Wednesday 21st may 2025 at 11:19 PM FB
ਇੰਨਕਲਾਬ ਦੀ ਲਾਟ ਉਸਦੇ ਜਾਣ ਮਗਰੋਂ ਵੀ ਮਘਦੀ ਰਹੇਗੀ
ਅਖੀਰੀ ਫੁੱਲ ਤਾਂ ਫਿਰ ਖਿੜਣਗੇ ਹੀ ਪਤਝੜਾਂ ਮਗਰੋਂ,
ਬਹਾਰਾਂ ਰੋਕ ਨਾ ਸਕਦੀ, ਇਹ ਲੱਗੀ ਅੱਗ ਜੰਗਲ ਨੂੰ।
ਪਿਛਲੇ ਕੁਝ ਦਿਨਾਂ ਤੋਂ ਭਾਰਤ ਵਿੱਚ ਦਹਾਕਿਆਂ ਤੋਂ ਇਨਕਲਾਬ ਦੀ ਆਖ਼ਰੀ ਆਸ ਜਗਾਈ ਫਿਰਦੇ ਮਾਓਵਾਦੀ ਗੁਰੀਲਿਆਂ ਦੇ ਸੂਰਬੀਰ ਆਗੂ ਅਤੇ ਕੇਂਦਰੀ ਕਮੇਟੀ ਦੇ ਸੈਕਟਰੀ ਕਾਮਰੇਡ ਨੰਬਾਲਾ ਕੇਸ਼ਵ ਰਾਓ ਉਰਫ ਬਸਾਵਾ ਰਾਜ ਦੇ ਕਥਿਤ ਮੁਕਾਬਲੇ ਵਿੱਚ ਸ਼ਹੀਦ ਹੋ ਜਾਣ ਦੀ, ਦਿਲ ਨੂੰ ਝੰਜੋੜਨ ਵਾਲੀ ਖ਼ਬਰ ਮਿਲ ਰਹੀ ਹੈ। ਉਪਰੇਸ਼ਨ ਕਗਾਰ ਤਹਿਤ ਮੌਜੂਦਾ ਭਾਜਪਾ ਸਰਕਾਰ ਭਾਰਤ ਦੇ ਕੇਂਦਰ ਵਿੱਚ ਸਰਗਰਮ ਲੜਾਕੂ ਲਹਿਰ ਦਾ ਖ਼ਾਤਮਾ ਕਰਕੇ ਪੂਰੇ ਭਾਰਤ ਵਿੱਚੋਂ ਜੁਝਾਰੂ ਮਾਨਸਿਕਤਾ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਠਾਣੀ ਬੈਠੀ ਹੈ। ਭਾਰਤੀ ਰਾਜ ਦੇ ਸੁਰੱਖਿਆ ਬਲਾਂ ਨੇ ਛੱਤੀਸਗੜ੍ਹ ਦੇ ਅਬੂਝਮਾੜ ਖੇਤਰ ਵਿੱਚ ਸੀਪੀਆਈ (ਮਾਓਵਾਦੀ) ਦੀ ਸੈਂਟਰ ਕਮੇਟੀ ਦੇ ਸਕੱਤਰ ਨੰਬਾਲਾ ਕੇਸ਼ਵ ਰਾਓ ਉਰਫ਼ ਬਸਾਵਾ ਰਾਜੂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਹੈ।
ਇਸ ਮੁਕਾਬਲੇ ਵਿੱਚ 26 ਮਾਓਵਾਦੀਆਂ ਦੇ ਮਾਰੇ ਜਾਣ ਦੀ ਗੱਲ ਕੀਤੀ ਗਈ ਹੈ। ਬਸਾਵਾ ਰਾਜੂ ਕਾਮਰੇਡ ਗਣਪਤੀ ਤੋਂ ਬਾਅਦ 2018 ਤੋਂ ਕੇਂਦਰੀ ਕਮੇਟੀ ਦਾ ਸਕੱਤਰ ਸੀ। ਭਾਰਤੀ ਸਰਕਾਰ ਅਤੇ ਕਈ ਸੂਬਿਆਂ ਦੀ ਸਰਕਾਰਾਂ ਨੇ ਕੁੱਲ ਮਿਲਾ ਕੇ ਉਸ ਦੇ ਸਿਰ ਦਾ ਇਕ ਕਰੋੜ ਪੰਜਾਹ ਲੱਖ ਤੋਂ ਵੀ ਜ਼ਿਆਦਾ ਇਨਾਮ ਰੱਖਿਆ ਹੋਇਆ ਸੀ। ਉਸ ਦੀ ਉਮਰ ਲਗਭਗ 70 ਸਾਲ ਸੀ।
