Thursday, December 9, 2021

ਨਕਸਲੀ ਲਹਿਰ ਦੀਆਂ ਮੋਹਰੀ ਸਫ਼ਾਂ `ਚ ਗਿਣੇ ਜਾਂਦੇ ਸਨ ਫ਼ਤਿਹਜੀਤ

 ਪੰਜਾਬੀ ਸ਼ਾਇਰ ਅੰਕਲ ਫ਼ਤਿਹਜੀਤ ਫ਼ਤਿਹ ਬੁਲਾ ਗਏ

ਤੁਰ ਗਿਆ ਇੱਕ ਹੋਰ ਚਾਚਾ...  

ਨਕਸਲੀ ਲਹਿਰ ਦੇ ਮੋਹਰੀ ਸਫ਼ਾਂ `ਚ ਗਿਣੇ ਜਾਂਦੇ ਪੰਜਾਬੀ ਸ਼ਾਇਰ ਅੰਕਲ ਫ਼ਤਿਹਜੀਤ ਫ਼ਤਿਹ ਬੁਲਾ ਗਏ।

ਸਸਕਾਰ ਕੱਲ੍ਹ ਸਵੇਰੇ 11.30 ਵਜੇ ਸ਼ਾਹਕੋਟ ਵਿਖੇ।

ਪ੍ਰੋਫੈਸਰ ਗੁਰਭਜਨ ਗਿੱਲ ਵੱਲੋਂ ਭੇਜੀ ਗਈ ਪ੍ਰੈੱਸ ਰਲੀਜ਼:

ਸਿਰਕੱਢ ਪੰਜਾਬੀ ਕਵੀ ਫ਼ਤਹਿਜੀਤ 

ਸੁਰਗਵਾਸ

ਅੱਜ 3.30 ਵਜੇ ਜਲੰਧਰ ਦੇ ਹਸਪਤਾਲ ਚ ਸਵਾਸ ਤਿਆਗੇ

ਲੁਧਿਆਣਾਃ 9 ਦਸੰਬਰ

ਸਿਰਕੱਢ ਅਗਾਂਹਵਧੂ ਪੰਜਾਬੀ ਕਵੀ ਫ਼ਤਹਿਜੀਤ ਦਾ ਅੱਜ ਦੁਪਹਿਰ 3.30 ਵਜੇ ਜਲੰਧਰ ਦੇ ਨਿਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਦੀ ਵੱਡੀ ਬੇਟੀ ਬਲਜੀਤ ਕੌਰ ਨੇ ਦਿੱਤੀ। ਫ਼ਤਹਿਜੀਤ ਚਾਰ ਦਸੰਬਰ ਨੂੰ ਹੀ 83 ਵਰ੍ਹਿਆਂ ਦੇ ਹੋਏ ਸਨ। ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਇਲਾਕੇ ਚ ਉਨ੍ਹਾਂ ਸਕੂਲ ਅਧਿਆਪਨ ਕਾਰਜ ਕਰਨ ਦੇ ਨਾਲ ਨਾਲ ਦੋਆਬੇ ਜੀ ਅਗਾਂਹਵਧੂ ਸਾਹਿੱਤਕ ਲਹਿਰ ਨੂੰ ਵੀ ਅਗਵਾਈ ਪ੍ਰਦਾਨ ਕੀਤੀ। 

