ਚੰਗਾ ਹੋਵੇ ਜੇ ਇਹਨਾਂ ਯਾਦਾਂ ਨੂੰ ਸੰਭਾਲਣ ਲਈ ਠੋਸ ਕਦਮ ਪੁੱਟੇ ਜਾ ਸਕਣ
ਲੁਧਿਆਣਾ: 17 ਮਾਰਚ 2021:(ਰੈਕਟਰ ਕਥੂਰੀਆ//ਨਕਸਲਬਾੜੀ ਡੈਸਕ)
ਕੁਝ ਦਹਾਕੇ ਪਹਿਲਾਂ ਰੋਜ਼ਾਨਾ ਨਵਾਂ ਜ਼ਮਾਨਾ ਅਖਬਾਰ ਅਤੇ ਰੋਜ਼ਾਨਾ ਅਜੀਤ ਅਖਬਾਰ ਦੇ ਦੋਹਾਂ ਦਰਾਂ ਵਿਚਾਲੇ ਇੱਕ ਸਾਂਝੀ ਕੰਟੀਨ ਹੁੰਦੀ ਸੀ। ਕਾਕੇ ਦੀ ਕੰਟੀਨ। ਉਂਝ ਤਾਂ ਉਹ ਚੰਗਾ ਲੰਮਾ ਚੌੜਾ ਕੱਦਕਾਠ ਵਾਲਾ ਭਲਵਾਨ ਹੀ ਜਾਪਦਾ ਸੀ ਪਾਰ ਨਾਮ ਉਸਦਾ ਕਾਕਾ ਹੀ ਪੱਕੀਆਂ ਹੋਇਆ ਸੀ। ਸ਼ਾਇਦ ਕਸੀਏ ਨੇ ਉਸਦਾ ਅਸਲੀ ਨਾਮ ਕਦੇ ਪੁੱਛਿਆ ਵੀ ਨਹੀਂ। ਜਿਹਨਾਂ ਦੋਸਤਾਂ ਮਿੱਤਰਾਂ ਨੇ ਮਿਲਣਾ ਹੁੰਦਾ ਉਦੋਂ ਕਾਕੇ ਦੀ ਇਹ ਕੰਟੀਨ ਹੀ ਕੇਂਦਰੀ ਟਿਕਾਣਾ ਹੁੰਦੀ ਸੀ। ਜੇ ਖਬਰਾਂ ਵਾਲੇ ਡੈਸਕ ਤੋਂ ਫਰਲੋ ਵੀ ਮਾਰਨੀ ਹੁੰਦੀ ਤਾਂ ਵੀ ਆਏ ਗਏ ਨਾਲ ਚਾਹ ਵਾਲੇ ਕੱਪ ਦੀ ਰਸਮ ਨਿਭਾਉਣ ਮਗਰੋਂ ਫਤਾਫੱਟ ਆਪਣੀ ਸੀਟ ਤੇ ਅੱਪੜਿਆ ਜਾ ਸੱਕਦਾ ਸੀ। ਦੋਹਾਂ ਅਖਬਾਰਾਂ ਦਾ ਅੰਦਰੋਂ ਬਾਹਰੋਂ ਨਕਸ਼ਾ ਹੀ ਬਦਲ ਗਿਆ। ਉਹ ਦੌਰ ਵੀ ਨਹੀਂ ਰਿਹਾ ਅਤੇ ਕਾਕੇ ਦੀ ਕੰਟੀਨ ਵੀ ਨਹੀਂ ਰਹੀ। ਕਾਕਾ ਵੀ ਲੰਮੇ ਸਮੇਂ ਤੋਂ ਕਦੇ ਨਹੀਂ ਦਿੱਸਿਆ। ਜੇ ਕੁਝ ਬਚਿਆ ਹੈ ਤਾਂ ਬਸ ਉਸ ਕੰਟੀਨ ਨਾਲ ਜੁੜੀਆਂ ਯਾਦਾਂ। ਉਥੇ ਮਿਲਦੇ ਰਹੇ ਮਿੱਤਰਾਂ ਦੀਆਂ ਯਾਦਾਂ।
