ਚੇਤਿਆਂ ਵਿੱਚ ਲਿਸ਼ਕਦਾ ਪਾਸ਼-ਨਿੱਜੀ ਯਾਦਾਂ//ਵਰਿਆਮ ਸਿੰਘ ਸੰਧੂ
ਚੇਤਿਆਂ ਵਿੱਚ ਲਿਸ਼ਕ ਉਠੇ ਪਾਸ਼ ਨਾਲ ਜੁੜੇ ਇੱਕ ਯਾਦਗਾਰੀ ਬਿਰਤਾਂਤ ਨਾਲ ਗੱਲ ਸ਼ੁਰੂ ਕਰਦੇ ਹਾਂ
1971-72 ਦਾ ਸਾਲ ਸੀ ਸ਼ਾਇਦ। ਨਕੋਦਰ ਵਿੱਚ ‘ਕ੍ਰਾਂਤੀਕਾਰੀ ਲੇਖਕਾਂ’ ਵੱਲੋਂ ਇੱਕ ਕਾਨਫ਼ਰੰਸ ਕੀਤੀ ਗਈ। ਪਰਚੇ ਪੜ੍ਹੇ ਗਏ, ਗਰਮਾ ਗਰਮ ਤਕਰੀਰਾਂ ਹੋਈਆਂ। ਸਰਕਾਰ ਦੀਆਂ ਨੀਤੀਆਂ ਤੇ ਪੁਲਿਸ ਦੀਆਂ ਵਧੀਕੀਆਂ ਖ਼ਿਲਾਫ਼ ਰੋਹਦਾਰ ਆਵਾਜ਼ ਬੁਲੰਦ ਹੋਈ। ਫਿਰ ਨਕੋਦਰ ਦੇ ਬਜ਼ਾਰਾਂ ਵਿੱਚ ਜੋਸ਼ੀਲੇ ਨਾਅ੍ਹਰੇ ਲਾਉਂਦਾ ਲੇਖਕਾਂ ਦਾ ਜਲੂਸ ਨਿਕਲਿਆ। ਰਾਤ ਨੂੰ ਕਵੀ ਦਰਬਾਰ ਸੀ। ਸਵੇਰ ਵਾਲੀ ਕਾਨਫ਼ਰੰਸ ਤੇ ਰਾਤ ਵਾਲੇ ਕਵੀ ਦਰਬਾਰ ਦੀ ਸਟੇਜ ਨਕੋਦਰ ਦੇ ਪੁਲਿਸ ਥਾਣੇ ਨਾਲ ਲੱਗਵੀਂ ਕੰਧ ਨਾਲ ਬਣੀ ਹੋਈ ਸੀ। ਕਵੀਆਂ ਦੀਆਂ ਕਵਿਤਾਵਾਂ ਵੀ ਰੋਹ ਤੇ ਰੰਜ ਨਾਲ ਭਰੀਆਂ ਹੋਈਆਂ ਸਨ। ਮੈਂ ਪਹਿਲੀ ਵਾਰ ਕਿਸੇ ਕਵੀ ਦਰਬਾਰ ਵਿੱਚ ਆਪਣਾ ਗੀਤ ਗਾ ਕੇ ਪੜ੍ਹਿਆ।
ਇਸ ਕਾਨਫ਼ਰੰਸ ਦੇ ਮੁੱਖ ਕਰਨਧਾਰਾਂ ਵਿੱਚ ਪਾਸ਼ ਵੀ ਸੀ। ਉਹ ਕੁੱਝ ਚਿਰ ਹੋਇਆ ਜੇਲ੍ਹ ਵਿਚੋਂ ਰਿਹਾ ਹੋ ਕੇ ਆਇਆ ਸੀ। ਉਹਨੀਂ ਦਿਨੀਂ ਉਹਦੀ ਬੜੀ ਚੜ੍ਹਤ ਸੀ। ਕਈ ਲੇਖਕਾਂ ਨੇ ਤਾਂ ਉਹਨੂੰ ਪਹਿਲੀ ਵਾਰ ਵੇਖਿਆ ਸੀ। ਉਹ ਸਵੇਰ ਦੇ ਪ੍ਰੋਗਰਾਮ ਵਿੱਚ ਬੋਲਿਆ ਨਹੀਂ ਸੀ। ਸਾਰੇ ਸਮਝਦੇ ਸਨ ਕਿ ਰਾਤ ਦੇ ਕਵੀ ਦਰਬਾਰ ਵਿੱਚ ਉਹ ਆਪਣੀ ਕਵਿਤਾ ਸੁਣਾਏਗਾ; ਆਪਣੇ ਅਨੁਭਵ ਸਾਂਝੇ ਕਰੇਗਾ। ਕਵੀ ਦਰਬਾਰ ਸਮਾਪਤੀ ’ਤੇ ਪੁੱਜਾ ਤਾਂ ਸਟੇਜ ਸਕੱਤਰ ਨੇ ਪਾਸ਼ ਦਾ ਨਾਂ ਲਿਆ। ਪਾਸ਼ ਥਾਣੇ ਦੀ ਕੰਧ ਨਾਲ ਲੱਗੀ ਸਟੇਜ ’ਤੇ ਖੜਾ ਹੋਇਆ। ਇਹੋ ਥਾਣਾ ਸੀ ਜਿਸ ਵਿੱਚ ਉਹਨੂੰ ਕਦੀ ਗ੍ਰਿਫ਼ਤਾਰ ਕਰ ਕੇ ਲਿਆਂਦਾ ਗਿਆ ਸੀ। ਉਸ ਨਾਲ ਜ਼ਿਆਦਤੀ ਕੀਤੀ ਗਈ ਸੀ। ਝੂਠਾ ਕਤਲ ਕੇਸ ਉਹਦੇ ਨਾਂ ਮੜ੍ਹਿਆ ਗਿਆ ਸੀ। ਸਪੀਕਰ ਦਾ ਮੂੰਹ ਵੀ ਥਾਣੇ ਵੱਲ ਸੀ। ਜ਼ਾਹਿਰ ਹੈ ਸਵੇਰ ਤੋਂ ਹੁਣ ਤੱਕ ਥਾਣੇ ਵਾਲੇ ਸਭ ਕੁੱਝ ਸੁਣਦੇ ਰਹੇ ਸਨ।
ਹੁਣ ਸਰੋਤੇ ਸੁਣਨਾ ਤੇ ਜਾਨਣਾ ਚਾਹੁੰਦੇ ਸਨ ਕਿ ਪਾਸ਼ ਕੀ ਬੋਲਦਾ ਹੈ। ਪਾਸ਼ ਨੇ ਕੋਈ ਭਾਸ਼ਨ ਨਹੀਂ ਕੀਤਾ। ਕੋਈ ਕਵਿਤਾ ਨਹੀਂ ਸੁਣਾਈ। ਉਸਨੇ ਅਸਮਾਨ ਵੱਲ ਬਾਂਹ ਉੱਚੀ ਚੁੱਕੀ ਤੇ ਗਰਜਵੀਂ ਆਵਾਜ਼ ਵਿੱਚ ਪੁਲਿਸ ਵਾਲਿਆਂ ਨੂੰ ਸੁਣਾ ਕੇ ਸਿਰਫ਼ ਏਨਾ ਹੀ ਕਿਹਾ:
“ਗਾਲ੍ਹਾਂ ਕੱਢੀਆਂ ਗਲੀ ਵਿੱਚ ਖੜ ਕੇ, ਮਾਣ ਭਰਾਵਾਂ ਦੇ”
ਏਨੀ ਆਖ ਕੇ ਉਹ ਸਟੇਜ ਤੋਂ ਉੱਤਰ ਆਇਆ। ਤਾੜੀਆਂ ਦੀ ਗੜਗੜਾਹਟ ਨਾਲ ਮੈਦਾਨ ਤੇ ਅਸਮਾਨ ਗੂੰਜ ਉੱਠਿਆ। ਇੱਕੋ ਗੱਲ ਵਿੱਚ ਸਾਰੀ ਗੱਲ ਆਖੀ ਗਈ ਸੀ। ਭਰਾਵਾਂ ਦਾ ਮਾਣ ਤੇ ਲੋਕਾਂ ਦੀ ਤਾਕਤ ਪਿੱਠ ਪਿੱਛੇ ਹੋਵੇ ਤਾਂ ਬੰਦਾ ਆਪਣੇ ਹਿੱਸੇ ਦੀ ਲੜਾਈ ਬੁਲੰਦ ਇਰਾਦਿਆਂ ਨਾਲ ਲੜ ਸਕਦਾ ਹੈ। ਦੁਸ਼ਮਣ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਲਲਕਾਰ ਸਕਦਾ ਹੈ। ਭਰਾ ਨਾਲ ਨਾ ਹੋਣ ਤਾਂ ਮਿਰਜ਼ੇ ਵਰਗੇ ਜਵਾਨ ਦੀ ਵੀ ਦੁਸ਼ਮਣਾਂ ਦੇ ਵਾਰ ਸਹਿੰਦਿਆਂ ਧਾਹ ਨਿਕਲ ਜਾਂਦੀ ਹੈ, “ਜੱਟ ਬਾਂਝ ਭਰਾਵਾਂ ਮਾਰਿਆ, ਕੋਈ ਨਾ ਮਿਰਜ਼ੇ ਦੇ ਸੰਗ।’
***
-ਆਪਣੀ ਲਾਸਾਨੀ ਪ੍ਰਤਿਭਾ ਦੇ ਜਲੌਅ ਨਾਲ ਜਗਮਗਾਉਂਦਾ ਪਾਸ਼ ਸ਼ਾਇਰੀ ਦੇ ਆਕਾਸ਼ ਵਿੱਚ ਚਾਨਣ ਦੀ ਲੰਮੀ ਲੀਕ ਪਿੱਛੇ ਛੱਡ ਕੇ ਭਰ ਜਵਾਨੀ ਵਿੱਚ ਤੁਰ ਗਿਆ। ਸ਼ਹੀਦ ਭਗਤ ਸਿੰਘ ਨੂੰ ਆਪਣਾ ਆਦਰਸ਼ ਮੰਨਣ ਵਾਲਾ ਪਾਸ਼ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਉਹਦਾ ਛੋਟਾ ਭਰਾ ਬਣ ਕੇ 23 ਮਾਰਚ 1988 ਨੂੰ ਅੰਨ੍ਹੇ ਧਾਰਮਿਕ ਜਨੂੰਨ ਦੀ ਭੇਟ ਚੜ੍ਹ ਗਿਆ।
ਨਾ ਭਗਤ ਸਿੰਘ ਨੂੰ ਕੋਈ ਮਾਰ ਸਕਿਆ ਏ ਤੇ ਨਾ ਹੀ ਪਾਸ਼ ਮਰਨ ਲੱਗਾ ਏ। ਉਹਦੀ ਕਵਿਤਾ ਉਦੋਂ ਵੀ ਬੋਲਦੀ ਸੀ, ਅੱਜ ਵੀ ਬੋਲਦੀ ਹੈ ਤੇ ਹਮੇਸ਼ਾ ਬੋਲਦੀ ਰਹੇਗੀ। ਸਰੀਰ ਨੂੰ ਕਤਲ ਕੀਤਾ ਜਾ ਸਕਦਾ ਏ ਪਰ ਕਵਿਤਾ ਨੂੰ ਕੌਣ ਮਾਰ ਸਕਦਾ ਏ!
