ਰੋਜ਼ਾਨਾ ਨਵਾਂ ਜ਼ਮਾਨਾ ਵਿੱਚ ਉਪ ਸੰਪਾਦਕ ਵਜੋਂ ਵੀ ਕੰਮ ਕੀਤਾ
ਮਾਨਸਾ: 3 ਜੂਨ 2021: (ਸੁਖਦਰਸ਼ਨ ਨੱਤ//ਨਕਸਲਬਾੜੀ ਸਕਰੀਨ)::
ਸੀਪੀਆਈ (ਐਮਐਲ) ਲਿਬਰੇਸ਼ਨ ਦੀ ਪੰਜਾਬ ਸਟੇਟ ਕਮੇਟੀ ਨੇ ਪਾਰਟੀ ਦੀਆਂ ਸਾਰੀਆਂ ਜ਼ਿਲ੍ਹਾ ਕਮੇਟੀਆਂ ਨੂੰ ਸੱਦਾ ਦਿੱਤਾ ਹੈ ਕਿ ਪੰਜਾਬ ਵਿੱਚ ਪਾਰਟੀ ਦੇ ਮੋਢੀ ਆਗੂ ਕਾਮਰੇਡ ਹਾਕਮ ਸਿੰਘ ਸਮਾਓਂ ਦੀ 22 ਵੀਂ ਬਰਸੀ ਮੌਕੇ ਸਾਰੇ ਜ਼ਿਲ੍ਹਿਆ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣ।
ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੇੈ ਕਿ ਕਾਮਰੇਡ ਹਾਕਮ ਸਿੰਘ ਸਮਾਓ ਨੇ 1963-64 ਵਿੱਚ ਐਮ. ਏ. ਤੱਕ ਦੀ ਉੱਚ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ ਨਿੱਜੀ ਕੈਰੀਅਰ ਵਿਚ ਪੈਣ ਦੀ ਬਜਾਏ ਇਕ ਕੁੱਲਵਕਤੀ ਕਾਮੇ ਵਜੋਂ ਕਮਿਊਨਿਸਟ ਲਹਿਰ ਵਿਚ ਕੰਮ ਕਰਨ ਨੂੰ ਤਰਜੀਹ ਦਿੱਤੀ। ਉਨ੍ਹਾਂ ਰੋਜ਼ਾਨਾ ਨਵਾਂ ਜ਼ਮਾਨਾ ਵਿੱਚ ਉਪ ਸੰਪਾਦਕ ਵਜੋਂ ਕੰਮ ਕੀਤਾ ਅਤੇ ਪਾਰਟੀ ਵਿਚ ਦੁਫਾੜ ਪੈਣ ਤੋਂ ਬਾਅਦ ਉਨ੍ਹਾਂ ਬਠਿੰਡਾ ਜ਼ਿਲ੍ਹੇ ਵਿੱਚ ਸੀਪੀਆਈ (ਐੱਮ) ਦੇ ਪਾਰਟੀ ਆਗੂ ਅਤੇ ਕਿਸਾਨ ਸਭਾ ਦੇ ਆਗੂ ਵਜੋਂ ਕੰਮ ਕੀਤਾ। 