ਅਦਾਰਾ ਸੁਰਖ ਲੀਹ ਨੇ ਲਿਆ ਨਕਸਲੀਆਂ ਨੂੰ ਭੰਡਣ ਦਾ ਗੰਭੀਰ ਨੋਟਿਸ
ਨਕਸਲਵਾਦ ਬਾਰੇ ਕਈ ਪਹਿਲੂਆਂ ਤੋਂ ਗੱਲ ਕਰਦੀ ਫਿਲਮ ਚੱਕਰਵਿਯੂਹ ਦਾ ਇੱਕ ਦ੍ਰਿਸ਼ |
ਨਕਸਲੀਆਂ ਨੂੰ ਭੰਡਣ ਦੇ ਖਿਲਾਫ ਡਟਿਆ ਅਦਾਰਾ ਸੁਰਖ ਲੀਹ |
ਇਸ ਸਬੰਧੀ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਿਸਾਨ ਸੰਘਰਸ਼ ਨੂੰ ਨਕਸਲੀ ਕਹਿ ਕੇ ਭੰਡਣ ਦੀ ਕੋਸ਼ਿਸ਼ ਇਉਂ ਕੀਤੀ ਜਾ ਰਹੀ ਹੈ ਜਿਵੇਂ ਨਕਸਲੀ ਕੋਈ ਦੇਸ਼ ਵਿਰੋਧੀ ਤੇ ਲੋਕ ਵਿਰੋਧੀ ਸ਼ਕਤੀ ਹੋਣ। ਨਕਸਲੀਆਂ ਨੂੰ ਇਉਂ ਪੇਸ਼ ਕੀਤਾ ਜਾਂਦਾ ਹੈ ਜਿਵੇਂ ਓਹ ਕੋਈ ਅਪਵਿੱਤਰ ਸ਼ੈਅ ਹੋਣ। ਸਰਕਾਰ ਨੇ ਜੀਹਨੂੰ ਵੀ ਹਮਲੇ ਹੇਠ ਲਿਆਉਣਾ ਹੁੰਦਾ ਹੈ ਉਸਨੂੰ ਨਕਸਲੀ ਕਰਾਰ ਦੇ ਦਿੱਤਾ ਜਾਂਦਾ ਹੈ।
ਅਸਲੀਅਤ ਤਾਂ ਇਹ ਹੈ ਕਿ ਨਕਸਲੀ ਹੀ ਹਨ ਜਿਹੜੇ ਕਾਰਪੋਰੇਟਾਂ ਦੇ ਸਭ ਤੋਂ ਡਟਵੇਂ ਵਿਰੋਧੀ ਹਨ। ਯਾਦ ਕਰਾਇਆ ਗਿਆ ਹੈ ਕਿ 90ਵਿਆਂ ਦੇ ਸ਼ੁਰੂ 'ਚ ਹੋਏ ਗੈਟ ਸਮਝੌਤੇ ਮਗਰੋਂ ਇਸ ਦੇ ਮਾਰੂ ਅਸਰਾਂ ਬਾਰੇ ਸੁਚੇਤ ਕਰਨ 'ਚ ਸਭ ਤੋਂ ਮੋਹਰੀ ਰਹੇ ਹਨ। ਇਨ੍ਹਾਂ ਨੇ ਸਾਡੀ ਧਰਤੀ ਦੇ ਚੱਪੇ ਚੱਪੇ ਤੇ ਕਾਬਜ਼ ਹੋਣ ਜਾ ਰਹੀਆਂ ਬਹੁਕੌਮੀ ਕੰਪਨੀਆਂ ਅਤੇ ਸਾਮਰਾਜੀਆਂ ਬਾਰੇ ਲੋਕਾਂ ਨੂੰ ਨਾ ਸਿਰਫ ਜਾਗਰੂਕ ਕੀਤਾ ਹੈ ਸਗੋਂ ਇਨ੍ਹਾਂ ਖ਼ਿਲਾਫ਼ ਹੁਣ ਤੱਕ ਬਹੁਤ ਸਾਰੇ ਸੰਘਰਸ਼ ਉਸਾਰਨ 'ਚ ਮੋਹਰੀ ਰੋਲ ਅਦਾ ਕੀਤਾ ਹੈ। ਇਨ੍ਹਾਂ ਦੀ ਅਗਵਾਈ 'ਚ ਮੁਲਕ ਅੰਦਰ ਥਾਂ ਥਾਂ ਤੇ ਲੋਕਾਂ ਨੇ ਜ਼ਮੀਨਾਂ ਹੜੱਪਣ ਆਏ ਕਾਰਪੋਰੇਟਾਂ ਦੇ ਨੱਕ ਮੋੜੇ ਹਨ। ਇਨ੍ਹਾਂ ਦੇ ਕਈ ਲੁਟੇਰੇ ਪ੍ਰੋਜੈਕਟਾਂ ਨੂੰ ਬੰਨ੍ਹ ਮਾਰਿਆ ਹੈ। ਵਿਕਾਸ ਦੇ ਨਾਂ ਹੇਠ ਉਜਾੜੇ ਜਾ ਰਹੇ ਆਦਿਵਾਸੀਆਂ ਦੀਆਂ ਜੱਦੋਜਹਿਦਾਂ 'ਚ ਨਕਸਲੀ ਇਕ ਮੋਹਰੀ ਸ਼ਕਤੀ ਵਜੋਂ ਡਟਦੇ ਹਨ। ਇਹ ਨਕਸਲੀ ਹੀ ਹਨ ਜਿਨ੍ਹਾਂ ਨੇ ਕਾਰਪੋਰੇਟਾਂ ਤੇ ਭਾਰਤੀ ਸਿਆਸਤਦਾਨਾਂ ਦੇ ਗੱਠਜੋੜ ਨੂੰ ਨੰਗਾ ਕੀਤਾ ਹੈ। ਨਕਸਲੀ ਧਿਰਾਂ ਨਾਲ ਜੁੜੇ ਹੋਏ ਸਰਗਰਮ ਲੋਕ ਕਈ ਕਈ ਵਾਰ ਸਰਕਾਰੀ ਅਦਾਰੇ ਬਚਾਉਣ ਲਈ ਜੂਝਦੇ ਮੁਲਾਜ਼ਮਾਂ ਤੇ ਲੋਕਾਂ ਦੀਆਂ ਮੋਹਰੀ ਸਫਾਂ 'ਚ ਹੋ ਕੇ ਜੂਝੇ ਹਨ। ਨਕਸਲੀਆਂ ਦੀ ਅਗਵਾਈ ਹੇਠ ਜਥੇਬੰਦ ਹੋਏ ਲੋਕਾਂ ਦਾ ਜਦੋਂ ਵੀ ਜ਼ੋਰ ਚੜ੍ਹਿਆ ਹੈ ਤਾਂ ਉਨ੍ਹਾਂ ਨੇ ਜਗੀਰਦਾਰਾਂ ਦੀਆਂ ਲੱਖਾਂ ਏਕੜ ਜ਼ਮੀਨਾਂ ਗ਼ਰੀਬ ਕਿਸਾਨਾਂ ਤੇ ਖੇਤ ਮਜ਼ਦੂਰਾਂ 'ਚ ਵੰਡੀਆਂ ਹਨ। ਉਨ੍ਹਾਂ ਦੇ ਸੰਦ ਸਾਧਨ ਕਿਸਾਨਾਂ ਤੇ ਖੇਤ ਮਜ਼ਦੂਰਾਂ 'ਚ ਵੰਡੇ ਹਨ। ਬੇਜ਼ਮੀਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਹੈ। ਅਜਿਹੇ ਰਾਹਾਂ 'ਤੇ ਤੁਰਦਿਆਂ ਉਨ੍ਹਾਂ ਨੇ ਬੇਥਾਹ ਕਸ਼ਟ ਸਹੇ ਹਨ,ਅਥਾਹ ਕੁਰਬਾਨੀਆਂ ਕੀਤੀਆਂ ਹਨ।
ਨਕਸਲੀ ਸ਼ਬਦ ਪੱਛਮੀ ਬੰਗਾਲ ਦੇ ਨਕਸਲਬਾੜੀ ਪਿੰਡ ਚੋਂ ਫੁੱਟੀ ਕਿਸਾਨ ਬਗ਼ਾਵਤ ਕਾਰਨ ਉੱਭਰਿਆ। ਜ਼ਿਕਰਯੋਗ ਹੈ ਕਿ ਇਸ ਪਿੰਡ ਦਾ ਨਾਮ ਨਕਸਲਬਾੜੀ ਹੈ। ਇਥੇ ਬਣੇ ਹੋਏ ਰੇਲਵੇ ਸਟੇਸ਼ਨ ਦਾ ਨਾਮ ਵੀ ਨਕਸਲਬਾੜੀ ਹੈ। ਨਕਸਲਬਾੜੀ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ ਇਹ ਪਿੰਸ ਅਤੇ ਰੇਲਵੇ ਸਟੇਸ਼ਨ ਤੇਜ਼ੀ ਨਾਲ ਪ੍ਰਸਿੱਧ ਹੋਏ।
