Wednesday, May 31, 2023

ਨਕਸਲਬਾੜੀ ਦੀ ਵਿਰਾਸਤ ਨੂੰ ਅੱਗੇ ਲਿਜਾ ਰਹੀ ਹੈ CPI (ML) ਨਿਊ ਡੈਮੋਕਰੇਸੀ

ਸੂਬਾਈ ਸਮਾਗਮ:ਪੰਜਾਬ ਵਾਲਾ ਆਧਾਰ ਹੋਰ ਮਜ਼ਬੂਤ ਕਰਨ ਦਾ ਉਪਰਾਲਾ 


ਜਲੰਧਰ: 31 ਮਈ 2023: (ਰੈਕਟਰ ਕਥੂਰੀਆ//ਨਕਸਲਬਾੜੀ ਸਕਰੀਨ ਡੈਸਕ)::

ਕੁਝ ਦਹਾਕੇ ਪਹਿਲਾਂ ਇੱਕ ਗ਼ਜ਼ਲ ਦੇ ਸ਼ਿਅਰ ਦਾ ਇੱਕ ਮਿਸਰਾ ਬੜਾ ਪ੍ਰਸਿੱਧ ਹੋਇਆ ਸੀ ਜਿਸ ਵਿਚ ਯਿਨ੍ਦਾਦਗੀ ਦੀ ਕੁੜੀ ਹਕੀਕਤ ਦਾ ਖੂਬਸੂਰਤ ਅੰਦਾਜ਼ ਨਾਲ ਜ਼ਿਕਰ ਕੀਤਾ ਗਿਆ ਸੀ। ਇਹ ਮਿਸਰਾ ਸੀ:

ਹਾਦਸਾ ਦਰ ਹਾਦਸਾ ਆਪਣਾ ਮੁਕੱਦਰ ਹੋ ਗਿਆ! 

ਉਦੋਂ ਜਾਪਦਾ ਸੀ ਹਾਦਸਿਆਂ ਦੇ ਸਿਲਸਿਲੇ ਵਰਗਾ ਅਜਿਹਾ ਕੁਝ ਸ਼ਾਇਦ ਵਿਅਕਤੀਗਤ ਜ਼ਿੰਦਗੀ ਵਿਚ ਹੀ ਹੋਇਆ ਕਰਦਾ ਹੈ ਪਰ ਅਸਲ ਵਿਚ ਇਹ ਸਭ ਕੁਝ ਕਈ ਵਾਰ ਕੌਮਾਂ, ਸੰਗਠਨਾਂ, ਸਿਆਸੀ ਪਾਰਟੀਆਂ ਅਤੇ ਲਹਿਰਾਂ ਨਾਲ ਵੀ ਹੋਇਆ ਕਰਦਾ ਹੈ। ਕਈ ਵਾਰ ਲਹਿਰਾਂ ਦੇ ਮਾਮਲੇ ਵਿਚ ਵੀ ਅਜਿਹਾ ਹੁੰਦਾ ਹੀ ਲੱਗਦਾ ਹੈ। ਸਿਆਸੀ, ਸਮਾਜਿਕ ਜਾਂ ਧਾਰਮਿਕ ਖੇਤਰਾਂ ਵਿੱਚ ਉੱਠੀਆਂ ਲਹਿਰਾਂ ਵੀ ਆਪਣੇ ਮਿਸ਼ਨ ਵਾਲੇ ਆਕਾਸ਼ ਤੱਕ ਪੁੱਜਦੀਆਂ ਤਾਂ ਹਨ ਪਰ ਫਿਰ ਕਿਸੇ ਨ ਕਿਸੇ ਕਾਰਨ ਅਲੋਪ ਵਰਗੀਆਂ ਹੀ ਹੋ ਜਾਂਦੀਆਂ ਹਨ। ਕਈ ਲਹਿਰਾਂ ਧਰਤੀ ਤੇ ਡਿੱਗ ਕੇ ਧਰਤੀ ਵਿਚ ਹੀ ਸਮਾਂ ਜਾਂਦੀਆਂ ਹਨ ਅਤੇ ਕਈ ਲਹਿਰਾਂ ਅਸਮਾਨੀ ਕਿਰਨਾਂ ਵਿਚ ਗੁਆਚ ਜਾਂਦੀਆਂ ਹਨ। ਨਕਸਲਬਾੜੀ ਦੀ ਲਹਿਰ ਨਾਲ ਵੀ ਬਹੁਤ ਸਾਰੇ ਹਾਦਸੇ ਹੁੰਦੇ ਆਏ ਹਨ। ਇਸ ਲਹਿਰ ਨੇ ਜਨਮ ਤੋਂ ਹੀ ਮੁਸੀਬਤਾਂ ਦੇਖੀਆਂ ਹਨ ਅਤੇ ਇਹਨਾਂ ਮੁਸੀਬਤਾਂ ਨਾਲ ਟੱਕਰ ਲੈਂਦਿਆਂ ਹੀ ਆਪਣਾ ਲੋਹਾ ਵੀ ਮਨਵਾਇਆ ਹੈ। ਡਾਕਟਰ ਜਗਤਾਰ ਦੀਆਂ ਉਹ ਸਤਰਾਂ:

