Friday, September 26, 2025

ਸ਼ਹੀਦ ਬਲਦੇਵ ਸਿੰਘ ਮਾਨ ਨੂੰ 39 ਵੇਂ ਸ਼ਹਾਦਤ ਦਿਵਸ ਮੌਕੇ ਯਾਦ ਕਰਦਿਆਂ

Received From Harbhagwan Bhikhi on 26th September 2025 at 01:53 Regarding Martyr Baldev Singh Mann 

ਇਹ ਚਿੱਠੀ ਦੱਸਦੀ ਹੈ ਕਿ ਧੀ ਦਾ ਜਨਮ ਉਦੋਂ ਵੀ ਚੰਗਾ ਨਹੀਂ ਸੀ ਸਮਝਿਆ ਜਾਂਦਾ 

ਮਾਨਸਾ: 26 ਸਤੰਬਰ 2025: (ਮੀਡੀਆ ਲਿੰਕ ਰਵਿੰਦਰ//ਨਕਸਲਬਾੜੀ ਸਕਰੀਨ ਡੈਸਕ)::

ਹਰਭਗਵਾਨ ਭੀਖੀ ਦੀ ਦਸਤਾਵੇਜ਼ੀ ਪੁਸਤਕ 
ਇਹ ਉਹ ਵੇਲਾ ਸੀ ਜਦੋਂ ਪੰਜਾਬ ਦੀ ਧਰਤੀ 'ਤੇ ਤੱਤੀਆਂ ਹਵਾਵਾਂ ਚੱਲ ਰਹੀਆਂ ਸਨ। ਬੰਦੂਕਾਂ ਦੀਆਂ ਗੋਲੀਆਂ ਅਤੇ ਬੰਬ ਧਮਾਕੇ ਆਮ ਜਿਹੀ ਗੱਲ ਹੋ ਗਏ ਸਨ। ਲੋਕ ਪੱਖੀ ਅਤੇ ਧਰਮ ਨਿਰਪੱਖ ਰਾਜ ਦੀ ਸਥਾਪਨਾ ਲਈ ਜੂਝਣ ਵਾਲੇ ਨਕਸਲੀ ਯੋਧੇ ਇੱਕ ਪਾਸੇ ਪੁਲਿਸ ਦੇ ਸਰਕਾਰੀ ਜਬਰ ਨਾਲ ਜੂਝ ਰਹੇ ਸਨ ਅਤੇ ਦੂਜੇ ਪਾਸੇ  ਉਹਨਾਂ ਫਿਰਕਾਪ੍ਰਸਤ ਅਨਸਰਾਂ ਨਾਲ ਜਿਹੜੇ ਖੁਦ ਨੂੰ ਧਾਰਮਿਕ ਸਮਝ ਕੇ ਉਹਨਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਸਨ। ਉੱਪਰੋਂ ਸਮਾਜਿਕ ਗਿਰਾਵਟ ਦਾ ਇਹ ਹਾਲ ਕਿ ਉਦੋਂ ਵੀ ਕੁੜੀਆਂ ਦੇ ਜਨਮ ਨੂੰ ਮਾੜਾ  ਹੀ ਸਮਝਿਆ ਜਾਂਦਾ ਸੀ। ਵਰ੍ਹਦੀਆਂ ਗੋਲੀਆਂ ਅਤੇ ਨਫਰਤਾਂ ਦੀਆਂ ਹਨੇਰੀਆਂ ਦੇ ਬਾਵਜੂਦ ਇੱਕ ਪਿਤਾ ਆਪਣੀ ਨਵਜੰਮੀ ਧੀ ਨੂੰ ਦੂਰ ਬੈਠਾ ਆਪਣੇ ਸ਼ਬਦਾਂ ਰਾਹੀਂ ਦਿਲ ਦੀਆਂ ਗੱਲਾਂ ਕਰ ਰਿਹਾ ਸੀ। ਇਹ ਚਿੱਠੀ ਅੱਜ ਕਿਸੇ ਦਸਤਾਵੇਜ਼ ਨਾਲੋਂ ਘੱਟ ਨਹੀਂ ਹੈ। ਇਸ ਨੂੰ ਇੱਕ ਪੁਸਤਕ ਵਿੱਚ ਸੰਭਾਲਿਆ ਹਰਭਗਵਾਨ ਭੀਖੀ ਹੁਰਾਂ ਨੇ। --ਮੀਡੀਆ ਲਿੰਕ ਰਵਿੰਦਰ (ਕੋਆਰਡੀਨੇਸ਼ਨ ਸੰਪਾਦਕ ) 

