Saturday, June 4, 2022

ਅੱਜ 4 ਜੂਨ ਦੇ ਮੌਕੇ ਤੇ ਹਾਕਮ ਸਿੰਘ ਸਮਾਓਂ ਨੂੰ ਯਾਦ ਕਰਦਿਆਂ

ਅੱਜ ਮਾਨਸਾ ਵਿਖੇ ਹੋ ਰਿਹਾ ਹੈ ਯਾਦ ਵਿੱਚ ਵਿਸ਼ੇਸ਼ ਇਕਠ 


ਭੀਖੀ: 2 ਜੂਨ 2022: (ਹਰਭਗਵਾਨ ਭੀਖੀ//ਨਕਸਲਬਾੜੀ ਸਕਰੀਨ)::

ਲੱਖਾਂ ਕੁਰਬਾਨੀਆਂ ਤੋਂ ਬਾਅਦ ਹਾਸਿਲ ਕੀਤੀ ਗਈ ਆਜ਼ਾਦੀ ਤੋਂ ਬਾਅਦ ਵੀ ਦੇਸ਼ ਅੰਦਰ ਉੱਠੀਆਂ ਲਹਿਰਾਂ  ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ ਕਿ ਆਜ਼ਾਦੀ ਦੀ ਵਾਂਗਡੋਰ ਜਿਹੜੇ ਹੱਥਾਂ ਚ ਚਲੀ ਗਈ ਉਹ ਹੱਥ ਲੋਕਾਂ ਦੀਆਂ ਉਮੀਦਾਂ ਸੱਧਰਾਂ ਤੇ ਖਰੇ ਨਹੀਂ ਉੱਤਰੇ।ਜਿਸ ਕਰਕੇ ਲੋਕਾਂ ਦੇ ਮਨਾਂ ਅੰਦਰ ਪੈਦਾ ਹੋਈ ਬੇਚੈਨੀ ਨੇ ਸਮੇਂ ਸਮੇਂ ਵੱਖ ਲਹਿਰਾਂ ਨੂੰ ਜਨਮ ਦਿੱਤਾ। ਅਜਿਹੀਆਂ ਲਹਿਰਾਂ ਚੋਂ ਪ੍ਰਮੁੱਖ ਸੀ ਨਕਸਲਬਾੜੀ ਲਹਿਰ ਜਿਸ ਨੇ ਹਕੀਕੀ ਬਦਲਾਅ ਲਈ ਹਕੂਮਤ ਨੂੰ ਸਿੱਧੀ ਹਥਿਆਰਬੰਦ ਟੱਕਰ ਦਿੱਤੀ। ਜਿਸ ਨੇ ਜਲਦੀ ਹੀ ਨੌਜਵਾਨਾਂ ਵਿਦਿਆਰਥੀਆਂ, ਮਧਵਰਗ ਤੇ ਬੁੱਧੀਜੀਵੀ ਵਰਗ ਨੂੰ ਆਪਣੇ ਕਲਾਵੇ ਚ ਲੈ ਲਿਆ।

ਨਕਸਲਬਾੜੀ ਦੇ ਪ੍ਰਭਾਵ ਹੇਠ ਆਉਣ ਵਾਲਿਆਂ ਚੋਂ ਪੰਜਾਬ ਪਹਿਲਿਆਂ ਚੋਂ ਇੱਕ ਸੀ। ਜਿਸ ਦਾ ਅੱਸੀ ਸਾਲਾ ਬਜ਼ੁਰਗ ਤੋਂ ਲੈ ਕੇ ਗਭਰੇਟ ਉਮਰ ਦੇ ਗੱਭਰੂਆਂ ਨੇ ਹੁੰਗਾਰਾ ਭਰਿਆ। ਇਸ ਲਹਿਰ ਦੇ ਰਸਤੇ ਤੁਰਨ ਵਾਲਿਆਂ ਚੋਂ ਇਕ ਸੀ ਕਾਮਰੇਡ ਹਾਕਮ ਸਿੰਘ ਸਮਾਓਂ। ਜਿਸ ਨੂੰ ਪੰਜਾਬ ਅੰਦਰ ਜੱਗੇ ਦੇ ਨਾਮ ਨਾਲ ਜਾਣਿਆ ਗਿਆ।ਜਿਸ ਤੇ ਕੱਦਾਵਰ ਲੇਖਕ ਜਸਵੰਤ ਕੰਵਲ ਨੇ ਲਹੂ ਦੀ ਲੋਅ ਵਰਗਾ  ਇਤਿਹਾਸਕ ਨਾਵਲ ਲਿਖਿਆ।

