Sunday, June 4, 2023

ਨਕਸਲੀ ਆਗੂ ਕਾਮਰੇਡ ਹਾਕਮ ਸਿੰਘ ਸਮਾਓ ਦੀ ਬਰਸੀ ਮੌਕੇ ਵਿਸ਼ੇਸ਼ ਸਮਾਗਮ

 Sunday 4th June 2023 at 04:23 PM WhatsApp

ਸ਼ਹੀਦ ਭਗਤ ਸਿੰਘ ਦਾ ਬੁੱਤ ਸਥਾਪਤ ਕਰਨ ਲਈ ਵਿਸ਼ੇਸ਼ ਇਕੱਤਰਤਾ  


ਭੀਖੀ: 4 ਜੂਨ‌‌ 2023: (ਨਕਸਲਬਾੜੀ ਸਕਰੀਨ ਡੈਸਕ)::

ਹੁਣ ਜਦੋਂ ਕਿ 28 ਮਈ ਨੂੰ ਨਵੇਂ ਸੰਸਦ ਭਵਨ ਦਾ ਉਦਘਾਟਨ ਵੀਰ ਸਾਵਰਕਰ ਦੇ ਜਨਮਦਿਨ ਮੌਕੇ ਕੀਤਾ ਗਿਆ ਹੈ ਤਾਂ  ਵਾਰ ਫੇਰ ਵੀਰ ਸਾਵਰਕਰ ਦੀ ਭੂਮਿਕਾ ਨੂੰ ਲੈ ਕੇ ਵਿਵਾਦ ਤਿੱਖੇ ਹੋਣ ਲੱਗ ਪਏ ਹਨ। ਮੀਡੀਆ ਰਿਪੋਰਟਾਂ ਦੇ ਮੁਤਾਬਿਕ ਇਸ ਦਿਨ ਆਜ਼ਾਦੀ ਘੁਲਾਟੀਏ ਵਿਨਾਇਕ ਦਾਮੋਦਰ ਸਾਵਰਕਰ ਦਾ 140ਵਾਂ ਜਨਮ ਦਿਵਸ ਵੀ ਹੈ।
ਇਸ ਦਿਨ ਦੀ ਚੋਣ ਨੂੰ ਲੈ ਕੇ ਚਰਚਾ ਲਗਾਤਾਰ ਜ਼ੋਰਾਂ ਤੇ ਰਹੀ। ਸਾਵਰਕਰ ਸਬੰਧੀ ਜਿਸ ਤਰ੍ਹਾਂ ਦੇ ਵਿਵਾਦ ਚਰਚਾ ’ਚ ਰਹੇ ਹਨ, ਉਨ੍ਹਾਂ ਦੇ ਮੱਦੇਨਜ਼ਰ ਕਈ ਸਿਆਸੀ ਹਲਕਿਆਂ ਵਿੱਚ ਇਸਦੀ ਸਖ਼ਤ ਆਲੋਚਨਾ ਕੀਤੀ ਜਾ ਰਹੀ ਹੈ ਕਿ ਨਵੀਂ ਸੰਸਦ ਦਾ ਉਦਘਾਟਨ ਇਸ ਦਿਨ ਹੀ ਕਿਉਂ ਕੀਤਾ ਗਿਆ?  

ਜ਼ਿਕਰਯੋਗ ਹੈ ਕਿ ਵੀਰ ਸਾਵਰਕਰ ਦੀ ਆਲੋਚਨਾ ਉਨ੍ਹਾਂ ਮਾਫ਼ੀਨਾਮਿਆਂ ਲਈ ਕੀਤੀ ਜਾਂਦੀ ਰਹੀ ਹੈ, ਜੋ ਕਿ ਉਨ੍ਹਾਂ ਵੱਲੋਂ ਅੰਡੇਮਾਨ ਦੀ ਸੈਲੂਲਰ ਜੇਲ੍ਹ ’ਚ ਬਤੌਰ ਕੈਦੀ ਵਜੋਂ ਬਰਤਾਨਵੀ ਸਰਕਾਰ ਨੂੰ ਲਿਖੇ ਗਏ ਸਨ। ਇਸ ਮੁੱਦੇ ਨੂੰ ਲੈ ਕੇ ਕਈ ਵਾਰ ਸਪਸ਼ਟੀਕਰਨ ਵੀ ਆਉਂਦੇ ਰਹੇ ਹਨ ਪਰ ਫਿਰ ਵੀ ਇਹ ਮੁੱਦਾ ਸਮੇਂ ਸਮੇਂ ਭਖਦਾ ਹੀ ਰਹਿੰਦਾ ਰਿਹਾ। 