ਪਾਸ਼ ਜ਼ਿੰਦਗੀ ਦਾ ਆਸ਼ਕ ਸੀ। ਆਪਣੀ ਡਾਇਰੀ ਵਿੱਚ ਇੱਕ ਥਾਂ ਉਹ ਲਿਖਦਾ ਹੈ, ‘ਮੇਰੀ ਕਵਿਤਾ ਕਦੇ ਵੀ ਚੁੱਪ ਨਹੀਂ ਹੋਣੀ। ਮੇਰੀ ਕਵਿਤਾ ਬੜਾ ਚਿਰ ਜਿਉਂਦੀ ਰਹੇਗੀ, ਕਿਉਂਕਿ ਇਹ ਸਮੁੱਚੀ ਜ਼ਿੰਦਗੀ ਨਾਲ ਇਸ਼ਕ ਦੀ ਕਵਿਤਾ ਹੈ।”
ਪਾਸ਼ ਇੱਕ ਯੁਗ ਕਵੀ ਸੀ। ਯੁਗ ਕਵੀ ਉਹ ਹੁੰਦਾ ਏ ਜੋ ਆਪਣੇ ਦੌਰ ਦੇ ਕਾਵਿਕ ਆਕਾਸ਼ ਵਿੱਚ ਚੰਦਰਮਾ ਵਾਂਗ ਚਮਕ ਉਠਦਾ ਹੈ ਤੇ ਦੂਜੇ ਸ਼ਾਇਰ ਨਿੱਕੇ ਤਾਰਿਆਂ ਵਾਂਗ ਉਹਦੀ ਚਾਨਣੀ ਦੀ ਦੂਧੀਆ ਰੌਸ਼ਨੀ ਵਿੱਚ ਮੱਧਮ ਪੈ ਜਾਂਦੇ ਨੇ। ਯੁਗ ਕਵੀ ਜਿੱਥੇ ਵਿਚਾਰਧਾਰਕ ਤੌਰ ਨਵੇਂ ਰੰਗ ਲੈ ਕੇ ਆਉਂਦਾ ਹੈ ਓਥੇ ਉਹ ਸ਼ਾਇਰੀ ਦਾ ਅਜਿਹਾ ਨਵਾਂ ਤੇ ਨਿਆਰਾ ਮੁਹਾਵਰਾ ਸਿਰਜਦਾ ਹੈ ਕਿ ਬਾਕੀ ਸ਼ਾਇਰ ਉਸ ਵਰਗਾ ਲਿਖਣਾ ਤੇ ਉਸ ਵਰਗਾ ਬਣਨਾ ਆਪਣਾ ਮਾਣ ਸਮਝਣ ਲੱਗਦੇ ਨੇ। ਪਾਸ਼ ਅਜਿਹਾ ਸ਼ਾਇਰ ਹੀ ਸੀ।
ਇਸ ਅਜ਼ੀਮ ਸ਼ਾਇਰ ਨੂੰ ਸਿਰਫ਼ ਪੰਜਾਬੀ ਦਾ ਹੀ ਨਹੀਂ ਸਗੋਂ ਭਾਰਤ ਦਾ ਮਹਾਨ ਸ਼ਾਇਰ ਸਮਝਿਆ ਜਾਂਦਾ ਏ। ਲਹਿੰਦੇ ਪੰਜਾਬ ਵਿੱਚ ਮਕਸੂਦ ਸਾਕਿਬ ਵਰਗੇ ਦਾਨਿਸ਼ਵਰ ਆਪਣੀਆਂ ਬੈਠਕਾਂ ਵਿੱਚ ਸਾਥੀਆਂ ਨਾਲ ਲਗਾਤਾਰ ਪਾਸ਼ ਦੀ ਕਵਿਤਾ ਦਾ ਪਾਠ ਕਰ ਤੇ ਉਹਨੂੰ ਸਮਝ ਰਹੇ ਤੇ ਪਿਆਰ ਰਹੇ ਹਨ।
ਪਾਸ਼ ਪੰਜਾਬੀ ਦਾ ਪਹਿਲਾ ਅਜਿਹਾ ਸ਼ਾਇਰ ਹੈ ਜਿਸਦੀ ਸ਼ਾਇਰੀ ਦਾ ਵੱਖ ਵੱਖ ਜ਼ਬਾਨਾਂ ਵਿੱਚ ਅਨੁਵਾਦ ਹੋਇਆ ਤੇ ਉਹ ਵੱਖ ਵੱਖ ਭਾਸ਼ਾਵਾਂ ਵਿੱਚ ਬੈਠੇ ਕਵਿਤਾ ਦੇ ਆਸ਼ਕਾਂ ਦੇ ਦਿਲਾਂ ਵਿੱਚ ਫੁੱਲ ਬਣ ਕੇ ਖਿੜ ਪਿਆ।
ਪਾਸ਼ ਪਹਿਲਾ ਪੰਜਾਬੀ ਸ਼ਾਇਰ ਹੈ, ਜਿਸ ਨੇ ਪੇਂਡੂ ਜੀਵਨ, ਖਾਸ ਕਰ ਕੇ ਟੁੱਟ ਰਹੀ ਤੇ ਖਿੰਘਰ ਹੋ ਰਹੀ ਕਿਸਾਨੀ ਨੂੰ ਆਪਣੀਆਂ ਕਵਿਤਾਵਾਂ ਵਿੱਚ ਚਿਤਰਿਆ ਹੈ। ਕਿਰਤੀ ਹੱਥਾਂ ਦੀ ਮਹਾਨਤਾ ਦਾ ਗੁਣਗਾਨ ਕਰਨਾ ਤੇ ਇਨ੍ਹਾਂ ਹੱਥਾਂ ਦਾ ਹਥਿਆਰਾਂ ਵਿੱਚ ਵਟਣਾ ਉਸ ਦੀ ਸ਼ਾਇਰੀ ਦੇ ਮੂਲ ਸੂਤਰ ਹਨ।
ਪਰ ਅੱਜ ਉਹ ਕਿਰਤੀ ਹੱਥ ਜਿਨ੍ਹਾਂ ਨੇ ਹਥਿਆਰ ਬਣਨਾ ਸੀ, ਆਪਣੇ ਗਲ ਵਿੱਚ ਫਾਹੀ ਦਾ ਫੰਦਾ ਪਾਉਣ ਲਈ ਮਜਬੂਰ ਹੋ ਗਏ ਨੇ। ਕਾਲੀਆਂ ਹਨੇਰੀਆਂ ਤਾਕਤਾਂ ਹੋਰ ਵੀ ਗੂੜ੍ਹੀਆਂ ਹੋ ਗਈਆਂ ਨੇ। ਅੰਨ੍ਹਾਂ ਧਾਰਮਿਕ ਜਨੂੰਨ ਅੱਜ ਜ਼ੋਰਾਂ ਨਾਲ ਗੜਗੜਾ ਰਿਹਾ ਏ। ਪਾਸ਼ ਵਰਗੇ ਚੇਤੰਨ ਤੇ ਲੋਕਾਂ ਦੀ ਆਵਾਜ਼ ਬਣ ਕੇ ਪਾਸ਼ ਦੇ ਰਾਹੇ ਤੁਰ ਗਏ ਯੋਧਿਆਂ ਦੇ ਗਲੇ ’ਤੇ ਚੱਲਣ ਵਾਲੇ ਲਹੂ ਲਿੱਬੜੇ ਤਿ੍ਸ਼ੂਲ ਤੇ ਤਲਵਾਰਾਂ ਅੱਜ ਭੀੜ ਦੇ ਹੱਥ ਬਣ ਕੇ ਲਲਕਾਰ ਰਹੇ ਨੇ।
ਪਰ ਪਾਸ਼ ਦੀ ਕਵਿਤਾ ਅੱਜ ਵੀ ਜਿਊਂਦੀ ਹੈ। ਉਹ ਵੀ ਜ਼ੋਰ ਨਾਲ ਲਲਕਾਰ ਰਹੀ ਏ।
“ਅਸੀਂ ਲੜਾਂਗੇ ਸਾਥੀ!”
