Thursday 13th May 2021 at 07:30 AM
ਮਈ ਨੂੰ ਇੰਗਲੈਂਡ ਦੀ ਧਰਤੀ ’ਤੇ ਆਖ਼ਰੀ ਸਵਾਸ ਲਏ
ਲਗਾਤਾਰ ਉਦਾਸ ਕਰਨ ਵਾਲੀਆਂ ਖਬਰਾਂ ਆ ਰਹੀਆਂ ਹਨ। ਹੁਣ ਕੁਝ ਹੀ ਦੇਰ ਪਹਿਲਾਂ ਖਬਰ ਆਈ ਹੈ ਇੰਗਲੈਂਡ ਤੋਂ ਜਿਸ ਬਾਰੇ ਦੱਸਿਆ ਹੈ ਲਗਾਤਾਰ ਸਰਗਰਮੀ ਨਾਲ ਕੰਮ ਕਰਨ ਵਾਲੇ ਸਾਥੀ ਬੂਟਾ ਸਿੰਘ ਨਵਾਂ ਸ਼ਹਿਰ ਨੇ। ਸਾਡੇ ਬਹੁਤ ਹੀ ਹਰਦਿਲ ਅਜ਼ੀਜ਼ ਅਤੇ ਕਿਰਤੀ ਹੱਕਾਂ ਦੇ ਅਣਥੱਕ ਸੰਗਰਾਮੀਏ ਕਾਮਰੇਡ ਇਕਬਾਲ ਸੰਧੂ ਨੇ ਕੱਲ੍ਹ 12 ਮਈ ਨੂੰ ਇੰਗਲੈਂਡ ਦੀ ਧਰਤੀ ’ਤੇ ਆਖ਼ਰੀ ਸਵਾਸ ਲਏ। ਇਹ ਇੱਕ ਬਹੁਤ ਵੱਡਾ ਘਾਟਾ ਹੈ।ਉਹਨਾਂ ਦੇ ਜੀਵਨ ਬਾਰੇ ਨਜ਼ਰ ਮਾਰਿਆਂ ਪਤਾ ਲੱਗਦਾ ਹੈ ਕਿ ਸਰਗਰਮੀ ਸਾਥੀ ਇਕਬਾਲ ਸੰਧੂ ਕਿਸਾਨੀ ਪਰਿਵਾਰ ਵਿੱਚੋਂ ਸਨ। ਉਨ੍ਹਾਂ ਦਾ ਜਨਮ 1932 ’ਚ ਅਣਵੰਡੇ ਪੰਜਾਬ ਵਿਚ ਹੋਇਆ। ਪਾਕਿਸਤਾਨ ਬਣਨ ਤੋਂ ਬਾਦ ਉਨ੍ਹਾਂ ਦੇ ਪਰਿਵਾਰ ਨੇ ਪੂਰਬੀ ਹਿੱਸੇ ’ਚ ਪਿੰਡ ਸੰਘੇ ਆ ਕੇ ਪਨਾਹ ਲਈ ਅਤੇ ਆਖ਼ਿਰਕਾਰ ਗੋਰਾਇਆ ਨੇੜੇ ਪਿੰਡ ਗਹੌਰ ’ਚ ਵਸ ਗਿਆ। ਉਸ ਸਮੇਂ ਉਨ੍ਹਾਂ ਦੀ ਉਮਰ ਬਸ 14 ਸਾਲ ਹੀ ਸੀ। ਸਕੂਲੀ ਪੜ੍ਹਾਈ ਤੋਂ ਬਾਦ ਫ਼ਗਵਾੜਾ ਦੇ ਕਾਲਜ ’ਚ ਪੜ੍ਹਾਈ ਕਰਦਿਆਂ ਉਹ ਕਮਿਊਨਿਸਟ ਸਰਗਰਮੀਆਂ ਨਾਲ ਜੁੜੇ ਅਤੇ ਫਿਰ ਇਸ ਫਲਸਫੇ ਨੇ ਅਜਿਹਾ ਆਕਰਸ਼ਿਤ ਕੀਤਾ ਕਿ ਹਮੇਸ਼ਾ ਲਈ ਸਮਾਜਿਕ ਤਬਦੀਲੀ ਦੀ ਜੱਦੋਜਹਿਦ ਨੂੰ ਸਮਰਪਿਤ ਹੋ ਗਏ। ਸੰਨ 1956 ’ਚ ਉਹ ਰੋਜ਼ਗਾਰ ਦੀ ਤਲਾਸ਼ ’ਚ ਇੰਗਲੈਂਡ ਚਲੇ ਗਏ ਜਿੱਥੇ ਉਹ ਕੁਵੈਂਟਰੀ ਸ਼ਹਿਰ ’ਚ ਰਹਿੰਦੇ ਸਨ। ਥੋੜ੍ਹਾ ਸਮਾਂ ਫੈਕਟਰੀਆਂ ’ਚ ਕੰਮ ਕਰਨ ਤੋਂ ਬਾਦ ਉਨ੍ਹਾਂ ਨੇ ਬੱਸ ਡਰਾਈਵਰ ਦੀ ਨੌਕਰੀ ਕਰ ਲਈ, ਹੋਰ ਵੀ ਕਈ ਰੋਜ਼ਗਾਰ ਕੀਤੇ ਅਤੇ ਆਖ਼ਿਰਕਾਰ 1996 ’ਚ ਉਹ ਰਿਟਾਇਰ ਹੋ ਗਏ। ਨੌਕਰੀ ਦੀ ਰਿਟਾਇਰਮੈਂਟ ਤਾਂ ਨਿਯਮਾਂ ਅਨੁਸਾਰ ਜ਼ਰੂਰੀ ਸੀ ਪਰ ਹੱਥਾਂ ਵਿੱਚ ਲਏ ਕੰਮਾਂ ਨੂੰ ਪੂਰੀ ਨਿਭਾਉਣ ਵਾਲੀ ਜਾਰੀ ਰੱਖੀ।
ਜ਼ਿਕਰਯੋਗ ਹੈ ਕਿ ਇੰਗਲੈਂਡ ਜਾਂਦੇ ਸਾਰ ਉਹ ਟਰੇਡ ਯੂਨੀਅਨ ਲਹਿਰ ’ਚ ਸਰਗਰਮ ਹੋ ਗਏ ਸਨ ਅਤੇ ਤਾਉਮਰ ਇਸੇ ਕਾਜ਼ ਨੂੰ ਸਮਰਪਿਤ ਵੀ ਰਹੇ। ਉਹ ਇੰਡੀਅਨ ਵਰਕਰਜ਼ ਐਸੋਸੀਏਸ਼ਨ (ਆਈ.ਡਬਲਯੂ.ਏ.ਜੀ.ਬੀ.) ਦੇ ਅਣਥੱਕ ਕਾਰਕੁੰਨ ਸਨ। ਉਹ ਕੁਵੈਂਟਰੀ ਬਰਾਂਚ ਦੇ ਪ੍ਰਧਾਨ ਰਹੇ ਅਤੇ ਨਾਲ ਹੀ ਐਸੋਸੀਏਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ। ਉਹ ਜਿੱਥੇ ਮਜ਼ਦੂਰ ਜਮਾਤ ਦੇ ਹੱਕਾਂ ਲਈ ਮੋਹਰੀਆਂ ਸਫ਼ਾਂ ’ਚ ਲੜਨ ਵਾਲੇ ਜੁਝਾਰੂ ਸਨ ਉੱਥੇ ਉਨ੍ਹਾਂ ਨੇ ਆਈ.ਡਬਲਯੂ.ਏ. ਵਿਚ ਹਾਵੀ ਹੋਏ ਸੋਧਵਾਦੀ, ਸਥਾਪਤੀ ਪੱਖੀ ਭੋਗ ਪਾਊ ਰੁਝਾਨ ਵਿਰੁੱਧ ਵੀ ਡੱਟ ਕੇ ਸਟੈਂਡ ਲਿਆ। ਉਨ੍ਹਾਂ ਨੇ ਜੁਝਾਰੂ ਆਗੂ ਜਗਮੋਹਣ ਜੋਸ਼ੀ ਦੀ ਇਨਕਲਾਬੀ ਪਰੰਪਰਾ ਉੱਪਰ ਨਿਰੰਤਰ ਪਹਿਰਾ ਦਿੰਦੇ ਹੋਏ ਮੌਲਿਕ ਪ੍ਰੋਗਰਾਮ ਉੱਪਰ ਜਥੇਬੰਦੀ ਨੂੰ ਮੁੜ-ਜਥੇਬੰਦ ਕਰਨ ਦੀਆਂ ਜ਼ੋਰਦਾਰ ਕੋਸ਼ਿਸ਼ਾਂ ਕੀਤੀਆਂ ਅਤੇ ਹਮੇਸ਼ਾ ਬੁਲੰਦ ਹੌਸਲੇ ਨਾਲ ਸਰਗਰਮ ਰਹਿੰਦੇ ਸਨ। ਉਹ ਨਕਸਲੀ ਲਹਿਰ ਦੀ ਸੋਚ ਦੇ ਧਾਰਨੀ ਸਨ ਅਤੇ ਭਾਰਤ ਸਮੇਤ ਦੁਨੀਆ ਭਰ ਵਿਚ ਲੋਕ ਮੁਕਤੀ ਜੱਦੋਜਹਿਦਾਂ ਦੇ ਹੱਕ ’ਚ ਧੜੱਲੇ ਨਾਲ ਖੜ੍ਹਦੇ ਸਨ।
ਦੇਹਾਂਤ ਦੇ ਸਮੇਂ ਉਨ੍ਹਾਂ ਦੀ ਉਮਰ 89 ਸਾਲ ਸੀ। ਜ਼ਿੰਦਗੀ ਦੇ ਇਸ ਪੜਾਅ ’ਚ ਵੀ ਉਨ੍ਹਾਂ ਦਾ ਇਨਕਲਾਬੀ ਜਜ਼ਬਾ ਨੌਜਵਾਨਾਂ ਵਰਗਾ ਸੀ। ਉਨ੍ਹਾਂ ਦਾ ਮਾਰਕਸਵਾਦੀ ਵਿਚਾਰਧਾਰਾ ਵਿਚ ਦਿ੍ਰੜ ਵਿਸ਼ਵਾਸ ਅਤੇ ਲੋਕ ਹਿੱਤਾਂ ਲਈ ਜੂਝਣ ਦੀ ਨਿਹਚਾ ਬੇਮਿਸਾਲ ਸੀ। ਉਨ੍ਹਾਂ ਨਾਲ ਅਕਸਰ ਗੱਲ ਹੁੰਦੀ ਰਹਿੰਦੀ ਸੀ ਅਤੇ ਉਹ ਹਮੇਸ਼ਾ ਚੜ੍ਹਦੀ ਕਲਾ ’ਚ ਹੁੰਦੇ ਸਨ। ਉਹ ਸਭਨਾਂ ’ਚ ਸਤਿਕਾਰੇ ਜਾਂਦੇ ਸਨ ਅਤੇ ਮੱਤਭੇਦਾਂ ਵਾਲੇ ਲੋਕਾਂ ਨਾਲ ਵੀ ਟੀਮ ਸਪਿਰਿਟ ਦੀ ਭਾਵਨਾ ਨਾਲ ਮਿਲ-ਜੁਲ ਕੇ ਕੰਮ ਕਰਨ ਦੇ ਨਜ਼ਰੀਏ ਵਾਲੇ ਇਨਸਾਨ ਸਨ। ਉਹ ਘਰ-ਪਰਿਵਾਰ, ਜਥੇਬੰਦੀ ਅਤੇ ਸਮਾਜ ਹਰ ਥਾਂ ਸਤਿਕਾਰੇ ਜਾਂਦੇ ਬਹੁਗੁਣੀ ਆਗੂ ਸਨ। ਕਮਿਊਨਿਜ਼ਮ ਅਤੇ ਸੋਸ਼ਲਿਜ਼ਮ ਦੇ ਕਾਜ ਨੂੰ ਪ੍ਰਣਾਏ ਟਰੇਡ ਯੂਨੀਅਨ ਆਗੂ ਹੋਣ ਦੇ ਨਾਲ-ਨਾਲ ਉਹ ਇਨਕਲਾਬੀ ਕਵੀ ਵੀ ਸਨ ਅਤੇ ਪਿੱਛੇ ਜਹੇ ਉਨ੍ਹਾਂ ਦੇ ਗੀਤਾਂ-ਨਜ਼ਮਾਂ ਦਾ ਸੰਗ੍ਰਹਿ ਛਪਿਆ ਸੀ।
ਬੇਹੱਦ ਆਸ਼ਾਵਾਦੀ ਹੋਣ ਕਾਰਨ ਹਰ ਵਾਰ ਉਹ ਬੀਮਾਰੀਆਂ ਦੇ ਹਮਲੇ ਦਾ ਪੂਰੇ ਹੌਸਲੇ ਨਾਲ ਮੁਕਾਬਲੇ ਕਰਕੇ ਸਿਹਤਯਾਬ ਹੋ ਜਾਂਦੇ ਸਨ। ਪਿਛਲੇ ਸਾਲਾਂ ਤੋਂ ਉਨ੍ਹਾਂ ਦੀ ਸਿਹਤ ਨਾਸਾਜ਼ ਸੀ ਅਤੇ ਇਸ ਵਾਰ ਉਨ੍ਹਾਂ ਦੀ ਪਾਚਨ-ਪ੍ਰਣਾਲੀ ਇਸ ਕਦਰ ਨੁਕਸਾਨੀ ਗਈ ਕਿ ਉਹ ਜ਼ਿੰਦਗੀ ਦੀ ਲੜਾਈ ਹਾਰ ਗਏ ਅਤੇ 12 ਮਈ ਨੂੰ ਆਪਣੇ ਸਕੇ-ਸੰਬੰਧੀਆਂ ਅਤੇ ਸੰਗੀ-ਸਾਥੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ।
ਅਲਵਿਦਾ ਸਾਥੀ ਸੰਧੂ ਜੀ। ਤੁਹਾਡੀਆਂ ਯਾਦਾਂ ਅਤੇ ਇਨਕਲਾਬੀ ਘਾਲਣਾ ਅਮਿੱਟ ਹੈ।
No comments:
Post a Comment