23 ਜੂਨ ਨੂੰ ਕਾਮਰੇਡ ਜੀਤਾ ਕੌਰ ਦੀ ਤੇਰਵੀਂਂ ਬਰਸੀ ਮੌਕੇ ਵਿਸ਼ੇਸ਼
ਮਾਨਸਾ: 22 ਜੂਨ 2020: (ਹਰਭਗਵਾਨ ਭੀਖੀ//ਨਕਸਲਬਾੜੀ)
27-28 ਮਈ 2007 ਨੂੰ ਦਿੱਲੀ ਚ ਪਾਰਟੀ ਦੇ ਕੇਂਦਰੀ ਦਫਤਰ ਵਿੱਚ ਜੀਤਾ ਕੌਰ ਨਾਲ ਗੱਲਬਾਤ ਹੋਈ, ਜੋ ਆਖਰੀ ਇੰਟਰਵਿਊ ਸਿੱਧ ਹੋਈ, ਕਿਉਂਕਿ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੇ ਆਖਰੀ ਪੜਾਅ ਨਾਲ ਜੂਝ ਰਹੀ ਇਹ ਦਲੇਰ ਔਰਤ ਇਸ ਮੁਲਾਕਾਤ ਦੇ ਕੁਝ ਦਿਨਾਂ ਬਾਅਦ 23 ਜੂਨ ਨੂੰ ਸਦੀਵੀ ਵਿਛੋਡ਼ਾ ਦੇ ਗਈ।
ਅੱਜ ਉਹਨਾਂ ਦੀ ਤੇਰਵੀਂਂ ਬਰਸੀ ਮੌਕੇ ਉਹਨਾਂ ਨੂੰ ਚੇਤੇ ਕਰਦਿਆਂ ਉਹਨਾਂ ਨਾਲ ਹੋਈ ਇਹ ਆਖਰੀ ਗੱਲਬਾਤ ਇਕ ਵਾਰ ਫੇਰ ਪਾਠਕਾਂ, ਸਰੋਤਿਆਂ ਦੇ ਰੂਬਰੂ ਕਰ ਰਹੇ ਹਾਂ ------ਹਰਭਗਵਾਨ ਭੀਖੀ
ਸਵਾਲ- ਕਾਮਰੇਡ ਜੀਤਾ ਕੌਰ ਜੀ, ਆਪਣੇ ਪਿਛੋਕਡ਼ ਬਾਰੇ ਕੁਝ ਦੱਸੋ?
ਜੁਆਬ- 2 ਫਰਵਰੀ 1959 ਨੂੰ ਮੇਰਾ ਜਨਮ ਹੋਇਆ ਸੀ, ਮਾਂ ਸੁਰਜੀਤ ਕੌਰ ਤੇ ਪਿਤਾ ਰਤਨ ਸਿੰਘ ਪੱਕੇ ਤੌਰ ਤੇ ਗੋਰਖਪੁਰ (ਯੂ ਪੀ) ਰਹਿੰਦੇ ਸਨ, ਪਰ ਸਾਡਾ ਪਰਿਵਾਰਕ ਪਿਛੋਕਡ਼ ਗੁਰਦਾਸਪੁਰ ਜ਼ਿਲੇ ਦਾ ਬਟਾਲਾ ਹਲਕਾ ਹੈ। ਅਸੀਂ ਛੇ ਭੈਣ ਭਰਾ ਸੀ, ਮੈਂ ਇੱਕ ਭੈਣ ਤੇ ਇੱਕ ਭਰਾ ਤੋਂ ਛੋਟੀ ਹਾਂ, ਮੇਰੇ ਇੱਕ ਭਰਾ ਦੀ ਪਿੱਛੇ ਜਿਹੇ ਰੇਲ ਹਾਦਸੇ ਚ ਮੌਤ ਹੋ ਗਈ ਸੀ।
ਸਵਾਲ- ਤੁਹਾਡਾ ਪਰਿਵਾਰ ਪੰਜਾਬ ਛੱਡ ਕੇ ਗੋਰਖਪੁਰ ਕਿਵੇਂ ਰਹਿਣ ਲੱਗਿਆ, ਕੋਈ ਖਾਸ ਵਜਾ ਸੀ?
ਜੁਆਬ- ਅਸਲ ਚ ਮੇਰੇ ਤਿੰਨ ਚਾਚੇ ਪਹਿਲਾਂ ਹੀ ਲਖਨਊ ਰਹਿੰਦੇ ਸਨ, ਜਦੋਂ ਕਿ ਮੇਰੇ ਮਾਪੇ ਆਪਣੇ ਵਿਆਹ ਤੋਂ ਬਾਅਦ ਬਟਾਲਾ ਛੱਡ ਕੇ ਲਖਨਊ ਗਏ ਸਨ। ਇੱਥੇ ਮੇਰੇ ਪਿਤਾ ਜੀ ਨੇ ਸਾਈਕਲ ਫੈਕਟਰੀ ਚ ਕੰਮ ਕੀਤਾ, ਮੇਰੇ ਵੱਡੇ ਭਰਾ ਦਾ ਜਨਮ ਵੀ ਲਖਨਊ 'ਚ ਹੀ ਹੋਇਆ ਸੀ। 1950 ਵਿੱਚ ਮੇਰੇ ਦਾਦਾ ਜੀ ਦੇ ਕਹਿਣ ਤੇ ਮੇਰੇ ਮਾਪੇ ਪੱਕੇ ਤੌਰ ਤੇ ਹੀ ਗੋਰਖਪੁਰ ਚਲੇ ਗਏ। ਇੱਥੇ ਮੇਰੇ ਪਿਤਾ ਜੀ ਰਾਜਨੀਤੀ ਅਤੇ ਗੁਰਦੁਆਰਾ ਕਮੇਟੀ ਨਾਲ ਜੁਡ਼ੇ।
ਸਵਾਲ- ਆਪਣੀ ਪੜ੍ਹਾਈ ਬਾਰੇ ਕੁਝ ਦੱਸੋ?
ਜੁਆਬ- ਮੈਂ ਬਾਲ ਵਿਕਾਸ ਸਕੂਲ ਤੋਂ ਮੈਟ੍ਰਿਕ ਅਤੇ ਇਮਾਮਵਾਡ਼ਾ ਮੁਸਲਿਮ ਕਾਲਜ ਗੋਰਖਪੁਰ ਤੋਂ ਪ੍ਰੈਪ ਕੀਤੀ, ਅਤੇ 1979 ਚ ਗੋਰਖਪੁਰ ਯੂਨੀਵਰਸਿਟੀ ਤੋਂ ਬੀਏ ਦੀ ਡਿਗਰੀ ਲਈ ਸੀ।
ਸਵਾਲ- ਕੀ ਤੁਸੀਂ ਇਸ ਤੋਂ ਅੱਗੇ ਪੜ੍ਹਨ ਦੀ ਕੋਸ਼ਿਸ਼ ਕੀਤੀ?
