ਕਾਮਰੇਡ ਜੀਤਾ ਕੌਰ ਨੂੰ 15ਵੀਂ ਬਰਸੀ ਮੌਕੇ ਯਾਦ ਕਰਦਿਆਂ
ਹਰਭਗਵਾਨ ਭੀਖੀ ਦੀ ਕਾਮਰੇਡ ਜੀਤਾ ਕੌਰ ਨਾਲ ਆਖ਼ਿਰੀ ਮੁਲਾਕਾਤ
ਕਾਲਪਨਿਕ ਪਰ ਸੰਕੇਤਕ ਫੋਟੋ |
ਕਾਮਰੇਡ ਜੀਤਾ ਕੌਰ ਜੀ, ਆਪਣੇ ਪਿਛੋਕੜ ਬਾਰੇ ਕੁਝ ਦੱਸੋ?
2 ਫਰਵਰੀ 1959 ਨੂੰ ਮੇਰਾ ਜਨਮ ਹੋਇਆ ਸੀ, ਮਾਂ ਸੁਰਜੀਤ ਕੌਰ ਤੇ ਪਿਤਾ ਰਤਨ ਸਿੰਘ ਪੱਕੇ ਤੌਰ ਤੇ ਗੋਰਖਪੁਰ (ਯੂ ਪੀ) ਰਹਿੰਦੇ ਸਨ, ਪਰ ਸਾਡਾ ਪਰਿਵਾਰਕ ਪਿਛੋਕੜ ਗੁਰਦਾਸਪੁਰ ਜ਼ਿਲੇ ਦਾ ਬਟਾਲਾ ਹਲਕਾ ਹੈ। ਅਸੀਂ ਛੇ ਭੈਣ ਭਰਾ ਸੀ, ਮੈਂ ਇੱਕ ਭੈਣ ਤੇ ਇੱਕ ਭਰਾ ਤੋਂ ਛੋਟੀ ਹਾਂ, ਮੇਰੇ ਇੱਕ ਭਰਾ ਦੀ ਪਿੱਛੇ ਜਿਹੇ ਰੇਲ ਹਾਦਸੇ ਚ ਮੌਤ ਹੋ ਗਈ ਸੀ।
ਤੁਹਾਡਾ ਪਰਿਵਾਰ ਪੰਜਾਬ ਛੱਡ ਕੇ ਗੋਰਖਪੁਰ ਕਿਵੇਂ ਰਹਿਣ ਲੱਗਿਆ, ਕੋਈ ਖਾਸ ਵਜਾ ਸੀ?
ਆਪਣੀ ਪੜ੍ਹਾਈ ਬਾਰੇ ਕੁਝ ਦੱਸੋ?
ਮੈਂ ਬਾਲ ਵਿਕਾਸ ਸਕੂਲ ਤੋਂ ਮੈਟ੍ਰਿਕ ਅਤੇ ਇਮਾਮਵਾੜਾ ਮੁਸਲਿਮ ਕਾਲਜ ਗੋਰਖਪੁਰ ਤੋਂ ਪ੍ਰੈਪ ਕੀਤੀ, ਅਤੇ 1979 ਚ ਗੋਰਖਪੁਰ ਯੂਨੀਵਰਸਿਟੀ ਤੋਂ ਬੀਏ ਦੀ ਡਿਗਰੀ ਲਈ ਸੀ।
ਕੀ ਤੁਸੀਂ ਇਸ ਤੋਂ ਅੱਗੇ ਪੜ੍ਹਨ ਦੀ ਕੋਸ਼ਿਸ਼ ਕੀਤੀ?
ਬੀ ਏ ਕਰਨ ਤੋਂ ਬਾਅਦ ਮੈਂ ਗੋਰਖਪੁਰ ਯੂਨੀਵਰਸਿਟੀ ਵਿੱਚ ਰਾਜਨੀਤੀ ਸ਼ਾਸਤਰ ਦੀ ਐਮ ਏ ਵਿੱਚ ਦਾਖਲਾ ਲੈ ਲਿਆ, ਪਰ ਮੇਰੇ ਪਿਤਾ ਜੀ ਚਾਹੁੰਦੇ ਸਨ ਕਿ ਮੈਂ ਆਈ ਏ ਐਸ, ਜਾਂ ਪੀ ਸੀ ਐਸ ਦੀ ਤਿਆਰੀ ਕਰਾਂ ਤੇ ਉੱਚ ਅਫਸਰ ਬਣਾਂ। ਪਿਤਾ ਜੀ ਨੇ ਇਸ ਦੀ ਤਿਆਰੀ ਲਈ ਮੇਰੀ ਟਿਊਸ਼ਨ ਰਖਵਾ ਦਿੱਤੀ। ਮੈਨੂੰ ਟਿਊਸ਼ਨ ਪੜ੍ਹਾਉਣ ਵਾਲਾ ਮੁੰਡਾ ਪੰਡਤਾਂ ਦਾ ਸੀ, ਤੇ ਉਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਟੌਪਰ ਸੀ। ਇਸ ਟਿਊਸ਼ਨ ਦੌਰਾਨ ਸਾਡੇ ਦੋਵਾਂ ਦਰਮਿਆਨ ਦੋਸਤੀ ਹੋਈ, ਜੋ ਬਾਅਦ ਵਿੱਚ ਇਕੱਠੇ ਜਿਉਣ ਮਰਨ ਦੀਆਂ ਕਸਮਾਂ ਵਿੱਚ ਬਦਲ ਗਈ। ਸਾਡਾ ਪਿਆਰ ਅਜੇ ਪੁੰਗਰਿਆ ਹੀ ਸੀ ਕਿ ਘਰ ਵਿੱਚ ਭਿਣਕ ਪੈ ਗਈ। ਬੱਸ ਫੇਰ ਕੀ ਸੀ.., ਮੇਰੀ ਕੁੱਟਮਾਰ ਹੋਈ, ਯੂਨੀਵਰਸਿਟੀ ਤੇ ਟਿਊਸ਼ਨ ਦੋਵਾਂ ਥਾਵਾਂ ਤੋਂ ਪੜ੍ਹਨੋਂ ਹਟਾ ਲਿਆ ਗਿਆ, ਮੇਰੀ ਐਮ ਏ ਦੀ ਪੜ੍ਹਾਈ ਅਧਵਾਟੇ ਹੀ ਛੁੱਟ ਗਈ।
ਫੇਰ ਤੁਹਾਡੇ ਇਕੱਠੇ ਜਿਉਣ ਮਰਨ ਵਾਲੇ ਵਾਅਦੇ..??
ਮੈਂ ਵੀ ਹੋਰ ਕੁੜੀਆਂ ਵਾਂਗ ਆਪਣੇ ਪਿਆਰ ਨੂੰ ਹਾਸਲ ਕਰਨਾ ਚਾਹੁੰਦੀ ਸੀ, ਇਸ ਚਾਹਤ ਕਾਰਨ ਹੀ ਮੈਂ ਘਰੋਂ ਜਿਵੇਂ ਕਿਵੇਂ ਘਰੋਂ ਨਿਕਲੀ ਤੇ ਆਪਣੇ ਦੋਸਤ ਨੂੰ ਮਿਲੀ, ਸਾਰੀ ਸਥਿਤੀ ਬਾਰੇ ਗੱਲ ਕੀਤੀ ਤਾਂ ਉਸ ਨੇ ਸੁਝਾਅ ਦਿੱਤਾ ਕਿ ਘਰੋਂ ਭੱਜ ਕੇ ਵਿਆਹ ਕਰਵਾ ਲੈਂਦੇ ਹਾਂ। ਮੈਂ ਉਸ ਦੇ ਇਸ ਸੁਝਾਅ ਨਾਲ ਸਹਿਮਤ ਨਹੀਂ ਸੀ, ਕਿਉਂਕਿ ਮੈਂ ਤਾਂ ਸਮਾਜ ਦੀਆਂ ਅੱਖਾਂ ਚ ਅੱਖਾਂ ਪਾ ਕੇ ਆਪਣੀ ਜ਼ਿੰਦਗੀ ਦਾ ਫੈਸਲਾ ਕਰਨਾ ਚਾਹੁੰਦੀ ਸੀ। ਮੈਂ ਉਹਨੂੰ ਕਿਹਾ ਕਿ ਆਪਣੇ ਘਰ ਜਾ ਕੇ ਮਾਪਿਆਂ ਨਾਲ ਗੱਲ ਕਰ, ਪਰ ਉਹ ਡਰ ਗਿਆ ਤੇ ਮੇਰੀ ਇਸ ਗੱਲ ਨਾਲ ਸਹਿਮਤ ਨਾ ਹੋਇਆ। ਉਸ ਦੇ ਡਰ ਕੇ ਪਾਸਾ ਵੱਟ ਜਾਣ ਕਾਰਨ ਮੈਨੂੰ ਬਹੁਤ ਠੇਸ ਵੱਜੀ, ਮੈਂ ਬੁਰੀ ਤਰਾਂ ਨਿਰਾਸ਼ ਹੋ ਗਈ, ਟੁੱਟ ਗਈ। ਮੈਨੂੰ ਮਰਦਾਂ ਨਾਲ ਨਫਰਤ ਜਿਹੀ ਹੋ ਗਈ, ਮੇਰੇ ਵਿਆਹ ਨਾ ਕਰਵਾਉਣ ਦੇ ਫੈਸਲੇ ਪਿੱਛੇ ਇਸੇ ਘਟਨਾ ਦਾ ਵੱਡਾ ਹੱਥ ਹੈ।
ਇਹਦਾ ਮਤਲਬ ਪਿਆਰ ਤੇ ਪੜ੍ਹਾਈ ਦੋਵੇਂ ਖੁੱਸ ਗਏ?
ਰਾਜਨੀਤੀ ਦੀ ਚੇਟਕ ਕਿਵੇਂ ਲੱਗੀ?
ਸਾਡੇ ਘਰ ਚ ਹੀ ਰਾਜਨੀਤਕ ਮਹੌਲ ਸੀ। ਮੇਰੇ ਪਿਤਾ ਸ. ਰਤਨ ਸਿੰਘ ਭਾਰਤੀ ਕ੍ਰਾਂਤੀ ਦਲ ਦੇ ਸਰਗਰਮ ਆਗੂ ਸਨ, ਇਸ ਪਾਰਟੀ ਦੀ ਟਿਕਟ ਤੋਂ ਉਹਨਾਂ ਨੇ ਦੋ ਵਾਰ ਵਿਧਾਨ ਸਭਾ ਦੀ ਚੋਣ ਲਈ ਲੜੀ, ਜਦੋਂਕਿ ਤੀਜੀ ਵਾਰ ਕਾਂਗਰਸੀਆਂ ਨੇ ਮੇਰੇ ਪਿਤਾ ਜੀ ਦਾ ਐਕਸੀਡੈਂਟ ਕਰਵਾ ਦਿੱਤਾ। ਜਿਸ ਵਿੱਚ ਸਿਰ ਤੇ ਸੱਟ ਲੱਗਣ ਕਾਰਨ ਉਹਨਾਂ ਦਾ ਦਿਮਾਗੀ ਸੰਤੁਲਨ ਵਿਗੜ ਗਿਆ। ਘਰ ਵਿੱਚ ਲਗਾਤਾਰ ਰਾਜਨੀਤਕ ਚਰਚਾ ਚੱਲਣ ਕਾਰਨ ਮੇਰੀ ਰਾਜਨੀਤੀ ਵਿਚ ਡੂੰਘੀ ਦਿਲਚਸਪੀ ਬਣਦੀ ਗਈ, ਪਰ ਮੈਂ ਕਦੇ ਵੀ ਪਿਤਾ ਜੀ ਦੀ ਪਾਰਟੀ ਰਾਜਨੀਤੀ ਨਾਲ ਸਹਿਮਤ ਨਾ ਹੋ ਸਕੀ।
ਤੁਹਾਡਾ ਖੱਬੀ ਰਾਜਨੀਤੀ ਨਾਲ ਜੁੜਣ ਦਾ ਸਬੱਬ ਕਿਵੇਂ ਬਣਿਆ?
ਗੋਰਖਪੁਰ ਵਿੱਚ ਇੱਕ ਸਿਲਸਿਲਾ ਨਾਟਕ ਮੰਚ ਚਲਦਾ ਸੀ, ਇਸ ਵਿੱਚ ਇਕ ਲੜਕੀ ਕੰਮ ਕਰਦੀ ਸੀ, ਸਵਿਤਾ ਤਿਵਾੜੀ, ਇੱਕ ਦਿਨ ਸਵਿਤਾ ਯੂਨੀਵਰਸਿਟੀ ਅੰਦਰ ਜਾਗ੍ਰਿਤ ਮਹਿਲਾ ਪ੍ਰੀਸ਼ਦ ਨਾਮ ਦੀ ਜਥੇਬੰਦੀ ਬਣਾਉਣ ਲਈ ਮੇਰੀ ਕਲਾਸ ਦੀਆਂ ਲੜਕੀਆਂ ਨੂੰ ਕਹਿਣ ਆਈ, ਮੈਂ ਪੁੱਛ ਲਿਆ, ਕੀ ਮੈਂ ਵੀ ਮੀਟਿੰਗ ਵਿੱਚ ਆ ਸਕਦੀ ਹਾਂ?
ਹਾਂ ਵਿੱਚ ਜੁਆਬ ਮਿਲਿਆ, ਤਾਂ ਮੈਂ ਵੀ ਮੀਟਿੰਗ ਵਿਚ ਚਲੀ ਗਈ, ਮੈਨੂੰ ਗੱਲਬਾਤ ਚੰਗੀ ਲੱਗੀ, ਤੇ ਜਿਸ ਕਰਕੇ ਮੈਂ ਜਾਗ੍ਰਿਤੀ ਮਹਿਲਾ ਪ੍ਰੀਸ਼ਦ ਦੀ ਮੈਂਬਰ ਬਣ ਗਈ। ਬੱਸ ਉਹ ਦਿਨ ਤੇ ਆਹ ਦਿਨ…।
ਤੁਸੀ ਸੀ ਪੀ ਆਈ ਐਮ ਐਲ ਲਿਬਰੇਸ਼ਨ ਨਾਲ ਕਦੋਂ ਜੁੜੇ?
ਤੁਸੀਂ ਸਰਗਰਮ ਸਿਆਸਤ ਚ ਕਦੋਂ ਆਏ?
