇ ਸਫਲ ਕਦਮ ਚੁੱਕੇ। ਇਹ ਲਿਖਤ ਵੀ ਉਹਨਾਂ ਉਪਰਾਲਿਆਂ ਦੀ ਲੜੀ ਦਾ ਹੀ ਇੱਕ ਹਿੱਸਾ ਹੈ। --ਰੈਕਟਰ ਕਥੂਰੀਆ 

1983 ਦੀ ਗੱਲ ਹੈ। ਮੈਂ ਉਦੋਂ 'ਲੋਕ ਲਹਿਰ' ਛੱਡ ਕੇ ਪਿੰਡ ਰਹਿ ਰਿਹਾ ਸੀ ਤੇ ਸਾਹਿਤ ਸਭਾ ਮੁਕੇਰੀਆਂ 'ਚ ਸਰਗਰਮ। ਸਾਹਿਤ ਸਭਾ 'ਚ ਮਾਰਕਸੀ ਪਾਰਟੀ ਦੇ ਪ੍ਰਭਾਵ ਵਾਲੇ ਮੈਂਬਰ ਭਾਰੂ ਸਨ। ਸਾਡੇ ਇਲਾਕੇ ਵਿੱਚ ਵੀ ਮਾਰਕਸੀ ਪਾਰਟੀ ਦਾ ਪ੍ਰਭਾਵ, ਦੂਸਰੀਆਂ ਖੱਬੀਆਂ ਪਾਰਟੀਆਂ/ਧਿਰਾਂ ਤੋਂ ਜ਼ਿਆਦਾ ਸੀ। 'ਲੋਕ ਲਹਿਰ' 'ਚੋਂ ਮੁੜ ਕੇ ਭਾਵੇਂ ਮੇਰਾ ਇਸਦੇ ਜਥੇਬੰਦਕ ਢਾਂਚੇ ਤੋਂ ਮੋਹ ਭੰਗ ਹੋ ਚੁੱਕਾ ਸੀ, ਪਰ ਪਿੰਡ ਆ ਕੇ ਵੀ ਇਸ ਨਾਲ ਜੁੜਿਆ ਰਿਹਾ ਤਾਂ ਇਸ ਦਾ ਕਾਰਨ ਸੀ ਸਾਡੇ ਪਿੰਡ 'ਚ ਮਾਰਕਸੀ ਪਾਰਟੀ ਦਾ ਤਕੜਾ ਪ੍ਰਭਾਵ ਤੇ ਬਹੁਤੇ ਸਰਗਰਮ ਆਗੂ/ਕਾਰਕੁੰਨ ਮੇਰੇ ਜਮਾਤੀ ਜਾਂ ਦੋਸਤ ਹੋਣਾ। ਉਹਨਾਂ ਨਾਲ ਧਰਨੇ-ਮੁਜ਼ਾਹਰਿਆਂ 'ਚ ਜਾਣ ਦੇ ਨਾਲ-ਨਾਲ, ਸਾਹਿਤ ਸਿਰਜਣ ਤੇ ਸਾਹਿਤ ਸਭਾਵਾਂ ਦੀਆਂ ਸਰਗਰਮੀਆਂ 'ਚ ਵੀ ਜੁਟਿਆ ਹੋਇਆ ਸਾਂ ਕਿ ਇਨਕਲਾਬ ਤੇ ਮਾਰਕਸੀ-ਚਿੰਤਨ ਮੇਰਾ ਜਨੂੰਨ ਬਣ ਚੁੱਕੇ ਸਨ। ਸਿਰਜਣਾ ਦੇ ਖੇਤਰ 'ਚ ਇੱਕ ਤਰ੍ਹਾਂ ਸ਼ੁਰੂਆਤ ਹੀ ਸੀ, ਇਸ ਦੀ ਪੌੜੀ ਦੇ ਪਹਿਲੇ ਡੰਡੇ ਚੜ੍ਹਦਾ ਹੋਇਆ। ਸਾਹਿਤਕ ਘੇਰਾ ਵੀ ਬਹੁਤਾ ਇਲਾਕੇ ਤੱਕ ਹੀ ਸੀਮਤ ਸੀ।

ਇਹਨਾਂ ਹੀ ਦਿਨਾਂ 'ਚ ਮੁਕੇਰੀਆਂ ਸਾਹਿਤ ਸਭਾ ਦਾ ਸਾਲਾਨਾ ਸਮਾਗਮ ਆਇਆ। ਇਸ ਵਿੱਚ ਦੂਰ-ਨੇੜਿਉਂ ਬਹੁਤ ਸਾਰੇ ਸਾਹਿਤਕਾਰ ਸ਼ਾਮਲ ਹੋਏ। ਸਾਹਿਤ ਸਭਾ ਤਲਵਾੜਾ ਵੱਲੋਂ ਗੁਰਮੀਤ ਹੇਅਰ ਤੇ ਚਾਰ-ਪੰਜ ਜਣੇ ਹੋਰ ਆਏ, ਜਿਨ੍ਹਾਂ ਵਿੱਚ ਸੁਖਦਰਸ਼ਨ ਨੱਤ ਵੀ ਸ਼ਾਮਲ ਸੀ। ਇਹ ਪਹਿਲੀ ਮੁਲਾਕਾਤ ਸੀ, ਜਿਸ ਵਿੱਚ ਹੱਥ ਮਿਲਾਉਣ ਤੋਂ ਅਗਾਂਹ ਕੋਈ ਖਾਸ ਗੱਲ ਨਾ ਹੋਈ, ਕਿਉਂਕਿ ਕਰਨ ਵਾਲੀ ਕੋਈ ਗੱਲ ਸੀ ਹੀ ਨਹੀਂ; ਇੱਕ-ਦੂਸਰੇ ਨੂੰ ਪਹਿਲਾਂ ਜਾਣਦੇ ਜੁ ਨਹੀਂ ਸਾਂ। ਨਾਂ ਵੀ ਉਦੋਂ ਹੀ ਸਾਂਝੇ ਹੋਏ। ਸਮਾਗਮ ਮੁੱਕਿਆ ਤਾਂ ਸਾਰੇ ਖਿੰਡ-ਬਿੱਖਰ ਗਏ। ਪਿੱਛੋਂ ਗੁਰਮੀਤ ਹੇਅਰ ਨਾਲ ਤਾਂ ਮਾੜਾ-ਮੋਟਾ ਸੰਪਰਕ ਰਿਹਾ, ਕਿਉਂ ਜੋ ਉਹ ਸਾਹਿਤ ਸਭਾ ਤਲਵਾੜਾ ਦਾ ਜਨਰਲ ਸਕੱਤਰ ਸੀ ਤੇ ਲੇਖਕ ਵਜੋਂ ਉਸ ਦਾ ਚੰਗਾ ਨਾਂਅ ਵੀ ਸੀ, ਪਰ ਨੱਤ ਨਾਲ ਕੋਈ ਸੰਪਰਕ  ਨਾ ਰਿਹਾ। ਇਹ ਸੰਪਰਕ ਬਣਿਆ ਇਸ ਤੋਂ ਚਾਰ-ਪੰਜ ਮਹੀਨੇ ਬਾਅਦ। 


ਜਲੰਧਰੋਂ ਕਿਸੇ ਸਾਹਿਤਕ-ਮਟਰਗਸ਼ਤੀ ਤੋਂ ਮੁੜਦਿਆਂ ਮੈਂ ਦਸੂਹੇ ਮਾਸਟਰ ਲਾਲ ਸਿੰਘ ਨੂੰ ਮਿਲਣ ਲਈ  ਉੱਤਰ ਗਿਆ। ਉਸ ਕੋਲ ਚਾਹ ਪੀਂਦਿਆਂ, ਤਲਵਾੜੇ ਜਾਣ ਦਾ ਪ੍ਰੋਗਰਾਮ ਬਣ ਗਿਆ, ਜਿੱਥੇ ਸਾਹਿਤ ਸਭਾ ਵੱਲੋਂ ਕਮਿਊਨਿਸਟ ਲਹਿਰ ਬਾਰੇ ਚਰਚਾ ਰੱਖੀ ਹੋਈ ਸੀ ਤੇ ਲਾਲ ਸਿੰਘ ਨੇ ਇਸ ਦੀ ਸ਼ੁਰੂਆਤ ਕਰਨੀ ਸੀ। ਤਲਵਾੜੇ ਅਸੀਂ ਸ਼ਾਮ ਜਿਹੀ ਨੂੰ ਪੁੱਜੇ। ਸੈਕਟਰ ਦੋ ਦੇ ਅੱਡੇ ਤੋਂ ਉੱਤਰ ਕੇ ਉੱਥੋਂ ਮਸਾਂ ਸੌ ਕੁ ਮੀਟਰ 'ਤੇ ਪਰਵੇਸ਼ ਦਾ ਕੁਆਰਟਰ ਸੀ, ਜਿੱਥੇ ਇਹ ਚਰਚਾ ਰੱਖੀ ਹੋਈ ਸੀ। ਅਸੀਂ ਪੁੱਜੇ ਤਾਂ ਕੁਝ ਜਣੇ ਆ ਕੇ ਬੈਠੇ ਹੋਏ ਸਨ ਤੇ ਕੁਝ ਦੀ ਉਡੀਕ ਕੀਤੀ ਜਾ ਰਹੀ ਸੀ। ਕਮਰੇ 'ਚ ਫਰਸ਼ 'ਤੇ ਦਰੀਆਂ ਵਿਛਾਈਆਂ ਹੋਈਆਂ ਸਨ ਤੇ ਚੁਫੇਰੇ ਕੰਧਾਂ ਨਾਲ ਲਾਏ ਹੋਏ ਸਿਰਹਾਣੇ। ਇਸ ਕਮਰੇ 'ਚ ਦਾਇਰੇ 'ਚ ਬਹਿ ਕੇ ਲੱਗਭੱਗ ਅੱਧੀ ਰਾਤ ਤੱਕ ਪੰਜਾਬ ਦੀ ਕਮਿਊਨਿਸਟ ਲਹਿਰ ਬਾਰੇ ਚਰਚਾ ਚੱਲਦੀ ਰਹੀ। ਬਹਿਸ ਦੀ ਸੰਜੀਦਗੀ ਨੇ ਮੈਨੂੰ ਪ੍ਰਭਾਵਿਤ ਕੀਤਾ ਤੇ ਨੱਤ ਦੇ ਤਰਕਾਂ ਨੇ ਵੀ। ਦਿਲਚਸਪ ਗੱਲ ਇਹ ਵੀ ਰਹੀ ਕਿ ਚਰਚਾ ਦੌਰਾਨ ਬਹੁਤ ਸਾਰੇ ਨੁਕਤਿਆਂ 'ਤੇ, ਮੇਰੀ ਤੇ ਉਸ ਦੀ ਸਹਿਮਤੀ ਬਣ ਜਾਂਦੀ ਰਹੀ, ਹਾਲਾਂਕਿ ਉਹ ਨਕਸਲੀਆਂ ਦੇ ਨੇੇੜੇ ਸੀ ਤੇ ਮੈਂ ਮਾਰਕਸੀਆਂ ਦੇ;  ਦੋਵੇਂ ਹੀ ਇੱਕ ਤਰ੍ਹਾਂ ਸਾਹਿਤ, ਚਿੰਤਨ ਤੇ ਰਾਜਨੀਤੀ ਦੇ ਪਹਿਲੇ ਸਬਕ ਪੜ੍ਹਦੇ ਹੋਏ। ਸੁੱਤੇ ਉਦੋਂ ਹੀ ਜਦੋਂ ਨੀਂਦ ਨੇ ਢਾਹ ਲਿਆ ਤੇ ਸਵੇਰੇ ਉੱਠ ਕੇ ਸਾਰੇ ਆਪਣੇ-ਆਪਣੇ ਰਾਹ ਪੈ ਗਏ। ਮੈਂ ਆਪਣੇ ਪਿੰਡ ਨੂੰ ਬੱਸ ਚੜ੍ਹ ਆਇਆ। 

ਇਸ ਸੰਵਾਦ/ਚਰਚਾ ਨੇ ਇੱਕ ਸਾਂਝ ਦੀ ਸ਼ੁਰੂਆਤ ਕਰ ਦਿੱਤੀ।  ਇਲਾਕੇ 'ਚ ਮੁਕੇਰੀਆਂ ਤੇ ਤਲਵਾੜਾ ਦੀਆਂ ਦੋ ਸਾਹਿਤ ਸਭਾਵਾਂ ਸਰਗਰਮ ਸਨ। ਮੁਕੇਰੀਆਂ ਦਾ ਜਨਰਲ ਸਕੱਤਰ ਲਾਲ ਸਿੰਘ ਸੀ ਤੇ ਤਲਵਾੜੇ ਦਾ ਗੁਰਮੀਤ ਹੇਅਰ। ਸੁਖਦਰਸ਼ਨ ਨੱਤ ਨਾਲ ਸਹਾਇਕ ਸੀ। ਇਲਾਕੇ ਦੇ ਪੜ੍ਹਨ-ਲਿਖਣ ਵਾਲੇ ਇਹਨਾਂ ਦੋਹਾਂ ਹੀ ਸਾਹਿਤ ਸਭਾਵਾਂ ਦੀਆਂ ਮੀਟਿੰਗਾਂ 'ਚ ਚਲੇ ਜਾਂਦੇ।

ਕਾਮਰੇਡ ਸੁਖਦਰਸ਼ਨ ਨੱਤ ਬਾਰੇ ਹਿੰਦੀ ਦੀ ਨਕਸਲਬਾੜੀ ਸਕਰੀਨ ਵਿੱਚ ਵੀ ਵਿਸ਼ੇਸ਼ ਲਿਖਤ 

ना संघर्ष ना तकलीफ, तो क्या मजा है जीने में

ਇਹ ਸ਼ਾਇਦ 1984 ਦੇ ਸ਼ੁਰੂ ਦੀ ਗੱਲ ਹੈ। ਮੈਂ ਤੇ ਬਲਵੰਤ ਗਿੱਲ ਤਲਵਾੜੇ ਗਏ। ਇੱਕ ਤਾਂ ਉੱਥੇ ਰੁਜ਼ਗਾਰ ਦਫਤਰ 'ਚ ਨਾਂਅ ਦਰਜ ਕਰਵਾਉਣਾ ਸੀ, ਕਿਉਂ ਜੋ ਗ੍ਰੈਜੂਏਟਾਂ ਨੂੰ ਚਾਲੀ ਰੁਪਏ ਮਹੀਨੇ ਦਾ ਬੇਰੁਜ਼ਗਾਰੀ ਭੱਤਾ ਮਿਲਣ ਲੱਗ ਪਿਆ ਸੀ, ਤੇ ਦੂਜਾ ਸੀ  ਕੁਝ ਘੁੰਮ-ਫਿਰ ਆਵਾਂਗੇ। ਰੁਜ਼ਗਾਰ ਦਫਤਰ 'ਚੋਂ ਵਿਹਲੇ ਹੋ ਕੇ ਗੁਰਮੀਤ ਹੇਅਰ ਨੂੰ ਮਿਲਣ ਤੁਰ ਪਏ ਕਿ ਉਸ ਦੇ ਘਰ ਦਾ ਮੇਰੇ ਕੋਲ ਪਤਾ ਸੀ। ਉੱਥੇ ਗਏ ਤਾਂ ਹੇਅਰ ਘਰ ਨਹੀਂ ਸੀ। ਉਸ ਦੀ ਪਤਨੀ ਨੇ ਕਿਹਾ,  ''ਸ਼ਾਇਦ ਨੱਤ ਹੁਰਾਂ ਦੇ ਕੁਆਟਰ ਹੋਵੇ।'' ਉਸ ਤੋਂ ਨੱਤ ਦੇ ਕੁਆਰਟਰ ਦਾ ਪਤਾ ਲਿਆ। ਅੱਗੇ ਮਾਸਟਰ ਹੇਅਰ ਤਾਂ ਨਾ ਮਿਲਿਆ ਪਰ ਨੱਤ, ਹਰਜੀਤ, ਬਰਾੜ, ਪਰਵੇਸ਼ ਤੇ ਦੋ ਕੁ ਜਣੇ ਹੋਰ ਮਹਾਂਸ਼ਵੇਤਾ ਦੇ ਨਾਵਲ 'ਅਕਲਾਂਤ ਕੌਰਵ' ਦੇ ਪੰਜਾਬੀ ਅਨੁਵਾਦ ਦਾ ਖਰੜਾ ਪੜ੍ਹ ਰਹੇ ਸਨ। ਉਹ ਅਨੁਵਾਦ ਉਹਨਾਂ ਨੂੰ ਬਹੁਤਾ ਪਸੰਦ ਨਹੀਂ ਸੀ ਆ ਰਿਹਾ। ਉੱਥੇ ਚਾਹ ਪੀਂਦਿਆਂ, ਗੱਲਾਂ-ਗੱਲਾਂ 'ਚ ਨੱਤ ਕਹਿੰਦਾ, ''ਤੂੰ ਕਿਉਂ ਨਹੀਂ ਇਸ ਦਾ ਅਨੁਵਾਦ ਕਰ ਦਿੰਦਾ...ਇਸ ਨਾਵਲ ਦਾ ਅਨੁਵਾਦ ਅਸੀਂ ਛਾਪਣਾ ਚਾਹੁੰਦੇ ਹਾਂ, ਪਰ ਇਹ ਖਰੜਾ ਗੜਬੜ ਵਾਲਾ ਲੱਗਦਾ ਹੈ।'' ਮੈਂ ਕੁਝ ਪੰਨੇ ਪੜ੍ਹ ਕੇ ਦੇਖੇ ਤਾਂ ਲੱਗਿਆ ਮੈਂ ਕਰ ਸਕਦਾ ਹਾਂ। ਦੋ ਕੁ ਮਹੀਨੇ ਲਾ ਕੇ ਮੈਂ ਇਹ ਅਨੁਵਾਦ ਕਰ ਦਿੱਤਾ ਭਾਵੇਂ ਇਸ ਲਈ ਮਿਹਨਤ ਬਹੁਤ ਕਰਨੀ ਪਈ। ਕੁਝ ਸੰਸਕ੍ਰਿਤ-ਨੁਮਾ ਹਿੰਦੀ ਲਫਜ਼ਾਂ ਲਈ ਮੁਕੇਰੀਆਂ ਕਾਲਜ 'ਚ ਸੰਸਕ੍ਰਿਤ ਦੇ ਪ੍ਰੋਫੈਸਰ ਹਰਸ਼ ਮਹਿਤਾ ਦੀ ਸਹਾਇਤਾ ਲੈਣੀ ਪਈ ਤੇ ਕੁਝ ਬੰਗਾਲੀ ਟਰਮਾਂ ਦਾ ਪਿਛੋਕੜ ਜਾਨਣ ਲਈ ਆਪਣੇ ਚੰਡੀਗੜ੍ਹ ਰਹਿੰਦੇ ਲੈਕਚਰਾਰ ਦੋਸਤ ਚੈਂਚਲ ਸਿੰਘ  ਦੀ, ਜਿਸ ਦਾ ਅਗਾਂਹ ਕੋਈ ਬੰਗਾਲੀ ਦੋਸਤ ਸੀ। 

ਇਹ ਅਨੁਵਾਦ 'ਯੁੱਧ ਦਾ ਗੀਤ' ਨਾਂਅ ਹੇਠ ਰੈਡੀਕਲ ਪਬਲੀਕੇਸ਼ਨਜ਼, ਮੋਗਾ ਵੱਲੋਂ ਛਾਪਿਆ ਗਿਆ ਤੇ ਇਸ 'ਤੇ ਸਾਹਿਤ ਸਭਾ ਤਲਵਾੜਾ ਵੱਲੋਂ ਗੋਸ਼ਟੀ ਹੋਈ। ਇਸ ਸਾਰੀ ਪ੍ਰਕਿਰਿਆ ਦੌਰਾਨ ਅਸੀਂ ਇੱਕ-ਦੂਸਰੇ ਦੇ ਹੋਰ ਨੇੜੇ ਆਉਂਦੇ ਗਏ। ਉਹ ਉਦੋਂ ਸਾਹਿਤ ਦੇ ਨਾਲੋਂ-ਨਾਲ ਰਾਜਨੀਤੀ ਦੀਆਂ ਪੌੜੀਆਂ ਵੱਧ ਚੜ੍ਹ ਰਿਹਾ ਸੀ ਤੇ ਮੈਂ ਰਾਜਨੀਤੀ ਦੇ ਨਾਲ-ਨਾਲ  ਸਾਹਿਤ ਦੀਆਂ। ਸਾਹਿਤ ਮੇਰੇ ਲਈ ਮੁੱਖ ਸੀ ਤੇ ਰਾਜਨੀਤੀ ਦੂਸਰੇ ਥਾਂ, ਜਦੋਂ ਕਿ ਉਸ ਲਈ ਰਾਜਨੀਤੀ ਮੁੱਖ ਸੀ ਤੇ ਸਾਹਿਤ ਦੂਸਰੇ ਥਾਂ 'ਤੇ। ਪਿਛੋਕੜ 'ਚ ਸਾਂਝਾ ਸੂਤਰ ਸੀ ਮਾਰਕਸਵਾਦ ਨੂੰ ਪੰਜਾਬ ਦੇ ਹਾਲਤਾਂ ਅਨੁਸਾਰ ਰਚਨਾਤਮਕ ਢੰਗ ਨਾਲ ਸਮਝਣ ਦਾ ਯਤਨ। ਕਮਿਊਨਿਸਟ ਲਹਿਰ ਦੇ ਜਥੇਬੰਦਕ ਢਾਂਚੇ 'ਚ ਜਿਹੜੀਆਂ ਖਾਮੀਆਂ ਦਿਸਦੀਆਂ, ਉਨ੍ਹਾਂ ਬਾਰੇ ਖੁੱਲ੍ਹ ਕੇ ਚਰਚਾ ਕਰਦੇ। ਇਸ ਮੁੱਦੇ 'ਤੇ ਬਹੁਤ ਸਾਰੀਆਂ ਬਣਦੀਆਂ ਸਹਿਮਤੀਆਂ ਤੇ ਸਾਂਝ ਕਰਕੇ, ਮੈਂ ਮੁਕੇਰੀਆਂ ਸਾਹਿਤ ਸਭਾ ਨਾਲੋਂ ਟੁੱਟਦਾ ਗਿਆ ਤੇ ਤਲਵਾੜਾ ਸਾਹਿਤ ਸਭਾ ਨਾਲ ਜੁੜਦਾ। ਮਹੀਨੇ 'ਚ ਇੱਕ ਵਾਰ ਤਾਂ ਜ਼ਰੂਰ ਹੀ, ਕਈ ਵਾਰ ਦੋ-ਤਿੰਨ ਗੇੜੇ ਵੀ ਤਲਵਾੜੇ ਦੇ ਲੱਗ ਜਾਂਦੇ। ਰਾਤ ਨੂੰ ਰਹਿਣ ਦਾ ਟਿਕਾਣਾ ਅਕਸਰ ਉਸਦਾ ਕੁਆਟਰ ਹੀ ਬਣਦਾ। ਭਾਵੇਂ ਉਹਨਾਂ ਦਿਨਾਂ 'ਚ ਪ੍ਰੋ: ਪਰਮਜੀਤ ਪੜਬੱਗਾ ਵੀ ਉੱਥੇ ਸੀ, ਹਰਜੀਤ ਬਰਾੜ, ਪਰਵੇਸ਼, ਮਹੇਸ਼ ਇੰਦਰ, ਧਵਨ ਵੀ। ਕਈ ਵਾਰ ਉਹਨਾਂ ਕੋਲ ਵੀ ਰਹਿ ਲੈਂਦਾ ਸਾਂ, ਪਰ ਉਦੋਂ ਹੀ ਜਦੋਂ ਨੱਤ ਉੱਥੇ ਨਾ ਹੁੰਦਾ। ਤਲਵਾੜਾ ਉਦੋਂ ਸੀ ਵੀ ਉਸਰ ਰਹੇ ਪ੍ਰੋਜੈਕਟਾਂ ਦਾ ਕੇਂਦਰ। ਪੌਂਗਡੈਮ ਭਾਵੇਂ ਮੁਕੰਮਲ ਹੋ ਚੁੱਕਾ ਸੀ, ਪਰ ਹੇਠਾਂ ਹਾਈਡਲ ਨਹਿਰ ਦੀ ਉਸਾਰੀ ਹੋ ਰਹੀ ਸੀ। ਉਸ 'ਤੇ ਬਣ ਰਹੇ ਪਾਵਰ ਹਾਊਸ। ਇੰਜੀਨੀਅਰਾਂ ਤੇ ਦੂਸਰੇ ਸਟਾਫ ਦੀ ਧੜਾਧੜ ਹੁੰਦੀ ਭਰਤੀ। ਨੱਤ ਵੀ ਹਾਈਡਲ 'ਤੇ ਸਿਵਲ ਇੰਜੀਨੀਅਰ ਸੀ। ਇੰਜੀਨੀਅਰਿੰਗ, ਪੋਲੀਟੈਕਨਿਕ ਕਾਲਜਾਂ 'ਚ ਉਦੋਂ ਖਾਸ ਤੌਰ 'ਤੇ ਖੱਬੀਆਂ ਵਿਦਿਆਰਥੀ ਸਰਗਰਮੀਆਂ ਦੇ ਉਭਾਰ ਦਾ ਦੌਰ ਸੀ, ਤੇ ਉੱਥੋਂ ਨਿਕਲ ਕੇ ਆਏ ਇਹ ਇੰਜੀਨੀਅਰ ਕਿਸੇ ਨਾ ਕਿਸੇ ਰੂਪ 'ਚ, ਕਿਸੇ ਨਾ ਕਿਸੇ ਖੱਬੇ ਮੰਚ ਨਾਲ ਜੁੜ ਹੀ ਜਾਂਦੇ, ਜਿਨ੍ਹਾਂ ਦਾ ਨੱਤ ਰੂਹੇ-ਰਵਾਂ ਸੀ।  

ਇਹਨਾਂ ਹੀ ਦਿਨਾਂ 'ਚ ਉਸ ਨੇ ਸਾਹਿਤ ਸਭਾ ਨਾਲੋਂ ਸਰਗਰਮੀਆਂ ਘਟਾ ਕੇ ਪੀਪਲਜ਼ ਡੈਮੋਕਰੇਟਿਕ ਫਰੰਟ ਬਣਾਉਣ ਦੀ ਪਹਿਲਕਦਮੀ ਆਰੰਭੀ। ਤਰਕ ਉਸ ਦਾ ਇਹ ਸੀ, ''ਕਿਉਂਕਿ ਸਾਹਿਤ ਸਭਾ 'ਚ ਬਹੁਤੀਆਂ ਗੱਲਾਂ ਸਾਹਿਤ ਬਾਰੇ ਹੀ ਹੁੰਦੀਆਂ, ਇਕੱਠੇ ਹੋਏ ਸਾਹਿਤਕਾਰ ਆਪਣੀ ਕਹਾਣੀ ਜਾਂ ਕਵਿਤਾ ਸੁਨਣ/ਸੁਣਾਉਣ ਤੋਂ ਅਗਾਂਹ ਦੀ ਕੋਈ ਗੱਲ ਹੀ ਨਹੀਂ ਕਰਦੇ, ਇਸ ਕਰਕੇ ਅਜੋਕੇ ਹਾਲਾਤ 'ਚ ਇੱਕ ਅਜਿਹੇ ਮੰਚ ਦੀ ਲੋੜ ਹੈ, ਜਿਹੜਾ ਦੇਸ਼ ਦੇ, ਤੇ ਖਾਸ ਕਰਕੇ ਪੰਜਾਬ ਦੇ ਤੇਜ਼ੀ ਨਾਲ ਬਦਲ ਰਹੇ ਹਾਲਾਤ ਬਾਰੇ 'ਸੰਵਾਦ' ਤੋਰੇ, ਇਸ ਬਾਰੇ ਬਹਿਸਾਂ ਹੋਣ। ਨਾ ਕੇਵਲ ਆਪ, ਸਗੋਂ ਬਾਹਰੋਂ ਵੀ ਵਿਦਵਾਨਾਂ ਨੂੰ ਸੱਦ ਕੇ ਵਿਚਾਰ-ਚਰਚਾ ਦੀਆਂ ਲੜੀਆਂ ਚਲਾਈਆਂ ਜਾਣ।'' ਸਾਹਿਤ ਸਭਾ ਵਾਲੇ ਕੁਝ ਸੰਜੀਦਾ, ਪੜ੍ਹਨ-ਲਿਖਣ ਵਾਲੇ ਮੈਂਬਰ ਵੀ ਇਸ ਮੰਚ ਨਾਲ ਜੁੜ ਗਏ ਤੇ ਕੁਝ ਹੋਰ ਰਾਜਨੀਤੀ/ਟਰੇਡ ਯੂਨੀਅਨਾਂ 'ਚ ਸਰਗਰਮ ਕਾਰਕੁੰਨ। ਇਸ ਦੀਆਂ ਮੀਟਿੰਗਾਂ ਵੀ ਅਕਸਰ ਗੈਰ ਰਸਮੀ ਢੰਗ ਨਾਲ ਰਾਤਾਂ ਨੂੰ ਹੁੰਦੀਆਂ। ਸਿਆਲਾਂ ਨੂੰ ਦਰੀ ਵਿਛਾ ਕੇ ਉੱਪਰ ਰਜਾਈਆਂ ਸੁੱਟ ਲੈਂਦੇ ਤੇ ਕੰਧਾਂ ਨਾਲ ਢਾਸਣਾ ਲਾਈ ਸਾਰੀ-ਸਾਰੀ ਰਾਤ ਚਰਚਾ ਚੱਲਦੀ ਰਹਿੰਦੀ। ਜਿਸ ਨੂੰ ਜਦੋਂ ਨੀਂਦ ਆ ਜਾਂਦੀ, ਉਹ ਉੱਥੇ ਹੀ ਟੇਢਾ ਹੋ ਜਾਂਦਾ ਤੇ ਬਾਕੀ ਲੱਗੇ ਰਹਿੰਦੇ।  ਗਰਮੀਆਂ 'ਚ ਕੁਆਰਟਰ ਦੀ ਛੱਤ 'ਤੇ ਦਰੀ ਵਿਛਾ ਕੇ ਪੱਖੇ ਲਾ ਲਏ ਜਾਂਦੇ। ਦਸ-ਬਾਰਾਂ ਤੋਂ ਲੈ ਕੇ ਗਿਣਤੀ ਅਠਾਰਾਂ-ਵੀਹਾਂ ਤੱਕ ਵੀ ਜਾ ਪੁੱਜਦੀ। ਇਹਨਾਂ ਬਹਿਸਾਂ 'ਚ ਹਰ ਇੱਕ ਨੂੰ ਬੋਲਣ ਦਾ, ਆਪਣੀ ਗੱਲ ਕਹਿਣ ਦਾ ਪੂਰਾ ਮੌਕਾ ਦਿੱਤਾ ਜਾਂਦਾ, ਸਗੋਂ ਜੇ ਕੋਈ ਨਾ ਬੋਲਦਾ, ਆਪਣੀ ਰਾਇ ਨਾ ਦਿੰਦਾ ਤਾਂ ਉਸ ਨੂੰ ਜ਼ੋਰ ਦੇ ਕੇ ਗੱਲ ਕਰਨ ਲਈ ਪਰੇਰਿਆ ਜਾਂਦਾ। ਇਹਨਾਂ ਸੰਵਾਦ/ਚਰਚਾਵਾਂ 'ਚ ਡਾ: ਰਜਿੰਦਰਪਾਲ ਸਿੰਘ ਉਰਫ ਬਾਬੂ ਰਾਮ ਬੈਰਾਗੀ, ਸਵਪਨ ਮੁਖਰਜੀ, ਸੁਰਜੀਤ ਭੱਟੀ (ਸੁਰਖ ਰੇਖਾ), ਇੰਜੀਨੀਅਰ ਟੀ ਐੱਸ ਸੰਧੂ, ਹਾਕਮ ਸਿੰਘ ਸਮਾਉਂ, ਅਮਰ ਸਿੰਘ ਅਚਰਵਾਲ, ਗੁਰਸ਼ਰਨ ਸਿੰਘ, ਅਜਮੇਰ ਔਲਖ, ਪ੍ਰੋ: ਐੱਮ ਸੀ ਭਾਰਦਵਾਜ, ਡਾ: ਜਗਜੀਤ ਚੀਮਾ, ਦੇਸ਼ ਪੰਜਾਬ ਵਾਲਾ ਗੁਰਬਚਨ ਸਿੰਘ, ਹੰਸ ਰਾਜ ਰਹਿਬਰ ਆਦਿ ਸ਼ਾਮਲ ਹੁੰਦੇ ਰਹੇ। ਸਥਾਨਕ ਮੈਂਬਰਾਂ 'ਚੋਂ ਸੁਖਦਰਸ਼ਨ ਨੱਤ ਤੇ ਹਰਬੰਸ ਮਾਂਗਟ ਚਰਚਾ ਦੀ ਦਿਸ਼ਾ ਤਹਿ ਕਰਦੇ, ਵਿਸ਼ੇਸ਼ ਤਿਆਰੀ ਕਰਕੇ ਮਾਮਲਿਆਂ ਨੂੰ ਛੂੰਹਦੇ ਤੇ ਬਹਿਸ ਲਈ ਪੇਸ਼ ਕਰਦੇ। ਹਰੇ ਇਨਕਲਾਬ ਨਾਲ ਪੰਜਾਬ ਦੀ ਕਿਸਾਨੀ 'ਚ ਮਚੀ ਉਥਲ-ਪੁਥਲ ਨਾਲ ਜੋੜ ਕੇ ਉਭਰ ਰਹੀ ਅੱਤਵਾਦੀ ਲਹਿਰ ਨੂੰ ਵਿਚਾਰਿਆ ਜਾਣ ਲੱਗਾ। ਪੰਜਾਬ ਦੇ ਸਮਾਜਚਾਰੇ ਬਾਰੇ ਜਿੰਨੀਆਂ ਖੁੱਲ੍ਹੀਆਂ ਤੇ ਭੱਖਵੀਆਂ ਬਹਿਸਾਂ ਫਰੰਟ ਵੱਲੋਂ ਇੱਥੇ ਆਯੋਜਿਤ ਕੀਤੀਆਂ ਗਈਆਂ, ਬਾਅਦ ਵਿੱਚ ਘੱਟ ਹੀ ਦੇਖਣ ਦਾ ਮੌਕਾ ਬਣਿਆ। ਛੇਤੀ ਹੀ ਇਹ ਫਰੰਟ, ਤਹਿਸੀਲ ਦਸੂਹਾ ਦੀ ਰਾਜਨੀਤੀ ਤੇ ਸਾਹਿਤ ਦੇ ਖੇਤਰਾਂ 'ਚ ਸੰਜੀਦਾ ਸੋਚਣ ਵਾਲਿਆਂ 'ਚ ਖਿੱਚ ਵਾਲਾ ਨਾਂਅ ਬਣ ਗਿਆ। ਇਸ ਵਿੱਚ ਨਕਸਲੀਆਂ ਦੀਆਂ ਵੱਖ-ਵੱਖ ਧਿਰਾਂ, ਸੀ ਪੀ ਆਈ ਦੇ ਨਾਲ-ਨਾਲ ਸੋਚਣ-ਵਿਚਾਰਨ ਵਾਲੇ ਹੋਰ ਲੋਕ ਵੀ ਆਉਣ ਲੱਗੇ। ਇਸ ਦਾ ਕਾਰਨ ਇਹ ਵੀ ਸੀ ਕਿ ਅੱਤਵਾਦ ਨਿੱਤ-ਦਿਹਾੜੇ ਤੇਜ਼ੀ ਨਾਲ ਪੈਰ ਪਸਾਰ ਰਿਹਾ ਸੀ, ਬਹੁਤੀਆਂ ਜਮਹੂਰੀ ਸੰਸਥਾਵਾਂ ਸੁੰਗੜ ਰਹੀਆਂ ਸਨ ਜਾਂ ਆਪਣੇ-ਆਪਣੇ ਖੋਲ ਦੇ ਘੇਰਿਆਂ 'ਚ ਕੈਦ ਹੁੰਦੀਆਂ ਹੋਈਆਂ ਪਰ ਫਰੰਟ ਅਜਿਹਾ ਮੰਚ ਸੀ, ਜਿਹੜਾ ਫੈਲ ਰਿਹਾ ਸੀ, ਤੇ ਹਰ ਇੱਕ ਨੂੰ ਹੀ ਆਪਣੇ ਵਿਚਾਰ ਤਰਕ-ਯੁਕਤ ਢੰਗ ਨਾਲ ਰੱਖਣ ਦੀ ਖੁੱਲ੍ਹ ਦੇ ਰਿਹਾ ਸੀ, ਇੱਥੋਂ ਤੱਕ ਕਿ ਖਾਲਿਸਤਾਨ ਦੇ ਸਮੱਰਥਕਾਂ ਨੂੰ ਵੀ। ਇਸ ਦੇਖਣ ਨੂੰ ਖੁੱਲ੍ਹੇ ਲੱਗਦੇ ਮੰਚ ਨੂੰ, ਪਰ ਨੱਤ ਹੌਲੀ-ਹੌਲੀ ਨਕਸਲੀ ਰਾਜਨੀਤੀ ਦੀ ਟਵਿਸਟ ਦਿੰਦਾ ਰਿਹਾ, ਉਂਜ ਭਾਵੇਂ ਉਹਨਾਂ ਦੇ ਕਿਸੇ ਖਾਸ ਗਰੁੱਪ ਦੇ ਅਜੇ ਨੇੜੇ ਨਹੀਂ  ਸੀ। ਰੋਡੇ ਪਾਲੀਟੈਕਨਿਕ 'ਚ ਪੜ੍ਹਦਿਆਂ (1976-80) ਉਹ ਸਤਿਆ ਨਰੈਣ ਗਰੁੱਪ ਨਾਲ ਜੁੜਿਆ ਹੋਇਆ ਸੀ। ਇਹਨਾਂ ਸਰਗਰਮੀਆਂ 'ਚ ਜਸਵਿੰਦਰ, ਬੰਤ ਮਾਣੂੰਕੇ ਤੇ ਬਿੱਕਰ ਕੰਮੇਆਣਾ ਅਕਸਰ ਉਸ ਕੋਲ ਆਉਂਦੇ। ਨੌਕਰੀ 'ਤੇ ਆ ਕੇ ਉਸ ਅਨੁਸਾਰ, ''ਜਨਵਰੀ 1982 'ਚ ਮੇਰੀ ਤਲਵਾੜੇ ਨੌਕਰੀ ਲੱਗੀ ਤਾਂ ਸਭ ਤੋਂ ਪਹਿਲਾਂ ਇੱਥੇ ਆ ਕੇ ਸਾਹਿਤ ਸਭਾ ਨਾਲ ਜੁੜਿਆ। ਮੈਂ ਇਸ 'ਚ ਸਰਗਰਮੀ ਨਾਲ ਹਿੱਸਾ ਲੈਣ ਲੱਗਾ, ਪਰ ਇਸ ਵਿੱਚ ਲੇਖਕ/ਕਵੀ ਆਪਣੀ ਰਚਨਾ ਸੁਣਾਉਣ ਤੋਂ ਬਿਨਾਂ ਕਿਸੇ ਮੁੱਦੇ ਬਾਰੇ ਸੰਜੀਦਾ ਚਰਚਾ ਤਾਂ ਕੀ ਕਰਨੀ, ਦੂਸਰੇ ਦੀ ਰਚਨਾ ਵੀ ਧਿਆਨ ਨਾਲ ਨਹੀਂ ਸਨ ਸੁਣਦੇ। ਉਹ ਆਪਣੇ ਆਪ ਤੋਂ ਬਿਨਾਂ ਕਿਸੇ ਨੂੰ ਕੁਝ ਸਮਝਦੇ ਹੀ ਨਹੀਂ। ਇਸ ਤੋਂ ਲੱਗਣ ਲਗ ਪਿਆ ਕਿ ਇਹ ਸੰਜੀਦਾ ਚਰਚਾ/ਸੰਵਾਦ ਦਾ ਮੰਚ ਨਹੀਂ ਬਣ ਸਕਦਾ। ਇਹਨਾਂ ਬਹਿਸਾਂ/ਸੰਵਾਦ ਲਈ ਫਰੰਟ ਬਣਾਇਆ, ਜਿਸ ਵਿੱਚ ਵੱਖ-ਵੱਖ ਖੱਬੀਆਂ ਧਿਰਾਂ ਦੀ ਪਹੁੰਚ ਬਾਰੇ ਆਉਂਦੇ ਆਗੂਆਂ/ਚਿੰਤਕਾਂ ਨਾਲ ਚਰਚਾ ਹੁੰਦੀ। ਇਹਨਾਂ ਸਰਗਰਮੀਆਂ 'ਚ ਹੀ ਚੰਡੀਗੜ੍ਹ ਤੋਂ ਇੰਜੀਨੀਅਰ ਟੀ ਐੱਸ ਸੰਧੂ ਆਉਣ ਲੱਗਾ, ਜਿਹੜਾ ਉਦੋਂ ਪੰਜਾਬ ਦੇ ਲਿਬਰੇਸ਼ਨ ਗਰੁੱਪ ਦਾ ਇੰਚਾਰਜ ਸੀ। ਉਸ ਨੇ ਮੈਨੂੰ ਇਸ ਗਰੁੱਪ ਦੀਆਂ ਨੀਤੀਆਂ ਬਾਰੇ ਕਾਇਲ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਈ।''

ਕਾਮਰੇਡ ਸੁਖਦਰਸ਼ਨ ਨੱਤ ਬਾਰੇ ਹਿੰਦੀ ਦੀ ਨਕਸਲਬਾੜੀ ਸਕਰੀਨ ਵਿੱਚ ਵੀ ਵਿਸ਼ੇਸ਼ ਲਿਖਤ 

ना संघर्ष ना तकलीफ, तो क्या मजा है जीने में

ਉਹ ਆਪ ਭਾਵੇਂ ਲਿਬਰੇਸ਼ਨ ਨਾਲ ਜੁੜ ਗਿਆ, ਪਰ ਫਰੰਟ ਦੀਆਂ ਸਰਗਰਮੀਆਂ ਪਹਿਲਾਂ ਵਾਂਗ ਹੀ ਜਾਰੀ ਰਹੀਆਂ। ਉੱਥੇ ਆ ਕੇ ਕੋਈ ਵੀ ਆਪਣੀ ਗੱਲ ਰੱਖ ਸਕਦਾ ਸੀ, ਕਰ ਸਕਦਾ। ਇੱਕ ਹੀ ਬਿੰਦੂ ਉੱਪਰ ਚਰਚਾ ਕੇਂਦਰਤ ਕਰਕੇ ਉਸ ਦੀਆਂ ਕਈ ਤਹਿਆਂ ਫੋਲੀਆਂ ਜਾਂਦੀਆਂ।  ਮੀਟਿੰਗਾਂ ਤੋਂ ਬਾਅਦ ਅਸੀਂ ਕਿਸੇ ਨਾ ਕਿਸੇ ਪਾਸੇ ਘੁੰਮਣ ਲਈ ਨਿਕਲ ਤੁਰਦੇ। ਤਲਵਾੜਾ  ਹੈ ਵੀ ਬਹੁਤ ਖੂਬਸੂਰਤ ਥਾਂ। ਇਸਦੇ ਦੱਖਣ ਵਾਲੇ ਪਾਸੇ ਸੜਕ ਦੇ ਨਾਲੋਂ ਹੀ ਸ਼ਿਵਾਲਿਕ ਦੀਆਂ ਪਹਾੜੀਆਂ ਸ਼ੁਰੂ ਹੋ ਜਾਂਦੀਆਂ ਹਨ, ਜੰਗਲ। ਉੱਤਰ ਵਾਲੇ ਪਾਸੇ ਕਿਲੋਮੀਟਰ ਕੁ ਜਾ ਕੇ ਬਿਆਸ ਦਰਿਆ ਦਾ ਪੁਰਾਣਾ ਵਹਿਣ ਤੇ ਉਸ ਦਾ ਮੰਡ। ਉਸ ਤੋਂ ਪਾਰ ਮੁੜ ਸ਼ਿਵਾਲਿਕ ਦੀਆਂ ਪਹਾੜੀਆਂ। ਪੂਰਬ ਵਾਲੇ ਪਾਸੇ ਛੇ-ਸੱਤ ਕਿਲੋਮੀਟਰ 'ਤੇ ਜਾ ਕੇ ਪੌਂਗਡੈਮ। ਜੇ ਦਿਨ ਦੀ ਮੀਟਿੰਗ ਹੁੰਦੀ ਤਾਂ ਸ਼ਾਮ ਚਾਰ ਕੁ ਵਜੇ, ਅਤੇ ਜੇ ਰਾਤ ਨੂੰ ਹੁੰਦੀ ਤਾਂ ਸਵੇਰੇ ਤੜਕੇ ਉੱਠ ਕੇ ਅਸੀਂ ਪਹਾੜੀਆਂ ਜਾਂ ਦਰਿਆ ਦੇ ਮੰਡ ਵਾਲੇ ਪਾਸੇ ਸੈਰ ਲਈ ਨਿਕਲ ਤੁਰਦੇ। ਘੁੰਮਦੇ, ਕਿਸੇ ਨਾ ਕਿਸੇ ਬਾਗ 'ਚੋਂ ਕਿੰਨੂ ਜਾਂ ਅਮਰੂਦ ਲੈ ਕੇ ਖਾਂਦੇ ਜਾਂ ਕਿਤਿਉਂ ਗੰਨੇ ਭੰਨ ਕੇ ਚੂਪਦੇ, ਨਾਲੋ-ਨਾਲ ਮੀਟਿੰਗਾਂ ਦੇ ਮੁੱਦੇ ਵੀ ਵਿਚਾਰਦੇ ਰਹਿੰਦੇ। ਇੱਕ ਤਰ੍ਹਾਂ ਮੀਟਿੰਗਾਂ ਦੀ ਨਿਰੰਤਰਤਾ ਜਾਰੀ ਰਹਿੰਦੀ, ਸਗੋਂ ਕਈ ਵਾਰ ਇਹਨਾਂ ਸੈਰਾਂ 'ਚ ਮੀਟਿੰਗਾਂ ਨਾਲੋਂ ਵਧੇਰੇ ਸਾਰਥਕ ਗੱਲਾਂ ਹੁੰਦੀਆਂ। 

ਹਾਈਡਲ ਕਲੋਨੀ 'ਚ ਨੱਤ ਦਾ ਕੁਆਰਟਰ ਜਿਵੇਂ ਫਰੰਟ ਦਾ ਖੁੱਲ੍ਹਾ ਦਫਤਰ ਹੀ ਸੀ, ਜਿੱਥੇ ਕੋਈ ਕਦੀ ਵੀ ਆ ਸਕਦਾ। ਉਹ ਕਦੀ ਵੀ ਕਿਸੇ ਦੇ ਆਉਣ 'ਤੇ ਮੱਥੇ ਵੱਟ ਨਾ ਪਾਉਂਦਾ। ਹੋਰ ਤਾਂ ਹੋਰ, ਮਾਲਵੇ ਵੱਲੋਂ ਕਿਸੇ ਦੀ ਤਲਵਾੜੇ ਨਵੀਂ ਨਿਯੁਕਤੀ ਹੋ ਜਾਂਦੀ ਤਾਂ ਰਹਿਣ ਦਾ ਕੋਈ ਸੰਪਰਕ ਨਾ ਲੱਭਣ 'ਤੇ, ਉਸ ਦਾ ਕੋਈ ਨਾ ਕੋਈ ਜਾਣੂ ਇਸ ਕੁਆਰਟਰ ਦਾ ਪਤਾ ਦੇ ਦਿੰਦਾ, ਤੇ ਜਿੰਨਾ ਚਿਰ ਫਿਰ ਉਸ ਦਾ ਰਹਿਣ ਦਾ ਬੰਦੋਬਸਤ ਨਾ ਬਣਦਾ, ਉਹ ਇੱਥੇ ਰਹੀ ਜਾਂਦਾ। ਮੇਰਾ ਪਿੰਡ ਤਾਂ ਭਾਵੇਂ ਉਥੋਂ ਵੀਹ ਕੁ ਕਿਲੋਮੀਟਰ ਸੀ, ਪਰ ਜਦੋਂ ਵੀ ਵਿਹਲ ਲੱਗਦੀ, ਮੈਂ ਅਕਸਰ ਇੱਥੇ ਪਹੁੰਚ ਜਾਂਦਾ ਤੇ ਫਿਰ ਗੱਲਾਂ/ਸੰਵਾਦ ਦੇ ਨਾਲ-ਨਾਲ ਸੈਰ ਦਾ ਮਜ਼ਾ ਵੀ ਰਹਿੰਦਾ ਜਾਂ ਸ਼ਾਇਦ ਘੁੰਮਣ-ਫਿਰਨ ਦੀ ਚਾਹਨਾ ਵੱਧ ਹੁੰਦੀ ਤੇ ਗੱਲਾਂ ਝੁੰਗੇ 'ਚੋਂ ਹੋ ਜਾਂਦੀਆਂ। 

ਨੱਤ ਦੀ ਇੱਕ ਖਾਸ ਗੱਲ ਹੈ ਕਿ ਉਹ ਹਰ ਵੇਲੇ ਆਪਣਾ ਏਜੰਡਾ ਜਾਂ ਪਸੰਦ ਸਾਹਮਣੇ ਚਿਪਕਾ ਕੇ ਨਹੀਂ ਰੱਖਦਾ। ਜੇ ਤਾਂ ਕੋਈ ਪਾਰਟੀ ਕਾਮਰੇਡ ਆਇਆ ਹੁੰਦਾ, ਉਹ ਪਾਰਟੀ ਸਿਧਾਂਤ ਦੀਆਂ ਗੱਲਾਂ  ਕਰਨ ਲੱਗ ਪੈਂਦਾ; ਜੇ ਕੋਈ ਕੁਲੀਗ ਇੰਜੀਨੀਅਰ ਆਇਆ ਹੁੰਦਾ ਤਾਂ ਉਸ ਨਾਲ ਸਰਕਾਰੀ ਕਾਨੂੰਨ ਤੇ ਉਸ 'ਚੋਂ ਚੋਰ-ਮੋਰੀਆਂ ਲੱਭ ਕੇ ਅਫਸਰਸ਼ਾਹੀ/ਠੇਕੇਦਾਰਾਂ ਵੱਲੋਂ ਕੀਤੀ ਜਾ ਰਹੀ ਲੁੱਟ ਬਾਰੇ ਦੱਸਣ ਲੱਗ ਪੈਂਦਾ; ਤੇ ਜੇ ਕੋਈ ਮੇਰੇ ਵਰਗਾ ਹੁੰਦਾ ਤਾਂ ਸਾਹਿਤ, ਸੱਭਿਆਚਾਰ ਜਾਂ ਲਿਖਣ-ਪੜ੍ਹਨ ਦੀਆਂ ਗੱਲਾਂ ਹੁੰਦੀਆਂ। ਉਹ ਆਪ ਵੀ ਬਹੁਤ ਪੜ੍ਹਦਾ  ਸੀ। ਡਿਊਟੀ ਤੋਂ ਆ ਕੇ  ਅਕਸਰ ਪੜ੍ਹਨ 'ਚ ਰੁੱਝਿਆ ਰਹਿੰਦਾ। ਕਈ ਵਾਰ ਮੈਂ ਉਸ ਨਾਲ, ਉਸ ਦੇ ਕੰਮ ਦੀ ਸਾਇਟ 'ਤੇ ਵੀ ਗਿਆ, ਜਿੱਥੇ ਦਿਨ-ਰਾਤ ਚੱਲਦੀਆਂ ਮਸ਼ੀਨਾਂ ਜ਼ਮੀਨ 'ਚ ਸੌ-ਸੌ ਫੁੱਟ ਦੇ ਡੂੰਘੇ ਪਾੜ ਪਾ ਕੇ ਨਹਿਰ ਪੁੱਟ ਰਹੀਆਂ ਹੁੰਦੀਆਂ। ਅੱਗੇ-ਅੱਗੇ ਪੁਟਾਈ ਚੱਲ ਰਹੀ ਹੁੰਦੀ ਤੇ ਪਿੱਛੇ ਕੰਢਿਆਂ ਨੂੰ ਲੈਵਲਿੰਗ ਕਰਕੇ ਉਹਨਾਂ ਨੂੰ ਪੱਕਿਆਂ ਕਰਨ ਦਾ ਕੰਮ। ਇੱਥੇ ਭਿ੍ਸ਼ਟਾਚਾਰ ਕਿਵੇਂ ਤੇ ਕਿਸ ਵੱਡੀ ਪੱਧਰ 'ਤੇ ਹੋ ਰਹੀ ਸੀ, ਇਹ ਵੀ ਵਿਸਥਾਰ 'ਚ ਸਾਹਮਣੇ ਦੇਖ ਕੇ ਹੀ ਪਤਾ ਲੱਗਿਆ।

ਉਦੋਂ ਕੁ ਹੀ ਅੱਤਵਾਦੀਆਂ ਦਾ ਕਮਿਊਨਿਸਟਾਂ ਨਾਲ ਸਿੱਧਾ ਟਕਰਾਅ ਸ਼ੁਰੂ ਹੋ ਗਿਆ। ਕਈ ਥਾਂ ਘਾਤ ਲਾ ਕੇ ਕਾਮਰੇਡਾਂ 'ਤੇ ਹਮਲੇ ਕੀਤੇ ਗਏ ਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਇੱਕ ਅਜਿਹਾ ਦੌਰ ਸ਼ੁਰੂ ਹੋ ਗਿਆ ਸੀ, ਜਦੋਂ ਪਤਾ ਨਹੀਂ ਸੀ ਲੱਗਦਾ 'ਅੱਜ ਜਿਊਂਦੇ ਹਾਂ, ਭਲਕੇ ਵੀ ਜਿਊਂਦੇ ਹੀ ਹੋਵਾਂਗੇ!' ਸੱਤਾ ਨਿਸਥੀ ਹੁੰਦੀ ਜਾ ਰਹੀ ਸੀ। ਇਸ ਦੌਰ 'ਚ ਅਕਸਰ ਮੀਟਿੰਗਾਂ 'ਚ ਸੁਰੱਖਿਆ ਦਾ ਮਸਲਾ ਵੀ ਵਿਚਾਰਿਆ ਜਾਂਦਾ।  ਕਿਸੇ ਨਾ ਕਿਸੇ ਪਾਸਿਉਂ ਹਥਿਆਰਾਂ ਦੇ ਲਸੰਸ ਲੈਣ ਜਾਂ ਸਰਕਾਰੀ ਸੁਰੱਖਿਆ ਲੈਣ ਦਾ ਮੁੱਦਾ ਉਠ ਖੜੋਂਦਾ। ਇਸ ਬਾਰੇ ਪਰ ਉਹ ਅਕਸਰ ਅਮਰ ਅਚਰਵਾਲ ਦੇ ਸ਼ਬਦ ਦੁਹਰਾਉਂਦਾ, 'ਹਥਿਆਰ ਨਹੀਂ, ਨੀਤੀ ਹੀ ਸੁਰੱਖਿਆ ਦੀ ਗਰੰਟੀ ਹੁੰਦੀ ਹੈ। ਹਥਿਆਰਾਂ ਦੀ ਸੁਰੱਖਿਆ ਤਾਂ ਇੰਦਰਾ ਗਾਂਧੀ ਨੂੰ ਨਾ ਬਚਾ ਸਕੀ। ਚੌਕਸ ਰਹਿਣਾ ਜ਼ਰੂਰੀ ਹੈ, ਪਰ ਮੁੱਖ ਹੈ ਕਿ ਅਸੀਂ ਲੋਕਾਂ 'ਚ ਸਰਕਾਰੀ ਧੁੱਤੂ ਨਾ ਸਮਝੇ ਜਾਈਏ।' ਇਸ ਮਾਮਲੇ 'ਚ ਮੈਨੂੰ ਮਾਰਕਸੀਆਂ ਦੇ ਮੁਕਾਬਲੇ ਉਸ ਦੀ ਦਲੀਲ ਵਧੇਰੇ ਵਜ਼ਨਦਾਨ ਲੱਗਦੀ  ਸੀ। ਮੇਰਾ ਪਿੰਡ 'ਚ, ਇਲਾਕੇ 'ਚ ਸਾਰੇ ਦਾ ਸਾਰਾ ਘੇਰਾ ਮਾਰਕਸੀ ਪਾਰਟੀ ਵਾਲਾ ਸੀ, ਮੈਂ ਖੁਦ ਵੀ ਇਸ ਦੀਆਂ ਸਰਗਰਮੀਆਂ ਨਾਲ ਜੁੜਿਆ ਹੋਇਆ ਸਾਂ, ਪਰ ਉੱਥੇ ਸੰਵਾਦ ਜਾਂ ਚਰਚਾ ਬਹੁਤ ਘੱਟ ਹੁੰਦੀ।  ਐਕਸ਼ਨ ਉਲੀਕੇ ਜਾਂਦੇ, ਐਕਸ਼ਨ ਕੀਤੇ ਜਾਂਦੇ; ਧਰਨੇ, ਰੈਲੀਆਂ, ਮੁਜ਼ਾਹਰੇ, ਝੰਡਾ ਮਾਰਚ। ਕੋਈ ਨਾ ਕੋਈ ਆਗੂ ਅਕਸਰ ਜ਼ਿਲ੍ਹਾ ਜਾਂ ਸੂਬਾ ਕਮੇਟੀ ਵੱਲੋਂ ਪਾਰਟੀ ਦੀ ਲਈ ਜਾ ਰਹੀ ਨੀਤੀ ਦੀ ਵਿਆਖਿਆ ਕਰਨ ਲਈ ਵੀ ਆ ਜਾਂਦਾ, ਪਰ ਖੁੱਲ੍ਹਾ ਵਿਚਾਰ-ਵਟਾਂਦਰਾ ਨਾ ਹੁੰਦਾ, ਜਿਹੜਾ ਡੀ ਪੀ ਐੱਫ 'ਚ ਆਮ ਸੀ।

1986 ਦੀ ਗੱਲ ਹੈ। ਡੀ ਪੀ ਐੱਫ ਵੱਲੋਂ ਅਸੀਂ ਇਲਾਕੇ 'ਚ ਗੁਰਸ਼ਰਨ ਭਾਅ ਜੀ ਦੇ ਨਾਟਕਾਂ ਦਾ ਪ੍ਰੋਗਰਾਮ ਉਲੀਕਿਆ। ਪੰਜ-ਛੇ ਪਿੰਡਾਂ 'ਚ ਲਗਾਤਾਰ ਪ੍ਰੋਗਰਾਮਾਂ ਦੇ ਅੰਤ 'ਤੇ, ਐਡਵੋਕੇਟ ਸ਼ੁਭ ਸਰੋਚ ਦੇ ਪਿੰਡ ਡਡਿਆਲ (ਤਹਿਸੀਲ ਦਸੂਹਾ) ਵਿਖੇ ਰਾਤ ਨੂੰ ਨਾਟਕ ਹੋਏ। ਸੁਖਦਰਸ਼ਨ ਨੱਤ, ਪਰਵੇਸ਼, ਸਤਦੇਵ, ਸੁਰਿੰਦਰ ਉੱਚੀ ਬੱਸੀ, ਭੁਪਿੰਦਰ, ਮੈਂ ਤੇ ਕੁਝ ਜਣੇ ਹੋਰ ਲੱਗਭੱਗ ਹਰ ਥਾਂ ਹੀ ਨਾਟਕ ਟੀਮ ਨਾਲ ਹਾਜ਼ਰ ਰਹੇ।  ਕੁਝ ਤਾਂ ਸ਼ੌਕ ਵਜੋਂ ਵੀ, ਤੇ ਕੁਝ ਇਸ ਲਈ ਵੀ ਕਿ ਹਰ ਥਾਂ ਸਥਾਨਕ ਪ੍ਰਬੰਧਕ ਵੀ ਜ਼ੋਰ ਦਿੰਦੇ ਸਨ। ਦੂਸਰੇ ਦਿਨ ਸਵੇਰੇ ਉੱਠ ਕੇ ਨਾਸ਼ਤਾ ਕਰ ਰਹੇ ਸਾਂ ਤਾਂ ਪਤਾ ਲੱਗਾ, ਉੱਥੋਂ ਕੋਈ ਪਹਾੜੀ ਪਗਡੰਡੀ ਵੀ ਹੈ, ਜਿਹੜੀ ਪਹਾੜੀਆਂ, ਖੱਡਾਂ ਵਿੱਚੀਂ ਹੁੰਦੀ ਕਮਾਹੀ ਦੇਵੀ ਦੇ ਨੇੜਿਉਂ ਲੰਘਦੀ ਅਗਾਂਹ ਤਲਵਾੜੇ ਜਾ ਕੇ ਨਿਕਲਦੀ ਹੈ। ਗਿਆ ਭਾਵੇਂ ਇਸ ਰਾਹੀਂ ਕਦੀ ਸ਼ੁਭ ਵੀ ਨਹੀਂ ਸੀ, ਪਰ ਉਸ ਨਾਲ ਪਿੰਡ ਦੇ ਇੱਕ ਬੰਦੇ ਨੇ ਦੱਸਿਆ, ''ਪੁਰਾਣੇ ਵੇਲਿਆਂ 'ਚ ਕਮਾਹੀ ਦੇਵੀ ਜਾਂ ਤਲਵਾੜੇ ਨੂੰ ਅਸੀਂ ਇਧਰ ਦੀ ਹੀ ਜਾਇਆ ਕਰਦੇ ਸਾਂ।'' ਉਸ ਨੇ ਕੁਝ ਪਿੰਡਾਂ-ਥਾਵਾਂ ਦੇ ਨਾਂਅ ਵੀ ਸਮਝਾਏ, ਜਿਹੜੇ ਰਾਹ 'ਚ ਆਉਂਦੇ ਸਨ। ਨਾਸ਼ਤਾ ਕਰਕੇ ਨਾਟਕ ਟੀਮ ਰਵਾਨਾ ਹੋ ਗਈ ਤੇ ਹੋਰ ਵੀ ਬਾਹਰੋਂ ਆਏ ਕਾਮਰੇਡ ਆਪਣੇ-ਆਪਣੇ ਟਿਕਾਣਿਆਂ ਵੱਲ।  ਨੱਤ, ਮੈਂ ਤੇ ਚਾਰ ਕੁ ਜਣੇ ਹੋਰ ਇਸ ਪਹਾੜੀ ਪਗਡੰਡੀ ਰਾਹੀਂ ਡਡਿਆਲ ਤੋਂ ਤਲਵਾੜੇ ਨੂੰ ਜਾਣ ਲਈ ਤਿਆਰ ਹੋ ਗਏ। ਇਹ ਰਾਹ ਸ਼ਾਇਦ ਬਾਰਾਂ, ਚੌਦਾਂ ਕਿਲੋਮੀਟਰ ਸੀ। ਪਹਾੜੀਆਂ ਚੜ੍ਹਦਿਆਂ-ਉਤਰਦਿਆਂ, ਖੱਡਾਂ ਦੇ ਪੱਥਰਾਂ ਤੋਂ ਤੁਰਦਿਆਂ ਇਹ ਸਫਰ ਬਹੁਤ ਦਿਲਚਸਪ ਰਿਹਾ। ਦਿ੍ਸ਼ਾਂ ਨੂੰ ਮਾਣਦੇ, ਕਮਿਊਨਿਸਟ ਲਹਿਰ, ਇਸ ਇਲਾਕੇ 'ਚ ਗੁਰੀਲਾ-ਯੁੱਧ ਦੀਆਂ ਸੰਭਾਵਨਾਵਾਂ ਬਾਰੇ ਵੀ ਚਰਚਾ ਕਰਦੇ ਰਹੇ ਤੇ ਕੰਢੀ ਦੇ ਖੇਤਰ 'ਚ ਜ਼ਿੰਦਗੀ ਦੀਆਂ ਵੱਖਰੀ ਤਰ੍ਹਾਂ ਦੀਆਂ ਸਮੱਸਿਆਵਾਂ ਬਾਰੇ ਵੀ, ਜਿੱਥੇ ਪੀਣ ਵਾਲਾ ਪਾਣੀ ਲੈਣ ਲਈ ਕਈ ਵਾਰ ਪੰਜ-ਪੰਜ, ਛੇ-ਛੇ ਕਿਲੋਮੀਟਰ ਤੋਂ ਔਰਤਾਂ ਨੂੰ ਘੜੇ ਭਰ ਕੇ ਲਿਆਉਣੇ ਪੈਂਦੇ।  ਨੌਂ  ਵਜੇ ਦੇ ਤੁਰੇ ਅਸੀਂ ਸ਼ਾਮ ਚਾਰ ਕੁ ਵਜੇ ਤਲਵਾੜੇ ਪੁੱਜੇ ਹੋਵਾਂਗੇ, ਥਕੇਵੇਂ ਦੇ ਬਾਵਜੂਦ ਪਰ ਖੁਸ਼ ਸਾਂ, ਸਗੋਂ ਇੱਕ ਤਰ੍ਹਾਂ ਨਾ ਭੁੱਲਣਯੋਗ ਸਫਰ ਬਣ ਗਿਆ।

ਉਹ ਅਕਸਰ ਅਜਿਹੇ ਨਿੱਕੇ-ਨਿੱਕੇ ਐਡਵੈਂਚਰ ਕਰਨ ਲਈ ਤਿਆਰ ਰਹਿੰਦਾ।  ਮੇਰੀ ਵੀ ਆਦਤ ਸੀ।  ਨਾ ਕੇਵਲ ਘੁੰਮਣ-ਫਿਰਨ ਦੇ ਮਾਮਲੇ 'ਚ ਸਗੋਂ ਰਾਜਨੀਤੀ ਦੇ ਮਾਮਲੇ 'ਚ ਵੀ ਤੇ ਸੋਚਣ-ਸਮਝਣ ਦੇ ਮਾਮਲੇ 'ਚ ਵੀ, 'ਵਿਚਾਰ ਕਰਨ 'ਚ ਕੀ ਹਰਜ਼ ਹੈ। ਜੇ ਸਹੀ ਨਾ ਲੱਗਿਆ ਤਾਂ ਨਾ ਮੰਨਾਂਗੇ।' ਉਸ ਲਈ ਕੋਈ ਗੱਲ ਅਛੂਤ ਨਹੀਂ ਸੀ, ਨਾ ਬਿਨਾਂ ਸੋਚਿਆਂ ਰੱਦ ਕਰ ਦਿੰਦਾ। ਬੋਲਣ ਲੱਗਿਆਂ ਦਲੇਰੀ ਨਾਲ ਬੋਲਦਾ, ਜੋ ਕੁਝ ਉਸ ਨੂੰ ਸਹੀ ਲੱਗਦਾ। ਇਸ ਕਰਕੇ ਤਲਵਾੜੇ ਉਸ ਦੀ ਦੋਸਤੀ ਦਾ ਘੇਰਾ ਬਹੁਤ ਵਿਸ਼ਾਲ ਸੀ। ਆਪਣੇ ਮਹਿਕਮੇ 'ਚ ਤਾਂ ਸੀ ਹੀ, ਬਹੁਤੇ ਉਸ ਵੱਲੋਂ ਲਾਏ ਕਿਸੇ ਰਾਜਨੀਤਕ ਕੰਮ ਨੂੰ ਵੀ ਖੁਸ਼ੀ-ਖੁਸ਼ੀ  ਕਰਦੇ ਸਨ; ਦੂਸਰੀਆਂ ਖੱਬੀਆਂ ਧਿਰਾਂ 'ਚ ਵੀ ਉਸ ਦੀ ਗੱਲ ਨੂੰ ਸੰਜੀਦਗੀ ਨਾਲ ਲਿਆ ਜਾਂਦਾ। ਮੇਰੀਆਂ ਰਚਨਾਵਾਂ ਜਿਹੜੀਆਂ ਉਦੋਂ ਬਹੁਤੀਆਂ ਅਖਬਾਰਾਂ 'ਚ ਹੀ ਛਪਦੀਆਂ ਸਨ, ਬਾਰੇ ਉਹ ਬੜੀ ਸੰਤੁਲਤ ਰਾਏ ਦਿੰਦਾ।  ਉਚੇਚ ਨਾਲ ਪੜ੍ਹਦਾ। ਇਹ ਵੀ ਸ਼ਾਇਦ ਸਾਡੀ ਵਧਦੀ ਨੇੜਤਾ ਦਾ ਇੱਕ ਕਾਰਨ ਸੀ ਕਿ ਸੀ ਪੀ ਐੱਮ, ਜਿਸ  ਨਾਲ ਮੈਂ ਬਹੁਤਾ ਵਿਚਰਦਾ ਸਾਂ, 'ਚ ਪੜ੍ਹਨ ਦਾ ਬਹੁਤ ਘੱਟ ਰੁਝਾਨ ਸੀ। ਉਹਨਾਂ 'ਚੋਂ ਬਹੁਤਿਆਂ ਨੇ ਸ਼ਾਇਦ ਹੀ ਮੇਰੀ ਕੋਈ ਰਚਨਾ ਪੜ੍ਹੀ ਹੋਵੇ ਤੇ  ਜਿਸ ਨੇ ਵੀ ਪੜ੍ਹੀ ਵੀ, ਉਸ ਨੂੰ ਜਦੋਂ ਉਸ 'ਚੋਂ ਇਨਕਲਾਬ ਦਾ ਨਾਹਰਾ ਨਾ ਲੱਭਦਾ ਤਾਂ ਇੱਕ-ਵੱਢਿਉਂ ਰੱਦ ਕਰ ਦਿੱਤੀ ਜਾਂਦੀ ਜਾਂ ਕਾਮਰੇਡ ਪਿਆਰਾ ਸਿੰਘ ਗੜੀ (ਉਦੋਂ ਤਹਿਸੀਲ ਦਸੂਹਾ ਦੀ ਸੀ ਪੀ ਐੱਮ ਕਮੇਟੀ ਦੇ ਸਕੱਤਰ) ਵਾਂਗ ਸਿੱਧੀ ਕੁਹਾੜੀ ਮਾਰ ਆਲੋਚਨਾ ਹੁੰਦੀ, ''ਇਹ ਪੜ੍ਹਨ-ਲਿਖਣ ਵਾਲੇ ਕਿਸੇ ਕੰਮ ਦੇ ਨਹੀਂ ਹੁੰਦੇ! ਗੱਲਾਂ ਕਰੀ ਜਾਣਗੇ, ਪਰ ਜਦੋਂ ਐਕਸ਼ਨ ਦਾ ਵੇਲਾ ਆਉਂਦਾ ਤਾਂ ਮੋਕ ਮਾਰ ਦੇਣਗੇ।'' 

ਉਨ੍ਹਾਂ ਦਿਨਾਂ 'ਚ ਮੈਨੂੰ ਡਾਇਰੀ ਲਿਖਣ ਦੀ ਆਦਤ ਸੀ। ਹੁਣ ਉਸ ਨੂੰ ਪੜ੍ਹਦਾ ਹਾਂ ਤਾਂ ਯਕੀਨ ਜਿਹਾ ਨਹੀਂ ਆਉਂਦਾ ਕਿ ਇੰਨੀ ਸਰਗਰਮੀ ਕਰ ਲੈਂਦਾ ਸਾਂ। ਪਿੰਡੋਂ ਤਲਵਾੜੇ, ਮੁਕੇਰੀਆਂ, ਦਸੂਹੇ ਤੱਕ ਇਲਾਕੇ ਦੇ ਪਿੰਡਾਂ 'ਚ ਅਕਸਰ ਤੁਰਿਆ ਫਿਰਦਾ, ਉਹ ਵੀ ਸਾਈਕਲ 'ਤੇ। ਚਾਲੀ-ਪੰਜਾਹ ਕਿਲੋਮੀਟਰ ਸਫਰ ਗਾਹ ਦੇਣਾ ਕੋਈ ਗੱਲ ਹੀ ਨਹੀਂ ਸੀ ਲੱਗਦੀ। ਕਈ ਵਾਰ ਤੀਸਰੇ, ਚੌਥੇ ਦਿਨ ਘਰ ਵੜਦਾ। ਪਿੰਡ ਤੋਂ ਬਾਅਦ ਮੇਰਾ ਦੂਸਰਾ ਪੱਕਾ ਟਿਕਾਣਾ ਤਲਵਾੜਾ ਸੀ ਤੇ ਉੱਥੇ ਵੀ ਨੱਤ ਦਾ ਕੁਆਰਟਰ। ਇਸ ਦਾ ਇੱਕ ਕਾਰਨ ਸ਼ਾਇਦ ਇਹ ਵੀ ਸੀ ਕਿ ਉਸ ਦਾ ਵੀ ਅਜੇ ਵਿਆਹ ਨਹੀਂ ਸੀ ਹੋਇਆ ਤੇ ਉਸ ਕੋਲ ਮਾਲਵੇ ਵੱਲੋਂ ਕੋਈ ਨਾ ਕੋਈ ਕਾਮਰੇਡ ਜਾਂ ਲੇਖਕ ਆਇਆ ਹੀ ਰਹਿੰਦਾ। ਉੱਥੇ ਗਹਿਗੱਚ ਗੱਲਾਂ ਹੁੰਦੀਆਂ।  ਕਾਰਲ ਮਾਰਕਸ, ਏਂਗਲਜ਼, ਲੈਨਿਨ, ਸਟਾਲਿਨ, ਮਾਓ ਜ਼ੇ ਤੁੰਗ ਦੇ ਫਲਸਫੇ ਬਾਰੇ ਵੀ ਚਰਚਾ ਹੁੰਦੀ ਤੇ ਟਾਲਸਟਾਏ, ਤੁਰਗਨੇਵ, ਗੋਰਕੀ, ਚੈਖੋਵ, ਜਸਵੰਤ ਸਿੰਘ ਕੰਵਲ ਦੀਆਂ ਰਚਨਾਵਾਂ ਬਾਰੇ ਵੀ। ਮੇਰੀ ਡਾਇਰੀ 'ਚ ਬਹੁਤ ਸਾਰੇ ਥਾਵਾਂ 'ਤੇ ਇਸ ਚਰਚਾ ਤੇ ਘੁੰਮਣ-ਫਿਰਨ ਦਾ ਜ਼ਿਕਰ ਹੈ।  7 ਫਰਵਰੀ 1985  ਨੂੰ ਮੈਂ ਲਿਖਿਆ, 'ਬੀਤੇ ਦਿਨ ਤਲਵਾੜੇ ਗਿਆ। ਰਾਤ ਮੈਂ ਤੇ ਸੁਖਦਰਸ਼ਨ ਨੱਤ ਦੇਰ ਤੱਕ ਗੱਲਾਂ ਕਰਦੇ ਰਹੇ। ਉਸ ਦੇ ਜੀਵਨ ਅਨੁਭਵ ਦੀਆਂ ਗੱਲਾਂ ਤੋਂ ਮੈਂ ਮਹਿਸੂਸ ਕੀਤਾ,  ਜੇ ਉਹ ਆਪਣਾ ਵਿਅੱਕਤੀਗਤ ਕੈਰੀਅਰ ਛੱਡ ਜਾਂਦਾ ਤਾਂ  ਉਸ ਨੇ ਕਦੀ ਵੀ ਇੱਥੋਂ ਤੱਕ ਨਹੀਂ ਸੀ ਪਹੁੰਚਣਾ। ਉਸ ਨੇ ਸੰਘਰਸ਼ ਨੂੰ ਕੇਵਲ ਸਮਾਜਿਕ ਸੂਝ ਵਜੋਂ ਹੀ ਨਹੀਂ ਲਿਆ, ਸਗੋਂ ਇਸ ਨੂੰ ਵਿਅਕਤੀਤਵ ਵਜੋਂ ਵੀ ਲਿਆ ਹੈ।  ਭਾਰਤ ਦੀ ਕਮਿਊਨਿਸਟ ਲਹਿਰ ਨੂੰ ਜਿੰਨਾ ਨੁਕਸਾਨ 'ਇਨਕਲਾਬੀਆਂ' (ਜਾਂ ਟਿਪੀਕਲ ਕਾਮਰੇਡ ਜਿਹੜੇ ਝੋਲੇ ਗਲਾਂ 'ਚ ਪਾ ਕੇ ਸੜਕਾਂ ਕੱਛਦੇ ਫਿਰਦੇ ਹਨ। ਮਾਰਕਸ, ਲੈਨਿਨ, ਮਾਓ ਦੀਆਂ ਕੁਟੇਸ਼ਨ ਘੋਟਦੇ ਹਨ, ਪਰ ਜਨ ਸਧਾਰਨ ਨਾਲੋਂ ਬੁਰੀ ਤਰ੍ਹਾਂ ਕੱਟੇ ਹੋਏ) ਨੇ  ਪਹੁੰਚਾਇਆ ਹੈ, ਓਨਾ ਬੁਰਜੂਆਜੀ ਨੇ ਨਹੀਂ ਪਹੁੰਚਾਇਆ ਹੋਣਾ। ਇਹ ਲੋਕਾਂ ਨਾਲੋਂ ਕੱਟੇ ਹੋਏ ਹੋਣ 'ਤੇ ਅੰਤਰਮੁਖੀ ਸਿੱਟੇ ਕੱਢਦੇ ਹਨ, ਇੱਕ ਜਾਂ ਦੂਸਰੇ ਲਫ਼ਜ ਪਿੱਛੇ ਧੂੰਆਂਧਾਰ ਬਹਿਸਾਂ ਕਰਦੇ ਹਨ ਤੇ ਸਮਕਾਲੀ ਸਰੋਕਾਰਾਂ ਵੱਲੋਂ ਅੱਖਾਂ ਮੀਟ ਧਾਰਮਿਕ ਗ੍ਰੰਥਾਂ ਵਾਂਗ ਮਾਰਕਸੀ ਕੁਟੇਸ਼ਨਾਂ 'ਚੋਂ ਹੱਲ ਲੱਭਦੇ ਹਨ।  ਉਸ ਪੀੜ ਦਾ ਅਹਿਸਾਸ ਤੱਕ ਨਹੀਂ ਹੁੰਦਾ, ਜਿਹੜੀ ਲੋਕ ਹੰਢਾ ਰਹੇ ਹਨ। ਸਿਰਫ ਕੁਰਬਾਨੀ ਖਾਤਰ ਕੁਰਬਾਨੀ ਕਰਨ ਦਾ ਢੌਂਗ ਸਮੁੱਚੀ ਕਮਿਊਨਿਸਟ ਲਹਿਰ ਲਈ ਗੰਭੀਰ ਸਿਰਦਰਦੀ ਬਣ ਰਿਹਾ ਹੈ। ਫੁੱਟ ਦਰ ਫੁੱਟ ਲਈ ਵੀ ਮੈਂ ਇਸ ਨੂੰ ਮੁੱਖ ਕਾਰਨ ਸਮਝਦਾ।'

