Friday 17th February 2023 at 08:01 PM
ਪਟਨਾ ਵਿੱਚ ਜਾਰੀ 11ਵੀਂ ਕਾਂਗਰਸ ਲੈ ਸਕਦੀ ਹੈ ਕਈ ਅਹਿਮ ਫੈਸਲੇ
ਪਟਨਾ (ਬਿਹਾਰ):17 ਫਰਵਰੀ 2023: (ਨਕਸਲਬਾੜੀ ਸਕਰੀਨ ਡੈਸਕ)::
ਪਟਨਾ (ਬਿਹਾਰ) ਵਿੱਚ ਸੀਪੀਆਈ (ਐਮ ਐਲ) ਲਿਬਰੇਸ਼ਨ ਦੀ 11ਵੀਂ ਕੌਮੀ ਕਾਂਗਰਸ ਐਨ ਉਸ ਸਮੇਂ ਹੋ ਰਹੀ ਹੈ ਜਦੋਂ ਖੱਬੀਆਂ ਧਿਰਾਂ ਸਾਹਮਣੇ ਚੁਣੌਤੀਆਂ ਵੀ ਬਹੁਤ ਜ਼ਿਆਦਾ ਵਧੀਆਂ ਹੋਈਆਂ ਹਨ ਅਤੇ ਸੰਘਰਸ਼ ਵੀ ਇੱਕੋ ਵੇਲੇ ਬਹੁਤ ਸਾਰੇ ਕਰਨੇ ਪੈ ਰਹੇ ਹਨ। ਇੱਕਜੁੱਟਤਾ, ਸ਼ਾਂਤੀ ਅਤੇ ਸੰਵਿਧਾਨਕ ਚੌਖਟੇ ਦੇ ਅੰਦਰ ਰਹਿੰਦਿਆਂ ਜ਼ੋਰਦਾਰ ਸੰਘਰਸ਼ ਹੁਣ ਦਿਨ ਬ ਦਿਨ ਜ਼ਿਆਦਾ ਔਖੇ ਹੁੰਦੇ ਜਾ ਰਹੇ ਹਨ।
ਇਸਦੇ ਬਾਵਜੂਦ ਲੋਕਾਂ ਦੇ ਕਾਫ਼ਿਲੇ ਆਪੋ ਆਪਣੀ ਪਸੰਦ ਦੀ ਖੱਬੀ ਧਿਰ ਨਾਲ ਜੁੜੇ ਵੀ ਹੋਏ ਹਨ। ਇਹ ਗੱਲ ਵੱਖਰੀ ਹੈ ਕੀ ਹੁਣ ਅਜਿਹੇ ਲੋਕਾਂ ਦੀ ਗਿਣਤੀ ਵੀ ਬਹੁਤ ਘਟਣ ਲੱਗ ਪਈ ਹੈ। ਇਹਨਾਂ ਹਾਲਾਤਾਂ ਵਿੱਚ ਪਾਰਟੀ ਦੀ 11ਵੀਂ ਕਾਂਗਰਸ ਵਿੱਚ ਪਾਰਟੀ ਦੇ ਮੈਂਬਰ ਅਤੇ ਹੋਰ ਹਮਾਇਤੀ ਵੱਧ ਚੜ੍ਹ ਕੇ ਪਹੁੰਚੇ ਹਨ। ਜ਼ਿਕਰਯੋਗ ਹੈ ਕਿ ਪਟਨਾ ਦੇ ਗਾਂਧੀ ਗਰਾਊਂਡ ਵਿੱਚ 15 ਫਰਵਰੀ ਨੂੰ ਸ਼ੁਰੂ ਹੋਇਆ ਇਹ ਸੰਮੇਲਨ 20 ਫਰਵਰੀ ਤੱਕ ਚੱਲਣਾ ਹੈ।