ਜਦੋਂ ਮੈਂ ਗੋਰਖਪੁਰ ਯੂਨੀਵਰਸਿਟੀ ਵਿੱਚ ਐਮ ਏ ਹਿੰਦੀ ਸਾਹਿਤ ਕਰ ਰਹੀ ਸੀ, ਉਸ ਸਮੇਂ ਭਾਵੇਂ ਜਾਗ੍ਰਿਤੀ ਮਹਿਲਾ ਪ੍ਰੀਸ਼ਦ ਰਾਹੀਂ ਆਈ ਪੀ ਐਫ ਨਾਲ ਜੁੜ ਚੁੱਕੀ ਸੀ, ਲੇਕਿਨ ਸਰਗਰਮ ਰਾਜਨੀਤੀ ਚ ਲੈ ਕੇ ਆਉਣ ਦਾ ਸਿਹਰਾ ਅਜਾ਼ਦੀ ਘੁਲਾਟੀਏ ਕਾਮਰੇਡ ਰਾਮਬਲੀ ਪਾਂਡੇ ਨੂੰ ਜਾਂਦਾ ਹੈ। ਉਹ ਮੈਨੂੰ ਆਪਣੀ ਮੋਪਿਡ ਤੇ ਬਿਠਾ ਕੇ ਪਿੰਡਾਂ ਚ ਮੀਟਿੰਗਾਂ ਕਰਵਾਉਣ ਲੈ ਜਾਂਦੇ। ਮੇਰੇ ਇਸ ਤਰਾਂ ਮੀਟਿੰਗਾਂ ਕਰਵਾਉਣ ਜਾਣ, ਉਹ ਵੀ ਇਕ ਮਰਦ ਸਾਥੀ ਨਾਲ ਇਕੱਲਿਆਂ ਜਾਣ ਕਾਰਨ ਘਰ ਚ ਹੰਗਾਮਾ ਹੋ ਗਿਆ, ਮੈਂ ਘਰ ਛੱਡ ਕੇ ਕਿਸੇ ਮਹਿਲਾ ਕਾਮਰੇਡ, ਸ਼ਾਇਦ ਸਵਿਤਾ ਤਿਵਾੜੀ ਦੇ ਘਰ ਰਹਿਣ ਲੱਗ ਪਈ। ਇਨਕਲਾਬੀ ਵਿਚਾਰਾਂ ਦੀ ਲੱਗੀ ਸਰਗਰਮ ਚੇਟਕ ਨੇ ਮੈਨੂੰ ਘਰ ਬਾਰ ਛੱਡ ਕੇ ਪੇਸ਼ੇਵਰ ਇਨਕਲਾਬੀ ਬਣਨ ਵੱਲ ਤੋਰ ਦਿੱਤਾ।
ਕੀ ਘਰ ਵਿੱਚ ਤੁਹਾਡੇ ਵਿਚਾਰਾਂ ਦਾ ਕਿਸੇ ਨੇ ਸਮਰਥਨ ਕੀਤਾ?
ਘਰ ਵਿੱਚ ਰਾਜਨੀਤਕ ਮਹੌਲ ਹੋਣ ਸਦਕਾ, ਰਾਜਨੀਤਕ ਸੂਝ ਤਾਂ ਸਭ ਨੂੰ ਸੀ, ਮੇਰੇ ਵਿਚਾਰਾਂ ਨੂੰ ਵੀ ਜਾਣਦੇ ਸਨ, ਪਰ ਪੂਰਾ ਪਰਿਵਾਰ ਮੇਰੇ ਨਕਸਲੀ ਲਹਿਰ ਨਾਲ ਜੁੜਨ ਕਾਰਨ ਡਰਦਾ ਸੀ। ਮਾਂ ਦਾ ਝੁਕਾਅ ਮੇਰੇ ਪੱਖ ਚ ਹੁੰਦਾ, ਪਰ ਸਮਾਜ ਦੀ ਪਿਛਾਖੜੀ ਸੋਚ ਤੇ ਸਮਾਜਿਕ ਦਾਬਾ ਮੇਰੀ ਮਾਂ ਦੇ ਮੇਰੇ ਪੱਖੀ ਵਿਚਾਰਾਂ ਨੂੰ ਖੁੱਲੇਆਮ ਉਜਾਗਰ ਕਰਨ ਤੋਂ ਰੋਕ ਦਿੰਦਾ। ਫੇਰ ਵੀ ਤਮਾਮ ਵਿਰੋਧਾਂ ਦੇ ਬਾਵਜੂਦ ਮੈਂ ਆਪਣੇ ਵਿਚਾਰਾਂ ਤੇ ਅਡੋਲ ਰਹੀ। ਕੁਝ ਸਮੇਂ ਬਾਅਦ ਮਾਂ ਦੀ ਮੌਤ ਹੋ ਗਈ। ਉਸ ਸਮੇਂ ਮੇਰੇ ਨਾਲ ਦੁੱਖ ਵੰਡਾਉਣ ਲਈ ਕਾਮਰੇਡ ਕ੍ਰਿਸ਼ਨਾ ਅਧਿਕਾਰੀ ਤੇ ਹੋਰ ਪਾਰਟੀ ਆਗੂ ਸਾਡੇ ਘਰ ਪੁੱਜੇ, ਲੀਡਰਾਂ ਦੇ ਘਰ ਆਉਣ ਜਾਣ ਨਾਲ ਪਰਿਵਾਰ ਪ੍ਰਭਾਵਿਤ ਹੋਇਆ ਤੇ ਮੈਨੂੰ ਵੀ ਕਹਿਣ ਲੱਗ ਪਏ ਕਿ ਆਪਣੀ ਘੋਕੇ ਤਾਂ ਲੀਡਰ ਬਣ ਗਈ ਹੈ।
ਘੋਕੇ ਮਤਲਬ?
ਘੋਕੇ ਮੇਰਾ ਘਰੇਲੂ ਨਾਂ ਹੈ, ਮੇਰੇ ਸੰਗੀ ਸਾਥੀ ਤੇ ਵਿਦਿਆਰਥੀ ਮੈਨੂੰ ਅਕਸਰ ਏਸੇ ਨਾਂ ਨਾਲ ਬੁਲਾਉਂਦੇ ਸਨ।
ਕਾਮਰੇਡ ਜੀ, ਤੁਸੀਂ ਕਮਿਊਨਿਸਟ ਪਾਰਟੀ ਨਾਲ ਲਗਭਗ ਉਸ ਦੌਰ 'ਚ ਜੁੜੇ ਜਦੋਂ ਸੋਵੀਅਤ ਸੰਘ ਦੇ ਪਤਨ ਨਾਲ ਮਾਰਕਸਵਾਦ ਦਾ ਅੰਤ ਪ੍ਰਚਾਰਿਆ ਜਾ ਰਿਹਾ ਸੀ, ਇਸ ਪ੍ਰਚਾਰ ਨੂੰ ਤੁਸੀਂ ਕਿਵੇਂ ਲਿਆ?