ਇਹਨਾਂ ਹੀ ਦਿਨਾਂ ਦੀ ਗੱਲ ਹੈ। ਉਸ ਨੇ ਪੈਂਫਲਿਟਨੁਮਾ ਇੱਕ ਦੁਵਰਕੀ ਸ਼ੁਰੂ ਕੀਤੀ, 'ਮੂੜ੍ਹ ਮੱਤ।' ਵਿਅੰਗਨੁਮਾ ਸਿਆਸੀ ਜਾਂ ਸਮਾਜੀ ਟਿੱਪਣੀਆਂ ਹੱਥ ਨਾਲ ਸਾਫ-ਸਾਫ ਲਿਖ ਕੇ ਫੋਟੋ ਕਾਪੀਆਂ ਕਰਵਾ ਲਈਆਂ ਜਾਂਦੀਆਂ। ਆਮ ਕਰਕੇ ਇਸ ਦੀ ਬਹੁਤੀ ਸੁਰ ਕਾਮਰੇਡਾਂ ਜਾਂ ਕਮਿਊਨਿਸਟ ਪਾਰਟੀਆਂ 'ਚ ਆ ਰਹੀ ਜੜ੍ਹਤਾ 'ਤੇ ਟਕੋਰਾਂ ਹੁੰਦੀਆਂ। ਕਾਮਰੇਡਾਂ ਦੇ ਸਮਾਗਮਾਂ, ਨਾਟਕ ਮੇਲਿਆਂ 'ਤੇ ਇਸ ਨੂੰ ਖਾਸ-ਖਾਸ ਲੋਕਾਂ 'ਚ ਵੰਡਵਾ ਦਿੱਤਾ ਜਾਂਦਾ; ਸੰਜੀਦਾ ਪੜ੍ਹਨ-ਲਿਖਣ ਵਾਲੇ ਤੇ ਨਵਾਂ ਸੋਚਣ ਵਾਲੇ ਕਾਮਰੇਡਾਂ 'ਚ। ਭਾਵੇਂ ਇਸ ਦੀਆਂ ਕਾਪੀਆਂ ਤਾਂ ਵੀਹ-ਪੰਝੀ ਜਾਂ ਪੰਜਾਹ ਤੱਕ ਹੀ ਵੰਡੀਆਂ ਜਾਂਦੀਆਂ, ਪਰ ਇਹ ਚਰਚਾ 'ਚ ਕਾਫੀ ਰਹਿੰਦਾ। ਕਈ ਵਾਰ ਜਿਸ ਕੋਲ ਪੁੱਜਦਾ, ਉਹ ਅਗਾਂਹ ਫੋਟੋਕਾਪੀਆਂ ਕਰਵਾ ਕੇ ਆਪਣੇ ਘੇਰੇ 'ਚ ਵੰਡ ਦਿੰਦਾ। ਕੁਝ ਅੰਕਾਂ ਤੋਂ ਬਾਅਦ ਤਾਂ ਇਹ ਉਡੀਕਿਆ ਵੀ ਜਾਣ ਲੱਗ ਪਿਆ ਸੀ ਕਿ ਨਵੀਂ ਛੁਰਲੀ ਕੀ ਛੱਡੀ ਗਈ ਹੈ। ਲੱਗਭੱਗ ਹਰ ਇੱਕ ਨੂੰ ਇਸ ਦੇ ਘਾੜੇ ਦਾ ਪਤਾ ਵੀ ਲੱਗ ਗਿਆ, ਹਾਲਾਂਕਿ ਨੱਤ ਦਾ ਕਿਤੇ ਨਾਂਅ ਨਹੀਂ ਸੀ ਛਪਦਾ।  ਪਿੱਛੋਂ ਜਦੋਂ ਉਸ ਨੇ ਲਿਬਰੇਸ਼ਨ ਗਰੁੱਪਾਂ ਦੀ ਪੰਜਾਬ ਇਕਾਈ ਦੇ  ਬੁਲਾਰੇ ਵਜੋਂ 'ਲੋਕ ਮੋਰਚਾ' ਸ਼ੁਰੂ ਕੀਤਾ ਤਾਂ ਇਸ ਵਿੱਚ ਵੀ ਉਸ ਦਾ ਇਹ ਕਾਲਮ 'ਮੂੜ੍ਹਮੱਤ' ਛਪਣ ਲੱਗਾ, ਭਾਵੇਂ ਹੁਣ ਉਹ ਲਹਿਰ ਬਾਰੇ ਤਿੱਖੀਆਂ ਟਿੱਪਣੀਆਂ ਤੋਂ ਗੁਰੇਜ਼ ਕਰ ਜਾਂਦਾ।  ਸੰਨ 1988 ਦੇ ਆਸ-ਪਾਸ ਸ਼ੁਰੂ ਕੀਤਾ

ਉਸ ਦਾ ਇਹ ਕਾਲਮ ਲੱਗਭੱਗ 98-99 ਤੱਕ ਜਾਰੀ ਰਿਹਾ; ਉਸ ਦੇ ਕਮਿਊਨਿਸਟ ਢਾਂਚੇ 'ਚ ਖਚਤ ਹੋ ਜਾਣ ਤੱਕ।  ਇੰਜੀਨੀਅਰ ਟੀ ਐੱਸ ਸੰਧੂ, ਸਵਪਨ ਮੁਖਰਜੀ, ਬਿ੍ਜ ਬਿਹਾਰੀ ਪਾਂਡੇ ਦੇ ਲਗਾਤਾਰ ਸੰਪਰਕ ਕਾਰਨ ਉਹ ਲਿਬਰੇਸ਼ਨ ਗਰੁੱਪ ਨਾਲ ਜੁੜ ਗਿਆ ਸੀ।  ਭਾਵੇਂ ਉਸ ਨੇ ਇਸ ਦਾ ਪਹਿਲਾਂ-ਪਹਿਲਾਂ ਖੁੱਲ੍ਹੇਆਮ ਐਲਾਨ ਨਾ ਕੀਤਾ, ਇਸ ਦਾ ਖੁੱਲ੍ਹਾ ਅਹਿਸਾਸ ਉਦੋਂ ਹੋਇਆ, ਜਦੋਂ ਉਸ ਨੇ ਡੈਮੋਕਰੇਟਿਕ ਪੀਪਲਜ਼ ਫਰੰਟ ਭੰਗ ਕਰਕੇ ਇਸ ਨੂੰ ਇੰਡੀਅਨ ਪੀਪਲਜ਼ ਫਰੰਟ ਦੀ ਇਕਾਈ 'ਚ ਤਬਦੀਲ ਕਰਨ ਦਾ ਮਤਾ ਲਿਆਂਦਾ। ਉਂਜ ਇਸ ਬਾਰੇ ਉਸ ਨੇ ਨੇੜਲੇ ਘੇਰੇ 'ਚ ਸਲਾਹ ਕਰ ਲਈ ਸੀ। ਫਿਰ ਖੁੱਲ੍ਹੀ ਮੀਟਿੰਗ ਸੱਦ ਕੇ ਜਦੋਂ ਡੀ ਪੀ ਐੱਫ ਨੂੰ ਭੰਗ ਕਰਕੇ ਆਈ ਪੀ ਐੱਫ ਦੀ ਤਲਵਾੜਾ ਇਕਾਈ 'ਚ ਤਬਦੀਲ ਕਰਨ ਦਾ ਬਹੁ-ਸੰਮਤੀ ਨਾਲ ਫੈਸਲਾ ਲਿਆ ਤਾਂ ਮਾਸਟਰ ਗੁਰਮੀਤ ਹੇਅਰ ਸਣੇ ਕੁਝ ਜਣੇ ਇਸ ਤੋਂ ਵੱਖ ਹੋ ਗਏ। ਕੁਝ ਉਂਜ ਹੀ ਗੈਰ ਸਰਗਰਮ ਹੋ ਗਏ ਕਿ ਆਈ ਪੀ ਐੱਫ ਲਿਬਰੇਸ਼ਨ ਵਾਲਿਆਂ ਦਾ ਖੁੱਲ੍ਹਾ ਰਾਜਨੀਤਕ ਮੰਚ ਸੀ, ਨਕਸਲੀ-ਰਾਜਨੀਤੀ ਦਾ ਵਾਹਨ। ਅਸੀਂ ਕੁਝ ਜਣੇ ਇਸ ਨਾਲ ਬਣੇ ਰਹੇ ਤਾਂ ਇਸ ਦਾ ਕਾਰਨ ਨੱਤ ਦੀ ਉਦਾਰ ਸ਼ਖਸੀਅਤ ਹੀ ਸੀ। ਉਸ ਨੇ ਕਦੀ ਵੀ ਮੈਨੂੰ ਲਿਬਰੇਸ਼ਨ ਦਾ ਮੈਂਬਰ ਬਣਨ ਲਈ ਨਾ ਕਿਹਾ, ਨਾ ਹੀ ਨਕਸਲੀ ਰਾਜਨੀਤੀ ਨਾਲ ਸਿੱਧੇ ਰੂਪ 'ਚ ਜੁੜਨ ਲਈ। ਉਸ ਨੂੰ ਪਤਾ ਸੀ ਮੈਂ ਮਾਰਕਸੀਆਂ ਦੇ ਨੇੜੇ ਹਾਂ, ਪਰ ਹੌਲੀ-ਹੌਲੀ ਮੇਰਾ ਝੁਕਾਅ ਮਾਰਕਸੀਆਂ ਵੱਲੋਂ ਘਟ ਰਿਹਾ ਸੀ ਤੇ ਤਲਵਾੜੇ ਵਾਲੇ ਘੇਰੇ 'ਚ ਵਧਦਾ ਜਾ ਰਿਹਾ ਸੀ।  

ਕਾਮਰੇਡ ਸੁਖਦਰਸ਼ਨ ਨੱਤ ਬਾਰੇ ਹਿੰਦੀ ਦੀ ਨਕਸਲਬਾੜੀ ਸਕਰੀਨ ਵਿੱਚ ਵੀ ਵਿਸ਼ੇਸ਼ ਲਿਖਤ 

ना संघर्ष ना तकलीफ, तो क्या मजा है जीने में

ਮਈ 1989 'ਚ ਮੈਂ 'ਨਵਾਂ ਜ਼ਮਾਨਾ' ਦੇ ਸੰਪਾਦਕੀ ਸਟਾਫ 'ਚ ਸ਼ਾਮਲ ਹੋ ਜਲੰਧਰ ਆ ਕੇ ਰਹਿਣ ਲੱਗਾ ਤਾਂ ਵੀ ਮੇਰਾ ਉਸ ਨਾਲ ਨੇੜ ਬਣਿਆ ਰਿਹਾ। ਮਹੀਨੇ-ਵੀਹੀਂ ਦਿਨੀਂ ਪਿੰਡ ਜਾਂਦਾ ਤਾਂ ਜਾਂਦਿਆਂ ਜਾਂ ਮੁੜਦਿਆਂ ਇੱਕ ਅੱਧੀ ਰਾਤ ਲਈ ਤਲਵਾੜੇ ਜਾ ਵੜਦਾ। ਉੱਥੇ ਉਹੀ ਗੱਲਾਂ; ਮਾਰਕਸਵਾਦ ਤੇ ਇਸ ਲਈ ਸਰਗਰਮ ਕਮਿਊਨਿਸਟ ਪਾਰਟੀਆਂ/ਧਿਰਾਂ ਬਾਰੇ, ਸਮਾਜਕ ਸਰੋਕਾਰਾਂ ਦੇ ਬਦਲਦੇ ਹੋਏ ਪਰਿਪੇਖ।  ਆਪਣੇ ਘਰ ਮਾਨਸਾ ਜਾਂਦਾ ਉਹ ਵੀ ਕਦੀ ਮੇਰੇ ਕੋਲ ਆ ਜਾਂਦਾ।  ਇਸ ਨਾਲ ਬਾਹਰ ਇਹ ਪ੍ਰਭਾਵ ਬਣਦਾ ਗਿਆ ਕਿ ਮੈਂ ਨਕਸਲੀਆਂ ਦੇ ਨਾਲ ਹਾਂ, ਉਹਨਾਂ ਦਾ ਮੈਂਬਰ; ਹਾਲਾਂਕਿ ਮੈਂ ਮੈਂਬਰ ਨਹੀਂ ਸਾਂ ਤੇ ਨਾ ਹੀ ਲਿਬਰੇਸ਼ਨ ਦੀ ਕੋਈ ਸਰਗਰਮੀ ਕਰਦਾ। ਸੰਨ 1994 'ਚ ਨੱਤ ਪਰਵਾਰ ਵੀ ਬਦਲੀ ਕਰਵਾ ਕੇ ਪਹਿਲਾਂ ਲੁਧਿਆਣੇ ਤੇ ਫਿਰ ਮਾਨਸਾ ਚਲਿਆ ਗਿਆ। ਉੱਥੇ ਜਾ ਕੇ ਉਸ ਨੇ 'ਲੋਕ ਮੋਰਚਾ' ਕੱਢਣਾ ਸ਼ੁਰੂ ਕਰ ਦਿੱਤਾ। ਇਹ ਛਪਦਾ ਜਲੰਧਰ ਤੋਂ ਸੀ। ਇਸ ਦਾ ਮੈਟਰ ਕੋਰੀਅਰ ਰਾਹੀਂ ਮੈਨੂੰ ਜਾਂ ਛਾਬੜਾ ਪ੍ਰੈੱਸ 'ਤੇ ਭੇਜ ਦਿੰਦਾ। ਇਸ ਦੇ ਇੱਕ ਸਫੇ 'ਤੇ ਕਵਿਤਾਵਾਂ ਛਪਦੀਆਂ ਸਨ, ਜਿਹੜੀਆਂ ਮੈਂ ਲੇਖਕਾਂ ਤੋਂ ਮੰਗਵਾ ਦਿੰਦਾ ਜਾਂ ਕਦੇ ਪਰਚੇ ਦੇ ਪਰੂਫ ਪੜ੍ਹ ਦਿੰਦਾ। ਇੰਨਾ ਕੁ ਉਸ ਨੇ ਮੈਨੂੰ ਨਾਲ ਜੋੜ ਲਿਆ ਸੀ। ਇਹਨਾਂ ਹੀ ਦਿਨਾਂ ਦੀ ਗੱਲ ਹੈ, ਸ਼ਾਇਦ 2002 ਦੇ ਆਸਪਾਸ ਦੀ ਕਿ ਇੱਕ ਵਾਰ ਆਇਆ ਉਹ ਮੈਨੂੰ ਕਹਿੰਦਾ, 'ਤੂੰ ਲਿਬਰੇਸ਼ਨ ਦਾ ਮੈਂਬਰ ਹੀ ਬਣ ਜਾ।''

''ਨਹੀਂ ਯਾਰ, ਮੇਰੇ ਕੋਲ ਪੜ੍ਹਨ-ਲਿਖਣ 'ਚੋਂ ਸਮਾਂ ਨਹੀਂ ਨਿਕਲ ਸਕਣਾ? ਫਿਰ ਨੌਕਰੀ।'' ਮੈਂ ਟਾਲਾ ਵੱਟਿਆ। ਅਸਲ 'ਚ ਕਮਿਊਨਿਸਟ ਲਹਿਰ ਨਾਲ ਲੰਮੇ ਸਮੇਂ ਤੋਂ ਵਿਚਰਦਿਆਂ ਇਸ ਦੀਆਂ ਜਥੇਬੰਦਕ ਸੀਮਤਾਈਆਂ ਤੋਂ ਜਾਣੂੰ ਹੋ ਚੁੱਕਾ ਸਾਂ।

''ਕਰਨਾ ਕੀ ਹੈ?  'ਲੋਕ ਮੋਰਚੇ' ਲਈ ਤਾਂ ਤੂੰ ਕੁਝ ਨਾ ਕੁਝ ਪਹਿਲਾਂ ਹੀ ਕਰਦਾ ਰਹਿਨੈ...ਬਸ ਇਹੀ ਕਰਨਾ। ਹੋਰ ਤੈਥੋਂ ਮਜ਼ਦੂਰ ਸਭਾ ਦੀ ਭਰਤੀ ਥੋੜ੍ਹਾ ਕਰਵਾਵਾਂਗੇ। !' ਉਦੋਂ ਸ਼ਾਇਦ ਉਹ ਲਿਬਰੇਸ਼ਨ ਵੱਲੋਂ ਪੰਜਾਬ ਦਾ ਇੰਚਾਰਜ ਸੀ।|

''ਮੈਂ ਪਾਰਟੀਆਂ ਵਾਲੇ ਬੰਧੇਜ 'ਚ ਵੀ ਨਹੀਂ ਬੱਝ ਸਕਦਾ ਕਿ ਜੇ ਤੁਹਾਨੂੰ ਕੋਈ ਪੈਂਤੜਾ/ਨੀਤੀ  ਗਲਤ ਲੱਗ ਰਹੀ ਹੋਵੇ ਤਾਂ ਵੀ ਅਨੁਸ਼ਾਸਨ ਦੇ ਨਾਂਅ ਹੇਠ ਉਸ ਨੂੰ ਸਹੀ ਸਾਬਤ ਕਰਨ ਲਈ ਦਲੀਲ ਘੜੀ ਜਾਓ ਜਾਂ ਸਰਗਰਮੀ ਕਰੋ |''

''ਇਸ ਮਾਮਲੇ 'ਚ ਲੇਖਕਾਂ, ਕਵੀਆਂ ਨੂੰ ਖੁੱਲ੍ਹ ਹੁੰਦੀ ਹੈ।'' ਉਸ ਨੇ ਹੱਸ ਕੇ ਕਿਹਾ ਤੇ ਮੇਰਾ ਫਾਰਮ ਭਰ ਦਿੱਤਾ। ਇਸ ਫਾਰਮ ਭਰੇ ਨੂੰ ਮਸਾਂ ਪੰਜ-ਛੇ ਮਹੀਨੇ ਹੀ ਹੋਏ ਸਨ ਕਿ ਕਾਮਰੇਡ ਜੀਤਾ ਕੌਰ ਕੇਂਦਰੀ ਕਮੇਟੀ ਵੱਲੋਂ ਪੰਜਾਬ ਦੀ ਲਿਬਰੇਸ਼ਨ ਇਕਾਈ ਦੀ ਇੰਚਾਰਜ ਬਣ ਕੇ ਆ ਗਈ। ਕੇਂਦਰ ਦੇ ਕੰਮ-ਢੰਗ ਅਨੁਸਾਰ ਉਸ ਨੇ ਪੰਜਾਬ 'ਚ ਵੀ ਆਪਣੀਆਂ ਜਥੇਬੰਦਕ ਸਰਗਰਮੀਆਂ ਆਰੰਭੀਆਂ ਤਾਂ ਇੱਕ ਦਿਨ ਸ਼ਾਮ ਜਿਹੀ ਨੂੰ ਮੈਨੂੰ ਫੋਨ ਆਇਆ, ''ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ।'' ਉਹ ਜਲੰਧਰ ਕਿਸੇ ਸੰਪਰਕ ਕੋਲ ਠਹਿਰੀ ਹੋਈ ਸੀ। ਮੈਂ ਉਸ ਵੇਲੇ ਦਫਤਰ ਸਾਂ ਤੇ ਉਸ ਨੂੰ ਸ਼ਾਮ ਛੇ ਕੁ ਵਜੇ ਘਰ ਆਉਣ ਲਈ ਕਹਿ ਦਿੱਤਾ। ਘਰ ਆ ਚਾਹ ਪੀਂਦਿਆਂ ਉਸ ਨੇ ਗੱਲ ਸ਼ੁਰੂ ਕਰ ਲਈ, ''ਤੁਸੀਂ ਪਾਰਟੀ ਲਈ ਕੀ ਜਥੇਬੰਦਕ ਸਰਗਰਮੀ ਕਰਦੇ ਹੋ?''

ਕਾਮਰੇਡ ਸੁਖਦਰਸ਼ਨ ਨੱਤ ਬਾਰੇ ਹਿੰਦੀ ਦੀ ਨਕਸਲਬਾੜੀ ਸਕਰੀਨ ਵਿੱਚ ਵੀ ਵਿਸ਼ੇਸ਼ ਲਿਖਤ 

ना संघर्ष ना तकलीफ, तो क्या मजा है जीने में

''ਮੇਰੇ ਕੋਲ ਸਮਾਂ ਨਹੀਂ ਹੁੰਦਾ |''

''ਹਰ ਮੈਂਬਰ ਨੂੰ ਪਾਰਟੀ ਲਈ ਕੁਝ ਨਾ ਕੁਝ ਕਰਨਾ ਚਾਹੀਦਾ।  ਰੈਲੀਆਂ, ਧਰਨਿਆਂ, ਮੁਜ਼ਾਹਰਿਆਂ ਲਈ ਤਿਆਰੀ ਤੇ ਸ਼ਮੂਲੀਅਤ।''

''ਨੱਤ ਨੂੰ ਮੇਰੇ ਬਾਰੇ ਪਹਿਲਾਂ ਹੀ ਪਤਾ ਹੈ। ਮੈਂ ਇਹੋ ਜਿਹਾ ਕੁਝ ਨਹੀਂ ਕਰ ਸਕਦਾ। ਹਾਂ, ਕਦੀ-ਕਦੀ 'ਲੋਕ ਮੋਰਚਾ' ਲਈ ਕੁਝ ਕਰ ਦਿੰਦਾ ਹਾਂ |''

''ਨੌਕਰੀ ਤੋਂ ਬਾਅਦ ਤਾਂ ਸਮਾਂ ਹੁੰਦਾ ਹੀ ਹੈ |''

''ਉਹ ਮੈਂ ਪੜ੍ਹਨ-ਲਿਖਣ 'ਤੇ ਲਾਉਂਦਾ ਹਾਂ...ਪੜ੍ਹਦਾ-ਲਿਖਦਾ ਭਾਵੇਂ ਸਮਾਜਿਕ ਬਦਲਾਅ ਬਾਰੇ ਹੀ ਬਹੁਤਾ ਹਾਂ, ਪਰ ਉਹ ਮੇਰੇ ਆਪਣੇ ਪ੍ਰੋਗਰਾਮ ਅਨੁਸਾਰ ਹੁੰਦਾ।''

''ਫਿਰ ਤੁਸੀਂ ਪਾਰਟੀ ਮੈਂਬਰ ਨਹੀਂ ਰਹਿ ਸਕਦੇ।''

''ਠੀਕ ਹੈ, ਮੈਨੂੰ ਇਸ 'ਤੇ ਕੋਈ ਇਤਰਾਜ਼ ਨ੍ਹੀ!'' ਮੈਂ ਕਿਹਾ ਤਾਂ ਉਸ ਨੇ ਕੱਪ 'ਚ ਬਚਦੀ ਚਾਹ ਵੱਡੇ-ਵੱਡੇ ਘੁੱਟ ਭਰ ਕੇ ਪੀਤੀ ਤੇ 'ਚੰਗਾ ਚਲਦੀ ਹਾਂ' ਕਹਿ ਕੇ ਚਲੀ ਗਈ। ਇਉਂ ਨਾਲ ਹੀ ਮੇਰੀ ਮੈਂਬਰੀ ਖਤਮ ਹੋ ਗਈ।

ਪਿੱਛੋਂ ਅਸੀਂ ਕਿਸੇ ਸਮਾਗਮ 'ਤੇ ਮਿਲੇ ਤਾਂ ਮੈਂ ਉਸ ਨੂੰ ਜੀਤਾ ਕੌਰ ਨਾਲ ਹੋਈ ਗੱਲ ਦੱਸੀ। ਉਸ ਨੇ ਹੱਸ ਕੇ ਗੱਲ ਕਿਸੇ ਹੋਰ ਮਸਲੇ 'ਤੇ ਸ਼ੁਰੂ ਕਰ ਲਈ। ਇਹ ਉਸ ਦਾ ਖਾਸ ਅੰਦਾਜ਼ ਹੈ। ਜਦੋਂ ਪਾਰਟੀ ਜਥੇਬੰਦੀ ਬਾਰੇ ਕਿਸੇ ਮਸਲੇ 'ਤੇ ਉਂਗਲ ਰੱਖੀ ਜਾਵੇ, ਉਹ ਜਾਂ ਤਾਂ ਚੁੱਪ ਰਹਿੰਦਾ ਹੈ ਤੇ ਜਾਂ ਫਿਰ ਪਾਰਟੀ ਦੀ ਜੋ  ਪ੍ਰਵਾਨਿਤ ਲਾਇਨ ਹੈ, ਉਸ ਦੀ ਵਿਆਖਿਆ ਕਰਨ ਲੱਗ ਪਵੇਗਾ। ਵੱਧ ਤੋਂ ਵੱਧ ਜੋ ਮੰਨਦਾ, ਉਹ ਹੁੰਦਾ, ''ਹਾਂ, ਸਾਨੂੰ ਪਤਾ ਗੜਬੜਾਂ ਹਨ, ਪਰ ਇਹ ਅਸੀਂ ਹੀ ਠੀਕ ਕਰਨੀਆਂ!  ਇਹਨਾਂ ਲਈ ਯਤਨ ਜਾਰੀ ਹਨ।''

''ਯਤਨ ਜਾਰੀ ਹਨ ਤਾਂ ਕਮਿਊਨਿਸਟ ਲਹਿਰ ਦਿਨੋ-ਦਿਨ ਸੁੰਗੜ ਕਿਉਂ ਰਹੀ ਹੈ? ਤੇਰੇ ਵਰਗੇ ਪ੍ਰਤਿਭਾਸ਼ੀਲ ਬੰਦੇ ਨੂੰ ਜਥੇਬੰਦਕ ਢਾਂਚੇ 'ਚ ਤੁਰੇ ਫਿਰਨ ਨੂੰ ਛੱਡ ਕੇ ਸਿਧਾਂਤਕ ਸਵਾਲਾਂ 'ਤੇ ਮੱਥਾ ਮਾਰਨਾ ਚਾਹੀਦਾ, ਕਿ ਕਿਉਂ ਲਹਿਰ ਖੜੋਤ ਦੀ ਸ਼ਿਕਾਰ ਹੈ? ਕੀ ਕਾਰਨ ਹੈ ਮੌਕਾ ਮਿਲਦਿਆਂ ਹੀ ਕਈ ਆਗੂ/ਕਾਰਕੁੰਨ ਦੂਸਰੀਆਂ ਖੱਬੀਆਂ ਪਾਰਟੀਆਂ/ਧੜਿਆਂ ਤੋਂ ਅਗਾਂਹ ਬੁਰਜੂਆ ਰਾਜਨੀਤੀ ਤੱਕ ਜਾ ਛਾਲ ਮਾਰਦੇ ਹਨ? ਕਿਉਂ ਲੱਗਭੱਗ ਇੱਕ ਸਦੀ ਦੀ ਸਰਗਰਮੀ ਦੇ ਬਾਵਜੂਦ  ਲਹਿਰ ਅੰਦਰ ਕੋਈ ਕਮਿਊਨਿਸਟ ਕਲਚਰ ਨਹੀਂ ਉਸਰ ਸਕਿਆ, ਜਿਸ ਲਈ ਸ਼ੁਰੂ-ਸ਼ੁਰੂ 'ਚ ਕੁਝ ਸੰਜੀਦਾ ਯਤਨ ਹੋਵੇ ਵੀ ਸਨ?'' ਗੱਲਾਂ ਤਾਂ ਉਸ ਨੂੰ ਵੀ ਇਹ ਠੀਕ ਲੱਗਦੀਆਂ, ਨਿੱਜੀ ਜ਼ਿੰਦਗੀ 'ਚ ਉਹ ਇਹਨਾਂ ਨੂੰ ਲਾਗੂ ਵੀ ਕਰਦਾ ਹੈ। 

ਪੰਜਾਬ ਦੇ ਅੱਜ ਦੇ ਬਹੁਤੇ ਆਗੂਆਂ/ਕਾਰਕੁਨਾਂ ਨਾਲੋਂ ਉਹ ਲਹਿਰ ਨਾਲ ਵਧੇਰੇ ਅੰਦਰੋਂ-ਬਾਹਰੋਂ ਜੁੜਿਆ ਹੋਇਆ ਹੈ। ਉਸ ਦਾ ਛੋਟਾ ਭਰਾ ਰਾਜਵਿੰਦਰ ਰਾਣਾ ਲਿਬਰੇਸ਼ਨ ਦੀ ਪੰਜਾਬ ਇਕਾਈ ਦੇ ਸੀਨੀਅਰ ਆਗੂਆਂ 'ਚੋਂ ਹੈ ਤੇ ਬੀਵੀ ਜਸਬੀਰ ਕੌਰ ਨੱਤ ਪੰਜਾਬ ਦੀਆਂ ਸਰਗਰਮ ਇਸਤਰੀ ਆਗੂਆਂ 'ਚੋਂ। ਬੇਟੀ ਨਵਕਿਰਨ ਨੱਤ ਨੌਜੁਆਨ ਸਭਾ 'ਚ ਸਰਗਰਮ ਹੈ, ਪਰ ਲਿਖਣ/ਬੋਲਣ ਤੇ ਸੋਸ਼ਲ ਮੀਡੀਆ 'ਤੇ ਆਪਣੀ ਗੱਲ ਦਲੇਰੀ ਨਾਲ ਰੱਖਣ ਕਰਕੇ ਉਸ ਨੇ ਰੈਡੀਕਲ ਨਾਰੀਵਾਦੀ ਚਿੰਤਕ ਵਜੋਂ ਆਪਣੀ ਇੱਕ ਆਜ਼ਾਦ ਪਛਾਣ ਵੀ ਬਣਾ ਲਈ ਹੈ।  ਬੇਟਾ ਅਮਨ ਨੱਤ ਵੀ ਲਹਿਰ ਨਾਲ ਸਰਗਰਮੀ ਨਾਲ ਜੁੜਿਆ ਹੋਇਆ। 

ਮੈਂ 'ਨਵਾਂ ਜ਼ਮਾਨਾ' 'ਚ ਸੀ ਤੇ ਸੰਨ 2014 'ਚ 'ਐਤਵਾਰਤਾ' 'ਚ ਇੱਕ ਸੰਵਾਦ ਸ਼ੁਰੂ ਕੀਤਾ 'ਪੰਜਾਬ ਦੀ ਕਮਿਊਨਿਸਟ ਲਹਿਰ ਦਾ ਭਵਿੱਖ।' ਮਕਸਦ ਸੀ ਜਿਸ ਖੜੋਤ 'ਚ ਲਹਿਰ ਪੁੱਜ ਚੁੱਕੀ ਹੈ, ਉਸ ਜੜ੍ਹਤਾ 'ਚੋਂ ਨਿਕਲਣ ਬਾਰੇ ਚਰਚਾ ਲਈ ਸਾਰੀਆਂ ਸਰਗਰਮ ਧਿਰਾਂ ਨੂੰ ਮੰਚ ਮੁਹੱਈਆ ਕੀਤਾ ਜਾਵੇ ਕਿ ਸ਼ਾਇਦ ਵਿਚਾਰ-ਚਰਚਾ 'ਚੋਂ ਕੋਈ ਦਿਸ਼ਾ/ਸੰਕੇਤ ਉੱਭਰ ਸਕਣ। ਇਸ ਵਿੱਚ ਦੋ-ਤਿੰਨ ਨੂੰ ਛੱਡ ਕੇ ਬਾਕੀ ਸਾਰੇ ਕਮਿਊਨਿਸਟ ਆਗੂਆਂ/ਕਾਰਕੁੰਨਾਂ ਨੇ ਆਪਣੇ-ਆਪਣੇ ਧੜੇ ਦੀਆਂ ਪ੍ਰਵਾਨਿਤ ਲਾਇਨਾਂ ਤੋਂ ਬਾਹਰ ਝਾਕਣਾ ਤਾਂ ਕੀ, ਇਹ ਵੀ ਨਾ ਦੇਖਿਆ ਕਿ  ਉਹਨਾਂ ਤੋਂ ਬਿਨਾਂ ਕੋਈ ਹੋਰ ਧਿਰ ਵੀ 'ਇਨਕਲਾਬ' ਲਈ ਸਰਗਰਮ ਹੈ।  ਆਪਣੇ ਪਾਰਟੀ ਪ੍ਰੋਗਰਾਮਾਂ ਦੇ ਚਰਬੇ ਹੀ ਲਿਖ ਭੇਜੇ।  ਇੱਕ ਦੋ ਨੇ ਤਾਂ ਆਪਣੇ ਸ਼ਬਦਾਂ 'ਚ ਇਹ ਲਿਖਣ ਦੀ ਵੀ ਜੁਰਅੱਤ ਨਾ ਕੀਤੀ ਤੇ ਪ੍ਰੋਗਰਾਮ ਦੇ ਪਹਿਰੇ ਦੇ ਪਹਿਰੇ ਅਨੁਵਾਦ ਕਰ ਦਿੱਤੇ। ਜਿਨ੍ਹਾਂ ਕੁਝ ਨੇ ਸਥਾਪਤ  ਲਾਇਨ ਤੋਂ ਬਾਹਰ ਕੁਝ ਝਾਕਿਆ, ਨੱਤ ਉਹਨਾਂ 'ਚੋਂ ਇੱਕ ਸੀ। ਮਿਲਣ 'ਤੇ ਮੈਂ ਉਸ ਨੂੰ ਇੰਜ ਦਲੇਰੀ ਨਾਲ ਲਿਖਣ ਲਈ ਵਧਾਈ ਦਿੱਤੀ। ਨਾਲ ਹੀ ਕਿਹਾ, ''ਜਦੋਂ ਤੈਨੂੰ ਲੱਗਦਾ ਮੌਜੂਦਾ ਜਥੇਬੰਦਕ ਢਾਂਚੇ 'ਚ ਕਿਤੇ ਗੜਬੜਾਂ ਹਨ ਤਾਂ ਤੂੰ ਕਿਉਂ ਉਹਨਾਂ 'ਚ ਹੀ ਘੁੰਮੀ ਜਾ ਰਿਹਾ ਹੈਂ। ਕਿਉਂ ਨਹੀਂ ਨਵਾਂ ਕੁਝ ਕਰਨ ਬਾਰੇ ਯਤਨ ਕਰਦਾ, ਜਿਵੇਂ ਸੋਚਦਾ ਹੈਂ?''  ਪਰ ਜੁਆਬ  'ਚ ਉਹ ਫਿਰ ਆਪਣੀ ਪੁਰਾਣੀ ਪੁਜ਼ੀਸ਼ਨ 'ਤੇ ਆ ਗਿਆ, ''ਜਥੇਬੰਦੀ 'ਚ ਕੰਮ ਤੋਂ ਬਿਨਾਂ ਨਿਰੇ ਸੋਚਣ ਨਾਲ ਕੁਝ ਨਹੀਂ ਬਣਦਾ।''

ਉਹ ਨਕਸਲੀ ਆਗੂਆਂ ਦੀ ਦੂਸਰੀ ਪੀੜ੍ਹੀ 'ਚੋਂ ਹੈ। ਲਹਿਰ ਦੇ ਆਗੂਆਂ ਦੇ ਬਹੁਤੇ ਚਰਚਿਤ ਜਾਂ ਉੱਘੇ ਨਾਂਅ,  ਵਿਦਰੋਹ ਫੁੱਟਣ ਦੇ ਸਮੇਂ ਜਾਂ ਇਸ ਦੇ ਆਸ-ਪਾਸ ਆਏ ਹੋਏ ਹਨ। ਉਹਨਾਂ 'ਚੋਂ ਕੁਝ ਤਾਂ ਸੋਚ-ਸਮਝ ਕੇ ਆਏ ਸਨ ਤੇ ਕੁਝ ਲਹਿਰ ਦੇ ਵਹਾਅ 'ਚ ਹੀ, ਐਕਸ਼ਨਾਂ/ਕੇਸਾਂ 'ਚ ਫਿਰ ਅਜਿਹੇ ਉਲਝੇ ਕਿ ਉਹਨਾਂ ਨੂੰ ਰੂਪੋਸ਼ ਹੋਣਾ ਪੈ ਗਿਆ। ਵਿਚਾਲੇ ਉਹਨਾਂ ਨੂੰ ਕਿਤੇ ਕੁਝ ਗਲਤ ਵੀ ਲੱਗਿਆ ਹੋਵੇਗਾ, ਪਰ ਜਥੇਬੰਦਕ ਢਾਂਚੇ 'ਚੋਂ ਪਿਛਾਂਹ ਮੁੜਨ ਦਾ ਰਾਹ ਹੀ ਨਹੀਂ ਸੀ ਬਚਿਆ। ਪੁਲਸ ਤੇ ਸੱਤਾ ਦਾ ਲਗਾਤਾਰ ਦਬਾਅ। ਦਹਾਕੇ, ਡੇਢ ਦਹਾਕੇ ਬਾਅਦ ਜਦੋਂ ਹਾਲਾਤ ਕੁਝ ਨਾਰਮਲ ਹੋਏ ਤਾਂ ਉਹ ਅਧਖੜ ਉਮਰ ਵੱਲ ਉਸ ਪੜਾਅ 'ਚ ਸ਼ਾਮਲ ਹੋ ਚੁੱਕੇ ਸਨ ਕਿ ਪਿਛਾਂਹ ਮੁੜਨ ਦਾ ਕੋਈ ਬਦਲ ਹੀ ਨਹੀਂ ਸੀ ਬਚਿਆ, ਜਿੱਥੋਂ ਜ਼ਿੰਦਗੀ ਦੀ ਨਵੀਂ ਪਾਰੀ ਸ਼ੁਰੂ ਕਰ ਸਕਣ ਤੇ ਉਹ ਜਥੇਬੰਦਕ ਢਾਂਚੇ 'ਚ ਫਿੱਟ ਹੋ ਕੇ ਰੂਟੀਨ ਵਜੋਂ ਹੀ ਤੁਰੇ ਫਿਰਨ ਲੱਗੇ।  ਨੱਤ ਇਸ ਪੀੜ੍ਹੀ ਤੋਂ ਬਾਅਦ, ਲਹਿਰ ਨਾਲ ਉਦੋਂ ਜੁੜਿਆ, ਜਦੋਂ ਲਹਿਰ ਖੜੋਤ ਦਾ ਸ਼ਿਕਾਰ ਹੋਣ ਵੱਲ ਵਧ ਰਹੀ ਸੀ ਤੇ ਇਸ ਖੜੋਤ 'ਚੋਂ ਨਿਕਲਦੀਆਂ ਫੁੱਟਾਂ ਜਾਂ ਫੁੱਟ-ਦਰ-ਫੁੱਟ। ਇਸ ਦੌਰ 'ਚ ਵਿਦਿਆਰਥੀ ਤੇ ਨੌਜੁਆਨ ਸਭਾਵਾਂ 'ਚ ਕਾਰਕੁੰਨ ਆਉਂਦੇ, ਆਪਣੀ ਥੋੜਚਿਰੀ ਭੂਮਿਕਾ ਨਿਭਾਉਂਦੇ, ਪਰ ਜ਼ਿੰਦਗੀ ਭਰ ਦਾ ਮਿਸ਼ਨ ਬਹੁਤ ਘੱਟ ਨੇ ਅਪਣਾਇਆ, ਪਰ ਜਿਸ ਨੇ ਵੀ ਅਪਨਾਇਆ, ਸੋਚ-ਸਮਝ ਕੇ ਅਪਣਾਇਆ। ਇਸ ਸੋਚ-ਸਮਝ ਕੇ ਆਉਣ ਵਾਲੀ ਪੀੜ੍ਹੀ 'ਚੋਂ ਹੀ ਹੈ ਸੁਖਦਰਸ਼ਨ ਨੱਤ, ਜਿਸ ਸਾਹਮਣੇ ਲਹਿਰ ਨਾਲ ਜੁੜਨ ਜਾਂ ਜੁੜੇ ਰਹਿਣ ਦੀ ਕੋਈ ਮਜਬੂਰੀ ਨਹੀਂ ਸੀ, ਉਸ ਲਈ ਕੈਰੀਅਰ ਦੇ ਬਦਲ ਖੁੱਲ੍ਹੇ ਸਨ ਪਰ ਉਹ ਹੁਣ ਤੱਕ ਡਟਿਆ ਆ ਰਿਹਾ ਹੈ। ਪਿਛਲੇ ਲੱਗਭੱਗ ਸਾਢੇ ਚਾਰ ਦਹਾਕਿਆਂ ਦੌਰਾਨ ਉਸ ਦੀ ਸਰਗਰਮੀ ਦੇ ਰੂਪ ਭਾਵੇਂ ਬਦਲਦੇ ਰਹੇ, ਪਹਿਲਾਂ ਵਿਦਿਆਰਥੀ ਲਹਿਰ 'ਚ, ਫਿਰ ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ, ਡੈਮੋਕਰੈਟਿਕ ਪੀਪਲਜ਼ ਫਰੰਟ ਤੋਂ ਲਿਬਰੇਸ਼ਨ ਤੱਕ...ਪਰ ਉਸ ਦੀ ਸੁਰ ਇੱਕੋ ਰਹੀ ਹੈ ਤੇ ਇਸ ਤੇ ਉਸ ਨੂੰ ਮਾਣ ਵੀ ਹੈ!