ਪਟਨਾ ਦੇ ਗਾਂਧੀ ਗਰਾਊਂਡ ਵਿੱਚ ਉਹਨਾਂ ਲੋਕਾਂ ਦਾ ਸਮੁੰਦਰ ਵਰਗਾ ਇਕੱਠ ਪਹੁੰਚਿਆ ਜਿਹਨਾਂ ਲੋਕਾਂ ਦੀ ਆਸਥਾ ਅਤੇ ਭਾਵਨਾ ਸੀ ਪੀ ਆਈ (ਐਮ ਐਲ) ਲਿਬਰੇਸ਼ਨ ਨਾਲ ਜੁੜੀ ਹੋਈ ਹੈ। ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਤੇਜ਼ੀ ਨਾਲ ਕਦਮ ਪੁੱਟਦਿਆਂ ਜਿੱਥੇ ਪੰਜਾਬ ਦੀਆਂ ਰਵਾਇਤੀ ਮੰਗਾਂ ਨੂੰ ਵੀ ਸਮੇਂ ਸਮੇਂ ਉਠਾਇਆ ਹੈ ਉੱਥੇ ਮੋਹਾਲੀ ਵਿੱਚ ਚੰਡੀਗੜ੍ਹ ਬਾਰਡਰ 'ਤੇ ਲੱਗੇ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਮੋਰਚੇ ਵਿੱਚ ਪਹੁੰਚ ਕੇ ਸ਼ਿਰਕਤ ਵੀ ਕੀਤੀ।
ਲਿਬਰੇਸ਼ਨ ਗਰੁੱਪ ਦੀ ਆਲੋਚਨਾ ਬਹੁਤ ਵਾਰ ਹੁੰਦੀ ਰਹੀ ਹੈ ਪਰ ਹਕੀਕਤ ਵਿੱਚ ਇਹੀ ਪਾਰਟੀ ਇਸ ਵੇਲੇ ਨਕਸਲਬਾੜੀ ਦੇ ਫਲਸਫੇ ਨੂੰ ਪ੍ਰਚਾਰਨ ਅਤੇ ਪ੍ਰਸਾਰਣ ਵਿੱਚ ਲੱਗੀ ਹੋਈ ਹੈ। ਲਿਬਰੇਸ਼ਨ ਦੀ ਇਹ ਟੀਮ ਹੀ ਇਸ ਵੇਲੇ ਪਾਸ਼ ਦੀਆਂ ਸਤਰਾਂ ਵੀ ਚੇਤੇ ਕਰਵਾ ਰਹੀ ਹੈ-
ਵਕਤ ਬੜਾ ਚਿਰ
ਕਿਸੇ ਬੇਕਾਬੂ ਘੋੜੇ ਵਰਗਾ ਰਿਹਾ ਹੈ
ਜੋ ਸਾਨੂੰ ਘਸੀਟਦਾ ਹੋਇਆ ਜ਼ਿੰਦਗੀ ਤੋਂ ਬਹੁਤ ਦੂਰ ਲੈ ਗਿਆ ਹੈ
ਕੁਝ ਨਹੀਂ ਬੱਸ ਯੁੱਧ ਹੀ ਇਸ ਘੋੜੇ ਦੀ ਲਗਾਮ ਬਣ ਸਕੇਗਾ
ਬੱਸ ਯੁੱਧ ਹੀ ਇਸ ਘੋੜੇ ਦੀ ਲਗਾਮ ਬਣ ਸਕੇਗਾ।
ਯੁੱਧ ਤੇ ਸ਼ਾਂਤੀ ਸਿਰਲੇਖ ਵਾਲੀ ਇਸ ਕਵਿਤਾ ਦੇ ਆਰੰਭ ਵਿੱਚ ਪਾਸ਼ ਨੇ ਬੜੇ ਹੀ ਸਪਸ਼ਟ ਸ਼ਬਦਾਂ ਵਿੱਚ ਗੱਲ ਸ਼ੁਰੂ ਕੀਤੀ ਅਤੇ ਕਿਹਾ-
ਅਸੀਂ ਜਿਨ੍ਹਾਂ ਨੇ ਯੁੱਧ ਨਹੀਂ ਕੀਤਾ
ਤੇਰੇ ਸਾਊ ਪੁੱਤ ਨਹੀਂ ਹਾਂ ਜ਼ਿੰਦਗੀ
