Wednesday, May 10, 2023

ਨਕਸਲੀ ਲਹਿਰ ਦੀ ਪੱਤਰਕਾਰੀ ਨੇ ਰਚਿਆ ਸੀ ਇਤਿਹਾਸ

ਆਖਿਰ ਤਕਨੀਕੀ ਵਿਕਾਸ ਵਿੱਚ ਹੁਣ ਉਹ ਜਾਦੂ ਕਿਓਂ ਨਹੀਂ ਚੱਲ ਰਿਹਾ? 


ਚੰਡੀਗੜ੍ਹ
: 10 ਮਈ 2023: (ਰੈਕਟਰ ਕਥੂਰੀਆ//ਨਕਸਲਬਾੜੀ ਸਕਰੀਨ ਡੈਸਕ)::

ਕਿਸੇ ਵੇਲੇ ਹਿੰਦੀ ਵਿੱਚ ਇੱਕ ਕਹਾਵਤ ਹੋਇਆ ਕਰਦੀ ਸੀ--ਤਲਵਾਰ ਮੁਕਾਬਿਲ ਹੋ ਤੋ ਅਖਬਾਰ ਨਿਕਾਲੋ! ਕਈ ਵਾਰ ਇਸੇ ਨੂੰ ਲਿਖਦਿਆਂ ਤਲਵਾਰ ਦੀ ਥਾਂ ਤੇ ਤੋਪ ਸ਼ਬਦ ਵੀ ਵਰਤਿਆ ਜਾਂਦਾ। ਇਸ ਬੇਹੱਦ ਪੁਰਾਣੀ ਕਹਾਵਤ ਨਾਲ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਕਲਮਾਂ ਨਾਲ ਜਨਤਕ ਅੰਦੋਲਨ ਪ੍ਰਭਾਵਿਤ ਹੁੰਦੇ ਰਹੇ ਹਨ ਅਤੇ ਜਨਤਕ ਲਹਿਰਾਂ ਨਾਲ ਕਲਮਾਂ ਵੀ ਪ੍ਰਭਾਵਿਤ ਹੁੰਦੀਆਂ ਰਹੀਆਂ ਹਨ। ਨਕਸਲਬਾੜੀ ਲਹਿਰ ਦੇ ਉਭਾਰ ਮਗਰੋਂ ਬਹੁਤ ਸਾਰੇ ਦੁਚਿਤੀ ਦਾ ਸ਼ਿਕਾਰ ਵੀ ਰਹੇ। ਉਹਨਾਂ ਵੇਲਿਆਂ ਵਿੱਚ ਡਾਕਟਰ ਸੁਰਜੀਤ ਪਾਤਰ ਹੁਰਾਂ ਵੱਲੋਂ ਲਿਖਿਆ ਗਿਆ ਸੀ-

ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ?ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ!

ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਮੇਰਾ ਜੀਣਾ ਮੇਰੇ ਯਾਰ ਕਿੰਝ ਸਹਿਣਗੇ!

ਇਸੇ ਦੁਚਿਤੀ ਦਾ ਬਹੁਤ ਹੀ ਕਲਾਤਮਕ ਅੰਦਾਜ਼ ਨਾਲ ਪ੍ਰਗਟਾਵਾ ਕਰਦਿਆਂ ਆਕਾਸ਼ਵਾਣੀ ਜਲੰਧਰ ਵਾਲੇ ਰੇਡੀਓ ਸਟੇਸ਼ਨ ਵਿੱਚ ਲੱਗੇ ਵੱਡੇ ਅਫਸਰ ਐਸ ਐਸ ਮੀਸ਼ਾ ਸਾਹਿਬ ਨੇ ਲਿਖਿਆ ਸੀ:

ਲਹਿਰਾਂ ਸੱਦਿਆ ਸੀ ਸਾਨੂੰ ਵੀ ਇਸ਼ਾਰਿਆਂ ਦੇ ਨਾਲ!

ਸਾਥੋਂ ਮੋਹ ਤੋੜ ਹੋਇਆ ਨਾ ਕਿਨਾਰਿਆਂ ਦੇ ਨਾਲ!  

ਇਸੇ ਦੌਰਾਨ ਉਹਨਾਂ ਕਲਮਕਾਰਾਂ ਦੀ ਵੀ ਹਨੇਰੀ ਜਿਹੀ ਆ ਗਈ ਸੀ ਜਿਹਨਾਂ ਨੇ ਸਭ ਕੁਝ ਧੜੱਲੇ ਨਾਲ ਲਿਖਿਆ। ਪਾਸ਼ ਨੇ ਲਿਖਿਆ ਸੀ:

ਮੈਂਨੰ ਨਹੀਂ ਚਾਹੀਦੇ ਅਮੀਨ ਸੱਯਾਨੀ ਦੇ ਡਾਇਲਾਗ

ਸਾਂਭੋ ਆਨੰਦ ਬਖਸ਼ੀ, ਤੁਸੀਂ ਜਾਣੋ ਲਕਸ਼ਮੀ ਕਾਂਤ

ਮੈਂ ਕੀ ਕਰਨਾ ਹੈ ਇੰਦਰਾ ਦਾ ਭਾਸ਼ਨ

ਮੈਂਨੂੰ ਚਾਹੀਦੇ ਹਨ ਕੁਝ ਬੋਲ

ਜਿਨ੍ਹਾਂ ਦਾ ਇਕ ਗੀਤ ਬਣ ਸਕੇ…

ਮੇਰੇ ਮੂੰਹ 'ਚ ਤੁੰਨ ਦਿਓ ਯਮਲੇ ਜੱਟ ਦੀ ਤੂੰਬੀ

ਮੇਰੇ ਮੱਥੇ 'ਤੇ ਝਰੀਟ ਦੇਵੋ ਟੈਗੋਰ ਦੀ ਨੈਸ਼ਨਲ ਇੰਥਮ

ਮੇਰੀ ਹਿੱਕ 'ਤੇ ਚਿਪਕਾ ਦਿਓ ਗੁਲਸ਼ਨ ਨੰਦਾ ਦੇ ਨਾਵਲ

ਅਜਿਹੀ ਸ਼ਬਦਾਵਲੀ ਜਿਸ ਦਿਲ ਦਿਮਾਗ ਵਿਚੋਂ ਆਈ ਉਹ ਸ਼ਬਦਾਵਲੀ ਦੱਸਦੀ ਹੈ ਕਿ ਉਸਨੇ ਉਹਨਾਂ ਵੇਲਿਆਂ ਵਾਲੇ ਸਿਸਟਮ ਦੇ ਖਿਲਾਫ ਕਿੰਨਾ ਗੁੱਸਾ ਹੰਢਾਇਆ ਹੋਵੇਗਾ ਆਪਣੇ ਹੀ ਆਪ ਤੇ?

ਸੰਤ ਸੰਧੂ, ਸੰਤ ਰਾਮ ਉਦਾਸੀ ਅਤੇ ਬਹੁਤ ਸਾਰੇ ਹੋਰਨਾਂ ਨੇ ਵੀ ਕਮਾਲ ਦਾ ਲਿਖਿਆ। ਸ਼ਾਇਦ ਬਾਬਾ ਬੂਝ ਸਿੰਘ ਦਾ ਲਹੂ ਇਹਨਾਂ ਕਲਮਾਂ ਰਾਹੀਂ ਰਕਤਬੀਜ ਬਣ ਕੇ ਉੱਠ ਖੜੋਤਾ ਸੀ। ਸ਼ਾਇਰੀ ਦੇ ਇਸ ਇਤਿਹਾਸਿਕ ਦੌਰ ਦੇ ਨਾਲ ਨਾਲ ਉਸ ਵੇਲੇ ਦੀ ਪੱਤਰਕਾਰਿਤਾ ਨੇ ਵੀ ਨਵੇਂ ਪੂਰਨੇ ਪਾਏ। ਉਦੋਂ ਅੱਜ ਵਰਗਾ ਤਕਨੀਕੀ ਵਿਕਾਸ ਕੋਈ ਜ਼ਿਆਦਾ ਨਹੀਂ ਸੀ ਹੋਇਆ। ਪੱਤਰਕਾਰੀ ਵਿਚ ਨਵਾਂ ਇਤਿਹਾਸ ਰਚ ਰਹੇ ਇਹਂਨਾਂ ਪਰਚਿਆਂ ਦੇ ਸਾਧਨ ਵੀ ਕੋਈ ਜ਼ਿਆਦਾ ਨਹੀਂ ਸਨ। ਸਦਾ ਜਿਹੀ ਛਪਾਈ, ਸਦਾ ਜਿਹਾ ਕਾਗਜ਼ ਅਤੇ ਉਹ ਵੀ ਕਈ ਵਾਰ ਸਿਰਫ ਬਲੈਕ ਐਂਡ ਵਾਈਟ! ਇਸਦੇ ਬਾਵਜੂਦ ਇਹਨਾਂ ਪਰਚਿਆਂ ਦੇ ਪਾਠਕਾਂ ਦੀ ਗਿਣਤੀ ਲਗਾਤਾਰ ਵਧਦੀ ਚਲੀ ਜਾ ਰਹੀ ਸੀ। ਸ਼ਾਇਦ ਹੀ ਕੋਈ ਬੁੱਕ ਸਟਾਲ ਜਾਂ ਨਿਊਜ਼ ਏਜੰਸੀ ਹੋਵੇ ਜਿਥੇ ਇਹ ਪਰਚੇ ਨਾ ਮਿਲਦੇ ਹੋਣ। ਉਸ ਸਮੇਂ ਸਭ ਤੋਂ ਵੱਧ ਵਿਕਰੀ ਦਾ ਕੋਈ ਰਿਕਾਰਡ ਨਹੀਂ ਸੀ ਰੱਖਿਆ ਜਾਂਦਾ ਪਰ ਇਹ ਗਿਣਤੀ ਕਾਫੀ ਸੀ। ਇਹ ਸਾਰੇ ਉਹ ਲੋਕ ਸਨ ਜਿਹੜੇ ਉਸ ਵੇਲੇ ਦੀ ਸੱਤਾ ਅਤੇ ਸਿਆਸਤ ਦੇ ਸਾਰੇ ਖਤਰੇ ਉਠਾ ਕੇ ਵੀ ਖੁੱਲ੍ਹ ਕੇ ਸਾਹਮਣੇ ਆਏ। ਇਹ ਧਿਰ ਨਕਸਲਬਾੜੀ ਲਹਿਰ ਦੇ ਰੂਪੋਸ਼ ਆਗੂਆਂ ਅਤੇ ਵਰਕਰਾਂ ਤੋਂ ਬਿਲਕੁਲ ਹੀ ਵੱਖਰੀ ਸੀ। ਇਹ ਕਲਮਕਾਰ ਉਹਨਾਂ ਰੂਪੋਸ਼ ਆਗੂਆਂ ਦੇ ਬੁਲਾਰੇ ਬਣੇ ਬਿਨਾ ਵੀ ਉਹਨਾਂ ਦੀ ਹੀ ਆਵਾਜ਼ ਬਣ ਕੇ ਸਾਹਮਣੇ ਆਏ ਸਨ। 