 ਫ਼ਤਿਹਜੀਤ ਜੀ ਦਾ ਜਨਮ 3 ਦਸੰਬਰ 1938 ਨੂੰ ਚੱਕ ਨੰਬਰ 87 ਲਾਇਲਪੁਰ(ਪਾਕਿਸਤਾਨ ) ਚ ਸ: ਗੁਰਚਰਨ ਸਿੰਘ ਬਦੇਸ਼ਾ ਦੇ ਘਰ ਮਾਤਾ ਜੀ ਸਰਦਾਰਨੀ ਸੁਰਜੀਤ ਕੌਰ ਦੀ ਕੁੱਖੋਂ ਨਾਨਕੇ ਘਰ (ਲਲਤੋਂ ਵਾਲੇ ਗਰੇਵਾਲ )ਪਰਿਵਾਰ ਚ ਹੋਇਆ। ਦੇਸ਼ ਵੰਡ ਮਗਰੋਂ ਇਹ ਪਰਿਵਾਰ ਆਪਣਾ ਜੱਦੀ ਪਿੰਡ ਢੰਡੋਵਾਲ ਤੋਂ ਸ਼ਾਹਕੋਟ (ਜਲੰਧਰ)ਆਣ ਵੱਸਿਆ। ਆਪ ਨੇ ਮੈਟਰਿਕ ਸਰਕਾਰੀ ਸਕੂਲ ਨੰਗਲ ਅੰਬੀਆਂ (ਜਲੰਧਰ)ਅਤੇ ਰਣਬੀਰ ਕਾਲਿਜ ਸੰਗਰੂਰ ਤੋਂ ਐੱਫ ਏ ਕਰਕੇ ਗਿਆਨੀ, ਓ ਟੀ ਪਾਸ ਕੀਤੀ। ਮਗਰੋਂ ਬੀਏ ਤੇ ਐੱਮ ਏ ਪਰਾਈਵੇਟ ਤੌਰ ਤੇ ਪਾਸ ਕੀਤੀ। ਜੀਵਨ ਸਾਥਣ ਰਣਧੀਰ ਕੌਰ ਤੇ ਤਿੰਨ ਧੀਆਂ ਦੇ ਭਰਵੇਂ ਪਰਿਵਾਰ ਦੇ ਅੰਗ ਸੰਗ ਜਲੰਧਰ ਚ ਰਹਿੰਦਿਆਂ ਬੀਮਾਰੀ ਦੀ ਲੰਮੀ ਮਾਰ ਦੇ ਬਾਵਜੂਦ ਸੂਰਮਿਆਂ ਵਾਂਗ ਲਗਾਤਾਰ ਸਿਰਜਣ ਸ਼ੀਲ ਰਹੇ। ਇਸੇ ਸਦਕਾ ਉਹ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਫ਼ਤਹਿਜੀਤ ਵਿਸ਼ੇਸ਼ ਸਨਮਾਨਯੋਗ ਥਾਂ ਰੱਖਦੇ ਸਨ। 

ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਤੇ ਫ਼ਤਹਿਜੀਤ ਪਰਿਵਾਰ ਦੇ ਨਿਕਟ ਸਨੇਹੀ ਪ੍ਰੋਃ ਗੁਰਭਜਨ ਗਿੱਲ ਨੇ ਫ਼ਤਹਿਜੀਤ ਜੀ ਦੇ ਦੇਹਾਂਤ ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਹ ਮਨੁੱਖੀ ਰਿਸ਼ਤਿਆਂ, ਸਮਾਜਿਕ ਤਾਣੇ ਬਾਣੇ ਤੇ ਮਨੁੱਖੀ ਹੋਂਦ ਸਮੇਤ ਜ਼ਿੰਦਗੀ ਦੇ ਹੋਰ ਪਹਿਲੂਆਂ ਨੂੰ ਸੰਵੇਦਨਸ਼ੀਲਤਾ ਤੇ ਖੂਬਸੂਰਤ ਕਾਵਿਕ ਭਾਸ਼ਾ ਵਿੱਚ ਸੰਚਾਰਦੇ ਸਨ। 

ਜੀਵਨ ਨਿਰਬਾਹ ਲਈ ਅਧਿਆਪਨ ਕਿੱਤੇ ਦੀ ਚੋਣ ਸਬੱਬ ਸੀ ਜਿਸ ਨੇ ਫ਼ਤਹਿਜੀਤ ਜੀ ਨੂੰ ਪੱਛਮੀ ,ਭਾਰਤੀ ਤੇ ਪੰਜਾਬੀ ਸਾਹਿੱਤ ਦਾ ਨਿੱਠ ਕੇ ਅਧਿਐਨ ਕਰਨ ਦੇ ਮੌਕੇ ਮੁਹੱਈਆ ਕਰਾਏ। ਉਨ੍ਹਾਂ ਇਨਾਂ ਮੌਕਿਆਂ ਦਾ ਸਦ ਉਪਯੋਗ ਕੀਤਾ ਜਿਸ ਦੀ ਝਲਕ ਉਨ੍ਹਾਂ ਦੀਆਂ ਰਚਨਾਵਾਂ ਵਿੱਚੋਂ ਮਿਲਦੀ ਹੈ।

ਸ਼ਾਂਤ ਸੁਭਾਅ ਤੇ ਚੇਤੰਨ ਕਵੀ ਫ਼ਤਹਿਜੀਤ ਜੀ ਨੇ ਚਾਰ ਕਾਵਿ ਪੁਸਤਕਾਂ ਪੰਜਾਬੀ ਸਾਹਿੱਤ ਦੀ ਝੋਲੀ ਪਾਈਆਂ। 

ਅਮਰੀਕਾ ਤੋਂ ਉਨ੍ਹਾਂ ਦੇ ਸਨੇਹੀ ਤੇ ਸ਼੍ਰੋਮਣੀ ਪੰਜਾਬੀ ਕਵੀ ਸੁਖਵਿੰਦਰ ਕੰਬੋਜ ਨੇ ਫ਼ਤਹਿਜੀਤ ਦੀ ਮੌਤ ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਹ ਮੇਰੇ ਸਮੇਤ ਨਕੋਦਰ ਇਲਾਕੇ ਦੇ ਕਈ ਨੌਜਵਾਨਾਂ ਨੂੰ ਉਂਗਲੀ ਫੜ ਕੇ ਤੋਰਨ ਵਾਲੇ ਰਾਹ ਦਿਸੇਰਾ ਸਨ। 