ਹਰ ਮੋੜ 'ਤੇ ਸਲੀਬਾਂ, ਹਰ ਪੈਰ 'ਤੇ ਹਨੇਰਾ। ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ।

ਪੰਜਾਬ ਦੇ ਸਾਹਿਤ ਅਤੇ ਪੱਤਰਕਾਰੀ ਵਿੱਚ ਵੀ ਨਵਾਂ ਇਤਿਹਾਸ ਰਚਣ ਵਾਲੀ ਨਕਸਲੀ ਲਹਿਰ ਦੀ ਚੜ੍ਹਤ ਵੇਲੇ ਜਾਪਦਾ ਸੀ ਕਿ ਇਹ ਮੁਕੰਮਲ ਕ੍ਰਾਂਤੀ ਤੋਂ ਉਰੇ  ਨਹੀਂ ਰੁਕਣ ਲੱਗੀ ਪਰ ਬਾਅਦ ਵਿੱਚ ਛੇਤੀ ਹੀ ਇਹ ਅਤੀਤ ਦਾ ਹਿੱਸਾ ਬਣਨ ਲੱਗ ਪਈ। ਬਾਬਾ ਬੂਝਾ ਸਿੰਘ ਵਰਗੇ ਸ਼ਹੀਦਾਂ ਦੇ ਲਹੂ ਦੀ ਲੋਅ ਨੂੰ ਬੁਝਾਉਣਾ ਆਸਾਨ ਤਾਂ ਨਹੀਂ ਸੀ। ਉਹ ਲੋਅ ਅੱਜ ਵੀ ਰੌਸ਼ਨੀ ਦਿਖਾਉਂਦੀ ਹੈ। ਲਹੂ ਦੀ ਲੋਅ ਸਿਰਫ ਜਸਵੰਤ ਸਿੰਘ ਕੰਵਲ ਹੁਰਾਂ ਦੇ ਨਾਵਲ ਦਾ ਨਾਮ ਹੀ ਨਹੀਂ ਸੀ ਬਲਕਿ ਇੱਕ ਹਕੀਕਤ ਵੀ ਸੀ। ਬਦਲੇ ਹੋਏ ਨਾਂਵਾਂ ਅਤੇ ਪਾਤਰਾਂ ਵਾਲੀ ਇਹ ਕਹਾਣੀ ਕਿਸੇ ਦਸਤਾਵੇਜ਼ੀ ਤੋਂ ਘੱਟ ਵੀ ਨਹੀਂ ਸੀ। 

ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ 
ਉਘੇ ਮੀਡੀਆ ਅਦਾਰੇ ਰੋਜ਼ਾਨਾ ਅਜੀਤ ਦੇ ਮਾਲਕ ਬਰਜਿੰਦਰ ਸਿੰਘ ਹਮਦਰਦ ਹੁਰੀਂ ਬਹੁਤ ਪਹਿਲਾਂ ਦ੍ਰਿਸ਼ਟੀ ਨਾਮ ਦਾ ਪਰਚਾ ਵੀ ਛਾਪਿਆ ਕਰਦੇ ਸਨ ਜਿਹੜਾ ਬਹੁਤ ਮਕਬੂਲ ਹੋਇਆ ਕਰਦਾ ਸੀ। ਉਸ ਪਰਚੇ ਵਿੱਚ ਉਹਨਾਂ ਝੂਠੇ ਮੁਕਾਬਲਿਆਂ ਵਿਚ ਸ਼ਹੀਦ ਕੀਤੇ ਗਏ ਨਕਸਲੀ ਨੌਜਵਾਨਾਂ ਦੀਆਂ ਤਸਵੀਰਾਂ ਵੀ ਛਾਪੀਆਂ ਸਨ ਜਿਹੜੀਆਂ ਸ਼ਾਇਦ ਦੋ ਤੋਂ ਵੀ ਵਧੇਰੇ ਸਫ਼ਿਆਂ 'ਤੇ ਪੂਰੀਆਂ ਆ ਸਕੀਆਂ ਸਨ। ਇੱਕੋ ਅੰਕ ਵਿਚ ਛਾਪੇ ਜਾਣ ਕਾਰਨ ਇਸਨੂੰ ਵਿਸ਼ੇਸ਼ ਅੰਕ ਵੀ ਕਿਹਾ ਜਾ ਸਕਦਾ ਸੀ ਜਿਸਨੂੰ ਬਾਅਦ ਵਿਚ ਨਕਸਲੀ ਸੰਗਠਨਾਂ ਨੇ ਵੀ ਹਵਾਲਾ ਪੁਸਤਕਾਂ ਵਾਂਗ ਵਰਤਿਆ ਸੀ। ਅਜੇ ਵੀ ਦਰਸਿਹਤੀਰਸਲੇ ਦਾ ਉਹ ਅੰਕ ਨਕਸਲੀ ਵਿਚਾਰਧਾਰਾ ਨਾਲ ਜੁੜੇ ਕਈ ਸੰਗਠਨਾਂ ਕੋਲ ਸੰਭਾਲਿਆ ਪਿਆ ਹੋਣਾ ਹੈ। 