ਕਾਮਰੇਡ ਹਾਕਮ ਸਿੰਘ ਦਾ ਜਨਮ 1 ਜਨਵਰੀ1941 ਨੂੰ ਸਮਾਓ ਵਿਖੇ ਪਿਤਾ ਬਚਨ ਸਿੰਘ ਤੇ ਮਾਤਾ ਗੁਰਨਾਮ ਕੌਰ ਦੇ ਘਰ ਸਮਾਓ ਵਿਖੇ ਹੋਇਆ। ਸਕੂਲ ਪੜ੍ਹਦਿਆਂ ਹੀ ਹਾਕਮ ਸਿੰਘ ਦੇ ਤੇਵਰ ਬਾਗੀ ਸਨ।ਜਿਸ ਕਰਕੇ ਉਹ ਆਪਣੇ ਜਮਾਤੀ ਤੇ ਮਿੱਤਰ ਪ੍ਰੋਫੈਸਰ ਅਜਮੇਰ ਸਿੰਘ ਔਲਖ ਸਮੇਤ ਸਕੂਲ ਚ ਹੁੰਦੀਆਂ ਵਧੀਕੀਆਂ ਵਿਰੁੱਧ ਆਢਾ ਲਾਈ ਰੱਖਦਾ। ਪਟਿਆਲੇ ਕਾਲਜ ਪੜ੍ਹਦਿਆਂ ਦੌਰਾਨ ਹੀ ਹਾਕਮ ਸਿੰਘ ਤੇ ਅਜਮੇਰ ਔਲਖ ਤੇ ਖੱਬੇ ਪੱਖੀ ਵਿਚਾਰਾਂ ਦਾ ਪ੍ਰਭਾਵ ਪੈਣ ਲੱਗਾ। ਇਸ ਪ੍ਰਭਾਵ ਨੇ ਜਿੱਥੇ ਅਜਮੇਰ ਔਲਖ ਨੂੰ ਰੰਗਮੰਚ ਵੱਲ ਤੋਰ ਦਿੱਤਾ ਉਥੇ ਹਾਕਮ ਸਿੰਘ ਕਮਿਊਨਿਸਟ  ਪਾਰਟੀ ਵੱਲ ਖਿੱਚਿਆ ਗਿਆ। ਰੋਹਤਕ ਵਿਖੇ ਆਪਣੀ ਐਮ ਏ ਦੀ ਪੜ੍ਹਾਈ  ਵਿਚਾਲੇ ਛੱਡ ਹਾਕਮ ਸਿੱਧਾ ਨਵਾਂ ਜ਼ਮਾਨਾ ਅਖਬਾਰ ਚ ਚਲਾ ਗਿਆ ,ਜਿੱਥੇ ਉਨ੍ਹਾਂ ਕਾਫੀ ਕੰਮ ਕੀਤਾ ।ਲੇਕਿਨ ਸੀਪੀਆਈ ਚ ਸਿਧਾਂਤਕ ਬਹਿਸ ਦੌਰਾਨ ਪਈ ਫੁੱਟ ਕਾਰਨ ਉਹ ਨਵੀਂ ਬਣੀ  ਸੀ ਪੀ ਆਈ ਐਮ ਚ ਸ਼ਾਮਲ ਹੋ ਗਏ।ਇੱਥੇ ਉਨ੍ਹਾਂ ਨੇ ਕਿਸਾਨ ਸਭਾ ਤੇ ਪੰਦਰਾਂ ਦਿਨਾਂ ਬਾਅਦ ਨਿਕਲਦੇ ਰਸਾਲੇ ਲੋਕ ਲਹਿਰ ਲਈ ਕੰਮ ਕੀਤਾ।

