Wednesday, October 19, 2022

ਫਾਸ਼ੀਵਾਦ ਦੇ ਅੱਥਰੇ ਘੋੜੇ ਨੂੰ ਨੱਥ ਪਾਉਣ ਦੀ ਤਿਆਰੀ ਵਿੱਚ ਲਿਬਰੇਸ਼ਨ

ਪੰਜਾਬ ਦੇ ਲੋਕਾਂ ਨੂੰ ਮਿਲ ਸਕਦੀ ਹੈ ਨੇੜ ਭਵਿੱਖ ਦੇ ਸੰਘਰਸ਼ਾਂ ਵਿੱਚ ਅਗਵਾਈ 


ਮੂਧਲ
//ਅੰਮ੍ਰਿਤਸਰ: 19 ਅਕਤੂਬਰ 2022: (ਨਕਸਲਬਾੜੀ ਡੈਸਕ ਬਿਊਰੋ):: 

ਸੀ ਪੀ ਆਈ (ਐਮ ਐਲ) ਲਿਬਰੇਸ਼ਨ ਦਾ ਦੋ ਦਿਨਾਂ ਸੂਬਾਈ ਅਜਲਾਸ ਅੰਮ੍ਰਿਤਸਰ ਦੇ ਮੂਧਲ ਪਿੰਡ ਵਿੱਚ 16 ਅਤੇ 17 ਅਕਤੂਬਰ ਨੂੰ ਉਦੋਂ ਹੋਇਆ ਹੈ ਜਦੋਂ  ਵਿਜੇਵਾੜਾ (ਆਧਰਾ ਪ੍ਰਦੇਸ਼) ਵਿੱਚ ਸੀ ਪੀ ਆਈ ਦਾ 24ਵਾਂ ਕੌਮੀ ਡੈਲੀਗੇਟ ਅਜਲਾਸ ਚੱਲ ਰਿਹਾ ਸੀ।  ਵਿਜੇਵਾੜਾ ਵਿੱਚ ਸੀਪੀਆਈ ਦਾ ਇਹ ਅਜਲਾਸ 18 ਅਕਤੂਬਰ ਨੂੰ ਸਮਾਪਤ ਹੋਇਆ। ਸੀਪੀਆਈ ਦੇ ਕੁਝ ਪੁਰਾਣੇ ਮੈਂਬਰਾਂ ਸਮੇਤ ਨਵੀਂ ਟੀਮ ਅਤੇ ਨਵੇਂ ਜੋਸ਼ ਦੇ ਨਾਲ ਮੋਦੀ ਸਰਕਾਰ ਨੂੰ ਉਖਾੜ ਸੁੱਟਣ ਦੇ ਸੰਕਲਪ ਨਾਲ ਇਹ ਸਮਾਪਨ ਯਾਦਗਾਰੀ ਰਿਹਾ। ਇਸਦੇ ਨਾਲ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵਿਦਿਆਰਥੀ ਚੋਣਾਂ ਦਾ ਪ੍ਰਚਾਰ ਵੀ ਸਿਖਰਾਂ 'ਤੇ ਸੀ। ਇਹ ਵਿਦਿਆਰਥੀ ਚੋਣਾਂ 18 ਅਕਤੂਬਰ ਨੂੰ ਹੋਈਆਂ ਅਤੇ ਇਸ ਵਿੱਚ ਆਮ ਆਦਮੀ ਪਾਰਟੀ ਦੇ ਵਿਦਿਆਰਥੀ ਸੰਗਠਨ ਛਾਤਰ ਯੁਵਾ ਸੰਘਰਸ਼ ਸਮਿਤੀ ਨੇ ਇੱਕ ਤਰ੍ਹਾਂ ਨਾਲ ਹੂੰਝਾ ਫੇਰੂ ਜਿੱਤ ਪ੍ਰਾਪਤ ਕੀਤੀ ਹੈ। ਏ ਬੀ ਵੀ ਪੀ ਨੇ ਵੀ ਆਪਣੀ ਮੌਜੂਦਗੀ ਦਾ ਅਹਿਸਾਸ ਕਰਾਇਆ ਹੈ ਪਰ ਐਨ ਐਸ ਯੂ ਆਈ ਉਹ ਵੀ ਨਹੀਂ ਕਰ ਸਕੀ। ਲਲਕਾਰ ਸਮੇਤ ਖੱਬੀਆਂ ਵਿਦਿਆਰਥੀ ਜੱਥੇਬੰਦੀਆਂ ਇਸ ਚੋਣ ਸੀਨ ਵਿੱਚੋਂ ਇੱਕ ਵਾਰ ਤਾਂ ਲਾਂਭੇ ਹੋ ਗਈਆਂ ਹਨ ਪਰ ਪੀ ਐਸ ਯੂ ਲਲਕਾਰ ਗਰੁੱਪ ਅਤੇ ਐਸ ਐਫ ਐਸ ਆਪਣੀਆਂ ਰਵਾਇਤਾਂ ਮੁਤਾਬਿਕ ਜਲਦੀ ਹੀ ਆਪਣੇ ਐਕਸ਼ਨਾਂ ਨਾਲ ਆਪਣੀ ਮੌਜੂਦਗੀ ਦਾ ਅਹਿਸਾਸ ਕਰਾਉਣਗੀਆਂ। ਇਸੇ ਦੌਰਾਨ ਕਾਂਗਰਸ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਵੀ ਹੋ ਹਟੀ ਹੈ। ਸ਼ਸ਼ੀ ਥਰੂਰ ਇਹ ਚੋਣ ਹਾਰ ਗਏ ਹਨ ਅਤੇ ਮਲਿਕਾਰਜੁਨ ਇਹ ਚੋਣ ਜਿੱਤ ਗਏ ਹਨ। ਕੁਲ ਮਿਲਾ ਕੇ ਹੰਗਾਮਿਆਂ ਭਰਪੂਰ ਸਿਆਸੀ ਦ੍ਰਿਸ਼ ਦੇ ਚੱਲਦਿਆਂ ਸੀਪੀਆਈ (ਐਮ ਐਲ) ਲਿਬਰੇਸ਼ਨ ਬੜੇ ਹੀ ਸੰਤੁਲਤ ਅੰਦਾਜ਼ ਨਾਲ ਆਪਣਾ ਸੂਬਾਈ ਅਜਲਾਸ ਕਰ ਕੇ ਇੱਕ ਤਰ੍ਹਾਂ ਨਾਲ ਆਪਣੇ ਅੱਗੇ ਵਧਣ ਦਾ ਐਲਾਨ ਵੀ ਕਰ ਗਈ ਹੈ। 