ਪਰ ਲੜਨ ਲਈ ਭਰਾਵਾਂ ਦੀਆਂ ਬਾਹਵਾਂ ਦੀ ਲੋੜ ਤਾਂ ਹੈ ਈ ਏ ਨਾ।
ਦੇਸ਼ ਵਿੱਚ ਨਕਸਲੀ ਲਹਿਰ ਦੀ ਤੇਜ਼ ਹਨੇਰੀ ਝੁੱਲੀ ਤਾਂ ਪੰਜਾਬ ਦੇ ਨੌਜਵਾਨ ਵਰਗ ਦੇ ਚਿੰਤਕਾਂ ਅਤੇ ਲੇਖਕਾਂ ਦਾ ਵੱਡਾ ਹਿੱਸਾ, ਇਸ ਹਨੇਰੀ ਦੇ ਵੇਗ ਵਿੱਚ ਵਹਿ ਤੁਰਿਆ। ਪੰਜਾਬੀ ਕਵਿਤਾ ਵਿੱਚ ਪਾਸ਼ ਦਾ ਨਾਂ ਧਮਾਕੇ ਵਾਂਗ ਫਟਿਆ ਤੇ ਚਾਰੇ ਪਾਸੇ ਲਿਸ਼ਕਣ ਤੇ ਗੂੰਜਣ ਲੱਗਾ। ਇਸ ਸਮੇਂ ਪੁਲਸ ਨੇ ਉਹਨੂੰ ਝੂਠੇ ਕਤਲ ਕੇਸ ਵਿੱਚ ਅੜੁੰਗ ਲਿਆ।
ਉਹਦੀਆਂ ਜਲੰਧਰ ਜੇਲ੍ਹ ਵਿਚੋਂ ਭੇਜੀਆਂ ਤੇ ਛਪੀਆਂ ਕਵਿਤਾਵਾਂ ਲੋਕ ਉਡ ਕੇ ਪੜ੍ਹਦੇ। ਲੁਧਿਆਣਾ ਤੋਂ ਛਪਦਾ ਮਾਸਿਕ-ਪੱਤਰ ‘ਹੇਮ-ਜਯੋਤੀ’ ਤੱਤੇ ਲੇਖਕਾਂ ਦੇ ਵਿਚਾਰਾਂ ਅਤੇ ਰਚਨਾਵਾਂ ਨੂੰ ਛਾਪਣ ਦਾ ਮੁੱਖ ਪਰਚਾ ਬਣ ਗਿਆ। ਏਥੇ ਹੀ ਪਾਸ਼ ਛਪਦਾ ਸੀ।
ਪਾਸ਼ ਅਜੇ ਜੇਲ੍ਹ ਵਿੱਚ ਹੀ ਸੀ ਕਿ ਪਤਾ ਲੱਗਾ, ਪਾਸ਼ ਦਾ ਗਿਰਾਈਂ ਤੇ ਦੋਸਤ ਸੰਤ ਸੰਧੂ ਅੰਮ੍ਰਿਤਸਰ ਗੁਰਸ਼ਰਨ ਸਿੰਘ ਕੋਲ ਆਇਆ ਹੋਇਆ ਹੈ। ਸੰਤ ਸੰਧੂ ਨੇ ਮਸ਼ਹੂਰ ਕਰ ਦਿੱਤਾ ਸੀ ਜਾਂ ਮਸ਼ਹੂਰ ਹੋ ਗਿਆ ਸੀ ਕਿ ਸੰਤ ਸੰਧੂ ਕਵਿਤਾ ਲਿਖਣ ਵਿੱਚ ਪਾਸ਼ ਦਾ ‘ਗੁਰੂ’ ਹੈ। ਛੋਟੀਆਂ ਮੀਟਿੰਗਾਂ ਵਿੱਚ ਉਹ ਆਪਣੀਆਂ ਤੇ ਪਾਸ਼ ਦੀਆਂ ਕਵਿਤਾਵਾਂ ਸੁਣਾਉਂਦਾ। ਉਹਦੀ ਤੇ ਪਾਸ਼ ਦੀ ‘ਬੱਲੇ! ਬੱਲੇ!’ ਹੋਈ ਪਈ ਸੀ। ਅੰਮ੍ਰਿਤਸਰ ਦੇ ਟਾਊਨ ਹਾਲ ਸਕੂਲ ਵਿੱਚ ਇੱਕ ਵੱਡੀ ਮੀਟਿੰਗ ਰੱਖੀ ਗਈ। ਮੈਂ ਵੀ ਪਿੰਡੋਂ ਓਥੇ ਪਹੁੰਚਿਆ। ਓਥੇ ਸੰਤ ਸੰਧੂ ਨਾਟਕੀ ਅੰਦਾਜ਼ ਵਿੱਚ ਆਪਣੀਆਂ ਤੇ ਪਾਸ਼ ਦੀਆਂ ਕਵਿਤਾਵਾਂ ਸੁਣਾ ਰਿਹਾ ਸੀ। ਸਰੋਤੇ ਸੁੰਨ ਹੋਏ ਬੈਠੇ ਸਨ। ਪਾਸ਼ ਦੀਆਂ ਕੁੱਝ ਕਵਿਤਾਵਾਂ ਪਹਿਲਾਂ ਛਪ ਚੁੱਕੀਆਂ ਸਨ ਪਰ ਜਿਹੜਾ ਪ੍ਰਭਾਵ ਇਕੋ ਬੈਠਕ ਵਿੱਚ ਉਹਦੀਆਂ ਕਵਿਤਾਵਾਂ ਸੁਣ ਕੇ ਪਿਆ, ਉਹ ਬਾ-ਕਮਾਲ ਸੀ। ਇਸ ਵਿੱਚ ਸੰਤ ਸੰਧੂ ਦੀ ਜਾਦੂ-ਬਿਆਨੀ ਦਾ ਵੀ ਅਸਰ ਸੀ।
ਮੀਟਿੰਗ ਤੋਂ ਬਾਅਦ ਸੰਤ ਸੰਧੂ ਮੈਨੂੰ ਮਿਲਿਆ। ਉਹ ਮੇਰੀਆਂ ਕਹਾਣੀਆਂ ਤੇ ਕਵਿਤਾਵਾਂ ਪੜ੍ਹ ਚੁੱਕਾ ਸੀ। ਉਹ ਸ਼ਹਿਰੀਆਂ ਵਿੱਚ ਏਨੇ ਦਿਨਾਂ ਤੋਂ ਰਹਿ ਕੇ ਪਿੰਡ ਨੂੰ ਤਰਸ ਗਿਆ ਲੱਗਦਾ ਸੀ। ਸਾਡਾ ਵਿਚਾਰਧਾਰਕ ਕਰੂਰਾ ਵੀ ਮਿਲਦਾ ਸੀ। ਮੈਨੂੰ ਕਹਿੰਦਾ, “ਮੈਂ ਤੇਰੇ ਨਾਲ ਤੇਰੇ ਪਿੰਡ ਚੱਲੂੰਗਾ।”
ਯਾਦ ਨਹੀਂ ਉਹ ਮੇਰੇ ਕੋਲ ਇੱਕ ਜਾਂ ਦੋ ਦਿਨ ਰਿਹਾ ਪਰ ਏਨਾ ਯਾਦ ਹੈ ਕਿ ਅਸਾਂ ਪਾਸ਼ ਦੀਆਂ ਬਹੁਤ ਗੱਲਾਂ ਕੀਤੀਆਂ। ਉਹ ਪਾਸ਼ ਨਾਲ ਪੀਚਵੀਂ ਦੋਸਤੀ ਬਾਰੇ, ਪਾਸ਼ ਦੇ ਬਚਪਨ ਬਾਰੇ, ਉਹਦੇ ਪਰਿਵਾਰ ਬਾਰੇ ਉਹਦੀ ਗ੍ਰਿਫ਼ਤਾਰੀ ਬਾਰੇ ਗੱਲਾਂ ਕਰਦਾ ਰਿਹਾ। ਆਪਸੀ ਦੋਸਤੀ ਦੇ ਹਵਾਲੇ ਵਜੋਂ ਉਹ ਪਾਸ਼ ਦੀ ਉਹ ਨਜ਼ਮ ਸੁਣਾਉਂਦਾ, ਜਿਸ ਵਿੱਚ ਪਾਸ਼ ਕਹਿੰਦਾ ਹੈ ਕਿ ਅਸੀਂ ਤਾਂ ਹੇਮ-ਕੁੰਟ ’ਤੇ ਬਹਿ ਕੇ ਭਗਤੀ ਕਰਨੀ ਸੀ ਪਰ ਧਰਤੀ ’ਤੇ ਪਾਪਾਂ ਦਾ ਭਾਰ ਵਧਦਾ ਜਾਂਦਾ ਹੈ। ਚੱਲ ਭਈ ਸੰਤ ਸੰਧੂ ਧਰਤੀ ’ਤੇ ਚੱਲੀਏ।
ਪਾਸ਼ ਦਾ ਇਹ ਮਸੀਹੀ ਅੰਦਾਜ਼ ਜੁਰਅਤ ਦਾ ਪੈਗ਼ਾਮ ਸੀ। ਇਸ ਕਵਿਤਾ ਵਿੱਚ ਪਾਸ਼ ਨੇ ਸੰਤ ਸੰਧੂ ਨੂੰ ਖ਼ੁਦ ਹੀ ਵੱਡਾ ਥਾਂ ਦੇ ਦਿੱਤਾ ਸੀ। ਮੈਨੂੰ ਸੰਤ ਸੰਧੂ ਵੀ ਪਾਸ਼ ਹੀ ਲੱਗਣ ਲੱਗਾ। ਅੰਮ੍ਰਿਤਸਰੀਆਂ ਨੂੰ ਵੀ ਇੰਜ ਹੀ ਲੱਗਦਾ ਸੀ।