ਇਸ ਸ਼ਾਇਰੀ ਅਤੇ ਇਸ ਅੰਦਾਜ਼ ਨੂੰ ਸਿੱਖ ਖਾੜਕੂ ਲਹਿਰ ਵੇਲੇ ਵੀ ਬਦਲਵੇਂ ਢੰਗ ਤਰੀਕਿਆਂ ਨਾਲ ਬਹੁਤ ਹੁੰਗਾਰਾ  ਮਿਲਿਆ। ਸਮਾਜ ਅਤੇ ਸਿਆਸਤ ਦੇ ਖੇਤਰਾਂ ਵਿੱਚ ਅਜਿਹੇ ਸਾਹਿਤ ਦੀ ਚੜ੍ਹਤ ਨੂੰ ਰੋਕਣ ਲਈ ਹੀ ਪੂੰਜੀਵਾਦੀ ਅਤੇ ਕਾਰਪੋਰੇਟੀ ਪੱਖੀ ਸਿਆਸਤ ਵੱਲੋਂ ਅਸ਼ਲੀਲ ਸਾਹਿਤ ਦੀ ਇੱਕ ਹਨੇਰੀ ਜਿਹੀ ਵੀ ਲਿਆਂਦੀ ਗਈ ਜਿਹੜੀ ਕਾਰਗਾਰ ਵੀ ਰਹੀ। ਨੌਜਵਾਨ ਪੀੜ੍ਹੀ ਦਾ ਵੱਡਾ ਹਿਸਾ ਨਸ਼ਿਆਂ ਅਤੇ ਅਸ਼ਲੀਲਤਾ ਵਿਚ ਗਲਤਾਨ ਹੁੰਦਾ ਚਲਾ ਗਿਆ। ਕੋਈ ਹਰਿਆ ਬੂਟ ਰਹਿਓ ਰੀ ਵਰਗੀ ਸਥਿਤੀ ਬਣਦੀ ਚਾਲੀ ਗਈ। ਸਟੇਜ ਦੀ ਕਲਾ ਨੂੰ ਹਥਿਆਰ ਬਣਾ ਕੇ ਲੋਕਾਂ ਪ੍ਰਤੀ ਪ੍ਰਤੀਬੱਧ ਰਹੇ ਗੁਰਸ਼ਰਨ ਭਾਅ ਜੀ ਵਰਗੀਆਂ ਕੁਝ ਸ਼ਖਸੀਅਤਾਂ ਅਤੇ ਪਲਸ ਮੰਚ ਵਰਗੀਆਂ ਕੁਝ ਸੰਸਥਾਵਾਂ ਅਤੇ ਕੁਝ ਹੋਰਨਾਂ ਨੇ ਇਸ ਹਨੇਰੀ ਨੂੰ ਕੁਝ ਠੱਲ੍ਹ ਵੀ ਪਾਈ।  