ਜੁਆਬ- ਬੀ ਏ ਕਰਨ ਤੋਂ ਬਾਅਦ ਮੈਂ ਗੋਰਖਪੁਰ ਯੂਨੀਵਰਸਿਟੀ ਵਿੱਚ ਰਾਜਨੀਤੀ ਸ਼ਾਸਤਰ ਦੀ ਐਮ ਏ ਵਿੱਚ ਦਾਖਲਾ ਲੈ ਲਿਆ, ਪਰ ਮੇਰੇ ਪਿਤਾ ਜੀ ਚਾਹੁੰਦੇ ਸਨ ਕਿ ਮੈਂ ਆਈ ਏ ਐਸ, ਜਾਂ ਪੀ ਸੀ ਐਸ ਦੀ ਤਿਆਰੀ ਕਰਾਂ ਤੇ ਉੱਚ ਅਫਸਰ ਬਣਾਂ। ਪਿਤਾ ਜੀ ਨੇ ਇਸ ਦੀ ਤਿਆਰੀ ਲਈ ਮੇਰੀ ਟਿਊਸ਼ਨ ਰਖਵਾ ਦਿੱਤੀ। ਮੈਨੂੰ ਟਿਊਸ਼ਨ ਪੜ੍ਹਾਉਣ ਵਾਲਾ ਮੁੰਡਾ ਪੰਡਤਾਂ ਦਾ ਸੀ, ਤੇ ਉਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਟੌਪਰ ਸੀ। ਇਸ ਟਿਊਸ਼ਨ ਦੌਰਾਨ ਸਾਡੇ ਦੋਵਾਂ ਦਰਮਿਆਨ ਦੋਸਤੀ ਹੋਈ, ਜੋ ਬਾਅਦ ਵਿੱਚ ਇਕੱਠੇ ਜਿਉਣ ਮਰਨ ਦੀਆਂ ਕਸਮਾਂ ਵਿੱਚ ਬਦਲ ਗਈ। ਸਾਡਾ ਪਿਆਰ ਅਜੇ ਪੁੰਗਰਿਆ ਹੀ ਸੀ ਕਿ ਘਰ ਵਿੱਚ ਭਿਣਕ ਪੈ ਗਈ। ਬੱਸ ਫੇਰ ਕੀ ਸੀ.., ਮੇਰੀ ਕੁੱਟਮਾਰ ਹੋਈ, ਯੂਨੀਵਰਸਿਟੀ ਤੇ ਟਿਊਸ਼ਨ ਦੋਵਾਂ ਥਾਵਾਂ ਤੋਂ ਪੜ੍ਹਨੋਂ ਹਟਾ ਲਿਆ ਗਿਆ, ਮੇਰੀ ਐਮ ਏ ਦੀ ਪੜ੍ਹਾਈ ਅਧਵਾਟੇ ਹੀ ਛੁੱਟ ਗਈ।
ਸਵਾਲ- ਫੇਰ ਤੁਹਾਡੇ ਇਕੱਠੇ ਜਿਉਣ ਮਰਨ ਵਾਲੇ ਵਾਅਦੇ..??
ਜੁਆਬ- ਮੈਂ ਵੀ ਹੋਰ ਕੁਡ਼ੀਆਂ ਵਾਂਗ ਆਪਣੇ ਪਿਆਰ ਨੂੰ ਹਾਸਲ ਕਰਨਾ ਚਾਹੁੰਦੀ ਸੀ, ਇਸ ਚਾਹਤ ਕਾਰਨ ਹੀ ਮੈਂ ਘਰੋਂ ਜਿਵੇਂ ਕਿਵੇਂ ਘਰੋਂ ਨਿਕਲੀ ਤੇ ਆਪਣੇ ਦੋਸਤ ਨੂੰ ਮਿਲੀ, ਸਾਰੀ ਸਥਿਤੀ ਬਾਰੇ ਗੱਲ ਕੀਤੀ ਤਾਂ ਉਸ ਨੇ ਸੁਝਾਅ ਦਿੱਤਾ ਕਿ ਘਰੋਂ ਭੱਜ ਕੇ ਵਿਆਹ ਕਰਵਾ ਲੈਂਦੇ ਹਾਂ। ਮੈਂ ਉਸ ਦੇ ਇਸ ਸੁਝਾਅ ਨਾਲ ਸਹਿਮਤ ਨਹੀਂ ਸੀ, ਕਿਉਂਕਿ ਮੈਂ ਤਾਂ ਸਮਾਜ ਦੀਆਂ ਅੱਖਾਂ ਚ ਅੱਖਾਂ ਪਾ ਕੇ ਆਪਣੀ ਜ਼ਿੰਦਗੀ ਦਾ ਫੈਸਲਾ ਕਰਨਾ ਚਾਹੁੰਦੀ ਸੀ। ਮੈਂ ਉਹਨੂੰ ਕਿਹਾ ਕਿ ਆਪਣੇ ਘਰ ਜਾ ਕੇ ਮਾਪਿਆਂ ਨਾਲ ਗੱਲ ਕਰ, ਪਰ ਉਹ ਡਰ ਗਿਆ ਤੇ ਮੇਰੀ ਇਸ ਗੱਲ ਨਾਲ ਸਹਿਮਤ ਨਾ ਹੋਇਆ। ਉਸ ਦੇ ਡਰ ਕੇ ਪਾਸਾ ਵੱਟ ਜਾਣ ਕਾਰਨ ਮੈਨੂੰ ਬਹੁਤ ਠੇਸ ਵੱਜੀ, ਮੈਂ ਬੁਰੀ ਤਰਾਂ ਨਿਰਾਸ਼ ਹੋ ਗਈ, ਟੁੱਟ ਗਈ। ਮੈਨੂੰ ਮਰਦਾਂ ਨਾਲ ਨਫਰਤ ਜਿਹੀ ਹੋ ਗਈ, ਮੇਰੇ ਵਿਆਹ ਨਾ ਕਰਵਾਉਣ ਦੇ ਫੈਸਲੇ ਪਿੱਛੇ ਇਸੇ ਘਟਨਾ ਦਾ ਵੱਡਾ ਹੱਥ ਹੈ।
ਸਵਾਲ- ਇਹਦਾ ਮਤਲਬ ਪਿਆਰ ਤੇ ਪੜ੍ਹਾਈ ਦੋਵੇਂ ਖੁੱਸ ਗਏ?