ਇਹਨਾਂ ਵਿੱਚੋਂ ਹੀ ਇੱਕ ਮਿੱਤਰ ਸੀ ਜੈਮਲ ਪੱਡਾ। ਸਾਦਗੀ ਅਤੇ ਬੇਰਵਾਹੀ ਨਾਲ ਬੰਨੀ ਪੱਗ। ਖੁੱਲ੍ਹੀ ਛੱਡੀ ਦਾਹੜੀ। ਬਹੁਤ ਹੀ ਸਾਧਾਰਨ ਦਿੱਖ ਵਾਲੀ ਸ਼ਖ਼ਸੀਅਤ। ਉਹ ਕੋਈ ਕਿਰਤੀ ਜਾਪਦਾ ਸੀ। ਕਿਸੇ ਮਜ਼ਦੂਰ ਵਰਗਾ ਜਾਪਦਾ ਸੀ। ਪਰ ਉਹ ਆਮ ਜਿਹਾ ਬੰਦਾ ਗੱਲਾਂ ਬੜੀਆਂ ਖਾਸ ਕਰਦਾ ਸੀ। ਉਸਦੀਆਂ ਗੱਲਾਂ ਸੁਣਦਿਆਂ ਡਿਊਟੀ ਭੁੱਲ ਜਾਣ ਦਾ ਖਤਰਾ ਵੀ ਬਰਕਰਾਰ ਰਹਿੰਦਾ ਸੀ। ਉਸ ਨਾਲ ਹੋਈ ਮੁਲਾਕਾਤ ਛੇਤੀ ਕਿਤੇ ਦਿਮਾਗ ਵਿੱਚੋਂ ਨਾ ਨਿਕਲਦੀ। ਉਸਦੀਆਂ ਗੱਲਾਂ ਦਿਮਾਗ ਵਿੱਚ ਪਏ ਸਥਾਪਤ ਜਿਹੇ ਵਿਚਾਰਾਂ ਨੂੰ ਇੰਝ ਹਿਲਾ ਦੇਂਦੀਆਂ ਜਿਵੇਂ ਸਭ ਕੁਝ ਤਹਿਸ ਨਹਿਸ ਕਰ ਦੇਣਗੀਆਂ। ਉਹ ਹਥਿਆਰਬੰਦ ਘੋਲਾਂ ਦੀ ਗੱਲ ਕਰਦਿਆਂ ਦੱਸਦਾ ਕਿ ਨਕਸਲੀ ਅੰਦੋਲਨ ਲੋਕਾਂ ਦੇ ਨੇੜੇ ਕਿਵੇਂ ਸੀ ਅਤੇ ਖਾਲਿਸਤਾਨੀ ਅੰਦੋਲਨ ਲੋਕਾਂ ਦੇ ਖਿਲਾਫ ਕਿਵੇਂ ਹੈ। ਕਈ ਵਾਰ ਉਸਦੇ ਸ਼ਬਦ ਸਮਝ ਵੀ ਨਾ ਆਉਂਦੇ। ਕਮਿਊਨਿਸਟ ਸ਼ਬਦਾਵਲੀ ਵਿੱਚ ਅਜਿਹੇ ਬਹੁਤ ਸਾਰੇ ਸ਼ਬਦ ਹਨ। ਅਜਿਹੇ ਸ਼ਬਦਾਂ ਨੂੰ ਸਮਝਣ ਲਈਂ ਹੀ ਖੱਬੇ ਪੱਖੀ ਬੁਧੀਜੀਵੀਆਂ, ਪੱਤਰਕਾਰਾਂ, ਲੇਖਕਾਂ ਅਤੇ ਬੁਲਾਰਿਆਂ ਦੇ ਅਧਿਐਨ ਲਈ ਇੱਕ ਕਿਤਾਬ ਵੀ ਛਪ ਕੇ ਆਈ ਸੀ ਸ਼ਾਇਦ ਨੋਵੋਸਤੀ ਪ੍ਰਕਾਸ਼ਨ ਵੱਲੋਂ।
|
ਜੈਮਲ ਪੱਡਾ ਜੁਆਨੀ ਵੇਲੇ ਫੋਟੋ: ਪੰਜਾਬੀ ਜਾਗਰਣ ਦੇ ਧੰਨਵਾਦ ਸਹਿਤ |
ਜੈਮਲ ਪੱਡਾ ਅਜਿਹੇ ਸਾਰੇ ਔਖੇ ਜਾਪਦੇ ਸ਼ਬਦਾਂ ਦੇ ਅਰਥ ਅਤੇ ਭਾਵ ਅਰਥ ਬਹੁਤ ਹੀ ਸਰਲਤਾ ਨਾਲ ਸਮਝਾਉਂਦਾ। ਕਦੇ ਕਦੇ ਇੰਝ ਲੱਗਦਾ ਉਹ ਜੰਗ ਦੇ ਮੈਦਾਨ ਵਿੱਚ ਹੈ। ਉਸਦੇ ਚਿਹਰੇ ਦੇ ਹਾਵਭਾਵ ਕਦੇ ਉਸਨੂੰ ਗੁੱਸੇ ਵਿੱਚ ਲਿਆਉਂਦੇ ਲੱਗਦੇ ਅਤੇ ਕਦੇ ਉਸਨੂੰ ਇੱਕ ਅਧਿਆਪਕ ਵੱਜੋਂ ਦਿਖਾਉਂਦੇ।
ਉਸ ਨਾਲ ਹੁੰਦੇ ਮੇਲਿਆਂ ਗੇਲਿਆਂ ਦੌਰਾਨ ਨਕਸਲੀ ਲਹਿਰ ਨਾਲ ਸਬੰਧਤ ਲਿਟਰੇਚਰ ਵੀ ਮਿਲ ਜਾਇਆ ਕਰਦਾ ਸੀ। ਇਸ ਨਾਲ ਅਸੀਂ ਦੂਰ ਕਿਨਾਰਿਆਂ ਤੇ ਬੈਠੇ ਵੀ ਇੰਝ ਮਹਿਸੂਸ ਕਰਦੇ ਜਿਵੇਂ ਇਸ ਲਹਿਰ ਦੇ ਸਮੁੰਦਰਾਂ ਵਿੱਚ ਤਾਰਿਆਂ ਲਾ ਰਹੇ ਹੋਈਏ। ਆਸਟਰੇਲੀਆ ਵਾਲੇ ਸਰਬਜੀਤ ਸੋਹੀ ਆਪਣੀ ਇੱਕ ਪੋਸਟ ਵਿੱਚ ਦੱਸਦੇ ਹਨ:
ਨਹੀਂ ਇਤਿਹਾਸ ਨੇ ਕਰਨਾ ਕਦੇ ਵੀ ਜ਼ਿਕਰ ਭੀੜਾਂ ਦਾ,
ਰਹੂਗਾ ਪਰ ਕਿਆਮਤ ਤੱਕ, ਸਦਾ ਮਨਸੂਰ ਦਾ ਚਰਚਾ!