ਪਰ ਜਲਦੀ ਹੀ ਪੱਛਮੀ ਬੰਗਾਲ ਅੰਦਰ ਕਿਸਾਨ ਬਗਾਵਤ ਖੜੀ ਹੋ ਗਈ ਜਿਸ ਨੂੰ ਦਬਾਉਣ ਲਈ ਸਾਂਝੇ ਮੋਰਚੇ ਦੀ ਸਰਕਾਰ ਨੇ ਗੋਲੀ ਚਲਾ ਦਿੱਤੀ, ਜਿਸ ਚ  ਅਨੇਕਾਂ ਕਿਸਾਨ ਮਾਰੇ ਗਏ।ਇਸ ਸਵਾਲ ਉੱਪਰ ਪਾਰਟੀ ਅੰਦਰ ਦਰਾਰ ਪੈਦਾ ਹੋ ਗਈ। ਨਕਸਲਬਾੜੀ ਦੇ ਹੱਕ ਚ ਆਵਾਜ਼ ਉਠਾਉਣ ਵਾਲਿਆਂ ਨੂੰ ਨਕਸਲੀਏ ਕਿਹਾ ਜਾਣ ਲੱਗਾ।ਕਾਮਰੇਡ ਹਾਕਮ ਸਿੰਘ ਨਕਸਲਬਾੜੀ ਦੇ ਹੱਕ ਚ ਸਟੈਂਡ ਲੈਣ ਵਾਲਿਆਂ ਚੋਂ ਮੋਹਰੀ ਸੀ।ਰਾਜਸੀ ਤਾਕਤ ਬੰਦੂਕ ਦੀ ਨਾਲੀ ਚੋਂ ਨਿਕਲਦੀ ਹੈ ਤੇ ਜ਼ਮੀਨ ਹਲਵਾਹਕ ਦੀ ਦਾ ਨਾਅਰਾ ਬੁਲੰਦ ਕਰਦਿਆਂ ਭਗੌੜਾ ਹੋ ਗਿਆ। ਇਸ ਲਹਿਰ ਦੇ ਐਕਸ਼ਨ ਦੀ ਸ਼ੁਰੂਆਤ ਕਾਮਰੇਡ ਹਾਕਮ ਸਿੰਘ ਨੇ ਘਰ ਤੋਂ ਕੀਤੀ। ਹਾਕਮ ਸਿੰਘ ਦਾ ਪਰਿਵਾਰ ਖਾਂਦੇ ਪੀਂਦੇ ਤੇ ਸਿਆਸੀ ਅਸਰ ਰਸੂਖ ਵਾਲਿਆਂ ਚੋਂ ਸੀ।ਉਨ੍ਹਾਂ ਦੇ ਪਿੰਡ ਚ ਵਿਆਜ ਤੇ ਪੈਸੇ ਵੀ ਚਲਦੇ ਸਨ। ਕਾਮਰੇਡ ਨੇ ਸਭ ਤੋਂ ਪਹਿਲਾਂ ਜਿਹੜੀਆਂ ਬਹੀਆਂ ਤੇ ਲੋਕਾਂ ਨੂੰ ਦਿੱਤੇ ਗਏ ਪੈਸੇ ਲਿਖੇ ਹੋਏ ਸਨ ਉਹਨਾਂ ਬਹੀਆਂ ਨੂੰ ਮਿੱਟੀ ਦਾ ਤੇਲ ਪਾਕੇ ਸਾੜ ਦਿੱਤਾ। ਕਾਮਰੇਡ ਨੂੰ ਪੰਦਰਾਂ ਏਕੜ ਜ਼ਮੀਨ ਆਉਂਦੀ ਸੀ ਕਾਮਰੇਡ ਨੇ ਆਪਣੇ ਬਾਪੂ ਨੂੰ ਜ਼ਮੀਨ ਪਾਰਟੀ ਦੇ ਨਾਮ ਕਰਵਾਉਣ ਲਈ ਜ਼ੋਰ ਦਿੱਤਾ ਪਰ ਪਰਿਵਾਰ ਮੰਨਿਆ ਨਹੀਂ।

ਪਹਿਲਾ ਜ਼ਮੀਨੀ ਐਕਸ਼ਨ ਵੀ ਕਾਮਰੇਡ ਹਾਕਮ ਸਿੰਘ ਦੀ ਅਗਵਾਈ ਹੇਠ ਸਮਾਓ ਵਿਖੇ ਹੀ ਹੋਇਆ ।ਜਿੱਥੇ ਸ਼ਾਹੂਕਾਰਾਂ ਦੀ ਪਈ ਜ਼ਮੀਨ ਉੱਪਰ ਝੰਡਾ ਗੱਢ ਦਿੱਤਾ।ਝੰਡਾ ਚੜ੍ਹਾਉਣ ਵਾਲਿਆਂ ਚ ਬਾਬੂ ਰਾਮ ਵੈਰਾਗੀ, ਜ਼ੋਰਾ ਸਿੰਘ ਅਲੀਸ਼ੇਰ,ਸੁਹਾਵਾ ਸਿੰਘ ਭੀਖੀ ਸ਼ਾਮਲ ਸਨ ਜਦਕਿ ਗੌਹਰ ਸਿੰਘ ਸਮਾਓ ਨੇ ਹਲ ਵਾਹਿਆ।ਇਸ ਘਟਨਾ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ।ਇਸ ਐਕਸ਼ਨ ਚ ਤੀਹ ਪੈਂਤੀ ਵਿਅਕਤੀਆਂ ਦੀ ਗ੍ਰਿਫਤਾਰੀ ਹੋਈ।