ਪੰਜਾਬ ਦੇ ਮੌਜੂਦਾ ਹਾਲਤ ਇੱਕ ਵਾਰ ਫੇਰ ਮੋੜਾ ਲੈ ਰਹੇ ਹਨ। ਬੇਅਦਬੀਆਂ, ਮਹਿੰਗਾਈ, ਬੇਰੋਜ਼ਗਾਰੀ, ਅਮਨ ਕਾਨੂੰਨ ਦੀ ਸਥਿਤੀ ਅਤੇ ਗਰਮ ਭਾਸ਼ਣਾਂ ਦਾ ਮੁੜ ਸ਼ੁਰੂ ਹੋਇਆ ਸਿਲਸਿਲਾ ਕੁਲ ਮਿਲਾ ਕੇ ਅਜਿਹਾ ਮਾਹੌਲ ਬਣ ਰਿਹਾ ਹੈ ਜਿਹੜਾ ਲੋਕ ਪੱਖੀ ਸੈਕੂਲਰ ਤਾਕਤਾਂ ਦੇ ਰਸਤਿਆਂ ਵਿਚ ਮੁਸ਼ਕਲਾਂ ਹੀ ਖੜੀਆਂ ਕਰੇਗਾ। ਇਸਦੇ ਬਾਵਜੂਦ ਲਿਬਰੇਸ਼ਨ ਦਾ ਸੰਕਲਪ ਹਿੰਮਤ ਭਰਿਆ ਕਦਮ ਹੈ। 

ਇਸ ਵੇਲੇ ਜਦੋਂ ਪੰਜਾਬ ਵਿੱਚ ਖੱਬੀ ਸਿਆਸਤ ਲੰਮੇ ਅਰਸੇ ਤੋਂ ਉਤਾਰ ਜਿਹੇ ਤੇ ਹੈ  ਅਤੇ ਲੋਕ ਖੱਬੀਆਂ ਧਿਰਾਂ ਤੋਂ ਪਿਛੇ ਵੀ ਹਟਦੇ ਮਹਿਸੂਸ ਹੋ ਰਹੇ ਹਨ ਉਸ ਵੇਲੇ ਲਿਬਰੇਸ਼ਨ ਦਾ ਅੰਮ੍ਰਿਤਸਰ ਵਿੱਚ ਪੰਜਾਬ ਦਾ ਸੂਬਾਈ ਅਜਲਾਸ ਕਰਨਾ ਚਕਰਵਰਤੀ ਘੋੜਾ ਛੱਡਣ ਤੋਂ ਘੱਟ ਨਹੀਂ। 