ਇਹਨਾਂ ਵਿਵਾਦਾਂ ਦੇ ਦਰਮਿਆਨ ਹੀ ਨਵੇਂ ਸੰਸਦ ਭਵਨ ਦੇ ਉਦਘਾਟਨ ਦੀ ਖ਼ਬਰ ਆਉਣ ਤੋਂ ਬਾਅਦ ਮਹਾਤਮਾ ਗਾਂਧੀ ਦੇ ਪੜਪੋਤੇ ਤੁਸ਼ਾਰ ਗਾਂਧੀ ਨੇ ਟਵੀਟ ਕਰਕੇ ਕਿਹਾ ਹੈ ਕਿ ਇਸ ਇਮਾਰਤ ਦਾ ਨਾਮ ‘ਸਾਵਰਕਰ ਸਦਨ’ ਅਤੇ ਸੈਂਟਰਲ ਹਾਲ ਦਾ ਨਾਮ ‘ਮਾਫ਼ੀ ਖੇਤਰ’ ਰੱਖਣਾ ਚਾਹੀਦਾ ਹੈ। ਇਹ ਟਿੱਪਣੀ ਆਪਣੇ ਆਪ ਵਿਚ ਕਾਫੀ ਸਖਤ ਹੈ। 

ਇਸੇ ਦੌਰਾਨ ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਇਸ ਸਾਰੇ ਘਟਨਾਕ੍ਰਮ ਦਾ ਜੁਆਬ ਆਪਣੇ ਅੰਦਾਜ਼ ਵਿਚ ਦਿੱਤਾ ਹੈ। ਉਹਨਾਂ ਘੱਲੂਘਾਰੇ ਹਫਤੇ ਦੌਰਾਨ ਸ਼ਹੀਦ ਭਗਤ ਸਿੰਘ ਦੇ ਬੁੱਤ ਦੀ ਸਥਾਪਨਾ ਕਰ ਕੇ ਇੱਕ ਵਾਰ ਫੇਰ ਐਲਾਨ ਕੀਤਾ ਹੈ ਕਿ ਉਹਨਾਂ ਦਾ ਨਾਇਕ ਸ਼ਹੀਦ ਭਗਤ ਸਿੰਘ ਹੀ ਹੈ। 

ਪੰਜਾਬ ਦੀ ਨਕਸਲਬਾੜੀ ਲਹਿਰ ਦੇ ਨਾਇਕ ਕਾਮਰੇਡ ਹਾਕਮ ਸਿੰਘ ਸਮਾਓ ਦੀ ਚੌਵੀਂ ਬਰਸੀ ਦੇ ਮੌਕੇ 'ਤੇ ਸ਼ਹੀਦ ਬਲਵਿੰਦਰ ਸਿੰਘ ਸਮਾਓ ਤੇ ਮਨੋਜ ਕੁਮਾਰ ਭੀਖੀ ਦੀ ਯਾਦ ਮੌਕੇ ਪੰਜਾਬ ਅੰਦਰ ਫੈਲ ਰਹੇ ਨਸ਼ਿਆਂ ਖ਼ਿਲਾਫ਼ ਸਰਕਾਰੀ ਹਾਈ ਸਕੂਲ ਸਮਾਓ ਵਿਖੇ ਭਰਵੀਂ ਕਨਵੈਨਸ਼ਨ ਕੀਤੀ ਗਈ। ਕਨਵੈਨਸ਼ਨ ਤੋਂ ਪਹਿਲਾਂ ਸਕੂਲ ਦੇ ਗੇਟ ਤੇ ਸ਼ਹੀਦ ਭਗਤ ਸਿੰਘ ਦਾ ਬੁੱਤ ਸਥਾਪਤ ਕੀਤਾ ਗਿਆ,ਜਿਸ ਦਾ ਉਦਘਾਟਨ ਮੌਜੂਦਾ ਸਰਪੰਚ ਪਰਮਜੀਤ ਕੌਰ ਸਮਾਓਂ ਵੱਲੋਂ ਕੀਤਾ ਗਿਆ। ਇਸ ਤਰ੍ਹਾਂ ਇਹ ਸਮਾਗਮ ਜਜ਼ਬਾਤੀ ਪੱਖੋਂ ਵੀ ਸੰਵੇਦਨਾ ਜਗਾਉਣ ਵਾਲਾ ਰਿਹਾ।