ਕਾਮਰੇਡ ਸਿਰਫ ਨੀਤੀ ਘਾੜਾ ਨਹੀਂ ਸੀ ਬਲਕਿ ਨੀਤੀ ਨੂੰ ਹਥਿਆਰ ਚੁੱਕ ਲਾਗੂ ਕਰਨ ਵਾਲਿਆਂ ਚ ਵੀ ਮੋਹਰੀ ਸੀ।ਇਸ ਕਰਕੇ ਹੀ ਹਾਕਮ ਸਿੰਘ ਪੰਜਾਬ ਚ ਖਿੱਚ ਦਾ ਕੇਂਦਰ ਵੀ ਸੀ।

ਨਕਸਲੀ ਲਹਿਰ ਵੱਲ ਨੌਜਵਾਨ, ਵਿਦਿਆਰਥੀ, ਮੱਧਵਰਗ, ਬੁੱਧੀਜੀਵੀ ਤਬਕਾ  ਤੇ ਸਾਹਿਤਕਾਰ ਤੇਜ਼ੀ ਨਾਲ ਖਿੱਚੇ ਜਾਣ ਲੱਗੇ।ਜਿਸ ਤੋਂ ਬੁਖਲਾਹਟ ਚ ਆਕੇ ਸਟੇਟ ਨੇ ਅੰਨ੍ਹੇ ਜਬਰ ਦਾ ਰਸਤਾ ਚੁਣਿਆ।ਅੱਸੀ ਸਾਲਾ ਬਾਬਾ ਬੂਝਾ ਸਿੰਘ ਤੋਂ ਲੈਕੇ ਚੜ੍ਹਦੀ ਉਮਰ ਦੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਚ ਖਪਾਇਆ ਜਾਣ ਲੱਗਾ।ਅੱਸੀ ਤੋਂ ਵੱਧ ਨੌਜਵਾਨ ਸ਼ਹੀਦ ਕਰ ਦਿੱਤੇ। ਤਸ਼ੱਦਦ ਦੀ ਭੰਨੀ ਤੇ ਟੁੱਟਾਂ ਫੁੱਟਾਂ ਦਾ ਸ਼ਿਕਾਰ ਲਹਿਰ ਨੂੰ ਸਟੇਟ ਨੇ ਵਕਤੀ ਤੌਰ ਤੇ ਦਬਾਅ ਲਿਆ।ਕਾਮਰੇਡ ਹਾਕਮ ਸਿੰਘ ਤੇ ਦਰਸ਼ਨ ਖਟਕੜ ਹੁਸ਼ਿਆਰਪੁਰ ਜਿਲ੍ਹੇ ਦੇ ਇੱਕ ਪਿੰਡ ਭਾਤਪੁਰ ਦੇ ਖੇਤਾਂ ਚੋਂ ਫੜੇ ਗਏ।ਪੁਲਿਸ ਮੁਕਾਬਲਿਆਂ ਦੇ ਦੌਰ ਚ ਦੋਵਾਂ ਦਾ ਵੀ ਝੂਠਾ ਪੁਲਿਸ ਮੁਕਾਬਲਾ ਬਣਾਇਆ ਜਾ ਸਕਦਾ ਸੀ ਪਰ ਲਹਿਰ ਦੇ ਦੋਵੇਂ ਵੱਡੇ ਲੀਡਰ ਹੋਣ ਕਾਰਨ ਇਨ੍ਹਾਂ ਦੀ ਗ੍ਰਿਫਤਾਰੀ ਦੀ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ,ਜਿਸ ਕਾਰਨ ਪੁਲਿਸ ਦੇ ਲਈ ਅਜਿਹਾ ਕਰਨਾ ਸੰਭਵ ਨਹੀਂ ਸੀ। ਪੁਲਿਸ ਵੱਲੋਂ ਕਾਮਰੇਡ ਸਮਾਓ ਦਾ ਵੱਖ ਵੱਖ ਥਾਣਿਆਂ ਚ ਉਨੀੜਿਵੇਂ ਦਿਨ ਰਿਮਾਂਡ ਰਿਹਾ ਜੋ ਇੱਕ ਰਿਕਾਰਡ ਹੈ।ਐਮਰਜੈਂਸੀ ਦਾ ਦੌਰ ਜੇਲ੍ਹ ਵਿਚ ਲੰਘਿਆ ।1977ਚ ਜਦ ਜਨਤਾ ਪਾਰਟੀ ਦੀ ਸਰਕਾਰ ਬਣੀ ਤਾਂ ਸਭ ਸਿਆਸੀ ਕੈਦੀਆਂ ਨੂੰ ਰਿਹਾਅ ਕੀਤਾ ਗਿਆ। ਜਦ ਕਾਮਰੇਡ ਹਾਕਮ ਸਿੰਘ ਜੇਲੋਂ ਬਾਹਰ ਆਇਆ ਲਹਿਰ ਖਿੰਡ ਚੁੱਕੀ ਸੀ  ਤੇ ਆਪਸੀ ਦੂਸ਼ਣਬਾਜ਼ੀ ਭਾਰੂ ਸੀ।ਮਾਸਟਰ ਤਰਲੋਚਨ ਸਮਰਾਲਾ ਦੇ ਸ਼ਬਦਾਂ ਵਿੱਚ ਜੋ ਸ਼ਹੀਦ ਹੋ ਗਏ ਸਭ ਕਿੰਤੂ ਪ੍ਰੰਤੂ ਤੋਂ ਉਪਰ ਉੱਠ ਗਏ ਪਰ ਜੋ ਬਚ ਗਏ ਕਟਹਿਰੇ ਚ ਖੜ੍ਹੇ ਹੋਣ ਲਈ ਸਰਾਪੇ ਗਏ। ਕਾਮਰੇਡ ਸਮਾਓ ਨਾਲ ਵੀ ਏਹ ਭਾਣਾ ਵਾਪਰਿਆ।

ਲੇਖਕ-ਕਾਮਰੇਡ ਹਰਭਗਵਾਨ ਭੀਖੀ 
ਜੇਲ੍ਹ ਤੋਂ ਬਾਹਰ ਆ ਕੇ ਹਾਕਮ ਸਿੰਘ ਨੇ ਲਹਿਰ ਦੀ ਹਾਲਤ  ਤੇ ਵਿਛੜ ਗਏ ਸਾਥੀਆਂ ਬਾਰੇ ਸੋਚਿਆ ਸਮਝਿਆ।ਏਹੀ ਉਹ ਦੌਰ ਸੀ ਜਦ ਕਾਮਰੇਡ ਵਿਨੋਦ ਮਿਸ਼ਰਾ ਤੇ ਕਾਮਰੇਡ ਨਾਗਭੂਸ਼ਣ ਪਟਨਾਇਕ ਦੀ ਅਗਵਾਈ ਹੇਠ ਲਹਿਰ ਨੂੰ ਇੱਕਜੁੱਟ ਕਰਨ ਦੇ ਯਤਨ  ਹੋ ਰਹੇ ਸਨ।ਇਨ੍ਹਾਂ ਯਤਨਾਂ ਦੇ ਫਲਸਰੂਪ ਹੀ  ਇੰਡੀਅਨ ਪੀਪਲਜ਼ ਫਰੰਟ ਹੋਂਦ ਵਿੱਚ ਆਇਆ। ਪੰਜਾਬ ਅੰਦਰ ਕਾਮਰੇਡ ਸਮਾਓ ਨੇ ਇਨ੍ਹਾਂ ਯਤਨਾਂ ਦਾ ਹੁੰਗਾਰਾ ਭਰਦਿਆਂ ਸੂਬੇ ਚ ਆਈ ਪੀ ਐਫ ਬਣਾਇਆ ਤੇ ਆਪਣੇ ਸਾਥੀਆਂ ਅਮਰ ਸਿੰਘ ਅੱਚਰਵਾਲ, ਬਾਬੂ ਰਾਮ ਵੈਰਾਗੀ, ਜਰਨੈਲ ਸਿੰਘ ਬਹਾਦਰਪੁਰ ਆਦਿ ਨੂੰ ਵੀ ਸ਼ਾਮਲ ਕੀਤਾ ਤੇ ਨਾਲ ਹੀ ਪੰਜਾਬ ਚ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੀ ਇਕਾਈ ਸੰਗਠਿਤ ਕੀਤੀ। ਲਹਿਰ ਦੌਰਾਨ ਸ਼ਹੀਦ ਹੋਏ ਸਾਥੀਆਂ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਮਾਨਸਾ ਵਿਖੇ ਸ਼ਹੀਦ ਬਾਬਾ ਬੂਝਾ ਸਿੰਘ ਭਵਨ ਦੀ ਉਸਾਰੀ ਕੀਤੀ।ਅੱਤਵਾਦ ਦੌਰਾਨ  ਕਾਮਰੇਡ ਦੀ ਸ੍ਰਪਰਸਤੀ ਹੇਠ ਪਾਰਟੀ ਨੇ ਫਿਰਕਾਪ੍ਰਸਤਾਂ ਤੇ ਸਟੇਟ ਦੇ ਦੋਵੇਂ ਕਿਸਮ ਦੇ ਜਬਰ ਦਾ ਵਿਰੋਧ ਕੀਤਾ। ਬ੍ਰਿਧ ਅਵਸਥਾ ਚ ਭੀਖੀ ਥਾਣੇ ਤੇ ਹਮਲੇ ਦੇ ਦੋਸ਼ ਚ ਅਡੋਲ ਰਹਿਕੇ ਅੰਨ੍ਹੇ ਪੁਲਿਸ ਜਬਰ ਦਾ ਸਾਹਮਣਾ ਕੀਤਾ।ਪੰਜਾਬ ਚ 1992ਚ ਪਹਿਲਾ ਨਕਸਲੀ ਉਮੀਦਵਾਰ ਵੀ ਹਾਕਮ ਸਿੰਘ ਦੀ ਅਗਵਾਈ ਹੇਠ ਹੀ ਜਿੱਤਿਆ।