ਸ਼ਹੀਦ ਬਲਦੇਵ ਸਿੰਘ ਮਾਨ ਦੇ 39 ਵੇਂ ਸ਼ਹਾਦਤ ਦਿਵਸ ਮੌਕੇ ਉਨ੍ਹਾਂ ਵੱਲੋਂ ਆਪਣੀ ਬੇਟੀ ਸੋਨੀਆ ਦੇ ਨਾਮ ਲਿਖੀ ਚਿੱਠੀ ਸਾਂਝੀ ਕਰ ਰਿਹਾ ਹਾਂ। 10ਸਤੰਬਰ ਨੂੰ ਸੋਨੀਆ ਦਾ ਜਨਮ ਹੋਇਆ ਤੇ 26ਸਤੰਬਰ ਨੂੰ ਮਾਨ  ਦੀ ਸ਼ਹਾਦਤ।ਆਪਣੀ ਧੀ ਦੇ ਜਨਮ ਤੇ ਉਹ ਖੁਸ਼ ਸਨ ਉਨ੍ਹਾਂ ਆਪਣੀ ਧੀ ਦੇ ਨਾਮ ਜੋ ਖਤ ਲਿਖਿਆ ਕੌਮਾਂਤਰੀ ਪੱਧਰ ਤੇ ਚਰਚਿਤ ਹੀ ਨੀ ਹੋਇਆ ਬਲਕਿ ਹਰ ਇਨਕਲਾਬੀ ਬਾਪ ਦੇ ਵਲਵਲੇ ਸੀ...ਭੀਖੀ

ਸ਼ਹੀਦ ਬਲਦੇਵ ਮਾਨ ਦੀ ਕਲਮ ਤੋਂ.....

ਧੀ ਦੇ ਨਾਂ ਖ਼ਤ

ਸ਼ਹੀਦ ਬਲਦੇਵ ਸਿੰਘ ਮਾਨ ਵਲੋਂ ਆਪਣੀ ਨਵਜੰਮੀ ਧੀ ਦੇ ਨਾਮ ਲਿਖਿਆ ਖਤ ਕੌਮਾਂਤਰੀ ਪੱਧਰ ਤੇ ਚਰਚਿਤ ਹੋਇਆ ਸੀ ਜੋ ਮੇਰੇ ਵਲੋਂ ਸ਼ਹੀਦ ਮਾਨ ਉੱਪਰ ਸੰਪਾਦਿਤ ਕੀਤੀ ਕਿਤਾਬ ਦਾ ਹਾਸਲ ਵੀ ਹੈ। ਅੱਜ ਉਨ੍ਹਾਂ ਦੇ ਸ਼ਹਾਦਤ ਦਿਵਸ ਮੌਕੇ  ਫੇਰ ਸਾਂਝਾ ਕਰ ਰਿਹਾ ਹਾਂ......ਹਰਭਗਵਾਨ ਭੀਖੀ

ਸ਼ਹੀਦ ਸਾਥੀ ਬਲਦੇਵ ਸਿੰਘ ਮਾਨ ਦਾ ਇਹ ਆਖ਼ਰੀ ਖ਼ਤ ਹੈ। ਇਹ ਉਨ੍ਹਾਂ ਆਪਣੀ ਨਵ-ਜਨਮੀ ਬੱਚੀ ਨੂੰ ਸੰਬੋਧਨ ਕਰਕੇ ਲਿਖਿਆ ਹੈ। ਨਵਾਂਸ਼ਹਿਰ ਇਲਾਕੇ ਦੇ ਕਿਸਾਨ ਘੋਲ ਦੀਆਂ ਜ਼ਿੰਮੇਦਾਰੀਆਂ ਨੂੰ ਨਿਭਾਉਂਦੇ ਹੋਣ ਕਰਕੇ, ਸਾਥੀ ਮਾਨ ਨੇ ਆਪਣੀ ਜੀਵਨ ਸਾਥਣ ਦੀ ਖ਼ਬਰ-ਸਾਰ ਲੈਣ ਦਾ ਕਾਰਜ ਵੀ ਪਿੱਛੇ ਪਾ ਦਿੱਤਾ ਸੀ। ਉਨ੍ਹਾਂ ਦੇ ਇਨਕਲਾਬੀ ਤੇ ਮਨੁੱਖਵਾਦੀ ਜਜ਼ਬਾਤਾਂ ਅਤੇ ਭਾਵਨਾਵਾਂ ਨਾਲ ਭਰਪੂਰ ਦਿਲ ਨੇ ਦੂਰੋਂ ਬੈਠੇ ਹੀ ਆਪਣੀ ਨੰਨ੍ਹੀ ਜਿਹੀ ਬੱਚੀ ਨਾਲ ਗੱਲਾਂ ਕਰਨੀਆਂ ਲਾਜ਼ਮੀ ਸਮਝੀਆਂ ਸਨ। ਅੱਜ ਇਹ ਖ਼ਤ ਇਕ ਪਿਉ ਵੱਲੋਂ ਧੀ ਨੂੰ ਲਿਖਿਆ ਭਾਵਨਾ ਭਰਪੂਰ ਖ਼ਤ ਹੀ ਨਹੀਂ, ਸਗੋਂ ਇੱਕ ਮਹੱਤਵਪੂਰਨ ਦਸਤਾਵੇਜ਼ ਬਣ ਗਿਆ ਹੈ। ਇਸ ਖ਼ਤ ਵਿੱਚ ਇਸ ਸਮੇਂ ਦੀ ਸਿਆਸਤ, ਫਿਰਕਾਪ੍ਰਸਤੀ, ਦਹਿਸ਼ਤਗਰਦੀ ਅਤੇ ਪਿਛਾਂਹ-ਖਿੱਚੂ ਰੀਤੀ-ਰਿਵਾਜਾਂ ਉੱਪਰ ਕੀਤੀ ਸੰਖੇਪ, ਪਰ ਅਰਥ-ਭਰਪੂਰ ਟਿੱਪਣੀ ਕਿਸੇ ਵਿਆਖਿਆ ਦੀ ਮੁਥਾਜ ਨਹੀਂ। ਇਹ ਖ਼ਤ ਇੱਕ ਮਹੱਤਵਪੂਰਨ ਸਾਹਿਤਕ ਸਿਆਸੀ ਦਸਤਾਵੇਜ਼ ਬਣ ਚੁੱਕਾ ਹੈ।