ਚੇਤੇ ਰਹੇ ਕਿ ਅੰਮ੍ਰਿਤਸਰ ਉਹੀ ਧਰਤੀ ਹੈ ਜਿਥੇ ਭਗਵਾਨ ਰਾਮ ਦੇ ਸਪੁੱਤਰਾਂ ਲਵ ਅਤੇ ਕੁਸ਼ ਨੇ ਸ਼੍ਰੀ ਰਾਮ ਦਾ ਅਸ਼ਵਮੇਧ ਵਾਲਾ ਘੋੜਾ ਵੀ ਫੜ ਲਿਆ ਸੀ ਅਤੇ ਯੁੱਧ ਵਿੱਚ ਲਛਮਣ ਸਮੇਤ ਬਹੁਤ ਸਾਰੇ ਯੋਧਿਆਂ ਨੂੰ ਜ਼ਖਮੀ ਕਰ ਦਿੱਤਾ ਸੀ। ਹਨੂੰਮਾਨ ਜੀ ਵੀ ਇਥੇ ਉਸ ਯੁੱਧ ਦੌਰਾਮ ਬਣਦੀ ਬਣਾ ਲੈ ਗਏ ਸਨ। ਆਖਿਰ ਭਗਵਾਨ ਰਾਮ ਨੂੰ ਖੁਦ ਯੁੱਧ ਭੂਮੀ ਵਿਚ ਆਉਣਾ ਪਿਆ ਸੀ। ਸ਼ਾਇਦ ਅੰਮ੍ਰਿਤਸਰ ਦੀ ਧਰਤੀ ਵਿੱਚ ਈਨ ਨਾ ਮੰਨਣ ਵਾਲੀ ਨਾਬਰੀ ਦੀ ਸੁਰ ਆਰੰਭ ਤੋਂ ਹੀ ਮੌਜੂਦ ਹੈ। ਅੱਜ ਵੀ ਸਿਆਸੀ ਮੈਦਾਨ ਕੋਈ ਘੱਟ ਗੰਭੀਰ ਨਹੀਂ। ਲਿਬਰੇਸ਼ਨ ਦੇ ਇਸ ਅਜਲਾਸ ਵਿੱਚ ਉਸ ਨਾਬਰੀ ਵਾਲੀ ਸੁਰ ਵੀ ਸਪਸ਼ਟ ਸੁਣਾਈ ਦੇਂਦੀ ਹੈ। ਪੰਜਾਬ ਦੇ ਲੋਕ ਸ਼ਾਇਦ ਚਾਹੁੰਦੇ ਵੀ ਹੀ ਹਨ ਕਿ ਕੋਈ ਤਾਂ ਉੱਠੇ ਜਿਹੜਾ ਸਿਰਫ ਅਸਲ ਮਸਲਿਆਂ ਦੀ ਗੱਲ ਕਰੇ। ਜਾਪਦਾ ਹੈ ਫਾਸ਼ੀਵਾਦ ਦੇ ਅੱਥਰੇ ਘੋੜੇ ਨੂੰ ਇਸੇ ਧਰਤੀ ਤੋਂ ਹੀ ਨੱਥ ਪਾਉਣ ਦਾ ਉਪਰਾਲਾ ਹੋਣਾ ਹੈ ਅਤੇ ਇਸ ਲਈ ਲਿਬਰੇਸ਼ਨ ਦੀ ਟੀਮ ਸਰਗਰਮ ਹੈ। 

ਉਦਘਾਟਨੀ ਸਮਾਗਮ ਦੇ ਭਾਸ਼ਣ ਮੌਕੇ ਕਾਮਰੇਡ ਦਿਪਾਂਕਰ ਭੱਟਾਚਾਰੀਆ ਨੇ ਲੋਕਾਂ ਨੂੰ ਸਾਵਧਾਨ ਕਰਦਿਆਂ ਸਪਸ਼ਟ ਕਿਹਾ ਵੀ ਕਿ ਪੰਜਾਬ ਦੇ ਲੋਕ ਸੂਬੇ ਨੂੰ ਮੂੜ ਫਿਰਕੂ ਧਰੁਵੀਕਰਨ ਤੇ ਟਕਰਾਅ ਵੱਲ ਧੱਕਣ ਦੀਆਂ ਸੰਘ-ਬੀਜੇਪੀ ਦੀ ਸਾਜ਼ਿਸ਼ਾਂ ਤੋਂ ਚੌਕਸ ਹੋਣ। ਇਸ ਤਰ੍ਹਾਂ ਫਿਰਕੂ ਭਾਂਬੜਾਂ ਤੋਂ ਬਚਾਓ ਦੀ ਪਹਿਰੇਦਾਰੀ ਕਰਦਿਆਂ ਸੀਪੀਆਈ (ਐਮ ਐਲ) ਲਿਬਰੇਸ਼ਨ ਦਾ ਚੌਥਾ ਸੂਬਾ ਡੈਲੀਗੇਟ ਇਜਲਾਸ ਸ਼ੁਰੁ ਹੋਇਆ ਸੀ। ਇਹ ਇੱਕ ਯਾਦਗਾਰੀ ਸ਼ੁਰੂਆਤ ਹੈ ਇਸਦਾ ਪਤਾ ਆਉਣ ਵਾਲੇ ਸਮੇਂ ਵਿਚ ਜ਼ਿਆਦਾ ਚੰਗੀ ਤਰ੍ਹਾਂ ਲੱਗ ਸਕੇਗਾ। 