ਬਰਜਿੰਦਰ ਸਿੰਘ ਹਮਦਰਦ ਹੁਰਾਂ ਦੀ ਸੰਪਾਦਨਾ ਵਾਲਾ ਇਹ ਪਰਚਾ ਦ੍ਰਿਸ਼ਟੀ ਇੱਕ ਮੀਲ ਪੱਥਰ ਸੀ ਜਿਸ ਵਿਚ ਇਸ ਲਹਿਰ ਨੂੰ ਸੰਬਾਲਨ ਦੀ ਬਹੁਤ ਹੀ ਸੁਚੇਤ ਅਤੇ ਇਮਾਨਦਾਰ ਕੋਸ਼ਿਸ਼ ਕੀਤੀ ਗਈ ਸੀ। ਇਸਦੇ ਬਾਵਜੂਦ ਇਸ ਲਹਿਰ ਨੂੰ ਧੜੇਬੰਦੀਆਂ ਦੀ ਆਪਸੀ ਫੁੱਟ ਵਾਲੀ ਨਜ਼ਰ ਲੱਗ ਗਈ। ਇਹ ਲਹਿਰ ਵੀ ਕਮਿਊਨਿਸਟ ਅੰਦੋਲਨ ਦੀ ਟੁੱਟਭੱਜ ਤੋਂ ਬੱਚੀ ਹੋਈ ਨਾ ਰਹੀ ਸਕੀ। ਇਸ ਤੇ ਵੀ ਇਸਦਾ ਪਰਛਾਵਾਂ ਪਿਆ। 

ਸੀ ਪੀ ਆਈ ਤੋਂ ਅੱਡ ਹੋ ਕੇ ਸੀ ਪੀ ਆਈ (ਐਮ) ਬਣੀ ਅਤੇ ਫਿਰ ਇਸ ਮਾਰਕਸੀ ਪਾਰਟੀ ਤੋਂ ਹੀ ਟੁੱਟ ਕੇ ਸੀ ਪੀ ਆਈ (ਐਮ ਐਲ) ਸਾਹਮਣੇ ਆਈ ਜਿਹੜੇ ਇੱਕ ਹਨੇਰੀ ਵਾਂਗ ਝੁੱਲੀ। ਚਾਰੂ ਮਜੂਮਦਾਰ, ਕਾਨੂੰ ਸਾਨਿਆਲ, ਜੰਗਲ ਸੰਥਾਲ, ਸੱਤਿਆ ਨਾਰਾਇਣ ਸਿੰਘ ਅਤੇ ਬਹੁਤ ਸਾਰੇ ਨਾਮ ਸਨ ਜਿਹਨਾਂ ਇਸ ਖੱਬੇ ਪੱਖੀ ਅੰਦੋਲਨ ਦੀ ਤਿੱਖੀ ਧਾਰ ਵਾਲੇ ਅੰਦੋਲਨ ਨੂੰ ਹੋਰ ਤੇਜ਼ ਕਰਦਿਆਂ ਇੱਕ ਨਵਾਂ ਅਧਿਆਇ ਲਿਖਿਆ ਸੀ। ਇੱਕ ਨਵਾਂ ਇਤਿਹਾਸ ਰਚਿਆ ਸੀ। ਹੁਣ ਤੱਕ ਇਸ ਲਹਿਰ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਿਆ ਪਰ ਫਿਰ ਵੀ ਇੱਕ ਸ਼ਿਅਰ ਯਾਦ ਆ ਰਿਹਾ ਹੈ-

ਬੁਝ ਜਾਤੇ ਹੈਂ ਦੀਏ ਕਈ ਔਰ ਕਾਰਣੋਂ ਸੇ ਭੀ! ਹਰ ਬਾਰ ਕਸੂਰ ਹਵਾ ਕਾ ਨਹੀਂ ਹੋਤਾ!