ਪੰਜਾਬੀ, ਹਿੰਦੀ ਅਤੇ ਉਰਦੂ ਦੀਆਂ ਬਹੁਤ ਸਾਰੀਆਂ ਅਖ਼ਬਾਰਾਂ ਨੇ ਇਸ ਖ਼ਤ ਨੂੰ ਖਾਸ ਸਥਾਨ ਦੇ ਕੇ ਛਾਪਿਆ ਸੀ। ਪਰ ਇਹ ਖ਼ਤ ਸਿਰਫ਼ ਪੰਜਾਬ ’ਚ ਛਪਦੇ ਅਖ਼ਬਾਰਾਂ ਤੱਕ ਹੀ ਸੀਮਤ ਨਹੀਂ ਰਿਹਾ ਸਗੋਂ -  ਦੇਸ਼-ਪ੍ਰਦੇਸ਼ ਵਿੱਚ ਦੂਰ-ਦੂਰ ਤੱਕ ਇਸ ਦੀ ਰੌਸ਼ਨੀ ਪਹੁੰਚੀ। ਕੇਰਲਾ ਦੀ ਇੱਕ ਪ੍ਰਸਿੱਧ ਅਖ਼ਬਾਰ ਨੇ ਵੀ ਇਸ ਖ਼ਤ ਨੂੰ ਪ੍ਰਕਾਸ਼ਿਤ ਕੀਤਾ। ਜਿਸਦਾ ਸਿਰਲੇਖ ਸੀ, ਕੁਰਸ਼ੇਤਰ ਦੇ ਮੈਦਾਨ ਤੋਂ ; ਪਿਉ ਦਾ ਧੀ ਦੇ ਨਾਂ ਖ਼ਤ। ਮਰਾਠੀ ਦੇ ਇੱਕ ਇਨਕਲਾਬੀ ਪਰਚੇ ਨੇ ਇਸ ਨੂੰ ਮੱੁਖ ਪੰਨੇ ਉੱਪਰ ਪ੍ਰਕਾਸ਼ਿਤ ਕੀਤਾ। ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈਸ ਨੇ ਆਪਣੇ ਸੰਡੇ ਐਡੀਸ਼ਨ ਵਿੱਚ ਪ੍ਰਕਾਸ਼ਿਤ ਕੀਤਾ। 22 ਨਵੰਬਰ ਸਵੇਰੇ 9 ਵਜੇ ਦੇ ਕਰੀਬ ਆਲ ਇੰਡੀਆ ਰੇਡੀਉ ਦੀ ਉਰਦੂ ਸਰਵਿਸ ਨੇ, ਇਸ ਖ਼ਤ ਨੂੰ ਆਪਣੇ ਪ੍ਰਭਾਵਸ਼ਾਲੀ ਮੁੱਖ ਬੰਦ ਸਮੇਤ ਬਰਾਡਕਾਸਟ ਕੀਤਾ ਸੀ। ਸਪਤਾਹਿਕ ਜਨਮਤ ਨੇ ਵੀ ਮਾਨ ਦੇ ਖ਼ਤ ਦੇ ਕੁੱਝ ਅੰਸ਼ ਪ੍ਰਕਾਸ਼ਿਤ ਕੀਤੇ। ਬਰਤਾਨੀਆਂ ‘ਚੋਂ ਛਪਦੇ ਇਨਕਲਾਬੀ ਮਾਸਿਕ ਪੱਤਰ ਨੇ ਵੀ ਸਾਥੀ ਮਾਨ ਦੇ ਖ਼ਤ ਦਾ ਅੰਗਰੇਜ਼ੀ ਅਨੁਵਾਦ ਅਤੇ ਪੰਜਾਬੀ ਦਾ ਮੂਲ-ਪਾਠ ਪ੍ਰਕਾਸ਼ਿਤ ਕੀਤਾ ਸੀ। ਸ਼ਹੀਦ ਸਾਥੀ ਮਾਨ ਦਾ ਇਹ ਖ਼ਤ ਅਸੀਂ ਜਿਉਂ ਦਾ ਤਿਉਂ ਛਾਪ ਰਹੇ ਹਾਂ-ਸੰਪਾਦਕ-