ਪਹਿਲੀ ਗੱਲ ਮਾਰਕਸਵਾਦ ਇਕ ਵਿਗਿਆਨਕ ਵਿਚਾਰਧਾਰਾ ਹੈ, ਤੇ ਵਿਗਿਆਨ ਦਾ ਕਦੇ ਅੰਤ ਨਹੀ ਹੁੰਦਾ, ਦੂਜੀ ਗੱਲ ਦੋ ਧਰੂਵੀ ਸੰਸਾਰ ਅੰਦਰ ਸਾਮਰਾਜਵਾਦ ਦੇ ਖਿਲਾਫ ਸੋਵੀਅਤ ਸੰਘ ਦਾ ਸਮਾਜਵਾਦੀ ਮਾਡਲ ਇੱਕ ਚੁਣੌਤੀ ਸੀ, ਇਸ ਚੁਣੌਤੀ ਅਤੇ ਸਮਾਜਵਾਦੀ ਮਾਡਲ ਨੂੰ ਤਹਿਸ ਨਹਿਸ ਕਰਨ ਲਈ ਸਾਰੇ ਸਾਮਰਾਜੀ ਅਤੇ ਪਿਛਾਖੜੀ ਦੇਸ਼ ਇੱਕਜੁਟ ਸਨ। ਤੀਜੀ ਗੱਲ ਕਾਮਰੇਡ ਲੈਨਿਨ ਅਤੇ ਸਟਾਲਿਨ ਦੀ ਮੌਤ ਤੋਂ ਬਾਅਦ ਆਈ ਲੀਡਰਸ਼ਿਪ ਹੀ (ਖਰੁਸ਼ਚੋਵ ਵਰਗੇ) ਮਾਰਕਸਵਾਦੀ ਫਲਸਫੇ ਤੋਂ ਥਿੜਕੀ ਸੀ ਨਾ ਕਿ ਮਾਰਕਸਵਾਦ ਦੀ ਸਾਰਥਿਕਤਾ ਖਤਮ ਹੋਈ ਸੀ, ਬਾਕੀ ਮੈਂ ਭਾਰਤ ਦੀ ਕਮਿਊਨਿਸਟ ਪਾਰਟੀ ਨਾਲ ਜੁੜੀ ਹਾਂ, ਜੋ ਕਿ ਲੋਕਾਂ ਦੀ ਬੰਦ-ਖਲਾਸੀ ਲਈ ਜੱਦੋ ਜਹਿਦ ਕਰ ਰਹੀ ਹੈ। ਸਾਮਰਾਜੀ ਨੀਤੀਆਂ ਖਿਲਾਫ ਜੋ ਲਗਾਤਾਰ ਸੰਘਰਸ਼ ਉੱਠ ਰਹੇ ਹਨ, ਇਹ ਕਮਿਊਨਿਸਟ ਲਹਿਰ ਲਈ ਹਾਂ ਪੱਖੀ ਵਰਤਾਰਾ ਹੈ।
ਕੀ ਉਸ ਸਮੇਂ ਇੰਡੀਅਨ ਪੀਪਲਜ਼ ਫਰੰਟ ਨੂੰ ਭੰਗ ਕਰਨਾ ਤੇ ਪਾਰਟੀ ਨੂੰ ਸਾਹਮਣੇ ਲਿਆਉਣਾ ਦਰੁਸਤ ਫੈਸਲਾ ਸੀ?
ਬਿਲਕੁਲ ਠੀਕ ਸੀ। ਜਦੋਂ ਰੂਸ ਦੇ ਪਤਨ ਤੋਂ ਬਾਅਦ ਕਮਿਊਨਿਸਟ ਵਿਚਾਰਧਾਰਾ ਦਾ ਅੰਤ ਦਰਸਾਇਆ ਜਾ ਰਿਹਾ ਸੀ ਅਤੇ ਸੀ ਪੀ ਆਈ ਤੇ ਸੀ ਪੀ ਐਮ ਵਰਗੀਆਂ ਸੋਧਵਾਦੀ ਪਾਰਟੀਆਂ ਡਿਫੈਂਸਿਵ ਹੋ ਕੇ ਪਾਰਟੀ ਦਾ ਨਾਮ ਤੱਕ ਬਦਲਣ ਬਾਰੇ ਸੋਚ ਰਹੀਆਂ ਸਨ, ਪੂਰੀ ਦੁਨੀਆ ਚ ਕਾਮਰੇਡਾਂ ਖਿਲਾਫ ਮਹੌਲ ਸਿਰਜਿਆ ਜਾ ਰਿਹਾ ਸੀ, ਉਸ ਦੌਰ ਵਿੱਚ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਸਾਹਮਣੇ ਆ ਕੇ ਮਾਰਕਸਵਾਦ, ਲੈਨਿਨਵਾਦ ਦਾ ਝੰਡਾ ਬੁਲੰਦ ਕਰਨਾ ਕਾਫੀ ਦਲੇਰੀ ਤੇ ਦ੍ਰਿੜਤਾ ਭਰਿਆ ਕੰਮ ਸੀ।
ਕੀ ਤੁਸੀਂ ਪਾਰਟੀ ਦੇ ਚੋਣਾਂ ਲੜਨ ਦੇ ਫੈਸਲੇ ਨਾਲ ਸਹਿਮਤ ਹੋ?
ਬੇਸ਼ੱਕ ਪਾਰਟੀ ਹਥਿਆਰਬੰਦ ਇਨਕਲਾਬ ਦੀ ਡਟਵੀਂ ਹਾਮੀ ਹੈ, ਪਰ ਜਿਸ ਦੇਸ਼ ਅੰਦਰ ਵੱਖ ਵੱਖ ਧਰਮਾਂ, ਜਾਤਾਂ, ਨਸਲਾਂ, ਭਾਸ਼ਾਵਾਂ, ਤੇ ਰੰਗਾਂ ਦੇ ਲੋਕ ਹੋਣ ਅਤੇ ਉਹਨਾਂ ਨੂੰ ਸਮੌਣ ਵਾਲੀ ਇੱਕ ਪਾਰਲੀਮੈਂਟ ਹੋਵੇ, ਫੇਰ ਤੁਸੀਂ ਭਲਾ ਚੋਣਾਂ ਨੂੰ ਨਜ਼ਰਅੰਦਾਜ਼ ਕਿਵੇਂ ਕਰ ਸਕਦੇ ਹੋ। ਸਵਾਲ ਇਹ ਨਹੀ ਕਿ ਤੁਸੀਂ ਚੋਣਾਂ ਲੜਦੇ ਹੋ ਜਾਂ ਬਾਈਕਾਟ ਕਰਦੇ ਹੋ, ਸਵਾਲ ਇਹ ਹੈ ਕਿ ਤੁਹਾਡੇ ਵਲੋਂ ਲਿਆ ਗਿਆ ਫੈਸਲਾ ਮਾਰਕਸਵਾਦੀ/ਲੈਨਿਨਵਾਦੀ ਦ੍ਰਿਸ਼ਟੀਕੋਣ ਮੁਤਾਬਕ ਹੈ ਜਾਂ ਨਹੀਂ? ਜੇਕਰ ਤੁਸੀਂ ਮਾਰਕਸਵਾਦੀ/ਲੈਨਿਨਵਾਦੀ ਦ੍ਰਿਸ਼ਟੀਕੋਣ ਤੋਂ ਚੋਣਾਂ ਚ ਸ਼ਮੂਲੀਅਤ ਕਰਦੇ ਹੋ ਤਾਂ ਤੁਸੀਂ ਚੋਣ ਅਖਾੜੇ ਨੂੰ ਆਪਣੇ ਮਿਸ਼ਨ ਦੇ ਹੱਕ ਵਿੱਚ ਕਿਸੇ ਹੱਦ ਤੱਕ ਭੁਗਤਾਅ ਸਕਦੇ ਹੋ, ਜੇ ਨਹੀਂ ਤਾਂ ਤੁਹਾਡਾ ਹਾਲ ਵੀ ਸੀ ਪੀ ਆਈ ਤੇ ਸੀ ਪੀ ਐਮ ਵਰਗਾ ਹੀ ਹੋਵੇਗਾ।
ਤੁਸੀਂ ਬਤੌਰ ਲੀਡਰ ਕਦੋਂ ਸਾਹਮਣੇ ਆਏ?