ਪਾਰਟੀ ਦੇ ਬੁਲਾਰਿਆਂ ਨੇ ਵੀ ਚੇਤੇ ਕਰਾਇਆ ਕਿ ਅੰਮ੍ਰਿਤਸਰ ਸਾਹਿਬ ਜਿਥੇ ਜ਼ੁਲਮ ਦੇ ਖਿਲਾਫ ਸਿਰਧੜ ਦੀ ਬਾਜ਼ੀ ਲਾਉਣ ਵਾਲੇ ਸਿੱਖ ਗੁਰੂ ਸਾਹਿਬਾਨਾਂ ਦੇ ਮਹਾਨ ਮਾਨਵੀ ਤੇ ਸਮਾਨਤਾਵਾਦੀ ਵਿਚਾਰਧਾਰਾ ਅਤੇ ਬਾਬਾ ਸੋਹਣ ਸਿੰਘ ਭਕਨਾ ਵਰਗੇ ਇਨਕਲਾਬੀ ਗਦਰੀਆਂ ਦਾ ਕੇਂਦਰ ਹੈ, ਉਥੇ ਇਹ ਬਰਤਾਨਵੀ ਸਾਮਰਾਜ ਖਿਲਾਫ਼ ਲੋਕ ਏਕਤਾ, ਸੰਗਰਾਮ ਤੇ ਕੁਰਬਾਨੀਆਂ ਦਾ ਵੀ ਇਕ ਚਾਨਣ ਮੁਨਾਰਾ ਰਿਹਾ ਹੈ। ਇਸੇ ਮਿਸ਼ਨ ਨੂੰ ਅੱਗੇ ਵਧਾਉਣ ਦਾ ਸੰਕਲਪ ਲੈਣ ਲਈ ਹੀ ਸੀਪੀਆਈ (ਐਮ ਐਲ) ਨੇ ਅਪਣੀ ਚੌਥੀ ਸੂਬਾਈ ਕਾਨਫਰੰਸ ਇਸ ਧਰਤੀ 'ਤੇ ਕਰਨ ਦਾ ਫੈਸਲਾ ਕੀਤਾ ਹੈ-ਇਹ ਗੱਲ ਅੱਜ ਇਥੇ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਦੀਪਾਂਕਰ ਭੱਟਾਚਾਰੀਆ ਨੇ ਅਪਣੇ ਉਦਘਾਟਨੀ ਭਾਸ਼ਨ ਵਿਚ ਕਹੀ। ਇਸ ਗੱਲ ਦਾ ਇਸ ਅਜਲਾਸ ਵਿਚ ਮੌਜੂਦ ਲੋਕਾਂ ਨੇ ਡੂੰਘਾ ਅਸਰ ਕਬੂਲ ਕੀਤਾ ਅਤੇ ਅੰਮ੍ਰਿਤਸਰ ਦੇ ਲੋਕ ਤਾਂ ਕੀਲੇ ਹੀ ਗਏ। 

ਇਸ ਇਤਿਹਾਸਿਕ ਕਾਨਫਰੰਸ ਦੀ ਸ਼ੁਰੂਆਤ ਡਾਕਟਰ ਅਰੀਤ-ਜੋ ਇਥੋਂ ਦੇ ਜੰਮਪਲ ਤੇ ਪੰਜਾਬੀ ਥਿਏਟਰ ਵਿਚ ਇਕ ਮਿਥ ਬਣ ਚੁੱਕੇ ਨਾਟਕਕਾਰ ਤੇ ਚਿੰਤਕ ਗੁਰਸ਼ਰਨ ਸਿੰਘ ਦੀ ਬੇਟੀ ਹਨ-ਵਲੋਂ ਸੰਸਾਰ ਕਮਿਉਨਿਸਟ ਦਾ ਸੂਹਾ ਝੰਡਾ ਲਹਿਰਾਉਣ ਨਾਲ ਹੋਈ। 

ਪਹਿਲੇ ਹੀ ਦਿਨ ਡਾਕਟਰ ਅਰੀਤ ਨੇ ਅਪਣੇ ਸੰਬੋਧਨ ਵਿਚ ਕਿਹਾ ਕਿ ਸਾਡੇ ਇਨਕਲਾਬੀ ਦੇਸ਼ਭਗਤਾਂ ਨੇ ਜਿਸ ਇਨਕਲਾਬ ਦਾ ਸੁਪਨਾ ਲਿਆ ਸੀ, ਉਸ ਵੱਲ ਅੱਗੇ ਵੱਧਣ ਦੀ ਬਜਾਏ ਅੱਜ ਸਾਡਾ ਦੇਸ਼ ਆਰ ਐੱਸ ਐੱਸ-ਬੀਜੇਪੀ ਤੇ ਮੋਦੀ ਸਰਕਾਰ ਵਲੋਂ ਬਣਾਏ ਫਾਸ਼ਿਸ਼ਟ ਚੱਕਰਵਿਊ ਵਿਚ ਫਸ ਗਿਆ ਹੈ। ਪਰ ਇਸ ਬਾਰੇ ਕੋਈ ਖਾਸ ਜ਼ਿਕਰ ਨਾ ਹੋਇਆ ਕਿ ਖੱਬੀਆਂ ਧਿਰਾਂ ਦੀ ਨਿਰੰਤਰ ਸਰਗਰਮੀ ਦੇ ਬਾਵਜੂਦ ਇਸ ਚੱਕਰਵਿਯੂਹ ਨੇ ਲੋਕਾਂ ਨੰ ਆਪਣੇ ਜਾਲ ਵਿਚ ਕਿਵੇਂ ਫਸਾਇਆ? ਇਹ ਸਾਜ਼ਿਸ਼ ਕਾਮਯਾਬ ਕਿਵੇਂ ਹੋਈ? ਅਜਿਹੇ ਸੁਆਲ ਅਜੇ ਵੀ ਬਣੇ ਹੋਏ ਹਨ। ਸਮੁੱਚੀਆਂ ਖੱਬੀਆਂ ਧਿਰਾਂ ਨੂੰ ਇਸ ਬਾਰੇ ਨਿਰਪੱਖ ਅਤੇ ਇਮਾਨਦਾਰ ਪੜਤਾਲ ਕਰਨੀ ਹੀ ਚਾਹੀਦੀ ਹੈ। ਅਜਲਾਸ ਵਿਚ ਡਾਕਟਰ ਅਰੀਤ ਨੇ ਜ਼ੋਰ ਦਿੱਤਾ ਕਿ ਸਾਨੂੰ ਇਕਜੁੱਟ ਹੋ ਕੇ ਬੜੀ ਸਿਆਣਪ ਨਾਲ ਇਸ ਫਿਰਕੂ ਜਾਲ ਨੂੰ ਕੱਟਕੇ ਅੱਗੇ ਵੱਧਣ ਦੀ ਜ਼ਰੂਰਤ ਹੈ।