ਤੈਨੂੰ ਜੀ ਆਇਆਂ ਆਖਦਾ ਹਾਂ! ਮੇਰੀ ਪਿਆਰੀ ਬੱਚੀ, ਅੱਜ ਹੀ ਤੇਰੇ ਜਨਮ ਦੀ ਖ਼ਬਰ ਤੇਰੀ ਦਾਦੀ ਤੋਂ ਪ੍ਰਾਪਤ ਹੋਈ। ਤੇਰੀ ਦਾਦੀ ਨੇ ਇਹ ਖ਼ਬਰ ਉਨ੍ਹੀ ੁਸ਼ੀ ਨਾਲ ਨਹੀਂ ਦੱਸੀ ਜਿੰਨੀ ਖੁਸ਼ੀ ਨਾਲ ਇਹ ਖ਼ਬਰ ਉਸਨੇ ਤੇਰੀ ਥਾਂ ਜੇ ਲੜਕਾ ਪੈਦਾ ਹੁੰਦਾ ਤਾਂ ਦੱਸਣੀ ਸੀ। ਘਰ ਦਾ ਮਹੌਲ ਇਤਨਾ ਖੁਸ਼ਗਵਾਰ ਨਹੀਂ ਹੋਇਆ ਤੇਰੇ ਜਨਮ ਨਾਲ, ਕਿਉਂ ਜੋ ਤੂੰ ਲੜਕੀ ਹੈ। ਸੋਗੀ ਜਿਹੇ ਢੰਗ ਨਾਲ ਤੇਰੀਆਂ ਤਾਈਆਂ ਨੇ ਇਹ ਕਿਹਾ, ‘‘ਅੱਛਾ! ਗੁੱਡੀ ਆ ਗਈ?’’ ਸ਼ਾਇਦ ਜਿਸ ਤਰਾਂ ਮੇਰੇ ਨਾਲ ਕੁਦਰਤ ਵੱਲੋਂ ਕੋਈ ਧੱਕਾ ਹੋਇਆ ਹੋਵੇ, ਇਸ ਤਰ੍ਹਾਂ ਦੇ ਮਾਹੌਲ ਵਿੱਚ ਤੇਰੀ ਆਮਦ ਬਾਰੇ ਮੈਥੋਂ ਪੁੱਛਿਆ ਜਾ ਰਿਹਾ ਹੈ। ਤੇਰੀਆਂ ਤਾਈਆਂ ਨੇ ਇਸ ਉਤੇ ਅੱਜ ਮੇਰੇ ਨਾਲ ਕੋਈ ਟਿੱਪਣੀ ਨਹੀਂ ਕੀਤੀ। ਸ਼ਾਇਦ ਉਹ ਇਸ ਬਾਰੇ ਕੁੱਝ ਵੀ ਨਾ ਕਹਿਣਾ ਬੇਹਤਰ ਸਮਝਦੇ ਹਨ। ਕੁੱਝ ਕਾਮਰੇਡ ਦੋਸਤ ਜੋ ਮੇਰੀ ਵਿਚਾਰਧਾਰਾ ਤੋਂ ਵਾਕਫ਼ ਨੇ ਜਾਂ ਇਸ ਤਰਾਂ ਕਹਿ ਲਵੋ ਕਿ ਮੇਰੀ ਸੋਚ ਦੇ ਸਾਥੀ ਨੇ, ਤੇਰੇ ਜਨਮ ਦੀ ਖੁਸ਼ੀ ਦੀ ਮੁਬਾਰਕ ਦੇਣਗੇ ਅਤੇ ਮੈਥੋਂ ਤੇਰੇ ਜਨਮ ਦੀ ਖੁਸ਼ੀ ਵਿੱਚ ਪਾਰਟੀ ਲੈਣ ਲਈ ਕਹਿਣਗੇ। ਤੇਰੀ ਦਾਦੀ ਨੇ ਤੇਰੇ ਨਾਨਕਿਆਂ ਵੱਲੋਂ ਭੇਜੇ ਵਧਾਈ ਦੇ ਪੈਸਿਆਂ ’ਤੇ ਵੀ ਹੈਰਾਨੀ ਪ੍ਰਗਟ ਕੀਤੀ ਹੈ ਤੇ ਹੈਰਾਨੀ ਭਰੇ ਲਹਿਜ਼ੇ ਵਿੱਚ ਹੀ ਪੁੱਛਿਆ ਕਿ ‘‘ਕੁੜੀਆਂ ਦੀ ਕਾਹਦੀ ਵਧਾਈ ਹੁੰਦੀ ਹੈ?’’ ਉਸਨੂੰ ਇਹ ਗ਼ਮ ਹੈ ਕਿ ਉਸਦਾ ਪੁੱਤਰ ਵਧਿਆ ਨਹੀਂ, ਸਗੋਂ ਉਹ ਤਾਂ ਹੋਰ ਘਟ ਗਿਆ ਹੈ। ਵਧਿਆ ਤੇ ਉਹ ਤਾਂ ਹੀ ਹੁੰਦਾ ਜੇ ਉਸਦੇ ਘਰ ਪੁੱਤਰ ਹੁੰਦਾ।