1986 ਵਿੱਚ ਯੂ ਪੀ ਬੀਰ ਬਹਾਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਵੱਲੋਂ ਰਾਮਗੜ੍ਹ ਤਾਲ ਪ੍ਰੋਜੈਕਟ ਲਈ 1050 ਏਕੜ ਜ਼ਮੀਨ ਜਬਰੀ ਇਕਵਾਇਰ ਕਰਨ ਖਿਲਾਫ ਮਜ਼ਦੂਰਾਂ ਤੇ ਕਿਸਾਨਾਂ ਦਾ ਜ਼ਬਰਦਸਤ ਅੰਦੋਲਨ ਹੋਇਆ, ਮੈਂ ਉਸ ਸਮੇਂ ਆਈ ਪੀ ਐਫ ਦੀ ਜ਼ਿਲਾ ਕਨਵੀਨਰ ਸੀ, ਆਈ ਪੀ ਐਫ ਦੀ ਅਗਵਾਈ ਹੇਠ ਉਜਾੜੇ ਖਿਲਾਫ ਚੱਲੇ ਇਸ ਸੰਘਰਸ਼ ਦੀ ਅਗਵਾਈ ਮੈਂ ਕੀਤੀ, ਮੈਂ ਉਸ ਵਕਤ ਵਧੇਰੇ ਐਜੀਟੇਟਰ ਹੁੰਦੀ ਸੀ, ਸਰਕਾਰ ਨੇ ਇਸ ਘੋਲ ਨੂੰ ਕੁਚਲਣ ਲਈ ਹਰ ਤਰਾਂ ਦਾ ਵਹਿਸ਼ੀ ਜ਼ੁਲਮ ਯਤਨ ਕੀਤਾ, ਇਸ ਘੋਲ ਚ ਹੀ ਮੇਰੀ ਪਹਿਲੀ ਗ੍ਰਿਫਤਾਰੀ ਹੋਈ, ਮੈਨੂੰ ਬਗੈਰ ਲੇਡੀ ਪੁਲਸ ਦੇ ਹਵਾਲਾਤ ਚ ਰੱਖਿਆ, ਬੇਸ਼ੱਕ ਅਗਲੇ ਦਿਨ ਮੈਂ ਜ਼ਮਾਨਤ ਤੇ ਆ ਗਈ, ਪਰ ਪੁਲਸ ਇਸ ਗੱਲ ਤੋਂ ਡਰਦੀ ਰਹੀ ਕਿ ਬਗੈਰ ਲੇਡੀ ਪੁਲਸ ਦੇ ਨੌਜਵਾਨ ਕੁੜੀ ਨੂੰ ਹਵਾਲਾਤ ਚ ਰੱਖਣ ਉੱਤੇ ਕਾਮਰੇਡ ਕੋਈ ਨਵਾਂ ਬਖੇੜਾ ਨਾ ਖੜ੍ਹਾ ਕਰ ਦੇਣ। ਹਵਾਲਾਤ ਚੋਂ ਬਾਹਰ ਆ ਕੇ ਮੈਂ ਫੇਰ ਮੈਦਾਨ ਚ ਡਟ ਗਈ, ਸਮੁੱਚਾ ਰਾਮਗੜ੍ਹ ਤਾਲ ਅੰਦੋਲਨ ਮੇਰੇ ਦੁਆਲੇ ਕੇਂਦਰਿਤ ਹੋ ਗਿਆ, ਸਰਕਾਰ ਇਹ ਸਮਝ ਗਈ ਕਿ ਇਸ ਅੰਦੋਲਨ ਨੂੰ ਕੁਚਲਣ ਲਈ ਜੀਤਾ ਕੌਰ ਨੂੰ ਰੋਕਣਾ ਜ਼ਰੂਰੀ ਹੈ, ਪੁਲਸ ਨੇ ਮੇਰੇ ਖਿਲਾਫ ਹਰ ਹਥਕੰਡਾ ਵਰਤਿਆ, ਇੱਥੋਂ ਤੱਕ ਕਿ ਸਰਕਾਰ ਤੇ ਪੁਲਸ ਨੇ ਮੇਰੇ ਖਿਲਾਫ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਜੀਤਾ ਕੌਰ ਤਾਂ ਪੰਜਾਬ ਤੋਂ ਆਈ ਅੱਤਵਾਦੀ ਹੈ, ਪਰ ਪੁਲਸ ਤੇ ਸਰਕਾਰ, ਮਜ਼ਦੂਰਾਂ, ਕਿਸਾਨਾਂ ਦੇ ਇਸ ਅੰਦੋਲਨ ਨੂੰ ਕੁਚਲ ਨਾ ਸਕੀ। ਇੱਕ ਕੁਆਰੀ ਮੁਟਿਆਰ ਪੰਜਾਬੀ ਕੁੜੀ ਵਲੋਂ ਇੰਝ ਡਟ ਕੇ ਅਗਵਾਈ ਕਰਨ ਤੇ ਹਰ ਜਬਰ ਜ਼ੁਲਮ ਨਾਲ ਆਢਾ ਲਾਉਣ ਸਦਕਾ, ਮੈਂ ਯੂ ਪੀ ਵਿੱਚ ਵੱਡੀ ਚਰਚਾ ਦਾ ਵਿਸ਼ਾ ਬਣ ਗਈ ਸਾਂ, ਮੈਨੂੰ ਇਸ ਘੋਲ ਨੇ ਸਥਾਪਿਤ ਲੀਡਰ ਵਜੋਂ ਅੱਗੇ ਲਿਆਂਦਾ। ਰਾਮਗੜ੍ਹ ਦੇ ਅੰਦੋਲਨ ਤੇ ਚਲਦਿਆਂ ਹੀ ਜੂਨੀਅਰ ਡਾਕਟਰਾਂ ਦਾ ਸੰਘਰਸ਼ ਉੱਠਿਆ, ਅਤੇ ਇਕ ਪੁਲਸ ਅਧਿਕਾਰੀ ਵਲੋਂ ਹੋਲੀ ਵਾਲੇ ਦਿਨ ਸ਼ਰੇਆਮ ਇਕ ਨੌਜਵਾਨ ਨੂੰ ਗੋਲੀ ਮਾਰ ਕੇ ਕਤਲ ਕਰ ਦੇਣ ਖਿਲਾਫ ਤਿੱਖਾ ਸੰਘਰਸ਼ ਚੱਲਿਆ, ਜਿਸ ਦੀ ਅਗਵਾਈ ਏ ਵੀ ਬੀ ਪੀ ਨੇ ਕੀਤੀ, ਲੇਕਿਨ ਮੈਨੂੰ ਇਹਨਾਂ ਅੰਦੋਲਨਾਂ ਦੀ ਅਗਵਾਈ ਕਰਨ ਲਈ ਵਿਸ਼ੇਸ਼ ਤੌਰ ਤੇ ਬੁਲਾਇਆ ਜਾਂਦਾ ਰਿਹਾ।
ਤੁਸੀਂ ਪਹਿਲੀ ਵਾਰ ਜੇਲ ਕਦੋਂ ਗਏ?
ਰਾਮਗੜ੍ਹ ਤਾਲ ਅੰਦੋਲਨ ਦੌਰਾਨ ਮੈਨੂੰ ਪੁਲਸ ਨੇ ਕਈ ਵਾਰ ਗ੍ਰਿਫਤਾਰ ਕੀਤਾ, ਇਸ ਅੰਦੋਲਨ ਦੌਰਾਨ ਹੀ ਮੈਂ ਪਹਿਲੀ ਵਾਰ ਜੇਲ ਯਾਤਰਾ ਕੀਤੀ, ਅਤੇ ਮੈਨੂੰ ਕਈ ਦਿਨ ਗੋਰਖਪੁਰ ਦੀ ਵਿਸਮਿਲ ਜੇਲ ਚ ਬੰਦ ਰੱਖਿਆ ਗਿਆ।
ਇਸ ਅੰਦੋਲਨ ਦੌਰਾਨ ਵਾਪਰੀ ਕੋਈ ਵਿਸ਼ੇਸ਼ ਗੱਲ?