ਜੁਆਬ- ਪ੍ਰੇਮੀ ਦਾ ਸਾਥ ਤਾਂ ਭਾਵੇਂ ਛੁੱਟ ਗਿਆ, ਪਰ ਪੜ੍ਹਾਈ ਮੇਰੀ ਜਿ਼ੰਦਗੀ ਤੋਂ ਕਦੇ ਵੱਖ ਨਹੀਂ ਹੋਈ। ਘਰ ਰਹਿੰਦਿਆਂ ਮੈਂ ਆਪਣੇ ਆਪ ਨੂੰ ਸਾਹਿਤ ਨਾਲ ਜੋਡ਼ ਲਿਆ, ਕਾਦੰਬਨੀ ਵਰਗੇ ਸਾਹਿਤਕ ਪਰਚੇ ਘਰ ਆਉਂਦੇ ਸਨ, ਮੈਂ ਪੜ੍ਹਦੀ ਰਹਿੰਦੀ, ਹੋਰ ਉਸਾਰੂ ਸਾਹਿਤ ਨਾਲ ਜੁਡ਼ਦੀ ਗਈ। ਚੁੱਪ ਰਹਿਣਾ ਤੇ ਪੜ੍ਹਦੇ ਰਹਿਣਾ ਮੇਰੀ ਆਦਤ ਬਣ ਗਈ। ਕੁਝ ਚਿਰ ਮਗਰੋਂ ਮੇਰੇ ਪ੍ਰੇਮ ਪ੍ਰਸੰਗ ਦੀ ਘਰ ਚ ਚਰਚਾ ਬੰਦ ਹੋ ਗਈ, ਮਹੌਲ ਆਮ ਵਰਗਾ ਹੋਣ ਲੱਗਿਆ। ਮੇਰੀ ਲਗਾਤਾਰ ਪੜ੍ਹਨ ਦੀ ਰੁਚੀ ਨੂੰ ਵੇਖ ਕੇ ਹੀ ਮੇਰੇ ਭਰਾਵਾਂ ਖਾਸ ਕਰਕੇ ਸਤਨਾਮ ਵੱਲੋਂ ਪਰਿਵਾਰ ਉੱਤੇ ਮੈਨੂੰ ਮੁਡ਼ ਪੜ੍ਹਨ ਲਈ ਪਾਏ ਗਏ ਦਬਾਅ ਕਾਰਨ ਹੀ ਮੈਂ ਮੁਡ਼ ਹਿੰਦੀ ਸਾਹਿਤ ਦੀ ਐਮ ਏ 'ਚ ਦਾਖਲਾ ਲੈ ਲਿਆ।
ਸਵਾਲ- ਰਾਜਨੀਤੀ ਦੀ ਚੇਟਕ ਕਿਵੇਂ ਲੱਗੀ?
ਜੁਆਬ- ਸਾਡੇ ਘਰ ਚ ਹੀ ਰਾਜਨੀਤਕ ਮਹੌਲ ਸੀ। ਮੇਰੇ ਪਿਤਾ ਸ. ਰਤਨ ਸਿੰਘ ਭਾਰਤੀ ਕ੍ਰਾਂਤੀ ਦਲ ਦੇ ਸਰਗਰਮ ਆਗੂ ਸਨ, ਇਸ ਪਾਰਟੀ ਦੀ ਟਿਕਟ ਤੋਂ ਉਹਨਾਂ ਨੇ ਦੋ ਵਾਰ ਵਿਧਾਨ ਸਭਾ ਦੀ ਚੋਣ ਲਈ ਲਡ਼ੀ, ਜਦੋਂਕਿ ਤੀਜੀ ਵਾਰ ਕਾਂਗਰਸੀਆਂ ਨੇ ਮੇਰੇ ਪਿਤਾ ਜੀ ਦਾ ਐਕਸੀਡੈਂਟ ਕਰਵਾ ਦਿੱਤਾ। ਜਿਸ ਵਿੱਚ ਸਿਰ ਤੇ ਸੱਟ ਲੱਗਣ ਕਾਰਨ ਉਹਨਾਂ ਦਾ ਦਿਮਾਗੀ ਸੰਤੁਲਨ ਵਿਗਡ਼ ਗਿਆ। ਘਰ ਵਿੱਚ ਲਗਾਤਾਰ ਰਾਜਨੀਤਕ ਚਰਚਾ ਚੱਲਣ ਕਾਰਨ ਮੇਰੀ ਰਾਜਨੀਤੀ ਵਿਚ ਡੂੰਘੀ ਦਿਲਚਸਪੀ ਬਣਦੀ ਗਈ, ਪਰ ਮੈਂ ਕਦੇ ਵੀ ਪਿਤਾ ਜੀ ਦੀ ਪਾਰਟੀ ਰਾਜਨੀਤੀ ਨਾਲ ਸਹਿਮਤ ਨਾ ਹੋ ਸਕੀ।
ਸਵਾਲ- ਤੁਹਾਡਾ ਖੱਬੀ ਰਾਜਨੀਤੀ ਨਾਲ ਜੁਡ਼ਨ ਦਾ ਸਬੱਬ ਕਿਵੇਂ ਬਣਿਆ?
ਜੁਆਬ- ਗੋਰਖਪੁਰ ਵਿੱਚ ਇੱਕ ਸਿਲਸਿਲਾ ਨਾਟਕ ਮੰਚ ਚਲਦਾ ਸੀ, ਇਸ ਵਿੱਚ ਇਕ ਲਡ਼ਕੀ ਕੰਮ ਕਰਦੀ ਸੀ, ਸਵਿਤਾ ਤਿਵਾੜੀ, ਇੱਕ ਦਿਨ ਸਵਿਤਾ ਯੂਨੀਵਰਸਿਟੀ ਅੰਦਰ ਜਾਗ੍ਰਿਤ ਮਹਿਲਾ ਪ੍ਰੀਸ਼ਦ ਨਾਮ ਦੀ ਜਥੇਬੰਦੀ ਬਣਾਉਣ ਲਈ ਮੇਰੀ ਕਲਾਸ ਦੀਆਂ ਲਡ਼ਕੀਆਂ ਨੂੰ ਕਹਿਣ ਆਈ, ਮੈਂ ਪੁੱਛ ਲਿਆ, ਕੀ ਮੈਂ ਵੀ ਮੀਟਿੰਗ ਵਿੱਚ ਆ ਸਕਦੀ ਹਾਂ?
ਹਾਂ ਵਿੱਚ ਜੁਆਬ ਮਿਲਿਆ, ਤਾਂ ਮੈਂ ਵੀ ਮੀਟਿੰਗ ਵਿਚ ਚਲੀ ਗਈ, ਮੈਨੂੰ ਗੱਲਬਾਤ ਚੰਗੀ ਲੱਗੀ, ਤੇ ਜਿਸ ਕਰਕੇ ਮੈਂ ਜਾਗ੍ਰਿਤੀ ਮਹਿਲਾ ਪ੍ਰੀਸ਼ਦ ਦੀ ਮੈਂਬਰ ਬਣ ਗਈ। ਬੱਸ ਉਹ ਦਿਨ ਤੇ ਆਹ ਦਿਨ…।
ਸਵਾਲ- ਤੁਸੀ ਸੀ ਪੀ ਆਈ ਐਮ ਐਲ ਲਿਬਰੇਸ਼ਨ ਨਾਲ ਕਦੋਂ ਜੁੜੇ?
ਜੁਆਬ- ਅਸਲ ਵਿੱਚ ਜਾਗ੍ਰਿਤੀ ਮਹਿਲਾ ਪ੍ਰੀਸ਼ਦ ਵਿਚਾਰਧਾਰਕ ਤੌਰ ਤੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਨਾਲ ਜੁੜੀ ਹੋਈ ਜਥੇਬੰਦੀ ਸੀ, ਜਿਸਦਾ ਮੈਨੂੰ ਬਾਅਦ ਵਿੱਚ ਪਤਾ ਲੱਗਿਆ, ਉਸ ਸਮੇਂ ਪਾਰਟੀ ਅੰਡਰਗਰਾਊਂਡ ਸੀ ਅਤੇ ਇੰਡੀਅਨ ਪੀਪਲਜ਼ ਫਰੰਟ ਇਸ ਦਾ ਖੁੱਲਾ ਫਰੰਟ ਸੀ। ਮੈਂ ਪ੍ਰੀਸ਼ਦ ਰਾਹੀਂ 1983-84 ਚ ਆਈ ਪੀ ਐਫ ਦੀ ਅਤੇ 1986 ਚ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੀ ਮੈਂਬਰ ਬਣ ਗਈ ਸੀ।
ਸਵਾਲ- ਤੁਸੀਂ ਸਰਗਰਮ ਸਿਆਸਤ ਚ ਕਦੋਂ ਆਏ?