ਇਹਨਾਂ ਸਾਰੇ ਉਪਰਾਲਿਆਂ ਦੇ ਬਾਵਜੂਦ ਇਸ ਹਨੇਰੀ ਦੀ ਮਾਰ ਬਹੁਤੀ ਦੇਰ ਪੂਰੀ ਤਰ੍ਹਾਂ ਰੋਕੀ ਨਾ ਜਾ ਸਕੀ। ਸ਼ਾਇਦ ਉਸਦਾ ਹੀ ਨਤੀਜਾ ਹੈ ਕਿ ਅੱਜ ਤਕਨੀਕੀ ਤੌਰ ਤੇ ਬਹੁਤ ਸਾਰੇ ਵਿਕਾਸ ਅਤੇ ਸਾਧਨਾਂ ਦੇ ਬਾਵਜੂਦ ਖੱਬੀ ਸੋਚ ਵਾਲੇ ਪਰਚਿਆਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਬਹੁਤ ਘਟ ਗਈ ਹੈ। ਹੁਣ ਰੰਗੀਨ ਛਪਾਈ ਵੀ ਪਾਠਕਾਂ ਨੂੰ ਬਹੁਤ ਆਕਰਸ਼ਿਤ ਨਹੀਂ ਕਰਦੀ। ਹੁਣ ਕਿਤਾਬ ਜਾਂ ਲਹਿਰ ਨਾਲ ਜੁੜਿਆ ਪਰਚਾ ਆਪਣੇ ਆਪ ਖਰੀਦਣ ਨੂੰ ਪਹਿਲ ਨਹੀਂ ਦਿੱਤੀ ਜਾਂਦੀ। ਟਰੇਡ ਯੂਨੀਅਨਾਂ ਅਤੇ ਹੋਰ ਸੰਸਥਾਵਾਂ ਆਪੋ ਆਪਣੇ ਜ਼ਿਲਿਆਂ ਦੇ ਮੈਂਬਰਾਂ ਕੋਲੋਂ ਸਾਲਾਨਾ ਚੰਦੇ ਇਕੱਠੇ ਕਰ ਲੈਂਦੀਆਂ ਹਨ ਅਤੇ ਇਸ ਤਰ੍ਹਾਂ ਪਰਚੇ ਆਉਂਦੇ ਰਹਿੰਦੇ ਹਨ। ਗਿਣਤੀ ਤਸੱਲੀਬਖਸ਼ ਰਹਿੰਦੀ ਹੈ ਪਰ ਉਹਨਾਂ ਪਰਚਿਆਂ ਉਸ ਹਿਸਾਬ ਨਾਲ ਵੀ ਪੜ੍ਹਿਆ ਨਹੀਂ ਜਾਂਦਾ। ਬਹੁਤ ਸਾਰੇ ਪਰਚਿਆਂ ਦੇ ਤਾਂ ਐਡਰੈਸ ਰੈਪਰ ਵੀ ਨਹੀਂ ਉਤਰਦੇ ਉਹ ਉਸੇ ਤਰ੍ਹਾਂ ਰੱਦੀ ਵਾਲੇ ਤੱਕ ਪਹੁੰਚ ਜਾਂਦੇ ਹਨ। 

ਕੁਲ ਮਿਲਾ ਕੇ ਹਾਲਤ ਨਿਘਾਰ ਵਾਲੀ ਹੈ। ਇਸਤੇ ਅਫਸੋਸ ਕਰਨ ਵਾਲੀਆਂ ਗੱਲਾਂ ਵੀ ਬਹੁਤ ਸਾਰੀਆਂ ਹਨ ਪਰ ਇੱਕ ਚੰਗਾ ਪੱਖ ਵੀ ਹੈ। ਬਲਬੀਰ ਪਰਵਾਨਾ ਅਤੇ ਡਾਕਟਰ ਮੇਘ ਸਿੰਘ ਵਰਗੀਆਂ ਸ਼ਖਸੀਅਤਾਂ ਨੇ ਸਵਾ ਲੱਖ ਸੇ ਏਕ ਲੜਾਊਂ ਦੀ ਤੁਕ ਵਾਂਗ ਇਕੱਲ਼ਿਆਂ ਹੀ ਇਸ ਹਨੇਰੀ ਦੇ ਖਿਲਾਫ਼ ਅਲਖ ਜਗਾਈ ਹੈ। ਭਾਵੇਂ ਡਾਕਟਰ ਮੇਘ ਸਿੰਘ ਦੀ ਇਹ ਪੁਸਤਕ ਅਰਥਾਤ-"ਨਕਸਲਵਾੜੀ ਲਹਿਰ ਅਤੇ ਖੱਬੇ ਪੱਖੀ ਪੰਜਾਬੀ ਪੱਤਰਕਾਰੀ" ਸਿਰਫ ਅਤੀਤ ਦੀਆਂ ਗੱਲਾਂ ਕਰਦੀ ਹੀ ਮਹਿਸੂਸ ਹੁੰਦੀ ਪਾਰ ਅਸਲ ਵਿੱਚ ਇਹ ਉਸ ਗੌਰਵਸ਼ਾਲੀ ਇਤਿਹਾਸ ਦੀਆਂ ਯਾਦਾਂ ਤਾਜ਼ੀਆਂ ਕਰਵਾ ਕੇ ਅੱਜ ਦੀਆਂ ਚੁਣੌਤੀਆਂ ਲਈ ਵੀ ਪਰਬਤਾਂ ਵਾਂਗ ਉੱਠ ਕੇ ਸਾਹਮਣੇ ਆਉਣ ਦੀ ਪ੍ਰੇਰਨਾ ਦੇ ਰਹੀ ਹੈ। 