ਹਾਂ ਹੈ, ਰਾਮਗੜ੍ਹ ਤਾਲ ਅੰਦੋਲਨ ਕਾਫੀ ਲੰਮਾ ਹੋ ਗਿਆ, ਅਸੀਂ ਇਸ ਨੂੰ ਕਨੂੰਨੀ ਨੁਕਤਾ ਨਿਗਾਹ ਤੋਂ ਵੀ ਲੜਣਾ ਬਿਹਤਰ ਸਮਝਿਆ, ਇਸ ਲਈ ਅਸੀਂ ਕਾਮਰੇਡ ਸਵਿਤਾ ਤਿਵਾੜੀ ਐਡਵੋਕੇਟ ਦੀ ਮਦਦ ਲਈ, ਲੇਕਿਨ ਕੁਝ ਸਮੇਂ ਬਾਅਦ ਕਨੂੰਨੀ ਲੜਾਈ ਲੜਨ ਲਈ ਉਸ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ, ਹੌਲੀ ਹੌਲੀ ਪੈਸਾ ਉਸ ਦੀ ਕਮਜ਼ੋਰੀ ਬਣ ਗਿਆ ਤੇ ਆਖਰ ਉਸ ਦਾ ਵਿਚਾਰਧਾਰਕ ਪਤਨ ਹੋ ਗਿਆ।
ਤੁਸੀਂ ਕਿਹੜੀਆਂ ਕਿਹੜੀਆਂ ਸਟੇਟਾਂ ਵਿੱਚ ਕੰਮ ਕੀਤਾ?
ਮੈਂ ਇੰਡੀਅਨ ਪੀਪਲਜ਼ ਫਰੰਟ ਦੀ ਗੋਰਖਪੁਰ ਜ਼ਿਲੇ ਦੀ ਕਨਵੀਨਰ ਸੀ, ਲੇਕਿਨ ਜਲਦੀ ਹੀ ਮੇਰੀਆਂ ਸਰਗਰਮੀਆਂ ਨੂੰ ਵੇਖਦਿਆਂ ਮੈਨੂੰ ਆਈ ਪੀ ਐਫ ਦੀ ਸੂਬਾ ਸਕੱਤਰ ਬਣਾ ਲਿਆ ਗਿਆ, ਮੈਂ ਲਖਨਊ ਰਹਿਣ ਲੱਗ ਪਈ, ਇੱਥੇ ਹੀ ਮੇਰਾ ਸੰਪਰਕ ਕਾਮਰੇਡ ਅਜੰਤਾ ਲੋਹਿਤ ਨਾਲ ਹੋਇਆ, ਜਿਸ ਨੂੰ ਮੈਂ ਪਰੇਰ ਕੇ ਪਾਰਟੀ ਚ ਲੈ ਆਂਦਾ, ਜੋ ਬਾਅਦ ਚ ਪਾਰਟੀ ਦੇ ਪ੍ਰਮੁੱਖ ਲੀਡਰ ਬਣੇ, (ਕਾਮਰੇਡ ਅਜੰਤਾ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਕਾਰਨ ਕਾਮਰੇਡ ਜੀਤਾ ਕੌਰ ਤੋਂ ਇਕ ਮਹੀਨਾ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਸਨ।)
ਉੱਤਰ ਪ੍ਰਦੇਸ਼ ਵਿਚ ਔਰਤਾਂ ਨੂੰ ਜਥੇਬੰਦ ਕਰਨ ਦਾ ਵੱਡਾ ਕੰਮ ਆਪਣੇ ਹੱਥ ਲਿਆ ਅਤੇ ਆਲ ਇੰਡੀਆ ਪ੍ਰੋਗਰੈਸਿਵ ਐਸੋਸੀਏਸ਼ਨ (ਏਪਵਾ) ਨੂੰ ਜਥੇਬੰਦ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ, ਤੇ 1992 ਵਿੱਚ ਸੂਬਾ ਕਾਨਫਰੰਸ ਕੀਤੀ। ਇਸ ਤੋਂ ਬਾਅਦ ਏਪਵਾ ਦੀ ਕੌਮੀ ਕਾਨਫਰੰਸ ਹੋਣੀ ਸੀ, ਏਪਵਾ ਆਗੂ ਕਾਮਰੇਡ ਕੁਮੁਦਨੀਪਤੀ ਦੇ ਗਰਭਵਤੀ ਹੋਣ ਕਾਰਨ ਇਸ ਕਾਨਫਰੰਸ ਦੀ ਤਿਆਰੀ ਲਈ ਮੈਨੂੰ ਦਿੱਲੀ ਬੁਲਾ ਲਿਆ ਗਿਆ, ਕਾਨਫਰੰਸ ਦੌਰਾਨ ਮੈਨੂੰ ਏਪਵਾ ਦੀ ਕੌਮੀ ਪ੍ਰਚਾਰ ਸਕੱਤਰ ਚੁਣ ਲਿਆ ਗਿਆ, ਜਿਸ ਕਰਕੇ ਮੇਰਾ ਦਿੱਲੀ ਰੁਕਣਾ ਜ਼ਰੂਰੀ ਹੋ ਗਿਆ, ਮੈਂ 1994-2001 ਤੱਕ ਦਿੱਲੀ ਰਹੀ। ਇਸ ਸਮੇਂ ਦੌਰਾਨ ਮੈਂ ਪੱਛਮੀ ਤੇ ਪੂਰਵੀ ਦਿੱਲੀ ਵਿੱਚ ਪਾਰਟੀ ਲਈ ਕੰਮ ਕੀਤਾ, ਤੇ ਔਰਤਾਂ ਨੂੰ ਲਾਮਬੰਦ ਕਰਨ ਲਈ ਜਿ਼ੰਮੇਵਾਰੀ ਸੰਭਾਲੀ, ਲੇਕਿਨ ਇਸ ਤੋਂ ਬਾਅਦ ਜਨਰਲ ਸਕੱਤਰ ਦੇ ਸੁਝਾਅ ਤੇ ਮੈਨੂੰ ਪੰਜਾਬ ਭੇਜ ਦਿੱਤਾ ਗਿਆ।
ਕੀ ਤੁਸੀਂ ਵਾਰ ਵਾਰ ਥਾਵਾਂ ਅਤੇ ਜ਼ੁੰਮੇਵਾਰੀਆਂ ਬਦਲਣ ਦੇ ਫੈਸਲੇ ਨਾਲ ਸਹਿਮਤ ਸੀ?