ਸੀਪੀਆਈ (ਐਮ ਐਲ) ਲਿਬਰੇਸ਼ਨ ਲਗਾਤਾਰ ਉਹਨਾਂ ਸਾਰੇ ਚਿਹਰਿਆਂ ਨੂੰ ਸਾਹਮਣੇ ਲਿਆਉਣ ਅਤੇ ਲਕੀਰ ਖਿਚਣ ਦੀ ਸਰਗਰਮੀ ਵਿੱਚ ਵੀ ਲੱਗੀ ਹੋਈ ਹੈ ਕਿ ਹੁਣ ਜਿਹੜੇ ਜ਼ਿੰਦਗੀ ਦੇ ਸਾਊ ਪੁੱਤ ਹਨ ਅਤੇ ਜਿਹੜੇ ਸਾਊ ਪੁੱਤ ਨਹੀਂ ਰਹੇ। ਨਹੀਂ ਰਹੇ। ਜਿਹਨਾਂ ਨੇ ਜੁਧ ਕੀਤਾ ਅਤੇ ਜਿਹਨਾਂ ਨੇ ਯੁੱਧ ਨਹੀਂ ਕੀਤਾ ਉਹਨਾਂ ਦਰਮਿਆਨ ਲਕੀਰ ਖਿੱਚੀ ਜਾਣੀ ਬਣਦੀ ਵੀ ਹੈ। ਅਜਿਹੇ ਲੋਕ ਕੌਣ ਹਨ-ਇਹਨਾਂ ਦੀਪਛਾਣ ਵੀ ਹੁਣ ਸਾਹਮਣੇ ਆਉਂਦੀ ਜਾ ਰਹੀ ਹੈ। ਸਰਗਰਮ ਗਰੁੱਪਾਂ ਦੀ ਸਰਗਰਮੀ ਨੇ ਇਸ ਅਮਲ ਨੂੰ ਖੁਦ ਬ ਖੁਦ ਹੀ ਹੋਰ ਤੇਜ਼ ਕਰ ਦੇਣਾ ਹੈ।
ਅਜੋਕੇ ਹਾਲਾਤ ਵਿੱਚ ਸੀਪੀਆਈ (ਐਮ ਐਲ) ਲਿਬਰੇਸ਼ਨ ਦੇ 11ਵੇਂ ਮਹਾਂ ਸੰਮੇਲਨ ਮੌਕੇ ਅੱਜ 15 ਫਰਵਰੀ ਨੂੰ ਗਾਂਧੀ ਮੈਦਾਨ ਪਟਨਾ ਵਿਖੇ ਕੀਤੀ ਗਈ ਲੋਕਤੰਤਰ ਬਚਾਓ-ਦੇਸ਼ ਬਚਾਓ ਵਿਸ਼ਾਲ ਰੈਲੀ ਦੇ ਕੁਝ ਦ੍ਰਿਸ਼। ਰੈਲੀ ਦਾ ਨਾਹਰਾ ਸੀ ਫਾਸ਼ੀਵਾਦ ਮਿਟਾਓ, ਲੋਕਤੰਤਰ ਬਚਾਓ - ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਬਣਾਓ ਸੀ।
ਸੀਪੀਆਈ (ਐਮਐਲ) ਦੀ 11ਵੀਂ ਕੁਲ ਹਿੰਦ ਪਾਰਟੀ ਕਾਂਗਰਸ ਦਾ ਦੂਸਰਾ ਦਿਨ ਵੀ ਫਾਸ਼ੀਵਾਦ ਵਿਰੋਧੀ ਵਿਚਾਰਾਂ ਨੂੰ ਬੁਲੰਦ ਕਰਨ ਵੱਲ ਸੇਧਿਤ ਰਿਹਾ। ਇਸਦੇ ਨਾਲ ਹੀ ਕੌਮੀ ਸਿਆਸੀ ਸਥਿਤੀ ਸਬੰਧੀ ਮਤੇ ਵੀ ਪ੍ਰਵਾਨ ਕੀਤੇ ਗਏ। ਵੈਨੇਜ਼ੁਏਲਾ, ਨੇਪਾਲ, ਯੂਕਰੇਨ, ਆਸਟ੍ਰੇਲੀਆ, ਫਲਸਤੀਨ, ਬੰਗਲਾਦੇਸ਼ ਦੇ ਪ੍ਰਤੀਨਿਧਾਂ ਵਲੋਂ ਵੀ ਆਪਣੀ ਹਾਜ਼ਰੀ ਲਗਵਾਈ ਗਈ ਅਤੇ ਇਸ ਮੌਕੇ ਤੇ ਅੰਤਰਰਾਸ਼ਟਰੀ ਤੇ ਭਰਾਤਰੀ ਏਕਤਾ ਦੇ ਸੰਦੇਸ਼ ਵੀ ਦਿੱਤੇ ਗਏ।
ਇਥੇ ਸ਼੍ਰੀਕ੍ਰਿਸ਼ਨ ਮੈਮੋਰੀਅਲ ਆਡੀਟੋਰੀਅਮ ਵਿਖੇ ਚੱਲ ਰਹੀ ਸੀਪੀਆਈ (ਐਮਐਲ) ਦੇ 11ਵੇਂ ਮਹਾਂ ਸੰਮੇਲਨ ਵਿਚ ਅੱਜ ਫਾਸ਼ੀਵਾਦ ਵਿਰੋਧੀ ਅਤੇ ਕੌਮੀ ਸਥਿਤੀ ਸਬੰਧੀ ਪੇਸ਼ ਮਤਿਆਂ ਬਾਰੇ ਵਿਸਥਾਰ ਪੂਰਬਕ ਵਿਚਾਰ ਚਰਚਾ ਕਰਨ ਤੋਂ ਬਾਅਦ ਡੈਲੀਗੇਟਾਂ ਨੇ ਇੰਨਾਂ ਮਤਿਆਂ ਨੂੰ ਪ੍ਰਵਾਨਗੀ ਦਿੱਤੀ। ਇਹ ਮਤੇ ਭਾਰਤੀ ਇਤਿਹਾਸ ਦੇ ਮੌਜੂਦਾ ਮੋੜ 'ਤੇ ਫਾਸ਼ੀਵਾਦ ਨੂੰ ਲੋਕਾਂ ਲਈ ਅਤੇ ਜਮਹੂਰੀਅਤ ਲਈ ਮੁੱਖ ਖਤਰਾ ਮੰਨਦੇ ਹਨ। ਮਤੇ ਵਿਚ ਕਿਹਾ ਗਿਆ ਹੈ ਕਿ ਦੇਸ਼ ਦੇ ਲੋਕਤੰਤਰ ਨੂੰ ਅੱਜ ਕਾਰਪੋਰੇਟ-ਫਿਰਕੂ ਗਠਜੋੜ ਵਜੋਂ ਸਤਾ ਉਤੇ ਕਾਬਜ਼ ਫਾਸ਼ੀਵਾਦ ਤੋਂ ਮੁੱਖ ਖ਼ਤਰਾ ਹੈ। ਇਸ ਆਦਮੀ ਇਕਜੁਟਤਾ ਸੈਸ਼ਨ ਵਿਚ ਲਿਬਰੇਸ਼ਨ ਆਗੂਆਂ ਵਲੋਂ ਵਿਦੇਸ਼ਾਂ ਤੋਂ ਪਹੁੰਚੇ ਸਾਰੇ ਖੱਬੇ ਪੱਖੀ ਭਰਾਤਰੀ ਪ੍ਰਤੀਨਿਧਾਂ ਦਾ ਜੋਸ਼ੀਲਾ ਸਵਾਗਤ ਕੀਤਾ ਗਿਆ।
ਪ੍ਰਸਿੱਧ ਲੇਖਿਕਾ ਅਰੁੰਧਤੀ ਰਾਏ ਨੇ ਫਾਸ਼ੀਵਾਦ ਵਿਰੋਧੀ ਸੰਘਰਸ਼ਾਂ ਅਤੇ ਸੀਪੀਆਈ (ਐਮਐਲ) ਦੀ ਪਾਰਟੀ ਮਹਾਂ ਸੰਮੇਲਨ ਪ੍ਰਤੀ ਇਕਮੁੱਠਤਾ ਦਾ ਪ੍ਰਗਟਾਵਾ ਵੀ ਕੀਤਾ। ਉਨ੍ਹਾਂ ਕਿਹਾ ਕਿ ਫਾਸ਼ੀਵਾਦ ਦਾ ਟਾਕਰਾ ਕਰਨ ਲਈ ਜਾਤ-ਪਾਤ ਵਿਰੋਧੀ ਅਤੇ ਕਾਰਪੋਰੇਟ ਵਿਰੋਧੀ ਜਮਾਤੀ ਸੰਘਰਸ਼ਾਂ ਨੂੰ ਇਕਜੁੱਟ ਹੋਣਾ ਪਵੇਗਾ। ਉਸਨੇ ਫਾਸ਼ੀਵਾਦ ਵਿਰੋਧੀ ਟਾਕਰਾ ਮੋਰਚਾ ਬਣਾਉਣ ਲਈ ਵੱਖ-ਵੱਖ ਰਾਜਨੀਤਿਕ ਸਮੂਹਾਂ ਦੇ ਨੇੜੇ ਆਉਣ ਦਾ ਭਰਪੂਰ ਸਵਾਗਤ ਕੀਤਾ।