ਇਸ ਲਹਿਰ ਨੂੰ ਅਤੀਤ ਬਣਾਉਣ ਵਿੱਚ ਤਾਂ ਸਰਕਾਰ ਦੇ ਦਮਨ ਦਾ ਵੀ ਬਹੁਤ ਵੱਡਾ ਹਿੱਸਾ ਰਿਹਾ ਪਰ ਆਪਸੀ ਮਤਭੇਦਾਂ ਨੇ ਵੀ ਫਾਇਦਾ ਘੱਟ ਕੀਤਾ ਅਤੇ ਨੁਕਸਾਨ ਜ਼ਿਆਦਾ। ਇਸਦੇ ਬਾਵਜੂਦ ਲਹਿਰ ਨੂੰ ਪੂਰੀ ਤਰ੍ਹਾਂ ਮੁਕਾਇਆ ਨਹੀਂ ਜਾ ਸਕਿਆ। ਇਸ ਲਹਿਰ ਬਾਰੇ ਕੌਮੀ ਪੱਧਰ ਦੇ ਬਹੁਤ ਸਾਰੇ ਹਿੰਦੀ ਅੰਗਰੇਜ਼ੀ ਰਸਾਲਿਆਂ ਨੇ ਵੀ ਸਮੇਂ ਸਮੇਂ 'ਤੇ ਆਪੋ ਆਪਣੇ ਵਿਸ਼ੇਸ਼ ਅੰਕ ਵੀ ਕੱਢੇ। ਇਹਨਾਂ ਵਿਚ ਹਿੰਦੀ ਪਰਚੇ ਧਰਮਯੁਗ ਦਾ ਵਿਸ਼ੇਸ਼ ਅੰਕ ਵੀ ਬਹੁਤ ਪ੍ਰਸਿੱਧ ਹੋਇਆ ਸੀ। ਇਸ ਲਹਿਰ ਬਾਰੇ ਬਹੁਤ ਸਾਰੀਆਂ ਫ਼ਿਲਮਾਂ ਵੀ ਬਣੀਆਂ।  ਪ੍ਰਕਾਸ਼ ਝਾਅ ਦੀ ਹਿੰਦੀ ਫਿਲਮ ਚੱਕਰਵਿਯੂਹ ਇਸ ਲਹਿਰ ਬਾਰੇ ਕਾਫੀ ਕੁਝ ਦਸਦੀ ਵੀ ਹੈ ਅਤੇ ਨਕਸਲੀ ਧਿਰਾਂ ਲਈ ਇੱਕ ਸੁਨੇਹਾ ਵੀ ਦੇਂਦੀ ਹੈ। ਡਾਕਟਰ ਮੇਘਾ ਸਿੰਘ ਨੇ ਨਕਸਲੀ ਯੁਗ ਵਾਲੀ ਪੱਤਰਕਾਰੀ ਬਾਰੇ ਬਾਕਾਇਦਾ ਇੱਕ ਖੋਜ ਭਰਪੂਰ ਪੁਸਤਕ ਵੀ ਲਿਖੀ ਜਿਹੜੀ ਸਭਨਾਂ ਲਈ ਪੜ੍ਹਨਯੋਗ ਹੈ। ਉਸ ਦੌਰ ਨੂੰ ਸੰਭਾਲਣ ਦਾ ਸਿਲਸਿਲਾ ਨਿਰੰਤਰ ਕਾਇਮ ਨਹੀਂ ਰਹੀ ਸਕਿਆ ਅਤੇ ਨਵੀਂ ਪੀੜ੍ਹੀ ਦੇ ਡਿਗਰੀ ਧਾਰਕ ਪੱਤਰਕਾਰਾਂ ਵਿੱਚੋਂ ਬਹੁਤੇ ਗੋਦੀ ਮੀਡੀਆ ਦਾ ਹਿੱਸਾ ਬਣ ਗਏ।   

ਮੌਜੂਦਾ ਦੌਰ ਵਿੱਚ ਨਕਸਲਬਾੜੀ ਲਹਿਰ ਨੂੰ ਜਿਊਂਦਿਆਂ ਰੱਖਣ ਵਾਲਿਆਂ ਵਿੱਚ ਸੀ ਪੀ ਆਈ ਐਮ ਐਲ (ਨਿਊ ਡੈਮੋਕਰੇਸੀ) ਨਿਊ ਡੈਮੋਕ੍ਰੇਸੀ ਗਰੁਪ ਵੀ ਸਰਗਰਮ ਹੈ। ਦੇਸ਼ ਵਿੱਚ ਵੋਟਾਂ 'ਤੇ ਆਧਰਿਤ ਜਮਹੂਰੀ ਢਾਂਚੇ ਦੇ ਖਿਲਾਫ ਹਿੰਸਾ ਨੂੰ ਹਥਿਆਰ ਬਣਾ ਕੇ ਖੜੀ ਹੋਈ ਨਕਸਲਬਾੜੀ ਲਹਿਰ ਨੂੰ ਤਿੰਨ ਚਾਰ ਸਾਲ ਮਗਰੋਂ ਹੀ ਜਮਹੂਰੀ ਸੰਘਰਸ਼ਾਂ ਵਾਲੀ ਦਿਸ਼ਾ ਫਿਰ ਤੋਂ ਦਿਖਾਉਣ ਵਾਲੇ ਕਾਮਰੇਡ ਸੱਤਿਆ ਨਾਰਾਇਣ ਸਿੰਘ ਅੱਜ ਵੀ ਪ੍ਰਸੰਗਿਕ ਹਨ। ਉਹਨਾਂ ਦੇ ਵਿਚਾਰ ਅੱਜ ਵੀ ਮਹੱਤਵਪੂਰਨ ਭੂਮਿਕਾ ਅਦਾ ਕਰ ਰਹੇ ਹਨ। ਉਹਨਾਂ ਦੇ ਜੀਵਨ ਅਤੇ ਵਿਚਾਰਾਂ ਨੂੰ ਜਲੰਧਰ ਵਿਚ ਇੱਕ ਵਿਸ਼ੇਸ਼ ਆਯੋਜਨ ਕਰ ਕੇ ਯਾਦ ਕੀਤਾ ਗਿਆ। 

ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੀ ਪੰਜਾਬ ਰਾਜ ਕਮੇਟੀ ਵੱਲੋਂ ਨਕਸਲੀ ਪਾਰਟੀ ਦੇ ਆਗੂ ਕਾਮਰੇਡ ਸੱਤਿਆਨਰਾਇਣ ਸਿੰਘ (ਐਸ.ਐਨ. ਸਿੰਘ) ਦੇ 100ਵੇਂ ਜਨਮ ਦਿਨ ਮੌਕੇ ਉਹਨਾਂ ਦੀ ਯਾਦ ਵਿੱਚ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ। ਕਾਮਰੇਡ ਐਸ.ਐਨ. ਸਿੰਘ ਲੰਮਾ ਸਮਾਂ ਪਾਰਟੀ ਦੇ ਕੌਮੀ ਜਨਰਲ ਸਕੱਤਰ ਰਹੇ।

ਇਸ ਵਾਰ ਜਲੰਧਰ ਦੀ ਇਕੱਤਰਤਾ ਨੂੰ ਵੀ ਪਾਰਟੀ ਦੇ ਆਗੂਆਂ ਨੇ ਆਪਣੇ ਰਵਾਇਤੀ ਗੰਭੀਰਤਾ ਵਾਲੇ ਅੰਦਾਜ਼ ਨਾਲ ਸੰਬੋਧਨ ਕੀਤਾ। ਇਹਨਾਂ ਸੰਬੋਧਨਾਂ ਵਿੱਚ ਮੌਜੂਦਾ ਦੌਰ ਦੇ ਬਹੁਤ ਸਾਰੇ ਮਸਲਿਆਂ ਦੀ ਗੱਲ ਕੀਤੀ ਗਈ। 

ਇਸ ਮੌਕੇ ਪਾਰਟੀ ਦੇ ਸੂਬਾਈ ਆਗੂ ਕਾਮਰੇਡ ਦਰਸ਼ਨ ਸਿੰਘ ਖਟਕੜ, ਅਜਮੇਰ ਸਿੰਘ, ਕਾਮਰੇਡ ਕੁਲਵਿੰਦਰ ਸਿੰਘ ਵੜੈਚ ਅਤੇ ਕਾਮਰੇਡ ਤਰਸੇਮ ਪੀਟਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਇਨਕਲਾਬੀ ਲਹਿਰ ਦੇ ਇਤਿਹਾਸ ਵਿੱਚ ਨਕਸਲਬਾੜੀ ਦੀ ਘਟਨਾ ਇੱਕ ਅਹਿਮ ਮੋੜ ਸੀ, ਜਿਸ ਨੇ ਹਿੰਦੋਸਤਾਨ ਦੇ ਲੋਕਾਂ ਦੀ ਮੁਕਤੀ ਲਈ ਸੋਧਵਾਦੀ, ਸੁਧਾਰਵਾਦੀ, ਪਾਰਲੀਮਾਨੀ ਰਾਹ ਰੱਦ ਕਰ ਕੇ ਨਵ-ਜਮਹੂਰੀ ਇਨਕਲਾਬ ਨੇਪਰੇ ਚਾੜ੍ਹਨ ਲਈ ਇਹ ਰਾਹ ਅਪਨਾਉਣ ਅਤੇ ਇਸ ਦੀ ਅਮਲਦਾਰੀ ਵਿੱਚ ਕਾਮਰੇਡ ਐਸ.ਐਨ. ਸਿੰਘ ਦਾ ਵਿਸ਼ੇਸ਼ ਯੋਗਦਾਨ ਸੀ। 

ਸਮਾਗਮ ਨੂੰ ਸੰਬੋਧਨ ਕਰਦਿਆਂ ਪਾਰਟੀ ਆਗੂਆਂ ਨੇ ਕਿਹਾ ਕਿ ਹਾਕਮ ਜਮਾਤਾਂ ਦੀਆਂ ਰਾਜ ਕਰਦੀਆਂ ਸਾਰੀਆਂ ਪਾਰਟੀਆਂ ਦੀ ਸੰਸਾਰੀਕਰਨ, ਉਦਾਰੀਕਰਨ, ਨਿੱਜੀਕਰਨ ਦੀਆਂ ਨੀਤੀਆਂ ਉੱਪਰ ਆਮ ਸਹਿਮਤੀ ਹੈ। ਤਕਰੀਬਨ ਤਕਰੀਬਨ ਇਹ ਸਾਰੀਆਂ ਹੀ ਪਾਰਟੀਆਂ ਇਹਨਾਂ ਨੀਤੀਆਂ ਨੂੰ ਲਾਗੂ ਕਰਨ ਲਈ ਇੱਕ ਦੂਜੇ ਤੋਂ ਵਧ ਚੜ੍ਹ ਕੇ ਦਾਅਵੇ ਵੀ ਕਰਦੀਆਂ ਹਨ। ਇਸਦੇ ਨਾਲ ਹੀ ਇਹ ਸੱਤਾ ਉੱਪਰ ਕਾਬਜ਼ ਹੋਣ ਲਈ ਮੌਕਾਪ੍ਰਸਤ ਗਠਜੋੜ ਵੀ ਕਰਦੀਆਂ ਹਨ, ਜਿਸ ਕਾਰਨ ਪਾਰਲੀਮੈਂਟ-ਅਸੈਂਬਲੀਆਂ ’ਚ ਭ੍ਰਿਸ਼ਟ ਲੋਕਾਂ ਦੀ ਗਿਣਤੀ ਵਿੱਚ ਵੀ ਭਾਰੀ ਵਾਧਾ ਹੋ ਰਿਹਾ ਹੈ। ਅਜਿਹੀ ਸਥਿਤੀ ਵਿੱਚ ਦੇਸ਼ ਅਤੇ ਦੇਸ਼ ਦੀ ਜਨਤਾ ਨੂੰ ਚੁਣੌਤੀਆਂ ਵਧੀਆਂ ਹਨ ਅਤੇ ਆਰਥਿਕ ਸੰਕਟ ਵੀ ਡੂੰਘਾ ਹੋਇਆ ਹੈ। 