ਉਨ੍ਹਾਂ ਦੀ ਕਵਿਤਾ ਆਉਣ ਵਾਲੀਆਂ ਭਵਿੱਖ ਪੀੜ੍ਹੀਆਂ ਨੂੰ ਸਾਰਥਕ ਸੋਚ ਦੇ ਨਾਲ ਨਾਲ ਚੜ੍ਹਦੀ ਕਲਾ ਵਿੱਚ ਰਹਿਣ ਦਾ ਸੁਨੇਹਾ ਦਿੰਦੀ ਰਹੇਗੀ। 

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾਃ ਸ ਪ ਸਿੰਘ ਨੇ ਕਿਹਾ ਕਿ ਜਲੰਧਰ ਦੀਆਂ ਅਦਬੀ ਮਹਿਫ਼ਲਾਂ ਚ ਫ਼ਤਹਿਜੀਤ ਸਹਿਜ ਸਬਰ ਸੰਤੋਖ ਦਾ ਪ੍ਰਤੀਕ ਸੀ

ਜਿਸ ਦੀ ਪਲੇਠੀ ਕਿਤਾਬ ‘ਏਕਮ’ 1967 ਵਿੱਚ ਛਪੀ ਜਦ ਅਸੀਂ ਲਾਇਲਪੁਰ ਖਾਲਸਾ ਕਾਲਿਜ ਜਲੰਧਰ ਵਿੱਚ ਐੱਮ ਏ ਕਰਦੇ ਸਾਂ। ਇਸ ਨਾਲ ਉਹ ਉਸ ਸਮੇਂ ਦੇ ਪੰਜਾਬੀ ਦੇ ਚੋਣਵੇਂ ਕਵੀਆਂ ਵਿੱਚ ਸ਼ਾਮਿਲ ਹੋ ਗਏ। ਉਨ੍ਹਾਂ ਦੀ ਕਵਿਤਾ ਨੂੰ ਨੌਜਵਾਨ ਵਰਗ ਦੇ ਨਾਲ ਨਾਲ ਕਵਿਤਾ ਦੇ ਗੰਭੀਰ ਪਾਠਕਾਂ ਨੇ ਵੀ ਸਰਾਹਿਆ।

ਦੂਜੀ ਕਿਤਾਬ ਕੱਚੀ ਮਿੱਟੀ ਦੇ ਬੌਣੇ' 1973 ਵਿੱਚ ਆਈ ਜਦ ਕਿ 1982 ਵਿੱਚ ਤੀਜੀ ਪੁਸਤਕ ਨਿੱਕੀ ਜੇਹੀ ਚਾਨਣੀ ਛਪੀ। 2018 ਚ ਆਈ ਚੌਥੀ ਕਾਵਿ ਕਿਤਾਬ ਰੇਸ਼ਮੀ ਧਾਗੇ ਰਿਸ਼ਤਿਆਂ ਦੀ ਅਹਿਮੀਅਤ ਤੇ ਚੰਗੇ ਸਮਾਜ ਦੀ ਸਿਰਜਣਾ ਦੀ ਆਸ ਦੀ ਗੱਲ ਕਰਦੀ ਹੈ। ਇਸ ਕਿਤਾਬ ਨੂੰ ਰਘਬੀਰ ਸਿੰਘ ਸਿਰਜਣਾ, ਸੁਰਿੰਦਰ ਗਿੱਲ, ਰਵਿੰਦਰ ਭੱਠਲ ਤੇ ਗੁਰਭਜਨ ਗਿੱਲ , ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ ,ਲਖਵਿੰਦਰ ਜੌਹਲ ਤੇ ਬਲਬੀਰ ਪਰਵਾਨਾ ਨੇ ਘਰ ਜਾ ਕੇ ਲੋਕ ਅਰਪਨ ਕੀਤਾ ਕਿਉਂ ਉਹ ਚੱਲਣ ਫਿਰਨ ਤੋਂ ਅਸਮਰੱਥ ਸਨ। 