ਕਾਮਰੇਡ ਸੁਖਦਰਸ਼ਨ ਨੱਤ ਬਾਰੇ ਹਿੰਦੀ ਦੀ ਨਕਸਲਬਾੜੀ ਸਕਰੀਨ ਵਿੱਚ ਵੀ ਵਿਸ਼ੇਸ਼ ਲਿਖਤ 

ना संघर्ष ना तकलीफ, तो क्या मजा है जीने में


Thursday, July 9, 2020

ਤਿੱਖੇ ਸੰਘਰਸ਼ਾਂ ਦੀ ਗੱਲ ਹਰਮਿੰਦਰ ਪੁਰੇਵਾਲ ਨੂੰ ਯਾਦ ਕਰਦਿਆਂ

 ਹਰ ਮੋੜ 'ਤੇ ਸਲੀਬਾਂ, ਹਰ ਪੈਰ ਤੇ ਹਨੇਰਾ........ 
ਅਤੀਤ ਦੀ ਗੱਲ///ਦਿਲਾਂ ਵਾਲੇ ਵਿਹੜਿਆਂ ਚੋਂ: 9 ਜੁਲਾਈ 2020: (ਜਸਪਾਲ ਜੱਸੀ//ਨਕਸਲਬਾੜੀ ਫ਼ੀਚਰ ਡੈਸਕ)::
ਨਕਸਲੀ ਸੰਘਰਸ਼ਾਂ ਦਾ ਸਰਗਰਮ ਸਾਥੀ ਹਰਮਿੰਦਰ ਪੁਰੇਵਾਲ 
………ਖੋਹ ਦੇ ਅਹਿਸਾਸ ਦੀ ਦਸਤਕ ਨਾਲ ਮੈਂ ਆਪਣਾ ਫੋਨ ਖੋਲ੍ਹਿਆ।  ਅਮੋਲਕ ਨੇ ਖੇਚਲ ਕਰਕੇ ਸੁਨੇਹਾ ਭੇਜਿਆ ਸੀ, "ਕੈਨੇਡਾ ਤੋਂ ਸੁਰਿੰਦਰ ਧੰਜਲ ਗੱਲ ਕਰਨੀਂ ਚਾਹੰਦੈ, ਫੌਰੀ! ਹਰਮਿੰਦਰ ਪੁਰੇਵਾਲ ਨਹੀਂ ਰਿਹਾ!" 
"ਹਰਮਿੰਦਰ ਨਹੀਂ ਰਿਹਾ?!" ਯਕੀਨ ਹੁੰਗ੍ਹਾਰਾ ਭਰਨ ਤੋਂ ਨਾਬਰ ਸੀ। ਦਿਲ ਦਰਵਾਜ਼ੇ ਅਜਿਹੀ ਮਾੜੀ ਸੂਚਨਾ ਲਈ ਕਦੋਂ ਖੁਲ੍ਹਣਾ ਚਾਹੁੰਦੇ ਹਨ! ਪਰ ਵਾਪਰ ਚੁੱਕੇ ਨੂੰ ਤਸਲੀਮ ਕਰਨ ਤੋਂ ਨਾਬਰੀ ਦੇ ਪਲ ਵੀ ਲੰਮੇ ਨਹੀਂ ਹੋ ਸਕਦੇ । ਦਿਲ ਨੇ ਹਕੀਕਤ ਨੂੰ ਸਿਜਦਾ ਕਰਕੇ ਖੋਹ ਦੇ ਅਹਿਸਾਸ ਨੂੰ ਆਲ੍ਹਣਾ ਦੇ ਦਿੱਤਾ।   
ਝੰਜੋੜੇ ਦੇ ਇਹਨਾਂ ਪਲਾਂ ਦੇ ਅਹਿਸਾਸ ਵਟਾਉਣ ਲਈ ਸਮੁੰਦਰਾਂ ਦੀ ਜੂਹ ਦੇ ਆਰ-ਪਾਰ ਘੰਟੀਆਂ ਖੜਕੀਆਂ। ਰਾਤ ਦਾ ਕੁਝ ਅਰਸਾ ਸੁਰਿੰਦਰ ਧੰਜਲ, ਸਤਵੰਤ ਦੀਪਕ ਅਤੇ ਹਰਮਿੰਦਰ ਦੇ ਭਰਾ ਦਵਿੰਦਰ ਪੁਰੇਵਾਲ ਨਾਲ ਦੁੱਖ ਸਾਂਝਾ ਕਰਨ ਅਤੇ ਅਰਥ ਭਰੀਆਂ ਖੂਬਸੂਰਤ ਯਾਦਾਂ ਦੇ ਵਟਾਂਦਰੇ 'ਚ ਗੁਜ਼ਰਿਆ।
ਨਾਲ ਹੀ ਉਹਨਾਂ ਕੁੜੀਆਂ ਦੀ ਗੱਲ ਜਿਹਨਾਂ ਖਤਰੇ ਮੁੱਲ ਲੈ ਕੇ ਚੁਣੌਤੀਆਂ ਨਾਲ ਮੱਥੇ  ਲਾਏ ਸਨ
ਹਰਮਿੰਦਰ ਦੇ ਜਾਣ ਦੀ ਉਦਾਸੀ ਦਾ ਰੰਗ ਕਈ ਹੋਰ ਰੰਗਾਂ'ਚ ਘੁਲ ਕੇ ਗੂੜ੍ਹਾ ਹੋ ਗਿਆ ਸੀ। ਪਿਰਥੀ, ਪਾਸ਼ ਅਤੇ ਅਮ੍ਰਿਤਪਾਲ ਪਾਸੀ ਦੀਆਂ ਯਾਦਾਂ ਨਾਲ ਗੁੰਦੀਆਂ ਹਰਮਿੰਦਰ ਦੀਆਂ ਯਾਦਾਂ ਸੱਜਰੀਆਂ ਹੋ ਗਈਆਂ। ਇੱਕ ਵਾਰੀ ਫਿਰ ਮਹਿਸੂਸ ਹੋਇਆ ਕਿ ਕਿਵੇਂ ਕਿਸੇ ਪਿਆਰੇ ਦੇ ਸਦੀਵੀ ਵਿਛੋੜੇ ਦੀ ਚੀਸ ਬੰਦੇ ਦੇ ਮਨ ਨੂੰ ਵਸਲ ਦੀਆਂ ਉੱਚੀਆਂ ਉਡਾਰੀਆਂ ਦੇ ਲੜ ਲਾ ਦਿੰਦੀ ਹੈ। ਬੀਤੇ ਦੀਆਂ ਮਿਲਣੀਆਂ ਯਾਦਾਂ ਦੀ ਫੁਹਾਰ ਬਣਕੇ ਦਿਲ ਨੂੰ ਸਿੰਜਣ ਅਤੇ ਖਾਲੀਪਣ ਦੇ ਸੋਕੇ ਨੂੰ ਸਰ ਕਰਨ ਲਈ ਉਮਡ ਪੈਂਦੀਆਂ ਹਨ।
ਉਹਦੀਆਂ ਸ਼ਿੱਦਤ ਭਰੀਆਂ ਯਾਦਾਂ ਨੇ ਪਹਿਲਾਂ ਕਦੇ ਵੀ ਦਿਲ 'ਤੇ ਇਹੋ ਜਿਹੀ ਪੀਂਘ ਨਹੀਂ ਸੀ ਪਾਈ। ਤੁਰ ਜਾਣ ਨੇ ਹਰਮਿੰਦਰ ਦਾ ਆਪਾ ਲਿਸ਼ਕੋਰ ਦਿੱਤਾ ਹੈ। ਆਪਣੇਪਣ ਦੀਆਂ ਛਾਵਾਂ ਗੂੜ੍ਹੀਆਂ ਹੋ ਗਈਆਂ ਹਨ। ਨਿੱਘ ਦਾ ਅਹਿਸਾਸ ਹੋਰ ਕੋਸਾ ਹੋ ਗਿਆ ਹੈ। ਜੀਅ ਉਸ ਸ਼ੀਸ਼ੇ ਵਰਗੀ ਦਰਵੇਸ਼ ਰੂਹ 'ਚ ਝਾਕਣ ਝਾਕਣ ਕਰਦਾ ਹੈ।
ਲੇਖਕ ਜਸਪਾਲ ਜੱਸੀ 
ਕੁਝ ਮਹੀਨੇ ਪਹਿਲਾਂ ਛਲਕਦੇ ਜਜ਼ਬਾਤਾਂ ਅਤੇ ਅਪਣੱਤ ਭਰੇ ਬੋਲਾਂ 'ਚ ਭਿੱਜਿਆ ਹਰਮਿੰਦਰ ਦਾ ਫੋਨ ਆਇਆ ਸੀ। ਉਹ ਦਹਾਕਿਆਂ ਤੋਂ ਇਨਕਲਾਬੀ ਲਹਿਰ ਦੀ ਬੁੱਕਲ 'ਚ ਵਿਚਰਦੇ ਆ ਰਹੇ ਸਾਥੀਆਂ ਦਾ ਹਾਲ ਪੁੱਛ ਰਿਹਾ ਸੀ। ਉਹਨਾਂ ਮਿੱਤਰਾਂ ਦੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਾਰੇ ਜਾਨਣ ਲਈ ਉਤਸੁਕ ਸੀ ਜਿਨ੍ਹਾਂ ਦੀ ਲੋਹੇ ਵਰਗੀ ਜਵਾਨੀ ਹੁਣ ਲਿਸ਼ਕਦੀ ਸਫੈਦ ਚਾਂਦੀ 'ਚ ਬਦਲ ਚੁੱਕੀ ਹੈ। ਉਹਦੇ ਬੋਲਾਂ 'ਚ ਇਨਕਲਾਬੀ ਲਹਿਰ ਦੀ ਹੋਣੀ ਨਾਲ ਜੁੜੇ ਵਲਵਲੇ ਸਨ। ਉਹਨੂੰ ਫਖਰ ਸੀ ਕਿ ਉਸਨੇ ਸਮਾਜਕ ਜੀਵਨ ਦੀਆਂ ਨਰੋਈਆਂ ਕਦਰਾਂ ਕੀਮਤਾਂ ਹਿੱਕ ਨਾਲ ਲਾਕੇ ਰੱਖੀਆਂ ਹਨ ਅਤੇ ਇਹਨਾਂ ਦੀ ਲਾਜ ਪਾਲੀ ਹੈ। ਉਹਨੂੰ ਝੋਰਾ ਸੀ ਕਿ ਇਨਕਲਾਬ 'ਚ ਭਰਪੂਰ ਹਿੱਸਾ ਪਾਉਣ ਦੀ ਤਾਂਘ ਨੂੰ ਉਹ ਆਪਣੀ ਇੱਛਾ ਮੁਤਾਬਕ ਸਾਕਾਰ ਨਹੀਂ ਸੀ ਕਰ ਸਕਿਆ। ਉਸਨੇ ਪੀ.ਐਸ.ਯੂ. ਨਾਲ ਸਬੰਧਿਤ ਇਨਕਲਾਬੀ ਕੁੜੀਆਂ ਦੀਆਂ ਯਾਦਾਂ ਗਹਿਰੇ ਸਤਿਕਾਰ ਨਾਲ ਸਾਂਝੀਆਂ ਕੀਤੀਆਂ, ਜਿਨ੍ਹਾਂ ਨੇ ਖਤਰੇ ਮੁੱਲ ਲੈ ਕੇ ਚੁਣੌਤੀਆਂ ਨਾਲ ਮੱਥੇ  ਲਾਏ ਸਨ।"ਜੱਸੀ! ਮੈਂ ਆਪਣੀ ਜੀਵਨ ਸਾਥਣ ਨੂੰ ਉਹਨਾਂ ਕੁੜੀਆਂ ਬਾਰੇ ਦੱਸਿਆ ਹੈ।"
ਆਪਣਾ ਹਾਲ ਦੱਸਦਿਆਂ ਉਸਨੇ ਪਾਤਰ ਦੀ ਸਤਰ ਬੋਲੀ ਸੀ, "ਦਿਲ ਹੀ ਉਦਾਸ ਏ ਜੀ, ਬਾਕੀ ਸਭ ਖੈਰ ਏ"। ਮੈਨੂੰ ਇਸ ਜਿਉਂਦੀ ਉਦਾਸੀ ਦਾ ਮਤਲਬ ਪਤਾ ਸੀ।ਇਹ ਗੱਲ ਤਸੱਲੀ ਵਾਲੀ ਸੀ,ਕਿ ਹਰਮਿੰਦਰ ਉਦਾਸ ਸੀ,ਪਰ ਨਿਰਾਸ਼ ਨਹੀਂ ਸੀ।ਉਹ ਆਪਣੀ ਊਰਜਾ ਇਕੱਠੀ ਕਰਕੇ ਜ਼ਿੰਦਗੀ ਨੂੰ ਰੱਜਕੇ ਮਿਲਣ ਲਈ ਤਾਂਘ ਰਿਹਾ ਸੀ। ਇਸ ਤੋਂ ਪਹਿਲਾਂ ਉਸ ਦੇ ਗਦਰ ਪਾਰਟੀ ਦੀ ਵਿਰਾਸਤ ਨੂੰ ਉਭਾਰਨ ਦੀਆਂ ਸਰਗਮੀਆਂ ’ਚ ਰੁੱਝੇ ਹੋਣ ਦੀ ਖ਼ਬਰ ਮਿਲੀ ਸੀ। ਇਸ ਮਕਸਦ ਲਈ ਉਸ ਨੇ ਮੇਰੇ ਨਾਲ ਫੋਨ ਸੰਪਰਕ ਬਣਾਉਣ ਦੀ ਵਾਰ ਵਾਰ ਕੋਸ਼ਿਸ਼ ਕੀਤੀ ਸੀ। ਪਰ ਕਿਸੇ ਵਜ੍ਹਾ ਕਰਕੇ ਇਹ ਸੰਪਰਕ ਨਹੀਂ ਸੀ ਹੋ ਸਕਿਆ।
 ਸਾਡੀ ਫੋਨ ਗੱਲਬਾਤ ਦੁਬਾਰਾ ਵਾਰਤਾਲਾਪ ਦੇ ਆਪਸੀ ਇਕਰਾਰ ਨਾਲ ਸਮਾਪਤ ਹੋਈ ਸੀ, ਪਰ…………
ਹਰਮਿੰਦਰ ਦਾ ਫੱਕਰਪੁਣਾ ਸਭ ਦਾ ਧਿਆਨ ਖਿੱਚਦਾ ਸੀ। ਬਲਜੀਤ ਬੱਲੀ ਨੇ ਵੀ ਬਾਬੂਸ਼ਾਹੀ ਡਾਟਕਾਮ 'ਤੇ ਇਸ ਫੱਕਰਪੁਣੇ ਨੂੰ ਯਾਦ ਕੀਤਾ ਹੈ।ਮੈਨੂੰ ਇਸ ਫੱਕਰਪੁਣੇ ਦਾ ਇਨਕਲਾਬੀ ਰੂਪ ਨੇੜਿਓਂ ਵੇਖਣ ਦਾ ਮੌਕਾ ਮਿਲਿਆ ਹੈ।
ਉਹ ਘੜੀ ਅੱਜ ਵੀ ਚੇਤਿਆਂ 'ਚ ਉੱਕਰੀ ਹੋਈ ਹੈ। ਅਸੀਂ ਰਾਤ ਦੇ ਹਨੇਰੇ 'ਚ ਤੁਰੇ ਜਾ ਰਹੇ ਸਾਂ। ਹਰਮਿੰਦਰ ਨੇ ਮੁਸਕਰਾਉਂਦਿਆਂ ਮੇਰੇ ਗਲ ਦੁਆਲੇ ਬਾਂਹ ਵਲ ਦਿੱਤੀ ਸੀ ਅਤੇ ਰੰਗ 'ਚ ਆ ਕੇ ਹੌਲੀ-ਹੌਲੀ ਗਾਉਣ ਲੱਗ ਪਿਆ ਸੀ:"ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ ਉਹਨੀਂ ਰਾਹੀਂ ਸਾਨੂੰ ਤੁਰਨਾ ਪਿਆ"। ਸਾਡਾ ਰਸਤਾ ਗੁਆਚ ਗਿਆ ਸੀ ਅਤੇ ਅਸੀਂ ਔਝੜੇ ਤੁਰੇ ਜਾ ਰਹੇ ਸਾਂ। ਐਮਰਜੈਂਸੀ ਵਿਰੋਧੀ "ਖੁਫੀਆ "ਇਸ਼ਤਿਹਾਰ ਅਤੇ ਲੇਵੀ ਅਸੀਂ ਬੈਗ 'ਚ ਨਾਲ ਚੁੱਕੀ ਹੋਈ ਸੀ।
ਉਹਨਾਂ ਦਿਨਾਂ 'ਚ ਹੜਤਾਲਾਂ, ਰੈਲੀਆਂ, ਮੁਜਾਹਰੇ, ਪ੍ਰੈਸ-ਬਿਆਨ, ਇਸ਼ਤਿਹਾਰ, ਹੱਥ ਪਰਚੇ ਸਭ ਕੁਝ ਵਰਜਤ ਸੀ। ਅਖਬਾਰਾਂ ਸੈਂਸਰ ਦੀ ਭੇਟ ਹੋਈਆਂ ਵਰਜਤ ਖਬਰਾਂ ਦੀਆਂ ਟਾਕੀਆਂ ਨਾਲ ਭਰਕੇ ਛਪਦੀਆਂ। ਪਾਸ਼ ਨੇ ਕਵਿਤਾਂ ਰਾਹੀਂ ਇਹ ਹਾਲਤ ਬਿਅਾਨ ਕੀਤੀ ਸੀ: " ਮੈਂ ਅੱਜ ਕਲ਼੍ਹ ਅਖਬਾਰਾਂ ਤੋਂ ਬਹੁਤ ਡਰਦਾ ਹਾਂ"। 
ਐਮਰਜੈਂਸੀ ਦਾ ਡਟਵਾਂ ਵਿਰੋਧ ਕਰਨ ਕਰਕੇ ਪੀ. ਐਸ. ਯੂ. ਦੇ ਕਿੰਨੇ ਹੀ ਆਗੂ ਅਤੇ ਕਾਰਕੁਨ ਵਰੰਟਡ ਸਨ, ਗ੍ਰਿਫਤਾਰ ਕਰ ਕੇ ਤਸੀਹਾ ਘਰਾਂ (ਇੰਟੈਰੋਗੇਸ਼ਨ ਸੈਂਟਰਾਂ) 'ਚ ਭੇਜੇ ਜਾ ਰਹੇ ਸਨ ਅਤੇ ਮੀਸਾ ਤੇ ਡੀ.ਆਈ.ਆਰ ਵਰਗੇ ਕਾਨੂੰਨਾਂ ਅਧੀਨ ਬਿਨਾ ਮੁਕੱਦਮਾ ਨਜ਼ਰਬੰਦ ਕੀਤੇ ਜਾ ਰਹੇ ਸਨ। ਸਰਕਾਰ ਦੀ ਸਧਾਰਨ ਅਲੋਚਨਾ ਵੀ ਵਰਜਤ ਸੀ। ਤਾਂ ਵੀ ਪੀ.ਐਸ.ਯੂ. ਵੱਲੋਂ ਐਮਰਜੈਂਸੀ ਵਿਰੋਧੀ ਇਸ਼ਤਿਹਾਰਾਂ ਅਤੇ ਰੈਲੀਆਂ-ਹੜਤਾਲਾਂ ਦਾ ਸਿਲਸਿਲਾ ਜਾਰੀ ਸੀ।
ਇਸ਼ਤਿਹਾਰ ਛਪਾਉਣ ਲਈ ਪਰੈੱਸ ਲੱਭਣੀ ਮੁਸ਼ਕਿਲ ਹੋ ਗਈ ਸੀ। ਐਮਰਜੈਂਸੀ ਦੀਆਂ  ਪਾਬੰਦੀਆਂ ਨੇ ਇਸ਼ਤਿਹਾਰਾਂ ਨੂੰ ਵਰਜਿਤ ਅਤੇ ਖੁਫੀਆ  ਸਰਗਰਮੀ ਵਿਚ ਬਦਲ ਦਿੱਤਾ ਸੀ। ਇਸ਼ਤਿਹਾਰ ਛਾਪਣ ਦਾ ਖਮਿਆਜ਼ਾ ਅਨਿਸਚਿਤ ਸਮੇਂ ਲਈ ਨਜ਼ਰਬੰਦੀ, ਪੁਲਸ ਤਸ਼ੱਦਦ ਜਾਂ ਕਿਸੇ ਹੋਰ ਵੱਡੀ ਸਜ਼ਾ ਦੇ ਰੂਪ 'ਚ ਭੁਗਤਣਾ ਪੈ ਸਕਦਾ ਸੀ। ਸੋ ਅਕਸਰ ਪ੍ਰਿੰਟਡ ਇਸ਼ਤਿਹਾਰਾਂ ਦੀ ਥਾਂ ਕਾਰਕੁਨਾਂ ਦੀ ਸਖਤ ਮਿਹਨਤ ਨਾਲ ਤਿਆਰ ਹੋਏ ਦਿਲਕਸ਼ ਹੱਥ ਲਿਖਤ ਵੱਡ-ਅਕਾਰੀ ਇਸ਼ਤਿਹਾਰ ਧਿਆਨ ਖਿੱਚਣ ਵਾਲੀਆਂ ਥਾਂਵਾਂ'ਤੇ ਲਾਏ ਜਾਂਦੇ ਸਨ। ਹਰਮਿੰਦਰ ਅਤੇ ਮੈਂ ਅਕਸਰ ਹੀ ਰਾਤਾਂ ਨੂੰ ਇਸ਼ਤਿਹਾਰ ਲਾਉਂਦੀਆਂ ਵਿਦਿਆਰਥੀ ਟੋਲੀਆਂ 'ਚ ਇਕੱਠੇ ਹੁੰਦੇ।
ਪੀ.ਐਸ.ਯੂ. ਦੇ ਕਾਰਕੁਨ ਹੋਣ ਤੋਂ ਇਲਾਵਾ ਅਸੀਂ ਦੋਵੇਂ ਮਾਰਕਸਵਾਦ, ਲੈਨਿਨਵਾਦ ਅਤੇ ਮਾਓ ਵਿਚਾਰਧਾਰਾ ਦੇ ਸਾਂਝੇ ਅਧਿਐਨ ਗਰੁੱਪ 'ਚ ਵੀ ਸ਼ਾਮਲ ਸਾਂ। ਪੀ.ਐਸ.ਯੂ. ਤੋਂ ਇਲਾਵਾ ਐਮਰਜੈਂਸੀ ਦਾ ਵਿਰੋਧ ਕਰਨ ਵਾਲੀਆਂ ਸਿਆਸੀ ਜੱਥੇਬੰਦੀਆਂ ਨੂੰ ਸਹਿਯੋਗ ਦੇਣ ਦਾ ਵੀ ਅਸੀਂ ਨਿੱਜੀ ਫੈਸਲਾ ਕੀਤਾ ਹੋਇਆ ਸੀ। ਸਾਡੇ ਬੈਗ ਵਿਚਲੇ ਪ੍ਰਿੰਟਡ ਇਸ਼ਤਿਹਾਰ ਪੰਜਾਬ ਕਮਿਊਨਿਸਟ ਇਨਕਲਾਬੀ ਕਮੇਟੀ ਵੱਲੋਂ ਪ੍ਰਕਾਸ਼ਤ ਕੀਤੇ ਗਏ ਸਨ। ਇਸ਼ਤਿਹਾਰ 'ਚ "ਐਮਰਜੈਂਸੀ ਦੇ ਫਾਸ਼ੀ ਹੱਲੇ ਨੂੰ ਪਛਾੜੋ" ਦਾ ਹੋਕਾ ਦਿੱਤਾ ਗਿਆ ਸੀ।ਉੱਪਰਲੀ ਖੱਬੀ ਨੁੱਕਰ 'ਤੇ "ਨਕਸਲਬਾੜੀ ਜ਼ਿੰਦਾਬਾਦ" ਦਾ ਨਾਅਰਾ ਸੀ। ਅੰਮ੍ਰਿਤਪਾਲ ਪਾਸੀ ਇਹ ਇਸ਼ਤਿਹਾਰ ਲੈ ਕੇ ਆਇਆ ਸੀ। ਉਹ ਸਾਡੇ ਅਧਿਐਨ ਗਰੁੱਪ ਦੀਆਂ ਮੀਟਿੰਗਾਂ 'ਚ ਵੀ ਆਉਂਦਾ ਰਹਿੰਦਾ ਸੀ। ਹਰਮਿੰਦਰ ਨੇ ਇਸ਼ਤਿਹਾਰ ਪੜ੍ਹਕੇ ਹੱਥ ਵਟਾਉਣ ਲਈ ਚਾਅ ਨਾਲ ਹਾਮੀ ਭਰ ਦਿੱਤੀ ਸੀ। ਮੈਂ ਖੰਨੇ ਤੋਂ ਬੱਸ ਫੜਕੇ ਇਹ ਪੋਸਟਰ ਲਾਉਣ ਲਈ ਲੁਧਿਆਣੇ ਇੰਜਨੀਅਰਿੰਗ ਕਾਲਜ ਪੁੱਜਿਆ ਸਾਂ।
ਇਸ਼ਤਿਹਾਰਾਂ ਲਈ ਸਾਡੀ ਟੋਲੀ ਦੇ ਜ਼ਿੰਮੇ ਲੱਗੇ ਨਿਸਚਿਤ ਏਰੀਏ ਦੀ ਤਲਾਸ਼ ਲਈ ਬਦਲਵਾਂ ਰਾਹ ਫੜਨਾ ਸਾਡੀ ਮਜਬੂਰੀ ਬਣ ਗਈ ਸੀ। ਅਸੀਂ ਕੁਝ ਚਿਰ ਪਹਿਲਾਂ ਹੀ ਗੰਭੀਰ ਖਤਰਾ ਪਿੱਛੇ ਛੱਡ ਕੇ ਆਏ ਸਾਂ ਅਤੇ ਸਾਡਾ ਪਿੱਛਾ ਹੋਣ ਦੀ ਸੰਭਾਵਨਾ ਬਣੀ ਹੋਈ ਸੀ। "ਖੁਫੀਆ" ਇਸ਼ਤਿਹਾਰਾਂ ਅਤੇ ਲੇਵੀ ਸਮੇਤ ਅਸੀਂ ਪੰਦਰਾਂ ਪੁਲਸੀਆਂ ਦੀ ਟੁਕੜੀ ਦੇ ਘੇਰੇ'ਚ ਆ ਗਏ ਸਾਂ। ਸਾਡੇ ਬੈਗ ਦੀ ਤਲਾਸ਼ੀ ਲਈ ਗਈ ਸੀ। ਤਾਂ ਵੀ ਚਕਮਾ ਦੇਣ ਦੀ ਵਿਉਂਤ ਅਤੇ ਤਲਾਸ਼ੀ ਨੂੰ ਬੇਅਸਰ ਕਰਨ ਦੇ ਸੋਚੇ ਹੋਏ ਇੰਤਜ਼ਾਮਾਂ ਨੇ ਆਪਣਾ ਰੰਗ ਵਿਖਾਇਆ ਸੀ। ਸਿਪਾਹੀਆਂ ਨੇ ਪੁਲਸ ਨਾਕੇ 'ਤੇ ਤਾਇਨਾਤ ਅਫਸਰ ਨੂੰ ਦਿਲਚਸਪ ਰਿਪੋਰਟ ਕੀਤੀ ਕਿ ਸਾਡੇ ਬੈਗ 'ਚੋਂ ਕੋਈ ਵੀ ਇਤਰਾਜ਼ਯੋਗ ਚੀਜ਼ ਹਾਸਲ ਨਹੀਂ ਹੋਈ! ਬੈਗ 'ਚ ਸਿਰਫ ਕੱਪੜੇ ਹਨ ਜਾਂ ਘਿਓ ਦਾ ਡੱਬਾ ਹੈ। ਸਿਪਾਹੀ ਨੇ ਲੇਵੀ ਦੇ ਡੱਬੇ ਬਾਰੇ ਸਵਾਲ ਪੁੱਛਿਆ ਸੀ।ਸਾਡੇ ਵੱਲੋਂ "ਘਿਓ ਦਾ ਡੱਬਾ" ਕਹਿਣ 'ਤੇ ਉਸਨੇ ਚੁੱਕ ਕੇ ਨੱਕ ਨਾਲ ਲਾ ਕੇ ਸੁੰਘਿਆ ਸੀ ਅਤੇ ਇਸ ਅੰਦਾਜ਼ 'ਚ ਵਾਪਸ ਰੱਖ ਦਿੱਤਾ ਸੀ ਜਿਵੇਂ ਉਸਨੂੰ ਸੱਚਮੁੱਚ ਦੇਸੀ ਘਿਓ ਦੀ ਮਹਿਕ ਆਈ ਹੋਵੇ!
ਪੁਲਸ ਅਫਸਰ ਲਈ ਮਾਮਲਾ ਖਤਮ ਨਾ ਹੋਇਆ ਅਤੇ ਲੰਮੀ ਪੁੱਛ-ਗਿੱਛ ਦਾ ਸਿਲਸਲਾ ਸ਼ੁਰੂ ਹੋ ਗਿਆ। ਸਾਨੂੰ ਰਿਕਸ਼ੇ 'ਤੇ ਜਾਂਦਿਆਂ ਨੂੰ ਰਾਤ ਦੇ ਡੇਢ ਵਜੇ ਘੇਰ ਕੇ ਨਾਕੇ 'ਤੇ ਤਾਇਨਾਤ ਅਫਸਰ ਮੂਹਰੇ ਹਾਜ਼ਰ ਕੀਤਾ ਗਿਆ ਸੀ।ਲੁਧਿਆਣੇ ਦੇ ਸਿਨਮਿਆਂ 'ਚ ਫਿਲਮਾਂ ਦੇ ਆਖਰੀ ਸ਼ੋਅ ਕਦੋਂ ਦੇ ਖਤਮ ਹੋ ਚੁੱਕੇ ਸਨ। ਸਿਨਮਿਆਂ 'ਚ ਅਤੇ ਸੜਕਾਂ 'ਤੇ ਸੁੰਨਮਸਾਨ ਸੀ। ਕਿਸੇ ਫਿਲਮ ਦੇ ਦਰਸ਼ਕ ਹੋਣ ਦਾ ਬਹਾਨਾ ਵੀ ਹੁਣ ਬੇਅਰਥ ਹੋ ਚੁੱਕਿਆ ਸੀ। ਇਸ ਵੇਲੇ ਕੱਲੇ ਕਹਿਰੇ ਰਿਕਸ਼ੇ ਦਾ ਕੋਈ ਵੀ ਸਵਾਰ ਵਿਸ਼ੇਸ਼ ਧਿਆਨ ਖਿੱਚਦਾ ਸੀ। ਅੱਧੀ ਰਾਤ ਪਿੱਛੋਂ ਸਾਡੀ ਸੜਕ 'ਤੇ ਇਉਂ ਮੌਜੂਦਗੀ ਸ਼ੱਕ ਦੇ ਸੁਭਾਵਕ ਘੇਰੇ 'ਚ ਸੀ।
ਸਾਡੇ ਦੋਹਾਂ ਤੋਂ ਇਲਾਵਾ ਰਿਕਸ਼ੇ ਵਾਲੇ ਤੋਂ ਵੀ ਪੁੱਛਗਿੱਛ ਹੋ ਰਹੀ ਸੀ। ਅਫਸਰ ਨੇ ਉਸਦੇ ਦੋ ਪੋਲੀਆਂ-ਪੋਲੀਆਂ ਡਾਂਗਾਂ ਵੀ ਜੜ ਦਿੱਤੀਆਂ ਸਨ। ਸੂਚਨਾ ਦਾ ਇਹ ਤੀਸਰਾ ਸਰੋਤ ਸਾਡੇ ਅਗਾਊਂ ਘੜੇ ਹੋਏ ਅਤੇ ਤੁਰਤ-ਫੁਰਤ ਘੜੇ ਜਾ ਰਹੇ ਜਵਾਬਾਂ ਨੂੰ ਮੁੜ-ਮੁੜ ਸ਼ੱਕੀ ਬਣਾਈ ਜਾ ਰਿਹਾ ਸੀ।ਅਸੀਂ ਸੀ.ਟੀ.ਆਈ. ਦੇ ਵਿਦਿਆਰਥੀ ਹੋਣ ਦਾ ਨਕਲੀ ਦਾਅਵਾ ਕੀਤਾ ਸੀ ਅਤੇ ਦੱਸਿਆ ਸੀ ਕਿ ਅਸੀਂ ਜਨਤਾ ਨਗਰ ਤੋਂ ਰਿਕਸ਼ਾ ਲੈ ਕੇ ਚੱਲੇ ਹਾਂ। ਪਰ ਇਹ ਗੱਲ ਲਗਭਗ ਨਸ਼ਰ ਹੋ ਗਈ ਕਿ ਅਸੀ ਇੰਜੀਨੀਅਰਿੰਗ ਕਾਲਜ ਨੇੜਿਓਂ ਲੰਘਦੀ ਨਹਿਰ ਕੋਲੋਂ ਰਿਕਸ਼ਾ ਲਿਆ ਸੀ।ਪੁਲਸ ਅਫਸਰ ਨੂੰ ਦਾਲ 'ਚ ਕਾਲਾ ਕਾਲਾ ਦਿਖਾਈ ਦਿੱਤਾ ਸੀ ਕਿਉਂਕਿ ਅਸੀਂ ਆਮ ਨਾਲੋਂ ਕਾਫੀ ਮਹਿੰਗੇ ਭਾਅ ਰਿਕਸ਼ਾ ਲਿਆ ਸੀ।ਰਿਕਸ਼ੇ ਵਾਲੇ ਨੇ ਇਹ ਵੀ ਦੱਸ ਦਿੱਤਾ ਸੀ ਕਿ ਅਸੀਂ ਉਸਨੂੰ ਤੇਜੀ ਨਾਲ ਰਿਕਸ਼ਾ ਚਲਾਉਣ ਲਈ ਕਹਿੰਦੇ ਆਏ ਸਾਂ ਅਤੇ "ਇੱਧਰੋਂ ਨਹੀਂ ੳੁਧਰੋਂਂ ਚੱਲ" ਵਰਗੀਆਂ ਹਦਾਇਤਾਂ ਕਰਦੇ ਆਏ ਸਾਂ। ਪੁਲਸ ਅਫਸਰ ਦੇ ਸ਼ੱਕ ਦੀ ਸੂਈ ਇਸ ਗੱਲ 'ਤੇ ਅਟਕੀ ਹੋਈ ਸੀ ਕਿ ਅਸੀਂ ਕਿਸੇ ਵਜ੍ਹਾ ਕਰਕੇ ਤਟ ਫਟ ਰਿਕਸ਼ਾ ਲੈ ਕੇ ਖਿਸਕਣ ਦੀ ਕੋਸ਼ਿਸ਼ ਕੀਤੀ ਹੈ।ਉਹ ਇਸ ਵਜ੍ਹਾ ਬਾਰੇ ਕਿਆਫੇ ਲਾਈ ਜਾ ਰਿਹਾ ਸੀ।ਸ਼ਾਇਦ ਕੁੜੀਆਂ ਨਾਲ ਮੌਜ ਮੇਲੇ ਜਾਂ ਪਰੇਸ਼ਾਨ ਕਰਨ ਦਾ ਕੋਈ ਮਾਮਲਾ ਹੈ, ਕਿਸੇ ਨਾਲ ਕੋਈ ਝਗੜਾ ਹੋਇਆ ਹੈ ਜਾਂ ਕਿਸੇ ਹੋਰ ਵਰਜਤ ਕਾਰਵਾਈ'ਚ ਸਾਡੀ ਹਿੱਸੇਦਾਰੀ ਹੈ।"ਕੱਪੜਿਆਂ ਦੀ ਤਲਾਸ਼ੀ ਲਓ, ਕੋਈ ਚਾਕੂ ਵਗੈਰਾ ਨਾ ਰੱਖਿਆ ਹੋਵੇ"; ਉਸਨੇ ਸਿਪਾਹੀਆਂ ਨੂੰ ਹਦਾਇਤ ਕੀਤੀ। ਹਰਮਿੰਦਰ ਨੇ ਕੁਝ ਇਸ਼ਤਿਹਾਰ ਤਹਿਆਂ ਲਾ ਕੇ ਪਹਿਨੇ ਹੋਏ ਕੱਪੜਿਆਂ ਦੇ ਅੰਦਰ ਵੀ ਚੰਗੀ ਤਰਾਂ ਛਿਪਾਏ ਹੋਏ ਸਨ।
ਦਿਲਾਂ ਨੇ ਧੱਕ ਧੱਕ ਕੀਤੀ, ਪਰ ਇਸ ਤਲਾਸ਼ੀ 'ਚੋਂਂ ਵੀ ਪੁਲਸੀਆਂ ਦੇ ਕੁਝ ਹੱਥ ਨਾ ਆਇਆ। ਕੁਝ ਹਰਮਿੰਦਰ ਦੀ ਚੌਕਸੀ ਅਤੇ ਹੁਸ਼ਿਆਰੀ ਕਰਕੇ, ਕੁਝ ਇਸ ਵਜ੍ਹਾ ਕਰਕੇ ਕਿ ਪੁਲਸੀਆਂ ਦਾ ਧਿਆਨ ਚਾਕੂ ਜਾਂ ਕਿਸੇ ਹੋਰ ਹਥਿਆਰ ਦੀ ਟੋਹ ਲਾਉਣ 'ਤੇ ਕੇਂਦਰਤ ਰਿਹਾ।
ਪੁੱਛਗਿੱਛ ਉਤਰਾਵਾਂ ਚੜ੍ਹਾਵਾਂ ਭਰੀ ਸੀ।ਪੁਲਸ ਅਫਸਰ ਦੇ ਸ਼ੱਕ ਕਦੇ ਗੂੜ੍ਹੇ ਹੋ ਜਾਂਦੇ, ਕਦੇ ਮੱਧਮ ਪੈਣ ਲੱਗ ਜਾਂਦੇ। ਅਸੀਂ ਦੋਵੇਂ ਇੱਕ ਦੂਜੇ ਨਾਲ ਸੁਰ ਮੇਲਕੇ ਚੱਲਣ ਦੀ ਔਖੀ ਕੋਸ਼ਿਸ਼ ਕਰ ਰਹੇ ਸਾਂ, ਰਿਕਸ਼ੇ ਵਾਲੇ ਦੇ ਬਿਆਨਾਂ ਨੂੰ ਬੋਚਣ ਦੀ ਕੋਸ਼ਿਸ਼ ਕਰ ਰਹੇ ਸਾਂ ਅਤੇ ਇੱਕ ਦੂਜੇ ਨੂੰ ਸੁਝਾਊ ਇਸ਼ਾਰੇ ਦੇ ਰਹੇ ਸਾਂ। ਲਾਹੇਵੰਦੀ ਗੱਲ ਇਹ ਸੀ ਕਿ ਅਜੇ ਤੱਕ ਪੁੱਛਗਿੱਛ ਸਾਥੋਂ ਇੱਕਠਿਆਂ ਤੋਂ ਹੋ ਰਹੀ ਸੀ।ਅਸੀਂ ਆਪਸੀ ਸੁਰ ਮੇਲਣ 'ਚ ਕਾਫੀ ਹੱਦ ਤੱਕ ਸਫਲ ਹੋ ਰਹੇ ਸਾਂ। ਸਾਡੀ ਨਕਲੀ ਕਹਾਣੀ ਨਾਲੋ ਨਾਲ ਉੱਸਰਦੀ ਜਾ ਰਹੀ ਸੀ ਅਤੇ ਪੱਕੇ ਨਕਲੀ ਵੇਰਵੇ ਦੋਹਾਂ ਲਈ ਸਾਂਝੇ ਤੌਰ'ਤੇ ਨਿਸਚਿਤ ਹੋਈ ਜਾ ਰਹੇ ਸਨ।ਸਾਨੂੰ ਲੱਗਣ ਲੱਗ ਪਿਆ ਸੀ ਕਿ ਜੇ ਇਸ਼ਤਿਹਾਰਾਂ ਦਾ ਭੇਤ ਨਹੀਂ ਖੁਲ੍ਹਦਾ ਤਾ ਵੱਖ ਵੱਖ ਪੁੱਛਗਿੱਛ ਵੀ ਏਨੀ ਚਿੰਤਾ ਦਾ ਮਾਮਲਾ ਨਹੀਂ ਹੈ। ਤਸੱਲੀ ਕਰਾਕੇ ਬਚ ਨਿਕਲਣ ਦੀ ਕੋਸ਼ਿਸ਼ ਜਾਰੀ ਸੀ ਅਤੇ ਉਮੀਦ ਕਾਇਮ ਸੀ।
ਕੁਝ ਫਾਇਦਾ ਰਿਕਸ਼ੇ ਵਾਲੇ ਦੇ ਹਿੰਦੀ ਭਾਸ਼ੀ ਹੋਣ ਅਤੇ ਘਬਰਾਹਟ 'ਚ ਅੱਲ ਪਟੱਲ ਗੱਲਾਂ ਕਰਨ ਦਾ ਵੀ ਹੋਇਆ।ਅਸੀਂ ਜ਼ੋਰ ਦੇਣ ਲੱਗ ਪਏ ਕਿ ਉਸਦੇ ਸਾਡੇ ਨਾਲੋਂ ਪਾਟਵੇਂ ਬਿਆਨਾਂ ਦੀ ਵਜ੍ਹਾ ਭਾਸ਼ਾ ਕਰਕੇ ਗੱਲ ਸਮਝਣ ਦੀ ਦਿੱਕਤ ਹੈ, ਨਵਾਂ ਨਵਾਂ ਪੰਜਾਬ ਆਇਆ ਹੈ, ਸ਼ਹਿਰ ਦਾ ਭੇਤੀ ਨਹੀਂ ਹੈ, ਘਬਰਾਕੇ ਫਜ਼ੂਲ ਭਕਾਈ ਮਾਰੀ ਜਾ ਰਿਹਾ ਹੈ।ਕਦੇ ਸੰਗੀਤ ਸਿਨਮੇ ਦਾ, ਕਦੇ ਨਹਿਰ ਦਾ ਨਾਂ ਲੈਂਦਾ ਹੈ। ਅਸਲ 'ਚ ਇਹ ਸੰਗੀਤ ਸਿਨਮੇਂ ਕੋਲੋਂ ਆ ਕੇ ਗਿੱਲ ਰੋਡ ਚੜ੍ਹ ਕੇ ਨਹਿਰ ਵੱਲ ਜਾ ਰਿਹਾ ਸੀ, ਜਿੱਥੇ ਰਿਕਸ਼ੇ ਖੜ੍ਹਦੇ ਹਨ। ਸਾਨੂੰ ਇਹ ਜਨਤਾ ਨਗਰ ਕੋਲ ਹੀ ਟੱਕਰਿਆ ਹੈ। ਪੁੱਛੋ ਤਾਂ, ਇਹਨੂੰ ਪਤਾ ਹੀ ਨਹੀਂ ਕਿ ਇਸ ਸੜਕ 'ਤੇ ਕੋਈ ਜਨਤਾ ਨਗਰ ਜਾਂ ਸੀ.ਟੀ.ਆਈ. ਵੀ ਹੈ। ਇਹਦੀ ਗੱਲ ਨਾਲ ਐਵੇਂ ਘਚੋਲਾ ਪਈ ਜਾ ਰਿਹਾ ਹੈ।