ਮੇਰੀ ਬੱਚੀ, ਮੈਨੂੰ ਇਸ ਸਭ ਕਾਸੇ ’ਤੇ ਕੁੱਝ ਹੈਰਾਨੀ ਨਹੀਂ ਹੋਈ। ਮੈਨੂੰ ਪਤਾ ਹੈ ਅਤੇ ਬਹੁਤ ਡੂੰਘਾਈ ਵਿੱਚ ਇਸ ਬਾਰੇ ਗਿਆਨ ਹੈ ਕਿ ਮੌਜੂਦਾ ਪ੍ਰਬੰਧ ਵਿੱਚ ਲੜਕੀ ਇੱਕ ਬੋਝ ਸਮਝੀ ਜਾਂਦੀ ਹੈ, ਕਰਜ਼ੇ ਦਾ ਭਾਰ ਸਮਝੀ ਜਾਂਦੀ ਹੈ। ਮੈਂ ਬਹੁਤ ਕੁਝ ਪੜ੍ਹਿਆ ਹੈ, ਸੁਣਿਆ ਹੈ ਇਸ ਵਿਸ਼ੇ ਤੇ, ਜੋ ਅੱਜ ਮੈਂ ਅਮਲੀ ਰੂਪ ਵਿਚ, ਇਸ ਆਪਣੇ ਅਨੁਭਵ ਤੇ ਅਹਿਸਾਸ ਨੂੰ ਹੰਢਾ ਰਿਹਾ ਹਾਂ। ਇਸ ਤੋਂ ਵੱਡਾ ਗ਼ਮ ਸ਼ਾਇਦ ਤੇਰੀ ਦਾਦੀ ਨੂੰ ਇਸ ਕਰਕੇ ਵੀ ਹੋ ਸਕਦਾ ਹੈ ਕਿਉਂਕਿ ਮੈਂ ਉਸਦੀਆਂ ਨਜ਼ਰਾਂ ਵਿੱਚ ਬੇ-ਕਮਾਊ ਤੇ ਵਿਹਲੜ ਹਾਂ ਤੇ ਸ਼ਾਇਦ ਨਿਕੰਮਾ ਵੀ, ਇਸ ਲਈ ਤੈਨੂੰ ਕਿਸੇ ਕਮਾਊ ਅਤੇ ਕਾਮੇ ਬਾਪ ਦੀ ਧੀ ਬਣਨਾ ਚਾਹੀਦਾ ਸੀ।

ਚਲੋ, ਇਹ ਸਮਾਜ ਦਾ ਵਰਤਾਰਾ ਸਦੀਆਂ ਤੋਂ ਚੱਲਦਾ ਆ ਰਿਹਾ ਹੈ। ਔਰਤ ਦੀ ਗੁਲਾਮੀ ਦਾ ਇਹ ਵਰਤਾਰਾ ਜੋ ਜਗੀਰਦਾਰੀ ਪ੍ਰਬੰਧ ਤੇ ਸਰਮਾਏਦਾਰੀ ਪ੍ਰਬੰਧ ਦੀ ਹੀ ਪੈਦਾਵਾਰ ਹੈ। ਮੇਰੀ ਬੱਚੀ, ਤੇਰਾ ਬਾਪ ਨਾ ਹੀ ਨਿਕੰਮਾ ਤੇ ਨਾ ਹੀ ਬੇ-ਕਮਾਊ ਹੈ। ਉਹ ਇਸ ਸਮਾਜ ਨੂੰ ਬਦਲਣ ਦੀ ਇੱਕ ਜੰਗ ਲੜ ਰਿਹਾ, ਜਿਸ ਸਮਾਜ ਵਿੱਚ ਤੇਰਾ ਜਨਮ ਇਕ ਖੁਸ਼ੀ ਭਰੀ ਖ਼ਬਰ ਨਹੀਂ, ਸਗੋਂ ਸੋਗ ਭਰੀ ਘਟਨਾ ਤਸੱਵਰ ਕੀਤਾ ਜਾਂਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਹੁਤ ਅਗਾਂਹਵਧੂ ਵਿਚਾਰਾਂ ਦੇ ਲੋਕਾਂ ਨੇ, ਜੋ ਸਮਾਜ ਲਈ ਰਾਹ- ਦਰਸਾਊ ਅਤੇ ਨਾਇਕ ਦੇ ਤੌਰ ’ਤੇ ਪੇਸ਼ ਆਉਂਦੇ ਰਹੇ, ਪਰ ਅਮਲੀ ਜ਼ਿੰਦਗੀ ਵਿੱਚ ਉਨ੍ਹਾਂ ਨੇ ਆਪਣੀਆਂ ਧੀਆਂ ਨਾਲ ਉਹ ਸਲੂਕ ਕੀਤਾ ਜੋ ਪਿਛਾਂਹਖਿੱਚੂ ਤੋਂ ਪਿਛਾਂਹਖਿੱਚੂ ਵਿਅਕਤੀ ਕਰਦੇ ਹਨ। ਪਰ ਮੈਂ ਆਪਣੀ ਜ਼ਿੰਦਗੀ ਨੂੰ ਹਮੇਸ਼ਾ ਹੀ ਇਸ ਤਰ੍ਹਾਂ ਹੀ ਜੀਣ ਦਾ ਪ੍ਰਣ ਲਿਆ ਹੈ ਕਿ ਜਿਸਦੀ ਕਹਿਣੀ ਤੇ ਕਰਨੀ ਵਿਚ ਕੋਈ ਫਰਕ ਨਾ ਆਵੇ।