ਜੁਆਬ- ਜਦੋਂ ਮੈਂ ਗੋਰਖਪੁਰ ਯੂਨੀਵਰਸਿਟੀ ਵਿੱਚ ਐਮ ਏ ਹਿੰਦੀ ਸਾਹਿਤ ਕਰ ਰਹੀ ਸੀ, ਉਸ ਸਮੇਂ ਭਾਵੇਂ ਜਾਗ੍ਰਿਤੀ ਮਹਿਲਾ ਪ੍ਰੀਸ਼ਦ ਰਾਹੀਂ ਆਈ ਪੀ ਐਫ ਨਾਲ ਜੁਡ਼ ਚੁੱਕੀ ਸੀ, ਲੇਕਿਨ ਸਰਗਰਮ ਰਾਜਨੀਤੀ ਚ ਲੈ ਕੇ ਆਉਣ ਦਾ ਸਿਹਰਾ ਅਜਾ਼ਦੀ ਘੁਲਾਟੀਏ ਕਾਮਰੇਡ ਰਾਮਬਲੀ ਪਾਂਡੇ ਨੂੰ ਜਾਂਦਾ ਹੈ। ਉਹ ਮੈਨੂੰ ਆਪਣੀ ਮੋਪਿਡ ਤੇ ਬਿਠਾ ਕੇ ਪਿੰਡਾਂ ਚ ਮੀਟਿੰਗਾਂ ਕਰਵਾਉਣ ਲੈ ਜਾਂਦੇ। ਮੇਰੇ ਇਸ ਤਰਾਂ ਮੀਟਿੰਗਾਂ ਕਰਵਾਉਣ ਜਾਣ, ਉਹ ਵੀ ਇਕ ਮਰਦ ਸਾਥੀ ਨਾਲ ਇਕੱਲਿਆਂ ਜਾਣ ਕਾਰਨ ਘਰ ਚ ਹੰਗਾਮਾ ਹੋ ਗਿਆ, ਮੈਂ ਘਰ ਛੱਡ ਕੇ ਕਿਸੇ ਮਹਿਲਾ ਕਾਮਰੇਡ, ਸ਼ਾਇਦ ਸਵਿਤਾ ਤਿਵਾੜੀ ਦੇ ਘਰ ਰਹਿਣ ਲੱਗ ਪਈ। ਇਨਕਲਾਬੀ ਵਿਚਾਰਾਂ ਦੀ ਲੱਗੀ ਸਰਗਰਮ ਚੇਟਕ ਨੇ ਮੈਨੂੰ ਘਰ ਬਾਰ ਛੱਡ ਕੇ ਪੇਸ਼ੇਵਰ ਇਨਕਲਾਬੀ ਬਣਨ ਵੱਲ ਤੋਰ ਦਿੱਤਾ।
ਸਵਾਲ- ਕੀ ਘਰ ਵਿੱਚ ਤੁਹਾਡੇ ਵਿਚਾਰਾਂ ਦਾ ਕਿਸੇ ਨੇ ਸਮਰਥਨ ਕੀਤਾ?
ਜੁਆਬ- ਘਰ ਵਿੱਚ ਰਾਜਨੀਤਕ ਮਹੌਲ ਹੋਣ ਸਦਕਾ, ਰਾਜਨੀਤਕ ਸੂਝ ਤਾਂ ਸਭ ਨੂੰ ਸੀ, ਮੇਰੇ ਵਿਚਾਰਾਂ ਨੂੰ ਵੀ ਜਾਣਦੇ ਸਨ, ਪਰ ਪੂਰਾ ਪਰਿਵਾਰ ਮੇਰੇ ਨਕਸਲੀ ਲਹਿਰ ਨਾਲ ਜੁੜਨ ਕਾਰਨ ਡਰਦਾ ਸੀ। ਮਾਂ ਦਾ ਝੁਕਾਅ ਮੇਰੇ ਪੱਖ ਚ ਹੁੰਦਾ, ਪਰ ਸਮਾਜ ਦੀ ਪਿਛਾਖਡ਼ੀ ਸੋਚ ਤੇ ਸਮਾਜਿਕ ਦਾਬਾ ਮੇਰੀ ਮਾਂ ਦੇ ਮੇਰੇ ਪੱਖੀ ਵਿਚਾਰਾਂ ਨੂੰ ਖੁੱਲੇਆਮ ਉਜਾਗਰ ਕਰਨ ਤੋਂ ਰੋਕ ਦਿੰਦਾ। ਫੇਰ ਵੀ ਤਮਾਮ ਵਿਰੋਧਾਂ ਦੇ ਬਾਵਜੂਦ ਮੈਂ ਆਪਣੇ ਵਿਚਾਰਾਂ ਤੇ ਅਡੋਲ ਰਹੀ। ਕੁਝ ਸਮੇਂ ਬਾਅਦ ਮਾਂ ਦੀ ਮੌਤ ਹੋ ਗਈ। ਉਸ ਸਮੇਂ ਮੇਰੇ ਨਾਲ ਦੁੱਖ ਵੰਡਾਉਣ ਲਈ ਕਾਮਰੇਡ ਕ੍ਰਿਸ਼ਨਾ ਅਧਿਕਾਰੀ ਤੇ ਹੋਰ ਪਾਰਟੀ ਆਗੂ ਸਾਡੇ ਘਰ ਪੁੱਜੇ, ਲੀਡਰਾਂ ਦੇ ਘਰ ਆਉਣ ਜਾਣ ਨਾਲ ਪਰਿਵਾਰ ਪ੍ਰਭਾਵਿਤ ਹੋਇਆ ਤੇ ਮੈਨੂੰ ਵੀ ਕਹਿਣ ਲੱਗ ਪਏ ਕਿ ਆਪਣੀ ਘੋਕੇ ਤਾਂ ਲੀਡਰ ਬਣ ਗਈ ਹੈ।
ਸਵਾਲ-ਘੋਕੇ ਮਤਲਬ?
ਜੁਆਬ- ਘੋਕੇ ਮੇਰਾ ਘਰੇਲੂ ਨਾਂ ਹੈ, ਮੇਰੇ ਸੰਗੀ ਸਾਥੀ ਤੇ ਵਿਦਿਆਰਥੀ ਮੈਨੂੰ ਅਕਸਰ ਏਸੇ ਨਾਂ ਨਾਲ ਬੁਲਾਉਂਦੇ ਸਨ।
ਸਵਾਲ- ਕਾਮਰੇਡ ਜੀ, ਤੁਸੀਂ ਕਮਿਊਨਿਸਟ ਪਾਰਟੀ ਨਾਲ ਲਗਭਗ ਉਸ ਦੌਰ ਚ ਜੁੜੇ ਜਦੋਂ ਸੋਵੀਅਤ ਸੰਘ ਦੇ ਪਤਨ ਨਾਲ ਮਾਰਕਸਵਾਦ ਦਾ ਅੰਤ ਪ੍ਰਚਾਰਿਆ ਜਾ ਰਿਹਾ ਸੀ, ਇਸ ਪ੍ਰਚਾਰ ਨੂੰ ਤੁਸੀਂ ਕਿਵੇਂ ਲਿਆ?
