Thursday, May 22, 2025

ਸੀ ਪੀ ਆਈ ਵੱਲੋਂ ਪੰਜਾਬ ਦੇ ਹਿੱਤਾਂ ਲਈ ਸਾਂਝੀ ਲੜਾਈ ਦੀ ਅਪੀਲ

Received from CPI Punjab Party on Thursday 22nd May 2025 at 4:32 PM Regarding Punjab Govt.

ਕੀ ਹੁਣ ਪੰਜਾਬ ਸਰਕਾਰ ਖੁਦ ਹੀ ਕਲੋਨਾਈਜ਼ਰ ਬਣਨ ਲੱਗੀ ਹੈ?

ਚੰਡੀਗੜ੍ਹ22 ਮਈ 2025: (ਮੀਡੀਆ ਲਿੰਕ 32//ਨਕਸਲਬਾੜੀ ਸਕਰੀਨ ਡੈਸਕ)::

ਸੀ ਪੀ ਆਈ ਦੇ ਪੰਜਾਬ ਸਕੱਤਰੇਤ ਨੇ ਅੱਜ ਵੀਰਵਾਰ ਨੂੰ ਇੱਥੇ ਜਾਰੀ ਕੀਤੇ ਇੱਕ ਬਿਆਨ ਵਿਚ ਪੰਜਾਬ ਸਰਕਾਰ ਵੱਲੋਂ ਸ਼ਹਿਰੀ ਵਿਕਾਸ ਯੋਜਨਾ ਦੇ ਨਾਂਅ ਹੇਠ ਸ਼ਹਿਰਾਂ ਦੇ ਆਲੇ-ਦੁਆਲੇ ਹਜ਼ਾਰਾਂ ਏਕੜ ਉਪਜਾਊ ਜ਼ਮੀਨ ਐਕੁਆਇਰ ਕਰਨ ਦੀ ਨੀਤੀ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। 

ਇਸ ਬਿਆਨ ਰਾਹੀਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਗਿਆ ਹੈ ਕਿ ਪੰਜਾਬ ਦੀ ਉਪਜਾਊ ਜ਼ਮੀਨ ਦਾ ਵੱਡਾ ਹਿੱਸਾ ਪਹਿਲਾਂ ਹੀ ਦਰਜਨਾਂ ਨੈਸ਼ਨਲ ਹਾਈਵੇਜ਼ ਸਥਾਪਤ ਕਰਨ ਵਾਸਤੇ ਐਕੁਆਇਰ ਕੀਤਾ ਜਾ ਚੁੱਕਿਆ ਹੈ। ਹੁਣ ਪੰਜਾਬ ਸਰਕਾਰ ਖੁਦ ਹੀ ਕਲੋਨਾਈਜ਼ਰ ਬਣ ਕੇ ਜ਼ਮੀਨ ਅਕੁਆਇਰ ਕਰਨ ਦੀ ਨੀਤੀ ’ਤੇ ਚੱਲ ਰਹੀ ਹੈ। 

ਕੇਂਦਰ ਸਰਕਾਰ ਆਪਣੀ ਖੇਤੀ ਨੀਤੀ ਰਾਹੀਂ ਮੰਡੀ ਬੋਰਡਾਂ ਨੂੰ ਖਤਮ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਵੱਡੇ-ਵੱਡੇ ਗੋਦਾਮ ਸਥਾਪਤ ਕਰਨ ਦੀਆਂ ਸਹੂਲਤਾਂ ਦੇ ਕੇ ਕਿਸਾਨ-ਮਾਰੂ ਕਾਲੇ ਕਾਨੂੰਨਾਂ ਨੂੰ ਨਵੇਂ ਰੂਪ ਵਿਚ ਲਿਆ ਰਹੀ ਹੈ। ਪੂੰਜੀਵਾਦੀ ਦੇਸ਼ਾਂ ਦੀ ਤਰਜ਼ ’ਤੇ ਕਾਰਪੋਰੇਟਾਂ ਨੂੰ ਵੱਡੇ ਮਾਲ ਸਥਾਪਤ ਕਰਨ ਦੀਆਂ ਸਹੂਲਤਾਂ ਦੇ ਕੇ ਛੋਟੇ ਦੁਕਾਨਦਾਰਾਂ ਨੂੰ ਉਜਾੜਨ ਦੀ ਨੀਤੀ ਅਖਤਿਆਰ ਕੀਤੀ ਜਾ ਰਹੀ ਹੈ। 