ਅੰਮ੍ਰਿਤਸਰ ਦੇ ਸਾਹਿਤਕ ਹਲਕਿਆਂ ਵਿੱਚ ਪਾਸ਼ ਕਾਵਿ-ਨਾਇਕ ਸਥਾਪਤ ਹੋ ਚੁੱਕਾ ਸੀ। ਛੇਤੀ ਹੀ ਉਹ ਸਭਨਾਂ ਦਾ ਚਹੇਤਾ ਸ਼ਾਇਰ ਬਣ ਗਿਆ। ਉਹ ਸਥਾਪਤੀ ਨੂੰ ਅੱਗਿਓਂ ਹੋ ਕੇ ਟੱਕਰਿਆ ਸੀ। ਸਥਾਪਤੀ ਦੇ ਚਾਪਲੂਸਾਂ, ਚਮਚਿਆਂ ਦਾ ਮਖ਼ੌਲ ਉਡਾ ਰਿਹਾ ਸੀ। ਪਾਪੂਲਰ ਸਾਹਿਤ, ਕਲਾ ਤੇ ਪੱਤਰਕਾਰੀ ਦੇ ਲੋਕ-ਵਿਰੋਧੀ ਕਿਰਦਾਰ ’ਤੇ ਮਾਰੂ ਹਮਲਾ ਬੋਲ ਰਿਹਾ ਸੀ। ਡਿੱਗਿਆਂ ਢੱਠਿਆਂ ਨੂੰ ਉਹਦੀ ਕਵਿਤਾ ਉਠਣ ਲਈ ਬਲ ਦੇ ਰਹੀ ਸੀ। ਜਿਹੜੇ ਲੋਕ ਸਥਾਪਤ ਤਾਕਤ ਦੇ ਜ਼ੁਲਮ ਤੇ ਜਬਰ ਤੋਂ ਦਹਿਸ਼ਤ-ਜ਼ਦਾ ਸਨ; ਜਿਹੜੇ ਡਰਦੇ ਹਕੂਮਤ ਦੇ ਧੱਕੇ ਤੇ ਧੋਖੇ ਖ਼ਿਲਾਫ਼ ਬੋਲਦੇ ਨਹੀਂ ਸਨ; ਉਹ ਪਾਸ਼ ਦੀਆਂ ਕਵਿਤਾਵਾਂ ਪੜ੍ਹਦੇ-ਸੁਣਦੇ ਤਾਂ ਉਹਨਾਂ ਨੂੰ ਲੱਗਦਾ ਕਿ ਉਹਨਾਂ ਅੰਦਰਲੇ ਰੋਹ ਅਤੇ ਰੰਜ ਨੂੰ ਜ਼ਬਾਨ ਮਿਲ ਗਈ ਹੈ। ਪਾਸ਼ ਕੋਈ ਉਹਨਾਂ ਤੋਂ ਵੱਖ ਨਹੀਂ ਸਗੋਂ ਉਹਨਾਂ ਦੀ ਆਪਣੀ ਹੋਂਦ ਦਾ ਹੀ ਹਿੱਸਾ ਸੀ। ਉਹਦੇ ਰਾਹੀਂ ਉਹ ਆਪ ਹੀ ਲਿਖ ਰਹੇ ਹਨ। ਉਹਦੇ ਰਾਹੀਂ ਉਹ ਆਪ ਹੀ ਬੋਲ ਰਹੇ ਹਨ।
ਇਸ ਦੌਰ ਵਿੱਚ ਜਿਹੜੇ ਨੌਜਵਾਨ ਲੇਖਕ ਏਸੇ ਤਰਜ਼ ’ਤੇ ਲਿਖ ਰਹੇ ਸਨ; ਮੈਂ ਵੀ ਉਸ ਢਾਣੀ ਦਾ ਸਰਗਰਮ ਮੈਂਬਰ ਸਾਂ। ਮੈਂ ਜੁਝਾਰੂ ਰੁਝਾਨ ਦੀਆਂ ਕਵਿਤਾਵਾਂ ਵੀ ਲਿਖਦਾ ਪਰ ਮੇਰੀ ਚਿੰਤਾ ਸੀ ਕਿ ਕਵੀਆਂ ਵਾਂਗ ਕਹਾਣੀ ਦੇ ਖੇਤਰ ਵਿੱਚ ਅਜਿਹੀ ਰਾਜਸੀ ਤੇ ਸਮਾਜੀ ਜ਼ਿੰਮੇਵਾਰੀ ਨਿਭਾਉਣ ਵਾਲੀ ਕਹਾਣੀ ਕਿਉਂ ਨਹੀਂ ਲਿਖੀ ਜਾ ਰਹੀ? ਭਾਵੇਂ ਮੈਨੂੰ ਪਤਾ ਸੀ ਕਿ ਸਿਆਸੀ ਸਮਾਜੀ ਤਬਦੀਲੀ ਦੀ ਤੇਜ਼ ਤੀਬਰ ਭਾਵਨਾ ਦੀ ਤੁਰਤ-ਫੁਰਤ ਅਭਿਵਿਅਕਤੀ ਲਈ ਕਵਿਤਾ ਹੀ ਸਭ ਤੋਂ ਢੁਕਵਾਂ ਮਾਧਿਅਮ ਹੁੰਦਾ ਹੈ ਅਤੇ ਗਲਪ ਸਮੇਂ ਦੀ ਵਿੱਥ ਤੋਂ ਸਮੁੱਚੇ ਵਰਤਾਰੇ ਨੂੰ ਜੋਖ-ਜਾਂਚ ਕੇ ਹੀ ਰਚੀ ਜਾ ਸਕਦੀ ਹੈ। ਤਦ ਵੀ ਮੈਂ ਮਿਥੇ ਹੋਏ ਮਕਸਦ ਦੀ ਪ੍ਰਾਪਤੀ ਲਈ ਸਾਹਿਤ ਤੋਂ ਫੌਰੀ ਸੇਵਾ ਲੈਣ ਲਈ ਅਜਿਹੀ ਕਹਾਣੀ ਲਿਖਣੀ ਸ਼ੁਰੂ ਕੀਤੀ। ‘ਲੋਹੇ ਦੇ ਹੱਥ’ ਤੇ ਜੇਬ ਕਤਰੇ’ ਵਰਗੀਆਂ ਮੇਰੀਆਂ ਕਹਾਣੀਆਂ ‘ਹੇਮ ਜਯੋਤੀ’ ਵਿੱਚ ਛਪੀਆਂ ਤਾਂ ਪਾਠਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਮੈਨੂੰ ਇਸ ਲਹਿਰ ਦਾ ਜ਼ਿਕਰਯੋਗ ਕਹਾਣੀਕਾਰ ਮੰਨ ਲਿਆ ਗਿਆ।
‘ਹੇਮ ਜਯੋਤੀ’ ਦੇ ਜਨਵਰੀ 1971 ਦੇ ਅੰਕ ਦੀ ਸੰਪਾਦਕੀ ਵਿੱਚ ‘ਪਾਸ਼, ਲਾਲ ਸਿੰਘ ਦਿਲ, ਦਰਸ਼ਨ ਖਟਕੜ ਤੇ ਵਰਿਆਮ ਸੰਧੂ ਨੂੰ 1971 ਦਾ ਇਕਰਾਰ ਆਖਿਆ ਗਿਆ। ਸੰਪਾਦਕ ਦੀ ਨਜ਼ਰ ਵਿੱਚ ਇਹ ਲੇਖਕ ਇਸ ਲਹਿਰ ਨਾਲ ਜੁੜੀ ਵਿਚਾਰਧਾਰਾ ਨੂੰ ਪੇਸ਼ ਕਰਨ ਵਾਲੇ ‘ਪ੍ਰਮਾਣਿਕ ਲੇਖਕ’ ਸਨ। ਪਾਸ਼ ਦੀ ‘ਲੋਹ ਕਥਾ’ ਤੇ ਸੰਤ ਸੰਧੂ ਦੀ ‘ਸੀਸ ਤਲ਼ੀ ’ਤੇ’ ਇਕੱਠੀਆਂ ਛਪੀਆਂ। ਇਹਨਾਂ ਤੋਂ ਕੁੱਝ ਦਿਨਾਂ ਬਾਅਦ ਹੀ ਮੇਰੀਆਂ ਕਹਾਣੀਆਂ ਦਾ ਪਹਿਲਾ ਸੰਗ੍ਰਹਿ ‘ਲੋਹੇ ਦੇ ਹੱਥ’ ਛਪਿਆ।
ਨਵੇਂ ਲੇਖਕਾਂ ਦਾ ਤੇਜ ਤੇ ਤੇਜੀ ਕੇਂਦਰੀ ਪੰਜਾਬੀ ਲੇਖਕ ਸਭਾ ਨੂੰ ਪ੍ਰਵਾਨ ਨਹੀਂ ਸੀ। ਉਹਨਾਂ ਦੇ ਵਿਰੋਧ ਵਿੱਚ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਕ੍ਰਾਂਤੀਕਾਰੀ ਲੇਖਕਾਂ ਦਾ ਇਕੱਠ ਸੀ। ਪਾਸ਼ ਜੇਲ੍ਹ ਤੋਂ ਬਾਹਰ ਆ ਚੁੱਕਾ ਸੀ। ਮੈਂ ਦਰੀਆਂ ’ਤੇ ਬੈਠੇ ਲੇਖਕਾਂ ਵਿੱਚ ਬੈਠਾ ਸਾਂ। ਕਿਸੇ ਨੇ ਦੱਸਿਆ, “ਔਹ ਪਾਸ਼ ਖਲੋਤਾ ਏ।”