ਕੌਮਾਂਤਰੀ ਇਕਜੁੱਟਤਾ ਸੈਸ਼ਨ ਵਿੱਚ ਵੈਨੇਜ਼ੁਏਲਾ, ਨੇਪਾਲ, ਯੂਕਰੇਨ, ਆਸਟਰੇਲੀਆ, ਫਲਸਤੀਨ ਅਤੇ ਬੰਗਲਾਦੇਸ਼ ਦੇ ਵੱਖ-ਵੱਖ ਭਰਾਤਰੀ ਖੱਬੇਪੱਖੀ ਪਾਰਟੀਆਂ ਨੇ ਭਾਰਤ ਵਿੱਚ ਚੱਲ ਰਹੇ ਲੋਕ ਸੰਘਰਸ਼ਾਂ ਨਾਲ ਆਪਣੀ ਇਕਮੁੱਠਤਾ ਪ੍ਰਗਟਾਈ ਅਤੇ ਇੱਕ ਅਜਿਹੇ ਸੰਸਾਰ ਦੀ ਉਸਾਰੀ ਵਿੱਚ ਆਪਣਾ ਸਹਿਯੋਗ ਅਤੇ ਸਮਰਥਨ ਦੇਣ ਦਾ ਐਲਾਨ ਕੀਤਾ ਜੋ ਨਿਆਂਪੂਰਨ, ਜਮਹੂਰੀ ਅਤੇ ਬਹੁਧਰੁਵੀ ਹੋਵੇ।
ਯੂਕਰੇਨੀ ਅੰਤਰਰਾਸ਼ਟਰੀ ਇਕਜੁੱਟਤਾ ਸੰਗਠਨ ਦੇ ਪ੍ਰਤੀਨਿਧੀ ਸੋਤਸੀਆਲਾਨੀ ਰੁਖ ਨੇ ਜ਼ਿਕਰ ਕੀਤਾ ਕਿ ਉਹ ਪੁਤਿਨ ਦੀ ਅਗਵਾਈ ਵਾਲੇ 'ਗ੍ਰੇਟ ਰੂਸੀ ਸ਼ਾਵਿਨਿਜ਼ਮ' ਦਾ ਵਿਰੋਧ ਕਰ ਰਹੇ ਹਨ ਜੋ ਕਿ ਯੂਕਰੇਨ ਨੂੰ ਪ੍ਰਭੂਸੱਤਾ ਮਾਨਤਾ ਦੇਣ ਦੀ ਲੈਨਿਨ ਦੀ ਸਥਿਤੀ ਦੇ ਪੂਰੀ ਤਰ੍ਹਾਂ ਖਿਲਾਫ ਹੈ। ਉਨ੍ਹਾਂ ਕਿਹਾ ਕਿ ਕਾਰਪੋਰੇਟ ਪੂੰਜੀਵਾਦ ਵਿਰੋਧੀ ਸੰਘਰਸ਼ ਇੱਕ ਬਿਹਤਰ ਸੰਸਾਰ ਲਈ ਅਤੇ ਜੰਗ ਤੇ ਸ਼ੋਸ਼ਣ ਤੋਂ ਮੁਕਤ ਯੂਕਰੇਨ ਲਈ ਓਨਾ ਹੀ ਜ਼ਰੂਰੀ ਹੈ। ਉਨ੍ਹਾਂ ਰੂਸੀ ਹਮਲੇ ਖਿਲਾਫ ਯੂਕਰੇਨ ਦੇ ਲੋਕਾਂ ਨਾਲ ਖੜ੍ਹਨ ਲਈ ਸੀਪੀਆਈ (ਐਮਐਲ) ਦਾ ਧੰਨਵਾਦ ਕੀਤਾ।
ਸੀਪੀਐਨ (ਯੂਨੀਫਾਈਡ ਸੋਸ਼ਲਿਸਟ) ਦੇ ਪ੍ਰਮੁੱਖ ਆਗੂ ਅਤੇ ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਕਾਮਰੇਡ ਝਾਲਾ ਨਾਥ ਖਨਾਲ ਨੇ ਕਿਹਾ ਕਿ 1970 ਦੇ ਦਹਾਕੇ ਤੋਂ ਨੇਪਾਲ ਦੀ ਕਮਿਊਨਿਸਟ ਲਹਿਰ ਅਤੇ ਸੀਪੀਆਈ (ਐਮਐਲ) ਦਰਮਿਆਨ ਸਬੰਧਾਂ ਦਾ ਇੱਕ ਲੰਮਾ ਇਤਿਹਾਸ ਰਿਹਾ ਹੈ, ਐਮਐਲ ਦੇ ਮਰਹੂਮ ਜਨਰਲ ਸਕੱਤਰ ਕਾਮਰੇਡ ਵਿਨੋਦ ਮਿਸ਼ਰਾ ਨੇ ਸਾਡੇ ਸੰਘਰਸ਼ਾਂ ਨੂੰ ਪ੍ਰੇਰਨਾ ਅਤੇ ਅਗਵਾਈ ਦਿੱਤੀ। ਉਹ ਸਾਡੀ ਪਾਰਟੀ ਦੀ 6ਵੀਂ ਪਾਰਟੀ ਕਾਂਗਰਸ ਵਿੱਚ ਵੀ ਸ਼ਾਮਲ ਹੋਏ ਸਨ। ਉਨ੍ਹਾਂ ਕਿਹਾ ਕਿ ਨੇਪਾਲ ਤਬਦੀਲੀਆਂ ਵਿੱਚੋਂ ਲੰਘ ਰਿਹਾ ਹੈ, ਜਿੱਥੇ ਕਮਿਊਨਿਸਟ ਪਾਰਟੀਆਂ ਇੱਕਜੁੱਟ ਹੋ ਕੇ ਚੋਣਾਂ ਜਿੱਤਣ ਵਿੱਚ ਕਾਮਯਾਬ ਹੋਈਆਂ ਹਨ, ਪਰ ਸੱਜੇ-ਪੱਖੀ ਤੱਤ ਸਮਾਜ ਵਿੱਚ ਘੁਸਪੈਠ ਕਰ ਰਹੇ ਹਨ ਅਤੇ ਉਥੇ ਰਾਜਸ਼ਾਹੀ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨਾਂ ਅੱਗੇ ਕਿਹਾ "ਅਸੀਂ ਨੇਪਾਲ ਵਿੱਚ ਸੰਸਦ ਦੇ ਅੰਦਰ ਅਤੇ ਬਾਹਰ ਇੱਕ ਬਹੁ-ਆਯਾਮੀ ਜਮਾਤੀ ਸੰਘਰਸ਼ ਸ਼ੁਰੂ ਕਰ ਰਹੇ ਹਾਂ ਅਤੇ ਸਾਡੇ ਲਈ, ਨੇਪਾਲ ਵਿੱਚਲੀ ਖੱਬੇ ਪੱਖੀ ਸਰਕਾਰ ਅਤੇ ਖੱਬੇ ਪੱਖੀ ਏਕਤਾ ਅਜਿਹੇ ਤੱਤਾਂ ਨੂੰ ਹਰਾਉਣ ਲਈ ਬਹੁਤ ਮਹੱਤਵਪੂਰਨ ਹੈ।"
ਆਪਣੀ ਏਕਤਾ ਦਾ ਪ੍ਰਗਟਾਵਾ ਕਰਦੇ ਹੋਏ, ਯੂਨੀਫਾਈਡ ਸੋਸ਼ਲਿਸਟ ਪਾਰਟੀ ਆਫ ਵੈਨੇਜ਼ੁਏਲਾ (ਪੀ.ਐੱਸ.ਯੂ.ਵੀ.) ਦੇ ਰੈਮਨ ਔਗਸਟੋ ਲੋਬੋ ਨੇ ਕਿਹਾ, “ਕਮਾਂਡਰ ਹਿਊਗੋ ਸ਼ਾਵੇਜ਼ ਦੀ ਧਰਤੀ ਤੋਂ ਹਰ ਤਰ੍ਹਾਂ ਦੇ ਜ਼ੁਲਮ ਦੇ ਖਿਲਾਫ, ਏਕਤਾ, ਏਕੀਕਰਣ ਅਤੇ ਪੂਰਕਤਾ ਦੁਆਰਾ ਲੜਨ ਲਈ ਲੋਕ ਏਕਤਾ ਦੇ ਜ਼ੋਰਦਾਰ ਸਮਰਥਕਾਂ ਵਜੋਂ ਅਸੀਂ ਇੱਕ ਬਹੁਧਰੁਵੀ ਸੰਸਾਰ ਬਣਾਉਣ ਵਿੱਚ ਆਪਣਾ ਪੱਕਾ ਵਿਸ਼ਵਾਸ ਪ੍ਰਗਟ ਕਰਦੇ ਹਾਂ, ਜੋ ਹਰ ਦੇਸ਼ ਅਤੇ ਇਨਸਾਨ ਲਈ ਸ਼ਾਂਤੀ ਅਤੇ ਨਿਆਂ ਦੀ ਗਰੰਟੀ ਦਿੰਦਾ ਹੋਵੇ।
