Thursday, March 31, 2022

ਅੱਜ 31 ਮਾਰਚ ਨੂੰ ਸ਼ਹਾਦਤ ਦਿਵਸ ਮੌਕੇ ਸ਼ਹੀਦ ਚੰਦਰ ਸ਼ੇਖਰ ਨੂੰ ਯਾਦ ਕਰਦਿਆਂ....

Thursday 31st March 2022 at 05:45 AM

RJD ਦੇ MP ਸ਼ਹਾਬੂਦੀਨ ਦੇ ਗੁੰਡਿਆਂ ਨੇ 1997 ਵਿੱਚ ਕੀਤਾ ਸੀ ਸ਼ਹੀਦ 

ਸੋਸ਼ਲ ਮੀਡੀਆ//ਇੰਟਰਨੈਟ: 31 ਮਾਰਚ 2022: (ਹਰਭਗਵਾਨ ਭੀਖੀ//ਨਕਸਲਬਾੜੀ ਡੈਸਕ)::

ਨਕਸਲੀ ਲਹਿਰ ਨਾਲ ਮਤਭੇਦ ਕਿਸੇ ਨੂੰ ਵੀ ਹੋ ਸਕਦੇ ਹਨ ਪਰ ਉਹਨਾਂ ਦੀਆਂ ਕੁਰਬਾਨੀਆਂ ਅੱਜ ਵੀ ਵੱਡੀ ਲਕੀਰ ਖਿੱਚੀ ਖੜੀਆਂ ਹਨ। ਅੱਜ ਵੀ ਪ੍ਰਸੰਗਿਕ ਹਨ। ਅੱਜ ਵੀ ਉਹਨਾਂ ਦਾ ਜ਼ਿਕਰ ਹੁੰਦਾ ਹੈ। ਨਕਸਲੀ ਲਹਿਰ ਦੇ ਸਾਹਿਤ ਨੂੰ ਦੇਣ ਵੀ ਅਦੂਤੀ ਰਹੀ ਹੈ। ਬਹੁਤ ਸਾਰਾ ਸਾਹਿਤ, ਬਹੁਤ ਸਾਰੇ ਪਰਚੇ ਬਹੁਤ ਸਾਰੇ ਲੇਖਕ ਇਸ ਲਹਿਰ ਨੇ ਹੀ ਦਿੱਤੇ। ਸਮੇਂ ਦੀ ਧੂੜ ਨਾਲ ਬਹੁਤ ਕੁਝ ਗੁਆਚ ਵੀ ਗਿਆ ਹੈ। ਲਹਿਰ ਵਿੱਚ ਪਈਆਂ ਧੜੇਬੰਦੀਆਂ ਨੇ ਵੀ ਇਸ ਸਾਂਭ ਸੰਭਾਲ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। ਇਹਨਾਂ ਵਿਪਰੀਤ ਹਾਲਤਾਂ ਦੇ ਬਾਵਜੂਦ ਬਲਬੀਰ ਪਰਵਾਨਾ, ਅਜਮੇਰ ਸਿੱਧੂ, ਸੁਖਦਰਸ਼ਨ ਨੱਤ ਅਤੇ ਹਰਭਗਵਾਨ ਭੀਖੀ ਨੇ ਆਪੋ ਆਪਣੀ ਵਿੱਤ ਮੁਤਾਬਿਕ ਕਾਫੀ ਉਪਰਾਲੇ ਕੀਤੇ ਹਨ। ਕੁਝ ਹੋਰ ਸੱਜਣਾਂ ਨੇ ਵੀ ਸਾਂਭ ਸੰਭਾਲ ਅਤੇ ਖੋਜ ਦੇ ਇਸ ਮਕਸਦ ਲਈ ਹਾਮੀ ਤਾਂ ਬਹੁਤ ਵਾਰ ਭਰੀ ਪਰ ਅਮਲੀ ਤੌਰ ਤੇ ਲੁੜੀਂਦੇ ਤਾਲਮੇਲ ਦੀ ਕਮੀ ਕਾਰਨ ਠੋਸ ਕਦਮ ਨਹੀਂ ਚੁੱਕੇ ਜਾ ਸਕੇ। ਅੱਜ 31 ਮਾਰਚ ਹੈ। ਅੱਜ ਦੇ ਦਿਨ ਦੀ ਯਾਦ ਕਰਾਈ ਹੈ ਹਰਭਗਵਾਨ ਭੀਖੀ ਹੁਰਾਂ ਨੇ। ਇਸ ਦਿਨ ਦਾ ਨਕਸਲੀ ਸ਼ਹੀਦ ਚੰਦਰ ਸ਼ੇਖਰ ਵੀ ਇੱਕ ਵਿਸ਼ੇਸ਼ ਸ਼ਖ਼ਸੀਅਤ ਸੀ। ਉਸਦੀ ਜ਼ਿੰਦਗੀ ਦੇ ਬਹੁਤ ਸਾਰੇ ਪਹਿਲੂ ਅੱਜ ਵੀ ਪਲਾਂ ਛਿਣਾਂ ਵਿੱਚ ਹੀ ਕਿਸੇ ਫਿਲਮ ਦੀ ਰੀਲ ਵਾਂਗ ਜ਼ਹੀਨ ਵਿੱਚ ਘੁੰਮ ਜਾਂਦੇ ਹਨ। 