ਜੁਆਬ- ਪਹਿਲੀ ਗੱਲ ਮਾਰਕਸਵਾਦ ਇਕ ਵਿਗਿਆਨਕ ਵਿਚਾਰਧਾਰਾ ਹੈ, ਤੇ ਵਿਗਿਆਨ ਦਾ ਕਦੇ ਅੰਤ ਨਹੀ ਹੁੰਦਾ, ਦੂਜੀ ਗੱਲ ਦੋ ਧਰੂਵੀ ਸੰਸਾਰ ਅੰਦਰ ਸਾਮਰਾਜਵਾਦ ਦੇ ਖਿਲਾਫ ਸੋਵੀਅਤ ਸੰਘ ਦਾ ਸਮਾਜਵਾਦੀ ਮਾਡਲ ਇੱਕ ਚੁਣੌਤੀ ਸੀ, ਇਸ ਚੁਣੌਤੀ ਅਤੇ ਸਮਾਜਵਾਦੀ ਮਾਡਲ ਨੂੰ ਤਹਿਸ ਨਹਿਸ ਕਰਨ ਲਈ ਸਾਰੇ ਸਾਮਰਾਜੀ ਅਤੇ ਪਿਛਾਖਡ਼ੀ ਦੇਸ਼ ਇੱਕਜੁਟ ਸਨ। ਤੀਜੀ ਗੱਲ ਕਾਮਰੇਡ ਲੈਨਿਨ ਅਤੇ ਸਟਾਲਿਨ ਦੀ ਮੌਤ ਤੋਂ ਬਾਅਦ ਆਈ ਲੀਡਰਸ਼ਿਪ ਹੀ (ਖਰੁਸ਼ਚੋਵ ਵਰਗੇ) ਮਾਰਕਸਵਾਦੀ ਫਲਸਫੇ ਤੋਂ ਥਿਡ਼ਕੀ ਸੀ ਨਾ ਕਿ ਮਾਰਕਸਵਾਦ ਦੀ ਸਾਰਥਿਕਤਾ ਖਤਮ ਹੋਈ ਸੀ, ਬਾਕੀ ਮੈਂ ਭਾਰਤ ਦੀ ਕਮਿਊਨਿਸਟ ਪਾਰਟੀ ਨਾਲ ਜੁਡ਼ੀ ਹਾਂ, ਜੋ ਕਿ ਲੋਕਾਂ ਦੀ ਬੰਦ-ਖਲਾਸੀ ਲਈ ਜੱਦੋ ਜਹਿਦ ਕਰ ਰਹੀ ਹੈ। ਸਾਮਰਾਜੀ ਨੀਤੀਆਂ ਖਿਲਾਫ ਜੋ ਲਗਾਤਾਰ ਸੰਘਰਸ਼ ਉੱਠ ਰਹੇ ਹਨ, ਇਹ ਕਮਿਊਨਿਸਟ ਲਹਿਰ ਲਈ ਹਾਂਪੱਖੀ ਵਰਤਾਰਾ ਹੈ।
ਸਵਾਲ- ਕੀ ਉਸ ਸਮੇਂ ਇੰਡੀਅਨ ਪੀਪਲਜ਼ ਫਰੰਟ ਨੂੰ ਭੰਗ ਕਰਨਾ ਤੇ ਪਾਰਟੀ ਨੂੰ ਸਾਹਮਣੇ ਲਿਆਉਣਾ ਦਰੁਸਤ ਫੈਸਲਾ ਸੀ?
ਜੁਆਬ- ਬਿਲਕੁਲ ਠੀਕ ਸੀ। ਜਦੋਂ ਰੂਸ ਦੇ ਪਤਨ ਤੋਂ ਬਾਅਦ ਕਮਿਊਨਿਸਟ ਵਿਚਾਰਧਾਰਾ ਦਾ ਅੰਤ ਦਰਸਾਇਆ ਜਾ ਰਿਹਾ ਸੀ ਅਤੇ ਸੀ ਪੀ ਆਈ ਤੇ ਸੀ ਪੀ ਐਮ ਵਰਗੀਆਂ ਸੋਧਵਾਦੀ ਪਾਰਟੀਆਂ ਡਿਫੈਂਸਿਵ ਹੋ ਕੇ ਪਾਰਟੀ ਦਾ ਨਾਮ ਤੱਕ ਬਦਲਣ ਬਾਰੇ ਸੋਚ ਰਹੀਆਂ ਸਨ, ਪੂਰੀ ਦੁਨੀਆ ਚ ਕਾਮਰੇਡਾਂ ਖਿਲਾਫ ਮਹੌਲ ਸਿਰਜਿਆ ਜਾ ਰਿਹਾ ਸੀ, ਉਸ ਦੌਰ ਵਿੱਚ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਸਾਹਮਣੇ ਆ ਕੇ ਮਾਰਕਸਵਾਦ, ਲੈਨਿਨਵਾਦ ਦਾ ਝੰਡਾ ਬੁਲੰਦ ਕਰਨਾ ਕਾਫੀ ਦਲੇਰੀ ਤੇ ਦ੍ਰਿੜਤਾ ਭਰਿਆ ਕੰਮ ਸੀ।
ਦੂਜਾ, ਨਕਸਲੀ ਲਹਿਰ ਤੇ ਹੋਏ ਹਕੂਮਤੀ ਜਬਰ ਤੋਂ ਬਾਅਦ ਖਿੰਡ ਪੁੰਡ ਗਈ ਅਤੇ ਪਾਟੋਧਾਡ਼ ਦਾ ਸ਼ਿਕਾਰ ਹੋਈ ਲਹਿਰ ਨੂੰ ਮੁਡ਼ ਪੈਰਾਂ ਸਿਰ ਤੇ ਇਕਜੁਟ ਕਰਨ ਦੇ ਉਦੇਸ਼ ਨਾਲ ਹੀ ਪੀਪਲਜ਼ ਫਰੰਟ ਦੀ ਸਥਾਪਨਾ ਕੀਤੀ ਗਈ ਸੀ, ਕਾਫੀ ਹੱਦ ਤੱਕ ਆਈ ਪੀ ਐਫ ਆਪਣੇ ਮਿਸ਼ਨ ਚ ਸਫਲ ਰਿਹਾ। ਆਈ ਪੀ ਐਫ ਤੇ ਚਲਦਿਆਂ ਹੀ ਵਿਲੋਪਵਾਦ (ਖਾਤਮੇਵਾਦ) ਵਰਗੇ ਵਿਚਾਰ ਆਏ, ਜਿਹਨਾਂ ਖਿਲਾਫ ਸਖਤੀ ਨਾਲ ਨਜਿੱਠਿਆ ਗਿਆ, ਵਿਲੋਪਵਾਦ ਖਿਲਾਫ ਚੱਲੀ ਮੁਹਿੰਮ ਦੌਰਾਨ ਹੀ ਪਾਰਟੀ ਨੂੰ ਆਪਣਾ ਇੱਕ ਸੀਨੀਅਰ ਲੀਡਰ ਵੀ ਕੱਢਣਾ ਪਿਆ ਸੀ।
ਸਵਾਲ- ਕੀ ਤੁਸੀਂ ਪਾਰਟੀ ਦੇ ਚੋਣਾਂ ਲੜਨ ਦੇ ਫੈਸਲੇ ਨਾਲ ਸਹਿਮਤ ਹੋ?