ਇਸ ਅਜਲਾਸ ਮੌਕੇ ਭਰਾਤਰੀ ਇਕਜੁੱਟਤਾ ਵੀ ਮਜ਼ਬੂਤ ਹੁੰਦੀ ਮਹਿਸੂਸ ਹੋਈ। ਸੀਪੀਆਈ ਦੇ ਸੀਨੀਅਰ ਆਗੂ ਕਾਮਰੇਡ ਭੁਪਿੰਦਰ ਸਿੰਘ ਸਾਂਬਰ ਅਤੇ ਆਰ ਐਮ ਪੀ ਆਈ ਦੇ ਸੂਬਾ ਸਕੱਤਰ ਕਾਮਰੇਡ ਪ੍ਰਗਟ ਸਿੰਘ ਜਾਮਾਰਾਏ ਨੇ ਕਾਨਫਰੰਸ ਦੀ ਸਫਲਤਾ ਲਈ ਲਿਬਰੇਸ਼ਨ ਨੂੰ ਅਪਣੀ ਪਾਰਟੀ ਵਲੋਂ ਸ਼ੁਭ ਇੱਛਾਵਾਂ ਦਿੰਦਿਆਂ ਕਿਹਾ ਕਿ ਅੱਜ ਸੂਬੇ ਤੇ ਦੇਸ਼ ਦੀਆਂ ਤਮਾਮ ਖੱਬੀਆਂ, ਜਮਹੂਰੀ ਧਰਮ ਨਿਰਪੱਖ ਤੇ ਦੇਸ਼ਭਗਤ ਸ਼ਕਤੀਆਂ ਦੇ ਏਕੇ ਤੇ ਸਾਂਝੇ ਸੰਘਰਸ਼ਾਂ ਦੀ ਹੋਰ ਕਿਸੇ ਵੀ ਵਕਤ ਨਾਲੋਂ ਵਧੇਰੇ ਜ਼ਰੂਰਤ ਹੈ। 

ਫੋਕਲੋਰ ਰਿਸਰਚ ਅਕੈਡਮੀ ਦੇ ਮੁੱਖੀ ਰਮੇਸ਼ ਯਾਦਵ ਨੇ ਕਾਨਫਰੰਸ ਦੀ ਸਫਲਤਾ ਲਈ ਕਾਮਨਾ ਕਰਦਿਆਂ ਸਰਹੱਦ ਦੇ ਦੋਵੇਂ ਪਾਸੇ ਵਸਦੇ ਪੰਜਾਬੀਆਂ ਦੀਆਂ ਇੱਛਾਵਾਂ ਮੁਤਾਬਿਕ ਭਾਰਤ ਪਾਕਿਸਤਾਨ ਦਰਮਿਆਨ ਬੇਰੋਕ ਆਉਣ ਜਾਣ ਤੇ ਵਪਾਰ ਦੀ ਖੁੱਲ ਦੇਣ ਦੀ ਮੰਗ ਉਭਾਰੀ, ਤਾਂ ਜੋ ਆਪਸੀ ਟਕਰਾਅ ਦੀ ਬਜਾਏ ਗੁਆਂਢੀਆਂ ਨਾਲ ਮਿੱਤਰਤਾ ਦਾ ਬੇਹਤਰ ਮਾਹੌਲ ਬਣਾਇਆ ਜਾ ਸਕੇ।

ਕਾਨਫਰੰਸ ਦੇ ਖੁੱਲੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਾਮਰੇਡ ਦੀਪਾਂਕਰ ਭੱਟਾਚਾਰੀਆ ਨੇ ਕਿਹਾ ਕਿ ਸੰਸਾਰ ਭਰ ਦੇ ਲੋਕ ਸਾਮਰਾਜੀ ਕਾਰਪੋਰੇਟ ਤੰਤਰ ਨੂੰ ਚੁਣੌਤੀ ਦੇ ਰਹੇ ਹਨ। ਜਿਥੇ ਇਰਾਨ ਦੀਆਂ ਬਹਾਦਰ ਔਰਤਾਂ, ਪਿੱਤਰ ਸਤਾ ਦੇ ਖਿਲਾਫ ਆਜ਼ਾਦੀ ਤੇ ਬਰਾਬਰੀ ਲਈ ਉਥੇ ਦੀ ਕੱਟੜਪੰਥੀ ਹਕੂਮਤ ਨਾਲ ਟੱਕਰ ਲੈ ਰਹੀਆਂ ਹਨ, ਉਥੇ ਦੱਖਣੀ ਅਮਰੀਕੀ ਮਹਾਂਦੀਪ ਵਿਚ ਇਕ ਤੋਂ ਬਾਦ ਦੂਜੇ ਦੇਸ਼ ਦੀ ਜਨਤਾ ਬਦਲ ਵਜੋਂ ਸਮਾਜਵਾਦੀ ਧਾਰਾ ਦੀਆਂ ਪਾਰਟੀਆਂ ਨੂੰ ਸਤਾ ਸੌਂਪ ਰਹੇ ਨੇ। ਪਰ ਇਸ ਦੇ ਉਲਟ ਮੋਦੀ ਸਰਕਾਰ ਭਾਰਤ ਨੂੰ ਬਿਲਕੁਲ ਉਲਟ ਦਿਸ਼ਾ ਵਿਚ ਧੱਕਣਾ ਚਾਹੁੰਦੀ ਹੈ। 

ਦੇਸ਼ ਨੂੰ ਮੰਦਵਾੜੇ 'ਚੋ ਕੱਢਣ ਲਈ ਸੁਰਖਿਆ ਤੇ ਫੌਜੀ ਖਰਚ ਘਟਾਉਣ ਦੀ ਅਤੇ ਇਸ ਪਾਸੇ ਦੇ ਦੇਸ਼ਾਂ ਨਾਲ ਆਪਸੀ ਵਪਾਰ ਤੇ ਸਬੰਧ ਆਸਾਨ ਬਣਾਉਣ ਦੀ ਲੋੜ ਹੈ, ਪਰ ਇਸ ਦੇ ਉਲਟ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅੱਜ ਸਾਰੇ ਗੁਆਂਢੀ ਦੇਸ਼ਾਂ ਨਾਲ ਭਾਰਤ ਦੇ ਸਬੰਧ ਬੇਹੱਦ ਖਰਾਬ ਹੋ ਚੁੱਕੇ ਹਨ। 

ਕਾਮਰੇਡ ਦਿਪਾਂਕਰ ਭੱਟਾਚਾਰਿਆ ਨੇ ਕਿਹਾ ਕਿ ਸਰਕਾਰ ਨੇ ਹੋਰ ਸੰਵਿਧਾਨਕ ਅਦਾਰਿਆਂ ਵਾਂਗ ਨਿਆਂ ਪਾਲਿਕਾ ਨੂੰ ਵੀ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਮਹਾਰਾਸ਼ਟਰ ਹਾਈਕੋਰਟ ਇਕ ਦਿਨ ਪਹਿਲਾਂ ਪੰਜ ਸਾਲ ਤੋਂ ਜੇਲ 'ਚ ਬੰਦ 90% ਅੰਗਹੀਣ ਲੋਕਪੱਖੀ ਬੁੱਧੀਜੀਵੀ ਪ੍ਰੋ. ਜੀਐਨ ਸਾਂਈਬਾਬਾ ਸਮੇਤ ਚਾਰ ਹੋਰਾਂ ਨੂੰ ਨਿਰਦੋਸ਼ ਕਰਾਰ ਦੇ ਕੇ ਰਿਹਾਅ ਕਰਨ ਦੇ ਹੁਕਮ ਦਿੰਦੀ ਹੈ, ਪਰ ਅਗਲੇ ਦਿਨ ਛੁੱਟੀ ਹੋਣ ਦੇ ਬਾਵਜੂਦ ਸਰਕਾਰ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਅਸਧਾਰਨ ਢੰਗ ਨਾਲ ਇਸ ਫੈਸਲੇ ਉਤੇ ਰੋਕ ਲਾ ਦਿੰਦੀ ਹੈ। ਜਦੋਂ ਕਿ 1984 ਦੇ ਸਿੱਖ ਕਤਲੇਆਮ, 2002 ਦੇ ਗੁਜਰਾਤ ਕਤਲੇਆਮ, ਕਸ਼ਮੀਰ 'ਚ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੇ ਅਤੇ ਵੱਖ ਵੱਖ ਸਕੈਂਡਲਾਂ ਰਾਹੀਂ ਲੋਕਾਂ ਦਾ ਅਰਬਾਂ ਰੁਪਏ ਹੜਪਣ ਵਾਲੇ ਸਾਰੇ ਅਪਰਾਧੀ ਮੁਕਤ ਘੁੰਮ ਰਹੇ ਹਨ। ਪਰ ਮਨਰੇਗਾ ਸਕੀਮ ਨੂੰ ਖਤਮ ਕਰਨ, ਛੋਟੇ ਕਰਜਿਆਂ ਦੀ ਵਸੂਲੀ ਲਈ ਗਰੀਬ ਔਰਤਾਂ, ਮਜ਼ਦੂਰਾਂ ਤੇ ਕਿਸਾਨਾਂ ਨੂੰ ਪ੍ਰੇਸ਼ਾਨ ਤੇ ਜ਼ਲੀਲ ਕੀਤਾ ਜਾ ਰਿਹਾ ਹੈ।  ਬਹੁਤ ਸਮਾਂ ਪਹਿਲਾਂ ਅਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਅਨੇਕਾਂ ਸਿਆਸੀ ਕੈਦੀ ਜੇਲਾਂ ਵਿਚ ਸਨ ਰਹੇ ਹਨ, ਪਰ ਨਿਆਂ ਪਾਲਿਕਾ ਜਾਂ ਸਰਕਾਰ ਨੇ ਇਸ ਮੁੱਦੇ 'ਤੇ ਮੁਜਰਮਾਨਾ ਚੁੱਪ ਵੱਟੀ ਹੋਈ ਹੈ। 