ਕਾਮਰੇਡ ਹਾਕਮ ਸਿੰਘ ਸਮਾਓ ਉਰਫ ਜੱਗਾ 4 ਜੂਨ 1999 ਨੂੰ ਅਖਬਾਰ ਪੜ੍ਹਦਿਆਂ ਪੜ੍ਹਦਿਆਂ ਅਚਾਨਕ ਹੋਏ ਅਟੈਕ ਕਾਰਨ  ਜੁਝਾਰੂ ਕਾਫਲੇ ਨੂੰ ਸਰੀਰਕ ਰੂਪ ਚ ਸਦੀਵੀ ਵਿਛੋੜਾ ਦੇ ਗਏ।ਅੱਜ ਜਦੋਂ ਕਾਮਰੇਡ ਹਾਕਮ ਸਿੰਘ ਸਮਾਓ ਦੀ23ਵੀਂ ਬਰਸੀ ਮਨਾਈ ਜਾ ਰਹੀ ਹੈ ਤਾਂ ਆਓ ਆਪਣੇ ਨਾਇਕ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹਾਸ਼ੀਏ ਤੇ ਵਿਚਰ ਰਹੀ ਕਮਿਊਨਿਸਟ ਲਹਿਰ ਨੂੰ ਇੱਕਜੁੱਟ ਕਰਦਿਆਂ ਨਵੇਂ ਦਿਸਹੱਦਿਆਂ ਵੱਲ ਵਧੀਏ ਤੇ ਬਰਾਬਰਤਾ ਵਾਲੇ ਖੁਸ਼ਹਾਲ ਜਮਹੂਰੀ ਸਮਾਜ ਦੀ ਸਿਰਜਣਾ ਕਰੀਏ।

    ਵੱਲੋਂ: ਹਰਭਗਵਾਨ ਭੀਖੀ

     ਸੂਬਾ ਕਮੇਟੀ ਮੈਂਬਰ

      ਸੀ ਪੀ ਆਈ ਐਮ ਐਲ ਲਿਬਰੇਸ਼ਨ, ਪੰਜਾਬ>

      98768-96122

     2 ਜੂਨ 2022

ਦਰਸ਼ਨ ਖਟਕੜ ਹੁਰਾਂ ਬਾਰੇ ਇਹ ਵੀ ਪੜ੍ਹੋ--ਪੰਜਾਬ ਦੇ ਬਹੁ-ਪਸਾਰਾਂ ਦਾ ਦਸਤਾਵੇਜ਼ ਪੁਸਤਕ 

No comments:

Post a Comment