ਹਰ ਵਾਰ ਦੀ ਤਰ੍ਹਾਂ ਅੱਜ 31 ਮਾਰਚ ਨੂੰ ਉਸਦੀ ਸ਼ਹਾਦਤ ਜ਼ਿਆਦਾ ਸ਼ਿੱਦਤ ਨਾਲ ਯਾਦ ਆਉਂਦੀ ਹੈ। ਹਰ ਸ਼ਹਾਦਤ ਦਿਵਸ ਮੌਕੇ ਸ਼ਹੀਦ ਚੰਦਰ ਸ਼ੇਖਰ ਨੂੰ ਯਾਦ ਕਰਦਿਆਂ ਉਹਨਾਂ ਵੇਲਿਆਂ ਦਾ ਖਿਆਲ ਵੀ ਆਉਂਦਾ ਹੈ ਅਤੇ ਇਹ ਵੀ ਕਿ ਅਸੀਂ ਇਸ ਰਸਤੇ ਤੇ ਕਿੰਨਾ ਕੁ ਅੱਗੇ ਵੱਧ ਸਕੇ ਹਾਂ। 

ਜੇ ਐਨ ਯੂ  ਦੀਆਂ ਵਿਦਿਆਰਥੀ ਚੋਣਾਂ ਚ ਜਦੋਂ ਸਵਾਲ ਜਵਾਬ ਦੇ ਦੌਰ ਚ ਚੰਦਰ ਸ਼ੇਖਰ ਨੂੰ ਪੁੱਛਿਆ ਗਿਆ ਕਿ ਉਨਾਂ ਦੀ ਕੋਈ ਨਿਜੀ ਲਾਲਸਾ ਹੈ ਤਾਂ ਚੰਦਰ ਸ਼ੇਖਰ ਨੇ ਕਿਹਾ ਹਾਂ ਹੈ--

ਸ਼ਹੀਦ ਭਗਤ ਸਿੰਘ ਦੀ ਤਰਾਂ ਜਿੰਦਗੀ 

ਚੀ ਗੁਵੈਰਾ ਦੀ ਤਰਾਂ ਮੌਤ 

ਸਚਮੁੱਚ ਚੰਦਰ ਸ਼ੇਖਰ ਨੇ  ਆਪਣਾ ਵਾਅਦਾ ਪੂਰਾ ਕੀਤਾ  

ਉਚ ਪੜ੍ਹਾਈ ਕਰਨ ਤੋਂ ਬਾਅਦ ਉਸ ਨੇ ਇਨਕਲਾਬੀ ਰਸਤਾ ਚੁਣਿਆ ਤੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਬੈਨਰ ਹੇਠ ਜਨਤਾ ਨੂੰ ਲਾਮਬੰਦ ਕਰਨ ਲੱਗੇ। ਇਹ ਉਸਦਾ ਖਾਸ ਅੰਦਾਜ਼ ਅਤੇ ਉਸ ਦੀ ਹਰਮਨ ਪਿਆਰਤਾ ਹੀ ਸੀ ਕਿ ਹਜ਼ਾਰਾਂ ਨੌਜਵਾਨ ਉਸ ਨਾਲ ਜੁੜਨ ਲੱਗੇ ਜਿਸ ਤੋਂ ਘਬਰਾਹਟ ਚ ਆ ਕੇ ਰਾਸ਼ਟਰੀ ਜਨਤਾ ਦਲ ਦੇ ਐਮ ਪੀ ਮੁਹੰਮਦ ਸ਼ਾਹਬੂਦੀਨ ਦੇ ਗੁੰਡਿਆਂ ਨੇ ਚੰਦਰ ਸ਼ੇਖਰ ਅਤੇ  ਉਸ ਦੇ ਇਕ ਹੋਰ ਸਾਥੀ ਸ਼ਿਆਮ ਨਰਾਇਣ ਨੂੰ ਉਸ ਸਮੇਂ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਜਦੋਂ ਉਹ ਸੀ ਪੀ ਆਈ ਐਮ ਐਲ ਵਲੋਂ ਬਿਹਾਰ ਬੰਦ ਦੇ ਸੱਦੇ ਨੂੰ ਸਫਲ ਕਰਨ ਲਈ ਮੁਹਿੰਮ ਚਲਾ ਰਹੇ ਸਨ। ਉਸ ਦਿਨ 31 ਮਾਰਚ1997 ਦਾ ਹੀ ਦਿਨ ਸੀ ਜਦੋਂ  ਇਹ ਦੋਵੇਂ ਆਗੂ ਸਿਵਾਨ ਦੇ ਜੇ ਪੀ ਚੌਕ ਵਿਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਅੱਜ  ਨਵੀਂ ਪੀੜ੍ਹੀ ਦੇ ਨਾਇਕ ਚੰਦਰ ਸ਼ੇਖਰ ਨੂੰ ਸ਼ਹਾਦਤ ਦਿਵਸ ਤੇ ਯਾਦ ਕਰਦੇ ਹੋਏ  ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਲਈ ਅਹਿਦ ਕਰਦੇ ਹਾਂ। 

ਲਾਲ ਸਲਾਮ ---

ਹਰਭਗਵਾਨ ਭੀਖੀ

No comments:

Post a Comment