ਅਸੀਂ ਗੰਭੀਰ ਅਤੇ ਪੜ੍ਹਾਕੂ ਵਿਦਿਆਰਥੀ ਹੋਣ ਦਾ ਜ਼ੋਰਦਾਰ ਦਾਅਵਾ ਕੀਤਾ ਅਤੇ ਬੇਨਤੀ ਕੀਤੀ ਕਿ ਸਾਡੀ ਸ਼ਨਾਖਤ ਦੀ ਪੁਸ਼ਟੀ ਲਈ ਸੀ.ਟੀ.ਆਈ. ਦੇ ਪ੍ਰਿੰਸੀਪਲ ਨਾਲ ਸੰਪਰਕ ਕੀਤਾ ਜਾਵੇ। ਅਸੀਂ ਆਪਣੇ ਇਸ ਬਿਆਨ 'ਤੇ ਪੱਕੇ ਰਹੇ ਕਿ ਅਸੀਂ ਹਰਮਿੰਦਰ ਦੀ ਮਾਸੀ ਦੇ ਘਰ ਜਾ ਰਹੇ ਹਾਂ। ਉਸਨੇ ਹਰਮਿੰਦਰ ਦੀ ਭੈਣ ਦੇ ਵਿਆਹ ਲਈ ਕੱਪੜੇ 'ਤੇ ਹੋਰ ਵਸਤਾਂ ਖਰੀਦ ਕੇ ਰੱਖੀਆਂ ਹੋਈਆਂ ਹਨ। ਉਹ ਲੈ ਕੇ ਸੁਵਖਤੇ ਹਰਮਿੰਦਰ ਦੇ ਪਿੰਡ ਨੂੰ ਚੱਲਣਾ ਹੈ। ਦਿਨ ਦੇ ਦਿਨ ਵਾਪਸ ਮੁੜ ਕੇ ਆਉਣਾ ਹੈ। ਅਗਲੇ ਦਿਨ ਟੈਸਟ ਦੇਣਾ ਹੈ। ਹੁਣ ਅੱਧੀ ਰਾਤ ਤੋਂ ਪਿੱਛੋਂ ਤੁਰਨ ਦੀ ਵਜ੍ਹਾ ਵੀ ਇਹੋ ਹੈ ਕਿ ਟੈਸਟ ਦੀ ਤਿਆਰੀ ਹੋਸਟਲ ਦੇ ਕਮਰੇ'ਚ ਹੀ ਮੁਕਾ ਕੇ ਤੁਰਿਆ ਜਾਵੇ ਕਿਉਂਕਿ ਪਿੱਛੋਂ ਤਾਂ ਸਮਾਂ ਮਿਲਣਾ ਹੀ ਨਹੀਂ।
ਨਕਲੀ ਮਾਸੀ ਦੇ ਘਰ ਦਾ ਨਕਲੀ ਪਤਾ ਅਸੀਂ ਵਾਰ ਵਾਰ ਦੁਹਰਾਉਂਦੇ ਰਹੇ। ਹਰਮਿੰਦਰ ਨੇ ਸ਼ੁਰੂ 'ਚ ਹੀ ਪੈਂਦੀ ਸੱਟੇ ਜਵਾਬ ਦਿੱਤਾ ਸੀ, "ਕੋਠੀ ਨੰ. 419"।  ਮਗਰੋਂ ਮੈਂ ਹਰਮਿੰਦਰ ਨੂੰ ਪੁੱਛਿਆ, "ਤੈਨੂੰ 419 ਹੀ ਕਿਉਂ ਔੜਿਆ?" "ਅਸੀਂ ਪੁਲਸੀਆਂ ਨਾਲ ਚਾਰ ਸੌ ਵੀਹ ਦੇ ਅਜੇ ਪੂਰੇ ਖਿਡਾਰੀ ਨਹੀਂ ਬਣੇ, ਇਸ ਕਰਕੇ ਇਕ ਅੰਕ ਘਟਾ ਦਿੱਤਾ"।ਉਹ ਮਜ਼ਾਕ ਦਾ ਲੁਤਫ ਲੈ ਰਿਹਾ ਸੀ। ਫਿਰ ਗੰਭੀਰ ਹੋ ਕੇ ਬੋਲਿਆ, "ਤੁਰਤ ਫੁਰਤ ਜੋ ਤੁੱਕਾ ਲਾਇਆ ਗਿਆ, ਲਾ ਦਿੱਤਾ"।
ਅਸੀਂ ਮੁੜ ਮੁੜ ਕਹਿਣ ਲੱਗ ਪਏ ਕਿ ਸਾਡੇ ਨਾਲ ਚੱਲ ਕੇ "ਮਾਸੀ ਦੇ ਘਰ" ਬਾਰੇ ਸਾਡਾ ਦਾਅਵਾ ਪਰਖ ਲਿਆ ਜਾਵੇ। ਪਿੱਛੋਂ ਹਰਮਿੰਦਰ ਨੇ ਆਪਣੇ ਮਨ ਦੀ ਗੱਲ ਦੱਸੀ, "ਮੈਂ ਸੋਚਿਆ, ਨਾਕਾ ਛੱਡ ਕੇ ਸਾਰੇ ਤਾਂ ਆਪਣੇ ਨਾਲ ਜਾਣੋ ਰਹੇ, ਦੋ-ਤਿੰਨ ਸਿਪਾਹੀਆਂ ਦੀ ਆਪਾਂ ਕੀ ਪਰਵਾਹ ਕਰਦੇ ਹਾਂ, ਮੌਕਾ ਵੇਖ ਕੇ ਪੱਤੇ-ਲੀਹ ਹੋ ਜਾਵਾਂਗੇ, ਜਾਂ ਕੋਈ ਸੌਦੇਬਾਜੀ ਕਰਨ ਦੀ ਕੋਸ਼ਿਸ਼ ਕਰਾਂਗੇ"।
ਪੁਲਸ ਅਫਸਰ ਵੱਲੋਂ ਸਾਡੀ "ਬੇਨਤੀ" ਦਾ ਜਵਾਬ ਕੁਝ ਧਰਵਾਸ ਦੇਣ ਵਾਲਾ ਸੀ, "ਤੁਹਾਡੇ ਪਿਓ ਦੇ ਨੌਕਰ ਨਹੀਂ ਕਿ ਨਾਲ ਨਾਲ ਘਰਾਂ ਤੱਕ ਤੁਰੇ ਫਿਰੀਏ"। ਇਹ ਸੰਕੇਤ ਸੀ ਕਿ ਕੁਝ 'ਖਤਰਨਾਕ' ਨਜ਼ਰ ਨਾ ਆਉਣ ਕਰਕੇ ਅਸਲ ਗੱਲ ਦਾ ਪਤਾ ਲਾਉਣ 'ਚ ਉਸਦੀ ਦਿਲਚਸਪੀ ਮੱਧਮ ਪੈ ਰਹੀ ਹੈ ਅਤੇ ਪੁੱਛਗਿਛ ਦਾ ਅਕੇਵਾਂ ਚੜ੍ਹਨਾ ਸ਼ੁਰੂ ਹੋ ਚੁੱਕਿਆ ਹੈ। ਮੈਨੂੰ ਲੱਗਿਆ ਉਸਦੇ ਸ਼ਬਦ ਸਰਕਾਰ ਨੂੰ ਸੰਬੋਧਤ ਹਨ, ਜਿਵੇਂ ਕਹਿ ਰਿਹਾ ਹੋਵੇ "ਸਾਥੋਂ ਰਾਤਾਂ ਨੂੰ ਇਹੋ ਜਿਹੀਆਂ ਫਜੂਲ ਪੜਤਾਲਾਂ ਦੀ ਖੇਚਲ ਨਹੀਂ ਕੀਤੀ ਜਾਂਦੀ"! ਐਵੇਂ ਰੂੰਘੇ 'ਚ ਪੁਲਸੀਆਂ ਹੱਥ ਆਏ 'ਸ਼ਿਕਾਰ' ਦੇ ਬਚ ਨਿਕਲਣ ਦੀ ਸੰਭਾਵਨਾ ਰੌਸ਼ਨ ਹੁੰਦੀ ਨਜ਼ਰ ਆ ਰਹੀ ਸੀ। ਅਸੀਂ ਹੌਂਸਲੇ 'ਚ ਹੋ ਕੇ "419 ਨੰਬਰ" ਦੇ ਤੁੱਕੇ ਨੂੰ ਤੀਰ ਬਣਾਉਣ ਦੀ ਕੋਸ਼ਿਸ਼ ਤੇਜ਼ ਕਰ ਦਿੱਤੀ।"ਨਹੀਂ ਸਰ! ਤੁਸੀਂ ਪੜਤਾਲ ਜਰੂਰ ਕਰੋ, ਜੇ ਸਾਨੂੰ ਨਹੀਂ ਲੈ ਕੇ ਜਾਣਾ, ਘੱਟੋ ਘੱਟ ਇੱਕ ਸਿਪਾਹੀ ਸਾਡੀ ਮਾਸੀ ਦੇ ਘਰ ਭੇਜ ਦਿਓ"।
ਇਹ 'ਜਾਇਜ਼ਾ' ਬਣ ਜਾਣ 'ਤੇ ਕਿ ਅਸੀਂ ਕੋਈ ਵਾਰਦਾਤੀਏ ਨਹੀਂ ਹਾਂ, ਪੁਲਸ ਅਫਸਰ ਨੇ ਸਾਨੂੰ ਰਿਕਸ਼ੇ ਸਮੇਤ "ਮਾਸੀ ਦੇ ਘਰ" ਵੱਲ ਤੋਰ ਦਿੱਤਾ! ਕੁਝ ਦੂਰ ਜਾ ਕੇ ਅਸੀਂ ਪੈਸੇ ਦੇ ਕੇ ਰਿਕਸ਼ੇ ਵਾਲੇ ਤੋਂ ਅਲੱਗ ਹੋ ਗਏ। ਇਸ਼ਤਿਹਾਰ ਲਾਉਣ ਵਾਲੀਆਂ ਥਾਵਾਂ ਵੱਲ ਨੂੰ ਜਾਂਦਾ ਕੋਈ ਹਟਵਾਂ ਰਸਤਾ ਤਲਾਸ਼ਦਿਆਂ ਅਸੀਂ ਉਲਝ ਗਏ ਅਤੇ ਹਰਮਿੰਦਰ ਨੇ "ਜਿੰਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ" ਦੀ ਸੁਰ ਛੇੜ ਦਿੱਤੀ।
ਇਸ਼ਤਿਹਾਰ ਲਾਉਣ ਲਈ ਮਿਥਿਆ ਸਮਾਂ ਉਲਝਣਾਂ ਦੇ ਲੇਖੇ ਲੱਗ ਗਿਆ ਸੀ।ਸਮਾਂ ਲੰਘ ਜਾਣ 'ਤੇ ਇਸ਼ਤਿਹਾਰ ਲਾਉਣਾ ਤਹਿ ਹੋਏ ਨੇਮ ਦੀ ਉਲੰਘਣਾ ਹੋਣੀ ਸੀ।ਮੇਰੀ ਬੋਲ-ਚਾਲ ਅਤੇ ਉਚਾਰਣ ਦੀ ਨਕਲ ਲਾਹੁੰਦਿਆਂ ਹਰਮਿੰਦਰ ਨੇ ਮਜ਼ਾਕ ਰੰਗਿਆ ਸੁਝਾਅ ਪੇਸ਼ ਕੀਤਾ "ਜਸਪਾਲ! ਹੁਣ ਐਂ ਕਰੀਏ, ਬੈਗ 'ਚੋਂ ਲੇਵੀ ਕੱਢੀਏ, ਕੱਪੜਿਆਂ ਆਲ਼ੇ ਤਾਂ ਏਥੀ ਆਲ਼ੇ-ਦਾਲ਼ੇ ਜੜ ਦਿੰਨੇ ਆਂ,ਬਾਕੀ ਕਲ੍ਹ ਦੇਖਾਂਗੇ "। ਉਹ ਮੈਨੂੰ ਛੇੜਨ ਲਈ "ਐਂ", "ਏਥੀ", "ਆਲ਼ੇ", "ਆਲ਼ੇ-ਦਾਲ਼ੇ", "ਦੇਖਾਂਗੇ" ਵਰਗੇ ਸ਼ਬਦਾਂ 'ਤੇ ਜਾਣ ਬੁੱਝਕੇ ਬਲ ਦੇ ਕੇ ਬੋਲਿਆ ਸੀ।
ਵਾਪਸ ਪਰਤਣ 'ਤੇ ਉਸਨੇ ਦੱਸਿਆ, "ਮੈਂ ਸੋਚਦਾ ਰਿਹਾ ਭੇਤ ਖੁੱਲ੍ਹੇ ਤੋਂ ਜਸਪਾਲ ਦਾ ਬਚਾਅ ਕਿਵੇਂ ਹੋਵੇ, ਸਾਰੀ ਗੱਲ ਆਪਣੇ ਸਿਰ ਕਿਵੇਂ ਲਵਾਂ,ਤੈਨੂੰ ਤੱਤੀ ਵਾਅ ਕਿਉਂ ਲੱਗੇ ਮਿੱਤਰਾ! "।
ਕੁਝ ਦਿਨ ਬਾਅਦ ਖਬਰ ਮਿਲੀ ਸੀ ਕਿ ਮਾਝੇ 'ਚ ਦੋ ਜਣੇ ਉਹੀ ਐਮਰਜੈਂਸੀ ਵਿਰੋਧੀ ਇਸ਼ਤਿਹਾਰ ਲਾਉਂਦਿਆਂ ਫੜੇ ਗਏ ਸਨ ਜਿਹੜਾ ਇਸ਼ਤਿਹਾਰ ਅਸੀਂ ਲਾਉਣ ਨਿਕਲੇ ਸਾਂ। ਉਹਨਾਂ ਨੂੰ ਅਮ੍ਰਿਤਸਰ (ਇੰਟੈਰੋਗੇਸ਼ਨ ਸੈਂਟਰ) ਭੇਜਿਆ ਗਿਆ ਸੀ। ਹਰਮਿੰਦਰ ਦਾ ਪ੍ਰਤੀਕਰਮ ਸੀ, " ਆਪਾਂ ਨੂੰ ਤਾਂ ਟਿਕਟ ਮਿਲਦੀ ਮਿਲਦੀ ਰਹਿਗੀ। ਚਲੋ, ਕਦੇ ਫੇਰ ਵਾਰੀ ਮਿਲੂ"।
ਕਈ ਦਿਨ ਅਸੀਂ ਪੁਲਸ ਅਫਸਰ ਦੀ ਦੁਚਿੱਤੀ ਦੀਆਂ ਝਲਕਾਂ ਚਿਤਾਰਕੇ ਹਸਦੇ ਰਹੇ। ਹਰਮਿੰਦਰ ਉਸੇ ਦੇ ਅੰਦਾਜ 'ਚ ਦੁਹਰਾਉਂਦਾ, " ਬੇਵਕਤੇ ਉੱਠਕੇ ਤੁਰ ਪੈਂਦੇ ਨੇ, ਕੋਲੋਂ ਕੁਝ ਨਿਕਲਦਾ ਨੀਂ। ਗਲਤ ਬਿਆਨੀਆਂ 'ਚ ਉਲਝ ਜਾਂਦੇ ਨੇ। ਨਾ ਅੰਦਰ ਕਰਨ ਜੋਗੇ ਨਾ ਛੱਡਣ ਜੋਗੇ"।ਉਸਦੀ ਟਿੱਪਣੀ ਸੀ, "ਇਸ ਬੰਦੇ ਨੂੰ ਅਜੇ ਪੂਰਾ ਪੁਲਸੀ ਰੰਗ ਨਹੀਂ ਚੜ੍ਹਿਆ ਲਗਦਾ। ਇਹਦੀ ਜ਼ਮੀਰ ਗੋਤੇ ਖਾਂਦੀ ਐ।ਬੇਇਨਸਾਫੀ ਨਹੀਂ ਸੀ ਕਰਨਾ ਚਾਹੁੰਦਾ। ਨਹੀਂ ਤਾਂ ਤੌਣੀ ਲਵਾਉਂਦਾ, ਥਾਣੇ ਡੱਕ ਦਿੰਦਾ, ਵਾਰਸਾਂ ਨੂੰ ਸੱਦ ਕੇ ਮੋਟੀ ਵਸੂਲੀ ਕਰਨ ਬਾਰੇ ਸੋਚਦਾ।ਗਾਲਾਂ ਵੀ ਕੱਢ ਰਿਹਾ ਸੀ,ਧਮਕੀਆਂ ਵੀ ਦੇਈ ਜਾਂਦਾ ਸੀ ਤਾਂ ਵੀ ਇਉਂ ਗੱਲ 'ਚ ਪੈ ਗਿਆ ਜਿਵੇਂ ਕਿਸੇ ਡੈਪੂਟੇਸ਼ਨ ਨਾਲ ਗੱਲ ਕਰਦਾ ਹੋਵੇ"।
ਪ੍ਰਿਥੀਪਾਲ ਰੰਧਾਵਾ ਦੀਆਂ ਯਾਦਾਂ 
ਐਮਰਜੈਂਸੀ ਵਿਰੋਧੀ ਜਨਤਕ ਟਾਕਰਾ ਮੁਹਿੰਮ ਦੇ ਪਹਿਲੇ ਗੇੜ ਮਗਰੋਂ ਪੀ.ਐਸ.ਯੂ. ਨੇ ਫੈਸਲਾ ਕਰ ਲਿਆ ਸੀ ਕਿ ਵਰੰਟਡ ਆਗੂ ਤੇ ਵਰਕਰ ਅਦਾਲਤੀ ਕੇਸਾਂ ਦੀਆਂ ਪੇਸ਼ੀਆਂ ਤੋਂ ਗੈਰ ਹਾਜ਼ਰ ਨਹੀਂ ਹੋਣਗੇ ਅਤੇ ਗ੍ਰਿਫਤਾਰੀਆਂ, ਤਸ਼ੱਦਦ ਅਤੇ ਜੇਲ੍ਹਾਂ ਦਾ ਸਾਹਮਣਾ ਕਰਨ ਲਈ ਤਿਆਰ ਹੋ ਕੇ ਤਰੀਕਾਂ ਤੇ ਜਾਣਗੇ। ਪਿਰਥੀਪਾਲ ਰੰਧਾਵਾ ਨੂੰ ਗ੍ਰਿਫਤਾਰੀ ਪਿੱਛੋਂ ਅੰਮ੍ਰਿਤਸਰ ਤਸੀਹਾ ਕੇਂਦਰ 'ਚ ਲਿਜਾ ਕੇ ਤਸ਼ੱਦਦ ਕੀਤਾ ਗਿਆ ਸੀ। ਉਸਨੂੰ ਮੀਸਾ ਅਧੀਨ ਨਜ਼ਰਬੰਦ ਕਰ ਦਿੱਤਾ ਗਿਆ। ਪਹਿਲਾਂ ਪੀ.ਐਸ.ਯੂ. ਦੇ ਸੂਬਾ ਕਮੇਟੀ ਮੈਂਬਰ ਵਜੋਂ ਅਤੇ ਫੇਰ ਐਕਟਿੰਗ ਜਨਰਲ ਸਕੱਤਰ ਵਜੋਂ ਜੁੰਮੇਵਾਰੀ ਨਿਭਾਉਂਦਿਆਂ ਮੈਨੂੰ ਪਿਰਥੀ ਨਾਲ ਰਾਬਤੇ ਅਤੇ ਰਾਇ-ਮਸ਼ਵਰੇ ਦੀ ਜਰੂਰਤ ਰਹਿੰਦੀ ਸੀ।
ਜਿਹੜੀ ਪੁਲਸ ਗਾਰਦ ਪਿਰਥੀ ਨੂੰ ਜੇਲ੍ਹ ਤੋਂ ਅਦਾਲਤ ਤੱਕ ਪੇਸ਼ੀ ’ਤੇ ਲੈ ਕੇ ਆਉਂਦੀ ਸੀ, ਉਸਦੇ ਸਿਪਾਹੀ ਅਤੇ ਅਫਸਰ ਪਿਰਥੀ ਦੀ ਸਖਸ਼ੀਅਤ ਤੋਂ ਕਾਫੀ ਪ੍ਰਭਾਵਤ ਸਨ।ਪਿਰਥੀ ਨੇ ਮੇਰੇ ਨਾਲ ਮੁਲਾਕਾਤਾਂ ਲਈ ਜਿਵੇਂ ਕਿਵੇਂ ਉਹਨਾਂ ਦਾ ਸਹਿਯੋਗ ਹਾਸਲ ਕਰ ਲਿਆ। ਲੁਧਿਆਣੇ ਅਦਾਲਤੀ ਪੇਸ਼ੀ ਭੁਗਤਣ ਮਗਰੋਂ ਪਿਰਥੀ ਨੂੰ ਵਾਪਸ ਹੁਸ਼ਿਆਰਪੁਰ ਜੇਲ੍ਹ ਵੱਲ ਲੰਮੇ ਸਫਰ 'ਤੇ ਲਿਜਾ ਰਹੀ ਗੱਡੀ ਰਸਤੇ 'ਚ ਸਾਡੀ ਮੁਲਾਕਾਤੀ ਟੋਲੀ ਕੋਲ ਆ ਕੇ ਰੁਕ ਜਾਂਦੀ।ਪਿਰਥੀ ਹੱਥਕੜੀਆਂ ਸਮੇਤ ਗੱਡੀ ਤੋਂ ਉੱਤਰ ਕੇ ਨੇੜੇ ਆਉਂਦਾ, ਅਧਿਕਾਰੀ ਹਲਕਾ ਜਿਹਾ ਮੁਸਕਰਾਉਂਦੇ , ਹੱਥਕੜੀ ਫੜਕੇ ਖੜ੍ਹੇ ਸਿਪਾਹੀ ਵੱਧ ਤੋਂ ਵੱਧ ਲਾਂਭੇ ਰਹਿਣ ਦਾ ਯਤਨ ਕਰਦੇ ਅਤੇ ਅਸੀਂ ਸੰਖੇਪ ਜ਼ਰੂਰੀ ਗੱਲਬਾਤ ਕਰ ਲੈਂਦੇ। ਇੱਕ ਮੁਲਾਕਾਤ ਸਮੇਂ ਹਰਮਿੰਦਰ ਵੀ ਨਾਲ ਸੀ। ਮਗਰੋਂ ਉਹ ਆਪਣੇ ਰੰਗ ਵਿੱਚ ਆ ਕੇ ਬੋਲਿਆ, "ਲਗਦੈ ਪ੍ਰਧਾਨ ਗੱਡੀ ''ਚ ਜਾਂਦਾ ਆਉਂਦਾ, ਇਨ੍ਹਾਂ ਨੂੰ ਪੀ.ਐਸ.ਯੂ. ਦਾ ਐਲਾਨਨਾਮਾ ਪੜ੍ਹਾਉਂਦੈ, ਜਸਪਾਲ ਦਾ ਫਰਜ ਬਣਦੈ, ਉਹਨੂੰ ਕਹੇ "ਤੂੰ ਐਂ ਦੱਸ, ਲੀਡਰ ਪਾੜ੍ਹਿਆਂ ਦੈਂ ਜਾਂ ਜੇਲ੍ਹ "ਆਲ਼ਿਆਂ ਦਾ"। ਉਹਦਾ ਮਿੱਠਾ ਮਜ਼ਾਕ ਕਲਪਨਾ ਦੇ ਖੰਭਾਂ 'ਤੇ ਅੱਗੇ ਤੁਰਦਾ ਗਿਆ "ਜੇ ਪਿਰਥੀ ਨੂੰ ਜੇਲ੍ਹ ਨੂੰ ਹੀ ਬੇਸ ਏਰੀਆ ਬਣਾਉਣ ਦਾ ਲਾਲਚ ਪੈ ਗਿਆ, ਉਹਨੇ ਐਮਰਜੈਂਸੀ ਹਟੀ ਤੋਂ ਵੀ ਬਾਹਰ ਨੀਂ ਆਉਣਾ। ਉਹ ਤਾਂ ਸਰਾਭੇ ਤੋਂ ਅੱਗੇ ਲੰਘਣ ਨੂੰ ਫਿਰਦੈ, ਸਰਾਭਾ ਜੇਲ੍ਹਾਂ ਨੂੰ ਕਾਲਜ ਕਹਿੰਦਾ ਸੀ!"।
ਫੇਰ ਗੰਭੀਰ ਹੋ ਕੇ ਬੋਲਿਆ, "ਹੋਰ ਗੱਲਾਂ ਦੀਆਂ ਗੱਲਾਂ, ਆਪਣਾ ਪਿਰਥੀ ਤਾਂ ਜਾਦੂਗਰ ਐ, ਦਲੇਰੀ, ਸਿਆਣਪ, ਸਲੀਕੇ ਦੀ ਮੂਰਤ , ਇਹੋ ਜਿਹੇ ਲੀਡਰ  ਨਹੀਂ ਮਿਲਦੇ, ਠਾਹ-ਸੋਟਾ ਤਾਂ ਬਥੇਰੇ ਤੁਰੇ ਫਿਰਦੇ ਨੇ……ਵਰਗੇ"।
ਸੱਤਰਵਿਆਂ ਦੀ ਪੰਜਾਬ ਦੀ ਇਨਕਲਾਬੀ ਜਨਤਕ ਲਹਿਰ
ਪਹਿਲਾਂ ਪਿਰਥੀ ਅਤੇ ਫੇਰ ਪਾਸ਼ ਦੀ ਸ਼ਹਾਦਤ ਸ਼ਾਇਦ ਸਾਡੇ ਦੋਹਾਂ ਲਈ ਸਭ ਤੋਂ ਵੱਡੇ ਨਿੱਜੀ ਝੰਜੋੜੇ ਸਨ। ਪਾਸ਼ ਦੀ ਸ਼ਹਾਦਤ ਮਗਰੋਂ ਜਦੋਂ ਉਹ ਭਾਰਤ ਆਇਆ ਅਸੀਂ ਉਹਦੇ ਪਿੰਡ ਸ਼ੰਕਰ 'ਚ ਮਿਲੇ ਸਾਂ। ਪਾਸ਼ ਬਾਰੇ ਸਾਡੀਆਂ ਗੱਲਾਂ ਮੁੱਕਣ ਦਾ ਨਾਂ ਨਹੀਂ ਸਨ ਲੈ ਰਹੀਆਂ। ਪਾਸ਼ ਦੀ ਪਿਰਥੀ ਬਾਰੇ ਲਿਖੀ ਕਵਿਤਾ "ਜਿੱਦਣ ਤੂੰ ਪਿਰਥੀ ਨੂੰ ਜੰਮਿਆ" ਅਸੀਂ ਦੋ ਵਾਰ ਪੜ੍ਹੀ। "ਪਿਰਥੀ ਕਰ ਗਿਆ ਧਰਤੀਆਂ ਅੰਬਰ ਸਾਰੇ ਤੇਰੇ ਨਾਂ" – ਇਸ ਸਤਰ ਦੇ ਹਵਾਲੇ ਨਾਲ ਇਨਕਲਾਬੀ ਜਨਤਕ ਲੀਹ ਦੇ ਸਵਾਲ ਬਾਰੇ ਚਰਚਾ ਸ਼ੁਰੂ ਹੋ ਗਈ। ਹਰਮਿੰਦਰ ਲਈ ਹੁਣ ਵੀ ਉਹੀ ਸੇਧ ਮਹੱਤਵਪੂਰਣ ਸੀ, ਜਿਸ ਸੇਧ ਨੂੰ ਲਾਗੂ ਕਰਦਿਆਂ ਪੀ.ਐਸ.ਯੂ. ਦੀਆਂ ਕਰੂੰਬਲਾਂ ਫੁੱਟੀਆਂ ਅਤੇ ਮੌਲ਼ੀਆਂ ਸਨ। ਅਸੀਂ ਸੱਤਰਵਿਆਂ ਦੀ ਪੰਜਾਬ ਦੀ ਇਨਕਲਾਬੀ ਜਨਤਕ ਲਹਿਰ ਦੀ ਚੜ੍ਹਤ ਦੇ ਰਲਕੇ ਮਾਣੇ ਹੁਲਾਰਿਆਂ ਨੂੰ ਯਾਦ ਕਰਦੇ ਰਹੇ।
ਪਾਸ਼ ਬਾਰੇ ਮੇਰੀ ਕਵਿਤਾ ਸੁਣਦਿਆਂ ਉਹ ਇਕ ਸਤਰ 'ਤੇ ਆ ਕੇ ਕਾਫੀ ਭਾਵਕ ਹੋ ਗਿਆ, "ਪਾਸ਼ ਦਾ ਬੁਝਦਾ ਸਿਵਾ ਪੌਣ ਤੋਂ ਪੁੱਛਦਾ ਰਿਹਾ, ਦੱਸ ਮਹਾਂਨਗਰਾਂ 'ਚ ਮਿੱਤਰ ਅੱਜ ਕੀ ਕਰਦੇ ਰਹੇ"।ਉਹਦੇ ਦਿਲ 'ਚ ਸਾਂਭੇ ਗਿਲੇ ਸੱਜਰੇ ਹੋ ਉੱਠੇ।ਪਾਸ਼ ਨਾਲ ਸਾਂਝੀ ਮਿੱਤਰ ਮੰਡਲੀ 'ਚੋਂ ਇਕ ਨਾਂ ਲੈ ਕੇ ਉਹ ਬੋਲਿਆ, "ਉਹਦੀ ਗੈਰਹਾਜ਼ਰੀ ਤੇ ਚੁੱਪ ਬਹੁਤ ਚੁਭੀ,ਉਹ ਤਾਂ ਜਿੱਦਾਂ ਪਾਸ਼ ਦਾ ਨਾਂ ਵੀ ਭੁੱਲ ਗਿਆ। ੳੁਸਨੂੰ ੳੁਹਨਾ ਤੇ ਸ਼ਿਕਾੲਿਤ ਸੀ ਜਿਹਨਾਂ ਦਾ ਪਾਸ਼ ਨਾਲ "ਦੋਸਤੀ ਦਾ ਪੰਧ" ਉਸਦੀ  ਸ਼ਹਾਦਤ ਤੇ ਆ ਕੇ ਖਤਮ ਹੋ ਗਿਆ। ਜੱਸੀ ਵੀਰਿਆ,ਤੇਰਾ ਦਿਨ ਰਾਤ ਦਾ ਡੇਰਾ ਪਾਸ਼ ਦੇ ਘਰ ਸੀ।ਆਪਣੇ ਜ਼ਫਰਨਾਮੇਂ ਲਈ ਉਹਨੇ ਆਪਣਾ ਘਰ ਅਤੇ ਨਿੱਜੀ ਸੇਵਾਵਾਂ ਅਰਪਣ ਕੀਤੀਆਂ।ਆਪਣੇ ਸੁਭਾਅ ਦੀਆਂ ਹੱਦਾਂ ਟੱਪਕੇ ਖੇਚਲਾਂ ਕੀਤੀਆਂ।ਤੈਂ ਸੁਚੇਤ ਕਿਉਂ ਨਾ ਕੀਤਾ?ਆਪਣੇ ਆੜੀ ਦਾ ਘੱਟੋ ਘੱਟ ਕੁਝ  "ਯਾਰਾਂ ਨਾਲ ਸੰਵਾਦ" ਇੱਕਤਰਫਾ ਸੀ।ਇਸ ਸੰਵਾਦ ਨੂੰ ਉਹਨਾਂ ਖਾਸ ਯਾਰਾਂ 'ਚੋਂ ਕੀਹਨੇ ਦਿਲੋਂ ਹੁੰਗ੍ਹਾਰਾ ਦਿੱਤਾ? ਜੋ ਆਪਾਂ ਵੇਖ ਰਹੇ ਹਾਂ, ਜੇ ਪਾਸ਼ ਵੇਖਦਾ ਉਹਦੇ ਦਿਲ 'ਤੇ ਕੀ ਗੁਜ਼ਰਦੀ?"
ਹਰਮਿੰਦਰ ਮੈਗਜ਼ੀਨ ਲਈ ਕਾਫੀ ਸਹਾਇਤਾ ਇਕੱਠੀ ਕਰਕੇ ਲਿਆਇਆ ਸੀ।"ਜੱਸੀ! ਕੈਨੇਡਾ 'ਚ ਫੇਰੀ ਲਈ ਆ, ਅਸੀਂ ਸਪਾਂਸਰਸ਼ਿਪ ਭੇਜਾਂਗੇ, ਚੱਪੇ-ਚੱਪੇ 'ਤੇ ਪੀ.ਐਸ.ਯੂ. ਦੇ ਸਾਬਕਾ ਕਾਰਕੁਨ ਬੈਠੇ ਨੇ, ਕੋਈ ਨਾ ਕੋਈ ਹਿੱਸਾ ਪਾਉਣਾ ਚਾਹੁੰਦੇ ਨੇ, ਅੱਜ ਦੀ ਹਾਲਤ ਸਮਝਣਾ ਚਾਹੁੰਦੇ ਨੇ"। ਉਸਨੇ ਆਪਣੀ ਇੱਛਾ ਜ਼ੋਰ ਨਾਲ ਪ੍ਰਗਟ ਕੀਤੀ । ਮੈਂ ਉਸਨੂੰ ਦੱਸਿਆ ਕਿ ਲਗਾਤਾਰ ਏਥੇ ਹਾਜ਼ਰੀ ਮੰਗਦੀਆਂ ਸਰਗਰਮੀਅਾਂ ਅਜਿਹੀ ਫੇਰੀ ਲਈ ਗੁੰਜਾਇਸ਼ ਨਹੀਂ ਦਿੰਦੀਆਂ ।"ਠੀਕ ਐ, ਤੂੰ ਏਥੀ ਡਟਿਆ ਰਹਿ, ਅਸੀਂ ਓਥੋਂ ਹੱਥ ਵਟਾਵਾਂਗੇ "। ਇਸ ਵਾਰ ਵੀ ਉਹ ਸ਼ਬਦ "ਏਥੀ" ਤੇ ਸ਼ਰਾਰਤੀ ਜ਼ੋਰ ਪਾਉਣ ਤੋਂ ਨਾ ਉੱਕਿਆ।
ਹਰਮਿੰਦਰ ਸਾਰੀ ਜ਼ਿੰਦਗੀ ਇਨਕਲਾਬੀ ਲਹਿਰ ਨਾਲ ਆਪਣੀ ਸਾਂਝ ਨੂੰ ਸੀਨੇ ਨਾਲ ਲਾਕੇ ਤੁਰਦਾ ਰਿਹਾ। ਝੰਜੋੜੇ ਸਮੇਂ-ਸਮੇਂ ਇਸ ਸਾਂਝ ਦੀ ਖਾਮੋਸ਼ ਧੜਕਣ ਨੂੰ ਚਸ਼ਮੇ ਵਾਂਗ ਫੁੱਟ ਪੈਣ ਲਈ ਵਾਜ ਮਾਰ ਲੈਂਦੇ ਅਤੇ ਇੰਜੀਨੀਅਰਿੰਗ ਕਾਲਜ ਵੇਲਿਆਂ ਦੇ ਸਾਵੇਂ ਹਰਮਿੰਦਰ ਦੀ ਰੂਹ ਖਿੜਕੇ ਸਾਹਮਣੇ ਆ ਜਾਂਦੀ।
ਹਰਮਿੰਦਰ ਦੇ ਤੁਰ ਜਾਣ ਪਿੱਛੋਂ ਉਸਦੀ ਜੀਵਨ ਸਾਥਣ ਕੁਲਜਿੰਦਰ ਨਾਲ ਫੋਨ ਗੱਲਬਾਤ ਕੁਝ ਵਕਫੇ ਨਾਲੇ ਹੋਈ । ਇਹ ਫੈਸਲਾ ਮੈਂ ਦਵਿੰਦਰ ਦੇ ਸੁਝਾਅ 'ਤੇ ਕੀਤਾ ਸੀ ਤਾਂ ਜੋ ਫੌਰੀ ਝੰਜੋੜੇ ਦਾ ਦੌਰ ਲੰਘ ਜਾਵੇ ਅਤੇ ਭਾਵਨਾਵਾਂ ਦਾ ਸਹਿਜ ਵਟਾਂਦਰਾ ਹੋ ਸਕੇ।ਜਦੋਂ ਮੈਂ ਇਸ ਸੋਚੀ ਸਮਝੀ ਦੇਰੀ ਲਈ ਮਾਫੀ ਮੰਗੀ ਤਾਂ ਕੁਲਜਿੰਦਰ ਦਾ ਜਵਾਬ ਸੀ, "ਨਹੀਂ ਭਾ ਜੀ ਜ਼ਿੰਦਗੀ ਦਾ ਸਾਹਮਣਾ ਕਰਨ 'ਚ ਮੈਂ ਤਕੜੀ ਆਂ। ਉਸ ਬਾਰੇ ਗੱਲ ਕਰਨਾ ਮੈਨੂੰ ਬਹੁਤ ਚੰਗਾ ਲੱਗਦਾ ਹੈ"।ਕੁਲਜਿੰਦਰ ਦੇ ਮੋਹ ਅਤੇ ਯਾਦਾਂ ਦੀਆਂ ਕਣੀਆਂ ਹਰਮਿੰਦਰ ਦੇ ਸੀਨੇ 'ਚ ਵਸੀਆਂ ਨਰੋਈਆਂ ਅਗਾਂਹਵਧੂ ਸਮਾਜਕ ਕਦਰਾਂ ਕੀਮਤਾਂ ਦੀ ਗਵਾਹੀ ਭਰ ਰਹੀਆਂ ਸਨ। ਕੁਲਜਿੰਦਰ ਦਾ ਫਖਰ ਡੁਲ੍ਹ-ਡੁਲ੍ਹ ਪੈ ਰਿਹਾ ਸੀ। ਬਰਾਬਰੀ ਅਤੇ ਅਪਣੱਤ ਭਰੇ ਗਰਜ ਰਹਿਤ ਰਿਸ਼ਤੇ ਪਾਲ਼ਦੀ ਰੂਹ ਦੇ ਅੰਗ-ਸੰਗ ਜਿਉਣ ਦਾ ਫਖਰ! ਪਿਆਰ ਅਤੇ ਸਤਿਕਾਰ ਦੇ ਰੰਗ 'ਚ ਰੰਗੇ ਆਪਸੀ ਰਿਸ਼ਤੇ ਦਾ ਇਸ਼ਤਿਹਾਰ। ਨਿੱਜੀ ਪਰਿਵਾਰਕ ਰਿਸ਼ਤਿਆਂ 'ਤੇ ਕਿਸੇ ਦੀ ਅਜਿਹੀ ਮੋਹਰ ਛਾਪ ਇਨਕਲਾਬੀ ਲਹਿਰ ਦੇ ਘੇਰੇ ਅੰਦਰ ਵੀ ਆਮ ਨਹੀਂ ਹੈ।
ਹਰਮਿੰਦਰ ਦਾ ਆਖਰੀ ਫੋਨ ਇੱਕ ਵਾਰ ਫਿਰ ਜਿੰਦਗੀ ਨੂੰ ਧਾਅ ਕੇ ਮਿਲਣ ਦੀ ਜਿਉਂਦੀ ਜਾਗਦੀ ਸੱਧਰ ਦਾ ਪੈਗਾਮ ਲੈ ਕੇ ਆਇਆ ਸੀ।ਉਸਦੀ ਗੱਲਬਾਤ 'ਚ ਪਾਸ਼ ਦੇ ਬੋਲ਼ਾਂ ਦੀ ਸੁਗੰਧ ਘੁਲੀ ਲਗਦੀ ਸੀ,"ਮੈਂ ਜ਼ਿੰਦਗੀ 'ਚ ਗਲੇ ਤੀਕ ਡੁੱਬ ਜਾਣਾ ਚਾਹੁੰਦਾ ਸਾਂ"।
ਪਰ ਉਸਦੇ ਅਗਲੇ ਪੈਗਾਮ ਦਾ ਚਿੱਤ-ਚੇਤਾ ਵੀ ਨਹੀਂ ਸੀ:
"ਅਭੀ ਤਿਸ਼ਨਗੀ ਜਵਾਂ ਥੀ
ਮਹਿਫਿਲ ਸੇ ਉਠ ਗਯਾ ਹੂੰ
ਛਲਕਾ ਕਰੂੰਗਾ ਅਕਸਰ
ਕਭੀ ਜਸ਼ਨ ਮੇਂ, ਕਭੀ ਚਸ਼ਮ ਮੇਂ"।
"ਮੇਰੇ ਵੀ ਹਿੱਸੇ ਦਾ ਜੀ ਲੈਣਾ ਮੇਰੀ ਦੋਸਤ"! ਪਾਸ਼ ਦੀ ਇਹ ਸਤਰ ਵੀ ਹਰਮਿੰਦਰ ਨੂੰ ਬਹੁਤ ਟੁੰਬਦੀ ਸੀ।
  ਆਪਣੇ ਹਿੱਸੇ ਦਾ ਜਿਉਣ ਵੀ ਸਾਡੇ ਨਾਂ ਕਰਕੇ ਉਸਨੇ ਸਦਾ ਲਈ ਵਿਦਾਇਗੀ ਲੈ ਲਈ ਹੈ।ਹਰਮਿੰਦਰ ਦੇ ਹਮਖਿਆਲ ਸਨੇਹੀਆਂ ਨੇ ਹੁਣ ਉਹਦੇ ਹਿੱਸੇ ਦਾ ਜਿਉਣ ਵੀ ਸਾਕਾਰ ਕਰਨਾ ਹੈ।
ਜਸਪਾਲ ਜੱਸੀ               ਜੂਨ,2020