ਮੈਂ ਵਾਰ ਵਾਰ ਸਥਾਨ ਤੇ ਡਿਊਟੀਆਂ ਬਦਲਣ ਨਾਲ ਸਹਿਮਤ ਨਹੀ ਸੀ, ਮੈਂ ਯੂ ਪੀ ਅੰਦਰ ਏਪਵਾ ਨੂੰ ਜਥੇਬੰਦ ਕੀਤਾ, ਤੇ ਮੇਰੀ ਸਟੇਟ ਚ ਬਤੌਰ ਜਨਤਕ ਲੀਡਰ ਵਾਲੀ ਪਛਾਣ ਵੀ ਬਣ ਗਈ ਸੀ, ਮੈਂ ਯੂ ਪੀ ਵਿੱਚ ਵਧੀਆ ਢੰਗ ਨਾਲ ਕੰਮ ਕਰ ਸਕਦੀ ਸੀ, ਪਰ ਮੇਰੀ ਡਿਊਟੀ ਦਿੱਲੀ ਲਾ ਦਿੱਤੀ ਗਈ, ਜੇ ਦਿੱਲੀ ਚ ਕੰਮ ਤੋਰਿਆ ਤਾਂ ਡਿਊਟੀ ਬਦਲ ਕੇ ਪੰਜਾਬ ਭੇਜ ਦਿੱਤਾ ਗਿਆ, ਵਿਅਕਤੀ ਜਿੱਥੇ ਰਹਿੰਦਾ ਹੈ, ਕੰਮ ਕਰਦਾ ਤੇ ਪਹਿਚਾਣ ਬਣਾਉਂਦਾ ਹੈ, ਓਥੇ ਬਿਹਤਰ ਨਤੀਜੇ ਕੱਢ ਸਕਦਾ ਹੈ, ਪਰ ਪਾਰਟੀ ਮੈਨੂੰ ਸ਼ਾਇਦ ਆਰਗੇਨਾਈਜ਼ਰ ਦੀ ਭੂਮਿਕਾ ਚ ਵੇਖਦੀ ਸੀ, ਤੇ ਪਾਰਟੀ ਫੈਸਲਾ ਮੇਰੇ ਵੱਖ ਵੱਖ ਥਾਵਾਂ ਤੇ ਕੰਮ ਕਰਨ ਦੀ ਮੰਗ ਕਰਦਾ ਸੀ। ਨਾਲੇ ਜਦੋਂ ਤੁਸੀਂ ਇਨਕਲਾਬੀ ਕਮਿਊਨਿਸਟ ਹੋ ਤਾਂ ਹਰ ਫੈਸਲੇ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਲਈ ਸਹਿਮਤ ਅਸਹਿਮਤ ਹੋਣ ਦਾ ਮਤਲਬ ਹੀ ਨਹੀਂ। ਬਾਕੀ, ਵਿਅਕਤੀ ਨਾਲੋਂ ਪਾਰਟੀ ਬਿਹਤਰ ਢੰਗ ਨਾਲ ਸੋਚ ਸਕਦੀ ਹੈ ਕਿ ਕੌਣ ਕਿੱਥੇ ਢੁਕਵਾਂ ਤੇ ਯੋਗ ਹੈ।
ਇੱਕ ਸੋਹਣੀ ਸੁਨੱਖੀ ਕੁਆਰੀ ਕੁੜੀ ਹੋਣ ਕਾਰਨ ਤੁਹਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ?
ਸਮੱਸਿਆਵਾਂ ਤਾਂ ਕੁੜੀਆਂ ਨਾਲ ਜੁੜੀਆਂ ਹੀ ਹੋਈਆਂ ਹਨ, ਔਰਤਾਂ ਪ੍ਰਤੀ ਸਮਾਜ ਦਾ ਨਜ਼ਰੀਆ ਦਰੁਸਤ ਨਹੀਂ। ਮੈਂ ਸ਼ੁਰੂ ਤੋਂ ਹੀ ਕਦੇ ਵੀ ਕਿਤੇ ਵੀ ਇਕੱਲੀ ਜਾਣ ਲਈ ਹਿਚਕ ਨਹੀ ਵਿਖਾਈ, ਬਹੁਤੀ ਵਾਰ ਇਕੱਲੀ ਨੂੰ ਵੇਖ ਕੇ ਲੋਕ ਗਲਤ ਹਰਕਤਾਂ ਵੀ ਕਰਦੇ, ਪਾਰਟੀ ਅੰਦਰ ਵੀ ਬਹੁਤ ਸਾਰੇ ਕਾਮਰੇਡਾਂ ਨੇ ਮੇਰੇ ਨਾਲ ਨਿੱਜੀ ਨੇੜਤਾ ਬਣਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਮੈਂ ਆਪਣੇ ਵਿਚਾਰਾਂ ਤੇ ਅਡੋਲ ਰਹੀ। ਮੇਰੇ ਹੱਕ ਵਿੱਚ ਇੱਕ ਇਹ ਜਾਂਦੀ ਸੀ ਕਿ ਮੇਰੇ ਵਾਲ ਉਮਰ ਤੋਂ ਪਹਿਲਾਂ ਚਿੱਟੇ ਹੋ ਗਏ, ਜਿਸ ਕਾਰਨ ਹਰ ਕੋਈ ਝਿਜਕਦਾ ਵੀ ਸੀ। ਮੈਂ ਪਾਰਟੀ ਦਫਤਰਾਂ ਤੇ ਕਾਮਰੇਡਾਂ ਦੇ ਘਰਾਂ ਚ ਵੀ ਰਹੀ ਹਾਂ, ਜਿੱਥੇ ਮੈਂ ਰਸੋਈ ਚ ਸਿਰਫ ਔਰਤਾਂ ਦੇ ਕੰਮ ਕਰਨ ਦੀ ਪ੍ਰਵਿਰਤੀ ਖਿਲਾਫ ਲੜੀ, ਓਥੇ ਮੈਨੂੰ ਕਈ ਕਾਮਰੇਡਾਂ ਦੇ ਘਰਾਂ ਚੋਂ `ਨਾਲੇ ਘਰੋਂ ਖਵਾਇਆ, ਨਾਲੇ ਭੜੂਆ ਅਖਵਾਇਆ`, ਵਰਗੇ ਸ਼ਬਦ ਵੀ ਸੁਣਨੇ ਪਏ।
ਕੀ ਕਦੇ ਵਿਆਹ ਨਾ ਕਰਵਾਉਣ ਦੇ ਫੈਸਲੇ ਤੇ ਪਛਤਾਵਾ ਨਹੀਂ ਹੋਇਆ?
ਨਹੀਂ, ਕਦੇ ਨਹੀਂ। ਜਿਸ ਨੂੰ ਚਾਹਿਆ, ਉਹ ਹੋ ਨਾ ਸਕਿਆ, ਦੂਸਰੇ ਬਾਰੇ ਮੈਂ ਮੁੜ ਕੇ ਕਦੇ ਨਹੀਂ ਸੋਚਿਆ, ਫੇਰ ਪਛਤਾਵਾ ਤਾਂ ਹੋਵੇ ਜੇ ਮੈਂ ਕਦੇ ਵਿਆਹ ਕਰਾਉਣਾ ਹੁੰਦਾ। ਇਸ ਸ਼ਬਦ, ਵਿਆਹ, ਨਾਲ ਘ੍ਰਿਣਾ ਜਿਹੀ ਹੋ ਗਈ ਸੀ।
ਤੁਹਾਨੂੰ ਕਠੋਰ ਤੇ ਸਖਤ ਸੁਭਾਅ ਵਾਲੀ ਲੀਡਰ ਮੰਨਿਆ ਜਾਂਦਾ ਹੈ?
ਮੇਰੇ ਲਈ ਇਹ ਧਾਰਨਾ ਗਲਤ ਹੈ, ਲੇਕਿਨ ਮੈਂ ਸਪੱਸ਼ਟ ਵਿਚਾਰਾਂ ਅਤੇ ਸਖਤ ਅਨੁਸ਼ਾਸਨ ਦੀ ਹਾਮੀ ਹਾਂ, ਅਨੁਸ਼ਾਸਨ ਭੰਗ ਕਰਨ, ਝੂਠ ਬੋਲਣ, ਕਿਸੇ ਵੀ ਨਸ਼ਾ ਕਰਨ, ਔਰਤਾਂ ਵਿਰੋਧੀ ਗਾਲਾਂ ਕਢਣ ਵਾਲਿਆਂ ਦੇ ਸਖਤ ਖਿਲਾਫ ਹਾਂ, ਇਹਨਾਂ ਸਭ ਕੁਰੀਤੀਆਂ ਦੇ ਖਿਲਾਫ ਪਾਰਟੀ ਦੇ ਅੰਦਰ ਤੇ ਬਾਹਰ ਤਿੱਖੀ ਬਹਿਸ ਚਲਾਈ ਹੈ, ਮੈਂ ਬਹੁਤੀ ਵਾਰੀ ਅਜਿਹੀਆਂ ਘਾਟਾਂ ਕਮਜ਼ੋਰੀਆਂ ਵਾਲੇ ਸਾਥੀਆਂ ਨੂੰ ਪਿਆਰ ਨਾਲ ਬਹਿ ਕੇ ਸਮਝਾਇਆ ਵੀ ਹੈ, ਬਹੁਤੇ ਸਮਝੇ, ਪਰ ਕੁਝ ਨੇ ਮੈਨੂੰ ਸਖਤ ਸੁਭਾਅ ਦੀ ਆਗੂ ਦਾ ਖਿਤਾਬ ਦੇ ਦਿੱਤਾ।
ਤੁਹਾਡਾ ਪੜ੍ਹਨ ਦਾ ਰੁਝਾਨ ਕਿੰਨਾ ਕੁ ਹੈ?
