ਚੌਥੇ ਸੂਬਾ ਅਜਲਾਸ ਦਾ ਉਦਘਾਟਨ ਕਰਨਗੇ ਕਾਮਰੇਡ ਦਿਪਾਂਕਰ
ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਔਰਤਾਂ ਨੂੰ ਸੰਗਠਨ ਨਾਲ ਜੋੜਨਾ ਪਹਿਲ ਦੇ ਅਧਾਰ 'ਤੇ ਸ਼ਾਮਲ |
ਲੁਧਿਆਣਾ//ਮਾਨਸਾ: 14 ਅਕਤੂਬਰ 2022 (ਨਕਸਲਬਾੜੀ ਸਕਰੀਨ ਡੈਸਕ)::
ਅੰਮ੍ਰਿਤਸਰ ਦੀ ਧਰਤੀ ਨਾਲ ਪੰਜਾਬ ਅਤੇ ਸਿੱਖ ਕੌਮ ਦਾ ਡੂੰਘਾ ਜਜ਼ਬਾਤੀ ਸੰਬੰਧ ਹੈ। ਜਦੋਂ ਬਲਿਊ ਸਟਾਰ ਆਪ੍ਰੇਸ਼ਨ ਵੇਲੇ ਮੁੱਖ ਧਾਰਾ ਵਾਲੀਆਂ ਦੋਹਾਂ ਕਮਿਊਨਿਸਟ ਪਾਰਟੀਆਂ ਇੱਕ ਤਰ੍ਹਾਂ ਨਾਲ ਸਰਕਾਰ ਦੀ ਕਾਰਵਾਈ ਦੇ ਸਮਰਥਨ ਵਿੱਚ ਖਲੋ ਗਈਆਂ ਸਨ ਅਤੇ ਸੁਰਖ ਰੇਖਾ ਵਰਗੇ ਨਕਸਲੀ ਗੁੱਟ ਵੀ ਸਰਕਾਰ ਦੇ ਪਾਲੇ ਵਿੱਚ ਖੜੋਤੇ ਨਜ਼ਰ ਆਉਣ ਲੱਗੇ ਸਨ ਉਦੋਂ ਵੀ ਲਿਬਰੇਸ਼ਨ ਦੇ ਜਨਮਦਾਤਾ ਸੰਗਠਨ ਵੱਜੋਂ ਗਿਣੇ ਜਾਂਦੇ ਆਈ ਪੀ ਐਫ ਅਰਥਾਤ ਇੰਡਿਅਨ ਪੀਪਲਜ਼ ਫਰੰਟ ਨੇ ਖੁੱਲ੍ਹ ਕੇ ਸਰਕਾਰ ਵੱਲੋਂ ਕੀਤੇ ਬਲਿਊ ਸਟਾਰ ਆਪ੍ਰੇਸ਼ਨ ਦੀ ਖੁੱਲ੍ਹ ਕੇ ਤਿੱਖੀ ਵਿਰੋਧਤਾ ਕੀਤੀ ਸੀ।
ਉਸ ਵੇਲੇ ਆਈ ਪੀ ਐਫ ਇੱਕ ਜਨ ਸੰਗਠਨ ਵੱਜੋਂ ਚੱਲ ਰਿਹਾ ਸੀ ਅਤੇ ਹਰਮਨ ਪਿਆਰਾ ਵੀ ਹੋ ਰਿਹਾ ਸੀ। ਜਨਤਕ ਥਾਂਵਾਂ ਤੇ ਜੇਕਰ ਚਾਰ ਲੋਕ ਚਾਹ ਵੀ ਪੀਂਦੇ ਹੁੰਦੇ ਤਾਂ ਉਹ ਆਈ ਪੀ ਐਫ ਦੀ ਹੀ ਚਰਚਾ ਕਰ ਰਹੇ ਹੁੰਦੇ। ਉਦੋਂ ਤੱਕ ਸੀਪੀਆਈ ਐਮ ਐਲ ਅੰਡਰ ਗਰਾਊਂਡ ਹੀ ਚੱਲ ਰਹੀ ਸੀ। ਆਈ ਪੀ ਐਫ ਨੇ ਹਰ ਕਿਸਮ ਦੇ ਦਲਿਤ ਵਰਗਾਂ ਨੂੰ ਇੱਕ ਝੰਡੇ ਹੇਠ ਇਕੱਤਰ ਕਰਨ ਲਈ ਪੂਰਾ ਤਾਣ ਲਾਇਆ ਹੋਇਆ ਸੀ। ਹਾਲਾਤ ਦੀ ਦਹਿਸ਼ਤ ਅਤੇ ਨਾਜ਼ੁਕਤਾ ਦੇ ਉਸ ਦੌਰ ਵਿੱਚ ਆਈ ਪੀ ਐਫ ਇੱਕ ਨਵੀਂ ਕਿਰਨ ਵਾਂਗ ਸਾਹਮਣੇ ਆਇਆ ਸੀ। ਆਈ ਪੀ ਐਫ ਦੇ ਰਾਹੀਂ ਚੋਣਾਂ ਵਿੱਚ ਸਫਲਤਾ ਨਾਲ ਭਾਗ ਲੈਣ ਅਤੇ ਜਿੱਤਾਂ ਦੀ ਸ਼ੁਰੂਆਤ ਦਾ ਤਜਰਬਾ ਵੀ ਕਰ ਲਿਆ ਗਿਆ ਸੀ।
ਇਸੇ ਦੌਰਾਨ ਦਸੰਬਰ 1992 ਵਿੱਚ (ਸੀ ਪੀ ਆਈ ਐਮ ਐਲ) ਸਾਰੇ ਪਹਿਲੂਆਂ ਨੂੰ ਵਿਚਾਰਨ ਮਗਰੋਂ ਅੰਡਰ ਗਰਾਊਂਡ ਵਾਲੀਆਂ ਹਾਲਤਾਂ ਤੋਂ ਖੁੱਲ੍ਹ ਕੇ ਬਾਹਰ ਆ ਗਈ। ਸੰਨ 1994 ਵਿੱਚ ਆਈ ਪੀ ਐਫ ਨੂੰ ਵੀ ਭੰਗ ਕਰ ਦਿੱਤਾ ਗਿਆ ਅਤੇ ਸੀਪੀਆਈ ਐਮ ਐਲ ਲਿਬਰੇਸ਼ਨ ਦੇ ਰੂਪ ਵਿਚ ਇੱਕ ਠੋਸ ਅਤੇ ਨਵੇਂ ਸੰਗਠਨ ਵੱਜੋਂ ਜਨਤਾ ਦੇ ਸਾਹਮਣੇ ਆਈ। ਸੰਸਦੀ ਅਤੇ ਗੈਰ ਸੰਸਦੀ ਸੰਘਰਸ਼ਾਂ ਦੇ ਰਲੇਵੇਂ ਦਾ ਇਹ ਅਨੋਖਾ ਤਜਰਬਾ ਸੀ। ਹੁਣ ਤੱਕ ਪਾਰਟੀ ਦੇ ਵਿਰੋਧੀ ਇਸਦੀ ਆਲੋਚਨਾ ਵੀ ਕਰਦੇ ਹਨ ਪਰ ਇਸ ਵਿਰੋਧਤਾ ਅਤੇ ਆਲੋਚਨਾ ਦੇ ਬਾਵਜੂਦ ਲਿਬਰੇਸ਼ਨ ਲਗਾਤਾਰ ਅੱਗੇ ਵਧਦੀ ਜਾ ਰਹੀ ਹੈ। ਪੰਜਾਬ ਵਿੱਚ ਅੰਡਰ ਗਰਾਊਂਡ ਅਤੇ ਹਥਿਆਰਬੰਦ ਅੰਦੋਲਨ ਸਫਲ ਹੁੰਦਾ ਨਜ਼ਰ ਨਹੀਂ ਸੀ ਆ ਰਿਹਾ। ਜ਼ਿੰਦਗੀ ਦਾ ਲੰਮਾ ਹਿੱਸਾ ਇਸ ਲਹਿਰ ਨਾਲ ਲੰਘ ਚੁੱਕੇ ਬਹੁਤ ਸਾਰੇ ਲੋਕ ਮਾਯੂਸ ਜਿਹੇ ਵੀ ਸਨ ਕਿ ਹੁਣ ਕੀ ਕੀਤਾ ਜਾਵੇ? ਇਸ ਕਿਸਮ ਦੇ ਅੰਦੋਲਨਾਂ ਨਾਲ ਜੁੜ ਕੇ ਅਜਿਹੀ ਨਿਰਾਸ਼ਾ ਆਉਣੀ ਸੁਭਾਵਿਕ ਵੀ ਹੁੰਦੀ ਹੈ। ਲਿਬਰੇਸ਼ਨ ਦੀ ਕਾਇਮੀ ਨੇ ਉਹਨਾਂ ਨਕਸਲੀ ਕਾਰਕੁਨਾਂ ਨੂੰ ਵੀ ਰਾਹ ਦਿਖਾਈ।