ਪੋਸਟਰ ਫੋਟੋ ਲਿੰਕ 

Tuesday, June 23, 2020

ਬਾਪੂ ਨਿਧਾਨ ਸਿੰਘ ਘੁਡਾਣੀ ਕਲਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ

ਨਕਸਲੀ ਪਰਿਵਾਰਾਂ ਨੇ ਫਿਰਕੂ ਜਬਰ ਦਾ ਵੀ ਡਟ ਕੇ ਸਾਹਮਣਾ ਕੀਤਾ 
ਘੁਡਾਣੀ ਕਲਾਂ//ਲੁਧਿਆਣਾ: 23 ਜੂਨ 2020: (ਨਕਸਲਬਾੜੀ ਸਕਰੀਨ ਬਿਊਰੋ)::
ਹਾਲਾਤ ਉਦੋਂ ਵੀ ਖਰਾਬ ਸਨ। ਉਦੋਂ ਵੀ ਲਾਕ ਡਾਊਨ ਨਾਲ ਮਿਲਦੀ ਜੁਲਦੀ ਸਥਿਤੀ ਸੀ। ਹੁਣ ਕੋਰੋਨਾ ਦਾ ਡਰ ਹੈ ਉਦੋਂ ਗੋਲੀ ਦਾ ਡਰ ਸੀ। ਗੋਲੀ ਕਿਸੇ ਵੀ ਪਾਸਿਓਂ ਆ ਸਕਦੀ ਸੀ। ਖਾਲਿਸਤਾਨ ਦੇ ਨਾਂਅ ਤੇ ਸਰਗਰਮ ਕਿਸੇ ਟੋਲੇ ਵੱਲੋਂ ਵੀ, ਬਲੈਕ ਕੈਟਸ ਤੇ ਅਧਾਰਿਤ ਕਿਸੇ ਗਿਰੋਹ ਵੱਲੋਂ ਵੀ ਅਤੇ ਪੁਲਿਸ ਦੀ ਕਿਸੇ ਗਸ਼ਤ ਕਰ ਰਹੀ ਟੋਲੀ ਵੱਲੋਂ ਵੀ। ਸਵੇਰੇ ਘਰੋਂ ਨਿਕਲਣ ਵੇਲੇ ਪਤਾ ਨਹੀਂ ਸੀ ਹੁੰਦਾ ਕਿ ਸ਼ਾਮਾਂ ਨੂੰ ਘਰ ਮੁੜ ਹੋਣਾ ਹੈ ਜਾਂ ਨਹੀਂ? ਅੱਸੀਵਿਆਂ ਵਿੱਚ ਤਿੱਖੀ ਕੀਤੀ ਗਈ ਗੋਲੀ ਵਾਲੀ ਸਿਆਸਤ ਵਿੱਚ ਕਈ ਧਿਰਾਂ ਸ਼ਾਮਲ ਸਨ ਜਿਹਨਾਂ ਨੇ ਪੰਜਾਬ ਨੂੰ ਪ੍ਰਯੋਗਸ਼ਾਲਾ ਬਣਾ ਕੇ ਕਈ ਕਈ ਤਜਰਬੇ ਕਰ ਲਏ। ਇਸਦਾ ਕੌੜਾ ਅਨੁਭਵ ਪੰਜਾਬ ਵਿੱਚ ਰਹਿੰਦੀਆਂ ਸਾਰੀਆਂ ਧਿਰਾਂ ਨੇ ਹੀ ਹੱਡੀਂ ਹੰਢਾਇਆ। ਉਸ ਖੂਨੀ ਹਨੇਰੀ ਵਿੱਚ ਕਾਮਰੇਡ ਅਮੋਲਕ ਸਿੰਘ ਅਤੇ ਉਹਨਾਂ ਦੇ ਸਾਥੀ ਲਗਾਤਾਰ ਮੈਦਾਨ ਵਿੱਚ ਰਹੇ। ਉਦੋਂ ਕਾਮੇ ਵੱਲ ਸਨ ਹੁਣ ਸਫੇਦ ਹੋ ਗਏ ਹਨ। ਅਜੇ ਵੀ ਇਨਕਲਾਬ ਵਾਲੀ ਸੁਰ ਮੱਠੀ ਨਹੀਂ ਪਈ। ਅੱਜ ਦਾ ਹੀ ਦਿਨ ਸੀ ਜਦੋਂ ਕਾਮਰੇਡ ਨਿਧਾਨ ਸਿੰਘ ਘੁਡਾਣੀ ਹੁਰਾਂ ਨੂੰ ਲੋਕ ਵਿਰੋਧੀ ਧਿਰਾਂ ਨੇ ਅੰਨ੍ਹੇ ਤਸ਼ੱਦਦ ਮਗਰੋਂ ਸ਼ਹੀਦ ਕਰ ਦਿੱਤਾ ਸੀ। ਲੋਕ ਪੱਖੀ ਸਰਗਰਮੀਆਂ ਵਿੱਚ ਸਰਗਰਮ ਸਕੁਐਡਾਂ ਨੇ ਤੁਰੰਤ ਐਕਸ਼ਨ ਕਰਕੇ ਕਤਲ ਲਈ ਜ਼ਿੱਮੇਦਾਰ ਟੋਲੇ ਨੂੰ ਕਾਬੂ ਵੀ ਕਰ ਲਿਆ ਸੀ ਅਤੇ ਮੌਕੇ ਤੇ ਹੀ ਛੋਟੀ ਜਿਹੀ ਲੋਕ ਅਦਾਲਤ ਲੈ ਕੇ ਸਜ਼ਾ ਵੀ ਦਿੱਤੀ। ਇਸ ਮੌਕੇ ਉਹਨਾਂ ਦੇ ਮੂੰਹੋਂ ਸਾਰਾ ਕੁਝ ਕਢਵਾ ਲਿਆ ਗਿਆ ਸੀ ਜਿਸਦਾ ਪੂਰਾ ਵੇਰਵਾ ਲਹਿਰ ਦੇ ਵਾਰਸਾਂ ਕੋਲ ਮੌਜੂਦ ਹੈ। ਕਾਮਰੇਡ ਅਮੋਲਕ ਸਿੰਘ ਹੁਰਾਂ ਨੇ ਅੱਜ ਦੇ ਉਸ ਦਿਨ ਨੂੰ ਯਾਦ ਕਰਦਿਆਂ ਕੁਝ ਤਾਜ਼ਾ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਉਹਨਾਂ ਦੇ ਸ਼ਬਦਾਂ ਸਮੇਤ ਇਥੇ ਉਹ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਹਨ।
ਉਸ ਸ਼ਹਾਦਤ ਨੂੰ ਹਰ ਵਾਰ ਯਾਦ ਕਰਨ
ਕਰਾਉਣ ਵਾਲੇ ਕਾਮਰੇਡ ਅਮੋਲਕ ਸਿੰਘ 
ਕਮਿਊਨਿਸਟ ਇਨਕਲਾਬੀ ਲਹਿਰ ਦਾ
ਮੁਢਲੇ ਦੌਰ ਦਾ ਸੰਗਰਾਮੀਆਂ
ਸ਼ਹੀਦ ਬਾਬਾ ਬੂਝਾ ਸਿੰਘ ਦਾ ਸੰਗੀ ਸਾਥੀ
ਕਿਸਾਨ ਕਮੇਟੀ ਇਲਾਕਾ ਸਾਹਨੇਵਾਲ
ਕਿਸਾਨ ਦਲ ਇਲਾਕਾ ਚਾਵਾ - ਬੀਜਾ
1975 ਦੇ ਅਰਸੇ ਦੌਰਾਨ
ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ
ਪੰਜਾਬ ਨਾਟਕ ਕਲਾ ਕੇਂਦਰ ਨੂੰ
ਪਿੰਡ ਪਿੰਡ ਲਿਜਾਣ ਵਾਲੇ ਅਣਥੱਕ ਕਾਮੇ
ਸ਼ਹੀਦ ਤਰਸੇਮ ਬਾਵਾ ਸਮਾਗਮ ਦੋਰਾਹਾ ਕਮੇਟੀ ਦੇ
ਦਹਾਕਿਆਂ ਬੱਧੀ ਆਗੂ ਰਹੇ
ਪਿੰਡਾਂ ਦੀਆਂ ਅਣਗਿਣਤ ਸਟੇਜਾਂ ਉਪਰ
ਕਵਿਤਾਵਾਂ ਪੇਸ਼ ਕਰਕੇ ਲੋਕਾਂ ਨੂੰ ਜਾਗਰੂਕ ਕਰਨ
ਹਕੂਮਤੀ ਅਤੇ ਖਾਲਿਸਤਾਨੀ ਦਹਿਸ਼ਤਗਰਦੀ
ਦੋਨਾਂ ਖ਼ਿਲਾਫ਼ ਸੰਘਰਸ਼ ਦੇ ਮੈਦਾਨ 'ਚ
ਅਗਲੀ ਕਤਾਰ ਵਿਚ ਡਟਣ ਵਾਲੇ
ਨਿਧਾਨ ਸਿੰਘ ਘੁਡਾਣੀ ਕਲਾਂ ਨੂੰ
23 ਜੂਨ 1991 ਨੂੰ
ਸ਼ਹੀਦ ਕਰਨ ਵਾਲੇ ਟੋਲੇ ਨੇ ਖਾਲਿਸਤਾਨੀ ਜੱਥੇਬੰਦੀ ਵੱਲੋਂ ਹੁੱਬਕੇ ਜ਼ਿੰਮੇਵਾਰੀ ਲਈ ਸੀ।
ਹਕੂਮਤੀ ਅਤੇ ਹਰ ਵੰਨਗੀ ਦੀ ਫਿਰਕੂ ਦਹਿਸ਼ਤਗਰਦੀ
ਖ਼ਿਲਾਫ਼ ਸੰਘਰਸ਼ ਕਰਨਾ
ਖਰੀ ਆਜ਼ਾਦੀ, ਜਮਹੂਰੀਅਤ, ਅਤੇ ਬਰਾਬਰੀ ਭਰੇ ਸਮਾਜ ਦੀ ਸਿਰਜਣਾ ਲਈ ਇਨਕਲਾਬੀ ਲੋਕ ਲਹਿਰ
ਦਾ ਪਰਚਮ ਬੁਲੰਦ ਰੱਖਣਾ , ਸ਼ਹੀਦ ਨਿਧਾਨ ਸਿੰਘ ਨੂੰ
ਸੱਚੀ ਸ਼ਰਧਾਂਜਲੀ ਹੈ।
ਤਸਵੀਰ : 23 ਜੂਨ 2020 ਸ਼ਹੀਦ ਨਿਧਾਨ ਸਿੰਘ ਜੀ ਦੀ ਯਾਦਗਾਰ 'ਤੇ ਸ਼ਹਾਦਤ ਨੂੰ ਸਲਾਮ ਕਰਦੇ ਹੋਏ
ਇਸੇ ਸ਼ਹਾਦਤ ਨੂੰ ਯਾਦ ਕਰਦਿਆਂ ਇੱਕ ਹੋਰ ਗਰੁੱਪ Revolutionaries ਨੇ ਕਿਹਾ:ਅੱਜ ਦੇ ਦਿਨ 23 ਜੂਨ 1991 ਨੂੰ ਨਿਧਾਨ ਸਿੰਘ ਘੁਡਾਣੀ ਕਲਾਂ ਉਰਫ਼ ਸ ਬਚਨ ਸਿੰਘ ਦੀ ਸ਼ਹਾਦਤ ਹੋਈ ਸੀ, ਜਿਸ ਦੀ ਜਿੰਮੇਵਾਰੀ ਖਾਲਿਸਤਾਨੀ ਦਹਿਸ਼ਤਗਦਾਂ ਨੇ ਲਈ ਸੀ। ਨਿਧਾਨ ਸਿੰਘ ਕਮਿਊਨਿਸਟ ਇਨਕਲਾਬੀ ਲਹਿਰ ਦੇ ਮੁਢਲੇ ਦੌਰ ਦੇ ਸੰਗਰਾਮੀਆਂ  ਸ਼ਹੀਦ ਬਾਬਾ ਬੂਝਾ ਸਿੰਘ ਦੇ ਸੰਗੀ ਸਾਥੀ, ਕਿਸਾਨ ਕਮੇਟੀ ਇਲਾਕਾ ਸਾਹਨੇਵਾਲ ਕਿਸਾਨ ਦਲ ਇਲਾਕਾ ਚਾਵਾ - ਬੀਜਾ 1975 ਦੇ ਅਰਸੇ ਦੌਰਾਨ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰਹੇ , ਓਹ ਤਾਉਮਰ ਬਰਾਬਰੀ ਵਾਲਾ ਸਮਾਜ ਸਿਰਜਣ ਲਈ ਸਰਗਰਮ ਰਹੇ।