ਚੰਡੀਗੜ੍ਹ ਵਿੱਚ ਕਾਰਲ ਮਾਰਕਸ ਦੇ ਜਨਮ ਦਿਵਸ ਨੂੰ ਸਮਰਪਿਤ ਮੀਟਿੰਗ ਮੌਕੇ ਇਸ ਪੁਸਤਕ ਦੀ ਚਰਚਾ ਸਮੁੱਚੀ ਖੱਬੀ ਲਹਿਰ ਲਈ ਇੱਕ ਚੰਗਾ ਸ਼ਗਨ ਹੈ। ਉਸ ਮੀਟਿੰਗ ਵਿੱਚ ਅਭੈ ਸਿੰਘ ਸੰਧੂ ਨੇ ਮਾਰਕਸ ਨੂੰ ਯਾਦ ਕਰਦਿਆਂ ਅਤੇ ਕਰਵਾਉਂਦਿਆਂ ਸਪਸ਼ਟ ਕਿਹਾ ਕਿ ਮਾਰਕਸ ਦੀ ਸੋਚ ਤੇ ਸਿਧਾਂਤ ਦਾ ਕਿਲਾ ਜਿੰਨਾ ਮਰਜ਼ੀ ਢਾਹ ਲਓ, ਇਹ ਫਿਰ ਉਸਰਦਾ ਰਹੇਗਾ। ਸਮਾਜ ਮਾਰਕਸ ਦੀ ਵਿਚਾਰਧਾਰਾ ਤੋਂ ਅਗਵਾਈ ਲੈਂਦਾ ਰਹੇਗਾ। ਇਹੀ ਗੱਲ ਵਿਗਿਆਨਕ ਪੱਖੋਂ ਸੱਚ ਵੀ ਹੈ। ਕਾਰਪੋਰੇਟੀ ਕਲਚਰ ਅਤੇ ਪੂੰਜੀਵਾਦੀ ਸਾਜ਼ਿਸ਼ਾਂ ਦੇ ਬਾਵਜੂਦ ਇਹ ਸੱਚ ਬਾਰ ਬਾਰ ਸਾਬਿਤ ਹੁੰਦਾ ਵੀ ਰਹੇਗਾ। 

ਇਸੇ ਮੀਟਿੰਗ ਵਿੱਚ ਡਾ. ਮੇਘਾ ਸਿੰਘ ਦੀ ਪੁਸਤਕ "ਨਕਸਲਵਾੜੀ ਲਹਿਰ ਅਤੇ ਖੱਬੇ ਪੱਖੀ ਪੰਜਾਬੀ ਪੱਤਰਕਾਰੀ" ਬਾਰੇ ਸੰਖੇਪ ਜਿਹੀ ਚਰਚਾ ਵੀ ਹੋਈ ਪਾਰ ਇਹ ਵੀ ਬਹੁਤ ਡੂੰਘੇ ਇਸ਼ਾਰੇ ਦੇਣ ਵਾਲੀ ਸੀ। ਇਸ ਨਾਲ ਇੱਕ ਵਾਰ ਫੇਰ ਨਵੀਆਂ ਆਸਾਂ ਉਮੀਦਾਂ ਜਾਗੀਆਂ ਹਨ। ਇਸ ਚਰਚਾ ਦੀ ਸ਼ੁਰੂਆਤ ਕਰਦਿਆਂ ਪ੍ਰੋ।ਅਜਾਇਬ ਸਿੰਘ ਟਿਵਾਣਾ ਨੇ ਕਿਹਾ ਕਿ ਇਹ ਵੱਡਮੁੱਲੀ ਇਤਿਹਾਸਕ ਕਿਰਤ ਹੈ।  ਕੁਲ 251 ਪੰਨਿਆਂ ਵਿੱਚ 186 ਪਰਚਿਆਂ ਨੂੰ ਵਿਚਾਰਿਆ ਗਿਆ ਹੈ। ਇਸ ਤਰ੍ਹਾਂ ਇਹ ਇੱਕ ਇਤਿਹਾਸਿਕ ਖੋਜ ਵੀ ਹੈ। ਦਰਜ ਕੀਤੇ ਵੇਰਵਿਆਂ ਤੋਂ ਸਮਕਾਲੀ ਸਮਾਜਿਕ ਰਾਜਨੀਤਿਕ ਹਾਲਾਤ ਬਾਰੇ ਜਾਣਕਾਰੀ ਮਿਲਦੀ ਹੈ। ਉਨ੍ਹੀਵੀਂ ਸਦੀ ਦੀ ਪੱਤਰਕਾਰੀ ਧਾਰਮਿਕ ਅਤੇ ਅੰਗਰੇਜ਼ ਪ੍ਰਸਤੀ ਵਾਲੀ ਸੀ। ਇਸਨੇ ਰੂਸੀ ਇਨਕਲਾਬ ਲਈ ਸੰਘਰਸ਼ ਦੇ ਪ੍ਰਭਾਵ ਨੂੰ ਕਬੂਲ ਕੀਤਾ ਹੈ। ਪੰਜਾਬ ਦੀ ਧਰਤੀ ਲੋਕ ਲਹਿਰਾਂ ਦਾ ਅਖਾੜਾ ਬਣੀ ਰਹੀ। ਨਕਸਲੀ ਲਹਿਰ ਦੀ ਵੰਡ ਨਾਲ ਸਬੰਧਤ ਤੱਥ ਵੀ ਦਰਜ ਹਨ। 

ਇਸ ਮੀਟਿੰਗ ਵਿੱਚ ਸੀਪੀਆਈ ਐਮ ਐਲ (ਲਿਬਰੇਸ਼ਨ) ਦੇ ਸੀਨੀਅਰ ਆਗੂ ਸੁਖਦਰਸ਼ਨ ਨੱਤ ਦੀ ਮੌਜੂਦਗੀ ਵੀ ਕਿਸੇ ਪ੍ਰਾਪਤੀ ਤੋਂ ਘੱਟ ਨਹੀਂ। ਕਾਮਰੇਡ ਨੱਤ ਨੇ ਇਸ ਪੁਸਤਕ ਸੰਬੰਧੀ ਬਹਿਸ ਸ਼ੁਰੂ ਕਰਦਿਆਂ ਕਿਹਾ ਕਿ ਖੱਬੀ ਲਹਿਰ ਦਾ ਬੌਧਿਕ ਤੇ ਸਾਹਿਤਕ ਖੇਤਰ ਵਿੱਚ ਚੌਖਾ ਅਸਰ ਹੈ। ਇਸੇ ਅਸਰ ਕਰਕੇ 1984 ਵਿੱਚ ਪੰਜਾਬ ਵਿੱਚ ਫਿਰਕੂ ਦੰਗੇ ਨਹੀਂ ਹੋਏ। ਪੰਜਾਬੀਆਂ ਨੇ ਆਜ਼ਾਦੀ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ। 

