Friday, March 20, 2026

ਨਕਸਲਬਾੜੀ ਲਹਿਰ ਦੇ ਸ਼ਹੀਦ ਬਖਸ਼ੀਸ ਸਿੰਘ ਮੋਰਕਰੀਮਾਂ ਦੀ ਯਾਦ ਮਨਾਈ

Kanwaljeet Khanna  on Thursday 19th March 2026 at 15:20 Regarding Bakhshish Singh "Morkarima"

ਨਕਸਲਬਾੜੀ ਲਹਿਰ ਦੇ ਵਾਰਸਾਂ ਨੇ ਕਦੇ ਵੀ ਬੁਝਣ ਨਹੀਂ ਦਿੱਤੀ ਸ਼ਹੀਦਾਂ ਦੇ ਲਹੂ ਵਾਲੀ ਮਸ਼ਾਲ 


ਮੁੱਲਾਂਪੁਰ
//ਜਗਰਾਓਂ: 18 ਮਾਰਚ 2026: (ਕੰਵਲਜੀਤ ਖੰਨਾ//ਨਕਸਲਬਾੜੀ ਸਕਰੀਨ ਡੈਸਕ)::  

ਨਕਸਲਬਾੜੀ ਲਹਿਰ ਦੇ ਵਰਕਰ, ਆਗੂ ਅਤੇ ਹਮਦਰਦ ਲਗਾਤਾਰ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਨ। ਇਹਨਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਉਹ ਆਪਣੀ ਵਿਚਾਰਧਾਰਾ ਨੂੰ ਵੀ ਲਗਾਤਾਰ ਲੋਕਾਂ ਵਿੱਚ ਲਿਜਾ ਰਹੇ ਹਨ। ਇਸੇ ਸਿਲਸਿਲੇ ਅਧੀਨ ਨਕਸਲਬਾੜੀ ਲਹਿਰ ਦੇ ਸ਼ਹੀਦ ਬਖਸ਼ੀਸ਼ ਸਿੰਘ ਮੋਰਕਰੀਮਾਂ ਦਾ ਸ਼ਹੀਦੀ ਦਿਵਸ ਵੀ ਮਨਾਇਆ ਗਿਆ। ਜਦ ਜਦ ਵੀ ਅਜਿਹੇ ਆਯੋਜਨ ਹੁੰਦੇ ਹਨ ਤਾਂ ਨਕਸਲਬਾੜੀ ਦੀ ਵਿਚਾਰਧਾਰਾ ਨਾਲ ਹਮਦਰਦੀ ਰੱਖਣ ਵਾਲੇ ਦੂਰੋਂ ਨੇੜਿਓਂ ਹੁੰਮ ਹਉਮੈ ਕੇ ਪਹੁੰਚਦੇ ਵੀ ਹਨ। ਇਹ ਗੱਲ ਵੱਖਰੀ ਹੈ ਕਿ ਹੁਣ ਨਵੀਂ ਪੀੜ੍ਹੀ ਦੀ ਗਿਣਤੀ ਪਹਿਲਾਂ ਵਾਂਗ ਨਹੀਂ ਰਹੀ। ਇਸਦੇ ਬਾਵਜੂਦ ਵਿਚਾਰਧਾਰਾ ਨਾਲ ਜੁੜੇ ਪੁਰਾਣੇ ਕਾਮਰੇਡ ਮੌਸਮੀ ਕਹਿਰ ਅਤੇ ਬੁਢਾਪੇ ਦੀ ਉਮਰ ਦੇ ਬਾਵਜੂਦ ਪੂਰੇ ਜੋਸ਼ੋ ਖਰੋਸ਼ ਨਾਲ ਪ੍ਰੋਗਰਾਮਾਂ ਵਿੱਚ ਪਹੁੰਚਦੇ ਹਨ। ਨਾਅਰੇਬਾਜ਼ੀ ਵੇਲੇ ਵੀ ਇਹਨਾਂ ਦੇ ਚਿਹਰਿਆਂ ਦਾ ਜਲੌਅ ਦੇਖਣ ਵਾਲਾ ਹੁੰਦਾ ਹੈ। ਬਾਹਾਂ ਉੱਚੀਆਂ ਕਰਕੇ ਜਦੋਂ ਇਹ ਸਾਰੇ ਨਾਅਰੇ ਮਾਰਦੇ ਹਨ ਤਾਂ ਉਹ ਅੰਦਾਜ਼ ਇੱਕ ਤਸਵੀਰ ਸਾਹਮਣੇ ਲੈਕੇ ਆਉਂਦਾ ਹੈ। 