ਮੀਟਿੰਗ ਖ਼ਤਮ ਹੋਈ। ਸਾਰੇ ਲੇਖਕ ਉਠੇ ਤਾਂ ਮੈਂ ਸੋਚਿਆ ਕਿ ਪਾਸ਼ ਨੂੰ ਮਿਲਦੇ ਹਾਂ। ਏਨੇ ਵਿੱਚ ਪਾਸ਼ ਖੁਦ ਮੇਰੇ ਵੱਲ ਤੁਰਿਆ ਆ ਰਿਹਾ ਸੀ। ਅਸੀਂ ਬੜੇ ਉਤਸ਼ਾਹ ਨਾਲ ਇੱਕ ਦੂਜੇ ਨੂੰ ਮਿਲੇ। ਇਹ ਤਾਂ ਯਾਦ ਨਹੀਂ ਕਿ ਕੀ ਗੱਲਾਂ ਕੀਤੀਆਂ ਪਰ ਏਨਾ ਯਾਦ ਹੈ ਕਿ ਅਸੀਂ ਪਹਿਲੀ ਮਿਲਣੀ ਵਿੱਚ ਹੀ ਇੱਕ ਦੂਜੇ ਦੇ ਨੇੜੇ ਹੋ ਗਏ ਸਾਂ। ਫਿਰ ਸਾਡਾ ਮਹੀਨੇ ਦੋ ਮਹੀਨੇ ਬਾਅਦ ਮਿਲਣ ਦਾ ਜੁਗਾੜ ਬਣਨ ਲੱਗਾ। ਪਾਰਟੀ ਦੇ ਸਾਹਿਤਕ ਸੈਲ ਦੇ ਮੈਂਬਰ ਹੋਣ ਦੇ ਨਾਤੇ ਅਸੀਂ ਵੱਖ ਵੱਖ ਸ਼ਹਿਰਾਂ ਵਿੱਚ ਹੁੰਦੀਆਂ ਮੀਟਿੰਗਾਂ ਵਿੱਚ ਮਿਲਦੇ। ਹਰਭਜਨ ਹਲਵਾਰਵੀ, ਪਾਸ਼, ਅਤਰਜੀਤ, ਨਿਰੰਜਨ ਢੇਸੀ, ਸੁਰਿੰਦਰ ਹੇਮ ਜਯੋਤੀ, ਚਮਨ ਲਾਲ, ਅਜਮੇਰ ਔਲਖ ਤੇ ਮੇਰੇ ਸਮੇਤ ਕੁੱਝ ਹੋਰ ਲੇਖਕ ਇਸ ਸੈਲ ਦੇ ਮੈਂਬਰ ਸਨ। ਕਿਸੇ ਨਾ ਕਿਸੇ ਲੇਖਕ ਦੇ ਨਿਵਾਸ ਸਥਾਨ ’ਤੇ ਮੀਟਿੰਗ ਹੁੰਦੀ। ਸਾਡੇ ਵਿਚੋਂ ਕੋਈ ਲੇਖਕ ਆਪਣੀ ਨਵੀਂ ਰਚਨਾ ਸੁਣਾਉਂਦਾ। ਉਸ ਬਾਰੇ ਗੱਲ ਬਾਤ ਹੁੰਦੀ। ਇਸਤੋਂ ਇਲਾਵਾ ਛਪ ਰਹੇ ਸਾਹਿਤ ਬਾਰੇ ਤੇ ਸਾਹਿਤਕ-ਮੁੱਲਾਂ ਬਾਰੇ ਵਿਚਾਰ-ਵਟਾਂਦਰਾ ਹੁੰਦਾ। ਇਹਨਾਂ ਮੀਟਿੰਗਾਂ ਵਿਚੋਂ ਹੀ ਇੱਕ ਮੀਟਿੰਗ ਵਿੱਚ ਪਾਸ਼ ਨੇ ਆਪਣੀ ਅਜੇ ਕੱਲ੍ਹ ਹੀ ਮੁਕੰਮਲ ਕੀਤੀ ਆਪਣੀ ਕਵਿਤਾ ਸਭ ਤੋਂ ਪਹਿਲੀ ਵਾਰ ਸੁਣਾਈ:
ਮੇਰੀ ਮਹਿਬੂਬ ਤੈਨੂੰ ਵੀ ਗਿਲਾ ਹੋਣਾ ਹੇ ਮੁਹੱਬਤ ‘ਤੇ,
ਮੇਰੀ ਖ਼ਾਤਰ ਤੇਰੇ ਅੱਥਰੇ ਜਿਹੇ ਚਾਵਾਂ ਦਾ ਕੀ ਬਣਿਆਂ।
ਤੂੰ ਰੀਝਾਂ ਦੀ ਸੂਈ ਨਾਲ ਉਕਰੀਆਂ ਸੀ ਜੋ ਰੁਮਾਲਾਂ ‘ਤੇ,
ਉਹਨਾਂ ਧੁੱਪਾਂ ਦਾ ਕੀ ਬਣਿਆਂ, ਉਹਨਾਂ ਛਾਵਾਂ ਦਾ ਕੀ ਬਣਿਆਂ।
ਜਦੋਂ ਉਹਨੇ ‘ਮਲ਼ ਮਲ਼ ਕੇ ਤਰੇਲ ਕਣਕ ਪਿੰਡਾ ਕੂਚਦੀ ਵੇਖੀ’ ਦੀ ਸਤਰ ਬੋਲੀ ਤਾਂ ‘ਵਾਹ! ਵਾਹ!’ ਦੀਆਂ ਆਵਾਜ਼ਾਂ ਉਠੀਆਂ।
ਇੰਜ ਹੀ ਇੱਕ ਵਾਰ ਉਹਨੇ ਰੇਲਵੇ ਦੀ ਹੜਤਾਲ ਸਮੇਂ ਕੀਤੀ ਆਪਣੀ ਜੇਲ੍ਹ ਯਾਤਰਾ ਦਾ ਲਿਖਿਤ ਬਿਰਤਾਂਤ ਸੁਣਾਇਆ। ਇਹ ਪਾਸ਼ ਦੀ ਲਿਖੀ ਵਾਰਤਕ ਦਾ ਸਭ ਤੋਂ ਸੁੰਦਰ ਨਮੂਨਾ ਹੈ।
ਹੋਰ ਲੋਕਾਂ ਵਾਂਗ ਮੈਂ ਵੀ ਪਾਸ਼ ਦੀਆਂ ਕਵਿਤਾਵਾਂ ਦਾ ਦਿਲ-ਦਾਦਾ ਸਾਂ। ਉਹਦੀਆਂ ਕਈ ਕਵਿਤਾਵਾਂ ਮੈਨੂੰ ਜ਼ਬਾਨੀ ਯਾਦ ਹੋ ਗਈਆਂ। ਉਹ ਮੈਨੂੰ ਬਤੌਰ ਕਹਾਣੀਕਾਰ ਪਸੰਦ ਕਰਦਾ ਸੀ। ਉਂਜ ਕਦੀ ਕਦੀ ਸਾਡੇ ਵਿਚਕਾਰ ਕਵਿਤਾ ਅਤੇ ਕਹਾਣੀ ਦੇ ਮਹੱਤਵ ਨੂੰ ਲੈ ਕੇ ਨੋਕ-ਝੋਕ ਤੇ ਚੁੰਝ-ਚਰਚਾ ਵੀ ਹੋ ਜਾਂਦੀ। ਉਹ ਕਵਿਤਾ ਨੂੰ ਮਹਾਨ ਆਖਦਾ, ਜਦ ਕਿ ਮੈਂ ਜ਼ਿਦ ਕਰਦਾ ਕਿ ਨਹੀਂ ਗਲਪ ਦਾ ਮਹੱਤਵ ਕਵਿਤਾ ਨਾਲੋਂ ਵੱਧ ਹੈ। ਜ਼ਿਦ ਪੁਗਾਉਣ ਲਈ ਮੈਂ ਆਖਦਾ, “ਕਵਿਤਾ ਦਾ ਪ੍ਰਭਾਵ ਪਾਠਕ ਜਾਂ ਸਰੋਤੇ ’ਤੇ ਓਨਾ ਚਿਰ ਰਹਿੰਦਾ ਹੈ ਜਿੰਨਾਂ ਚਿਰ ਉਹ ਕਵਿਤਾ ਪੜ੍ਹ ਜਾਂ ਸੁਣ ਰਿਹਾ ਹੈ ਪਰ ਗਲਪ ਵਿਚਲੇ ਪਾਤਰਾਂ ਜਾਂ ਸਥਿਤੀਆਂ ਦਾ ਅਸਰ ਮਹੀਨਿਆਂ ਤੇ ਸਾਲਾਂ ਤੱਕ ਪਾਠਕ ਦੇ ਮਨ ਮਸਤਕ ਵਿੱਚ ਗੂੰਜਦਾ ਰਹਿੰਦਾ ਹੈ।”
ਹਾਲਾਂ ਕਿ ਮੈਂ ਵੀ ਜਾਣਦਾ ਸਾਂ ਕਿ ਸਾਡਾ ਮੱਧਕਾਲੀ ਗੁਰਮਤਿ, ਸੂਫ਼ੀ ਤੇ ਕਿੱਸਾ ਸਾਹਿਤ ਕਵਿਤਾ ਵਿੱਚ ਹੀ ਲਿਖਿਆ ਗਿਆ ਹੈ। ਤੇ ਸਮੁੱਚੀ ਪੰਜਾਬੀ ਕੌਮ ਸਦੀਆਂ ਤੋਂ ਇਸ ਕਵਿਤਾ ਦੇ ਅਸਰ ਹੇਠ ਹੈ। ਮੈਂ ਇਹ ਵੀ ਜਾਣਦਾ ਸਾਂ ਕਿ ‘ਪਗੜੀ ਸੰਭਾਲ ਜੱਟਾ’ ਲਹਿਰ ਦਾ ਤਾਂ ਨਾਮਕਰਨ ਹੀ ਕਵਿਤਾ ਤੋਂ ਹੋਇਆ ਤੇ ਗ਼ਦਰ ਲਹਿਰ ਨੂੰ ਪਰਚਾਰਨ ਤੇ ਪਰਸਾਰਨ ਵਿੱਚ ‘ਗ਼ਦਰ ਦੀਆਂ ਗੂੰਜਾਂ’ ਦਾ ਬੇਮਿਸਾਲ ਅਸਰ ਕਿਸੇ ਤੋਂ ਗੁੱਝਾ ਨਹੀਂ।