ਇਸ ਕਨਵੈਨਸ਼ਨ ਦੀ ਪ੍ਰਧਾਨਗੀ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਕੌਮੀ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੂਲਦੂ ਸਿੰਘ ਮਾਨਸਾ,ਸਾਬਕਾ ਪੰਚ ਭੂਰਾ ਸਿੰਘ ਸਮਾਓ, ਸਰਬਜੀਤ ਕੌਰ ਸਮਾਓਂ, ਕਾਮਰੇਡ ਹਾਕਮ ਸਿੰਘ ਸਮਾਓ ਦੀ ਬੇਟੀ ਦੀਪੀ ਸਮਾਓ,ਗੁਰਮੇਜ ਸਿੰਘ ਸਮਾਓ ਸਰਪੰਚ ਪਰਮਜੀਤ ਕੌਰ ਸਮਾਓਂ ਤੇ ਮੌਜੂਦਾ ਪੰਚਾਇਤ ਨੇ ਕੀਤੀ। ਪੰਜਾਬ ਦੀ ਸਿਆਸਤ ਦੇ ਮੌਜੂਦਾ ਹਾਲਾਤ ਵਿਚ ਇਸ ਸਮਾਗਮ ਨੂੰ ਅਹਿਮ ਸੰਦੇਸ਼ ਮੰਨਿਆ ਜਾ ਰਿਹਾ ਹੈ। 

ਇਸ ਮੌਕੇ ਮੁੱਖ ਬੁਲਾਰੇ ਵਜੋਂ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸਾਬਕਾ ਸੰਸਦ ਮੈਂਬਰ ਤੇ ਚਿੰਤਕ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ ਜਦੋਂ ਦਾ ਮਨੁੱਖੀ ਸਮਾਜ ਹੋਂਦ ਵਿਚ ਆਇਆ , ਉਦੋਂ ਤੋਂ ਜਾਣੀ ਮੁੱਢ ਕਦੀਮ ਤੋਂ ਨਸ਼ੇ ਇਥੇ ਮੌਜੂਦ ਰਹੇ ਹਨ, ਪਰ ਉਹ ਹੁਣ ਵਾਂਗ ਮੌਤ ਦਾ ਖੂਹ ਕਦੇ ਨਹੀਂ ਸੀ ਬਣੇ। 

ਉਹਨਾਂ ਸਪਸ਼ਟ ਕਿਹਾ ਕਿ ਨਸ਼ੇ ਕਦੇ ਵੀ ਅਮਨ ਕਾਨੂੰਨ ਦੀ ਸਮਸਿਆ ਨਹੀਂ ਹੁੰਦੇ, ਜਿਵੇਂ ਅਕਸਰ ਸਰਕਾਰਾਂ ਐਲਾਨਦੀਆਂ ਹੁੰਦੀਆਂ ਹਨ। ਉਹਨਾਂ ਸਾਫ ਸ਼ਬਦਾਂ ਵਿਚ ਕਿਹਾ ਕਿ ਐਨਡੀਪੀਐਸ ਐਕਟ ਦਹਿਸਤਪਸੰਦੀ ਤੋਂ ਬਾਦ ਪੁਲਸ ਕੋਲ ਲੋਕਾਂ ਨੂੰ ਲੁੱਟਣ ਦਾ ਦੂਜਾ ਹਥਿਆਰ ਹੈ। ਸਰਮਾਏਦਾਰ ਹੁਕਮਰਾਨ, ਪੁਲਸ ਤੇ ਡਰੱਗ ਮੀਡੀਆ ਮਿਲ ਕੇ ਇਹ ਕਰੋੜਾਂ ਦਾ ਕਾਰੋਬਾਰ ਚਲਾ ਰਹੇ ਹਨ। ਇਹ ਕਾਨੂੰਨ 1985 ਵਿਚ ਯੂਐਨਓ ਦੇ ਦਬਾਅ ਹੇਠ ਬਣਿਆ, ਜਿਸ ਨੇ ਫੀਮ ਭੁੱਕੀ ਖਾਣ ਵਾਲਿਆਂ ਨੂੰ ਅਪਰਾਧੀ ਕਰਾਰ ਦੇ ਕੇ ਜੇਲਾਂ ਵਿਚ ਬੰਦ ਕਰਨ ਦਾ ਰਾਹ ਖੋਹਲਣ ਦਿੱਤਾ। ਪਰ ਹੁਣ ਉਹੀ ਯੂਐਨਓ ਖੁਦ ਮੰਨ ਰਿਹਾ ਹੈ ਕਿ ਸੰਸਾਰ ਨਸ਼ਿਆਂ ਖ਼ਿਲਾਫ਼ ਅਪਣੀ ਜੰਗ ਹਾਰ ਚੁੱਕਿਆ ਹੈ।