ਇਸਦੇ ਨਾਲ ਹੀ ਪੰਜਾਬ ਦੇ ਫੈਡਰਲ ਢਾਂਚੇ ਨੂੰ ਕੇਂਦਰ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬੁਰੀ ਤਰ੍ਹਾਂ ਤਬਾਹ ਕਰਨ ’ਤੇ ਤੁਲੀ ਹੋਈ ਹੈ। ਪਾਣੀਆਂ ਤੋਂ ਸਾਡੇ ਬਣਦੇ ਹੱਕ ਵੀ ਧੱਕੇ ਨਾਲ ਖੋਹਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਬੀ ਬੀ ਐੱਮ ਬੀ ਦੇ ਪਹਿਲਾਂ ਹੀ ਪ੍ਰਬੰਧਕੀ ਢਾਂਚੇ ਵਿਚੋਂ ਸਾਡੇ ਬਣਦੇ ਪੱਕੇ ਮੈਂਬਰ ਦੀ ਸੀਟ ਵੀ ਖੋਹ ਕੇ ਮਰਜ਼ੀ ਨਾਲ ਦੂਜੇ ਪ੍ਰਾਂਤਾਂ ਵਿਚੋਂ ਭਰਤੀ ਕੀਤੀ ਜਾ ਰਹੀ ਹੈ। 

ਅੱਗੇ ਕਿਹਾ ਗਿਆ ਹੈ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਬੀ ਬੀ ਐੱਮ ਬੀ ਵਿਚ ਪੰਜਾਬ ਦੀਆਂ 2550 ਪੋਸਟਾਂ ਖਾਲੀ ਪਈਆਂ ਹਨ ਤੇ ਇਸ ਦੇ ਨਾਲ ਹੀ ਬੀ ਬੀ ਐੱਮ ਬੀ ਦੀ ਸੁਰੱਖਿਆ ਵਾਸਤੇ ਮੋਦੀ ਸਰਕਾਰ ਕੇਂਦਰੀ ਸਨਅਤੀ ਸੁਰੱਖਿਆ ਬਲਾਂ ਦੇ 296 ਕਰਮਚਾਰੀਆਂ ਨੂੰ ਤੈਨਾਤ ਕਰ ਰਹੀ ਹੈ, ਜਿਨ੍ਹਾਂ ਦੀਆਂ ਤਨਖਾਹਾਂ, ਰਿਹਾਇਸ਼ ਅਤੇ ਟਰਾਂਸਪੋਰਟ ਦਾ ਸਾਰਾ ਖਰਚਾ ਪੰਜਾਬ ਸਿਰ ਮੜ੍ਹਿਆ ਜਾਵੇਗਾ। 

ਸੀ ਪੀ ਆਈ ਨੇ ਮਾਨ ਸਰਕਾਰ ਬਾਰੇ ਟਿੱਪਣੀ ਕਰਦਿਆਂ ਆਖਿਆ ਹੈ ਕਿ ਅਸਲ ਵਿਚ ਪੰਜਾਬ ਸਰਕਾਰ ਦੀ ਵਾਗਡੋਰ ਪੂਰੀ ਤਰ੍ਹਾਂ ਕੇਜਰੀਵਾਲ ਨੇ ਆਪਣੀ ਦਿੱਲੀ ਵਾਲੀ ਟੀਮ ਨਾਲ ਆਪਣੇ ਹੱਥਾਂ ਵਿਚ ਲੈ ਲਈ ਹੈ। ਪੰਜਾਬ ਦੇ ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਚੇਅਰਮੈਨ ਵੀ ਹਰਿਆਣਾ, ਯੂ ਪੀ ਅਤੇ ਦਿੱਲੀ ਵਿਚੋਂ ਲਾਏ ਜਾ ਰਹੇ ਹਨ। 