ਬੰਗਲਾਦੇਸ਼ ਦੀ ਰੈਵੋਲਿਊਸ਼ਨਰੀ ਵਰਕਰਜ਼ ਪਾਰਟੀ ਦੇ ਸੈਫੁਲ ਹੱਕ, ਸੋਸ਼ਲਿਸਟ ਪਾਰਟੀ ਆਫ ਬੰਗਲਾਦੇਸ਼ ਦੇ ਬਜ਼ਲੁਰ ਰਸ਼ੀਦ, ਸੋਸ਼ਲਿਸਟ ਅਲਾਇੰਸ (ਆਸਟ੍ਰੇਲੀਆ) ਦੇ ਸੈਮ ਵੇਨਰਾਈਟ, ਸਾਊਥ ਏਸ਼ੀਆ ਸੋਲੀਡੈਰਿਟੀ (ਯੂ.ਕੇ.) ਦੀ ਸਰਬਜੀਤ ਜੌਹਲ ਅਤੇ ਬਾਈਕਾਟ, ਡਿਵੈਸਟਮੈਂਟ ਅਤੇ ਅਪੂਰਵ ਗੌਤਮ ਵੱਲੋਂ ਅਪਣੇ ਭਾਸ਼ਨਾਂ ਰਾਹੀਂ ਸੀਪੀਆਈ (ਐਮ ਐਲ) ਨਾਲ ਇਕਜੁੱਟਤਾ ਸੰਦੇਸ਼ ਦਿੱਤੇ ਗਏ। ਪਾਬੰਦੀਆਂ ਦੀ ਲਹਿਰ। ਕਿਊਬਾ ਦੇ ਰਾਜਦੂਤ ਅਲੇਜੈਂਡਰੋ ਸਿਮਾਂਕਸ ਮਾਰਿਨ, ਐਮਐਲਪੀਡੀ ਜਰਮਨੀ, ਕਮਿਊਨਿਸਟ ਪਾਰਟੀ ਆਫ ਸਵਾਜ਼ੀਲੈਂਡ, ਪਾਰਟੀ ਡੋ ਕਮਿਊਨਿਸਟਾ ਇਕੂਏਟੋਰੀਆਨੋ, ਪਾਰਟੀ ਡੋ ਮਾਂਗਾਗਾਵਾ (ਲੇਬਰ ਪਾਰਟੀ ਆਫ ਫਿਲੀਪੀਨਜ਼), ਯੂਨੀਅਨ ਆਫ ਸਾਈਪਰਸ, ਲਾਓਸ ਪੀਪਲਜ਼ ਰੈਵੋਲਿਊਸ਼ਨਰੀ ਪਾਰਟੀ (ਲਾਓਸ) ਨੇ ਪਾਰਟੀ ਮਹਾਂ ਸੰਮੇਲਨ ਨੂੰ ਆਪਣੇ ਸ਼ੁਭ ਕਾਮਨਾ ਸੰਦੇਸ਼ ਭੇਜੇ। ਜਿਨ੍ਹਾਂ ਨੂੰ ਪੜ੍ਹ ਕੇ ਸੁਣਾਇਆ ਗਿਆ।
ਕਈ ਸੰਗਠਨਾਂ ਨੇ ਸੀਪੀਆਈ (ਐਮ ਐਲ) ਦੀ 11ਵੇਂ ਪਾਰਟੀ ਮਹਾਂ ਸੰਮੇਲਨ ਨੂੰ ਆਪਣੇ ਵਲੋਂ ਮੁਬਾਰਕਵਾਦ ਭੇਜੀ, ਜਿਸ ਵਿੱਚ ਅਫਗਾਨਿਸਤਾਨ ਦੀ ਖੱਬੇ ਪੱਖੀ ਰੈਡੀਕਲ ਪਾਰਟੀ, ਇਰਾਨ ਦੀ …
ਇਸ ਮੌਕੇ ਵੈਨੇਜ਼ੁਏਲਾ ਦੀ ਸਤਾਧਾਰੀ ਸੋਸ਼ਲਿਸਟ ਪਾਰਟੀ ਦੇ ਪ੍ਰਤੀਨਿਧ ਦਾ ਸਨਮਾਨ ਵੀ ਕੀਤਾ ਗਿਆ।