ਇਸ ਲਈ ਪੁਰਤਗਾਲ ਸਮੇਤ ਦੁਨੀਆਂ ਦੇ 38 ਦੇਸ਼ਾਂ ਨੇ ਨਸ਼ਿਆਂ ਬਾਰੇ ਬਣਾਏ ਅਪਣੇ ਪੁਰਾਣੇ ਸਖਤ ਕਾਨੂੰਨ ਰੱਦ ਕਰ ਦਿੱਤੇ ਹਨ। ਹੁਣ ਬਹੁਤੇ ਦੇਸ਼ਾਂ ਵਿਚ ਅਫੀਮ ਪੋਸਤ ਤੇ ਭੰਗ ਵਰਗੇ ਕੁਦਰਤੀ ਨਸ਼ੇ ਸੀਮਤ ਮਾਤਰਾ ਵਿਚ ਪੈਦਾ ਕਰਨ ਤੇ ਵਰਤਣ ਉਤੇ ਕੋਈ ਰੋਕ ਨਹੀਂ ਹੈ। ਸਾਡੇ ਦੇਸ਼ ਨੂੰ ਵੀ ਅਪਣੀ ਪਹੁੰਚ ਤਬਦੀਲ ਕਰਨ ਦੀ ਅਣਸਰਦੀ ਜ਼ਰੂਰਤ ਹੈ। ਸਾਡੀ ਸਰਕਾਰ ਨੂੰ ਵੀ ਇਸ ਦਿਸ਼ਾ ਵਿਚ ਚੱਲਣਾ ਚਾਹੀਦਾ ਹੈ। ਭਾਰਤ ਵੀ ਐਨਡੀਪੀਐਸ ਐਕਟ ਖਤਮ ਕਰੇ। ਨਸ਼ੇ ਕਰਨ ਵਾਲੇ ਅਪਰਾਧੀ ਨਹੀਂ, ਬੀਮਾਰ ਹਨ। ਉਨਾਂ ਨੂੰ ਮਾਨਸਿਕ ਇਲਾਜ ਦੀ ਜ਼ਰੂਰਤ ਹੈ। ਉਨ੍ਹਾਂ ਨੂੰ ਗੁਜ਼ਾਰੇ ਲਈ ਮੁੱਢਲੀਆਂ ਸਹੂਲਤਾਂ, ਢੁੱਕਵਾਂ ਰੁਜ਼ਗਾਰ ਅਤੇ ਉਸਾਰੂ ਸਮਾਜਿਕ ਰੁਝੇਵੇਂ , ਖੇਡਾਂ ਤੇ ਮੰਨੋਰੰਜਨ ਆਦਿ ਦੇ ਸਾਧਨ ਮੁਹਈਆ ਕਰਵਾਏ ਜਾਣ ਦੀ ਜ਼ਰੂਰਤ ਹੈ। ਲੋਕ ਤੇ ਖਾਸ ਕਰ ਸਾਡੇ ਨੌਜਵਾਨ ਅਪਣੇ ਆਪ ਹੀ ਨਸ਼ਿਆਂ ਤੋਂ ਦੂਰ ਹੁੰਦੇ ਜਾਣਗੇ।

ਇਸ ਮੌਕੇ 'ਤੇ ਹੀ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਸਮੇਂ ਦੇ ਹਾਕਮਾਂ ਨੇ ਸਦਾ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਲਈ ਸਮਾਜ ਨੂੰ ਸਦਾ ਫਿਰਕਾਪ੍ਰਸਤੀ ਤੇ ਨਸ਼ਿਆਂ ਵੱਲ ਧੱਕਿਆ ਹੈ। ਉਨ੍ਹਾਂ ਕਿਹਾ ਸਰਕਾਰ ਤੇ ਪੁਲਿਸ ਨਸ਼ੇ ਦੇ ਕਾਲੇਬਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਬਜਾਏ ਉਨ੍ਹਾਂ ਨਾਲ ਗੱਠਜੋੜ ਕਰ ਰਹੀ ਹੈ ਤੇ ਪੁਸ਼ਤਪਨਾਹੀ ਕਰ ਰਹੀ ਹੈ। ਉਨ੍ਹਾਂ ਭਗਵੰਤ ਮਾਨ ਸਰਕਾਰ ਤੇ ਹਮਲਾ ਕਰਦਿਆਂ ਕਿਹਾ ਕਿ ਨਸ਼ਿਆਂ ਦਾ ਖਾਤਮਾ ਕਰਨ ਦੀ ਗਰੰਟੀ ਦੇ ਕੇ ਸਤਾ ਚ ਆਈ ਸਰਕਾਰ ਅੱਜ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣ ਵਾਲਿਆਂ ਤੇ ਹੀ ਝੂਠੇ ਕੇਸ ਪਾਏ ਰਹੀ ਹੈ। ਉਨ੍ਹਾਂ ਕਿਹਾ ਕਾਮਰੇਡ ਹਾਕਮ ਸਿੰਘ ਸਮਾਓ ਦੀ ਪਾਰਟੀ ਅਜਿਹੇ ਨਿਕੰਮੇ ਸਿਸਟਮ ਨੂੰ ਤਬਾਹ ਕਰਨ ਲਈ ਲਈ ਯਤਨਸ਼ੀਲ ਹੈ।

