ਛੱਤੀਸਗੜ੍ਹ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ 40 FOB ਸਥਾਪਿਤ ਕੀਤੇ ਗਏ ਹਨ
ਨਵੀਂ ਦਿੱਲੀ: 8 ਸਤੰਬਰ 2024: (ਨਕਸਲਬਾੜੀ ਸਕਰੀਨ ਡੈਸਕ)::
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ 31 ਮਾਰਚ 2026 ਤੱਕ ਦੇਸ਼ ਨੂੰ ਨਕਸਲਵਾਦ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਦਾ ਟੀਚਾ ਹੈ। ਇਸ ਦਿਸ਼ਾ ਵਿੱਚ ਕਦਮ ਚੁੱਕਦੇ ਹੋਏ, ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਛੱਤੀਸਗੜ੍ਹ ਦੇ ਬਸਤਰ ਖੇਤਰ ਵਿੱਚ 4,000 ਤੋਂ ਵੱਧ ਕਰਮਚਾਰੀਆਂ ਦੀਆਂ ਚਾਰ ਨਵੀਆਂ ਬਟਾਲੀਅਨਾਂ ਨੂੰ ਤਾਇਨਾਤ ਕਰ ਰਿਹਾ ਹੈ। ਸ਼ਾਹ ਮੁਤਾਬਕ ਨਕਸਲਵਾਦ ਵਿਰੁੱਧ ਲੜਾਈ ਹੁਣ ਆਖਰੀ ਪੜਾਅ 'ਤੇ ਹੈ ਅਤੇ ਇਸ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਫੈਸਲਾਕੁੰਨ ਕਾਰਵਾਈ ਕੀਤੀ ਜਾ ਰਹੀ ਹੈ।
ਨਕਸਲੀਆਂ ਖਿਲਾਫ ਸੁਰੱਖਿਆ ਬਲਾਂ ਦੀ ਸਖਤ ਕਾਰਵਾਈ ਉਂਝ ਤਾਂ ਲਗਾਤਾਰ ਜਾਰੀ ਹੈ ਪਰ ਹੁਣ ਵਿਚ ਕੁਝ ਹੋਰ ਵਾਧੇ ਕੀਤੇ ਗਏ ਹਨ। ਇਹਨਾਂ ਸਖਤੀਆਂ ਨਾਲ ਸਰਕਾਰ ਨੂੰ ਕੁਝ ਸਫਲਤਾਵਾਂ ਵੀ ਮਿਲੀਆਂ ਹਨ। ਸੁਰੱਖਿਆ ਬਲਾਂ ਨੇ ਇਸ ਸਾਲ ਨਕਸਲੀਆਂ ਵਿਰੁੱਧ ਵੱਡੀਆਂ ਸਫਲਤਾਵਾਂ ਹਾਸਲ ਕੀਤੀਆਂ ਹਨ। ਮੁਕਾਬਲੇ 'ਚ ਹੁਣ ਤੱਕ 153 ਨਕਸਲੀ ਮਾਰੇ ਜਾ ਚੁੱਕੇ ਹਨ। ਛੱਤੀਸਗੜ੍ਹ ਵਿੱਚ ਕੋਬਰਾ ਯੂਨਿਟਾਂ ਸਮੇਤ 40 ਸੀਆਰਪੀਐਫ ਬਟਾਲੀਅਨ ਪਹਿਲਾਂ ਹੀ ਤਾਇਨਾਤ ਹਨ। ਹੁਣ ਝਾਰਖੰਡ ਅਤੇ ਬਿਹਾਰ ਵਿੱਚ ਨਕਸਲੀ ਗਤੀਵਿਧੀਆਂ ਨੂੰ ਕਾਬੂ ਕਰਨ ਤੋਂ ਬਾਅਦ ਚਾਰ ਬਟਾਲੀਅਨਾਂ ਨੂੰ ਉੱਥੋਂ ਹਟਾ ਕੇ ਛੱਤੀਸਗੜ੍ਹ ਦੇ ਸਭ ਤੋਂ ਪ੍ਰਭਾਵਤ ਬਸਤਰ ਖੇਤਰ ਵਿੱਚ ਭੇਜਿਆ ਜਾ ਰਿਹਾ ਹੈ।