ਸੰਘ ਪਰਿਵਾਰ ਨਾਲ ਜੁੜੇ ਸੰਗਠਨ ਘੱਟਗਿਣਤੀਆਂ ਤੇ ਦਲਿਤਾਂ ਕਮਜ਼ੋਰਾਂ ਖਿਲਾਫ ਮਨਮਾਨੀਆਂ ਕਰ ਰਹੇ ਹਨ। ਦੇਸ਼ ਦੇ ਸੰਵਿਧਾਨ, ਸੂਬਿਆਂ ਦੇ ਅਧਿਕਾਰਾਂ ਤੇ ਫੈਡਰਲ ਢਾਂਚੇ ਦੇ ਸੰਕਲਪ ਨੂੰ ਪੈਰਾਂ ਹੇਠ ਦਰੜਿਆ ਜਾ ਰਿਹਾ ਹੈ। ਪਰ 92 ਸੀਟਾਂ ਜਿੱਤ ਕੇ ਪੰਜਾਬ 'ਚ ਸਤਾ ਸਾਂਭਣ ਵਾਲੀ ਆਮ ਆਦਮੀ ਪਾਰਟੀ, ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸਟੈਂਡ ਲੈਣ ਤੋਂ ਵੀ ਅਤੇ ਅਪਣੇ ਚੋਣ ਵਾਲੇ ਪੂਰੇ ਕਰਨ ਤੋਂ ਵੀ ਨਾਕਾਮ ਸਾਬਤ ਹੋ ਰਹੀ ਹੈ। ਸਾਰੇ ਸਰਕਾਰੀ ਦਫ਼ਤਰਾਂ ਵਿਚ ਡਾਕਟਰ ਅੰਬੇਦਕਰ ਦੀ ਤਸਵੀਰ ਲਾਉਣ ਵਾਲੀ ਦਿੱਲੀ ਦੀ ਕੇਜਰੀਵਾਲ ਸਰਕਾਰ ਵੀ ਡਾਕਟਰ ਅੰਬੇਦਕਰ ਦੇ ਵਿਚਾਰਾਂ ਸਬੰਧੀ ਭਾਸ਼ਣ ਦੇਣ ਵਾਲੇ ਅਪਣੇ ਮੰਤਰੀ ਰਜਿੰਦਰ ਗੌਤਮ ਨੂੰ ਅਸਤੀਫਾ ਦੇਣ ਲਈ ਮਜਬੂਰ ਕਰ ਦਿੰਦੀ ਹੈ। 

ਦੂਜੇ ਪਾਸੇ ਬੀਜੇਪੀ ਪੰਜਾਬ ਨੂੰ ਮੁੜ ਫਿਰਕੂ ਧਰੁਵੀਕਰਨ ਤੇ ਹਿੰਸਕ ਟਕਰਾਅ ਵੱਲ ਧੱਕਣ ਲਈ ਬਹੁਪਰਤੀ ਸਾਜ਼ਿਸ਼ਾਂ ਕਰ ਰਹੀ ਹੈ, ਤਾਂ ਜੋ ਉਹ ਇਥੋਂ ਲੋਕ ਸਭਾ ਚੋਣਾਂ ਜਿੱਤ ਸਕੇ, ਇਸ ਬਾਰੇ ਸਮੂਹ ਪੰਜਾਬੀਆਂ ਨੂੰ ਬੜਾ ਸੁਚੇਤ ਰਹਿਣ ਦੀ ਜ਼ਰੂਰਤ ਹੈ।  ਉਨਾਂ ਕਿਹਾ ਕਿ ਦੇਸ਼ ਨੂੰ ਮੌਜੂਦਾ ਸੰਕਟ ਚੋਂ ਕੱਢਣ ਲਈ ਸਾਨੂੰ ਸਮਾਜਿਕ ਪਰਿਵਰਤਨ ਦੀਆਂ ਹਾਮੀ ਸਮੂਹ ਸ਼ਕਤੀਆਂ ਦੀ ਵਿਸ਼ਾਲ ਲਾਮਬੰਦੀ ਦੇ ਆਧਾਰ ਉਤੇ ਇਕ ਨਵਾਂ ਜਮਹੂਰੀ ਅਤੇ ਲੋਕ ਹਿੱਤੂ ਨਿਜ਼ਾਮ ਸਥਾਪਤ ਕਰਨ ਲਈ ਦੂਜੀ ਜੰਗ-ਏ-ਆਜਾਦੀ ਛੇੜਣ ਦੀ ਅਟੱਲ ਜ਼ਰੂਰਤ ਹੈ। 