ਕਮਿਊਨਿਸਟ ਇਨਕਲਾਬੀ ਵਿਚਾਰਧਾਰਾ ਨੂੰ ਪ੍ਰਣਾਏ ਲੋਕਾਂ ਨੇ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਤੇ ਚਾਹ ਬਾਗਾਂ ਦੇ ਮਜ਼ਦੂਰਾਂ ਨੂੰ ਜਗੀਰਦਾਰਾਂ ਖ਼ਿਲਾਫ਼ ਬਗ਼ਾਵਤ ਲਈ ਤਿਆਰ ਕਰ ਲਿਆ ਸੀ। ਜ਼ਮੀਨਾਂ 'ਤੇ ਕਬਜ਼ੇ ਕਰਨ 'ਚ ਕਿਸਾਨਾਂ ਮਜ਼ਦੂਰਾਂ ਦੀ ਅਗਵਾਈ ਕੀਤੀ ਸੀ। ਨਕਸਲੀ ਇਕ ਵਿਚਾਰਧਾਰਾ ਹੈ ਜੋ ਮੁਲਕ ਅੰਦਰੋਂ ਦੇਸੀ ਵਿਦੇਸ਼ੀ ਬਹੁਕੌਮੀ ਸਾਮਰਾਜੀ ਕੰਪਨੀਆਂ ਤੇ ਜਗੀਰਦਾਰਾਂ ਦਾ ਗਲਬਾ ਹੂੰਝ ਦੇਣ ਲਈ ਸੰਘਰਸ਼ ਦਾ ਰਸਤਾ ਦਿਖਾਉਂਦੀ ਹੈ । ਮੁਲਕ ਦੇ ਲੋਕਾਂ ਦੀ ਭਲਾਈ ਜਗੀਰਦਾਰਾਂ ਦੀਆਂ ਜ਼ਮੀਨਾਂ ਵੰਡਣ ਤੇ ਸਾਮਰਾਜੀਆਂ ਨੂੰ ਮੁਲਕ ਤੋਂ ਬਾਹਰ ਕਰਨ ਦੇ ਪ੍ਰੋਗਰਾਮ 'ਚ ਦੇਖਦੀ ਹੈ। ਇਸ ਦਾ ਨਿਸ਼ਾਨਾ ਟਾਟਿਆਂ, ਬਿਰਲਿਆਂ, ਅੰਬਾਨੀਆਂ, ਅਡਾਨੀਆਂ ਦੀਆਂ ਜਾਇਦਾਦਾਂ ਜ਼ਬਤ ਕਰਕੇ ਮੁਲਕ ਦੇ ਵਿਕਾਸ ਦੇ ਲੇਖੇ ਲਾਉਣਾ ਹੈ । ਸਮਾਜ 'ਚੋਂ ਹਰ ਤਰ੍ਹਾਂ ਦੇ ਵਿਤਕਰਿਆਂ ਧੱਕਿਆਂ ਦਾ ਖ਼ਾਤਮਾ ਕਰਨਾ ਹੈ। ਜਾਤਾਂ-ਪਾਤਾਂ ਦੀਆਂ ਕੰਧਾਂ ਢਾਹੁਣਾ ਹੈ। ਅਜਿਹਾ ਕਰਨ ਲਈ ਲੋਕਾਂ ਦੀ ਆਪਣੀ ਖਰੀ ਇਨਕਲਾਬੀ ਪਾਰਟੀ ਉਸਾਰਨਾ ਹੈ। ਇਸ ਮਸਕੜ ਨੂੰ ਨਕਸਲੀ ਧਿਰਾਂ ਕਈ ਕਈ ਵਾਰ ਸਪਸ਼ਟ ਐਲਾਨ ਚੁੱਕੀਆਂ ਹਨ ਅਤੇ ਇਸ ਮਕਸਦ ਲਾਇ ਸਰਗਰਮ ਵੀ ਹਨ।
ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਸਲ ਵਿੱਚ ਨਕਸਲੀ ਕਿਸਾਨਾਂ ਦੇ ਸੱਚੇ ਮਿੱਤਰ ਹਨ। ਮਜ਼ਦੂਰਾਂ ਦੇ ਮੋਹਰੀ ਹਨ। ਸਮਾਜ ਦੇ ਹਰ ਕਿਰਤ ਕਰਨ ਵਾਲੇ ਦੇ ਸੰਗੀ ਹਨ। ਹਕੂਮਤ ਇਸੇ ਕਰਕੇ ਇਨ੍ਹਾਂ ਤੋਂ ਤ੍ਰਹਿੰਦੀ ਹੈ ਕਿਉਂਕਿ ਇਹ ਸਮਾਜ ਦੇ ਹਰ ਲੁੱਟੇ ਜਾ ਰਹੇ ਤੇ ਕੁਚਲੇ ਜਾ ਰਹੇ ਤਬਕੇ ਦੀ ਜੋਟੀ ਪਵਾ ਕੇ ਸੰਘਰਸ਼ਾਂ ਦੇ ਰਾਹ ਤੁਰਨ ਦਾ ਹੋਕਾ ਦਿੰਦੇ ਹਨ। ਜਾਤਾਂ, ਧਰਮਾਂ, ਗੋਤਾਂ, ਇਲਾਕਿਆਂ, ਬੋਲੀਆਂ ਦੀਆਂ ਵਿੱਥਾਂ ਮੇਟ ਕੇ ਸਾਰੇ ਕਿਰਤੀਆਂ ਦੇ ਏਕੇ ਦਾ ਨਾਅਰਾ ਦਿੰਦੇ ਹਨ। ਕਿਸਾਨਾਂ ਦੇ ਸੰਘਰਸ਼ ਨੂੰ ਨਕਸਲੀਆਂ ਤੋਂ ਖ਼ਤਰਾ ਕਿਵੇਂ ਹੋ ਸਕਦਾ ਹੈ। ਸਰਕਾਰ ਵੀ ਤਾਂ ਹੀ ਘਬਰਾਉਂਦੀ ਹੈ ਕਿ ਸੰਘਰਸ਼ 'ਚ ਨਿੱਤਰੀ ਕਿਸਾਨੀ ਨੇ ਜੇਕਰ ਨਕਸਲੀਆਂ ਦੇ ਵਿਚਾਰਾਂ ਨੂੰ ਅਪਣਾ ਲਿਆ ਤਾਂ ਇਹ ਸਿਰਫ਼ ਕਨੂੰਨਾਂ ਤਕ ਨਹੀਂ ਰੁਕਣ ਲੱਗੇ ਤੇ ਨਾ ਸਿਰਫ਼ ਅੰਬਾਨੀ ਅਡਾਨੀ ਦੀ ਜੋਡ਼ੀ ਤਕ। ਫਿਰ ਇਹ ਜ਼ਮੀਨਾਂ ਬਚਾਉਣ ਲਈ ਹੀ ਨਹੀਂ ਲੜਨਗੇ ਸਗੋਂ ਜ਼ਮੀਨਾਂ ਲੈਣ ਲਈ ਵੀ ਲੜਨਗੇ। ਦੇਸੀ ਕਾਰਪੋਰੇਟਾਂ ਦੇ ਨਾਲ ਨਾਲ ਸਾਮਰਾਜੀ ਕੰਪਨੀਆਂ ਤੋਂ ਮੁਕੰਮਲ ਛੁਟਕਾਰੇ ਤੱਕ ਜਾਣਗੇ। ਨਕਸਲੀਆਂ ਦੇ ਵਿਚਾਰ ਅਪਣਾ ਲੈਣ ਨਾਲ ਕਿਸਾਨ ਜਨਤਾ ਇਕ ਅਜਿਹੀ ਅਜਿੱਤ ਤਾਕਤ 'ਚ ਬਦਲ ਜਾਏਗੀ ਜਿਹੜੀ ਕਿਰਤੀ ਕਿਸਾਨਾਂ ਦੀ ਪੁੱਗਤ ਵਾਲਾ ਰਾਜ ਭਾਗ ਉਸਾਰਨ ਦੇ ਸਮਰੱਥ ਹੋਵੇਗੀ। ਇਸੇ ਲਈ ਨਕਸਲੀਆਂ ਨੂੰ ਕਿਸਾਨਾਂ ਸਾਹਮਣੇ ਇਕ ਹਊਆ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ।
---(ਸੁਰਖ ਲੀਹ)
No comments:
Post a Comment