ਸੰਨ 1971 ਚ ਅੱਜ ਦੇ ਦਿਨ 19 ਮਾਰਚ ਨੂੰ ਮਹਾਨ ਨਕਸਲਬਾੜੀ  ਲਹਿਰ ਦੇ ਸ਼ਹੀਦ ਇਕੋ ਇੱਕ ਸੱਚੇ ਪੁਲਿਸ ਮੁਕਾਬਲੇ ਚ ਵਿਛੜ ਗਏ ਬਖ਼ਸ਼ੀਸ਼ ਮੋਰਕਰੀਮਾਂ ਦੀ ਉਨ੍ਹਾਂ ਦੇ ਪਿੰਡ ਮੋਰਕਰੀਮਾਂ ਵਿਖੇ ਸ਼ਰਧਾਂਜਲੀ ਸਮਾਗਮ ਕਰਕੇ ਯਾਦ ਮਨਾਈ ਗਈ। ਉਨ੍ਹਾਂ ਦੀ ਯਾਦਗਾਰ ਤੇ ਇੱਕਤਰ ਹੋਏ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਨੇ ਇਨਕਲਾਬੀ ਨਾਅਰਿਆਂ ਦੀ ਗੂੰਜ ਵਿੱਚ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ। 

ਇਸ ਸਮੇਂ ਬੋਲਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ, ਸੂਬਾ ਕਮੇਟੀ ਮੈਂਬਰ ਜਸਵੰਤ ਜੀਰਖ, ਕਿਸਾਨ ਆਗੂ ਜਸਦੇਵ ਸਿੰਘ ਲਲਤੋਂ, ਮਹਿੰਦਰ ਸਿੰਘ ਕਮਾਲਪੁਰਾ, ਸ਼ਹੀਦ ਦੇ ਵੱਡੇ ਭਰਾ ਮਾਸਟਰ ਸੁਰਜੀਤ ਸਿੰਘ ਨੇ ਕਿਹਾ ਕਿ ਨਕਸਲਬਾੜੀ ਲਹਿਰ ਦੇਸ ਅੰਦਰ ਜਗੀਰਦਾਰੀ ਨੂੰ ਖਤਮ ਕਰਕੇ ਜ਼ਮੀਨਾਂ ਤੇ ਹਲਵਾਹਕ ਦਾ ਕਬਜ਼ਾ ਕਰਾਉਣ, ਮਜ਼ਦੂਰ ਜਮਾਤ ਨੂੰ ਪੈਦਾਵਾਰ ਦੇ ਸੰਦ ਸਾਧਨਾਂ ਦਾ ਮਾਲਕ ਬਨਾਉਣ , ਦੇਸ ਚ ਬਰਾਬਰਤਾ ਅਧਾਰਿਤ ਸਮਾਜ ਸਿਰਜਣ ਦੀ ਲੋਕ ਮੁਕਤੀ ਲਹਿਰ ਸੀ। ਦੇਸ਼ ਚ ਪਾਰਲੀਮਾਨੀ ਪ੍ਰਬੰਧ ਦੇ ਉਲਟ ਹਥਿਆਰਬੰਦ ਸੰਘਰਸ਼ ਰਾਹੀਂ ਸੱਤਾ ਨੂੰ ਉਲਟਾਉਣ ਦੀ ਲਹਿਰ  ਸੀ।

ਜਿਸ ਨੂੰ ਉਸ ਸਮੇਂ ਦੀ ਬਾਦਲ ਸਰਕਾਰ ਨੇ ਲਹੂ ਚ ਡੋਬ ਕੇ ਕਿਰਤੀ ਲੋਕਾਂ ਨਾਲ ਦਗਾ ਕਮਾਇਆ ਸੀ। ਅੱਜ ਦੇਸ ਦੇ ਦੱਖਣੀ ਸੂਬਿਆਂ ਚ ਜਲ ਜੰਗਲ ਜ਼ਮੀਨ ਦੀ ਹੱਕੀ ਲੜਾਈ ਲੜ ਰਹੀ ਲੋਕ ਮੁਕਤੀ ਲਹਿਰ ਨੂੰ ਵਲੋਂ ਇੱਕਤੀ ਮਾਰਚ ਤੱਕ ਖ਼ਤਮ ਕਰਨ ਦੇ ਦਮਗਜੇ ਮਾਰੇ ਜਾ ਰਹੇ ਹਨ ਜਿਸ ਲਈ ਝੂਠੇ ਪੁਲਿਸ ਮੁਕਾਬਲਿਆਂ ਦਾ ਝੱਖੜ ਝੁਲਾਇਆ ਜਾ ਰਿਹਾ ਹੈ। 

ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਮੋਦੀ ਹਕੂਮਤ ਜਲ ਜੰਗਲ ਜ਼ਮੀਨ ਤੇ ਇਕ ਪਾਸੇ ਕਾਰਪੋਰੇਟ ਦਾ ਕਬਜ਼ਾ ਕਰਵਾ ਰਹੀ ਹੈ ਤੇ ਦੂਜੇ ਪਾਸੇ ਅਮਰੀਕਾ ਨਾਂ ਦੇ ਸਾਮਰਾਜੀ ਦੈਂਤ ਨਾਲ ਇਕਪਾਸੜ ਵਪਾਰ ਸਮਝੌਤਾ ਕਰਕੇ ਦੇਸ ਨੂੰ ਸਾਮਰਾਜ ਦਾ ਗੁਲਾਮ ਬਣਾਇਆ ਜਾ ਰਿਹਾ ਹੈ। ਬਿਜਲੀ ਐਕਟ ਅਤੇ ਬੀਜ ਐਕਟ ਨੂੰ ਕਨੂੰਨ ਦਾ ਰੂਪ ਦੇ ਕੇ ਕਾਰਪੋਰੇਟ ਦਾ ਕਬਜ਼ਾ ਕਰਵਾਇਆ ਜਾ ਰਿਹਾ ਹੈ। ਇਹ ਸਾਰਾ ਵਰਤਾਰਾ ਬੇਹੱਦ ਚਿੰਤਾਜਨਕ ਹੈ। 

ਜ਼ਿਕਰਯੋਗ ਹੈ ਕਿ ਨਕਸਲਬਾੜੀ ਲਹਿਰ ਦੇ ਸ਼ਹੀਦਾਂ ਦੀ ਯਾਦ ਵਿੱਚ ਹੁੰਦੇ ਇਹਨਾਂ ਇਕੱਠਾਂ ਵਿੱਚ ਪਹੁੰਚਣ ਵਾਲੇ ਜਿੱਥੇ ਜਜ਼ਬਾਤੀ ਤੌਰ 'ਤੇ ਇਹਨਾਂ ਵਿਚਾਰਾਂ ਨਾਲ ਜੁੜੇ ਹੁੰਦੇ ਹਨ ਉੱਥੇ ਇਹਨਾਂ ਇਕੱਠਾਂ ਵਿੱਚ ਆਰਥਿਕ ਸਮੱਸਿਆਵਾਂ ਦੇ ਕਾਰਨਾਂ ਦੀ ਚਰਚਾ ਵੀ ਬੜੀ ਬਾਰੀਕੀ ਨਾਲ ਹੁੰਦੀ ਹੈ। ਮਹਿੰਗਾਈ ਕਿਓਂ ਹੁਣਿ ਹੈ? ਮਹਿੰਗਾਈ, ਕਾਲਾਬਜ਼ਾਰੀ ਅਤੇ ਜਹੇ ਹੋਰ ਰਸਤਿਆਂ ਨਾਲ ਇਕੱਤਰ ਕੀਤਾ ਪੈਸਾ ਕਿਸਦੀ ਜੇਬ ਵਿੱਚ ਜਾਂਦਾ ਹੈ? ਅਜਿਹੇ ਸਾਰੇ ਸੁਆਲਾਂ ਦੇ ਜੁਆਬ ਅਕਸਰ ਕਾਮਰੇਡ ਹੀ ਸਪਸ਼ਟ ਕਰਦੇ ਹਨ। 

ਇਸ ਵਾਰ ਵੀ ਬੁਲਾਰਿਆਂ ਨੇ ਦੱਸਿਆ ਕਿ ਮਜ਼ਦੂਰ ਜਮਾਤ ਦਾ ਗਲਾ ਕੱਟਣ ਲਈ ਮਨਰੇਗਾ ਦਾ ਭੋਗ ਪਾ ਦਿੱਤਾ ਗਿਆ ਹੈ। ਕਿਰਤ ਕੋਡ ਲਿਆ ਕੇ ਮਜ਼ਦੂਰਾਂ ਮੁਲਾਜ਼ਮਾਂ ਦੇ ਹੱਕ ਖੋਹੇ  ਜਾ ਰਹੇ ਹਨ। ਬੁਲਾਰਿਆਂ ਨੇ ਇਰਾਨ ਉਪਰ ਅਮਰੀਕਾ ਇਜ਼ਰਾਈਲ ਵਲੋਂ ਠੋਸੀ ਨਿਹੱਕੀ ਜੰਗ ਖਿਲਾਫ ਲੋਕਾਂ ਨੂੰ ਆਵਾਜ਼ ਉਠਾਉਣ ਦਾ ਸੱਦਾ ਵੀ ਦਿੱਤਾ। 