ਇਸੇ ਮੀਟਿੰਗ ਦੌਰਾਨ ਜੋਗਿੰਦਰ ਸਿੰਘ ਨੇ ਕਿਹਾ ਕਿ ਇਹ ਪੁਸਤਕ ਲੋਕ ਇਤਿਹਾਸ ਦਾ ਵੱਡਾਮੁੱਲਾ ਸਰੋਤ ਹੈ। ਇਸਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਕੋਈ ਵੀ ਲਹਿਰ ਅਲੋਚਨਾ ਤੋਂ ਬਿਨਾਂ ਕਮਜੋਰ ਰਹੇਗੀ। ਵੱਖ ਵੱਖ ਧਿਰਾਂ ਮਾਰਕਸਵਾਦ ਦੀ ਸਾਂਝੀ ਜ਼ਮੀਨ ਉੱਤੇ ਇਕੱਠੀਆਂ ਕੰਮ ਕਰ ਸਕਦੀਆਂ ਹਨ। ਕਿਸਾਨ ਅੰਦੋਲਨ ਇਸ ਦੀ ਸ਼ਾਨਦਾਰ ਮਿਸਾਲ ਹੈ। ਸਾਰੇ ਵਿਰੋਧ ਵਿਕਾਸ ਦੇ ਸਿਧਾਂਤ ਨੂੰ ਮੰਨਦੇ ਹਨ। 

ਸ਼੍ਰੀ ਅਭੈ ਸਿੰਘ ਸੰਧੂ ਨੇ ਕਿਹਾ ਕਿ ਨਕਸਲੀ ਲਹਿਰ ਹਥਿਆਰਬੰਦ ਇਨਕਲਾਬ ਦੀ ਹਾਮੀ ਹੈ ਪਰ ਇਨਕਲਾਬ ਤੋਂ ਉਰ੍ਹੇ ਵੀ ਬਹੁਤ ਕੁਝ ਹੈ। ਮਜ਼ਦੂਰਾਂ ਨੂੰ ਇਕੱਠੇ ਕਰਨ ਤੋਂ ਪਹਿਲਾਂ ਆਪ ਇਕੱਠੇ ਹੋਈਏ। ਚੋਣਾਂ ਦਾ ਬਾਈਕਾਟ ਕਰਕੇ ਪਾਰਲੀਮਾਨੀ ਰਾਹ ਛੱਡ ਦੇਣਾ ਕੋਈ ਸਮਝਦਾਰੀ ਨਹੀਂ ਹੈ। ਚੰਗੇ ਨਿਸ਼ਾਨਚੀ ਕੋਲ ਚੰਗੀ ਬੰਦੂਕ ਦੇ ਨਾਲ ਚੰਗਾ ਉਦੇਸ਼ ਵੀ ਹੋਣਾ ਚਾਹੀਦਾ ਹੈ। ਬਰਾਬਰੀ ਤੇ ਇਨਸਾਫ ਦਾ ਇਲਾਕੇ ਨਾਲ ਸਬੰਧ ਨਹੀਂ ਹੈ। ਇਸ ਲਈ ਪੰਜਾਬ ਅਤੇ ਪਾਣੀਆਂ ਦੀ ਵੰਡ ਨੂੰ ਧੱਕਾ ਕਹਿਣਾ ਠੀਕ ਨਹੀਂ ਹੈ। 

ਡਾ. ਹਜ਼ਾਰਾ ਸਿੰਘ ਚੀਮਾ ਨੇ ਬੜੀ ਸਾਦਗੀ ਨਾਲ ਬੜੀਆਂ ਹੀ ਸਪਸ਼ਟ ਗੱਲਾਂ ਕਹੀਆਂ। ਉਹਨਾਂ ਕਿਹਾ ਕਿ ਨਕਸਲੀ ਲਹਿਰ ਦੀ ਵੰਡ ਦੇ ਕਈ ਕਾਰਨ ਹਨ। ਸਟੇਟ ਸਰਮਾਏਦਾਰੀ ਦੇ ਦਲਾਲ, ਜਨਤਕ ਜੱਥੇਬੰਦੀਆਂ ਨੂੰ ਨਕਾਰਨਾ, ਵਿਅਕਤੀਗਤ ਕਤਲ ਤੇ ਬਰਦਾਸ਼ਤ ਕਰਨ ਦਾ ਮਾਦਾ ਨਾ ਹੋਣਾ ਮੁੱਖ ਕਾਰਨ ਹਨ। ਬਹੁਤੇ ਤੱਤੇ ਵਿਦੇਸ਼ ਵਸ ਕੇ ਠੰਡੇ ਹੋ ਗਏ ਹਨ। 

