Saturday, November 5, 2022

ਲਿਬਰੇਸ਼ਨ ਵਲੋਂ ਸੂਰੀ ਦੇ ਕਤਲ ਦੀ ਨਿੰਦਾ

Saturday5th November 2022 at 02:49 PM

ਇਹ ਭੜਕਾਊ ਵਾਰਦਾਤਾਂ ਪੰਜਾਬ ਨੂੰ ਬੀਤੇ ਮਾੜੇ ਦੌਰ ਵਿੱਚ ਵਾਪਸ ਲੈਜਾਣ ਦੀ ਸੋਚੀ-ਸਮਝੀ ਸਾਜ਼ਿਸ਼

ਮਾਨਸਾ: 5 ਨਵੰਬਰ 2022: (ਨਕਸਲਬਾੜੀ ਸਕਰੀਨ ਬਿਊਰੋ)::

ਸ਼ਿਵ ਸੈਨਾ ਹਿੰਦੋਸਤਾਨ ਦੇ ਪ੍ਰਮੁੱਖ ਸੁਧੀਰ ਸੂਰੀ ਦਾ ਕਤਲ ਪਿਛਲੇ ਕੁਝ ਅਰਸੇ ਤੋਂ ਪੰਜਾਬ ਵਿੱਚ ਨਫ਼ਰਤ ਭਰੇ ਭਾਸ਼ਣਾਂ ਰਾਹੀਂ ਮਾਹੌਲ ਨੂੰ ਖ਼ਰਾਬ ਕਰਨ ਦੀਆਂ ਯੋਜਨਾਬੱਧ ਕੋਸ਼ਿਸ਼ਾਂ ਦਾ ਨਤੀਜਾ ਹੈ।  ਸੀਪੀਆਈ (ਐਮਐਲ) ਲਿਬਰੇਸ਼ਨ ਇਸ ਕਤਲ ਕਾਂਡ ਦੀ ਸਖ਼ਤ ਨਿੰਦਾ ਕਰਦੀ ਹੈ। ਪਾਰਟੀ ਨੇ ਮੁੱਖ ਮੰਤਰੀ ਭਗਵੰਤ ਮਾਨ-ਜਿੰਨਾਂ ਕੋਲ ਗ੍ਰਹਿ ਮੰਤਰਾਲਾ ਵੀ ਹੈ-ਤੋਂ ਮੰਗ ਕੀਤੀ ਹੈ ਕਿ ਹੋਰਨਾਂ ਸੂਬਿਆਂ 'ਚ ਸਿਆਸੀ ਸਰਗਰਮੀਆਂ ਵਿਚ ਰੁਝੇ ਰਹਿਣ ਦੀ ਬਜਾਏ, ਸਭ ਤੋਂ ਪਹਿਲਾਂ ਉਹ ਪੰਜਾਬ ਦੇ ਮਾਮਲਿਆਂ ਵੱਲ ਧਿਆਨ ਦੇਣ।

ਪਾਰਟੀ ਦਾ ਕਹਿਣਾ ਹੈ ਕਿ ਚਿੰਤਾ ਦੀ ਗੱਲ ਹੈ ਕਿ ਪੰਜਾਬ ਦੀ ‘ਆਪ’ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਮੂਕ ਦਰਸ਼ਕ ਬਣ ਕੇ ਭੜਕਾਊ ਤਾਕਤਾਂ ਨੂੰ ਹੱਲਾਸ਼ੇਰੀ ਦੇ ਰਹੀਆਂ ਹਨ।  ਕਿਉਂਕਿ ਪੰਜਾਬ ਵਿੱਚ ਕੋਈ ਹਿੰਦੂ ਰਾਸ਼ਟਰ ਦੀ ਆਵਾਜ਼ ਉਠਾਵੇ ਜਾਂ ਖਾਲਿਸਤਾਨ ਦੀ, ਦੋਵਾਂ ਦਾ ਸਭ ਤੋਂ ਵੱਧ ਲਾਭ ਫਿਰਕੂ ਫਾਸੀਵਾਦੀ ਸੰਘ-ਬੀਜੇਪੀ ਨੂੰ ਹੀ ਮਿਲਦਾ ਹੈ।

ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਪੰਜਾਬੀਆਂ ਨੂੰ ਸੁਚੇਤ ਕੀਤਾ ਹੈ ਕਿ ਇਹੋ ਜਹੀਆਂ ਵਾਰਦਾਤਾਂ ਪੰਜਾਬ ਨੂੰ ਮੁੜ ਬੀਤੇ ਦੇ ਮਾੜੇ ਦੌਰ ਵਿੱਚ ਵਾਪਸ ਲੈਜਾਣ ਦੀ ਸੋਚੀ-ਸਮਝੀ ਸਾਜ਼ਿਸ਼ ਹਨ।  ਇਸ ਦੇ ਨਾਲ ਹੀ ਪਾਰਟੀ ਨੇ ਪੰਜਾਬੀਆਂ ਨੂੰ ਪੰਜਾਬ ਦੇ ਅਣਸੁਲਝੇ ਸਿਆਸੀ ਮਸਲਿਆਂ ਅਤੇ ਲੋਕਾਂ ਦੇ ਬੁਨਿਆਦੀ ਸਵਾਲਾਂ ਬਾਰੇ ਧਾਰਮਿਕ ਤੇ ਜਾਤੀ ਵਖਰੇਵਿਆ ਤੋਂ ਉਪਰ ਉਠਦਿਆਂ ਇਕਜੁੱਟ ਹੋ ਕੇ ਲੋਕ ਸੰਘਰਸ਼ ਤੇਜ਼ ਕਰਨ ਦਾ ਵੀ ਸੱਦਾ ਦਿੰਦੀ ਹੈ।

ਬਿਆਨ ਵਿਚ ਲਿਬਰੇਸ਼ਨ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਿਛਾਖੜੀ ਤੇ ਫਾਸ਼ੀਵਾਦੀ ਤਾਕਤਾਂ ਦੇ ਮਨਸੂਬਿਆਂ ਨੂੰ ਨਾਕਾਮ ਕਰਨ ਲਈ ਹਰ ਕੀਮਤ 'ਤੇ ਸ਼ਾਂਤੀ ਅਤੇ ਆਪਸੀ ਸਦਭਾਵਨਾ ਦਾ ਮਾਹੌਲ ਬਣਾਈ ਰੱਖਣ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।