ਕੇਜਰੀਵਾਲ ਦੀ ਆਮ ਆਦਮੀ ਦੀ ਸਰਕਾਰ ਨੇ ਆਪਣਾ ਕਿਸਾਨਾਂ, ਮਜ਼ਦੂਰਾਂ ਅਤੇ ਦੁਕਾਨਦਾਰਾਂ-ਵਿਰੋਧੀ ਚਿਹਰਾ ਨੰਗਾ ਕਰ ਲਿਆ ਹੈ। ਸੀ ਪੀ ਆਈ ਨੇ ਪੰਜਾਬ ਦੀਆਂ ਸਾਰੀਆਂ ਕਿਸਾਨਾਂ, ਮਜ਼ਦੂਰਾਂ ਅਤੇ ਜਮਹੂਰੀ ਸ਼ਕਤੀਆਂ ਨੂੰ ਸਾਂਝੇ ਤੌਰ ’ਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸਾਂਝੀ ਲੜਾਈ ਲੜਨ ਦੀ ਅਪੀਲ ਕੀਤੀ ਹੈ।

ਹੁਣ ਦੇਖਣਾ ਹੈ ਕਿ ਸੀਪੀਆਈ ਦੇ ਮੌਜੂਦਾ ਖਿਆਲਾਂ ਅਤੇ ਨੀਤੀਆਂ ਨਾਲ ਸਹਿਮਤੀ ਰੱਖਣ ਵਾਲੀਆਂ ਕਿੰਨੀਆਂ ਕੁ ਪਾਰਟੀਆਂ ਅਤੇ ਸੰਗਠਨ ਇਸ ਮਕਸਦ ਲਈ ਇੱਕ ਮੁੱਠ ਅਤੇ ਇੱਕ ਜੁੱਟ ਹੋ ਕੇ ਸਾਹਮਣੇ ਆਉਂਦੀਆਂ ਹਨ? ਉਂਝ ਇਹ ਕਈ ਵਾਰ ਸਾਬਿਤ ਹੋ ਚੁੱਕਿਆ ਹੈ ਕਿ ਜੇਕਰ ਖੱਬੀਆਂ ਧਿਰਾਂ ਇੱਕ ਮੰਚ ਤੇ ਆ ਜਾਣ ਤਾਂ ਇਹਨਾਂ ਦਾ ਮੁਕਾਬਲਾ ਕਰਨਾ ਆਸਾਨ ਨਹੀਂ ਹੋਵੇਗਾ। 

ਉਹ ਭਾਰਤ ਦਾ ਚੀ ਗਵੇਰਾ ਸੀ, ਇਨਕਲਾਬੀ ਸਫ਼ਾਂ ਦਾ ਸੂਹਾ ਸਵੇਰਾ ਸੀ

 Wednesday 21st may 2025 at 11:19 PM FB

ਇੰਨਕਲਾਬ ਦੀ ਲਾਟ ਉਸਦੇ ਜਾਣ ਮਗਰੋਂ ਵੀ ਮਘਦੀ ਰਹੇਗੀ

ਅਖੀਰੀ ਫੁੱਲ ਤਾਂ ਫਿਰ ਖਿੜਣਗੇ ਹੀ ਪਤਝੜਾਂ ਮਗਰੋਂ,
ਬਹਾਰਾਂ ਰੋਕ ਨਾ ਸਕਦੀ, ਇਹ ਲੱਗੀ ਅੱਗ ਜੰਗਲ ਨੂੰ। 