1967 ਵਿੱਚ ਪੱਛਮੀ ਬੰਗਾਲ 'ਚ ਨਕਸਲਬਾੜੀ ਤੋਂ ਹਥਿਆਰਬੰਦ ਕਿਸਾਨ ਅੰਦੋਲਨ ਦੀ ਸ਼ੁਰੂਆਤ ਤੋਂ ਹੀ ਉਨ੍ਹਾਂ ਇਸ ਇਨਕਲਾਬੀ ਅੰਦੋਲਨ ਦੇ ਪੱਖ ਵਿਚ ਡਟਵਾਂ ਸਟੈਂਡ ਲਿਆ। ਉਹ ਪੰਜਾਬ ਦੇ ਉਨ੍ਹਾਂ ਚੰਦ ਕਮਿਊਨਿਸਟ ਆਗੂਆਂ ਵਿਚੋਂ ਇਕ ਸਨ ਜਿਨ੍ਹਾਂ ਪੰਜਾਬ ਵਿਚ ਨਕਸਲਬਾੜੀ ਦੀ ਤਰਜ 'ਤੇ ਇਨਕਲਾਬੀ ਕਿਸਾਨ ਅੰਦੋਲਨ ਖੜ੍ਹਾ ਕਰਨ ਲਈ ਜੀਅ ਜਾਨ ਨਾਲ ਮਿਹਨਤ ਕੀਤੀ ਤੇ ਨਤੀਜਿਆਂ ਦੀ ਪਰਵਾਹ ਕੀਤੇ ਬਿਨਾਂ ਉਸ ਵਿੱਚ ਕੁੱਦੇ ।
ਕਾਮਰੇਡ ਹਾਕਮ ਸਿੰਘ ਸਮਾਓ ਪੰਜਾਬ ਵਿੱਚ ਸੀਪੀਆਈ (ਐਮਐਲ) ਦੀ ਨੀਂਹ ਰੱਖਣ ਵਾਲੇ ਮੋਢੀ ਆਗੂਆਂ ਵਿਚੋਂ ਇਕ ਸਨ । ਇਨਕਲਾਬੀ ਐਕਸ਼ਨਾਂ ਵਿੱਚ ਮੋਹਰੀ ਭੂਮਿਕਾ ਨਿਭਾਉਣ ਬਦਲੇ ਉਨ੍ਹਾਂ ਨੂੰ ਵਹਿਸ਼ੀ ਪੁਲਿਸ ਦਮਨ ਦਾ ਸ਼ਿਕਾਰ ਹੋਣਾ ਪਿਆ ਅਤੇ ਕਰੀਬ ਅੱਠ ਸਾਲ ਕੈਦ ਦੀ ਸਜ਼ਾ ਭੁਗਤਣੀ ਪਈ । ਮਾਰਚ 1977 ਵਿੱਚ ਤਾਨਾਸ਼ਾਹ ਇੰਦਰਾ ਸਰਕਾਰ ਦੀ ਹਾਰ ਤੋਂ ਬਾਅਦ ਜਦ ਹੋਰ ਅਨੇਕਾਂ ਸਿਆਸੀ ਕੈਦੀਆਂ ਤੋਂ ਬਾਅਦ ਉਹ ਰਿਹਾਅ ਹੋ ਕੇ ਜੇਲ੍ਹ ਤੋਂ ਬਾਹਰ ਆਏ, ਤਾਂ ਘਰ ਬੈਠਣ ਦੀ ਥਾਂ ਉਹ ਮੁੜ ਇਨਕਲਾਬੀ ਸਰਗਰਮੀਆਂ ਵਿਚ ਕੁੱਦ ਪਏ। ਨਵੰਬਰ 1984 ਵਿੱਚ ਕਲਕੱਤਾ ਵਿਖੇ ਇੰਡੀਅਨ ਪੀਪਲਜ਼ ਫਰੰਟ ਦੀ ਦੂਜੀ ਨੈਸ਼ਨਲ ਕਾਨਫਰੰਸ ਚ ਆਪਣੇ ਪੰਜਾਬ ਦੇ ਡੈਲੀਗੇਟ ਸਾਥੀਆਂ ਸਮੇਤ ਸ਼ਾਮਲ ਹੋਣ ਤੋਂ ਬਾਅਦ ਵਾਪਸ ਪੰਜਾਬ ਆ ਕੇ ਉਹ ਸੂਬੇ ਵਿੱਚ ਇੰਡੀਅਨ ਪੀਪਲਜ਼ ਫਰੰਟ ਨੂੰ ਜਥੇਬੰਦ ਕਰਨ ਲਈ ਸਖ਼ਤ ਮਿਹਨਤ ਕੀਤੀ। ਧਾਰਮਕ ਘੱਟ ਗਿਣਤੀਆਂ ਦੇ ਹਿੱਤਾਂ ਦੀ ਰਾਖੀ ਸੂਬਿਆਂ ਨੂੰ ਵਧੇਰੇ ਅਧਿਕਾਰਾਂ ਅਤੇ ਜਮਹੂਰੀਅਤ ਦਾ ਜ਼ਮੀਨੀ ਪੱਧਰ ਤੱਕ ਪਸਾਰ ਕਰਨ ਵਰਗੇ ਸਵਾਲਾਂ ਨੂੰ ਲੈ ਕੇ ਉਨ੍ਹਾਂ ਦਾ ਅਤੇ ਇੰਡੀਅਨ ਪੀਪਲਜ਼ ਫਰੰਟ ਦਾ ਨਜ਼ਰੀਆ ਰਵਾਇਤੀ ਖੱਬੇ ਪੱਖੀਆਂ ਨਾਲੋਂ ਬੁਨਿਆਦੀ ਤੌਰ ਵੱਖਰਾ ਸੀ । ਇਸੇ ਕਾਰਨ ਖਾੜਕੂ ਲਹਿਰ ਦੌਰਾਨ ਆਮ ਨਿਰਦੋਸ਼ ਲੋਕਾਂ ਉੱਤੇ ਹੋਣ ਵਾਲੇ ਅੰਨ੍ਹੇ ਪੁਲੀਸ ਦਮਨ ਦਾ ਵਿਰੋਧ ਕਰਨ ਬਦਲੇ ਉਨ੍ਹਾਂ ਨੂੰ ਵੱਡੀ ਉਮਰ ਦੇ ਬਾਵਜੂਦ 1990 ਵਿੱਚ ਮੁੜ ਭੀਖੀ ਪੁਲਸ ਥਾਣੇ ਉੱਤੇ ਹਮਲੇ ਦੇ ਝੂਠੇ ਕੇਸਾਂ ਦਾ ਅਤੇ ਪੁਲੀਸ ਦਮਨ ਦਾ ਸ਼ਿਕਾਰ ਹੋਣਾ ਪਿਆ । ਉਹ ਸੋਲ਼ਾਂ ਸਾਥੀਅਾਂ ਸਮੇਤ ਕਰੀਬ ਚਾਲੀ ਦਿਨਾਂ ਤੱਕ ਬਠਿੰਡਾ ਜੇਲ੍ਹ ਵਿੱਚ ਬੰਦ ਰਹੇ । 1992 ਵਿਚ ਜਦ ਸੀਪੀਆਈ (ਐਮਐਲ) ਨੇ 22 ਸਾਲ ਗੁਪਤਵਾਸ ਰਹਿਣ ਤੋਂ ਬਾਅਦ ਮੁੜ ਕਲਕੱਤਾ ਤੋਂ ਖੁੱਲ੍ਹੀਆਂ ਸਿਆਸੀ ਸਰਗਰਮੀਆਂ ਦੀ ਸ਼ੁਰੂਅਾਤ ਕੀਤੀ, ਤਾਂ ਉਹ ਪੰਜਾਬ ਵਿਚ ਸੀਪੀਆਈ (ਐਮਐਲ) ਦੇ ਮੋਹਰੀ ਆਗੂ ਵਜੋਂ ਸਾਹਮਣੇ ਆਏ । ਇੱਕ ਦਿਨ 4 ਜੂਨ 1999 ਨੂੰ ਅਠਵੰਜਾ ਸਾਲ ਦੀ ਉਮਰ ਵਿਚ ਹਾਰਟ ਅਟੈਕ ਕਾਰਨ ਅਚਾਨਕ ਵਿਛੜ ਜਾਣ ਤਕ ਉਨ੍ਹਾਂ ਸਿਧਾਂਤਕ ਅਤੇ ਅਮਲੀ ਪੱਖ ਤੋਂ ਪੰਜਾਬ 'ਚ ਪਾਰਟੀ ਨੂੰ ਸੁਯੋਗ ਅਗਵਾਈ ਦਿੱਤੀ ।
ਇਸ ਲਈ ਕੱਲ੍ਹ ਉਨ੍ਹਾਂ ਦੀ 22 ਵੀਂ ਬਰਸੀ ਮੌਕੇ ਪਾਰਟੀ ਦੇ ਸਮੂਹ ਮੈਂਬਰ ਅਤੇ ਸਮਰਥਕ ਉਨ੍ਹਾਂ ਨੂੰ ਆਪਣੀ ਭਾਵ ਭਿੰਨੀ ਸ਼ਰਧਾਂਜਲੀ ਅਰਪਿਤ ਕਰਨਗੇ । - ਸੁਖਦਰਸ਼ਨ ਸਿੰਘ ਨੱਤ
No comments:
Post a Comment