ਜੁਆਬ- ਬੇਸ਼ੱਕ ਪਾਰਟੀ ਹਥਿਆਰਬੰਦ ਇਨਕਲਾਬ ਦੀ ਡਟਵੀਂ ਹਾਮੀ ਹੈ, ਪਰ ਜਿਸ ਦੇਸ਼ ਅੰਦਰ ਵੱਖ ਵੱਖ ਧਰਮਾਂ, ਜਾਤਾਂ, ਨਸਲਾਂ, ਭਾਸ਼ਾਵਾਂ, ਤੇ ਰੰਗਾਂ ਦੇ ਲੋਕ ਹੋਣ ਅਤੇ ਉਹਨਾਂ ਨੂੰ ਸਮੌਣ ਵਾਲੀ ਇੱਕ ਪਾਰਲੀਮੈਂਟ ਹੋਵੇ, ਫੇਰ ਤੁਸੀਂ ਭਲਾਂ ਚੋਣਾਂ ਨੂੰ ਨਜ਼ਰਅੰਦਾਜ਼ ਕਿਵੇਂ ਕਰ ਸਕਦੇ ਹੋ। ਸਵਾਲ ਇਹ ਨਹੀ ਕਿ ਤੁਸੀਂ ਚੋਣਾਂ ਲਡ਼ਦੇ ਹੋ ਜਾਂ ਬਾਈਕਾਟ ਕਰਦੇ ਹੋ, ਸਵਾਲ ਇਹ ਹੈ ਕਿ ਤੁਹਾਡੇ ਵਲੋਂ ਲਿਆ ਗਿਆ ਫੈਸਲਾ ਮਾਰਕਸਵਾਦੀ/ਲੈਨਿਨਵਾਦੀ ਦ੍ਰਿਸ਼ਟੀਕੋਣ ਮੁਤਾਬਕ ਹੈ ਜਾਂ ਨਹੀਂ? ਜੇਕਰ ਤੁਸੀਂ ਮਾਰਕਸਵਾਦੀ/ਲੈਨਿਨਵਾਦੀ ਦ੍ਰਿਸ਼ਟੀਕੋਣ ਤੋਂ ਚੋਣਾਂ ਚ ਸ਼ਮੂਲੀਅਤ ਕਰਦੇ ਹੋ ਤਾਂ ਤੁਸੀਂ ਚੋਣ ਅਖਾਡ਼ੇ ਨੂੰ ਆਪਣੇ ਮਿਸ਼ਨ ਦੇ ਹੱਕ ਵਿੱਚ ਕਿਸੇ ਹੱਦ ਤੱਕ ਭੁਗਤਾਅ ਸਕਦੇ ਹੋ, ਜੇ ਨਹੀਂ ਤਾਂ ਤੁਹਾਡਾ ਹਾਲ ਵੀ ਸੀ ਪੀ ਆਈ ਤੇ ਸੀ ਪੀ ਐਮ ਵਰਗਾ ਹੀ ਹੋਵੇਗਾ।
ਸਵਾਲ- ਤੁਸੀਂ ਬਤੌਰ ਲੀਡਰ ਕਦੋਂ ਸਾਹਮਣੇ ਆਏ?
ਜੁਆਬ- 1986 ਵਿੱਚ ਯੂ ਪੀ ਬੀਰ ਬਹਾਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਵੱਲੋਂ ਰਾਮਗੜ੍ਹ ਤਾਲ ਪ੍ਰੋਜੈਕਟ ਲਈ 1050 ਏਕਡ਼ ਜ਼ਮੀਨ ਜਬਰੀ ਇਕਵਾਇਰ ਕਰਨ ਖਿਲਾਫ ਮਜ਼ਦੂਰਾਂ ਤੇ ਕਿਸਾਨਾਂ ਦਾ ਜ਼ਬਰਦਸਤ ਅੰਦੋਲਨ ਹੋਇਆ, ਮੈਂ ਉਸ ਸਮੇਂ ਆਈ ਪੀ ਐਫ ਦੀ ਜ਼ਿਲਾ ਕਨਵੀਨਰ ਸੀ, ਆਈ ਪੀ ਐਫ ਦੀ ਅਗਵਾਈ ਹੇਠ ਉਜਾੜੇ ਖਿਲਾਫ ਚੱਲੇ ਇਸ ਸੰਘਰਸ਼ ਦੀ ਅਗਵਾਈ ਮੈਂ ਕੀਤੀ, ਮੈਂ ਉਸ ਵਕਤ ਵਧੇਰੇ ਐਜੀਟੇਟਰ ਹੁੰਦੀ ਸੀ, ਸਰਕਾਰ ਨੇ ਇਸ ਘੋਲ ਨੂੰ ਕੁਚਲਣ ਲਈ ਹਰ ਤਰਾਂ ਦਾ ਵਹਿਸ਼ੀ ਜ਼ੁਲਮ ਯਤਨ ਕੀਤਾ, ਇਸ ਘੋਲ ਚ ਹੀ ਮੇਰੀ ਪਹਿਲੀ ਗ੍ਰਿਫਤਾਰੀ ਹੋਈ, ਮੈਨੂੰ ਬਗੈਰ ਲੇਡੀ ਪੁਲਸ ਦੇ ਹਵਾਲਾਤ ਚ ਰੱਖਿਆ, ਬੇਸ਼ੱਕ ਅਗਲੇ ਦਿਨ ਮੈਂ ਜ਼ਮਾਨਤ ਤੇ ਆ ਗਈ, ਪਰ ਪੁਲਸ ਇਸ ਗੱਲ ਤੋਂ ਡਰਦੀ ਰਹੀ ਕਿ ਬਗੈਰ ਲੇਡੀ ਪੁਲਸ ਦੇ ਨੌਜਵਾਨ ਕੁਡ਼ੀ ਨੂੰ ਹਵਾਲਾਤ ਚ ਰੱਖਣ ਉੱਤੇ ਕਾਮਰੇਡ ਕੋਈ ਨਵਾਂ ਬਖੇਡ਼ਾ ਨਾ ਖੜ੍ਹਾ ਕਰ ਦੇਣ। ਹਵਾਲਾਤ ਚੋਂ ਬਾਹਰ ਆ ਕੇ ਮੈਂ ਫੇਰ ਮੈਦਾਨ ਚ ਡਟ ਗਈ, ਸਮੁੱਚਾ ਰਾਮਗੜ੍ਹ ਤਾਲ ਅੰਦੋਲਨ ਮੇਰੇ ਦੁਆਲੇ ਕੇਂਦਰਿਤ ਹੋ ਗਿਆ, ਸਰਕਾਰ ਇਹ ਸਮਝ ਗਈ ਕਿ ਇਸ ਅੰਦੋਲਨ ਨੂੰ ਕੁਚਲਣ ਲਈ ਜੀਤਾ ਕੌਰ ਨੂੰ ਰੋਕਣਾ ਜ਼ਰੂਰੀ ਹੈ, ਪੁਲਸ ਨੇ ਮੇਰੇ ਖਿਲਾਫ ਹਰ ਹਥਕੰਡਾ ਵਰਤਿਆ, ਇੱਥੋਂ ਤੱਕ ਕਿ ਸਰਕਾਰ ਤੇ ਪੁਲਸ ਨੇ ਮੇਰੇ ਖਿਲਾਫ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਜੀਤਾ ਕੌਰ ਤਾਂ ਪੰਜਾਬ ਤੋਂ ਆਈ ਅੱਤਵਾਦੀ ਹੈ, ਪਰ ਪੁਲਸ ਤੇ ਸਰਕਾਰ, ਮਜ਼ਦੂਰਾਂ, ਕਿਸਾਨਾਂ ਦੇ ਇਸ ਅੰਦੋਲਨ ਨੂੰ ਕੁਚਲ ਨਾ ਸਕੀ। ਇੱਕ ਕੁਆਰੀ ਮੁਟਿਆਰ ਪੰਜਾਬੀ ਕੁਡ਼ੀ ਵਲੋਂ ਇੰਝ ਡਟ ਕੇ ਅਗਵਾਈ ਕਰਨ ਤੇ ਹਰ ਜਬਰ ਜ਼ੁਲਮ ਨਾਲ ਆਢਾ ਲਾਉਣ ਸਦਕਾ, ਮੈਂ ਯੂ ਪੀ ਵਿੱਚ ਵੱਡੀ ਚਰਚਾ ਦਾ ਵਿਸ਼ਾ ਬਣ ਗਈ ਸਾਂ, ਮੈਨੂੰ ਇਸ ਘੋਲ ਨੇ ਸਥਾਪਿਤ ਲੀਡਰ ਵਜੋਂ ਅੱਗੇ ਲਿਆਂਦਾ। ਰਾਮਗੜ੍ਹ ਦੇ ਅੰਦੋਲਨ ਤੇ ਚਲਦਿਆਂ ਹੀ ਜੂਨੀਅਰ ਡਾਕਟਰਾਂ ਦਾ ਸੰਘਰਸ਼ ਉੱਠਿਆ, ਅਤੇ ਇਕ ਪੁਲਸ ਅਧਿਕਾਰੀ ਵਲੋਂ ਹੋਲੀ ਵਾਲੇ ਦਿਨ ਸ਼ਰੇਆਮ ਇਕ ਨੌਜਵਾਨ ਨੂੰ ਗੋਲੀ ਮਾਰ ਕੇ ਕਤਲ ਕਰ ਦੇਣ ਖਿਲਾਫ ਤਿੱਖਾ ਸੰਘਰਸ਼ ਚੱਲਿਆ, ਜਿਸ ਦੀ ਅਗਵਾਈ ਏ ਵੀ ਬੀ ਪੀ ਨੇ ਕੀਤੀ, ਲੇਕਿਨ ਮੈਨੂੰ ਇਹਨਾਂ ਅੰਦੋਲਨਾਂ ਦੀ ਅਗਵਾਈ ਕਰਨ ਲਈ ਵਿਸ਼ੇਸ਼ ਤੌਰ ਤੇ ਬੁਲਾਇਆ ਜਾਂਦਾ ਰਿਹਾ।
ਸਵਾਲ- ਤੁਸੀਂ ਪਹਿਲੀ ਵਾਰ ਜੇਲ ਕਦੋਂ ਗਏ?
ਜੁਆਬ- ਰਾਮਗੜ੍ਹ ਤਾਲ ਅੰਦੋਲਨ ਦੌਰਾਨ ਮੈਨੂੰ ਪੁਲਸ ਨੇ ਕਈ ਵਾਰ ਗ੍ਰਿਫਤਾਰ ਕੀਤਾ, ਇਸ ਅੰਦੋਲਨ ਦੌਰਾਨ ਹੀ ਮੈਂ ਪਹਿਲੀ ਵਾਰ ਜੇਲ ਯਾਤਰਾ ਕੀਤੀ, ਅਤੇ ਮੈਨੂੰ ਕਈ ਦਿਨ ਗੋਰਖਪੁਰ ਦੀ ਵਿਸਮਿਲ ਜੇਲ ਚ ਬੰਦ ਰੱਖਿਆ ਗਿਆ।
ਸਵਾਲ- ਇਸ ਅੰਦੋਲਨ ਦੌਰਾਨ ਵਾਪਰੀ ਕੋਈ ਵਿਸ਼ੇਸ਼ ਗੱਲ?
ਜੁਆਬ- ਹਾਂ ਹੈ, ਰਾਮਗੜ੍ਹ ਤਾਲ ਅੰਦੋਲਨ ਕਾਫੀ ਲੰਮਾ ਹੋ ਗਿਆ, ਅਸੀਂ ਇਸ ਨੂੰ ਕਨੂੰਨੀ ਨੁਕਤਾ ਨਿਗਾਹ ਤੋਂ ਵੀ ਲਡ਼ਨਾ ਬਿਹਤਰ ਸਮਝਿਆ, ਇਸ ਲਈ ਅਸੀਂ ਕਾਮਰੇਡ ਸਵਿਤਾ ਤਿਵਾਡ਼ੀ ਐਡਵੋਕੇਟ ਦੀ ਮਦਦ ਲਈ, ਲੇਕਿਨ ਕੁਝ ਸਮੇਂ ਬਾਅਦ ਕਨੂੰਨੀ ਲੜਾਈ ਲੜਨ ਲਈ ਉਸ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ, ਹੌਲੀ ਹੌਲੀ ਪੈਸਾ ਉਸ ਦੀ ਕਮਜੋ਼ਰੀ ਬਣ ਗਿਆ ਤੇ ਆਖਰ ਉਸ ਦਾ ਵਿਚਾਰਧਾਰਕ ਪਤਨ ਹੋ ਗਿਆ।
ਸਵਾਲ- ਤੁਸੀਂ ਕਿਹੜੀਆਂ ਕਿਹੜੀਆਂ ਸਟੇਟਾਂ ਵਿੱਚ ਕੰਮ ਕੀਤਾ?
