Thursday, November 28, 2019

ਪੰਜਾਬ ਵਿੱਚ ਨਕਸਲਬਾੜੀ ਲਹਿਰ ਦੇ ਨਾਇਕ ਨੂੰ ਸ਼ਰਧਾਂਜਲੀਆਂ

ਕਾਮਰੇਡ ਦਰਸ਼ਨ ਕੂਹਲੀ ਦੀ ਯਾਦ ਵਿੱਚ ਸੰਗਰਾਮੀ ਸਮਾਗਮ
ਉੱਘੇ ਕਮਿਊਨਿਸਟ ਇਨਕਲਾਬੀ ਘੁਲਾਟੀਏ ਲਈ ਉਮੜਿਆ ਲੋਕਾਂ ਦਾ ਇਕੱਠ
ਕੂਹਲੀਕਲਾਂ (ਲੁਧਿਆਣਾ): 28 ਨਵੰਬਰ 2019: (ਨਕਲਸਬਾੜੀ ਬਿਊਰੋ):: 
ਨਕਸਲਬਾੜੀ ਲਹਿਰ ਨੂੰ ਸਰਕਾਰੀ ਅਤੇ ਸਿਆਸੀ ਹਲਕਿਆਂ ਵਿੱਚ ਭਾਵੇਂ ਅਤੀਤ ਦੀ ਗੱਲ ਗਿਣਿਆ ਜਾਂਦਾ ਹੈ ਪਰ ਇਸਦੇ ਨਾਲ ਹੀ ਇਹ ਵੀ ਹਕੀਕਤ ਹੈ ਕਿ ਨਾ ਤਾਂ ਇਸ ਲਹਿਰ ਦੇ ਹਮਦਰਦਾਂ ਦੀ ਸਰਗਰਮੀ ਅਤੇ ਗਿਣਤੀ ਘਟੀ ਹੈ ਅਤੇ ਨਾ ਹੀ ਨਕਸਲੀ ਲਹਿਰ ਵੇਲੇ ਦੀਆਂ ਸਰਕਾਰੀ ਫਾਈਲਾਂ ਬੰਦ ਹੋਈਆਂ ਹਨ। ਸਰਕਾਰੀ ਅਤੇ ਸਿਆਸੀ ਹਲਕਿਆਂ ਵੱਲੋਂ "ਅਰਬਨ ਨਕਸਲ" ਵਰਗੇ ਨਵੇਂ ਨਵੇਂ ਸ਼ਬਦਾਂ ਦੀ ਵਰਤੋਂ ਵੀ ਇਹੀ ਦੱਸਦੀ ਹੈ ਕਿ ਇਹ ਲਹਿਰ ਵੱਖ ਵੱਖ ਰੂਪਾਂ ਵਿੱਚ ਨਿਰੰਤਰ ਸਰਗਰਮ ਹੈ ਅਤੇ ਸਰਕਾਰ ਲਈ ਲਗਾਤਾਰ ਵੱਡੀ ਸਿਰਪੀੜ ਬਣੀ ਹੋਈ ਹੈ। 
ਇਹਨਾਂ ਸਰਗਰਮੀਆਂ ਦੇ ਕੇਂਦਰ ਬਿੰਦੂਆਂ ਵਿੱਚ ਹੀ ਇੱਕ ਸੀ ਕਾਮਰੇਡ ਦਰਸ਼ਨ ਸਿੰਘ ਕੂਹਲੀ। ਉਸਨੂੰ ਪੰਜਾਬ ਵਿੱਚ ਉੱਠੀ ਨਕਸਲਬਾੜੀ ਲਹਿਰ ਦੇ ਨਾਇਕ ਵੱਜੋਂ ਜਾਣਿਆਂ ਜਾਂਦਾ ਹੈ। ਉਸ ਵੇਲੇ ਲਹਿਰ ਦੇ ਸੰਸਥਾਪਕਾਂ ਵਿੱਚੋਂ ਇੱਕ। ਭਰ ਜੁਆਨੀ ਵਿੱਚ ਇਸ ਲਹਿਰ ਦੀ ਚੜ੍ਹਤ ਵਿੱਚ ਆਪਣਾ ਸਰਗਰਮ ਰੋਲ ਨਿਭਾਉਣ ਵਾਲੇ ਇਸ ਨਕਸਲੀ ਨਾਇਕ ਦੀਆਂ ਬਹੁਤ ਸਾਰੀਆਂ ਸੱਚੀਆਂ ਕਹਾਣੀਆਂ ਉਸਦੇ ਜਾਣਕਾਰਾਂ ਵਿੱਚ ਪ੍ਰਚੱਲਤ ਹਨ ਜਿਹੜੀਆਂ ਫ਼ਿਲਮੀ ਕਹਾਣੀਆਂ ਨੂੰ ਵੀ ਮਾਤ ਪਾਉਂਦੀਆਂ ਹਨ। ਕਦੇ ਕੈਮਿਸਟ ਸ਼ਾਪ ਅਤੇ ਕਦੇ ਕੁਝ ਹੋਰ। ਉਸਦਾ ਹਰ ਰੂਪ ਇਸ ਲਹਿਰ ਨੂੰ ਸਮਰਪਿਤ ਰਿਹਾ। ਰਾਏਕੋਟ ਹੋਵੇ ਜਾਂ ਅਹਿਮਦਗੜ੍ਹ ਹਰ ਥਾਂ ਤੇ ਕਾਮਰੇਡ ਕੂਹਲੀ ਦੇ ਉਪਾਸ਼ਕ ਮੌਜੂਦ ਰਹੇ  ਜਿਹਨਾਂ ਨੇ ਉਸ ਨਾਲ ਨੇੜਤਾ ਦੇ "ਦੋਸ਼" ਕਾਰਣ ਪੁਲਿਸ ਦਾ ਜਬਰ ਵੀ ਹੱਡੀਂ ਹੰਢਾਇਆ। ਇਸਦੇ ਬਾਵਜੂਦ ਉਹ ਸਾਰੇ ਲੋਕ ਕੂਹਲੀ ਦੇ ਹਮਦਰਦ ਸਨ। ਅਸਲ ਵਿੱਚ ਆਮ ਕਿਰਤੀ ਲੋਕ ਹੀ ਅੰਡਰਗਰਾਊਂਡ ਇਨਕਲਾਬੀਆਂ ਦਾ ਜੰਗਲ ਹੁੰਦੇ ਹਨ ਇਹ ਗੱਲ ਕਾਮਰੇਡ ਕੂਹਲੀ ਨੇ ਅਮਲੀ ਜ਼ਿੰਦਗੀ ਵਿੱਚ ਵੀ ਸਾਬਿਤ ਕੀਤੀ ਸੀ। ਉਹ ਨਹੀਂ ਰਿਹਾ ਪਰ ਉਸਦੀਆਂ ਯਾਦਾਂ ਬਾਕੀ ਹਨ। ਹੋ ਸਕਦਾ ਹੈ ਕਦੇ ਉਸਦੀ ਪਾਰਟੀ ਦੇ ਆਗੂ ਉਸ ਦੇ ਵੇਲੇ ਦੀਆਂ ਯਾਦਾਂ ਉੱਤੇ ਛੋਟੀਆਂ ਛੋਟੀਆਂ ਫ਼ਿਲਮਾਂ ਵੀ ਬਣਾਉਣ ਕਿਓਂਕਿ ਅੱਜਕਲ ਫ਼ਿਲਮਾਂ ਵਾਲਾ ਮੀਡੀਆ ਵੀ ਜ਼ੋਰ ਫੜਦਾ ਜਾ ਰਿਹਾ ਹੈ। ਪੰਜਾਬ ਤੋਂ ਬਾਹਰ ਨਕਸਲੀ ਲਹਿਰ ਬਾਰੇ ਪਹਿਲਾਂ ਹੀ ਕਾਫੀ ਫ਼ਿਲਮਾਂ ਬਣ ਚੁੱਕੀਆਂ ਹਨ। ਚਰਚਾ ਹੈ ਕਿ ਪੰਜਾਬ ਵਿੱਚ ਵੀ ਇਸ ਤਜਰਬੇ ਬਾਰੇ ਕੰਮ ਹੋ ਰਹੇ ਹਨ। 
ਉਸਦਾ ਸ਼ਰਧਾਂਜਲੀ ਸਮਾਗਮ ਪਿੰਡ ਕੂਹਲੀਕਲਾਂ ਵਿੱਚ ਨਕਸਲੀ ਲਹਿਰ ਦੇ ਹਮਦਰਦ ਸੰਗਠਨਾਂ ਅਤੇ ਵਿਅਕਤੀਆਂ ਵੱਲੋਂ ਮਨਾਇਆ ਗਿਆ ਜਿਹਨਾਂ ਵਿੱਚ "ਪਲਸ ਮੰਚ" ਅਤੇ "ਸੁਰਖ ਲੀਹ" ਮੋਹਰੀ ਰਹੇ।  