ਸ਼੍ਰੀ ਮਾਲਵਿੰਦਰ ਸਿੰਘ ਮਾਲੀ ਨੇ ਕਿਹਾ ਕਿ ਮਾਰਕਸ ਦੀਆਂ ਜੜ੍ਹਾਂ ਧਰਤੀ ਵਿੱਚ ਹਨ। ਪਿਉਂਦ ਦਰੱਖਤਾਂ ਨੂੰ ਚਾੜ੍ਹੀ ਜਾਂਦੀ ਹੈ, ਬੰਦਿਆਂ ਨੂੰ ਨਹੀਂ। ਨਕਸਲੀਆਂ ਨੇ ਜਮਹੂਰੀਅਤ ਨੂੰ ਨਕਾਰਿਆ ਹੈ। ਹਿੰਦੂ ਰਾਸ਼ਟਰ ਵਿਰੁੱਧ ਵਿਸ਼ਾਲ ਏਕਤਾ ਬਣ ਸਕਦੀ ਹੈ। ਆਪਸੀ ਸੰਵਾਦ ਬਹੁਤ ਜ਼ਰੂਰੀ ਹੈ। ਬਾਬੇ ਨਾਨਕ ਨੇ ਇਹੋ ਕੰਮ ਕੀਤਾ ਸੀ। 

ਡਾ ਕਾਂਤਾ ਇਕਬਾਲ ਨੇ ਕਿਹਾ ਕਿ ਇਤਿਹਾਸਕ ਤੇ ਦਵੰਧਬਾਦੀ ਪਦਾਰਥਵਾਦ ਸਮਾਜ ਨੂੰ ਸਮਝਣ ਵਿੱਚ ਸਹਾਈ ਹੁੰਦਾ ਹੈ। ਵਣਮਾਣਸ ਤੋਂ ਮਨੁੱਖ ਬਣਨ ਤੱਕ ਕਿਰਤ ਦੀ ਭੂਮਿਕਾ ਦੀ ਪੜ੍ਹਤ ਵੀ ਮੱਦਦ ਕਰਦੀ ਹੈ। 

ਡਾ.ਸਰਬਜੀਤ ਸਿੰਘ ਕੰਗਣੀਵਾਲ ਨੇ ਇਸ ਪੁਸਤਕ ਦੀ ਚਰਚਾ 'ਤੇ ਕੇਂਦਰਿਤ ਹੁੰਦਿਆਂ ਕਿਹਾ ਕਿ ਸੱਜੇ ਦਾ ਬਦਲ ਖੱਬਾ ਹੀ ਹੋ ਸਕਦਾ ਹੈ। ਇਹ ਰਾਜਨੀਤਿਕ ਤੇ ਆਰਥਿਕ ਖੇਤਰ ਦੀ ਪੱਤਰਕਾਰੀ ਦਾ ਮੁਲਾਂਕਣ ਹੈ। ਖੱਬੀ ਲਹਿਰ ਨੇ ਸਾਹਿਤ ਦਾ ਵੀ ਪਸਾਰ ਕੀਤਾ ਹੈ। 

ਡਾ.ਸੁਰਿੰਦਰ ਗਿੱਲ ਤੇ ਸ਼੍ਰੀ ਯਸ਼ਪਾਲ ਨੇ ਕਿਹਾ ਕਿ ਕਿਤਾਬ ਵਿੱਚ ਖੱਬੀ ਲਹਿਰ ਬਾਰੇ ਜਾਣਕਾਰੀ ਘੱਟ ਅਤੇ ਪੱਤਰਕਾਰੀ ਬਾਰੇ ਜਾਣਕਾਰੀ ਜ਼ਿਆਦਾ ਹੈ। 

"ਟਰਾਲੀ ਟਾਈਮਜ਼" ਦੀ ਸੰਪਾਦਕ ਸੰਗੀਤ ਤੂਰ ਨੇ ਕਿਹਾ ਕਿ ਵਿਅਕਤੀਗਤ ਉਭਾਰ ਨਾਲੋਂ ਸਚਾਈ ਨੂੰ ਪੁਨਰ ਸਥਾਪਿਤ ਕਰਨ ਦੀ ਲੋੜ ਹੈ। 

ਸ਼੍ਰੀ ਪਰਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਹ ਖੱਬੀ ਲਹਿਰ ਬਾਰੇ ਨਿਵੇਕਲਾ ਦਸਤਾਵੇਜ਼ ਹੈ। 