ਸਾਊਥ ਏਸ਼ੀਆ ਸਾਲੀਡੈਰਟੀ ਗਰੁਪ ਯੂਕੇ ਦੀ ਪ੍ਰਤੀਨਿਧੀ ਸਰਬਜੀਤ ਜੌਹਲ ਵਲੋਂ ਸੀਪੀਆਈ (ਐਮ ਐਲ) ਦੇ ਜਨਰਲ ਸਕੱਤਰ ਕਾਮਰੇਡ ਦਿਪਾਂਕਰ ਭੱਟਾਚਾਰੀਆ ਦਾ ਸਨਮਾਨ।
ਇਸੇ ਤਰ੍ਹਾਂ ਨੇਪਾਲ ਦੀ ਕਮਿਉਨਿਸਟ ਆਗੂ ਦਾ ਸਨਮਾਨ ਕਰਦੇ ਹੋਏ ਨਜ਼ਰ ਆ ਰਹੇ ਹਨ ਕਾਮਰੇਡ ਸੁਖਦਰਸ਼ਨ ਸਿੰਘ ਨੱਤ।
ਇਸ ਮੌਕੇ ਉਘੀ ਲੇਖਿਕਾ ਅਰੁੰਧਤੀ ਰਾਏ ਵੀ ਪੁੱਜੀ ਹੋਈ ਸੀ। ਇਸ ਮਹਾਂ ਸੰਮੇਲਨ ਨੂੰ ਸੰਬੋਧਨ ਕਰਦੇ ਹੋਈ ਚਰਚਿਤ ਲੇਖਿਕਾ ਅਤੇ ਜਮਹੂਰੀ ਹੱਕਾਂ ਦੀ ਕਾਰਕੁੰਨ ਅਰੁੰਧਤੀ ਰਾਏ ਦੀ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ।
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।
ਅੰਤ ਵਿੱਚ ਸੰਤ ਰਾਮ ਉਦਾਸੀ ਦੀਆਂ ਕੁਝ ਸਤਰਾਂ:
ਮਾਛੀਵਾੜੇ ਦੇ ਸੱਥਰ ਦੇ ਗੀਤ ਵਿੱਚੋਂ,
ਅਸੀ ਉਠਾਂਗੇ ਚੰਡੀ ਦੀ ਵਾਰ ਬਣ ਕੇ।
ਜਿਨ੍ਹਾਂ ਸੂਲਾਂ ਨੇ ਦਿੱਤਾ ਨਾ ਸੌਣ ਤੈਨੂੰ,
ਛਾਂਗ ਦਿਆਗੇ ਖੰਡੇ ਦੀ ਧਾਰ ਬਣ ਕੇ।
ਜਿਨ੍ਹਾਂ ਕੰਧ ਸਰਹੰਦ ਦੀ ਤੋੜਨੀ ਏਂ,
ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ।
ਗੂਠਾ ਲਾਇਆ ਨਹੀ ਜਿਨ੍ਹਾਂ ਬੇਦਾਵਿਆਂ 'ਤੇ,
ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ।
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।
ਇਕ ਵਿਸਥਾਰਤ ਤੇ ਪ੍ਰੇਰਨਾਦਾਇਕ ਰਿਪੋਰਟ।
ReplyDelete