ਪਿਛਲੇ ਕੁਝ ਦਿਨਾਂ ਤੋਂ ਭਾਰਤ ਵਿੱਚ ਦਹਾਕਿਆਂ ਤੋਂ ਇਨਕਲਾਬ ਦੀ ਆਖ਼ਰੀ ਆਸ ਜਗਾਈ ਫਿਰਦੇ ਮਾਓਵਾਦੀ ਗੁਰੀਲਿਆਂ ਦੇ ਸੂਰਬੀਰ ਆਗੂ ਅਤੇ ਕੇਂਦਰੀ ਕਮੇਟੀ ਦੇ ਸੈਕਟਰੀ ਕਾਮਰੇਡ ਨੰਬਾਲਾ ਕੇਸ਼ਵ ਰਾਓ ਉਰਫ ਬਸਾਵਾ ਰਾਜ ਦੇ ਕਥਿਤ ਮੁਕਾਬਲੇ ਵਿੱਚ ਸ਼ਹੀਦ ਹੋ ਜਾਣ ਦੀ, ਦਿਲ ਨੂੰ ਝੰਜੋੜਨ ਵਾਲੀ ਖ਼ਬਰ ਮਿਲ ਰਹੀ ਹੈ। ਉਪਰੇਸ਼ਨ ਕਗਾਰ ਤਹਿਤ ਮੌਜੂਦਾ ਭਾਜਪਾ ਸਰਕਾਰ ਭਾਰਤ ਦੇ ਕੇਂਦਰ ਵਿੱਚ ਸਰਗਰਮ ਲੜਾਕੂ ਲਹਿਰ ਦਾ ਖ਼ਾਤਮਾ ਕਰਕੇ ਪੂਰੇ ਭਾਰਤ ਵਿੱਚੋਂ ਜੁਝਾਰੂ ਮਾਨਸਿਕਤਾ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਠਾਣੀ ਬੈਠੀ ਹੈ। ਭਾਰਤੀ ਰਾਜ ਦੇ ਸੁਰੱਖਿਆ ਬਲਾਂ ਨੇ ਛੱਤੀਸਗੜ੍ਹ ਦੇ ਅਬੂਝਮਾੜ ਖੇਤਰ ਵਿੱਚ ਸੀਪੀਆਈ (ਮਾਓਵਾਦੀ) ਦੀ ਸੈਂਟਰ ਕਮੇਟੀ ਦੇ ਸਕੱਤਰ ਨੰਬਾਲਾ ਕੇਸ਼ਵ ਰਾਓ ਉਰਫ਼ ਬਸਾਵਾ ਰਾਜੂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਹੈ।

ਇਸ ਮੁਕਾਬਲੇ ਵਿੱਚ 26 ਮਾਓਵਾਦੀਆਂ ਦੇ ਮਾਰੇ ਜਾਣ ਦੀ ਗੱਲ ਕੀਤੀ ਗਈ ਹੈ। ਬਸਾਵਾ ਰਾਜੂ ਕਾਮਰੇਡ ਗਣਪਤੀ ਤੋਂ ਬਾਅਦ 2018 ਤੋਂ ਕੇਂਦਰੀ ਕਮੇਟੀ ਦਾ ਸਕੱਤਰ ਸੀ। ਭਾਰਤੀ ਸਰਕਾਰ ਅਤੇ ਕਈ ਸੂਬਿਆਂ ਦੀ ਸਰਕਾਰਾਂ ਨੇ ਕੁੱਲ ਮਿਲਾ ਕੇ ਉਸ ਦੇ ਸਿਰ ਦਾ ਇਕ ਕਰੋੜ ਪੰਜਾਹ ਲੱਖ ਤੋਂ ਵੀ ਜ਼ਿਆਦਾ ਇਨਾਮ ਰੱਖਿਆ ਹੋਇਆ ਸੀ। ਉਸ ਦੀ ਉਮਰ ਲਗਭਗ 70 ਸਾਲ ਸੀ।