ਪਿਆਰੀ ਬੱਚੀ, ਮੇਰੀ ਜ਼ਿੰਦਗੀ ਦਾ ਉਦੇਸ਼ ਤੇ ਮੇਰੇ ਵੱਲੋਂ ਲੜੀ ਜਾ ਰਹੀ ਜੰਗ, ਸ਼ਾਇਦ ਤੈਨੂੰ ਬਹੁਤ ਹੀ ਦੇਰ ਨਾਲ ਵੱਡੀ ਹੋ ਕੇ ਸਮਝ ਆਵੇ। ਸ਼ਾਇਦ ਤੇਰੀ ਮਾਂ ਨੂੰ ਮੈਂ ਅਜੇ ਤੱਕ ਨਹੀਂ ਸਮਝਾ ਸਕਿਆ ਕਿ ਮੇਰੀ ਜ਼ਿੰਦਗੀ ਦਾ ਸਮਾਂ, ਜੋ ਉਸਦੀਆਂ ਨਜ਼ਰਾਂ ਵਿਚ ਬਰਬਾਦ ਹੀ ਕੀਤਾ ਜਾ ਰਿਹਾ, ਕਿੰਨੇ ਮਹਾਨ ਆਦਰਸ਼ ਦੇ ਲੇਖੇ ਲਾਇਆ ਜਾ ਰਿਹਾ ਹੈ। ਮੈਂ ਇੱਕ ਅਜਿਹੇ ਸਮਾਜ ਦੀ ਸਿਰਜਣਾ ਲਈ ਜੰਗ ਲੜ ਰਿਹਾ ਹਾਂ, ਜਿਸ ਵਿਚ ਮਨੁੱਖ ਦੇ ਗਲ੍ਹ ਪਈਆਂ ਗੁਲਾਮੀਆਂ ਦੀਆਂ ਜੰਜੀਰਾਂ ਟੁੱਟਕੇ ਚਕਨਾਚੂਰ ਹੋ ਜਾਣ, ਦੱਬੇ ਕੁਚਲੇ ਲੋਕਾਂ ਨੂੰ ਇਸ ਧਰਤੀ ਤੇ ਸਵਰਗ ਪ੍ਰਾਪਤ ਹੋ ਸਕੇ। ਭੁੱਖ ਨਾਲ ਮਰ ਰਹੇ ਬੱਚੇ, ਜਿਸਮ ਵੇਚਕੇ ਪੇਟ ਭਰਦੀਆਂ ਅੌਰਤਾਂ, ਖੂਨ ਵੇਚਕੇ ਰੋਟੀ ਖਾਂਦੇ ਮਜ਼ਦੂਰ, ਕਰਜ਼ੇ ਦੀਆਂ ਪੰਡਾਂ ਥੱਲੇ ਨਪੀੜੇ ਕਿਸਾਨ, ਇਨ੍ਹਾਂ ਸਾਰਿਆਂ ਦੀ ਮੁਕਤੀ ਲਈ ਜੰਗ ਲੜੀ ਜਾ ਰਹੀ ਹੈ। ਜਿਸ ਵਿਚ ਤੇਰਾ ਬਾਪ ਆਪਣਾ ਨਿਮਾਣਾ ਹਿੱਸਾ ਪਾ ਰਿਹਾ ਹੈ।