ਸ਼ਰਧਾਂਜਲੀ ਸਮਾਗਮ ਦੇ ਸ਼ੁਰੂ 'ਚ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਇੰਦਰਜੀਤ ਸਿੰਘ ਧਾਲੀਵਾਲ, ਜਸਵੰਤ ਜੀਰਖ, ਮਨਜਿੰਦਰ ਸਿੰਘ ਮੋਰ ਕਰੀਮਾਂ, ਕਸਤੂਰੀ ਲਾਲ, ਹਰਦੇਵ ਮੁਲਾਂਪੁਰ, ਜਸਬੀਰ ਸਿੰਘ ਅਕਾਲਗੜ੍ਹ, ਧਰਮ ਸਿੰਘ ਸੂਜਾਪੁਰ, ਮਦਨ ਸਿੰਘ, ਜਗਤਾਰ ਸਿੰਘ ਸੇਖੁ ਪੁਰਾ, ਪਾਲ ਸਿੰਘ ਗਹੋਰ ਆਦਿ ਨੇ ਸ਼ਹੀਦ ਦੀ ਤਸਵੀਰ ਤੇ ਫੁੱਲ ਪੱਤੀਆਂ ਭੇਟ ਕੀਤੀਆਂ। 

ਇਹਨਾਂ ਸਟੇਜਾਂ ਤੇ ਲੋਕਾਂ ਦੀ ਗੱਲ ਕਰਨਾ ਵਾਲਾ ਗੀਤ ਸੰਗੀਤ ਵੀ ਕਮਾਲ ਦਾ ਹੁੰਦਾ ਹੈ। ਇਸ ਵਾਰ ਵੀ ਰਾਮ ਸਿੰਘ ਹਠੂਰ, ਕਸਤੂਰੀ ਲਾਲ ਅਤੇ ਇਨਕਲਾਬੀ ਮਜ਼ਦੂਰ ਕੇਂਦਰ ਦੀ ਬੀਬੀ ਰਬਿਤਾ ਨੇ ਇਨਕਲਾਬੀ ਗੀਤ ਗਾਏ। ਇਸ ਮਾਮਲੇ ਵਿੱਚ ਕਸਤੂਰੀ ਲਾਲ ਦਾ ਬਹੁਤ ਨਾਮ ਹੈ। ਉਸਦੀ ਗੀਤਾਂ ਦੀ ਚੋਣ, ਆਵਾਜ਼ ਦੀ ਬੁਲੰਦੀ ਅਤੇ ਪੇਸ਼ਕਾਰੀ ਕਮਾਲ ਦੀ ਹੁੰਦੀ ਹੈ। ਉਂਝ ਉਸਕੋਲ ਗੀਤਾਂ ਵਾਲੀ ਡਾਇਰੀ ਵੀ ਹੁੰਦੀ ਹੈ ਪਾਰ ਉਸਦੀ ਯਾਦਾਸ਼ਤ ਵੀ ਕਮਾਲ ਦੀ ਹੈ। 

ਉਪਰੰਤ ਸਹੀਦੀ ਯਾਦਗਾਰ ਤੇ "ਸ਼ਹੀਦ ਬਖਸ਼ੀਸ ਤੇਰਾ ਕਾਜ ਅਧੂਰਾ-ਲਾ ਕੇ ਜਿੰਦੜੀਆਂ ਕਰਾਂਗੇ ਪੂਰਾ "ਦੇ ਨਾਰੇ ਗੁੰਜਾਊਦਿਆਂ ਲਾਲ ਝੰਡਾ ਲਹਿਰਾਉਣ ਦੀ ਇਨਕਲਾਬੀ ਰਸਮ ਸ਼ਹੀਦ ਦੇ ਵੱਡੇ ਭਰਾ ਮਾਸਟਰ ਸੁਰਜੀਤ ਸਿੰਘ ਨੇ ਨਿਭਾਈ।ਸਮਾਗਮ ਚ ਵੱਡੀ ਗਿਣਤੀ ਔਰਤਾਂ ਵੀ ਹਾਜ਼ਰ ਸਨ।

No comments:

Post a Comment