ਇਸ ਵਹਿਸ਼ੀਆਨਾ ਕਤਲ ਬਾਰੇ ਵਿਸ਼ੇਸ਼ ਰਿਪੋਰਟ ਨਕਸਲਬਾੜੀ ਸਕਰੀਨ ਹਿੰਦੀ ਵਿੱਚ ਵੀ ਪੜ੍ਹੋ 

ਔਰਤਾਂ ਤੋਂ ਬਗੈਰ ਕੋਈ ਜਨਤਕ ਅੰਦੋਲਨ ਨਹੀਂ ਹੋ ਸਕਦਾ-ਜੀਤਾ ਕੌਰ

23 ਜੂਨ ਨੂੰ ਕਾਮਰੇਡ ਜੀਤਾ ਕੌਰ ਦੀ ਤੇਰਵੀਂਂ ਬਰਸੀ ਮੌਕੇ ਵਿਸ਼ੇਸ਼ 
ਮਾਨਸਾ: 22 ਜੂਨ 2020: (ਹਰਭਗਵਾਨ ਭੀਖੀ//ਨਕਸਲਬਾੜੀ)
27-28 ਮਈ 2007 ਨੂੰ ਦਿੱਲੀ ਚ ਪਾਰਟੀ ਦੇ ਕੇਂਦਰੀ ਦਫਤਰ ਵਿੱਚ ਜੀਤਾ ਕੌਰ ਨਾਲ ਗੱਲਬਾਤ ਹੋਈ, ਜੋ ਆਖਰੀ ਇੰਟਰਵਿਊ ਸਿੱਧ ਹੋਈ, ਕਿਉਂਕਿ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੇ ਆਖਰੀ ਪੜਾਅ  ਨਾਲ ਜੂਝ ਰਹੀ ਇਹ ਦਲੇਰ ਔਰਤ ਇਸ ਮੁਲਾਕਾਤ ਦੇ ਕੁਝ  ਦਿਨਾਂ ਬਾਅਦ  23 ਜੂਨ ਨੂੰ ਸਦੀਵੀ ਵਿਛੋਡ਼ਾ ਦੇ ਗਈ।
ਅੱਜ ਉਹਨਾਂ ਦੀ ਤੇਰਵੀਂਂ ਬਰਸੀ ਮੌਕੇ ਉਹਨਾਂ ਨੂੰ ਚੇਤੇ ਕਰਦਿਆਂ ਉਹਨਾਂ ਨਾਲ ਹੋਈ ਇਹ ਆਖਰੀ ਗੱਲਬਾਤ ਇਕ ਵਾਰ ਫੇਰ ਪਾਠਕਾਂ, ਸਰੋਤਿਆਂ ਦੇ ਰੂਬਰੂ ਕਰ ਰਹੇ ਹਾਂ ------ਹਰਭਗਵਾਨ ਭੀਖੀ
ਸਵਾਲ- ਕਾਮਰੇਡ ਜੀਤਾ ਕੌਰ ਜੀ, ਆਪਣੇ ਪਿਛੋਕਡ਼ ਬਾਰੇ ਕੁਝ ਦੱਸੋ?
ਜੁਆਬ- 2 ਫਰਵਰੀ 1959 ਨੂੰ ਮੇਰਾ ਜਨਮ ਹੋਇਆ ਸੀ, ਮਾਂ ਸੁਰਜੀਤ ਕੌਰ ਤੇ ਪਿਤਾ ਰਤਨ ਸਿੰਘ ਪੱਕੇ ਤੌਰ ਤੇ ਗੋਰਖਪੁਰ (ਯੂ ਪੀ) ਰਹਿੰਦੇ ਸਨ, ਪਰ ਸਾਡਾ ਪਰਿਵਾਰਕ ਪਿਛੋਕਡ਼ ਗੁਰਦਾਸਪੁਰ ਜ਼ਿਲੇ ਦਾ ਬਟਾਲਾ ਹਲਕਾ ਹੈ। ਅਸੀਂ ਛੇ ਭੈਣ ਭਰਾ ਸੀ, ਮੈਂ ਇੱਕ ਭੈਣ ਤੇ ਇੱਕ ਭਰਾ ਤੋਂ ਛੋਟੀ ਹਾਂ, ਮੇਰੇ ਇੱਕ ਭਰਾ ਦੀ ਪਿੱਛੇ ਜਿਹੇ ਰੇਲ ਹਾਦਸੇ ਚ ਮੌਤ ਹੋ ਗਈ ਸੀ।
ਸਵਾਲ- ਤੁਹਾਡਾ ਪਰਿਵਾਰ ਪੰਜਾਬ ਛੱਡ ਕੇ ਗੋਰਖਪੁਰ ਕਿਵੇਂ ਰਹਿਣ ਲੱਗਿਆ, ਕੋਈ ਖਾਸ ਵਜਾ ਸੀ?
ਜੁਆਬ- ਅਸਲ ਚ ਮੇਰੇ ਤਿੰਨ ਚਾਚੇ ਪਹਿਲਾਂ ਹੀ ਲਖਨਊ ਰਹਿੰਦੇ ਸਨ, ਜਦੋਂ ਕਿ ਮੇਰੇ ਮਾਪੇ ਆਪਣੇ ਵਿਆਹ ਤੋਂ ਬਾਅਦ ਬਟਾਲਾ ਛੱਡ ਕੇ ਲਖਨਊ ਗਏ ਸਨ। ਇੱਥੇ ਮੇਰੇ ਪਿਤਾ ਜੀ ਨੇ ਸਾਈਕਲ ਫੈਕਟਰੀ ਚ ਕੰਮ ਕੀਤਾ, ਮੇਰੇ ਵੱਡੇ ਭਰਾ ਦਾ ਜਨਮ ਵੀ ਲਖਨਊ 'ਚ ਹੀ ਹੋਇਆ ਸੀ। 1950 ਵਿੱਚ ਮੇਰੇ ਦਾਦਾ ਜੀ ਦੇ ਕਹਿਣ ਤੇ ਮੇਰੇ ਮਾਪੇ ਪੱਕੇ ਤੌਰ ਤੇ ਹੀ ਗੋਰਖਪੁਰ ਚਲੇ ਗਏ। ਇੱਥੇ ਮੇਰੇ ਪਿਤਾ ਜੀ ਰਾਜਨੀਤੀ ਅਤੇ ਗੁਰਦੁਆਰਾ ਕਮੇਟੀ ਨਾਲ ਜੁਡ਼ੇ।
ਸਵਾਲ- ਆਪਣੀ ਪੜ੍ਹਾਈ ਬਾਰੇ ਕੁਝ ਦੱਸੋ?
ਜੁਆਬ- ਮੈਂ ਬਾਲ ਵਿਕਾਸ ਸਕੂਲ ਤੋਂ ਮੈਟ੍ਰਿਕ ਅਤੇ ਇਮਾਮਵਾਡ਼ਾ ਮੁਸਲਿਮ ਕਾਲਜ ਗੋਰਖਪੁਰ ਤੋਂ ਪ੍ਰੈਪ ਕੀਤੀ, ਅਤੇ 1979 ਚ ਗੋਰਖਪੁਰ ਯੂਨੀਵਰਸਿਟੀ ਤੋਂ ਬੀਏ ਦੀ ਡਿਗਰੀ ਲਈ ਸੀ।
ਸਵਾਲ- ਕੀ ਤੁਸੀਂ ਇਸ ਤੋਂ ਅੱਗੇ ਪੜ੍ਹਨ ਦੀ ਕੋਸ਼ਿਸ਼ ਕੀਤੀ?
ਜੁਆਬ- ਬੀ ਏ ਕਰਨ ਤੋਂ ਬਾਅਦ ਮੈਂ ਗੋਰਖਪੁਰ ਯੂਨੀਵਰਸਿਟੀ ਵਿੱਚ ਰਾਜਨੀਤੀ ਸ਼ਾਸਤਰ ਦੀ ਐਮ ਏ ਵਿੱਚ ਦਾਖਲਾ ਲੈ ਲਿਆ, ਪਰ ਮੇਰੇ ਪਿਤਾ ਜੀ ਚਾਹੁੰਦੇ ਸਨ ਕਿ ਮੈਂ ਆਈ ਏ ਐਸ, ਜਾਂ ਪੀ ਸੀ ਐਸ ਦੀ ਤਿਆਰੀ ਕਰਾਂ ਤੇ ਉੱਚ ਅਫਸਰ ਬਣਾਂ। ਪਿਤਾ ਜੀ ਨੇ ਇਸ ਦੀ ਤਿਆਰੀ ਲਈ ਮੇਰੀ ਟਿਊਸ਼ਨ ਰਖਵਾ ਦਿੱਤੀ। ਮੈਨੂੰ ਟਿਊਸ਼ਨ ਪੜ੍ਹਾਉਣ ਵਾਲਾ ਮੁੰਡਾ ਪੰਡਤਾਂ ਦਾ ਸੀ, ਤੇ ਉਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਟੌਪਰ ਸੀ। ਇਸ ਟਿਊਸ਼ਨ ਦੌਰਾਨ ਸਾਡੇ ਦੋਵਾਂ ਦਰਮਿਆਨ ਦੋਸਤੀ ਹੋਈ, ਜੋ ਬਾਅਦ ਵਿੱਚ ਇਕੱਠੇ ਜਿਉਣ ਮਰਨ ਦੀਆਂ ਕਸਮਾਂ ਵਿੱਚ ਬਦਲ ਗਈ। ਸਾਡਾ ਪਿਆਰ ਅਜੇ ਪੁੰਗਰਿਆ ਹੀ ਸੀ ਕਿ ਘਰ ਵਿੱਚ ਭਿਣਕ ਪੈ ਗਈ। ਬੱਸ ਫੇਰ ਕੀ ਸੀ.., ਮੇਰੀ ਕੁੱਟਮਾਰ ਹੋਈ, ਯੂਨੀਵਰਸਿਟੀ ਤੇ ਟਿਊਸ਼ਨ ਦੋਵਾਂ ਥਾਵਾਂ ਤੋਂ ਪੜ੍ਹਨੋਂ ਹਟਾ ਲਿਆ ਗਿਆ, ਮੇਰੀ ਐਮ ਏ ਦੀ ਪੜ੍ਹਾਈ ਅਧਵਾਟੇ ਹੀ ਛੁੱਟ ਗਈ।
ਸਵਾਲ- ਫੇਰ ਤੁਹਾਡੇ ਇਕੱਠੇ ਜਿਉਣ ਮਰਨ ਵਾਲੇ ਵਾਅਦੇ..??
ਜੁਆਬ- ਮੈਂ ਵੀ ਹੋਰ ਕੁਡ਼ੀਆਂ ਵਾਂਗ ਆਪਣੇ ਪਿਆਰ ਨੂੰ ਹਾਸਲ ਕਰਨਾ ਚਾਹੁੰਦੀ ਸੀ, ਇਸ ਚਾਹਤ ਕਾਰਨ ਹੀ ਮੈਂ ਘਰੋਂ ਜਿਵੇਂ ਕਿਵੇਂ ਘਰੋਂ ਨਿਕਲੀ ਤੇ ਆਪਣੇ ਦੋਸਤ ਨੂੰ ਮਿਲੀ, ਸਾਰੀ ਸਥਿਤੀ ਬਾਰੇ ਗੱਲ ਕੀਤੀ ਤਾਂ ਉਸ ਨੇ ਸੁਝਾਅ ਦਿੱਤਾ ਕਿ ਘਰੋਂ ਭੱਜ ਕੇ ਵਿਆਹ ਕਰਵਾ ਲੈਂਦੇ ਹਾਂ। ਮੈਂ ਉਸ ਦੇ ਇਸ ਸੁਝਾਅ ਨਾਲ ਸਹਿਮਤ ਨਹੀਂ ਸੀ, ਕਿਉਂਕਿ ਮੈਂ ਤਾਂ ਸਮਾਜ ਦੀਆਂ ਅੱਖਾਂ ਚ ਅੱਖਾਂ ਪਾ ਕੇ ਆਪਣੀ ਜ਼ਿੰਦਗੀ ਦਾ ਫੈਸਲਾ ਕਰਨਾ ਚਾਹੁੰਦੀ ਸੀ। ਮੈਂ ਉਹਨੂੰ ਕਿਹਾ ਕਿ ਆਪਣੇ ਘਰ ਜਾ ਕੇ ਮਾਪਿਆਂ ਨਾਲ ਗੱਲ ਕਰ, ਪਰ ਉਹ ਡਰ ਗਿਆ ਤੇ ਮੇਰੀ ਇਸ ਗੱਲ ਨਾਲ ਸਹਿਮਤ ਨਾ ਹੋਇਆ। ਉਸ ਦੇ ਡਰ ਕੇ ਪਾਸਾ ਵੱਟ ਜਾਣ ਕਾਰਨ ਮੈਨੂੰ ਬਹੁਤ ਠੇਸ ਵੱਜੀ, ਮੈਂ ਬੁਰੀ ਤਰਾਂ ਨਿਰਾਸ਼ ਹੋ ਗਈ, ਟੁੱਟ ਗਈ। ਮੈਨੂੰ ਮਰਦਾਂ ਨਾਲ ਨਫਰਤ ਜਿਹੀ ਹੋ ਗਈ, ਮੇਰੇ ਵਿਆਹ ਨਾ ਕਰਵਾਉਣ ਦੇ ਫੈਸਲੇ ਪਿੱਛੇ ਇਸੇ ਘਟਨਾ ਦਾ ਵੱਡਾ ਹੱਥ ਹੈ।
ਸਵਾਲ- ਇਹਦਾ ਮਤਲਬ ਪਿਆਰ ਤੇ ਪੜ੍ਹਾਈ ਦੋਵੇਂ ਖੁੱਸ ਗਏ?
ਜੁਆਬ- ਪ੍ਰੇਮੀ ਦਾ ਸਾਥ ਤਾਂ ਭਾਵੇਂ ਛੁੱਟ ਗਿਆ, ਪਰ ਪੜ੍ਹਾਈ ਮੇਰੀ ਜਿ਼ੰਦਗੀ ਤੋਂ ਕਦੇ ਵੱਖ ਨਹੀਂ ਹੋਈ। ਘਰ ਰਹਿੰਦਿਆਂ ਮੈਂ ਆਪਣੇ ਆਪ ਨੂੰ ਸਾਹਿਤ ਨਾਲ ਜੋਡ਼ ਲਿਆ, ਕਾਦੰਬਨੀ ਵਰਗੇ ਸਾਹਿਤਕ ਪਰਚੇ ਘਰ ਆਉਂਦੇ ਸਨ, ਮੈਂ ਪੜ੍ਹਦੀ ਰਹਿੰਦੀ, ਹੋਰ ਉਸਾਰੂ ਸਾਹਿਤ ਨਾਲ ਜੁਡ਼ਦੀ ਗਈ। ਚੁੱਪ ਰਹਿਣਾ ਤੇ ਪੜ੍ਹਦੇ ਰਹਿਣਾ ਮੇਰੀ ਆਦਤ ਬਣ ਗਈ। ਕੁਝ ਚਿਰ ਮਗਰੋਂ ਮੇਰੇ ਪ੍ਰੇਮ ਪ੍ਰਸੰਗ ਦੀ ਘਰ ਚ ਚਰਚਾ ਬੰਦ ਹੋ ਗਈ, ਮਹੌਲ ਆਮ ਵਰਗਾ ਹੋਣ ਲੱਗਿਆ। ਮੇਰੀ ਲਗਾਤਾਰ ਪੜ੍ਹਨ ਦੀ ਰੁਚੀ ਨੂੰ  ਵੇਖ ਕੇ ਹੀ ਮੇਰੇ ਭਰਾਵਾਂ ਖਾਸ ਕਰਕੇ ਸਤਨਾਮ ਵੱਲੋਂ ਪਰਿਵਾਰ ਉੱਤੇ ਮੈਨੂੰ ਮੁਡ਼ ਪੜ੍ਹਨ ਲਈ ਪਾਏ ਗਏ ਦਬਾਅ ਕਾਰਨ ਹੀ ਮੈਂ ਮੁਡ਼ ਹਿੰਦੀ ਸਾਹਿਤ ਦੀ ਐਮ ਏ 'ਚ ਦਾਖਲਾ ਲੈ ਲਿਆ।
ਸਵਾਲ- ਰਾਜਨੀਤੀ ਦੀ ਚੇਟਕ ਕਿਵੇਂ ਲੱਗੀ?
ਜੁਆਬ- ਸਾਡੇ ਘਰ ਚ ਹੀ ਰਾਜਨੀਤਕ ਮਹੌਲ ਸੀ। ਮੇਰੇ ਪਿਤਾ ਸ. ਰਤਨ ਸਿੰਘ ਭਾਰਤੀ ਕ੍ਰਾਂਤੀ ਦਲ ਦੇ ਸਰਗਰਮ ਆਗੂ ਸਨ, ਇਸ ਪਾਰਟੀ ਦੀ ਟਿਕਟ ਤੋਂ ਉਹਨਾਂ ਨੇ ਦੋ ਵਾਰ ਵਿਧਾਨ ਸਭਾ ਦੀ ਚੋਣ ਲਈ ਲਡ਼ੀ, ਜਦੋਂਕਿ ਤੀਜੀ ਵਾਰ ਕਾਂਗਰਸੀਆਂ ਨੇ ਮੇਰੇ ਪਿਤਾ ਜੀ ਦਾ ਐਕਸੀਡੈਂਟ ਕਰਵਾ ਦਿੱਤਾ। ਜਿਸ ਵਿੱਚ ਸਿਰ ਤੇ ਸੱਟ ਲੱਗਣ ਕਾਰਨ ਉਹਨਾਂ ਦਾ ਦਿਮਾਗੀ ਸੰਤੁਲਨ ਵਿਗਡ਼ ਗਿਆ। ਘਰ ਵਿੱਚ ਲਗਾਤਾਰ ਰਾਜਨੀਤਕ ਚਰਚਾ ਚੱਲਣ ਕਾਰਨ ਮੇਰੀ ਰਾਜਨੀਤੀ ਵਿਚ ਡੂੰਘੀ ਦਿਲਚਸਪੀ ਬਣਦੀ ਗਈ, ਪਰ ਮੈਂ ਕਦੇ ਵੀ ਪਿਤਾ ਜੀ ਦੀ ਪਾਰਟੀ ਰਾਜਨੀਤੀ ਨਾਲ ਸਹਿਮਤ ਨਾ ਹੋ ਸਕੀ।
ਸਵਾਲ- ਤੁਹਾਡਾ ਖੱਬੀ ਰਾਜਨੀਤੀ ਨਾਲ ਜੁਡ਼ਨ ਦਾ ਸਬੱਬ ਕਿਵੇਂ ਬਣਿਆ?
ਜੁਆਬ- ਗੋਰਖਪੁਰ ਵਿੱਚ ਇੱਕ ਸਿਲਸਿਲਾ ਨਾਟਕ ਮੰਚ ਚਲਦਾ ਸੀ, ਇਸ ਵਿੱਚ ਇਕ ਲਡ਼ਕੀ ਕੰਮ ਕਰਦੀ ਸੀ, ਸਵਿਤਾ ਤਿਵਾੜੀ, ਇੱਕ ਦਿਨ ਸਵਿਤਾ ਯੂਨੀਵਰਸਿਟੀ ਅੰਦਰ ਜਾਗ੍ਰਿਤ ਮਹਿਲਾ ਪ੍ਰੀਸ਼ਦ ਨਾਮ ਦੀ ਜਥੇਬੰਦੀ ਬਣਾਉਣ ਲਈ ਮੇਰੀ ਕਲਾਸ ਦੀਆਂ ਲਡ਼ਕੀਆਂ ਨੂੰ ਕਹਿਣ ਆਈ, ਮੈਂ ਪੁੱਛ ਲਿਆ, ਕੀ ਮੈਂ ਵੀ ਮੀਟਿੰਗ ਵਿੱਚ ਆ ਸਕਦੀ ਹਾਂ?
ਹਾਂ ਵਿੱਚ ਜੁਆਬ ਮਿਲਿਆ, ਤਾਂ ਮੈਂ ਵੀ ਮੀਟਿੰਗ ਵਿਚ ਚਲੀ ਗਈ, ਮੈਨੂੰ ਗੱਲਬਾਤ ਚੰਗੀ ਲੱਗੀ, ਤੇ ਜਿਸ ਕਰਕੇ ਮੈਂ ਜਾਗ੍ਰਿਤੀ ਮਹਿਲਾ ਪ੍ਰੀਸ਼ਦ ਦੀ ਮੈਂਬਰ ਬਣ ਗਈ। ਬੱਸ ਉਹ ਦਿਨ ਤੇ ਆਹ ਦਿਨ…।
ਸਵਾਲ- ਤੁਸੀ ਸੀ ਪੀ ਆਈ ਐਮ ਐਲ ਲਿਬਰੇਸ਼ਨ ਨਾਲ ਕਦੋਂ ਜੁੜੇ?
ਜੁਆਬ- ਅਸਲ ਵਿੱਚ ਜਾਗ੍ਰਿਤੀ ਮਹਿਲਾ ਪ੍ਰੀਸ਼ਦ ਵਿਚਾਰਧਾਰਕ ਤੌਰ ਤੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਨਾਲ ਜੁੜੀ ਹੋਈ ਜਥੇਬੰਦੀ ਸੀ, ਜਿਸਦਾ  ਮੈਨੂੰ ਬਾਅਦ ਵਿੱਚ ਪਤਾ ਲੱਗਿਆ, ਉਸ ਸਮੇਂ ਪਾਰਟੀ ਅੰਡਰਗਰਾਊਂਡ ਸੀ ਅਤੇ ਇੰਡੀਅਨ ਪੀਪਲਜ਼ ਫਰੰਟ ਇਸ ਦਾ ਖੁੱਲਾ ਫਰੰਟ ਸੀ। ਮੈਂ ਪ੍ਰੀਸ਼ਦ ਰਾਹੀਂ 1983-84 ਚ ਆਈ ਪੀ ਐਫ ਦੀ ਅਤੇ 1986 ਚ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੀ ਮੈਂਬਰ ਬਣ ਗਈ ਸੀ।
ਸਵਾਲ- ਤੁਸੀਂ ਸਰਗਰਮ ਸਿਆਸਤ ਚ ਕਦੋਂ ਆਏ?
ਜੁਆਬ- ਜਦੋਂ ਮੈਂ ਗੋਰਖਪੁਰ ਯੂਨੀਵਰਸਿਟੀ ਵਿੱਚ ਐਮ ਏ ਹਿੰਦੀ ਸਾਹਿਤ ਕਰ ਰਹੀ ਸੀ, ਉਸ ਸਮੇਂ ਭਾਵੇਂ ਜਾਗ੍ਰਿਤੀ ਮਹਿਲਾ ਪ੍ਰੀਸ਼ਦ ਰਾਹੀਂ ਆਈ ਪੀ ਐਫ ਨਾਲ ਜੁਡ਼ ਚੁੱਕੀ ਸੀ, ਲੇਕਿਨ ਸਰਗਰਮ ਰਾਜਨੀਤੀ ਚ ਲੈ ਕੇ ਆਉਣ ਦਾ ਸਿਹਰਾ ਅਜਾ਼ਦੀ ਘੁਲਾਟੀਏ ਕਾਮਰੇਡ ਰਾਮਬਲੀ ਪਾਂਡੇ ਨੂੰ ਜਾਂਦਾ ਹੈ। ਉਹ ਮੈਨੂੰ ਆਪਣੀ ਮੋਪਿਡ ਤੇ ਬਿਠਾ ਕੇ ਪਿੰਡਾਂ ਚ ਮੀਟਿੰਗਾਂ ਕਰਵਾਉਣ ਲੈ ਜਾਂਦੇ। ਮੇਰੇ ਇਸ ਤਰਾਂ ਮੀਟਿੰਗਾਂ ਕਰਵਾਉਣ ਜਾਣ, ਉਹ ਵੀ ਇਕ ਮਰਦ ਸਾਥੀ ਨਾਲ ਇਕੱਲਿਆਂ ਜਾਣ ਕਾਰਨ ਘਰ ਚ ਹੰਗਾਮਾ ਹੋ ਗਿਆ, ਮੈਂ ਘਰ ਛੱਡ ਕੇ ਕਿਸੇ ਮਹਿਲਾ ਕਾਮਰੇਡ, ਸ਼ਾਇਦ ਸਵਿਤਾ ਤਿਵਾੜੀ ਦੇ ਘਰ ਰਹਿਣ ਲੱਗ ਪਈ। ਇਨਕਲਾਬੀ ਵਿਚਾਰਾਂ ਦੀ ਲੱਗੀ ਸਰਗਰਮ ਚੇਟਕ ਨੇ ਮੈਨੂੰ ਘਰ ਬਾਰ ਛੱਡ ਕੇ ਪੇਸ਼ੇਵਰ ਇਨਕਲਾਬੀ ਬਣਨ ਵੱਲ ਤੋਰ ਦਿੱਤਾ।
ਸਵਾਲ- ਕੀ ਘਰ ਵਿੱਚ ਤੁਹਾਡੇ ਵਿਚਾਰਾਂ ਦਾ ਕਿਸੇ ਨੇ ਸਮਰਥਨ ਕੀਤਾ?
ਜੁਆਬ- ਘਰ ਵਿੱਚ ਰਾਜਨੀਤਕ ਮਹੌਲ ਹੋਣ ਸਦਕਾ, ਰਾਜਨੀਤਕ ਸੂਝ ਤਾਂ ਸਭ ਨੂੰ ਸੀ, ਮੇਰੇ ਵਿਚਾਰਾਂ ਨੂੰ ਵੀ ਜਾਣਦੇ ਸਨ, ਪਰ ਪੂਰਾ ਪਰਿਵਾਰ ਮੇਰੇ ਨਕਸਲੀ ਲਹਿਰ ਨਾਲ ਜੁੜਨ ਕਾਰਨ ਡਰਦਾ ਸੀ। ਮਾਂ ਦਾ ਝੁਕਾਅ ਮੇਰੇ ਪੱਖ ਚ ਹੁੰਦਾ, ਪਰ ਸਮਾਜ ਦੀ ਪਿਛਾਖਡ਼ੀ ਸੋਚ ਤੇ ਸਮਾਜਿਕ ਦਾਬਾ ਮੇਰੀ ਮਾਂ ਦੇ ਮੇਰੇ ਪੱਖੀ ਵਿਚਾਰਾਂ ਨੂੰ ਖੁੱਲੇਆਮ ਉਜਾਗਰ ਕਰਨ ਤੋਂ ਰੋਕ ਦਿੰਦਾ। ਫੇਰ ਵੀ ਤਮਾਮ ਵਿਰੋਧਾਂ ਦੇ ਬਾਵਜੂਦ ਮੈਂ ਆਪਣੇ ਵਿਚਾਰਾਂ ਤੇ ਅਡੋਲ ਰਹੀ। ਕੁਝ ਸਮੇਂ ਬਾਅਦ ਮਾਂ ਦੀ ਮੌਤ ਹੋ ਗਈ। ਉਸ ਸਮੇਂ ਮੇਰੇ ਨਾਲ ਦੁੱਖ ਵੰਡਾਉਣ ਲਈ ਕਾਮਰੇਡ ਕ੍ਰਿਸ਼ਨਾ ਅਧਿਕਾਰੀ ਤੇ ਹੋਰ ਪਾਰਟੀ ਆਗੂ ਸਾਡੇ ਘਰ ਪੁੱਜੇ, ਲੀਡਰਾਂ ਦੇ ਘਰ ਆਉਣ ਜਾਣ ਨਾਲ ਪਰਿਵਾਰ ਪ੍ਰਭਾਵਿਤ ਹੋਇਆ ਤੇ ਮੈਨੂੰ ਵੀ ਕਹਿਣ ਲੱਗ ਪਏ ਕਿ ਆਪਣੀ ਘੋਕੇ ਤਾਂ ਲੀਡਰ ਬਣ ਗਈ ਹੈ।
ਸਵਾਲ-ਘੋਕੇ ਮਤਲਬ?
ਜੁਆਬ- ਘੋਕੇ ਮੇਰਾ ਘਰੇਲੂ ਨਾਂ ਹੈ, ਮੇਰੇ ਸੰਗੀ ਸਾਥੀ ਤੇ ਵਿਦਿਆਰਥੀ ਮੈਨੂੰ ਅਕਸਰ ਏਸੇ ਨਾਂ ਨਾਲ ਬੁਲਾਉਂਦੇ ਸਨ।
ਸਵਾਲ- ਕਾਮਰੇਡ ਜੀ, ਤੁਸੀਂ ਕਮਿਊਨਿਸਟ ਪਾਰਟੀ ਨਾਲ ਲਗਭਗ ਉਸ ਦੌਰ ਚ ਜੁੜੇ ਜਦੋਂ ਸੋਵੀਅਤ ਸੰਘ ਦੇ ਪਤਨ ਨਾਲ ਮਾਰਕਸਵਾਦ ਦਾ ਅੰਤ ਪ੍ਰਚਾਰਿਆ ਜਾ ਰਿਹਾ ਸੀ, ਇਸ ਪ੍ਰਚਾਰ ਨੂੰ ਤੁਸੀਂ ਕਿਵੇਂ ਲਿਆ?
ਜੁਆਬ- ਪਹਿਲੀ ਗੱਲ ਮਾਰਕਸਵਾਦ ਇਕ ਵਿਗਿਆਨਕ ਵਿਚਾਰਧਾਰਾ ਹੈ, ਤੇ ਵਿਗਿਆਨ ਦਾ ਕਦੇ ਅੰਤ ਨਹੀ ਹੁੰਦਾ, ਦੂਜੀ ਗੱਲ ਦੋ ਧਰੂਵੀ ਸੰਸਾਰ ਅੰਦਰ ਸਾਮਰਾਜਵਾਦ ਦੇ ਖਿਲਾਫ ਸੋਵੀਅਤ ਸੰਘ ਦਾ ਸਮਾਜਵਾਦੀ ਮਾਡਲ ਇੱਕ ਚੁਣੌਤੀ ਸੀ, ਇਸ ਚੁਣੌਤੀ ਅਤੇ ਸਮਾਜਵਾਦੀ ਮਾਡਲ ਨੂੰ ਤਹਿਸ ਨਹਿਸ ਕਰਨ ਲਈ ਸਾਰੇ ਸਾਮਰਾਜੀ ਅਤੇ ਪਿਛਾਖਡ਼ੀ ਦੇਸ਼ ਇੱਕਜੁਟ ਸਨ। ਤੀਜੀ ਗੱਲ ਕਾਮਰੇਡ ਲੈਨਿਨ ਅਤੇ ਸਟਾਲਿਨ ਦੀ ਮੌਤ ਤੋਂ ਬਾਅਦ ਆਈ ਲੀਡਰਸ਼ਿਪ ਹੀ (ਖਰੁਸ਼ਚੋਵ ਵਰਗੇ) ਮਾਰਕਸਵਾਦੀ ਫਲਸਫੇ ਤੋਂ ਥਿਡ਼ਕੀ ਸੀ ਨਾ ਕਿ ਮਾਰਕਸਵਾਦ ਦੀ ਸਾਰਥਿਕਤਾ ਖਤਮ ਹੋਈ ਸੀ, ਬਾਕੀ ਮੈਂ ਭਾਰਤ ਦੀ ਕਮਿਊਨਿਸਟ ਪਾਰਟੀ ਨਾਲ ਜੁਡ਼ੀ ਹਾਂ, ਜੋ ਕਿ ਲੋਕਾਂ ਦੀ ਬੰਦ-ਖਲਾਸੀ ਲਈ ਜੱਦੋ ਜਹਿਦ ਕਰ ਰਹੀ ਹੈ। ਸਾਮਰਾਜੀ ਨੀਤੀਆਂ ਖਿਲਾਫ ਜੋ ਲਗਾਤਾਰ ਸੰਘਰਸ਼ ਉੱਠ ਰਹੇ  ਹਨ, ਇਹ ਕਮਿਊਨਿਸਟ ਲਹਿਰ ਲਈ ਹਾਂਪੱਖੀ ਵਰਤਾਰਾ ਹੈ।
ਸਵਾਲ- ਕੀ ਉਸ ਸਮੇਂ ਇੰਡੀਅਨ ਪੀਪਲਜ਼ ਫਰੰਟ ਨੂੰ ਭੰਗ ਕਰਨਾ ਤੇ ਪਾਰਟੀ ਨੂੰ ਸਾਹਮਣੇ ਲਿਆਉਣਾ ਦਰੁਸਤ ਫੈਸਲਾ ਸੀ?
ਜੁਆਬ- ਬਿਲਕੁਲ ਠੀਕ ਸੀ। ਜਦੋਂ ਰੂਸ ਦੇ ਪਤਨ ਤੋਂ ਬਾਅਦ ਕਮਿਊਨਿਸਟ ਵਿਚਾਰਧਾਰਾ ਦਾ ਅੰਤ ਦਰਸਾਇਆ ਜਾ ਰਿਹਾ ਸੀ ਅਤੇ ਸੀ ਪੀ ਆਈ ਤੇ ਸੀ ਪੀ ਐਮ ਵਰਗੀਆਂ ਸੋਧਵਾਦੀ ਪਾਰਟੀਆਂ ਡਿਫੈਂਸਿਵ ਹੋ ਕੇ ਪਾਰਟੀ ਦਾ ਨਾਮ ਤੱਕ ਬਦਲਣ ਬਾਰੇ ਸੋਚ ਰਹੀਆਂ ਸਨ, ਪੂਰੀ ਦੁਨੀਆ ਚ ਕਾਮਰੇਡਾਂ ਖਿਲਾਫ ਮਹੌਲ ਸਿਰਜਿਆ ਜਾ ਰਿਹਾ ਸੀ, ਉਸ ਦੌਰ ਵਿੱਚ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਸਾਹਮਣੇ ਆ ਕੇ ਮਾਰਕਸਵਾਦ, ਲੈਨਿਨਵਾਦ ਦਾ ਝੰਡਾ ਬੁਲੰਦ ਕਰਨਾ ਕਾਫੀ ਦਲੇਰੀ ਤੇ ਦ੍ਰਿੜਤਾ ਭਰਿਆ ਕੰਮ ਸੀ।
 ਦੂਜਾ, ਨਕਸਲੀ ਲਹਿਰ ਤੇ ਹੋਏ ਹਕੂਮਤੀ ਜਬਰ ਤੋਂ ਬਾਅਦ ਖਿੰਡ ਪੁੰਡ ਗਈ ਅਤੇ ਪਾਟੋਧਾਡ਼ ਦਾ ਸ਼ਿਕਾਰ ਹੋਈ ਲਹਿਰ ਨੂੰ ਮੁਡ਼ ਪੈਰਾਂ ਸਿਰ ਤੇ ਇਕਜੁਟ ਕਰਨ ਦੇ ਉਦੇਸ਼ ਨਾਲ ਹੀ ਪੀਪਲਜ਼ ਫਰੰਟ ਦੀ ਸਥਾਪਨਾ ਕੀਤੀ ਗਈ ਸੀ, ਕਾਫੀ ਹੱਦ ਤੱਕ ਆਈ ਪੀ ਐਫ ਆਪਣੇ ਮਿਸ਼ਨ ਚ ਸਫਲ ਰਿਹਾ। ਆਈ ਪੀ ਐਫ ਤੇ ਚਲਦਿਆਂ ਹੀ ਵਿਲੋਪਵਾਦ (ਖਾਤਮੇਵਾਦ) ਵਰਗੇ ਵਿਚਾਰ ਆਏ, ਜਿਹਨਾਂ ਖਿਲਾਫ ਸਖਤੀ ਨਾਲ ਨਜਿੱਠਿਆ ਗਿਆ, ਵਿਲੋਪਵਾਦ ਖਿਲਾਫ ਚੱਲੀ ਮੁਹਿੰਮ ਦੌਰਾਨ ਹੀ ਪਾਰਟੀ ਨੂੰ ਆਪਣਾ ਇੱਕ ਸੀਨੀਅਰ ਲੀਡਰ ਵੀ ਕੱਢਣਾ ਪਿਆ ਸੀ।
ਸਵਾਲ- ਕੀ ਤੁਸੀਂ ਪਾਰਟੀ ਦੇ ਚੋਣਾਂ ਲੜਨ ਦੇ ਫੈਸਲੇ ਨਾਲ ਸਹਿਮਤ ਹੋ?
ਜੁਆਬ- ਬੇਸ਼ੱਕ ਪਾਰਟੀ ਹਥਿਆਰਬੰਦ ਇਨਕਲਾਬ ਦੀ ਡਟਵੀਂ ਹਾਮੀ ਹੈ, ਪਰ ਜਿਸ ਦੇਸ਼ ਅੰਦਰ ਵੱਖ ਵੱਖ ਧਰਮਾਂ, ਜਾਤਾਂ, ਨਸਲਾਂ, ਭਾਸ਼ਾਵਾਂ, ਤੇ ਰੰਗਾਂ ਦੇ ਲੋਕ ਹੋਣ ਅਤੇ ਉਹਨਾਂ ਨੂੰ ਸਮੌਣ ਵਾਲੀ ਇੱਕ ਪਾਰਲੀਮੈਂਟ ਹੋਵੇ, ਫੇਰ ਤੁਸੀਂ ਭਲਾਂ ਚੋਣਾਂ ਨੂੰ ਨਜ਼ਰਅੰਦਾਜ਼ ਕਿਵੇਂ ਕਰ ਸਕਦੇ ਹੋ। ਸਵਾਲ ਇਹ ਨਹੀ ਕਿ ਤੁਸੀਂ ਚੋਣਾਂ ਲਡ਼ਦੇ ਹੋ ਜਾਂ ਬਾਈਕਾਟ ਕਰਦੇ ਹੋ, ਸਵਾਲ ਇਹ ਹੈ ਕਿ ਤੁਹਾਡੇ ਵਲੋਂ ਲਿਆ ਗਿਆ ਫੈਸਲਾ ਮਾਰਕਸਵਾਦੀ/ਲੈਨਿਨਵਾਦੀ ਦ੍ਰਿਸ਼ਟੀਕੋਣ ਮੁਤਾਬਕ ਹੈ ਜਾਂ ਨਹੀਂ? ਜੇਕਰ ਤੁਸੀਂ ਮਾਰਕਸਵਾਦੀ/ਲੈਨਿਨਵਾਦੀ ਦ੍ਰਿਸ਼ਟੀਕੋਣ ਤੋਂ ਚੋਣਾਂ ਚ ਸ਼ਮੂਲੀਅਤ ਕਰਦੇ ਹੋ ਤਾਂ ਤੁਸੀਂ ਚੋਣ ਅਖਾਡ਼ੇ ਨੂੰ ਆਪਣੇ ਮਿਸ਼ਨ ਦੇ ਹੱਕ ਵਿੱਚ ਕਿਸੇ ਹੱਦ ਤੱਕ ਭੁਗਤਾਅ ਸਕਦੇ ਹੋ, ਜੇ ਨਹੀਂ ਤਾਂ ਤੁਹਾਡਾ ਹਾਲ ਵੀ ਸੀ ਪੀ ਆਈ ਤੇ ਸੀ ਪੀ ਐਮ ਵਰਗਾ ਹੀ ਹੋਵੇਗਾ।
ਸਵਾਲ- ਤੁਸੀਂ ਬਤੌਰ ਲੀਡਰ ਕਦੋਂ ਸਾਹਮਣੇ ਆਏ?
ਜੁਆਬ- 1986 ਵਿੱਚ ਯੂ ਪੀ ਬੀਰ ਬਹਾਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਵੱਲੋਂ ਰਾਮਗੜ੍ਹ ਤਾਲ ਪ੍ਰੋਜੈਕਟ ਲਈ 1050 ਏਕਡ਼ ਜ਼ਮੀਨ ਜਬਰੀ ਇਕਵਾਇਰ ਕਰਨ ਖਿਲਾਫ ਮਜ਼ਦੂਰਾਂ ਤੇ ਕਿਸਾਨਾਂ ਦਾ ਜ਼ਬਰਦਸਤ ਅੰਦੋਲਨ ਹੋਇਆ, ਮੈਂ ਉਸ ਸਮੇਂ ਆਈ ਪੀ ਐਫ ਦੀ ਜ਼ਿਲਾ ਕਨਵੀਨਰ ਸੀ, ਆਈ ਪੀ ਐਫ ਦੀ ਅਗਵਾਈ ਹੇਠ ਉਜਾੜੇ ਖਿਲਾਫ ਚੱਲੇ ਇਸ ਸੰਘਰਸ਼ ਦੀ ਅਗਵਾਈ ਮੈਂ ਕੀਤੀ, ਮੈਂ ਉਸ ਵਕਤ ਵਧੇਰੇ ਐਜੀਟੇਟਰ ਹੁੰਦੀ ਸੀ, ਸਰਕਾਰ ਨੇ ਇਸ ਘੋਲ ਨੂੰ ਕੁਚਲਣ ਲਈ ਹਰ ਤਰਾਂ ਦਾ ਵਹਿਸ਼ੀ ਜ਼ੁਲਮ ਯਤਨ ਕੀਤਾ, ਇਸ ਘੋਲ ਚ ਹੀ ਮੇਰੀ ਪਹਿਲੀ ਗ੍ਰਿਫਤਾਰੀ ਹੋਈ, ਮੈਨੂੰ ਬਗੈਰ ਲੇਡੀ ਪੁਲਸ ਦੇ ਹਵਾਲਾਤ ਚ ਰੱਖਿਆ, ਬੇਸ਼ੱਕ ਅਗਲੇ ਦਿਨ ਮੈਂ ਜ਼ਮਾਨਤ ਤੇ ਆ ਗਈ, ਪਰ ਪੁਲਸ ਇਸ ਗੱਲ ਤੋਂ ਡਰਦੀ ਰਹੀ ਕਿ ਬਗੈਰ ਲੇਡੀ ਪੁਲਸ ਦੇ ਨੌਜਵਾਨ ਕੁਡ਼ੀ ਨੂੰ ਹਵਾਲਾਤ ਚ ਰੱਖਣ ਉੱਤੇ ਕਾਮਰੇਡ ਕੋਈ ਨਵਾਂ ਬਖੇਡ਼ਾ ਨਾ ਖੜ੍ਹਾ ਕਰ ਦੇਣ। ਹਵਾਲਾਤ ਚੋਂ ਬਾਹਰ ਆ ਕੇ ਮੈਂ ਫੇਰ ਮੈਦਾਨ ਚ ਡਟ ਗਈ, ਸਮੁੱਚਾ ਰਾਮਗੜ੍ਹ ਤਾਲ ਅੰਦੋਲਨ ਮੇਰੇ ਦੁਆਲੇ ਕੇਂਦਰਿਤ ਹੋ ਗਿਆ, ਸਰਕਾਰ ਇਹ ਸਮਝ ਗਈ ਕਿ ਇਸ ਅੰਦੋਲਨ ਨੂੰ ਕੁਚਲਣ ਲਈ ਜੀਤਾ ਕੌਰ ਨੂੰ ਰੋਕਣਾ ਜ਼ਰੂਰੀ ਹੈ, ਪੁਲਸ ਨੇ ਮੇਰੇ ਖਿਲਾਫ ਹਰ ਹਥਕੰਡਾ ਵਰਤਿਆ, ਇੱਥੋਂ ਤੱਕ ਕਿ ਸਰਕਾਰ ਤੇ ਪੁਲਸ ਨੇ ਮੇਰੇ ਖਿਲਾਫ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਜੀਤਾ ਕੌਰ ਤਾਂ ਪੰਜਾਬ ਤੋਂ ਆਈ ਅੱਤਵਾਦੀ ਹੈ, ਪਰ ਪੁਲਸ ਤੇ ਸਰਕਾਰ, ਮਜ਼ਦੂਰਾਂ, ਕਿਸਾਨਾਂ ਦੇ ਇਸ ਅੰਦੋਲਨ ਨੂੰ ਕੁਚਲ ਨਾ ਸਕੀ। ਇੱਕ ਕੁਆਰੀ ਮੁਟਿਆਰ ਪੰਜਾਬੀ ਕੁਡ਼ੀ ਵਲੋਂ ਇੰਝ ਡਟ ਕੇ ਅਗਵਾਈ ਕਰਨ ਤੇ ਹਰ ਜਬਰ ਜ਼ੁਲਮ ਨਾਲ ਆਢਾ ਲਾਉਣ ਸਦਕਾ, ਮੈਂ ਯੂ ਪੀ ਵਿੱਚ ਵੱਡੀ ਚਰਚਾ ਦਾ ਵਿਸ਼ਾ ਬਣ ਗਈ ਸਾਂ, ਮੈਨੂੰ ਇਸ ਘੋਲ ਨੇ ਸਥਾਪਿਤ ਲੀਡਰ ਵਜੋਂ ਅੱਗੇ ਲਿਆਂਦਾ। ਰਾਮਗੜ੍ਹ ਦੇ ਅੰਦੋਲਨ ਤੇ ਚਲਦਿਆਂ ਹੀ ਜੂਨੀਅਰ ਡਾਕਟਰਾਂ ਦਾ ਸੰਘਰਸ਼ ਉੱਠਿਆ, ਅਤੇ ਇਕ ਪੁਲਸ ਅਧਿਕਾਰੀ ਵਲੋਂ ਹੋਲੀ ਵਾਲੇ ਦਿਨ ਸ਼ਰੇਆਮ ਇਕ ਨੌਜਵਾਨ ਨੂੰ ਗੋਲੀ ਮਾਰ ਕੇ ਕਤਲ ਕਰ ਦੇਣ ਖਿਲਾਫ ਤਿੱਖਾ ਸੰਘਰਸ਼ ਚੱਲਿਆ, ਜਿਸ ਦੀ ਅਗਵਾਈ ਏ ਵੀ ਬੀ ਪੀ ਨੇ ਕੀਤੀ, ਲੇਕਿਨ ਮੈਨੂੰ ਇਹਨਾਂ ਅੰਦੋਲਨਾਂ ਦੀ ਅਗਵਾਈ ਕਰਨ ਲਈ ਵਿਸ਼ੇਸ਼ ਤੌਰ ਤੇ ਬੁਲਾਇਆ ਜਾਂਦਾ ਰਿਹਾ।
ਸਵਾਲ- ਤੁਸੀਂ ਪਹਿਲੀ ਵਾਰ ਜੇਲ ਕਦੋਂ ਗਏ?
ਜੁਆਬ- ਰਾਮਗੜ੍ਹ ਤਾਲ ਅੰਦੋਲਨ ਦੌਰਾਨ ਮੈਨੂੰ ਪੁਲਸ ਨੇ ਕਈ ਵਾਰ ਗ੍ਰਿਫਤਾਰ ਕੀਤਾ, ਇਸ ਅੰਦੋਲਨ ਦੌਰਾਨ ਹੀ ਮੈਂ ਪਹਿਲੀ ਵਾਰ ਜੇਲ ਯਾਤਰਾ ਕੀਤੀ, ਅਤੇ ਮੈਨੂੰ ਕਈ ਦਿਨ ਗੋਰਖਪੁਰ ਦੀ ਵਿਸਮਿਲ ਜੇਲ ਚ ਬੰਦ ਰੱਖਿਆ ਗਿਆ।
ਸਵਾਲ- ਇਸ ਅੰਦੋਲਨ ਦੌਰਾਨ ਵਾਪਰੀ ਕੋਈ ਵਿਸ਼ੇਸ਼ ਗੱਲ?
ਜੁਆਬ- ਹਾਂ ਹੈ, ਰਾਮਗੜ੍ਹ ਤਾਲ ਅੰਦੋਲਨ ਕਾਫੀ ਲੰਮਾ ਹੋ ਗਿਆ, ਅਸੀਂ ਇਸ ਨੂੰ ਕਨੂੰਨੀ ਨੁਕਤਾ ਨਿਗਾਹ ਤੋਂ ਵੀ ਲਡ਼ਨਾ ਬਿਹਤਰ ਸਮਝਿਆ, ਇਸ ਲਈ ਅਸੀਂ ਕਾਮਰੇਡ ਸਵਿਤਾ ਤਿਵਾਡ਼ੀ ਐਡਵੋਕੇਟ ਦੀ ਮਦਦ ਲਈ, ਲੇਕਿਨ ਕੁਝ ਸਮੇਂ ਬਾਅਦ ਕਨੂੰਨੀ ਲੜਾਈ ਲੜਨ ਲਈ ਉਸ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ, ਹੌਲੀ ਹੌਲੀ ਪੈਸਾ ਉਸ ਦੀ ਕਮਜੋ਼ਰੀ ਬਣ ਗਿਆ ਤੇ ਆਖਰ ਉਸ ਦਾ ਵਿਚਾਰਧਾਰਕ ਪਤਨ ਹੋ ਗਿਆ।
ਸਵਾਲ- ਤੁਸੀਂ ਕਿਹੜੀਆਂ ਕਿਹੜੀਆਂ ਸਟੇਟਾਂ ਵਿੱਚ ਕੰਮ ਕੀਤਾ?
ਜੁਆਬ- ਮੈਂ ਇੰਡੀਅਨ ਪੀਪਲਜ਼ ਫਰੰਟ ਦੀ ਗੋਰਖਪੁਰ ਜ਼ਿਲੇ ਦੀ ਕਨਵੀਨਰ ਸੀ, ਲੇਕਿਨ ਜਲਦੀ ਹੀ ਮੇਰੀਆਂ ਸਰਗਰਮੀਆਂ ਨੂੰ ਵੇਖਦਿਆਂ ਮੈਨੂੰ ਆਈ ਪੀ ਐਫ ਦੀ ਸੂਬਾ ਸਕੱਤਰ ਬਣਾ ਲਿਆ ਗਿਆ, ਮੈਂ ਲਖਨਊ ਰਹਿਣ ਲੱਗ ਪਈ, ਇੱਥੇ ਹੀ ਮੇਰਾ ਸੰਪਰਕ ਕਾਮਰੇਡ ਅਜੰਤਾ ਲੋਹਿਤ ਨਾਲ ਹੋਇਆ, ਜਿਸ ਨੂੰ ਮੈਂ ਪ੍ਰੇਰ ਕੇ ਪਾਰਟੀ ਚ ਲੈ ਆਂਦਾ, ਜੋ ਬਾਅਦ ਚ ਪਾਰਟੀ ਦੇ ਪ੍ਰਮੁੱਖ ਲੀਡਰ ਬਣੇ, (ਕਾਮਰੇਡ ਅਜੰਤਾ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਕਾਰਨ ਕਾਮਰੇਡ ਜੀਤਾ ਕੌਰ ਤੋਂ ਇਕ ਮਹੀਨਾ ਪਹਿਲਾਂ ਸਦੀਵੀ ਵਿਛੋਡ਼ਾ ਦੇ ਗਏ ਸਨ।)
ਉੱਤਰ ਪ੍ਰਦੇਸ ਵਿਚ ਔਰਤਾਂ ਨੂੰ ਜਥੇਬੰਦ ਕਰਨ ਦਾ ਵੱਡਾ ਕੰਮ ਆਪਣੇ ਹੱਥ ਲਿਆ ਅਤੇ ਆਲ ਇੰਡੀਆ ਪ੍ਰੋਗਰੈਸਿਵ ਐਸੋਸੀਏਸ਼ਨ (ਏਪਵਾ ) ਨੂੰ ਜਥੇਬੰਦ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ, ਤੇ 1992 ਵਿੱਚ ਸੂਬਾ ਕਾਨਫਰੰਸ ਕੀਤੀ। ਇਸ ਤੋਂ ਬਾਅਦ ਏਪਵਾ ਦੀ ਕੌਮੀ ਕਾਨਫਰੰਸ ਹੋਣੀ ਸੀ, ਏਪਵਾ ਆਗੂ ਕਾਮਰੇਡ ਕੁਮੁਦਨੀਪਤੀ ਦੇ ਗਰਭਵਤੀ ਹੋਣ ਕਾਰਨ ਇਸ ਕਾਨਫਰੰਸ ਦੀ ਤਿਆਰੀ ਲਈ ਮੈਨੂੰ ਦਿੱਲੀ ਬੁਲਾ ਲਿਆ ਗਿਆ, ਕਾਨਫਰੰਸ ਦੌਰਾਨ ਮੈਨੂੰ ਏਪਵਾ ਦੀ ਕੌਮੀ ਪ੍ਰਚਾਰ ਸਕੱਤਰ ਚੁਣ ਲਿਆ ਗਿਆ, ਜਿਸ ਕਰਕੇ ਮੇਰਾ ਦਿੱਲੀ ਰੁਕਣਾ ਜ਼ਰੂਰੀ ਹੋ ਗਿਆ, ਮੈਂ 1994-2001 ਤੱਕ ਦਿੱਲੀ ਰਹੀ। ਇਸ ਸਮੇਂ ਦੌਰਾਨ ਮੈਂ ਪੱਛਮੀ ਤੇ ਪੂਰਵੀ ਦਿੱਲੀ ਵਿੱਚ ਪਾਰਟੀ ਲਈ ਕੰਮ ਕੀਤਾ, ਤੇ ਔਰਤਾਂ ਨੂੰ ਲਾਮਬੰਦ ਕਰਨ ਲਈ ਜਿ਼ੰਮੇਵਾਰੀ ਸੰਭਾਲੀ, ਲੇਕਿਨ ਇਸ ਤੋਂ ਬਾਅਦ ਜਨਰਲ ਸਕੱਤਰ ਦੇ ਸੁਝਾਅ ਤੇ ਮੈਨੂੰ ਪੰਜਾਬ ਭੇਜ ਦਿੱਤਾ ਗਿਆ।
ਸਵਾਲ- ਕੀ ਤੁਸੀਂ ਵਾਰ ਵਾਰ ਥਾਵਾਂ ਅਤੇ ਜੁ਼ੰਮੇਵਾਰੀਆਂ ਬਦਲਣ ਦੇ ਫੈਸਲੇ ਨਾਲ ਸਹਿਮਤ ਸੀ?
ਜੁਆਬ- ਮੈਂ ਵਾਰ ਵਾਰ ਸਥਾਨ ਤੇ ਡਿਊਟੀਆਂ ਬਦਲਣ ਨਾਲ ਸਹਿਮਤ ਨਹੀ ਸੀ, ਮੈਂ ਯੂ ਪੀ ਅੰਦਰ ਏਪਵਾ ਨੂੰ ਜਥੇਬੰਦ ਕੀਤਾ, ਤੇ ਮੇਰੀ ਸਟੇਟ ਚ ਬਤੌਰ ਜਨਤਕ ਲੀਡਰ ਵਾਲੀ ਪਛਾਣ ਵੀ ਬਣ ਗਈ ਸੀ, ਮੈਂ ਯੂ ਪੀ ਵਿੱਚ ਵਧੀਆ ਢੰਗ ਨਾਲ ਕੰਮ ਕਰ ਸਕਦੀ ਸੀ, ਪਰ ਮੇਰੀ ਡਿਊਟੀ ਦਿੱਲੀ ਲਾ ਦਿੱਤੀ ਗਈ, ਜੇ ਦਿੱਲੀ ਚ ਕੰਮ ਤੋਰਿਆ ਤਾਂ ਡਿਊਟੀ ਬਦਲ ਕੇ ਪੰਜਾਬ ਭੇਜ ਦਿੱਤਾ ਗਿਆ, ਵਿਅਕਤੀ ਜਿੱਥੇ ਰਹਿੰਦਾ ਹੈ, ਕੰਮ ਕਰਦਾ ਤੇ ਪਹਿਚਾਣ ਬਣਾਉਂਦਾ ਹੈ, ਓਥੇ ਬਿਹਤਰ ਨਤੀਜੇ ਕੱਢ ਸਕਦਾ ਹੈ, ਪਰ ਪਾਰਟੀ ਮੈਨੂੰ ਸ਼ਾਇਦ ਆਰਗੇਨਾਈਜ਼ਰ ਦੀ ਭੂਮਿਕਾ ਚ ਵੇਖਦੀ ਸੀ, ਤੇ ਪਾਰਟੀ ਫੈਸਲਾ ਮੇਰੇ ਵੱਖ ਵੱਖ ਥਾਵਾਂ ਤੇ ਕੰਮ ਕਰਨ ਦੀ ਮੰਗ ਕਰਦਾ ਸੀ। ਨਾਲੇ ਜਦੋਂ ਤੁਸੀਂ ਇਨਕਲਾਬੀ ਕਮਿਊਨਿਸਟ ਹੋ ਤਾਂ ਹਰ ਫੈਸਲੇ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਲਈ ਸਹਿਮਤ ਅਸਹਿਮਤ ਹੋਣ ਦਾ ਮਤਲਬ ਹੀ ਨਹੀਂ। ਬਾਕੀ, ਵਿਅਕਤੀ ਨਾਲੋਂ ਪਾਰਟੀ ਬਿਹਤਰ ਢੰਗ ਨਾਲ ਸੋਚ ਸਕਦੀ ਹੈ ਕਿ ਕੌਣ ਕਿੱਥੇ ਢੁਕਵਾਂ ਤੇ ਯੋਗ ਹੈ।
ਸਵਾਲ- ਇੱਕ ਸੋਹਣੀ ਸੁਨੱਖੀ ਕੁਆਰੀ ਕੁੜੀ ਹੋਣ ਕਾਰਨ ਤੁਹਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ?
ਜੁਆਬ- ਸਮੱਸਿਆਵਾਂ ਤਾਂ ਕੁਡ਼ੀਆਂ ਨਾਲ ਜੁਡ਼ੀਆਂ ਹੀ ਹੋਈਆਂ ਹਨ, ਔਰਤਾਂ ਪ੍ਰਤੀ ਸਮਾਜ ਦਾ ਨਜ਼ਰੀਆ ਦਰੁਸਤ ਨਹੀਂ। ਮੈਂ ਸ਼ੁਰੂ ਤੋਂ ਹੀ ਕਦੇ ਵੀ ਕਿਤੇ ਵੀ ਇਕੱਲੀ ਜਾਣ ਲਈ ਹਿਚਕ ਨਹੀ ਵਿਖਾਈ, ਬਹੁਤੀ ਵਾਰ ਇਕੱਲੀ ਨੂੰ ਵੇਖ ਕੇ ਲੋਕ ਗਲਤ ਹਰਕਤਾਂ ਵੀ ਕਰਦੇ, ਪਾਰਟੀ ਅੰਦਰ ਵੀ ਬਹੁਤ ਸਾਰੇ ਕਾਮਰੇਡਾਂ ਨੇ ਮੇਰੇ ਨਾਲ ਨਿੱਜੀ ਨੇਡ਼ਤਾ ਬਣਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਮੈਂ ਆਪਣੇ ਵਿਚਾਰਾਂ ਤੇ ਅਡੋਲ ਰਹੀ। ਮੇਰੇ ਹੱਕ ਵਿੱਚ ਇੱਕ ਇਹ ਜਾਂਦੀ ਸੀ ਕਿ ਮੇਰੇ ਵਾਲ਼ ਉਮਰ ਤੋਂ ਪਹਿਲਾਂ ਚਿੱਟੇ ਹੋ ਗਏ, ਜਿਸ ਕਾਰਨ ਹਰ ਕੋਈ ਝਿਜਕਦਾ ਵੀ ਸੀ। ਮੈਂ ਪਾਰਟੀ ਦਫਤਰਾਂ ਤੇ ਕਾਮਰੇਡਾਂ ਦੇ ਘਰਾਂ ਚ ਵੀ ਰਹੀ ਹਾਂ, ਜਿੱਥੇ ਮੈਂ ਰਸੋਈ ਚ ਸਿਰਫ ਔਰਤਾਂ ਦੇ ਕੰਮ ਕਰਨ ਦੀ ਪ੍ਰਵਿਰਤੀ ਖਿਲਾਫ ਲਡ਼ੀ, ਓਥੇ ਮੈਨੂੰ ਕਈ ਕਾਮਰੇਡਾਂ ਦੇ ਘਰਾਂ ਚੋਂ `ਨਾਲੇ ਘਰੋਂ ਖਵਾਇਆ, ਨਾਲੇ ਭਡ਼ੂਆ ਅਖਵਾਇਆ`, ਵਰਗੇ ਸ਼ਬਦ ਵੀ ਸੁਣਨੇ ਪਏ।
ਸਵਾਲ- ਕੀ ਕਦੇ ਵਿਆਹ ਨਾ ਕਰਵਾਉਣ ਦੇ ਫੈਸਲੇ ਤੇ ਪਛਤਾਵਾ ਨਹੀਂ ਹੋਇਆ?
ਜੁਆਬ- ਨਹੀਂ, ਕਦੇ ਨਹੀਂ। ਜਿਸ ਨੂੰ ਚਾਹਿਆ, ਉਹ ਹੋ ਨਾ ਸਕਿਆ, ਦੂਸਰੇ ਬਾਰੇ ਮੈਂ ਮੁਡ਼ ਕੇ ਕਦੇ ਨਹੀਂ ਸੋਚਿਆ, ਫੇਰ ਪਛਤਾਵਾ ਤਾਂ ਹੋਵੇ ਜੇ ਮੈਂ ਕਦੇ ਵਿਆਹ ਕਰਾਉਣਾ ਹੁੰਦਾ। ਇਸ ਸ਼ਬਦ, ਵਿਆਹ, ਨਾਲ ਘ੍ਰਿਣਾ ਜਿਹੀ ਹੋ ਗਈ ਸੀ।
ਸਵਾਲ- ਤੁਹਾਨੂੰ ਕਠੋਰ ਤੇ ਸਖਤ ਸੁਭਾਅ ਵਾਲੀ ਲੀਡਰ ਮੰਨਿਆ ਜਾਂਦਾ ਹੈ?
ਜੁਆਬ- ਮੇਰੇ ਲਈ ਇਹ ਧਾਰਨਾ ਗਲਤ ਹੈ, ਲੇਕਿਨ ਮੈਂ ਸਪੱਸ਼ਟ ਵਿਚਾਰਾਂ ਅਤੇ ਸਖਤ ਅਨੁਸ਼ਾਸਨ ਦੀ ਹਾਮੀ ਹਾਂ, ਅਨੁਸ਼ਾਸਨ ਭੰਗ ਕਰਨ, ਝੂਠ ਬੋਲਣ, ਕਿਸੇ ਵੀ ਨਸ਼ਾ ਕਰਨ, ਔਰਤਾਂ ਵਿਰੋਧੀ ਗਾਲਾਂ ਕਢਣ ਵਾਲਿਆਂ ਦੇ ਸਖਤ ਖਿਲਾਫ ਹਾਂ, ਇਹਨਾਂ ਸਭ ਕੁਰੀਤੀਆਂ ਦੇ ਖਿਲਾਫ ਪਾਰਟੀ ਦੇ ਅੰਦਰ ਤੇ ਬਾਹਰ ਤਿੱਖੀ ਬਹਿਸ ਚਲਾਈ ਹੈ, ਮੈਂ ਬਹੁਤੀ ਵਾਰੀ ਅਜਿਹੀਆਂ ਘਾਟਾਂ ਕਮਜੋ਼ਰੀਆਂ ਵਾਲੇ ਸਾਥੀਆਂ ਨੂੰ ਪਿਆਰ ਨਾਲ ਬਹਿ ਕੇ ਸਮਝਾਇਆ ਵੀ ਹੈ, ਬਹੁਤੇ ਸਮਝੇ, ਪਰ ਕੁਝ ਨੇ ਮੈਨੂੰ ਸਖਤ ਸੁਭਾਅ ਦੀ ਆਗੂ ਦਾ ਖਿਤਾਬ ਦੇ ਦਿੱਤਾ।
ਸੁਆਲ- ਤੁਹਾਡਾ ਪੜ੍ਹਨ ਦਾ ਰੁਝਾਨ ਕਿੰਨਾ ਕੁ ਹੈ?
ਜੁਆਬ- ਮੈਨੂੰ ਅਕਸਰ ਪੜ੍ਹਨ ਦੀ ਆਦਤ ਹੈ, ਇੱਕ ਦੋ ਕਿਤਾਬਾਂ ਹਮੇਸ਼ਾਂ ਮੇਰੇ ਬੈਗ ਚ ਹੁੰਦੀਆਂ ਹਨ, ਮੈਨੂੰ ਜਿੱਥੇ ਵੀ ਵਕਤ ਮਿਲਦਾ ਹੈ ,ਮੈਂ ਪੜ੍ਹਨ ਦੀ ਕੋਸ਼ਿਸ਼ ਕਰਦੀ ਹਾਂ, ਭਾਵੇਂ ਬੱਸ, ਰੇਲ ਦਾ ਸਫਰ ਹੋਵੇ ਜਾਂ ਕਿਸੇ ਦਾ ਘਰ।
ਸਵਾਲ- ਤੁਸੀਂ ਪੰਜਾਬ ਕਦੋਂ ਆਏ ਤੇ ਕਿਸ ਭੂਮਿਕਾ ਵਿੱਚ ਰਹੇ?
ਜੁਆਬ- ਮੈਂ 2001 ਵਿੱਚ ਪੰਜਾਬ ਆਈ ਤੇ ਹੁਣ ਤੱਕ ਇੱਥੇ ਹੀ ਹਾਂ, ਲੇਕਿਨ ਮੈਂ ਇਸ ਤੋਂ ਪਹਿਲਾਂ ਹੀ ਪੰਜਾਬ ਆਉਂਦੀ ਰਹੀ ਹਾਂ, ਮਹਿਲ ਕਲਾਂ ਦੇ ਕਿਰਨਜੀਤ ਕਾਂਡ ਖਿਲਾਫ ਸੰਘਰਸ਼ ਵਿੱਚ ਮੈਂ ਸ਼ਾਮਲ ਰਹੀ ਹਾਂ, ਮੈਂ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥ ਖਿਲਾਫ ਜਲਿਆਂਵਾਲਾ ਕਾਂਡ ਦੀ ਮਾਫੀ ਨੂੰ ਲੈ ਕੇ ਹੋਏ ਨਕਸਲੀ ਧਿਰਾਂ ਦੇ ਸਾਂਝੇ ਪ੍ਰਦਰਸ਼ਨ ਵਿਚ ਸ਼ਮੂਲੀਅਤ ਕੀਤੀ ਅਤੇ 1998 ਵਿੱਚ ਲੁਧਿਆਣੇ ਤੋਂ ਪਾਰਲੀਮੈਂਟ ਸੀਟ ਵੀ ਲਡ਼ੀ। ਇਸ ਸਮੇਂ ਮੈਂ ਪਾਰਟੀ ਦੀ ਸੂਬਾ ਲੀਡਿੰਗ ਟੀਮ ਦੀ ਮੈਂਬਰ ਹਾਂ, ਮੁੱਖ ਰੂਪ ਚ ਮੈਂ ਪਾਰਟੀ ਆਰਗੇਨਾਈਜ਼ਰ ਦੀ ਭੂਮਿਕਾ ਨਿਭਾਈ। ਜਦੋਂ ਮੈਂ ਪੰਜਾਬ ਆਈ, ਮੈਂ ਪਾਰਟੀ ਦਫਤਰ ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿਖੇ ਰਹੀ, ਇੱਥੇ ਪਾਰਟੀ ਤਾਂ ਰਹੀ, ਲੇਕਿਨ ਢਾਂਚਾ ਬੇਹੱਦ ਕਮਜ਼ੋਰ ਸੀ, ਲੰਮਾ ਲੰਮਾ ਸਮਾਂ ਮੀਟਿੰਗਾਂ ਨਹੀ ਸੀ ਹੁੰਦੀਆਂ, ਸਭ ਤੋਂ ਪਹਿਲਾਂ ਸਾਥੀਆਂ ਦੀ ਮਦਦ ਨਾਲ ਸੂਬਾ ਹੈਡਕੁਆਟਰ ਨੂੰ ਚੁਸਤ ਦਰੁਸਤ ਕਰਨਾ ਅਤੇ ਸਮੇਂ ਸਿਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਵਾਉਣਾ ਮੇਰਾ ਨਿਸ਼ਾਨਾ ਸੀ, ਜਿਸ ਚ ਮੈਂ ਸਫਲਤਾ ਹਾਸਲ ਕੀਤੀ। ਤਮਾਮ ਸਰਗਰਮੀਆਂ ਪਾਰਟੀ ਦਫਤਰੋਂ ਸ਼ੁਰੂ ਹੋਈਆਂ। ਕਾਫੀ ਤਿੱਖੀ ਬਹਿਸ ਤੋਂ ਬਾਅਦ ਪਾਰਟੀ ਦਫਤਰ ਮੇਨਟੇਨ ਹੋਇਆ। ਬੈਂਕ ਖਾਤਾ ਮੇਰੇ ਆਉਣ ਤੋਂ ਬਾਅਦ ਹੀ ਖੁੱਲਿਆ, ਤੇ ਪਾਰਟੀ ਮੈਗਜੀ਼ਨ ਦੀ ਲੋਡ਼ ਨੂੰ ਮਹਿਸੂਸ ਕਰਦਿਆਂ ਸਾਥੀਆਂ ਦੇ ਇਕਜੁਟ ਹੰਭਲੇ ਨਾਲ ਸਮਕਾਲੀ ਲੋਕ ਮੋਰਚਾ ਮੁਡ਼ ਸ਼ੁਰੂ ਹੋਇਆ। ਨੌਜਵਾਨ ਆਗੂਆਂ ਦੀ ਊਰਜਾ ਦਾ ਸਹੀ ਇਸਤੇਮਾਲ ਕਰਨ ਤੇ ਉਹਨਾਂ ਨੂੰ ਵੱਖ ਵੱਖ ਭੂਮਿਕਾਵਾਂ ਚ ਖੜ੍ਹੇ ਕਰਨ ਦੀ ਇਕਜੁਟ ਕੋਸ਼ਿਸ਼ ਕੀਤੀ, ਜਿਸ ਚ ਸਫਲਤਾ ਮਿਲੀ। ਪਾਰਟੀ ਆਰਗੇਨਾਈਜ਼ਰ ਦੀ ਭੂਮਿਕਾ ਤਹਿਤ ਹੀ ਮੈਂ ਮਾਨਸਾ ਤੋਂ ਬਾਅਦ ਮੋਗਾ ਅਤੇ ਲੁਧਿਆਣਾ ਵਿਖੇ ਕੰਮ ਕੀਤਾ, ਅਤੇ  ਔਰਤਾਂ ਨੂੰ ਜਥੇਬੰਦ ਕਰਨ ਦੀ ਕੋਸ਼ਿਸ਼ ਕੀਤੀ।
ਸਵਾਲ- ਕੀ ਤੁਸੀਂ ਔਰਤਾਂ ਨੂੰ ਜਥੇਬੰਦ ਕਰਨ ਚ ਸਫਲ ਹੋਏ?
ਜੁਆਬ- ਪੰਜਾਬ ਅੰਦਰ ਔਰਤ ਲਹਿਰ ਬਹੁਤੀ ਨਜ਼ਰ ਨਹੀਂ ਆਉਂਦੀ, ਜੋ ਸੰਗਠਨ ਕੰਮ ਵੀ ਕਰ ਰਹੇ ਨੇ, ਉਹਨਾਂ ਵਿਚ ਨਾਰੀਵਾਦੀ ਸੋਚ ਭਾਰੂ ਹੈ। ਦੂਜਾ ਪੰਜਾਬ ਅੰਦਰ ਜਗੀਰੂ ਕਦਰਾਂ ਕੀਮਤਾਂ ਭਾਰੂ ਹਨ, ਔਰਤਾਂ ਨੂੰ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਦੀ ਖੁੱਲ ਨਹੀਂ। ਘਰਾਂ ਚ ਔਰਤਾਂ ਤੇ ਨਿਰਭਰਤਾ ਹੈ, ਔਰਤ ਲਹਿਰ ਦੇ ਵਿਕਸਿਤ ਨਾ ਹੋਣ ਦਾ ਕਾਰਨ ਜਗੀਰੂ ਕਲਚਰ ਦੇ ਨਾਲ ਨਾਲ ਖਪਤ ਸਭਿਆਚਾਰ ਤੇ ਆਰਥਿਕ ਸਮੱਸਿਆ ਹੈ। ਰਾਜ ਅੰਦਰ ਔਰਤਾਂ ਦਾ ਸ਼ੋਸ਼ਣ ਹੋ ਰਿਹਾ ਹੈ। ਹਰ ਪੱਧਰ ਤੇ ਭਰੂਣ ਹੱਤਿਆਵਾਂ ਲਗਾਤਾਰ ਪੰਜਾਬ ਚ ਵਧਰ ਰਹੀਆਂ ਹਨ, ਇਸ ਲਈ ਔਰਤ ਲਹਿਰ ਦੇ ਜਾਗਰੂਕ ਤੇ ਜਥੇਬਂਦ ਹੋਣ ਦੀ ਜ਼ਰੂਰ ਹੈ। ਮੈਂ ਔਰਤਾਂ ਨੂੰ ਏਪਵਾ ਰਾਹੀਂ  ਜਥੇਬੰਦ  ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਔਰਤਾਂ ਵਿਚ ਅਗਵਾਈ ਦੇ ਸਵਾਲ ਤੇ ਪੰਜਾਬ ਦੇ ਸਾਥੀਆਂ ਨਾਲ ਮੇਰੇ ਮਤਭੇਦ ਹਨ, ਪਰ ਇਹ ਹਕੀਕਤ ਹੈ ਕਿ ਕੋਈ ਵੀ ਮਿਸ਼ਨ ਔਰਤਾਂ ਦੀ ਸ਼ਮੂਲੀਅਤ ਤੋਂ ਬਗੈਰ ਸਫਲ ਹੋ ਸਕਦਾ ਹੈ, ਤੇ ਨਾ ਹੀ ਕੋਈ ਅੰਦੋਲਨ ਜਨਤਕ ਅੰਦੋਲਨ ਬਣ ਸਕਦਾ ਹੈ।
ਸਵਾਲ- ਤੁਸੀਂ ਲੁਧਿਆਣਾ ਦੀਆਂ ਗੰਦੀਆਂ ਬਸਤੀਆਂ ਚ ਕੰਮ ਕੀਤਾ, ਤੁਹਾਨੂੰ ਅਜਿਹਾ ਕਰਦੇ ਸਮੇਂ ਔਖ ਤੇ ਗਲਿਆਣ ਮਹਿਸੂਸ ਨਹੀਂ ਹੋਈ?
ਜੁਆਬ- ਕਮਿਊਨਿਸਟ ਪਾਰਟੀ ਮਜ਼ਦੂਰ ਜਮਾਤ ਦੀ ਪਾਰਟੀ ਹੁੰਦੀ ਹੈ, ਫੇਰ ਮਜ਼ਦੂਰ ਗੰਦੀਆਂ ਬਸਤੀਆਂ ਚ ਹੋਣ ਜਾਂ ਕਿਤੇ ਹੋਰ, ਮਜ਼ਦੂਰਾਂ ਚ ਕੰਮ ਕਰਨਾ ਔਖ ਤੇ ਗਲਿਆਣ ਨਹੀਂ ਮਾਣ ਦੀ ਗੱਲ ਹੈ। ਜੇਕਰ ਸਭ ਤੋਂ ਵੱਧ ਅਹਿਮ ਪਾਰਟੀ ਅੰਗ ਮਜ਼ਦੂਰਾਂ ਚ ਮੇਰੀ ਡਿਊਟੀ ਲਾਈ ਹੈ, ਤਾਂ ਏਸ ਤੋਂ ਵੱਡੀ ਖੁਸ਼ੀ ਵਾਲੀ ਗੱਲ ਕਿਹੜੀ ਹੋ ਸਕਦੀ ਹੈ। ਨਾਲੇ ਸੌਖ ਦੀ ਜ਼ਿੰਦਗੀ ਛੱਡ ਕੇ ਹੀ ਤਾਂ ਕਮਿਊਨਿਸਟ ਬਣੇ ਹਾਂ।
ਸਵਾਲ- ਬੰਤ ਸਿੰਘ ਝੱਬਰ ਕਾਂਡ ਬਾਰੇ ਤੁਸੀਂ ਕੀ ਸਮਝਦੇ ਹੋ?
ਜੁਆਬ- ਝੱਬਰ ਕਾਂਡ ਜਗੀਰੂ ਮਾਨਸਿਕਤਾ ਵਾਲੇ ਗੁੰਡਾ ਅਨਸਰਾਂ ਵਲੋਂ ਵਰਤਾਏ ਗਏ ਘਿਣਾਉਣੀ ਤੇ ਅਣਮਨੁਖੀ ਤਸਵੀਰ ਹੈ, ਲੇਕਿਨ ਬੰਤ ਸਿੰਘ ਇਨਸਾਫ ਤੇ ਅਣਖ ਦੀ ਲਡ਼ਾਈ ਦਾ ਪ੍ਰਤੀਕ ਹੈ, ਜਿਸ ਨੇ ਆਪਣੇ ਅੰਗ ਅੰਗ ਨੂੰ ਤਾਂ ਕਟਾ ਲਿਆ, ਲੇਕਿਨ ਮਜ਼ਦੂਰ ਜਮਾਤ ਦੀ ਅਣਖ, ਗੈਰਤ ਤੇ ਸਵੈਮਾਣ ਨੂੰ ਜਗੀਰੂ ਤੇ ਧਨਾਢ ਮਾਨਸਿਕਤਾ ਅੱਗੇ ਨੀਵਾਂ ਨਹੀਂ ਪੈਣ ਦਿੱਤਾ।  ਸੀ ਪੀ ਆਈ ਐਮ ਐਲ ਲਿਬਰੇਸ਼ਨ ਦੀ ਪਹਿਲ ਕਦਮੀ ਤੇ ਇਸ ਕਾਂਡ ਖਿਲਾਫ ਲਡ਼ਿਆ ਗਿਆ ਲਾਮਿਸਾਲ ਅੰਦੋਲਨ, ਦੁਨੀਆ ਦੇ ਨਕਸ਼ੇ ਤੇ ਉਭਰਿਆ ਹੈ। ਮੈਂ ਇਸ ਅੰਦੋਲਨ ਚ ਸ਼ਾਮਲ ਰਹੀ ਹਾਂ, ਪੀ ਜੀ ਆਈ ਹਸਪਤਾਲ ਚ ਮੁਸ਼ਕਲ ਹਾਲਤ ਚ ਰਹਿੰਦਿਆਂ ਬੰਤ ਸਿੰਘ ਦੀ ਸੰਭਾਲ ਦੀ ਜ਼ਿਮੇਵਾਰੀ ਮੇਰੇ ਹਿੱਸੇ ਆਈ ਹੈ।
ਸਵਾਲ- ਆਖਰੀ ਸਵਾਲ, ਤੁਹਾਨੂੰ ਪੰਜਾਬ ਚ ਕਿੱਥੇ ਜਾਣਾ ਪਸੰਦ ਹੈ?
ਜੁਆਬ- ਜਲੰਧਰ ਗਦਰੀ ਬਾਬਿਆਂ ਦੇ ਮੇਲੇ ਤੇ , ਜਿੱਥੇ ਕਮਿਊਨਿਸਟ ਲਹਿਰ ਦਾ ਅਸਰ ਅਤੇ ਤਾਕਤ ਦੇਖਣ ਨੂੰ ਮਿਲਦੀ ਹੈ ਤੇ ਸੰਘਰਸ਼ ਦੀ ਪ੍ਰੇਰਨਾ ਮਿਲਦੀ ਹੈ।              --ਹਰਭਗਵਾਨ ਭੀਖੀ (+91 9876896122)