ਇਸ ਯਾਦਗਾਰੀ ਕਨਵੈਨਸ਼ਨ ਦੌਰਾਨ ਜੁਝਾਰੂ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਾਰੀ ਜ਼ਿੰਦਗੀ ਲੋਕ ਲਹਿਰਾਂ ਨੂੰ ਪ੍ਰਣਾਏ ਰਹੇ ਕਿਰਤੀ ਆਗੂ ਬਜ਼ੁਰਗ ਕਾਮਰੇਡ ਮੋਦਨ ਸਿੰਘ ਨੰਗਲ ਕਲਾਂ ਦਾ ਸਨਮਾਨ ਵੀ ਕੀਤਾ। 

ਇਸ ਕਨਵੈਨਸ਼ਨ ਨੂੰ ਉਕਤ ਤੋਂ ਇਲਾਵਾ ਐਮ ਐਲ ਏ ਬੁੱਧ ਰਾਮ ਬੁਢਲਾਡਾ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੂਲਦੂ ਸਿੰਘ ਮਾਨਸਾ,ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਕੰਟਰੋਲ ਕਮਿਸ਼ਨ ਦੇ ਮੈਂਬਰ ਕਾਮਰੇਡ ਨਛੱਤਰ ਸਿੰਘ ਖੀਵਾ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੋਲਾ ਸਿੰਘ ਸਮਾਓ, ਗੁਰਨਾਮ ਭੀਖੀ, ਸੀਪੀਆਈ ਐਮ ਐਲ ਲਿਬਰੇਸ਼ਨ ਦੇ ਸੂਬਾ ਆਗੂ ਸੁਖਦਰਸ਼ਨ ਨੱਤ, ਹਰਭਗਵਾਨ ਭੀਖੀ, ਪ੍ਰਗਤੀਸ਼ੀਲ ਇਸਤਰੀ ਸਭਾ ਦੀ ਆਗੂ ਜਸਵੀਰ ਕੌਰ ਨੱਤ, ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਵਿਜੈ ਕੁਮਾਰ,ਪੰਚ ਗੁਰਮੇਜ ਸਿੰਘ, ਕਮਲਜੀਤ ਸਿੰਘ ਸਮਾਓ, ਪਰਮਜੀਤ ਕੌਰ, ਰਣਦੀਪ ਕੌਰ,ਗੋਰਾ ਸਿੰਘ, ਪਰਮਜੀਤ ਕੌਰ, ਕਾਮਰੇਡ ਧਰਮਪਾਲ ਨੀਟਾ,ਮਾਸਟਰ ਛੱਜੂ ਰਾਮ ਰਿਸ਼ੀ,ਰੂਪ ਸਿੰਘ ਢਿੱਲੋਂ,ਆਇਸਾ ਆਗੂ ਸੁਖਜੀਤ ਸਿੰਘ ਰਾਮਾਨੰਦੀ, ਗੁਰਸੇਵਕ ਮਾਨ,ਜੀਤ ਬੋਹਾ, ਦਿਨੇਸ਼ ਕੁਮਾਰ ਸੋਨੀ, ਆਦਿ ਨੇ ਸੰਬੋਧਨ ਕੀਤਾ।ਮੰਚ ਸੰਚਾਲਨ ਭੋਲਾ ਸਿੰਘ ਸਮਾਓ ਤੇ ਧੰਨਵਾਦ ਦੀਪੀ ਸਮਾਓ ਨੇ ਕੀਤਾ। 

No comments:

Post a Comment