ਉਸਦੀਆਂ ਸਮੁੱਚੀ ਉਮਰ ਵਿਚ ਦੋ ਹੀ ਤਸਵੀਰਾਂ ਉਪਲਬਧ ਹਨ, ਇਕ ਜਵਾਨੀ ਵੇਲੇ ਭਗੌੜੇ ਹੋਣ ਸਮੇਂ ਦੀ ਅਤੇ ਦੂਸਰੀ ਮੁਕਾਬਲੇ ਵਿਚ ਸ਼ਹਾਦਤ ਪ੍ਰਾਪਤ ਕਰਨ ਤੋਂ ਬਾਅਦ ਦੀ। ਕੇਸ਼ਵ ਰਾਓ ਕੋਈ ਆਮ ਆਗੂ ਨਹੀਂ ਸੀ, ਉਹ ਇੰਜੀਨੀਅਰਿੰਗ ਦੀ ਡਿਗਰੀ ਹੋਲਡਰ ਇਕ ਪ੍ਰਤਿਭਾਵਾਨ ਨੌਜਵਾਨ ਸੀ, ਪਰ ਗ਼ਰੀਬਾਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ, ਅਨਸੂਚਿਤ ਜਨ-ਜਾਤੀਆਂ ਨਾਲ ਹੁੰਦੇ ਆ ਰਹੇ ਆਰਥਿਕ ਵਿਤਕਰੇ ਅਤੇ ਸਮਾਜਿਕ ਨਾਬਰਾਬਰੀ ਦੇ ਖਿਲਾਫ ਉਹ ਇਨਕਲਾਬੀ ਰਾਹਾਂ ਦਾ ਪਾਂਧੀ ਹੋ ਗਿਆ।

ਤਕਰੀਬਨ ਪਿਛਲੀ ਅੱਧੀ ਸਦੀ ਤੋਂ ਚਲ ਰਹੇ ਹਥਿਆਰਬੰਦ ਸੰਘਰਸ਼ ਦੌਰਾਨ, ਉਹ ਜੰਗਲ ਵਿਚ ਸਰਕਾਰ ਖ਼ਿਲਾਫ਼ ਇਸ ਵਿਦਰੋਹ ਨੂੰ ਜਾਰੀ ਰੱਖਣ ਵਿਚ ਰੁੱਝਿਆ ਹੋਇਆ ਸੀ। ਵਰਤਮਾਨ ਵਿੱਚ ਚੱਲਦੀਆਂ ਲੋਕ ਲਹਿਰਾਂ ਦੇ ਆਗੂਆਂ ਵਿੱਚੋਂ, ਉਸ ਦਾ ਸਨਮਾਨ ਅਤੇ ਯੋਗਦਾਨ ਲਾਸਾਨੀ ਸੀ। ਦਿਲ ਵਿੱਚ ਅਜਿਹੇ ਜਾਂਬਾਜ ਯੋਧੇ ਦੇ ਦਰਸ਼ਨ ਕਰਨ ਦੀ ਤਮੰਨਾ ਸੀ।

ਉਹ ਭਾਰਤ ਦਾ ਚੀ ਗਵੇਰਾ ਸੀ, ਇਨਕਲਾਬੀ ਸਫ਼ਾਂ ਦਾ ਸੂਹਾ ਸਵੇਰਾ ਸੀ। 70 ਸਾਲ ਦੀ ਉਮਰ ਵਿਚ ਵੀ ਹਕੂਮਤ ਨਾਲ ਭਿੜਨ ਦੀ ਸੱਤਿਆ ਆਮ ਬੰਦਿਆਂ ਵਿਚ ਨਹੀਂ ਹੁੰਦੀ। ਕਾਮਰੇਡ ਬਸਾਵਾ ਰਾਜੂ ਨੂੰ ਲਾਲ ਸਲਾਮ ਕਰਦੇ ਹੋਏ ਅੱਖਾਂ ਨਮਨ ਹਨ। ਇਨਕਲਾਬ ਦੀ ਲਾਟ ਉਸਦੇ ਜਾਣ ਮਗਰੋਂ ਵੀ ਮਘਦੀ ਰਹੇਗੀ।

ਮੌਤ ਦੇ ਕੰਧੇ ਤੇ ਜਾਣ ਵਾਲਿਆਂ ਲਈ, ਜ਼ਿੰਦਗੀ ਦਾ ਸਫ਼ਰ ਮੌਤ ਦੇ ਮਗਰੋਂ ਸ਼ੁਰੂ ਹੁੰਦਾ ਹੈ। ਲਾਲ ਸਲਾਮ ਸਾਥੀ

—ਸਰਬਜੀਤ ਸੋਹੀ, ਆਸਟ੍ਰੇਲੀਆ