जीता कौर पर विशेष आलेख पढिये नक्सलबाड़ी स्क्रीन हिंदी में भी बस यहां क्लिक करके  

Red Salute To Comrade Jita Kaur in the Naxalbari Screen (English)

Sunday, May 31, 2020

ਭਗਵੀ ਲਕੀਰ ਦੇ ਲਾਲ ਫਕੀਰ//ਨਾਜ਼ਰ ਸਿੰਘ ਬੋਪਾਰਾਏ ਬੋਪਾਰਾਏ

Saturday: 30th  May 2020 at 06:51 AM 
''ਕਿਛੁ ਸੁਣਿਐ, ਕਿਛੁ ਕਹੀਐ'' ਵਾਲੀ ਭਾਵਨਾ ਦੀ ਕਦਰ ਕਰਨੀ ਹੀ ਪਵੇਗੀ 
ਸੋਸ਼ਲ ਮੀਡੀਆ: 30 ਮਈ 2020: (ਫੇਸਬੁੱਕ//ਪੰਜਾਬੀ ਡੈਸਕ):: 
ਜਿਹੜਾ ਵੀ ਬੰਦਾ ਫੇਸਬੁੱਕ ਆਦਿ ਵਰਗੇ ਸੋਸ਼ਲ ਮੀਡੀਆ ਦੇ ਮਾਧਿਅਮਾਂ ਨੂੰ ਵਰਤਦਾ ਹੈ। ਉਸ ਲਈ ਇਹ ਜ਼ਰੂਰੀ ਬਣਦਾ ਹੈ ਕਿ ਜੇਕਰ ਉਹ ਆਪਣੀ ਗੱਲ ਪਬਲਿਕ ਸਾਹਮਣੇ ਰੱਖਣੀ ਚਾਹੁੰਦਾ ਹੈ ਤਾਂ ਉਸ ਨੂੰ ਇਹ ਵੀ ਚਾਹੀਦਾ ਹੈ ਕਿ ਉਹ ਜਨਤਾ ਦੀ ਸੁਣੇ ਵੀ। ਅਜਿਹਾ ਵਰਤਾਰਾ ਨਹੀਂ ਹੋਣਾ ਚਾਹੀਦਾ ਕਿ ਕਿਸੇ ਨੇ ਆਪਣੀ ਗੱਲ ਤਾਂ ਜਨਤਾ ਨੂੰ ਸੁਣਾਉਣੀ ਹੈ ਪਰ ਕਿਸੇ ਦੀ ਸੁਣਨੀ ਨਹੀਂ। ਇਹ ਲੋਕਾਂ ਨਾਲ ਇਨਸਾਫ ਨਹੀਂ ਬਣਦਾ। ਇਹ ਜਮਹੂਰੀ ਪਰਕਿਰਿਆ ਨਹੀਂ ਹੈ। ਜੇਕਰ ਕਿਸੇ ਨੇ ਜਨਤਕ ਥੜਾ ਵਰਤਣਾ ਹੈ ਤਾਂ ਹੋਰਨਾਂ ਦੀ ਗੱਲ ਸੁਣਨੀ ਪਵੇਗੀ ਹੀ। ਸੁਣਨੀ ਚਾਹੀਦੀ ਦੀ ਵੀ ਹੈ। ਕੋਈ ਇਹ ਨਹੀਂ ਕਹਿ ਸਕਦਾ ਕਿ ''ਮੈਂ ਫੇਸਬੁੱਕ ਉੱਤੇ ਚੱਲ ਰਹੀ ਬਹਿਸ ਵਿੱਚ ਕਈ ਹਿੱਸਾ ਨਹੀਂ ਲੈਣਾ ਹੈ, ਜੇਕਰ ਕਿਸੇ ਸਾਥੀ ਨੇ ਜਾਣਕਾਰੀ ਲੈਣੀ ਹੋਵੇ ਤਾਂ ਮੈਨੂੰ ਫੋਨ ਕਰ ਸਕਦਾ ਹੈ।'' ਇਹ ਸੋਸ਼ਲ ਮੀਡੀਆ ਹੈ। ਜੇਕਰ ਕੋਈ ਇਸ ਨੂੰ ਮਾਨਤਾ ਦਿੰਦਾ ਹੈ ਤਾਂ ਉਸ ਨੂੰ ''ਕਿਛੁ ਸੁਣਿਐ, ਕਿਛੁ ਕਹੀਐ'' ਦੀ ਭਾਵਨਾ ਦੀ ਕਦਰ ਕਰਨੀ ਹੀ ਪਵੇਗੀ। ਜੇਕਰ ਕਿਸੇ ਨੇ ਫੇਸਬੁੱਕ ਸਿਰਫ ਆਪਣੇ ਨਿੱਜੀ ਘੇਰੇ ਲਈ ਵਰਤਣੀ ਹੈ ਤਾਂ ਉਸ ਨੂੰ ਆਪਣੀ ਸਾਰੀ ਗੱਲ ਜਨਤਾ ਸਾਹਮਣੇ ਨਹੀਂ ਰੱਖਣੀ ਚਾਹੀਦੀ, ਸਿਰਫ ਆਪਣੇ ਦੋਸਤਾਂ ਤੱਕ ਹੀ ਮਹਿਦੂਦ ਰਹੇ। ਕਿਸੇ ਨੇ ਆਪਣੀ ਗੱਲ ਕਹਿਣੀ ਹੈ, ਆਪਣੇ ਨਾਲ ਸਬੰਧਤ ਦੋਸਤ ਨੂੰ ਮੈਸੇਂਜਰ ਵਿੱਚ ਜਾ ਕੇ ਨਿੱਜੀ ਤੌਰ ਵਰਤ ਸਕਦਾ ਹੈ। ਇਸ ਤੋਂ ਵੀ ਅੱਗੇ ਜੇਕਰ ਕਿਸੇ ਨੇ ਗੱਲ ਹੀ ਫੋਨ 'ਤੇ ਕਰਨੀ ਹੈ ਤਾਂ ਉਹ ਫੇਸ ਬੁੱਕ ਵਰਗੇ ਸੋਸ਼ਲ ਮੀਡੀਏ ਨੂੰ ਵਰਤੇ ਹੀ ਨਾ। ਅੱਜ ਦੇ ਸਮੇਂ ਵਿੱਚ ਜਿੱਥੇ ਪਰਚਾਰ-ਪਰਸਾਰ ਦੇ ਮਾਧਿਅਮਾਂ 'ਤੇ ਜ਼ਿਆਦਾਤਰ ਕਾਰਪੋਰੇਟ ਘਰਾਣਿਆਂ ਨੇ ਕਬਜ਼ਾ ਕੀਤਾ ਹੋਇਆ ਹੈ ਤਾਂ ਇਸ ਵਿੱਚ ਸੋਸ਼ਲ ਮੀਡੀਏ ਰਾਹੀਂ ਹੀ ਆਮ ਲੋਕਾਂ ਲਈ ਕੋਈ ਨਾ ਕੋਈ ਥਾਂ ਬਚਦੀ ਹੈ, ਜਿੱਥੋਂ ਉਹ ਆਪਣੀ ਗੱਲ ਕਹਿ ਸਕਦੇ ਹਨ। ਭਾਵੇਂ ਕਿ ਇਹ ਵੀ ਸੀਮਤ ਰੂਪ ਵਿੱਚ ਆਖੀ ਜਾ ਸਕਦੀ ਹੈ। ਕਿਉਂਕਿ ਜੇਕਰ ਕਿਸੇ ਦੀ ਗੱਲ ਕਾਰਪੋਰੇਟਾਂ ਅਤੇ ਉਹਨਾਂ ਦੇ ਮਾਲਕਾਂ ਦੇ ਖਿਲਾਫ ਜਾਂਦੀ ਹੋਈ ਤਾਂ ਉਹ ਇਸ ਨੂੰ ਰੋਕ ਵੀ ਸਕਦੇ ਹਨ।

ਜੇਕਰ ਕੋਈ ਵਿਅਕਤੀ ਫੇਸਬੁੱਕ ਵਰਗਾ ਕੋਈ ਸੋਸ਼ਲ ਮੀਡੀਆ ਵਰਤਦਾ ਨਹੀਂ। ਇਹ ਉਸਦੀ ਆਪਣੀ ਸੋਚ-ਸਮਝ ਦਾ ਮਾਮਲਾ ਹੈ। ਜੇਕਰ ਕੋਈ ਵਿਅਕਤੀ ਸੋਸ਼ਲ ਮੀਡੀਏ ਦਾ ਮੈਂਬਰ ਹੈ, ਪਰ ਉਹ ਕਿਸੇ ਸਮੇਂ 'ਤੇ ਚੱਲ ਰਹੀ ਬਹਿਸ ਦੌਰਾਨ ਇਸ ਮੀਡੀਏ ਵਿੱਚ ਹਾਜ਼ਰ ਨਹੀਂ ਤਾਂ ਉਸਦੀ ਗੈਰ-ਹਾਜ਼ਰੀ ਸਵਿਕਾਰੀ ਜਾ ਸਕਦੀ ਹੈ। ਪਰ ਜੇਕਰ ਕੋਈ ਵਿਅਕਤੀ ਸੋਸ਼ਲ ਮੀਡੀਏ 'ਤੇ ਹਾਜ਼ਰ ਵੀ ਹੋਵੇ ਅਤੇ ਉਸਦੇ ਖਿਲਾਫ ਚੱਲਦੀ ਬਹਿਸ ਵਿੱਚ ਕੋਈ ਹਿੱਸਾ ਨਾ ਰਿਹਾ ਹੋਵੇ ਤਾਂ ਇਹ ਗੱਲ ਉਸ ਲਈ ਸ਼ੋਭਦੀ ਨਹੀਂ। ਉਸ ਨੂੰ ਆਪਣੇ ਖਿਲਾਫ ਚੱਲ ਰਹੀ ਬਹਿਸ ਵਿੱਚ ਆਪਣਾ ਪੱਖ ਰੱਖਣਾ ਚਾਹੀਦਾ ਹੈ। ਫੇਰ ਵੀ ਇਹ ਉਸਦੀ ਆਪਣੀ ਸਮਝ ਦਾ ਹਿੱਸਾ ਹੈ ਕਿ ਉਸ ਨੇ ਕਿਸੇ ਬਹਿਸ ਵਿੱਚ ਹਿੱਸਾ ਨਹੀਂ ਲੈਣਾ, ਪਰ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਉਹ ਕਿਸੇ ਇੱਕ ਪੋਸਟ 'ਤੇ ਆਪਣਾ ਪੱਖ ਰੱਖ ਜਾਵੇ ਪਰ ਹੋਰਨਾਂ ਤੋਂ ਭੱਜ ਹੀ ਜਾਵੇ। ਭੱਜਣ ਵਾਲਾ ਆਮ ਦਰਸ਼ਕਾਂ-ਪਾਠਕਾਂ ਦੀ ਨਜ਼ਰ ਵਿੱਚ ਕਮਜ਼ੋਰ ਹੀ ਮੰਨਿਆ ਜਾਵੇਗਾ।

``ਮੈਂ ਫੇਸਬੁੱਕ ਉੱਤੇ ਚੱਲ ਰਹੀ ਬਹਿਸ ਵਿੱਚ ਕੋਈ ਹਿੱਸਾ ਨਹੀਂ ਲੈਣਾ ਹੈ ਜੇਕਰ ਕਿਸੇ ਸਾਥੀ ਨੇ ਜਾਣਕਾਰੀ ਲੈਣੀ ਹੋਵੇ ਤਾਂ ਮੈਨੂੰ ਫੋਨ ਕਰ ਸਕਦਾ ਹੈ'' ਅਜਿਹੇ ਬੋਲ ਇੱਕਪਾਸੜਤਾ ਵਾਲੇ ਹਨ। ਇਹ ਟਰੰਪ ਦੀ ਬੋਲੀ ਬੋਲੇ ਜਾਣ ਵਾਲੀ ਗੱਲ ਹੈ ਜਿਹੜਾ ਸੋਸ਼ਲ ਮੀਡੀਏ ਨੂੰ ਬੰਦ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ, ਜਾਂ ਫੇਰ ਇਹ ਸਿਰਫ ''ਮਨ ਕੀ ਬਾਤ'' ਕਹਿਣ ਵਾਲੇ ਮੋਦੀ ਦੀ ਬੋਲੀ ਵਰਗੀ ਹੈ, ਜਿਹੜਾ ਮੁੱਖ ਤੌਰ 'ਤੇ ਆਪਣੀ ਹੀ ਕਹਿਣਾ ਚਾਹੁੰਦਾ ਹੈ, ਆਮ ਲੋਕਾਂ ਦੀ ਸੁਣਨੀ ਨਹੀਂ ਚਾਹੁੰਦਾ। ਇਸੇ ਨੂੰ ''ਭਗਵੀਂ ਲਕੀਰ ਦੇ ਲਾਲ ਫਕੀਰ'' ਲਾਗੂ ਕਰਦੇ ਆ ਰਹੇ ਹਨ।