ਦੇਸ਼ ’ਚ ਆਰਥਿਕ ਸੰਕਟ ਡੂੰਘਾ ਹੋਣ ਦੇ ਸਾਰੇ ਘਟਨਾਕ੍ਰਮ ਨੂੰ ਵੀ ਸੀ ਪੀ ਆਈ ਐਮ ਐਲ (ਨਿਊ ਡੈਮੋਕਰੇਸੀ) ਗੰਭੀਰਤਾ ਨਾਲ ਲੈਂਦੀ ਹੈ। ਦੇਸ਼ ਦੀਆਂ ਸਮਾਜਿਕ ਅਤੇ ਧਾਰਮਿਕ ਹਾਲਤਾਂ ਤੇ ਵੀ ਪਾਰਟੀ ਦੀ ਤਿੱਖੀ ਨਜ਼ਰ ਹੈ। ਆਰਥਿਕ ਸੰਕਟ ਬਾਰੇ ਗੱਲ ਕਰਦਿਆਂ ਪਾਰਟੀ ਦਾ ਕਹਿਣਾ ਹੈ ਕਿ ਦੇਸ਼ ’ਚ ਆਰਥਿਕ ਸੰਕਟ ਗੰਭੀਰਤਾ ਦੀ ਹੱਦ ਤਕ ਡੂੰਘਾ ਹੋ ਰਿਹਾ ਹੈ। ਗਰੀਬੀ-ਅਮੀਰੀ ਦਾ ਪਾੜਾ ਵੀ ਚਿੰਤਾਜਨਕ ਹੱਦ ਤੱਕ ਵਧ ਚੁੱਕਿਆ ਹੈ। ਬੇਰੁਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ ਲੋਕਾਂ ਦੇ ਫੁੱਟ ਰਹੇ ਸੰਘਰਸ਼ ਨੂੰ ਦਬਾਉਣ ਲਈ ਕਾਨੂੰਨੀ ਸੋਧਾਂ ਰਾਹੀਂ ਉਹਨਾਂ ਦੇ ਜਮਹੂਰੀ ਹੱਕ ਵੀ ਖੋਹੇ ਜਾ ਰਹੇ ਹਨ। ਮਿਹਨਤੀ ਲੋਕਾਂ, ਘੱਟ ਗਿਣਤੀਆਂ ਅਤੇ ਸੂਬਿਆਂ ਦੇ ਅਧਿਕਾਰਾਂ ਉੱਪਰ ਵੀ ਲਗਾਤਾਰ ਹਮਲੇ ਹੋ ਰਹੇ ਹਨ। ਇਸ ਨਾਲ ਬੇਚੈਨੀ ਵੀ ਵੱਧ ਰਹੀ ਹੈ। ਇਸਦੇ ਨਾਲ ਹੀ ਵਧੇ ਹੋਏ ਫਾਸ਼ੀਵਾਦ ਦੀ ਵੀ ਗੱਲ ਕੀਤੀ ਗਈ। 

ਇਸ ਇਕੱਤਰਤਾ ਵਿੱਚ ਕਿਹਾ ਗਿਆ ਕਿ ਇਹਨਾਂ ਹਾਲਤਾਂ ਦੇ ਸਿੱਟੇ ਵੱਜੋਂ ਮੋਦੀ ਸਰਕਾਰ ਫਾਸ਼ੀਵਾਦੀ ਹਮਲੇ ਤੇਜ਼ ਕਰਦੀ ਜਾ ਰਹੀ ਹੈ। ਆਰ.ਐਸ.ਐਸ.-ਭਾਜਪਾ ਦੀ ਅਗਵਾਈ ’ਚ ਮੋਦੀ ਸਰਕਾਰ ਲਗਾਤਾਰ ਫਾਸ਼ੀਵਾਦੀ ਹਮਲੇ ਤੇਜ਼ ਕਰ ਰਹੀ ਹੈ। ਜਮਹੂਰੀ ਅਧਿਕਾਰਾਂ ਦੇ ਕਾਰਕੁੰਨਾਂ, ਲੇਖਕਾਂ, ਬੁੱਧੀਜੀਵੀਆਂ, ਪੱਤਰਕਾਰਾਂ, ਰਾਜਸੀ ਕਾਰਕੁੰਨਾਂ ਨੂੰ ਬਿਨਾਂ ਮੁਕੱਦਮਾ ਚਲਾਇਆਂ ਸਾਲਾਂਬੱਧੀ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ। ਉਹਨਾਂ ਨੂੰ ਜ਼ਮਾਨਤ ਲੈਣ ਦੇ ਕਾਨੂੰਨੀ ਅਧਿਕਾਰ ਤੋਂ ਵੀ ਵਾਂਝਾ ਕੀਤਾ ਹੋਇਆ ਹੈ। ਇਹਨਾਂ ਹਾਲਤਾਂ ਬਾਰੇ ਵਿਸਥਾਰ ਨਾਲ ਚਰਚਾ ਹੋਈ। 