ਸਾਡੀ ਬਹਿਸ ਐਵੇਂ ਸਿੰਗ ਫਸਾਈ ਸੀ। ਹਰੇਕ ਸਾਹਿਤ ਰੂਪ ਦਾ ਆਪਣੀ ਥਾਵੇਂ ਮਹੱਤਵ ਬਣਦਾ ਹੈ। ਕਵਿਤਾ ਦਾ ਆਪਣੀ ਥਾਂ, ਗਲਪ ਤੇ ਵਾਰਤਕ ਦਾ ਆਪਣੀ ਥਾਂ।
ਇੰਜ ਹੀ ਪੰਜਾਬ ਦੇ ਇਨਕਲਾਬੀ ਇਤਿਹਾਸ ਬਾਰੇ ਵੀ ਸਾਡੀ ਰਾਇ ਆਪਸ ਵਿੱਚ ਨਹੀਂ ਸੀ ਮਿਲਦੀ। ਮੈਂ ਸਮਝਦਾ ਸਾਂ ਕਿ ਸਿੱਖੀ ਦਾ ਇਨਕਲਾਬੀ ਫ਼ਲਸਫ਼ਾ ਅੱਜ ਵੀ ਸਾਨੂੰ ਲੋਕਾਂ ਨਾਲ ਜੋੜਨ ਦਾ ਸ਼ਕਤੀਸ਼ਾਲੀ ਮਾਧਿਅਮ ਬਣ ਸਕਦਾ ਹੈ, ਜਦ ਕਿ ਇਸ ਬਾਰੇ ਉਹਦਾ ਰਵੱਈਆ ਆਲੋਚਨਾਤਮਕ ਸੀ। ਇੱਕ ਵਾਰ ਮੈਂ ‘ਰੋਹਿਲੇ ਬਾਣ’ ਮੈਗ਼ਜ਼ੀਨ ਵਿੱਚ ਲਿਖ ਕੇ ਉਹਦੇ ਆਪਣੀ ਵਿਰਾਸਤ ਪ੍ਰਤੀ ਨਾਂਹ-ਵਾਚਕ ਰਵੱਈਏ ਦੀ ਆਲੋਚਨਾ ਵੀ ਕੀਤੀ ਸੀ। ਪਰ ਉਹ ਵਰਤਮਾਨ ਵਿੱਚ ਗੁਰੂ ਸਾਹਿਬਾਨ ਦੀ ਸਿੱਖੀ ਤੋਂ ਕੋਹਾਂ ਦੂਰ ਜਾ ਚੁੱਕੀ ‘ਸਿੱਖੀ’ ਦਾ ਕੱਟੜ ਆਲੋਚਕ ਸੀ। ਅਜਿਹੀ ‘ਸਿੱਖੀ’ ਦਾ ਤਾਂ ਮੈਂ ਵੀ ਵਿਰੋਧੀ ਸਾਂ। ਜੇ ਗੁਰੁ ਸਾਹਿਬਾਨ ਅੱਜ ਜਿਊਂਦੇ ਹੁੰਦੇ ਤਾਂ ‘ਇਸ ਸਿੱਖੀ’ ਦੇ ਤਾਂ ਉਹ ਆਪ ਸਭ ਤੋਂ ਵੱਡੇ ਵਿਰੋਧੀ ਹੁੰਦੇ। ਪਰ ਹੁਣ ਵਾਲੇ ਤਥਾ-ਕਥਿਤ ਸਿੱਖਾਂ ਦਾ ਵਿਹਾਰ ਵੇਖ ਕੇ ਗੁਰੂ ਸਾਹਿਬ ਵੱਲੋਂ ਉਸਾਰੀ ਸਮੁੱਚੀ ਇਨਕਲਾਬੀ ਸਿੱਖ ਲਹਿਰ ਨੂੰ ਕਾਟੇ ਹੇਠ ਕਰਨਾ ਮੈਨੂੰ ਜਚਦਾ ਨਹੀਂ ਸੀ।
ਜਦੋਂ ਮੈਨੂੰ ‘ਪਾਸ਼ ਪੁਰਸਕਾਰ’ ਦਿੱਤੇ ਜਾਣ ਦਾ ਐਲਾਨ ਹੋਇਆ ਤਾਂ ਮੈਨੂੰ ਪਾਸ਼ ਨਾਲ ਜੁੜੀਆਂ ਕਈ ਗੱਲਾਂ ਚੇਤੇ ਆਈਆਂ। ਮੈਂ ਪੁਰਾਣੀਆਂ ਚਿੱਠੀਆਂ ਫੋਲੀਆਂ ਤਾਂ ਪਾਸ਼ ਦੀਆਂ ਕੁੱਝ ਚਿੱਠੀਆਂ ਲੱਭ ਗਈਆਂ। ਇਹ ਚਿੱਠੀਆਂ ਉਹਨੇ ਮੇਰੀਆਂ ਕਹਾਣੀਆਂ ਪੜ੍ਹਨ ਤੋਂ ਬਾਅਦ ਲਿਖੀਆਂ ਸਨ। ਇਹਨਾਂ ਚਿੱਠੀਆਂ ਵਿੱਚ ਜਿੱਥੇ ਸਮਕਾਲੀ ਮਿੱਤਰ ਦੀ ਪਰਸੰਸਾ ਦੇ ਸ਼ਬਦ ਕਹਿ ਸਕਣ ਦੀ ਖੁੱਲ੍ਹ-ਦਿਲੀ ਵਡਿਆਈ ਦੀ ਝਲਕ ਪੈਂਦੀ ਹੈ ਓਥੇ ਇੱਕ ਕਹਾਣੀਕਾਰ ਦੇ ਤੌਰ ’ਤੇ ਦਿੱਤੀ ਮਾਨਤਾ ਨਾਲ ਮੈਨੂੰ ਡੂੰਘੀ ਤਸੱਲੀ ਵੀ ਹੋਈ।
ਇਹਨਾਂ ਦੋਵਾਂ ਚਿੱਠੀਆਂ ਦਾ ਪਾਠ ਪੰਜਾਬੀ ਪਾਠਕਾਂ ਨੂੰ ਵੀ ਦਿਲਚਸਪ ਲੱਗ ਸਕਦਾ ਹੈ, ਇਹ ਸੋਚ ਕੇ ਮੈਂ ਇਹ ਚਿੱਠੀਆਂ ‘ਦੇਸ਼ ਸੇਵਕ’ ਦੇ ਹਫ਼ਤਾਵਾਰੀ ਐਡੀਸ਼ਨ ਵਿੱਚ ਛਪਣ ਲਈ ਭੇਜ ਦਿੱਤੀਆਂ।
ਪਹਿਲੀ ਚਿੱਠੀ, ਜੋ ਤੁਸੀਂ ਅੱਗੇ ਪੜ੍ਹੋਗੇ, ਇਹ ਪਾਸ਼ ਨੇ ਮੇਰੀ ਕਹਾਣੀ ‘ਵਾਪਸੀ’ ਦੇ ਛਪਣ ’ਤੇ ਲਿਖੀ ਸੀ। ਇਸ ਲੰਮੀ ਕਹਾਣੀ ਵਿੱਚ ਜ਼ਿੰਦਗੀ ਨਾਲ ਟੁੱਟਣ, ਜੁੜਨ, ਦੀ ਪ੍ਰਕਿਰਿਆ ਦੇ ਅਨੇਕਾਂ ਸਮਾਜਿਕ, ਮਾਨਿਸਕ ਤੇ ਰਾਜਨੀਤਕ ਪਹਿਲੂ ਜੁੜੇ ਹੋਏ ਸਨ। ਨਕਸਲੀ ਲਹਿਰ ਦੀ ਸਿਆਸਤ ਉੱਤੇ ਵੀ ਵਿੱਥ ਤੋਂ ਪੁਨਰ-ਝਾਤ ਪਾਈ ਗਈ ਸੀ। ਇਹ ਮੇਰੀ ਆਪਣੀ ਪਸੰਦ ਦੀਆਂ ਪਹਿਲੀਆਂ ਇੱਕ ਦੋ ਕਹਾਣੀਆਂ ਵਿੱਚ ਸ਼ਾਮਲ ਹੈ। ਹੋਰ ਅਨੇਕਾਂ ਪਾਠਕਾਂ ਤੇ ਵਿਦਵਾਨਾਂ ਨੇ ਵੀ ਇਸ ਕਹਾਣੀ ਨੂੰ ਰੱਜ ਕੇ ਸਲਾਹਿਆ। ਪਰ ਪਾਸ਼ ਵਰਗੇ ‘ਡੁੱਲ੍ਹ ਡੁੱਲ੍ਹ ਪੈਂਦੇ ਆਸ਼ਕ’ ਦਾ ਹੁੰਗਾਰਾ ਮੇਰੇ ਲਈ ਵੱਖਰੇ ਹੀ ਅਰਥ ਰੱਖਦਾ ਸੀ। ਚਿੱਠੀ ਵਿੱਚ ‘ਸੰਗਤਾਂ’ ਤੋਂ ਭਾਵ ਨਕਸਲੀ ਲਹਿਰ ਤੇ ਉਹਦੇ ਆਗੂਆਂ ਤੋਂ ਹੈ।
ਮੇਰੇ ਪਿਆਰੇ ਵਰਿਆਮ