ਜਿਸ ਸਮੇਂ ਤੂੰ ਜਨਮ ਲਿਆ ਹੈ, ਪੰਜਾਬ ਦੀ ਧਰਤੀ ਫਿਰਕੂ ਲੀਹਾਂ ’ਤੇ ਵੰਡੀ ਪਈ ਹੈ। ਕਿਧਰੇ ਲੋਕ ਇਸ ਕਰਕੇ ਮਾਰੇ ਜਾ ਰਹੇ ਹਨ ਕਿਉਂ ਜੋ ਉਨ੍ਹਾਂ ਦੇ ਸਿਰਾਂ ’ਤੇ ਕੇਸ ਨਹੀਂ, ਉੱਧਰ ਇਸ ਕਰਕੇ ਜੀਂਦੇ ਸਾੜੇ ਰਹੇ ਰਹੇ ਹਨ ਕਿਉਂ ਜੋ ਉਨ੍ਹਾਂ ਦੇ ਸਿਰਾਂ ’ਤੇ ਕੇਸ ਹਨ। ਧਰਮ ਦੇ ਨਾਂ ਤੇ ਇਨਸਾਨੀਅਤ ਕਤਲ ਕੀਤੀ ਜਾ ਰਹੀ ਹੈ। ਲੋਕਾਂ ਨੂੰ ਵੰਡਕੇ, ਆਪਸੀ ਖੂਨ ਦੀ ਹੌਲੀ ਖੇਡਣ ਵਿਚ ਲਾ ਕੇ, ਸ਼ੈਤਾਨ ਦੂਰ ਬੈਠੇ ਹੱਸ ਰਹੇ ਹਨ। ਇਸ ਧਰਤੀ ਦੇ ਲੋਕ, ਜਿੱਥੇ ਤੂੰ ਜਨਮ ਲਿਆ ਹੈ ਮੇਰੀ ਬੱਚੀ ਤੇਰਾ ਬਾਪ ਇਨ੍ਹਾਂ ਕਾਲੀਆਂ ਤਾਕਤਾਂ ਦੇ ਖਿਲਾਫ਼ ਜੱਦੋਜਹਿਦ ਵਿਚ ਮਸਰੂਫ਼ ਹੈ। ਕਾਲੀਆਂ ਤਾਕਤਾਂ ਇਸ ਧਰਤੀ ਤੋਂ ਚਾਨਣ ਨੂੰ ਅਲੋਪ ਕਰ ਦੇਣਾ ਚਾਹੁੰਦੀਆਂ ਹਨ। ਚਾਨਣ ਵੰਡਦੇ ਸੂਰਜਾਂ ਨੂੰ ਖ਼ਤਮ ਕਰਨਾ ਇਨ੍ਹਾਂ ਦੀ ਸ਼ਾਜਿਸ਼ ਹੈ। ਬੱਚੀਏ, ਇਨ੍ਹਾਂ ਸ਼ਾਜਿਸ਼ਾਂ ਵਿਰੱੁਧ ਜੰਗ ਲੜਦਿਆਂ ਸ਼ਹਾਦਤਾਂ ਜ਼ਰੂਰੀ ਹਨ। ਮੈਂ ਨਹੀਂ ਦਾਅਵੇ ਨਾਲ ਕਹਿ ਸਕਦਾ ਕਿ ਮੈਂ ਵੀ ਕਿਰਨਾਂ ਵੰਡਦਾ ਹੋਇਆ, ਇਨ੍ਹਾਂ ਹੱਥੋਂ ਸ਼ਹੀਦ ਨਹੀਂ ਹੋ ਸਕਦਾ। ਕੁੱਝ ਵੀ ਹੋਵੇ, ਮੇਰੀਏ ਬੱਚੀਏ, ਤੈਨੂੰ ਹਮੇਸ਼ਾ ਹੀ ਆਪਣੀ ਜ਼ਿੰਦਗੀ ਵਿਚ ਇਸ ’ਤੇ ਮਾਣ ਹੋਵੇਗਾ ਕਿ ਤੂੰ ਇਕ ਅਜਿਹੇ ਬਾਪ ਦੀ ਧੀ ਹੈ, ਜਿਸ ਨੇ ਇਨ੍ਹਾਂ ਹਨੇਰਿਆਂ ਵਿਰੁੱਧ ਜੰਗ ਲੜੀ ਸੀ। ਸ਼ਾਇਦ ਤੇਰੀ ਜ਼ਿੰਦਗੀ ਵਿਚ ਮੈਂ ਉਹ ਸਹੂਲਤਾਂ ਨਾ ਦੇ ਸਕਾਂ ਤੇ ਨਾ ਹੀ ਉਹ ਜ਼ਿੰਮੇਦਾਰੀਆਂ ਪੂਰੀ ਤਰ੍ਹਾਂ ਪੂਰੀਆਂ ਕਰ ਸਕਾਂ, ਜੋ ਇਕ ਬਾਪ ਨੂੰ ਬੱਚਿਆਂ ਲਈ ਕਰਨੀਆਂ ਚਾਹੀਦੀਆਂ ਹਨ। ਪਰ ਮੇਰੇ ਅਸੂਲਾਂ ਦੀ ਜਾਇਦਾਦ ਤੇਰੇ ਲਈ ਸਭ ਵੱਡਮੁੱਲੀ ਹੋਵੇਗੀ। ਤੂੰ ਇਕ ਅਜਿਹੇ ਚਿਰਾਗ ਚੋਂ ਪੈਦਾ ਹੋਈ ਜੋਤੀ ਹੈ ਜਿਸਨੇ ਚਾਨਣ ਵੰਡਣਾ ਹੈ। ਵੇਖੀਂ ਕਿਤੇ ਅਜਿਹੇ ਸ਼ੈਤਾਨਾਂ ਤੋਂ ਗੁੰਮਰਾਹ ਨਾ ਹੋ ਜਾਵੀਂ ਜੋ ਮਨੁੱਖਤਾ ਦੀਆਂ ਕੁੱਲੀਆਂ ਨੂੰ ਸਾੜ ਦੇਣ ਦੀਆਂ ਸਾਜਿਸ਼ਾਂ ਰਚਦੇ ਹਨ। ਜੰਗ, ਮੇਰੇ ਲੋਕਾਂ ਦੀ ਜੰਗ ਅਵੱਸ਼ ਜਿੱਤੀ ਜਾਣੀ ਹੈ। ਸ਼ਾਇਦ ਤੈਨੂੰ ਉਹ ਕਾਲੇ ਪਹਿਰ ਨਾ ਹੀ ਨਸੀਬ ਹੋਣ, ਜਿਸ ’ਚੋਂ ਅਜੇ ਮੇਰੇ ਲੋਕ ਗੁਜ਼ਰ ਰਹੇ ਹਨ। ਕੁਰਬਾਨੀਆਂ ਦੇ ਸਿਰ ਬੀਜਕੇ ਇਥੇ ਅਜਿਹੇ ਚਮਨ ਨੂੰ ਅਸੀਂ ਸਿਰਜ ਲਈਏ, ਜਿਸ ਵਿਚ ਤੂੰ ਆਜ਼ਾਦੀ ਦੀ ਹਵਾ ਖਾ ਸਕੇ। ਜੇ ਅਸੀਂ ਇਸ ਜੰਗ ਨੂੰ ਫਤਿਹ ਨਾ ਵੀ ਕਰ ਸਕੀਏ ਤਾਂ ਮੇਰੀ ਬੱਚੀ, ਤੂੰ ਉਸ ਸੱਚ ਲਈ ਲੜ ਰਹੇ ਕਾਫਲੇ ਦੀ ਨਾਇਕ ਬਣਨ ਦੀ ਜ਼ਰੂਰ ਕੋਸ਼ਿਸ਼ ਕਰੀਂ। ਮੈਂ ਕਦੇ ਨਹੀਂ ਚਾਹਾਂਗਾ ਕਿ ਤੂੰ ਸਿੱਖ ਹੋਵੇ, ਹਿੰਦੂ ਹੋਵੇ ਜਾਂ ਮੁਸਲਮਾਨ। ਇਸ ਸਭ ਤੋਂ ਉੱਪਰ ਉੱਠਕੇ ਇਨਸਾਨ ਬਣਨ ਦੀ ਜ਼ਰੂਰ ਕੋਸ਼ਿਸ਼ ਕਰੀਂ। ਦੇਖੀਂ ਕਿਤੇ ਇਹਨਾਂ ਵੰਡੀਆਂ ਵਿਚ ਤੇਰੀ ਇਨਸਾਨੀਅਤ ਨਾ ਵੰਡੀ ਜਾਵੇ।

ਮੇਰੀ ਪਿਆਰੀ ਬੱਚੀ, ਇਹ ਕੁਝ ਸ਼ਬਦ ਲੈ ਕੇ ਤੇਰੇ ਜਨਮ ’ਤੇ ਮੈਂ ਤੈਨੂੰ ਮੁਖਾਤਿਬ ਹੋਇਆ ਹਾਂ। ਉਮੀਦ ਹੈ ਕਿ ਕਬੂਲ ਕਰੇਂਗੀ ਤੇ ਇਸ ਉਪਰ ਅਮਲ ਵੀ ਕਰੇਂਗੀ। ਇਹ ਕੁਝ ਸ਼ਬਦ ਹੀ ਬੁਨਿਆਦ ਨੇ, ਇਨ੍ਹਾਂ ਉਪਰ ਆਪਣੀ ਜ਼ਿੰਦਗੀ ਦਾ ਮਹਿਲ ਉਸਾਰ ਲਵੀਂ

ਲੋਕ-ਜੰਗ ਦਾ ਸਿਪਾਹੀ,

ਤੇਰਾ ਪਿਤਾ

ਬਲਦੇਵ ਸਿੰਘ ਮਾਨ।

18/9/1986

No comments:

Post a Comment