ਪੰਜਾਬ ਵਿੱਚ ਲੰਮੇ ਸਮੇਂ ਤੋਂ ਮਾਨਸਾ ਲਿਬਰੇਸ਼ਨ ਦਾ ਮੁਖ ਅਧਾਰ ਬਣਿਆ ਹੋਇਆ ਹੈ ਪਰ ਛੇਤੀ ਹੀ ਪਾਰਟੀ ਲੁਧਿਆਣਾ ਜਲੰਧਰ, ਅੰਮ੍ਰਿਤਸਰ ਅਤੇ ਹੋਰ ਇਲਾਕਿਆਂ ਵਿੱਚ ਵੀ ਨਜ਼ਰ ਆ ਸਕਦੀ ਹੈ। ਇਸਦਾ ਵੱਡਾ ਕਾਰਨ ਹੈ ਕਿ ਰਵਾਇਤੀ ਕਮਿਊਨਿਸਟ ਪਾਰਟੀਆਂ ਸਿਰਫ ਕੇਂਦਰੀ ਸੱਤਾ ਦੀ ਤਬਦੀਲੀ ਪ੍ਰਤੀ ਸਰਗਰਮ ਹਨ। ਇਸ ਮਕਸਦ ਦੇ ਤਕਰੀਬਨ ਸਾਰੇ ਪ੍ਰੋਗਰਾਮ ਹਾਈਕਮਾਂਡ ਤੋਂ ਆਉਂਦੇ ਹਨ। ਉੱਪਰੋਂ ਆਉਂਦੇ ਇਹਨਾਂ ਪ੍ਰੋਗਰਾਮ ਵਿਚ ਭਾਵੇਂ ਕਾਫੀ ਜਾਂ ਹੁੰਦੀ ਹੈ ਪਰ ਉਹ ਸਥਾਨਕ ਮੁੱਦਿਆਂ ਨਾਲੋਂ ਕੱਟੇ ਹੋਏ ਹੁੰਦੇ ਹਨ। ਸੰਨ 2024 ਦੀਆਂ ਚੋਣਾਂ ਵਿੱਚ ਭਾਜਪਾ ਨੰ ਹਰਾਉਣਾ ਉਹਨਾਂ ਪਾਰਟੀਆਂ ਦਾ ਦਾ ਮੁਖ ਨਿਸ਼ਾਨਾ ਵੀ ਹੈ ਪਰ ਇਸ ਮੁਹਿੰਮ ਵਿੱਚ ਆਮ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਅਣਗੌਲੀਆਂ ਜਿਹੀਆਂ ਪਈਆਂ ਹਨ। ਉਹਨਾਂ ਨੂੰ ਕੋਈ ਠੋਸ ਧਿਰ ਨਹੀਂ ਲੱਭਦੀ ਜਿਹੜੀ ਉਹਨਾਂ ਦੀ ਬਾਂਹ ਫੜੇ। ਲੋਕਾਂ ਨੂੰ ਆਪਣੇ ਨਿਜੀ ਮਸਲਿਆਂ ਲਈ ਨਿਜੀ ਤੌਰ ਤੇ ਹੀ ਉਪਰਾਲੇ ਕਰਕੇ ਸੰਘਰਸ਼ ਕਰਨਾ ਪੈ ਰਿਹਾ ਹੈ। ਸਮੁੱਚੀ ਪਾਰਟੀ ਹਰ ਵਿਅਕਤੀ ਦੀ ਪਿੱਠ ਪਿਛੇ ਹੋਵੇ ਉਹ ਭਾਵਨਾ ਅਤੇ ਯਕੀਨ ਹੁਣ ਖਤਮ ਹੋ ਚੁੱਕੇ ਹਨ। ਖਬਬੀਂ ਧਿਰਾਂ ਦੇ ਬਹੁਤ ਸਾਰੇ ਮੱਧ ਵਰਗੀ ਅਤੇ ਗਰੀਬ ਕੇਡਰ ਵਾਲੇ ਮੈਂਬਰ ਖੁਦ ਨੂੰ ਕਮਜ਼ੋਰ ਅਤੇ ਵਿਚਾਰ ਜਿਹਾ ਮਹਿਸੂਸ ਕਰ ਰਹੇ ਹਨ। ਇਹਨਾਂ ਹਾਲਤਾਂ ਨੇ ਨਿਸਚੇ ਹੀ ਲਿਬਰੇਸ਼ਨ ਨੂੰ ਫਾਇਦਾ ਦੇਣਾ ਹੈ।
ਲਿਬਰੇਸ਼ਨ ਨੇ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਲਿਆ ਵੀ ਹੈ। ਅੰਮ੍ਰਿਤਸਰ ਦੀ ਪਾਵਨ ਧਰਤੀ 'ਤੇ 16 ਅਤੇ 17 ਅਕਤੂਬਰ ਨੂੰ ਹੋ ਰਿਹਾ ਚੌਥਾ ਅਜਲਾਸ ਇਸ ਧਰਤੀ 'ਤੇ ਰਹਿ ਰਹੇ ਵਸਨੀਕਾਂ ਦੇ ਦਿਲਾਂ 'ਤੇ ਦਸਤਕ ਦੇਣ ਦਾ ਕੰਮ ਹੀ ਕਰੇਗਾ। ਆਮ ਲੋਕਾਂ ਨੂੰ ਲੱਗੇਗਾ ਕਿ ਸਾਨੂੰ ਕੋਈ ਬਹੁੜ ਪਿਆ ਹੈ। ਹਾਲਾਂਕਿ ਇਹ ਫੈਸਲਾ ਸਮੇਂ ਨੇ ਹੀ ਕਰਨਾ ਹੈ ਕਿ ਲੋਕਾਂ ਨੂੰ ਅਮਲੀ ਤੌਰ 'ਤੇ ਕਿੰਨਾ ਕੁ ਆਸਰਾ ਮਿਲਦਾ ਹੈ! ਨਤੀਜੇ ਭਾਵੇਂ ਕੁਝ ਵੀ ਹੋਣ ਪਰ ਪੰਜਾਬ ਦੀ ਸਿਆਸਤ 'ਤੇ ਇਸ ਸੰਮੇਲਨ ਨਾਲ ਫਰਕ ਪਏਗਾ।
ਪਾਰਟੀ ਦੇ ਸੀਨੀਅਰ ਬੁਲਾਰਿਆਂ ਮੁਤਾਬਿਕ ਇਨਕਲਾਬੀ ਪਾਰਟੀ-ਸੀਪੀਆਈ (ਐਮ ਐਲ) ਲਿਬਰੇਸ਼ਨ ਦਾ ਚੌਥਾ ਸੂਬਾਈ ਡੈਲੀਗੇਟ ਇਜਲਾਸ 16-17 ਅਕਤੂਬਰ ਨੂੰ ਸ੍ਰੀ ਅੰਮ੍ਰਿਤਸਰ ਦੇ ਨੇੜਲੇ ਪਿੰਡ ਮੂਧਲ ਸਰਕਾਰੀਆ ਸੀਨੀਅਰ ਸਕੈਂਡਰੀ ਸਕੂਲ ਵਿਖੇ ਹੋਵੇਗਾ।
ਪਾਰਟੀ ਦੀ ਕੇਂਦਰੀ ਕਮੇਟੀ ਮੈਂਬਰ ਸੁਖਦਰਸ਼ਨ ਸਿੰਘ ਨੱਤ ਅਤੇ ਇਜਲਾਸ ਦੀ ਤਿਆਰੀ ਕਮੇਟੀ ਦੇ ਮੁੱਖੀ ਕਾਮਰੇਡ ਬਲਬੀਰ ਸਿੰਘ ਝਾਮਕਾ ਵਲੋਂ ਜਾਰੀ ਬਿਆਨ ਵਿਚ ਦਸਿਆ ਗਿਆ ਕਿ ਸੂਬਾ ਇਜਲਾਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਉੱਘੇ ਚਿੰਤਕ ਤੇ ਇਨਕਲਾਬੀ ਨਾਟਕਕਾਰ ਗੁਰਸ਼ਰਨ ਸਿੰਘ ਜੀ ਦੀ ਸਪੁੱਤਰੀ ਡਾਕਟਰ ਅਰੀਤ ਨਿਭਾਉਣਗੇ ਤੇ ਉਦਘਾਟਨੀ ਭਾਸ਼ਨ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਦੀਪਾਂਕਰ ਭੱਟਾਚਾਰੀਆ ਦੇਣਗੇ। ਉਦਘਾਟਨੀ ਸੈਸ਼ਨ ਵਿਚ ਪੰਜਾਬ ਦੇ ਪ੍ਰਮੁੱਖ ਬੁੱਧੀਜੀਵੀ ਤੇ ਸੰਘਰਸ਼ ਸ਼ੀਲ ਆਗੂ ਵੀ ਸ਼ਮੂਲੀਅਤ ਕਰਨਗੇ।
No comments:
Post a Comment