ਬਸਤਰ 'ਚ ਨਕਸਲ ਵਿਰੋਧੀ ਮੁਹਿੰਮ ਦੀਆਂ ਜ਼ੋਰਦਾਰ ਤਿਆਰੀਆਂ ਤੇਜ਼ੀ ਨਾਲ ਜਾਰੀ ਹਨ। ਸੀਆਰਪੀਐਫ ਦੀਆਂ ਨਵੀਆਂ ਬਟਾਲੀਅਨਾਂ ਨੂੰ ਰਾਏਪੁਰ ਤੋਂ 450-500 ਕਿਲੋਮੀਟਰ ਦੂਰ ਬਸਤਰ ਦੇ ਔਖੇ ਇਲਾਕਿਆਂ ਵਿੱਚ ਤਾਇਨਾਤ ਕੀਤਾ ਜਾਵੇਗਾ। ਫੋਰਸ ਇਨ੍ਹਾਂ ਖੇਤਰਾਂ ਵਿੱਚ ਫਾਰਵਰਡ ਓਪਰੇਟਿੰਗ ਬੇਸ (ਐਫਓਬੀ) ਸਥਾਪਤ ਕਰੇਗੀ, ਤਾਂ ਜੋ ਸੁਰੱਖਿਆ ਯਕੀਨੀ ਹੋਣ ਤੋਂ ਬਾਅਦ ਵਿਕਾਸ ਕਾਰਜ ਸ਼ੁਰੂ ਕੀਤੇ ਜਾ ਸਕਣ। ਨਕਸਲ ਵਿਰੋਧੀ ਕਾਰਵਾਈਆਂ ਨੂੰ ਮਜ਼ਬੂਤ ਕਰਦੇ ਹੋਏ ਛੱਤੀਸਗੜ੍ਹ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ 40 FOB ਸਥਾਪਿਤ ਕੀਤੇ ਗਏ ਹਨ।
ਸਰਕਾਰ ਦੇ ਇਰਾਦੇ ਅਤੇ ਮਿਸ਼ਨ ਨੂੰ ਪੂਰਾ ਕਰਨ ਲਈ ਜੀ ਜਾਂ ਨਾਲ ਜੁੱਟੀਆਂ ਫੋਰਸਾਂ ਨੂੰ ਇਹਨਾਂ ਕਾਰਵਾਈਆਂ ਵਿੱਚ ਪੂਰੀ ਤੇਜ਼ੀ ਲਿਆਉਣ ਲਈ ਤਕਨਾਲੋਜੀ ਅਤੇ ਸਰੋਤ ਦੀ ਵੀ ਲੋੜ ਹੈ।ਸੀਆਰਪੀਐਫ ਅਧਿਕਾਰੀਆਂ ਦਾ ਮੰਨਣਾ ਹੈ ਕਿ ਦੱਖਣੀ ਬਸਤਰ ਵਿੱਚ ਆਪਰੇਸ਼ਨਾਂ ਲਈ ਲਗਾਤਾਰ ਤਕਨੀਕੀ ਅਤੇ ਸਾਧਨਾਂ ਦੀ ਲੋੜ ਪਵੇਗੀ। ਨਕਸਲੀਆਂ ਵੱਲੋਂ ਹਮਲੇ ਅਤੇ ਵਿਸਫੋਟਕ ਯੰਤਰਾਂ ਦਾ ਖਤਰਾ ਬਣਿਆ ਰਹਿੰਦਾ ਹੈ, ਇਸ ਲਈ ਹੈਲੀਕਾਪਟਰਾਂ ਅਤੇ ਹੋਰ ਸਾਧਨਾਂ ਨਾਲ ਫੋਰਸ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਨਵੀਂ ਬਟਾਲੀਅਨਾਂ ਦੀ ਤਾਇਨਾਤੀ ਦਾ ਮਕਸਦ ਬਸਤਰ ਦੇ 'ਨੋ-ਗੋ' ਖੇਤਰਾਂ 'ਤੇ ਕੰਟਰੋਲ ਸਥਾਪਿਤ ਕਰਨਾ ਅਤੇ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਨਕਸਲਵਾਦ ਨੂੰ ਖਤਮ ਕਰਨਾ ਹੈ।
ਸਰਕਾਰ ਦੀਆਂ ਕਾਰਵਾਈਆਂ ਇਸ ਮਾਮਲੇ ਵਿਚ ਮੰਨਿਆਂ ਸਫਲ ਰਹਿੰਦੀਆਂ ਹਨ ਇਸ ਦਾ ਪਤਾ ਵੀ ਨੇੜ ਭਵਿੱਖ ਵਿੱਚ ਹੀ ਲੱਗ ਜਾਣਾ ਹੈ। ਸੰਨ 2026 ਦੀ 31 ਮਾਰਚ ਵੀ ਕੋਈ ਬਹੁਤੀ ਦੂਰ ਨਹੀਂ। ਨਕਸਲਵਾਦ ਖਿਲਾਫ ਸਰਕਾਰ ਅਤੇ ਸੁਰੱਖਿਆ ਬਲਾਂ ਦਾ ਇਹ ਫੈਸਲਾਕੁੰਨ ਕਦਮ ਦਰਸਾਉਂਦਾ ਹੈ ਕਿ ਦੇਸ਼ ਨਕਸਲਵਾਦ ਦੇ ਖਾਤਮੇ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਅਮਿਤ ਸ਼ਾਹ ਦੀ ਵਚਨਬੱਧਤਾ ਅਤੇ ਸੀਆਰਪੀਐਫ ਦੀ ਰਣਨੀਤੀ ਇਸ ਦਿਸ਼ਾ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ।
ਹੁਣ ਦੇਖਣਾ ਹੈ ਕਿ ਇਸ ਸਬੰਧ ਵਿੱਚ ਇਹ ਨਵੀਂ ਮੁਹਿੰਮ ਕਿਹੜੇ ਨਤੀਜੇ ਸਾਹਮਣੇ ਲਿਆਉਂਦੀ ਹੈ।
No comments:
Post a Comment