ਮੈਨੂੰ ਅਕਸਰ ਪੜ੍ਹਨ ਦੀ ਆਦਤ ਹੈ, ਇੱਕ ਦੋ ਕਿਤਾਬਾਂ ਹਮੇਸ਼ਾਂ ਮੇਰੇ ਬੈਗ ਚ ਹੁੰਦੀਆਂ ਹਨ, ਮੈਨੂੰ ਜਿੱਥੇ ਵੀ ਵਕਤ ਮਿਲਦਾ ਹੈ ,ਮੈਂ ਪੜ੍ਹਨ ਦੀ ਕੋਸ਼ਿਸ਼ ਕਰਦੀ ਹਾਂ, ਭਾਵੇਂ ਬੱਸ, ਰੇਲ ਦਾ ਸਫਰ ਹੋਵੇ ਜਾਂ ਕਿਸੇ ਦਾ ਘਰ।
ਤੁਸੀਂ ਪੰਜਾਬ ਕਦੋਂ ਆਏ ਤੇ ਕਿਸ ਭੂਮਿਕਾ ਵਿੱਚ ਰਹੇ?
ਕੀ ਤੁਸੀਂ ਔਰਤਾਂ ਨੂੰ ਜਥੇਬੰਦ ਕਰਨ ਚ ਸਫਲ ਹੋਏ?
ਬੰਤ ਸਿੰਘ ਝੱਬਰ |
ਤੁਸੀਂ ਲੁਧਿਆਣਾ ਦੀਆਂ ਗੰਦੀਆਂ ਬਸਤੀਆਂ ਚ ਕੰਮ ਕੀਤਾ, ਤੁਹਾਨੂੰ ਅਜਿਹਾ ਕਰਦੇ ਸਮੇਂ ਔਖ ਤੇ ਗਲਿਆਣ ਮਹਿਸੂਸ ਨਹੀਂ ਹੋਈ?
ਕਮਿਊਨਿਸਟ ਪਾਰਟੀ ਮਜ਼ਦੂਰ ਜਮਾਤ ਦੀ ਪਾਰਟੀ ਹੁੰਦੀ ਹੈ, ਫੇਰ ਮਜ਼ਦੂਰ ਗੰਦੀਆਂ ਬਸਤੀਆਂ ਚ ਹੋਣ ਜਾਂ ਕਿਤੇ ਹੋਰ, ਮਜ਼ਦੂਰਾਂ ਚ ਕੰਮ ਕਰਨਾ ਔਖ ਤੇ ਗਲਿਆਣ ਨਹੀਂ ਮਾਣ ਦੀ ਗੱਲ ਹੈ। ਜੇਕਰ ਸਭ ਤੋਂ ਵੱਧ ਅਹਿਮ ਪਾਰਟੀ ਅੰਗ ਮਜ਼ਦੂਰਾਂ ਚ ਮੇਰੀ ਡਿਊਟੀ ਲਾਈ ਹੈ, ਤਾਂ ਏਸ ਤੋਂ ਵੱਡੀ ਖੁਸ਼ੀ ਵਾਲੀ ਗੱਲ ਕਿਹੜੀ ਹੋ ਸਕਦੀ ਹੈ। ਨਾਲੇ ਸੌਖ ਦੀ ਜ਼ਿੰਦਗੀ ਛੱਡ ਕੇ ਹੀ ਤਾਂ ਕਮਿਊਨਿਸਟ ਬਣੇ ਹਾਂ।
ਬੰਤ ਸਿੰਘ ਝੱਬਰ ਕਾਂਡ ਬਾਰੇ ਤੁਸੀਂ ਕੀ ਸਮਝਦੇ ਹੋ?
ਝੱਬਰ ਕਾਂਡ ਜਗੀਰੂ ਮਾਨਸਿਕਤਾ ਵਾਲੇ ਗੁੰਡਾ ਅਨਸਰਾਂ ਵਲੋਂ ਵਰਤਾਏ ਗਏ ਘਿਣਾਉਣੀ ਤੇ ਅਣਮਨੁਖੀ ਤਸਵੀਰ ਹੈ, ਲੇਕਿਨ ਬੰਤ ਸਿੰਘ ਇਨਸਾਫ ਤੇ ਅਣਖ ਦੀ ਲਡ਼ਾਈ ਦਾ ਪ੍ਰਤੀਕ ਹੈ, ਜਿਸ ਨੇ ਆਪਣੇ ਅੰਗ ਅੰਗ ਨੂੰ ਤਾਂ ਕਟਾ ਲਿਆ, ਲੇਕਿਨ ਮਜ਼ਦੂਰ ਜਮਾਤ ਦੀ ਅਣਖ, ਗੈਰਤ ਤੇ ਸਵੈਮਾਣ ਨੂੰ ਜਗੀਰੂ ਤੇ ਧਨਾਢ ਮਾਨਸਿਕਤਾ ਅੱਗੇ ਨੀਵਾਂ ਨਹੀਂ ਪੈਣ ਦਿੱਤਾ। ਸੀ ਪੀ ਆਈ ਐਮ ਐਲ ਲਿਬਰੇਸ਼ਨ ਦੀ ਪਹਿਲ ਕਦਮੀ ਤੇ ਇਸ ਕਾਂਡ ਖਿਲਾਫ ਲੜਿਆ ਗਿਆ ਲਾਮਿਸਾਲ ਅੰਦੋਲਨ, ਦੁਨੀਆ ਦੇ ਨਕਸ਼ੇ ਤੇ ਉਭਰਿਆ ਹੈ। ਮੈਂ ਇਸ ਅੰਦੋਲਨ ਚ ਸ਼ਾਮਲ ਰਹੀ ਹਾਂ, ਪੀ ਜੀ ਆਈ ਹਸਪਤਾਲ ਚ ਮੁਸ਼ਕਲ ਹਾਲਤ ਚ ਰਹਿੰਦਿਆਂ ਬੰਤ ਸਿੰਘ ਦੀ ਸੰਭਾਲ ਦੀ ਜ਼ਿਮੇਵਾਰੀ ਮੇਰੇ ਹਿੱਸੇ ਆਈ ਹੈ।
ਆਖਰੀ ਸਵਾਲ, ਤੁਹਾਨੂੰ ਪੰਜਾਬ ਚ ਕਿੱਥੇ ਜਾਣਾ ਪਸੰਦ ਹੈ?
ਜਲੰਧਰ ਗਦਰੀ ਬਾਬਿਆਂ ਦੇ ਮੇਲੇ ਤੇ, ਜਿੱਥੇ ਕਮਿਊਨਿਸਟ ਲਹਿਰ ਦਾ ਅਸਰ ਅਤੇ ਤਾਕਤ ਦੇਖਣ ਨੂੰ ਮਿਲਦੀ ਹੈ ਤੇ ਸੰਘਰਸ਼ ਦੀ ਪ੍ਰੇਰਨਾ ਮਿਲਦੀ ਹੈ।
ਮੁਲਾਕਾਤੀ ਹਰਭਗਵਾਨ ਭੀਖੀ
No comments:
Post a Comment