ਫ਼ਤਿਜੀਤ ਦੇ ਦੇਹਾਂਤ ਤੇ ਟੋਰੰਟੋ ਤੋਂ ਕੁਲਵਿੰਦਰ ਖ਼ਹਿਰਾ, ਡਾਃ ਵਰਿਆਮ ਸਿੰਘ ਸੰਧੂ, ਪ੍ਰਿੰਸੀਪਲ ਸਰਵਣ ਸਿੰਘ ਤੇ ਪ੍ਰੋਃ ਜਾਗੀਰ ਸਿੰਘ ਕਾਹਲੋਂ  ਨੇ ਵੀ ਫ਼ਤਹਿਜੀਤ ਦੇ ਦੇਹਾਂਤ ਤੇ ਭਾਰੀ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। 

ਸੁਖਵਿੰਦਰ ਕੰਬੋਜ ਵੱਲ਼ੋਂ ਆਪਣੇ ਪਿਤਾ ਜੀ ਦੀ ਯਾਦ ਚ ਸਥਾਪਿਤ ਕੌਮਾਂਤਰੀ ਸੰਸਥਾ ਕਲਮ ਵੱਲੋਂ ਬਾਪੂ ਜਾਗੀਰ ਸਿੰਘ ਕੰਬੋਜ ਪੁਰਸਕਾਰ ਨਾਲ ਸਾਲ 2019 ਚ ਸਨਮਾਨਿਤ ਕੀਤਾ ਗਿਆ ਸੀ। 

ਸ਼੍ਰੀ ਫ਼ਤਹਿਜੀਤ  ਦਾ ਅੰਤਿਮ ਸੰਸਕਾਰ ਸਵੇਰੇ 11.30 ਵਜੇ ਸ਼ਾਹਕੋਟ (ਜਲੰਧਰ) ਵਿਖੇ ਹੋਵੇਗਾ। ਇਹ ਜਾਣਕਾਰੀ ਉਨ੍ਹਾਂ ਦੇ ਦਾਮਾਦ ਸਃ ਜਗਦੀਪ ਸਿੰਘ ਗਿੱਲ ਲੋਕ ਸੰਪਰਕ ਅਫ਼ਸਰ ਪੰਜਾਬ ਸਰਕਾਰ ਨੇ ਦਿੱਤੀ ਹੈ। (ਕੁਲਵਿੰਦਰ ਖਹਿਰਾ ਦੀ ਫੇਸਬੁੱਕ ਪ੍ਰੋਫਾਈਲ ਤੋਂ ਧੰਨਵਾਦ ਸਹਿਤ )



ਫਤਿਹਜੀਤ ਹੁਰਾਂ ਦੀ ਇੱਕ ਕਵਿਤਾ 

ਮੁਕਤੀ ਮਾਰਗ
 
ਲਾਰਿਆਂ ਤੇ ਇਕਰਾਰਾਂ ਵਿਚਕਾਰ
ਖੜੇ ਸੀ ਯਾਰ
ਕਦੇ ਹਮਦਰਦ ਲੱਗਦੇ ਸੀ
ਕਦੇ ਬੇਦਰਦ ਲੱਗਦੇ ਸੀ।

ਸਲੀਕਾ ਮੰਗ ਕਰਦਾ ਸੀ
ਕਿ ਉਹ ਕਹਿੰਦੇ
ਕਹਿ ਦਿੰਦੇ ਜੋ ਕਹਿਣਾ ਸੀ
ਦੁਚਿੱਤੀ ਮੁੱਕ ਜਾਂਦੀ,
ਛਿੱਜਦਿਆਂ ਸਾਹਾਂ 'ਚ
ਕੁੱਝ ਤਾਂ ਨਵਾਂ ਹੁੰਦਾ
ਦੋਸਤਾਂ ਵਰਗਾ
ਜਾਂ ਦੁਸ਼ਮਣਾ ਵਰਗਾ ।

ਭਲਾ ਹੁੰਦਾ
ਜੇ ਹਾਂ ਹੁੰਦੀ
ਜਾਂ ਨਾਂਹ ਹੁੰਦੀ।
ਸ਼ਰੀਕਾਂ ਵਾਂਗ ਰੁੱਸਦੀ ਮੰਨਦੀ
ਆਸ਼ਾ-ਨਿਰਾਸ਼ਾ
ਫ਼ਾਸਲੇ ਤੋਂ ਮੁਕਤ ਹੋ ਜਾਂਦੀ।
ਘੋੜਾ ਆਰ ਹੋ ਜਾਂਦਾ
ਜਾਂ ਘੋੜਾ ਪਾਰ।
ਖੜੇ ਸੀ ਯਾਰ
ਲਾਰਿਆਂ ਤੇ ਇਕਰਾਰਾਂ ਵਿਚਕਾਰ।
ਕਦੇ ਹਮਦਰਦ ਲੱਗਦੇ ਸੀ
ਕਦੇ ਬੇਦਰਦ ਲੱਗਦੇ ਸੀ।
----------------------------

No comments:

Post a Comment