ਮੌਜੂਦਾ ਦੌਰ ਵਿੱਚ ਪਾਰਟੀ ਆਗੂਆਂ ਨੇ ਕਾਮਰੇਡ ਐਸ.ਐਨ. ਸਿੰਘ ਦੇ ਵਿਚਾਰਾਂ ਨੂੰ ਅਪਨਾਉਣ ਲਈ ਵੀ ਕਿਹਾ। ਪਾਰਟੀ ਆਗੂਆਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਕਾਮਰੇਡ ਐਸ.ਐਨ. ਸਿੰਘ ਦੇ ਵਿਚਾਰਾਂ ਨੂੰ ਅਪਨਾਉਂਦਿਆਂ ਹੋਇਆਂ ਨਵ-ਜਮਹੂਰੀ ਇਨਕਲਾਬ ਦੀ ਸੇਧ ਨੂੰ ਅੱਗੇ ਵਧਾਉਣ ਲਈ ਅੱਗੇ ਵਧੀਆ ਜਾ ਸਕਦਾ ਹੈ ਅਤੇ ਲੋਕਾਂ ਦੇ ਮਸਲਿਆਂ ਉੱਪਰ ਵਿਸ਼ਾਲ ਜਨਤਕ ਲਾਮਬੰਦੀ ਕੀਤੀ ਜਾ ਸਕਦੀ ਹੈ।  

ਪਾਰਟੀ ਨੇ ਭਲਵਾਨੀ ਕਰਦੀਆਂ ਕੁੜੀਆਂ ਦੇ ਅੰਦੋਲਨ ਦਾ ਮਸਲਾ ਵੀ ਉਠਾਇਆ ਅਤੇ ਬ੍ਰਿਜ ਭੂਸ਼ਨ ਨੂੰ ਗ੍ਰਿਫਤਾਰ ਕਰ ਕੇ ਪਹਿਲਵਾਨਾਂ ਨੂੰ ਇਨਸਾਫ ਦੇਣ ਦੀ ਮੰਗ ਵੀ ਕੀਤੀ। 

ਸਮਾਗਮ ਦੇ ਅੰਤ ਵਿੱਚ ਜੰਤਰ-ਮੰਤਰ ਉੱਪਰ ਭਾਜਪਾ ਦੇ ਭ੍ਰਿਸ਼ਟ ਮੰਤਰੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਖਿਲਾਫ਼ ਸੰਘਰਸ਼ ਕਰ ਰਹੇ ਨਾਮਵਰ ਪਹਿਲਵਾਨਾਂ ਦੀ ਖਿੱਚਧੂਹ ਕਰਨ, ਬਦਸਲੂਕੀ ਕਰਨ, ਪਰਚਾ ਦਰਜ ਕਰਨ ਦੀ ਨਿਖੇਧੀ ਕੀਤੀ ਗਈ ਅਤੇ ਬ੍ਰਿਜ ਭੂਸ਼ਨ ਨੂੰ ਗ੍ਰਿਫਤਾਰ ਕਰ ਕੇ ਪਹਿਲਵਾਨਾਂ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਗਈ।

ਇਸਦੇ ਨਾਲ ਹੀ ਥਿਏਟਰ ਦੇ ਦੁਨੀਆ ਦੇ ਪਿਤਾਮਾ ਵੱਜੋਂ ਵਿਚਰਦੇ ਰਹੇ ਭਾਈ ਮੰਨਾ ਸਿੰਘ ਉਰਫ ਗੁਰਸ਼ਰਨ ਭਾਅ ਜੀ ਦੇ ਬੇਟੀ ਡਾ. ਨਵਸ਼ਰਨ ਕੌਰ ਦੀ ਆਵਾਜ਼ ਨੂੰ ਦਬਾਉਣ ਦੇ ਹੱਥਕੰਡਿਆਂ ਦੀ ਵੀ ਜ਼ੋਰਦਾਰ ਨਿਖੇਧੀ। 