ਉਸਦੀਆਂ ਸਮੁੱਚੀ ਉਮਰ ਵਿਚ ਦੋ ਹੀ ਤਸਵੀਰਾਂ ਉਪਲਬਧ ਹਨ, ਇਕ ਜਵਾਨੀ ਵੇਲੇ ਭਗੌੜੇ ਹੋਣ ਸਮੇਂ ਦੀ ਅਤੇ ਦੂਸਰੀ ਮੁਕਾਬਲੇ ਵਿਚ ਸ਼ਹਾਦਤ ਪ੍ਰਾਪਤ ਕਰਨ ਤੋਂ ਬਾਅਦ ਦੀ। ਕੇਸ਼ਵ ਰਾਓ ਕੋਈ ਆਮ ਆਗੂ ਨਹੀਂ ਸੀ, ਉਹ ਇੰਜੀਨੀਅਰਿੰਗ ਦੀ ਡਿਗਰੀ ਹੋਲਡਰ ਇਕ ਪ੍ਰਤਿਭਾਵਾਨ ਨੌਜਵਾਨ ਸੀ, ਪਰ ਗ਼ਰੀਬਾਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ, ਅਨਸੂਚਿਤ ਜਨ-ਜਾਤੀਆਂ ਨਾਲ ਹੁੰਦੇ ਆ ਰਹੇ ਆਰਥਿਕ ਵਿਤਕਰੇ ਅਤੇ ਸਮਾਜਿਕ ਨਾਬਰਾਬਰੀ ਦੇ ਖਿਲਾਫ ਉਹ ਇਨਕਲਾਬੀ ਰਾਹਾਂ ਦਾ ਪਾਂਧੀ ਹੋ ਗਿਆ।
ਤਕਰੀਬਨ ਪਿਛਲੀ ਅੱਧੀ ਸਦੀ ਤੋਂ ਚਲ ਰਹੇ ਹਥਿਆਰਬੰਦ ਸੰਘਰਸ਼ ਦੌਰਾਨ, ਉਹ ਜੰਗਲ ਵਿਚ ਸਰਕਾਰ ਖ਼ਿਲਾਫ਼ ਇਸ ਵਿਦਰੋਹ ਨੂੰ ਜਾਰੀ ਰੱਖਣ ਵਿਚ ਰੁੱਝਿਆ ਹੋਇਆ ਸੀ। ਵਰਤਮਾਨ ਵਿੱਚ ਚੱਲਦੀਆਂ ਲੋਕ ਲਹਿਰਾਂ ਦੇ ਆਗੂਆਂ ਵਿੱਚੋਂ, ਉਸ ਦਾ ਸਨਮਾਨ ਅਤੇ ਯੋਗਦਾਨ ਲਾਸਾਨੀ ਸੀ। ਦਿਲ ਵਿੱਚ ਅਜਿਹੇ ਜਾਂਬਾਜ ਯੋਧੇ ਦੇ ਦਰਸ਼ਨ ਕਰਨ ਦੀ ਤਮੰਨਾ ਸੀ।
ਉਹ ਭਾਰਤ ਦਾ ਚੀ ਗਵੇਰਾ ਸੀ, ਇਨਕਲਾਬੀ ਸਫ਼ਾਂ ਦਾ ਸੂਹਾ ਸਵੇਰਾ ਸੀ। 70 ਸਾਲ ਦੀ ਉਮਰ ਵਿਚ ਵੀ ਹਕੂਮਤ ਨਾਲ ਭਿੜਨ ਦੀ ਸੱਤਿਆ ਆਮ ਬੰਦਿਆਂ ਵਿਚ ਨਹੀਂ ਹੁੰਦੀ। ਕਾਮਰੇਡ ਬਸਾਵਾ ਰਾਜੂ ਨੂੰ ਲਾਲ ਸਲਾਮ ਕਰਦੇ ਹੋਏ ਅੱਖਾਂ ਨਮਨ ਹਨ। ਇਨਕਲਾਬ ਦੀ ਲਾਟ ਉਸਦੇ ਜਾਣ ਮਗਰੋਂ ਵੀ ਮਘਦੀ ਰਹੇਗੀ।
ਮੌਤ ਦੇ ਕੰਧੇ ਤੇ ਜਾਣ ਵਾਲਿਆਂ ਲਈ, ਜ਼ਿੰਦਗੀ ਦਾ ਸਫ਼ਰ ਮੌਤ ਦੇ ਮਗਰੋਂ ਸ਼ੁਰੂ ਹੁੰਦਾ ਹੈ। ਲਾਲ ਸਲਾਮ ਸਾਥੀ
—ਸਰਬਜੀਤ ਸੋਹੀ, ਆਸਟ੍ਰੇਲੀਆ
No comments:
Post a Comment