ਕਮਿਊਨਿਸਟ ਇਨਕਲਾਬੀ ਲਹਿਰ ਦੇ ਘੁਲਾਟੀਏ ਕਾਮਰੇਡ ਦਰਸ਼ਨ ਸਿੰਘ ਕੂਹਲੀ ਨੂੰ ਸ਼ਰਧਾਂਜਲੀ ਦੇਣ ਲਈ ਹਜ਼ਾਰਾਂ ਕਿਰਤੀ ਲੋਕ ਉਹਨਾਂ ਦੇ ਪਿੰਡ ਕੂਹਲੀ ਕਲਾਂ ਵਿਖੇ ਇਕੱਠੇ ਹੋਏ ਤੇ ਕਾਮਰੇਡ ਕੂਹਲੀ ਦੇ ਲੋਕ ਇਨਕਲਾਬ ਦੇ ਮਿਸ਼ਨ ਨੂੰ ਤੋੜ ਚੜਾਉਣ ਲਈ  ਹੋਰ ਵਧੇਰੇ ਦ੍ਰਿੜਤਾ ਨਾਲ ਜੂਝਣ ਦਾ ਅਹਿਦ ਕੀਤਾ। ਅੱਜ ਦੇ ਇਕੱਠ ਵਿੱਚ ਕਿਸਾਨਾਂ, ਖੇਤ ਮਜਦੂਰਾਂ , ਨੌਜਵਾਨ-ਵਿਦਿਆਰਥੀਆਂ , ਮੁਲਾਜਮ ਲਹਿਰ ਦੇ ਕਾਰਕੁੰਨਾਂ ਸਮੇਤ ਔਰਤਾਂ ਵੀ ਸ਼ਾਮਲ ਸਨ। ਸਮਾਗਮ ਦੀ ਸ਼ੁਰੂਆਤ ਇਨਕਲਾਬੀ ਲਹਿਰ ਦੀ ਉੱਘੀ ਸਖਸ਼ੀਅਤ ਅਮੋਲਕ ਸਿੰਘ ਵੱਲੋਂ ਸਮੁੱਚੇ ਇਕੱਠ ਦੀ ਤਰਫੋਂ ਵਿਛੜੇ ਸਾਥੀ ਦੀ ਤਸਵੀਰ ਨੂੰ ਫੁੱਲਾਂ ਦਾ ਹਾਰ ਪਾਉਣ ਦੀ ਰਸਮ ਨਾਲ ਹੋਈ। ਸ਼ਰਧਾਂਜਲੀ ਸਮਾਗਮ ਕਮੇਟੀ ਤਰਫੋਂ ਇਸ ਇਕੱਠ ਨੂੰ ਸੰਬੋਧਨ ਕਰਦਿਆਂ ਕਮੇਟੀ ਮੈਂਬਰ ਜਸਪਾਲ ਜੱਸੀ ਨੇ ਕਿਹਾ ਕਿ ਕਾਮਰੇਡ ਕੂਹਲੀ ਨੇ ਕਮਿਊਨਿਸਟ ਇਨਕਲਾਬੀ ਲਹਿਰ ਦੇ ਵਿਹੜੇ 'ਚ ਭਰ ਜਵਾਨੀ 'ਚ ਪੈਰ ਪਾਇਆ ਤੇ ਅੰਤਿਮ ਸਾਹਾਂ ਤੱਕ ਮੁਲਕ 'ਚ ਲੋਕ ਜਮਹੂਰੀ ਇਨਕਲਾਬ ਦਾ ਸੁਪਨਾ ਉਹਨਾਂ ਦੀਆਂ ਅੱਖਾਂ 'ਚ ਜਗਦਾ ਰਿਹਾ।  ਉਹਨਾਂ ਦਾ ਨਿਸ਼ਾਨਾ ਮੁਲਕ 'ਚੋਂ ਸਾਮਰਾਜੀਆਂ, ਦਲਾਲ ਸਰਮਾਏਦਾਰਾਂ ਤੇ ਜਗੀਰਦਾਰਾਂ ਦੇ ਲੁਟੇਰੇ ਰਾਜ ਨੂੰ ਲੋਕ ਤਾਕਤ ਦੇ ਜੋਰ ਉਲਟਾ ਕੇ ਸੱਚੀ ਲੋਕਾਸ਼ਾਹੀ ਸਥਾਪਿਤ ਕਰਨਾ ਸੀ। ਇਸ ਨਿਸ਼ਾਨੇ ਦੀ ਪੂਰਤੀ ਲਈ ਉਹਨਾਂ ਨੇ ਲਹਿਰ ਦੇ ਵੱਖ ਵੱਖ ਮੁਹਾਜਾਂ 'ਤੇ ਰੋਲ ਨਿਭਾਇਆ। ਉਹ ਲਗਭਗ 15 ਵਰੇ ਕਮਿ. ਇਨ. ਲਹਿਰ ਦੀਆਂ ਆਗੂ ਸਫਾਂ 'ਚ ਰਹੇ। ਲੰਮਾ ਅਰਸਾ ਕਿਸਾਨ ਲਹਿਰ 'ਚ ਕੰਮ ਕਰਦਿਆਂ ਇਸਦੀ ਇਨਕਲਾਬੀ ਕਾਇਆਪਲਟੀ ਲਈ ਯਤਨ ਜੁਟਾਏ।  