ਉੱਘੇ ਰੰਗਕਰਮੀ ਸ. ਗੁਰਸ਼ਰਨ ਸਿੰਘ ਦੀ ਸਪੁੱਤਰੀ ਅਤੇ ਜਮਹੂਰੀ ਹੱਕਾਂ ਦੀ ਕਾਰਕੁੰਨ ਡਾ. ਨਵਸ਼ਰਨ ਕੌਰ ਨੂੰ ਈ.ਡੀ. ਵੱਲੋਂ ਤੰਗ ਪ੍ਰੇਸ਼ਾਨ ਕਰਨ ਦੀ ਨਿਖੇਧੀ ਕੀਤੀ ਗਈ ਅਤੇ ਡਾ. ਨਵਸ਼ਰਨ ਕੌਰ ਦੀ ਆਵਾਜ਼ ਨੂੰ ਦਬਾਉਣ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ ਗਈ। ਪਾਰਟੀ ਨੇ ਕਿਹਾ ਕਿ ਇਹ ਸਭ ਲੋਕ ਵਿਰੋਧੀ ਕਾਰਵਾਈਆਂ ਹਨ। 

ਮੋਹਾਲੀ ਦੇ ਵਾਈ ਪੀ ਐਸ ਚੌਂਕ ਵਿੱਚ ਚਲਦੇ ਕੌਮੀ ਇਨਸਾਫ ਮੋਰਚੇ ਨੂੰ ਉਸ ਵੇਲੇ ਹੋਰ ਤਾਕਤ ਮਿਲੀ ਜਦੋਂ ਪਾਰਟੀ ਨੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਵੀ ਮੰਗ ਕੀਤੀ। 

ਇਸ ਤੋਂ ਇਲਾਵਾ ਸਿੱਖ ਬੰਦੀਆਂ ਦਾ ਮੁੱਦਾ ਵੀ ਉਠਾਇਆ ਗਿਆ। ਜ਼ਿਕਰਯੋਗ ਹੈ ਕਿ ਇਸ ਮੰਗ ਨੂੰ ਲੈ ਕੇ ਮੋਹਾਲੀ ਦੇ ਵਾਈਪੀਐਸ ਚੌਂਕ ਵਿਚ ਸੱਤ ਜਨਵਰੀ ਤੋਂ ਲਗਾਤਾਰ ਮੋਟਰਚਾ ਚੱਲ ਰਿਹਾ ਹੈ। ਪਾਰਟੀ ਨੇ ਕਿਹਾ ਹੈ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਬਣਦੀ ਸਜ਼ਾ ਤੋਂ ਵੱਧ ਸਜ਼ਾਵਾਂ ਭੁਗਤ ਚੁੱਕੇ ਸਿੰਘਾਂ ਨੂੰ ਜੇਲ੍ਹਾਂ ਵਿਚ ਰੱਖਣ ਦੀ ਕਿ ਤੁਕ ਬਣਦੀ ਹੈ?  ਇਸਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ  ਜੇਲ੍ਹਾਂ ਵਿੱਚ ਵੱਖ-ਵੱਖ ਕੇਸਾਂ ਵਿੱਚ ਬੰਦ ਕੀਤੇ ਬੁੱਧੀਜੀਵੀ, ਪੱਤਰਕਾਰ, ਲੇਖਕਾਂ ਨੂੰ ਰਿਹਾਅ ਕਰਨ ਅਤੇ ਪਟਿਆਲਾ ਵਿਖੇ ਤੀਜੇ ਹਿੱਸੇ ਦੀ ਜ਼ਮੀਨ ਲਈ ਸੰਘਰਸ਼ ਕਰ ਰਹੇ ਮਜ਼ਦੂਰਾਂ ਦੀ ਗ੍ਰਿਫਤਾਰੀ ਦੀ ਸਖਤ ਨਿਖੇਧੀ ਕੀਤੀ ਗਈ ਤੇ ਉਹਨਾਂ ਲਈ ਵੀ ਰਿਹਾਈ ਦੀ ਮੰਗ ਕੀਤੀ ਗਈ। 

ਮੀਡੀਆ ਨੂੰ ਆਨੇ ਬਹਾਨੇ ਤੰਗ ਪ੍ਰੇਸ਼ਾਨ ਅਤੇ ਹਰਾਸ ਕਰਨ ਦਾ ਵੀ ਪਾਰਟੀ ਨੇ ਗੰਭੀਰ ਨੋਟਿਸ ਲਿਆ ਹੈ। ਅਜਿਹੀ ਹਰਾਸਮੈਂਟ ਦੇ ਤਾਜ਼ਾ ਮਾਮਲੇ ਵੱਜੋਂ ਅਜੀਤ ਅਖ਼ਬਾਰ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨੂੰ ਵਿਜੀਲੈਂਸ ਵਲੋਂ ਬੁਲਾਉਣ ਲਈ ਨੋਟਿਸ ਭੇਜਣ ਦਾ ਮਾਮਲਾ ਉਠਾਇਆ ਗਿਆ। ਇਸ ਕਾਰਵਾਈ ਦੀ ਦੀ ਨਿੰਦਾ ਕਰਦਿਆਂ ਇਸ ਨੂੰ ਪ੍ਰੈੱਸ ਦੀ ਆਜ਼ਾਦੀ ਉੱਪਰ ਹਮਲਾ ਕਰਾਰ ਦਿੱਤਾ ਗਿਆ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

No comments:

Post a Comment