ਕਿਰਤੀ ਕਵੀ ਸ਼ਹੀਦ ਜੈਮਲ ਪੱਡਾ ਜੀ ਨੂੰ ਸੁਰਖ਼ ਸਲਾਮ, ਅੱਜ ਦੇ ਦਿਨ ਫਿਰਕੂ ਵਹਿਸ਼ੀਆਂ ਨੇ ਬੇਸ਼ੱਕ ਇਕ ਬਹਾਦਰ ਲੋਕ ਨਾਇਕ ਨੂੰ ਕਾਇਰਤਾ ਪੂਰਨ ਤਰੀਕੇ ਨਾਲ ਗੋਲ਼ੀਆਂ ਚਲਾ ਕੇ ਚੁੱਪ ਕਰਾ ਦਿੱਤਾ, ਪਰ ਉਸਦੇ ਬੋਲ ਅੱਜ ਵੀ ਲੋਕ ਸੰਗਰਾਮਾਂ ਦਾ ਹਿੱਸਾ ਹਨ। ਉਸਦੀ ਆਵਾਜ਼ ਕਿਰਤੀਆਂ ਦੇ ਵਿਹੜਿਆਂ ਵਿਚ ਅੱਜ ਵੀ ਗੂੰਜਦੀ ਹੈ। ਗੁਨਾਹ ਸਿਰਫ ਐਨਾ ਹੀ ਸੀ ਕਿ ਉਹ ਗੁਰਬਾਣੀ ਦੇ ਕਥਨ ‘ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ’ ਤਹਿਤ ਨਿਰਦੋਸ਼ ਲੋਕਾਂ ਦੇ ਹੋ ਰਹੇ ਕਤਲਾਂ ਨੂੰ ਗਲਤ ਆਖਦਾ ਸੀ। ਪਰ ਉਸ ਵੇਲੇ ਪਾਪ ਜੀ ਜੰਞ ਇਕੱਲਾ ਦਾਨ ਹੀ ਨਹੀਂ, ਬਹੁਤ ਕੁੱਝ ਮੰਗਦੀ ਸੀ। ਹੱਕ-ਸੱਚ ਦੀ ਆਵਾਜ਼ ਨੂੰ ਚੁੱਪ ਕਰਾਉਣ ਵਾਲੀ ਇਕ ਧਾੜ ਵੱਲੋਂ ਅੱਜ ਦੇ ਦਿਨ 17 ਮਾਰਚ 1988 ਨੂੰ ਘਾਤ ਲਾ ਕੇ ਕੀਤੇ ਹਮਲੇ ਵਿੱਚ ਸਾਥੀ ਜੈਮਲ ਪੱਡਾ ਸਰੀਰਕ ਰੂਪ ਵਿਚ ਸਾਥੋਂ ਗੁਆਚ ਗਿਆ। ਪਰ ਸ਼ਹੀਦ ਜੈਮਲ ਪੱਡਾ, ਉਸਦੇ ਗੀਤ ਅਤੇ ਵਿਚਾਰ ਸਦਾ ਅਮਰ ਰਹਿਣਗੇ। (ਇਹ ਜਾਣਕਾਰੀ ਦੇਣ ਵਾਲੇ ਸਰਬਜੀਤ ਸੋਹੀ ਹੁਰਾਂ ਦਾ ਸੰਪਰਕ ਨੰਬਰ ਹੈ: 7901805656
ਜੈਮਲ ਪੱਡਾ ਖਤਰਿਆਂ ਦੇ ਰਾਹਾਂ ਤੇ ਤੁਰ ਰਿਹਾ ਸੀ। ਉਸਨੂੰ ਇਹ ਸਭ ਕੁਝ ਪਤਾ ਸੀ। ਉਹ ਅਵੇਸਲਾ ਵੀ ਨਹੀਂ ਸੀ। ਪਰ ਸਾਡੇ ਵਿੱਚੋਂ ਬਹੁਤਿਆਂ ਨੂੰ ਸ਼ਾਇਦ ਇਸ ਗੱਲ ਦਾ ਕਿਆਸ ਨਹੀਂ ਸੀ ਕਿ ਉਸਨੇ ਏਨੀ ਛੇਤੀ ਵਿਛੜ ਜਾਣਾ ਹੈ। ਹੁਣ ਵੀ ਛੇਤੀ ਕਲੀਟਿਆਂ ਇਸ ਗੱਲ ਤੇ ਯਕੀਨ ਕਰਨ ਉਣ ਦਿੱਲ ਨਹੀਂ ਕਰਦਾ ਪਾਰ ਹਕੀਕਤ ਨੇ ਬਦਲ ਤਾਂ ਨਹੀਂ ਜਾਣਾ। ਹੁਣ ਲੋੜ ਹੈ ਉਸਦੀਆਂ ਯਾਦਾਂ ਨੂੰ ਇਕੱਠਿਆਂ ਕਰਕੇ ਉਸਦੀ ਸ਼ਖ਼ਸੀਅਤ ਨੂੰ ਇੱਕ ਵਾਰ ਫੇਰ ਲੋਕਾਂ ਸਾਹਮਣੇ ਲੈ ਆਈਏ। ਅਫਸੋਸ ਹੈ ਕਿ ਇਹ ਕੰਮ ਪੂਰੀ ਤਰਾਂ ਜੱਥੇਬੰਦਕ ਰਫਤਾਰ ਨਾਲ ਨਹੀਂ ਹੋ ਰਿਹਾ। ਨਕਸਲੀ ਸ਼ਹੀਦਾਂ ਨੂੰ ਦ੍ਰਿਸ਼ਟੀ ਨਾਮ ਵਾਲੇ ਰਸਾਲੇ ਰਾਹੀਂ ਇੱਕੋ ਥਾਂ ਇਕੱਤਰ ਕਾਰਨ ਦਾ ਜਿਹੜਾ ਉਪਰਾਲਾ ਕੀਤਾ ਸੀ ਉਸ ਵਰਗਾ ਹੋਰ ਕੋਈ ਮੌਲਿਕ ਉਪਰਾਲਾ ਸ਼ਾਇਦ ਫਿਰ ਨਹੀਂ ਹੋ ਸਕਿਆ।
ਅਜਮੇਰ ਸਿੱਧੂ ਹੁਰਾਂ ਨੇ ਇਸ ਪਾਸੇ ਗੰਭੀਰ ਕੀਤੀਆਂ ਹਨ। ਉਹਨਾਂ ਜੈਮਲ ਪੱਡਾ ਬਾਰੇ ਵੀ ਹੈ। ਉਸਦੇ ਕਵਰ ਦੀ ਤਸਵੀਰ ਇਥੇ ਵੀ ਛਾਪੀ ਜਾ ਰਹੀ ਹੈ। ਕਾਮਰੇਡ ਹਰਭਗਵਾਨ ਭੀਖੀ, ਕਾਮਰੇਡ ਸੁਖਦਰਸ਼ਨ ਨੱਤ ਨੇ ਵੀ ਕਾਫੀ ਕੰਮ ਕੀਤਾ ਪਰ ਲੋੜ ਸੀ ਪੱਤਰਕਾਰ ਬਲਬੀਰ ਪਰਵਾਨਾ ਵਾਂਗ ਇਸਨੂੰ ਮਿਸ਼ਨ ਬਣਾ ਕੇ ਕੰਮ ਕਰਨ ਦੀ। ਬਲਬੀਰ ਰਵਾਨਾ ਨਣੇ ਨਵਾਂ ਜ਼ਮਾਨਾ ਅਖਬਾਰ ਵਿੱਚ ਕੁਲਵਕਤੀ ਕਾਮੇ ਵੱਜੋਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਵੀ, ਉਸ ਦੌਰਾਨ ਵੀ ਅਤੇ ਉਸਤੋਂ ਬਾਅਦ ਵੀ ਗੰਭੀਰ ਉਪਰਾਲੇ ਕੀਤੇ ਹਨ।
ਹਿੰਦੀ ਵਿੱਚ ਵੀ ਇਸ ਲਹਿਰ ਨਾਲ ਸਬੰਧਤ ਕਈ ਚੰਗੀਆਂ ਫ਼ਿਲਮਾਂ ਬਣੀਆਂ ਹਨ ਜਿਹਨਾਂ ਨੂੰ ਪੰਜਾਬੀ ਦਰਸ਼ਕਾਂ ਅਤੇ ਪਾਠਕਾਂ ਲਈ ਵਰਤਣ ਵਾਸਤੇ ਡਬਿੰਗ ਵਰਗੀਆਂ ਕੋਸ਼ਿਸ਼ਾਂ ਨਹੀਂ ਹੋ ਸਕੀਆਂ। ਸ਼ਾਇਦ ਜੈਮਲ ਪੱਡਾ ਨੂੰ ਯਾਦ ਕਰਦਿਆਂ ਇਹਨਾਂ ਮੁੱਦਿਆਂ ਤੇ ਵੀ ਕੋਈ ਠੋਸ ਕਦਮ ਪੁੱਟਣ ਦੇ ਮਕਸਦ ਨਾਲ ਕੁਝ ਹੋ ਸਕੇ। -ਰੈਕਟਰ ਕਥੂਰੀਆ
No comments:
Post a Comment