ਰੂਸ-ਯੂਕਰੇਨ ਜੰਗ ਬਾਰੇ ਟਿਪਣੀ ਕਰਦਿਆਂ ਕਾਮਰੇਡ ਦੀਪਾਂਕਰ ਨੇ ਕਿਹਾ ਕਿ ਦਰ ਅਸਲ ਗੰਭੀਰ ਆਰਥਿਕ ਮੰਦਵਾੜੇ 'ਚ ਫਸਿਆ ਸੰਸਾਰ ਪੂੰਜੀਵਾਦੀ ਸਾਮਰਾਜੀ ਪ੍ਰਬੰਧ ਅੱਜ ਦੁਨੀਆਂ ਨੂੰ ਜੰਗਾਂ, ਹਥਿਆਰਾਂ ਦੀ ਦੌੜ, ਕੁਦਰਤੀ ਸੋਮਿਆਂ ਦੀ ਤਬਾਹੀ ਅਤੇ ਆਮ ਜਨਤਾ ਨੂੰ ਮਹਿੰਗਾਈ, ਬੇਰੁਜ਼ਗਾਰੀ, ਭੁੱਖ ਅਤੇ ਤਾਨਾਸ਼ਾਹੀ ਵੱਲ ਧੱਕ ਰਿਹਾ ਹੈ, ਇਸ ਲਈ ਮਨੁੱਖਤਾ ਤੇ ਵਾਤਾਵਰਨ ਦੀ ਰਾਖੀ ਤੇ ਬੇਹਤਰੀ ਲਈ ਇਸ ਸਾਮਰਾਜੀ ਪ੍ਰਬੰਧ ਤੋਂ ਨਿਜਾਤ ਹਾਸਲ ਕਰਨਾ ਬੇਹੱਦ ਜ਼ਰੂਰੀ  ਹੋ ਗਿਆ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਜਿਵੇਂ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਅੰਦੋਲਨ ਦੀ ਪੰਜਾਬ ਦੇ ਕਿਸਾਨਾਂ ਨੇ ਅੰਦੋਲਨ ਦੀ ਅਗਵਾਈ ਕੀਤੀ, ਉਵੇਂ ਹੀ ਜ਼ਰੂਰਤ ਹੈ ਕਿ ਬੀਜੇਪੀ ਨੂੰ ਦੇਸ਼ ਦੀ ਸਤਾ ਤੋਂ ਬੇਦਖਲ ਕਰਨ ਲਈ ਪੰਜਾਬ ਦੀ ਬਹਾਦਰ ਜਨਤਾ, ਕਾਰਪੋਰੇਟ ਫਿਰਕੂ ਫਾਸ਼ੀਵਾਦ ਨੂੰ ਹਾਰ ਦੇਣ ਲਈ ਦੇਸ਼ ਦੀ ਜਨਤਾ ਦੇ ਸੰਘਰਸ਼ ਦੀ ਵੀ ਅਗਵਾਈ ਕਰੇਗੀ।

ਉਦਘਾਟਨੀ ਸੈਸ਼ਨ  ਦੀ ਕਾਰਵਾਈ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਨੇ ਚਲਾਈ। ਮੰਚ ਉਤੇ ਮਹਿਮਾਨ ਬੁਲਾਰਿਆਂ ਤੋਂ ਇਲਾਵਾ ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਕੇਂਦਰੀ ਆਬਜ਼ਰਵਰ ਕਾਮਰੇਡ ਰਵੀ ਰਾਏ, ਪਾਰਟੀ ਦੀ ਜੰਮੂ ਕਸ਼ਮੀਰ ਇਕਾਈ ਦੇ ਸਕੱਤਰ ਕਾਮਰੇਡ ਨਿਰਦੋਸ਼ ਉਪਲ, ਪੰਜਾਬ ਦੇ ਪਾਰਟੀ ਇੰਚਾਰਜ ਪਰਸ਼ੋਤਮ ਸ਼ਰਮਾ , ਗੁਰਨਾਮ ਸਿੰਘ ਦਾਊਦ, ਕਾਮਰੇਡ ਸੁਖਦਰਸ਼ਨ ਸਿੰਘ ਨੱਤ, ਭਗਵੰਤ ਸਿੰਘ ਸਮਾਂਓ , ਕੰਵਲਜੀਤ ਚੰਡੀਗੜ੍ਹ, ਜਸਬੀਰ ਕੌਰ ਨੱਤ, ਗੁਰਪ੍ਰੀਤ ਸਿੰਘ ਰੂੜੇਕੇ, ਕਾਮਰੇਡ ਬਲਬੀਰ ਸਿੰਘ ਝਾਮਕਾ ਤੇ ਸਥਾਨਕ ਮੁੱਖ ਪ੍ਰਬੰਧਕ ਕਾਮਰੇਡ ਬਲਬੀਰ ਸਿੰਘ ਮੂਧਲ ਵੀ ਮੌਜੂਦ ਸਨ।

ਇਸ ਤਰ੍ਹਾਂ ਪਹਿਲੇ ਦਿਨ ਹੀ ਲਿਬਰੇਸ਼ਨ ਦੀ ਕੇਂਦਰੀ ਲੀਡਰਸ਼ਿਪ ਨੇ ਪੰਜਾਬ ਦੀ ਜਨਤਾ ਨੂੰ ਨਵੇਂ ਸੰਘਰਸ਼ਾਂ ਦੀ ਅਗਵਾਈ ਲਈ ਸੱਦਾ ਦੇ ਕੇ ਇੱਕ ਵੱਡੀ ਜ਼ਿੰਮੇਵਾਰੀ ਪੰਜਾਬ ਦੀ ਜਨਤਾ ਨੂੰ ਸੌਂਪਣ ਦਾ ਇਸ਼ਾਰਾ ਦੇ ਦਿੱਤਾ ਹੈ। ਲਿਬਰੇਸ਼ਨ ਵੱਲੋਂ ਨੇੜ ਭਵਿੱਖ ਵਿੱਚ ਤਿੱਖੇ ਸੰਘਰਸ਼ਾਂ ਦਾ ਐਲਾਨ ਸੰਭਵ ਹੈ। 

ਸਮਾਜਿਕ ਚੇਤਨਾ ਅਤੇ ਜਨਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

No comments:

Post a Comment