ਡਾ. ਮੇਘਾ ਸਿੰਘ ਨੇ ਸਰੋਤਿਆਂ ਦੇ ਸਨਮੁੱਖ ਹੁੰਦਿਆਂ ਕਿਹਾ ਕਿ ਇਹ ਨਕਸਲੀ ਲਹਿਰ ਦਾ ਇਤਿਹਾਸ ਨਹੀਂ ਹੈ, ਨਕਸਲੀ ਰਸਾਲਿਆਂ ਬਾਰੇ ਜਾਣਕਾਰੀ ਹੈ। ਮੁਲਾਜ਼ਮਾਂ ਦੇ ਪਰਚੇ ਕੇਵਲ ਤਕਨੀਕੀ ਸੂਚਨਾ ਦਿੰਦੇ ਹਨ, ਪਰ ਉਨ੍ਹਾਂ ਦੀ ਸੁਰ ਖੱਬੀ ਪੱਖੀ ਨਹੀਂ ਹੈ। ਰਸਾਲੇ ਭਾਵਨਾ ਨਾਲ ਨਹੀਂ, ਪੈਸੇ ਨਾਲ ਚੱਲਦੇ ਹਨ। ਪੱਤਰਕਾਰੀ ਵਿਚਾਰਾਂ ਦਾ ਵਾਹਨ ਹੈ। ਮਾਰਕਸ ਨੇ ਵੀ ਆਪਣਾ ਜੀਵਨ ਪੱਤਰਕਾਰੀ ਤੋਂ ਸ਼ੁਰੂ ਕੀਤਾ ਸੀ। 

ਸ਼੍ਰੀ ਬਲਵੀਰ ਪ੍ਰਵਾਨਾ ਨੇ ਪ੍ਰਧਾਨਗੀ ਸਮੇਂ ਬੋਲਦਿਆਂ ਕਿਹਾ ਕਿ ਇਹ ਭੂਮੀਗਤ ਲਹਿਰਾਂ ਦਾ ਇਤਿਹਾਸ ਹੈ। ਇਸ ਨੇ ਲੋਕਾਂ ਦੀ ਸੋਚ ਦਾ ਪੱਧਰ ਉੱਚਾ ਕੀਤਾ ਹੈ। ਸਮਾਜਿਕ ਬਦਲਾਅ ਲਈ ਪ੍ਰਾਪਤੀਆਂ ਤੇ ਕਮੀਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। 

ਡਾ. ਅਰੀਤ ਕੌਰ ਨੇ ਧੰਨਵਾਦ ਸਮੇਂ ਬੋਲਦਿਆਂ ਕਿਹਾ ਕਿ ਖੱਬੀ ਸੋਚ ਵਿਸ਼ਾਲ ਅਤੇ ਅਗਾਂਹ ਵਧੂ ਹੈ। ਕੇਵਲ ਉਸਾਰੂ ਸੋਚ ਵਾਲੇ ਹੀ ਇਨਕਲਾਬ ਲਈ ਜੂਝਦੇ ਹਨ। ਸੱਜੇ ਪੱਖੀ ਇਹ ਕੰਮ ਨਹੀਂ ਕਰਦੇ। ਸਵੈਮਾਣ ਨਾਲ ਜਿਊਣ ਲਈ ਸੰਘਰਸ਼ ਬਹੁਤ ਜ਼ਰੂਰੀ ਹੈ। 

ਉਪਰੋਕਤ ਤੋਂ ਇਲਾਵਾ ਮੀਟਿੰਗ ਵਿੱਚ ਸਰਬ ਸ਼੍ਰੀ ਅਜੀਤ ਕੰਵਲ ਸਿੰਘ ਹਮਦਰਦ, ਮਨਜੀਤਪਾਲ ਸਿੰਘ, ਗੁਰਚਰਨ ਸਿੰਘ, ੪ਿਵ ਨਾਥ, ਪੁ੪ਪਾ, ਗੁਰਨਾਮ ਸਿੰਘ, ਪ੍ਰੀਤਮ ਸਿੰਘ ਰੁਪਾਲ, ਬਲਵਿੰਦਰ ਸਿੰਘ, ਸੱਜਨ ਸਿੰਘ, ਗਿਆਨ ਚੰਦ, ਦਲਵੀਰ ਸਿੰਘ, ਸੁਨੀਲ ਚਾਵਲਾ, ਜਸਬੀਰ ਸਿੰਘ, ਡਾ ਜਗਦੀਸ਼ ਚੰਦਰ, ਡਾ. ਉਪਿੰਦਰ ਸਿੰਘ ਲਾਂਬਾ, ਅਮਰ ਕਾਂਤ, ਰਵੀ ਕੰਵਰ, ਪਰਮਜੀਤ ਸਿੰਘ, ਪ੍ਰੋ ਅਜਮੇਰ ਸਿੰਘ, ਬਲਵਿੰਦਰ ਸਿੰਘ ਉੱਤਮ, ਦਵੀ ਦਵਿੰਦਰ ਕੌਰ, ਬਲਬੀਰ ਸਿੰਘ ਸੈਣੀ, ਰਜਿੰਦਰ ਕੁਮਾਰ, ਰਮਿੰਦਰਪਾਲ ਸਿੰਘ, ਅਸ਼ੋਕ ਕੁਮਾਰ ਬੱਤਰਾ, ਜਸਦੀਪ ਸਿੰਘ ਸਮੇਤ 45 ਤੋਂ ਉਪਰ ਸਾਹਿਤ ਚਿੰਤਕਾਂ ਨੇ ਭਾਗ ਲਿਆ। ਮੀਟਿੰਗ ਦੀ ਕਾਰਵਾਹੀ ਸ੍ਰੀ ਸਰਦਾਰਾ ਸਿੰਘ ਚੀਮਾ ਨੇ ਚਲਾਈ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

No comments:

Post a Comment