ਯਾਰ ਸਿਰਜਣਾ ਵਿੱਚ ਐਤਕੀ ਤੇਰੀ ਕਹਾਣੀ ਕੀ ਪੜ੍ਹੀ ਹੈ, ਬੱਸ ਤਰਥੱਲੀ ਪਈ ਹੋਈ ਹੈ, ਅੰਦਰ ਵੀ ਤੇ ਬਾਹਰ ਵੀ। ਬੜੇ ਈ ਨਿਹਾਲ ਤੇ ਪਰੇਸ਼ਾਨ ਹੋਏ ਪਏ ਆਂ। ਜਿੰਨਾਂ ਕੁੱਝ ਤੂੰ ਜੀਵਨ ਦੇ ਖ਼ਲਾਰੇ ਵਿਚੋਂ ਫੜ ਕੇ ਐਨੀ ਸਹਿਜ ਨਾਲ ਵਿਉਂਤ ਵਿਚਾਰ ਲੈਨਾ ਏਂ, ਬਈ ਧੰਨ ਹੈਂ ਪਿਆਰੇ।
ਊਂ ਤਾਂ ਤੂੰ ਹਮੇਸ਼ਾ ਈ ਬੜਾ ਘੈਂਟ ਬੰਦਾ ਰਿਹਾ ਏਂ ਪਰ ਹੁਣ ਤਾਂ ਸੰਗਤਾਂ ਦੀਆਂ ਈ ਘੰਟੀਆਂ ਛਣਕਾ ਛੱਡੀਆਂ ਨੇ। ਤੈਨੂੰ ਬੜੇ ਬੜੇ ਵਿਦਵਾਨਾਂ ਦੀਆਂ ਵੀ ਦਿਲਬਰੀਆਂ ਮਿਲ ਰਹੀਆਂ ਹੋਣਗੀਆਂ ਪਰ ਐਹ ਨਾਲ ਹੀ ਆਪਣੇ ਇੱਕ ਡੁੱਲ੍ਹੇ ਹੋਏ ਆਸ਼ਕ ਦਾ ਹੁੰਗਾਰਾ ਵੀ ਕਬੂਲ ਕਰ,
ਤੇਰਾ ਪਾਠਕ
ਪਾਸ਼
ਪਿੰਡ ਡਾ: ਤਲਵੰਡੀ ਸਲੇਮ
ਰਾਹੀਂ: ਕਾਲਾ ਸੰਘਿਆ, ਜ਼ਿਲ੍ਹਾ: ਜਲੰਧਰ
ਦੂਜੀ ਕਹਾਣੀ ਸੀ ‘ਭੱਜੀਆਂ ਬਾਹੀਂ’। ਇਸਨੂੰ ਪੜ੍ਹ ਕੇ ਉਹਨੇ ਆਪਣੀ ਪੂਰੀ ਢਾਣੀ ਦੀ ਤਰਫ਼ੋਂ ਜਿਹੜੀ ਹੁਲਾਰਵੀਂ ਚਿੱਠੀ ਲਿਖੀ ਉਹ ਹੇਠਾਂ ਦਰਜ ਹੈ:
ਉੱਗੀ ਤੋਂ ਪਾਸ਼ ਤੇ ਉਹਨਾਂ ਦੇ ਸਾਥੀ
24-06-86
ਬਹੁਤ ਪਿਆਰੇ ਵਰਿਆਮ
ਤੇਰੀ ਐਨੀ ਮਹਾਨ ਕਹਾਣੀ ਪੜ੍ਹ ਕੇ ਸਾਹਿਤ ਦੀ ਸਮਰੱਥਾ ਦਾ ਸਹੀ ਅਰਥਾਂ ਵਿੱਚ ਚਾਨਣ ਹੋ ਗਿਆ ਹੈ। ਸੱਚੀ ਗੱਲ ਦੱਸਾਂ? ਤੂੰ ਕਈ ਵਾਰ ਆਪਣੇ ਸੁਭਾਅ ਮੁਤਾਬਕ ਹੱਸਦਾ-ਹੱਸਦਾ ਕਹਿੰਦਾ ਹੁੰਦਾ ਸੈਂ ਕਿ ਕਵਿਤਾ ਕੁੱਝ ਵੀ ਹੋਵੇ, ਇਸ ਨੂੰ ਕਹਾਣੀ ਦੇ ਬਰਾਬਰ ਨਹੀਂ ਰੱਖਿਆ ਜਾ ਸਕਦਾ। ਉਦੋਂ ਤੇਰੀ ਇਸ ਗੱਲ ਨੂੰ ਮੈਂ ਐਦਾਂ ਲੈਂਦਾ ਸੀ ਕਿ ਤੇਰੀ ਆਪਣੀ ਜਾਨ ਮੁਤਾਬਕ ਤਾਂ ਤੂੰ ਇਹ ਕਹਿੰਦਾ ਚੰਗਾ ਵੀ ਲੱਗਦਾ ਏਂ ਤੇ ਕਹਿਣ ਦਾ ਹੱਕਦਾਰ ਵੀ ਏਂ ਪਰ ਅਸਲ ਵਿੱਚ ਨਾ ਇਸ ਗੱਲ ਨੂੰ ਜਨਰਲਾਈਜ਼ ਕੀਤਾ ਜਾ ਸਕਦਾ ਹੈ ਤੇ ਇਹ ਤਦ ਹੀ ਕਾਫ਼ੀ ਸੱਚੀ ਜਾਪਦੀ ਏ ਕਿਉਂਕਿ ਪੰਜਾਬੀ ਵਿੱਚ ਕੋਈ ਬਹੁਤੀ ਉਚੀ ਕਵਿਤਾ ਹੈ ਵੀ ਨਹੀਂ। ਪਰ ‘ਭੱਜੀਆਂ ਬਾਹੀਂ’ ਪੜ੍ਹ ਕੇ ਮੈਂ ਲਗਭਗ ਹੱਥ ਖੜੇ ਕਰਨ ਵਰਗੀ ਸਥਿਤੀ ’ਚ ਹੋ ਗਿਆਂ।
ਯਾਰ ਸੱਚ ਮੰਨੀ, ਮੈਂ ਏਥੇ ਆਪਣੀ ਢਾਣੀ ਦੇ ਅੰਦਰ ਅਤੇ ਬਾਹਰ ਵੀ ਕਦੇ ਏਨੀ ਜਨਤਾ ਨੂੰ ਏਨੀ ਵਾਰ ਕਿਸੇ ਸਾਹਿਤਕ ਰਚਨਾ ਦਾ ਪਾਠ ਕਰਦਿਆਂ ਨਹੀਂ ਵੇਖਿਆ ਤੇ ਉਸ ਸਿਰਜਣਾ ਦੀ ਕਾਪੀ ਦਾ ਏਨਾ ਬੁਰਾ ਹਾਲ ਹੋ ਗਿਆ ਹੈ ਕਿ ਤੇਰੀ ਕਹਾਣੀ ਤੋਂ ਬਿਨਾਂ ਬਾਕੀ ਦੇ ਵਰਕੇ ਮਾਸਿਜ ਦੇ ਬੇਰਹਿਮ ਹੱਥਾਂ ਨੇ ਤੂੰਬਿਆਂ ਵਾਂਗ ਉਡਾ ਕੇ ਪਤਾ ਨਹੀਂ ਕਦੋਂ ਤੇ ਕਿੱਥੇ ਗੁੰਮ ਕਰ ਦਿੱਤੇ ਨੇ। ਬਈ ਸਾਡੇ ਏਥੋਂ ਦੀ ਸਮੂਹ ਸੰਗਤ ਵੱਲੋਂ ਐਡੀ ਉਚਪਾਏ ਦੀ ਰਚਨਾ ਲਈ ਤੇਰਾ ਕੋਟ-ਕੋਟ ਧੰਨਵਾਦ ਹੈ।
ਇਸ ਚਿੱਠੀ ਨੂੰ ਭੋਰਾ ਵੀ ਰਸਮੀ ਨਾ ਸਮਝੀਂ। ਤੇਰਾ ਮੇਰੇ ਬਾਰੇ, ਪਤਾ ਨਹੀਂ ਕਿਉਂ ਘੱਟ ਗੰਭੀਰ ਜਹੀ ਵਿਅਕਤੀ ਦਾ ਪ੍ਰਭਾਵ ਬਣਿਆ ਹੋਇਆ ਹੈ, (ਵਧਾ ਚੜ੍ਹਾ ਕੇ ਗੱਲ ਕਰਨ ਵਾਲੇ ਦਾ) ਤੇ ਸ਼ਾਇਦ ਮੈਂ ਕਈ ਸਾਲ ਇੰਜ ਦਾ ਰਿਹਾ ਵੀ ਹੋਵਾਂ ਪਰ
ਹਾਂ ਸੱਚ, ਆਉਣ ਵਾਲੇ ਸਾਲਾਂ ਵਿੱਚ ਯਤਨ ਕਰਾਂਗਾ ਕਿ ਕਵਿਤਾ ਬਾਰੇ ਤੇਰੀ ਰਾਇ ਕੁੱਝ ਚੰਗੀ ਬਣਾ ਸਕਾਂ ਜਾਂ ਘੱਟੋ ਘੱਟ ਏਨਾ ਕਿ ਛੋਟੀ ਨਹੀਂ ਤਾਂ ਬਰਾਬਰ ਦੀ ਭੈਣ ਤਾਂ ਕਿਹਾ ਕਰੇਂ। ਊਂ ਤਦ ਤਾਈਂ ਤੇਰੀ ਸਮਰੱਥਾ ਹੋਰ ਵਧ ਗਈ ਤਾਂ ਮੈਂ ਕੁੱਝ ਨਹੀਂ ਕਰ ਸਕਾਂਗਾ। ਪਰ ਰੱਬ ਕਰੇ ਇੰਜ ਹੀ ਹੋਵੇ। ਕਿਉਂਕਿ ਕਵਿਤਾ ਰਾਹੀਂ ਸ਼ਾਇਦ ਕੋਈ ਵੀ ਏਡੀ ਵੱਡੀ ਤੇ ਵਿਸ਼ਾਲ ਗੱਲ ਨੂੰ ਨਾ ਕਹਿ ਸਕੇ ਜਿੰਨੀ ਤੂੰ ਇਸ ਕਹਾਣੀ ਰਾਹੀਂ ਕਹਿ ਦਿੱਤੀ ਹੈ। ਮੈਂ ਤੇ ਸਾਰੇ ਪਾਠਕ ਬੜੇ ਨਿਹਾਲ ਹਾਂ।
ਰਾਜਵੰਤ ਤੇ ਬੱਚਿਆਂ ਨੂੰ ਪਿਆਰ
ਤੇਰਾ
ਪਾਸ਼ ਸੰਧੂ
(ਇਹ ਖ਼ਤ ਮੈਂ ਘੱਟੋ ਘੱਟ 17 (ਸਤਾਰਾਂ) ਜਣਿਆਂ ਦੇ ਕਹਿਣ ’ਤੇ ਦੂਜੀ ਵਾਰ ਲਿਖ ਰਿਹਾ ਹਾਂ। ਪਹਿਲਾ ਖ਼ਤ-ਲਿਖਿਆ ਹੀ ਗਵਾਚ ਗਿਆ ਸੀ)
ਮੈਂ ਨਹੀ ਸਮਝਦਾ ਕਿ ਉਸ ਸਾਲ ਦੇ ਪਾਸ਼ ਪੁਰਸਕਾਰ ਦਾ ਮੈਂ ਹੀ ਠੀਕ ਹੱਕਦਾਰ ਸਾਂ, ਪਰ ਇਹ ਚਿੱਠੀਆਂ ਪੜ੍ਹ ਕੇ ਮੈਨੂੰ ਇਸ ਗੱਲ ਦੀ ਡੂੰਘੀ ਤਸੱਲੀ ਹੈ ਕਿ ਪਾਸ਼ ਜਿਹੀ ਅਜ਼ੀਮ ਹਸਤੀ ਮੈਨੂੰ ਇੱਕ ਕਹਾਣੀਕਾਰ ਮੰਨਦੀ ਸੀ। ਇਹ ਚਿੱਠੀਆਂ ਮੇਰੇ ਲਈ ‘ਕਹਾਣੀਕਾਰ ਹੋਣ ਦਾ’ ਪ੍ਰਮਾਣ-ਪੱਤਰ ਹਨ।
ਇੰਜ ਹੀ ਇੱਕ ਹੋਰ ਤਿੰਨ ਸਤਰਾਂ ਦਾ ਖ਼ਤ ਵੀ ਲੱਭਾ। ਇਸ ਖ਼ਤ ਵਿੱਚ ਪਾਸ਼ ਨੇ ਮੇਰੇ ਵਿਆਹ ਦੀ ਵਧਾਈ ਦਿੰਦਿਆਂ ਲਿਖਿਆ ਸੀ:
ਰਜਵੰਤ ਤੇ ਵਰਿਆਮ
ਸਾਡੇ ਵੀ ਹਿੱਸੇ ਦਾ ਜੀਅ ਲੈਣਾ।
ਤੁਹਾਡਾ ਆਪਣਾ
ਪਾਸ਼
ਉਦੋਂ ਅਜੇ ਪਾਸ਼ ਨੇ ਆਪਣੀ ਬਹੁ-ਚਰਚਿਤ ਕਵਿਤਾ ‘ਵਿਦਾ ਹੋਣ ਤੋਂ ਪਹਿਲਾਂ’ ਨਹੀਂ ਸੀ ਲਿਖੀ। ਜਿਸਦੀਆਂ ਅੰਤਲੀਆਂ ਸਤਰਾਂ ਇਸਤਰ੍ਹਾਂ ਸਨ।
ਤੂੰ ਇਹ ਸਾਰਾ ਈ ਕੁੱਝ
ਭੁੱਲ ਜਾਵੀਂ ਮੇਰੀ ਦੋਸਤ
ਸਿਵਾ ਇਸ ਦੇ
ਕਿ ਮੈਨੂੰ ਜੀਣ ਦੀ ਬਹੁਤ ਲੋਚਾ ਸੀ
ਕਿ ਮੈਂ ਗਲ ਤੀਕਰ ਜ਼ਿੰਦਗੀ ਵਿੱਚ
ਡੁੱਬਣਾ ਚਾਹੁੰਦਾ ਸਾਂ
ਮੇਰੇ ਵੀ ਹਿੱਸੇ ਦਾ ਜੀਅ ਲੈਣਾ ਮੇਰੀ ਦੋਸਤ
ਮੇਰੇ ਵੀ ਹਿੱਸੇ ਦਾ ਜੀਅ ਲੈਣਾ।
ਆਪਣੀ ਦੋਸਤ ਨੂੰ ਇਹ ਗੱਲ ਕਹਿਣ ਤੋਂ ਪਹਿਲਾਂ ਸਾਨੂੰ ਦੋਵਾਂ ਜੀਆਂ ਨੂੰ ‘ਆਪਣੇ ਹਿੱਸੇ ਦਾ ਜੀਅ ਲੈਣਾ’ ਆਖਣ ਵਾਲਾ ਪਾਸ਼ ਸ਼ਾਇਦ ਸਾਨੂੰ ਵੀ ਕਿੰਨਾ ਆਪਣਾ ਪਿਆਰਾ ਦੋਸਤ ਸਮਝਦਾ ਹੋਵੇ!
ਅੱਜ ਇਹ ਖ਼ਤ ਉਸਦੇ ਮੇਰੇ ਵਰਗੇ ਸਾਰੇ ‘ਆਪਣੇ ਦੋਸਤਾਂ’ ਨੂੰ ਪੁੱਛ ਰਿਹਾ ਲੱਗਦਾ ਹੈ ਕਿ ਕੀ ਅਸੀਂ ਵਾਕਿਆ ਹੀ ਪਾਸ਼ ਵਾਂਗ ‘ਉਸਦੇ ਹਿੱਸੇ ਦਾ’ ਉਸ ਵਰਗਾ ਸ਼ਾਨਾ-ਮੱਤਾ ਜੀਵਨ ‘ਜੀਅ’ ਰਹੇ ਹਾਂ ਕਿ ਆਪਣੇ ਹਿੱਸੇ ਦਾ ਜੀਵਨ ‘ਢੋ’ ਰਹੇ ਹਾਂ! ! !
'ਕਹੁ਼਼਼਼ਕਰਤੇ ਕੀਆਂ ਬਾਤਾਂ'
ReplyDeleteਅੱਖ ਝਪਕੇ ਬਿਨ ਕੁੱਲ ਬਿਰਤਾਂਤ ਪੜ੍ਹਿਆ! ਅਸੀਂ ਤਾਂ ਉਦੋਂ ਵੀ ਅਪਣੇ ਅੰਞਾਣਪੁਣੇ ਵਿਚ ਇਹ ਸਭ ਕੁਝ ਆਰੋਂ ਪਾਰੋਂ ਸੁਣਦਿਆਂ ਚੇਤਨਾ ਦੀ ਸਰਦਲ ਤੇ ਖੜੇ ਰਹੇ ਸਾਂ ਤੇ ਸ਼ਾਇਦ ਹੁਣ ਵੀ ਅਪਣੇ ਰੋਜ਼ਮੱਰਾ ਦੇ ਚਿੰਤਨ ਚ ਡੁੱਬ ਰਹੇ ਹਾਂ! ਪਾਸ਼< ਸੰਧੂ>ਵਰਿਆਮ ਕੇਵਲ ਕਵਿਤਾ<>ਕਹਾਣੀ ਦੀ ਵਿਧਾ-ਵਿਧਾਨਕ ਦਵੰਦਾਤਮਿਕਤਾ ਨਹੀਂ ਇਹ ਤਾਂ ਜੀਵਨ ਜਾਚ ਦੀ ਇਕ ਇਤਿਹਾਸਿਕ ਟਿੱਪਣੇ ਤੇ ਗਤੀਮਾਨ ਹੋਈ ਰਾਜਨੀਤਿਕ ਦਾਰਸ਼ਨਿਕਤਾ ਹੈ.
ਪਾਸ਼ ਦਾ ਇਕ ਸਤਰੀ ਖ਼ਤ ਪੰਜਾਬੀ ਚਿੰਤਨ ਦੀਆਂ ਪਿਛਲੀਆਂ ਬਾਰਾਂ ਸਦੀਆਂ ਦਾ ਹਾਸਿਲ ਹੈ
ਸ਼ੁਕਰੀਆ ਵਰਿਆਮ ਜੀ! ਦੇਵਿੰਦਰ ਸਿੰਘ ਜੌਹਲ
ਦੇਵਿੰਦਰ ਸਿੰਘ ਜੌਹਲ ਜੀ ਬਹੁਤ ਬਹੁਤ ਸ਼ੁਕਰੀਆ--ਤੁਹਾਡੇ ਕੋਲ ਵੀ ਬਹੁਤ ਸਾਰੇ ਖ੍ਯਾਨੇ ਨੇ ਇਹਨਾਂ ਨਾਜ਼ੁਕ ਵੇਲਿਆਂ ਦੇ...ਕਦੇ ਜ਼ਰੁਰ ਲਿਖੋ ਪਲੀਜ਼--ਸੰਪਾਦਕੀ ਟੀਮ
Deleteਦੇਵਿੰਦਰ ਸਿੰਘ ਜੌਹਲ ਜੀ ਬਹੁਤ ਬਹੁਤ ਸ਼ੁਕਰੀਆ--ਤੁਹਾਡੇ ਕੋਲ ਵੀ ਬਹੁਤ ਸਾਰੇ ਖ੍ਯਾਨੇ ਨੇ ਇਹਨਾਂ ਨਾਜ਼ੁਕ ਵੇਲਿਆਂ ਦੇ...ਕਦੇ ਜ਼ਰੁਰ ਲਿਖੋ ਪਲੀਜ਼--ਸੰਪਾਦਕੀ ਟੀਮ
Delete