ਕਮਿ. ਇਨ. ਸਿਆਸਤ ਦਾ ਤੇ ਭਾਰਤੀ ਇਨਕਲਾਬ ਦੀ ਸਹੀ ਲੀਹ ਦਾ ਪ੍ਰਚਾਰ ਪਸਾਰ ਕਰਨ ਦੇ ਵੱਡੇ ਕਾਰਜ 'ਚ ਵੀ ਉਹਨਾਂ ਨੇ ਵਿਸ਼ੇਸ਼ ਹਿੱਸਾ ਪਾਇਆ। ਅਜਿਹੇ ਕਈ ਉੱਦਮਾਂ ਦਾ ਉਹ ਅੰਗ ਰਹੇ। ਕਮਿਊਨਿਸਟ ਇੰਨਕਲਾਬੀ ਲਹਿਰ ਦੀ ਲੀਹ ਅਧਾਰਿਤ ਅਸੂਲੀ ਏਕਤਾ ਰਾਹੀਂ ਖਿੰਡੀ ਪਾਰਟੀ ਨੂੰ ਮੁੜ ਜਥੇਬੰਦ ਕਰਨ ਦੇ ਉਹ ਜੋਰਦਾਰ ਮੁੱਦਈ ਰਹੇ।  ਉਹਨਾਂ ਕਿਹਾ ਕਿ ਦਰਸ਼ਨ ਸਿੰਘ ਕੂਹਲੀ ਨੂੰ ਸੱਚੀ ਸ਼ਰਧਾਂਜਲੀ ਇਨਕਲਾਬ ਦੇ ਰਾਹ 'ਤੇ ਹੋਰ ਵਧੇਰੇ ਸਪਸ਼ਟਤਾ ਤੇ ਦ੍ਰਿੜਤਾ ਨਾਲ ਡਟਣ ਦਾ ਅਹਿਦ ਕਰਨਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਆਪਣੇ ਸੰਬੋਧਨ ਦੌਰਾਨ ਕਿਸਾਨ ਲਹਿਰ ਅੰਦਰ ਉਹਨਾਂ ਵੱਲੋਂ ਪਾਏ ਯੋਗਦਾਨ ਨੂੰ ਯਾਦ ਕਰਦਿਆਂ , ਲਹਿਰ ਨੂੰ ਖਾੜਕੂ ਲੀਹਾਂ 'ਤੇ ਅੱਗੇ ਵਧਾਉਣ ਲਈ ਘਾਲੀ ਘਾਲਣਾ ਦੀ ਚਰਚਾ ਕੀਤੀ ਤੇ ਨਵੇਂ ਕਿਸਾਨ ਆਗੂਆਂ ਤੇ ਕਾਰਕੁੰਨਾਂ ਨੂੰ ਇਸ ਰੋਲ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ। ਇਸ ਤੋਂ ਇਲਾਵਾ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਜਨਰਲ ਸਕੱਤਰ ਕੰਵਲਜੀਤ ਖੰਨਾ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਾਜਿੰਦਰ ਸਿੰਘ, ਇਨਕਲਾਬੀ ਲੋਕ ਮੋਰਚਾ ਦੇ ਆਗੂ ਸਵਰਨਜੀਤ ਸਿੰਘ ਅਤੇ ਕਈ ਹੋਰਾਂ ਨੇ ਵੀ ਸੰਬੋਧਨ ਕਰਦਿਆਂ ਇਨਕਲਾਬੀ ਲਹਿਰ 'ਚ ਪਾਏ ਉਹਨਾਂ ਦੇ ਯੋਗਦਾਨ ਦੀ ਚਰਚਾ ਕੀਤੀ ਤੇ ਇਨਕਲਾਬੀ ਲਹਿਰ ਨੂੰ ਦਰਪੇਸ਼ ਚਣੌਤੀਆਂ ਨੂੰ ਟੱਕਰਨ ਲਈ ਲੋਕਾਂ ਦੀ ਵਿਸ਼ਾਲ ਏਕਤਾ ਦੀ ਲੋੜ ਨੂੰ ਉਭਾਰਿਆ। 
ਇਸ ਮੌਕੇ ਇਨਕਲਾਬੀ ਜਮਹੂਰੀ ਜਥੇਬੰਦੀਆਂ ਦੇ ਦਰਜਨਾਂ ਆਗੂ ਵੀ ਹਾਜ਼ਰ ਸਨ। ਕਾਮਰੇਡ ਦਰਸ਼ਨ ਕੂਹਲੀ ਦੇ ਵਿਛੋੜੇ 'ਤੇ ਜਮਹੂਰੀ ਅਧਿਕਾਰ ਸਭਾ, ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਸਮੇਤ …ਕਈ ਸੰਸਥਾਵਾਂ ਦੇ ਸ਼ੋਕ ਸੰਦੇਸ਼ ਪੜੇ ਗਏ। ਪਰਿਵਾਰ ਤਰਫੋਂ ਉਹਨਾਂ ਦੀ ਬੇਟੀ ਤਰਨਜੀਤ ਕੌਰ ਨੇ ਇਕ ਜਮਹੂਰੀ ਤੇ ਅਸੂਲਪ੍ਰਸਤ ਪਿਤਾ ਵਜੋਂ ਤੇ ਇਕ ਲੋਕ ਦਰਦੀ ਵਜੋ ਉਹਨਾਂ ਦੀ ਸਖਸ਼ੀਅਤ ਨੂੰ ਸਿਜਦਾ ਕੀਤਾ। ਉਹਨਾਂ ਦੀ ਪਤਨੀ ਸ੍ਰੀਮਤੀ ਮਨਜੀਤ ਕੌਰ ਨੇ ਸਮਾਗਮ 'ਚ ਪੁੱਜੇ ਲੋਕਾਂ ਦਾ ਧੰਨਵਾਦ ਕੀਤਾ। ਸਮਾਗਮ ਦੀ ਸਟੇਜ ਦਾ ਸੰਚਾਲਨ ਕਮੇਟੀ ਦੇ ਕਨਵੀਨਰ ਸਾਥੀ ਹਰਜਿੰਦਰ ਸਿੰਘ ਨੇ ਕੀਤਾ।ਇਸ ਮੌਕੇ  ਕਮੇਟੀ ਵੱਲੋਂ ਹਜਾਰਾਂ ਦੀ ਗਿਣਤੀ ਇਕ ਹੱਥ ਪਰਚਾ ਵੀ ਜਾਰੀ ਕੀਤਾ ਗਿਆ ਜਿਸ ਵਿੱਚ ਕਾਮਰੇਡ ਕੂਹਲੀ ਦੇ ਰੋਲ ਤੇ ਵਿਚਾਰਾਂ ਬਾਰੇ ਚਰਚਾ ਕੀਤੀ ਗਈ ਹੈ। ਸਮਾਗਮ ਦੌਰਾਨ ਇਨਕਲਾਬੀ ਕਵੀਸ਼ਰੀ ਜਥਾ ਰਸੂਲਪੂਰ ਵੱਲੋਂ ਕਵੀਸ਼ਰੀਆਂ ਰਾਹੀਂ ਵਿਛੜੇ ਸਾਥੀ ਨੂੰ ਸ਼ਰਧਾਂਜਲੀ ਦਿੱਤੀ ਗਈ।