ਜੁਆਬ- ਮੈਂ ਇੰਡੀਅਨ ਪੀਪਲਜ਼ ਫਰੰਟ ਦੀ ਗੋਰਖਪੁਰ ਜ਼ਿਲੇ ਦੀ ਕਨਵੀਨਰ ਸੀ, ਲੇਕਿਨ ਜਲਦੀ ਹੀ ਮੇਰੀਆਂ ਸਰਗਰਮੀਆਂ ਨੂੰ ਵੇਖਦਿਆਂ ਮੈਨੂੰ ਆਈ ਪੀ ਐਫ ਦੀ ਸੂਬਾ ਸਕੱਤਰ ਬਣਾ ਲਿਆ ਗਿਆ, ਮੈਂ ਲਖਨਊ ਰਹਿਣ ਲੱਗ ਪਈ, ਇੱਥੇ ਹੀ ਮੇਰਾ ਸੰਪਰਕ ਕਾਮਰੇਡ ਅਜੰਤਾ ਲੋਹਿਤ ਨਾਲ ਹੋਇਆ, ਜਿਸ ਨੂੰ ਮੈਂ ਪ੍ਰੇਰ ਕੇ ਪਾਰਟੀ ਚ ਲੈ ਆਂਦਾ, ਜੋ ਬਾਅਦ ਚ ਪਾਰਟੀ ਦੇ ਪ੍ਰਮੁੱਖ ਲੀਡਰ ਬਣੇ, (ਕਾਮਰੇਡ ਅਜੰਤਾ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਕਾਰਨ ਕਾਮਰੇਡ ਜੀਤਾ ਕੌਰ ਤੋਂ ਇਕ ਮਹੀਨਾ ਪਹਿਲਾਂ ਸਦੀਵੀ ਵਿਛੋਡ਼ਾ ਦੇ ਗਏ ਸਨ।)
ਉੱਤਰ ਪ੍ਰਦੇਸ ਵਿਚ ਔਰਤਾਂ ਨੂੰ ਜਥੇਬੰਦ ਕਰਨ ਦਾ ਵੱਡਾ ਕੰਮ ਆਪਣੇ ਹੱਥ ਲਿਆ ਅਤੇ ਆਲ ਇੰਡੀਆ ਪ੍ਰੋਗਰੈਸਿਵ ਐਸੋਸੀਏਸ਼ਨ (ਏਪਵਾ ) ਨੂੰ ਜਥੇਬੰਦ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ, ਤੇ 1992 ਵਿੱਚ ਸੂਬਾ ਕਾਨਫਰੰਸ ਕੀਤੀ। ਇਸ ਤੋਂ ਬਾਅਦ ਏਪਵਾ ਦੀ ਕੌਮੀ ਕਾਨਫਰੰਸ ਹੋਣੀ ਸੀ, ਏਪਵਾ ਆਗੂ ਕਾਮਰੇਡ ਕੁਮੁਦਨੀਪਤੀ ਦੇ ਗਰਭਵਤੀ ਹੋਣ ਕਾਰਨ ਇਸ ਕਾਨਫਰੰਸ ਦੀ ਤਿਆਰੀ ਲਈ ਮੈਨੂੰ ਦਿੱਲੀ ਬੁਲਾ ਲਿਆ ਗਿਆ, ਕਾਨਫਰੰਸ ਦੌਰਾਨ ਮੈਨੂੰ ਏਪਵਾ ਦੀ ਕੌਮੀ ਪ੍ਰਚਾਰ ਸਕੱਤਰ ਚੁਣ ਲਿਆ ਗਿਆ, ਜਿਸ ਕਰਕੇ ਮੇਰਾ ਦਿੱਲੀ ਰੁਕਣਾ ਜ਼ਰੂਰੀ ਹੋ ਗਿਆ, ਮੈਂ 1994-2001 ਤੱਕ ਦਿੱਲੀ ਰਹੀ। ਇਸ ਸਮੇਂ ਦੌਰਾਨ ਮੈਂ ਪੱਛਮੀ ਤੇ ਪੂਰਵੀ ਦਿੱਲੀ ਵਿੱਚ ਪਾਰਟੀ ਲਈ ਕੰਮ ਕੀਤਾ, ਤੇ ਔਰਤਾਂ ਨੂੰ ਲਾਮਬੰਦ ਕਰਨ ਲਈ ਜਿ਼ੰਮੇਵਾਰੀ ਸੰਭਾਲੀ, ਲੇਕਿਨ ਇਸ ਤੋਂ ਬਾਅਦ ਜਨਰਲ ਸਕੱਤਰ ਦੇ ਸੁਝਾਅ ਤੇ ਮੈਨੂੰ ਪੰਜਾਬ ਭੇਜ ਦਿੱਤਾ ਗਿਆ।
ਸਵਾਲ- ਕੀ ਤੁਸੀਂ ਵਾਰ ਵਾਰ ਥਾਵਾਂ ਅਤੇ ਜੁ਼ੰਮੇਵਾਰੀਆਂ ਬਦਲਣ ਦੇ ਫੈਸਲੇ ਨਾਲ ਸਹਿਮਤ ਸੀ?
ਜੁਆਬ- ਮੈਂ ਵਾਰ ਵਾਰ ਸਥਾਨ ਤੇ ਡਿਊਟੀਆਂ ਬਦਲਣ ਨਾਲ ਸਹਿਮਤ ਨਹੀ ਸੀ, ਮੈਂ ਯੂ ਪੀ ਅੰਦਰ ਏਪਵਾ ਨੂੰ ਜਥੇਬੰਦ ਕੀਤਾ, ਤੇ ਮੇਰੀ ਸਟੇਟ ਚ ਬਤੌਰ ਜਨਤਕ ਲੀਡਰ ਵਾਲੀ ਪਛਾਣ ਵੀ ਬਣ ਗਈ ਸੀ, ਮੈਂ ਯੂ ਪੀ ਵਿੱਚ ਵਧੀਆ ਢੰਗ ਨਾਲ ਕੰਮ ਕਰ ਸਕਦੀ ਸੀ, ਪਰ ਮੇਰੀ ਡਿਊਟੀ ਦਿੱਲੀ ਲਾ ਦਿੱਤੀ ਗਈ, ਜੇ ਦਿੱਲੀ ਚ ਕੰਮ ਤੋਰਿਆ ਤਾਂ ਡਿਊਟੀ ਬਦਲ ਕੇ ਪੰਜਾਬ ਭੇਜ ਦਿੱਤਾ ਗਿਆ, ਵਿਅਕਤੀ ਜਿੱਥੇ ਰਹਿੰਦਾ ਹੈ, ਕੰਮ ਕਰਦਾ ਤੇ ਪਹਿਚਾਣ ਬਣਾਉਂਦਾ ਹੈ, ਓਥੇ ਬਿਹਤਰ ਨਤੀਜੇ ਕੱਢ ਸਕਦਾ ਹੈ, ਪਰ ਪਾਰਟੀ ਮੈਨੂੰ ਸ਼ਾਇਦ ਆਰਗੇਨਾਈਜ਼ਰ ਦੀ ਭੂਮਿਕਾ ਚ ਵੇਖਦੀ ਸੀ, ਤੇ ਪਾਰਟੀ ਫੈਸਲਾ ਮੇਰੇ ਵੱਖ ਵੱਖ ਥਾਵਾਂ ਤੇ ਕੰਮ ਕਰਨ ਦੀ ਮੰਗ ਕਰਦਾ ਸੀ। ਨਾਲੇ ਜਦੋਂ ਤੁਸੀਂ ਇਨਕਲਾਬੀ ਕਮਿਊਨਿਸਟ ਹੋ ਤਾਂ ਹਰ ਫੈਸਲੇ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਲਈ ਸਹਿਮਤ ਅਸਹਿਮਤ ਹੋਣ ਦਾ ਮਤਲਬ ਹੀ ਨਹੀਂ। ਬਾਕੀ, ਵਿਅਕਤੀ ਨਾਲੋਂ ਪਾਰਟੀ ਬਿਹਤਰ ਢੰਗ ਨਾਲ ਸੋਚ ਸਕਦੀ ਹੈ ਕਿ ਕੌਣ ਕਿੱਥੇ ਢੁਕਵਾਂ ਤੇ ਯੋਗ ਹੈ।
ਸਵਾਲ- ਇੱਕ ਸੋਹਣੀ ਸੁਨੱਖੀ ਕੁਆਰੀ ਕੁੜੀ ਹੋਣ ਕਾਰਨ ਤੁਹਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ?
ਜੁਆਬ- ਸਮੱਸਿਆਵਾਂ ਤਾਂ ਕੁਡ਼ੀਆਂ ਨਾਲ ਜੁਡ਼ੀਆਂ ਹੀ ਹੋਈਆਂ ਹਨ, ਔਰਤਾਂ ਪ੍ਰਤੀ ਸਮਾਜ ਦਾ ਨਜ਼ਰੀਆ ਦਰੁਸਤ ਨਹੀਂ। ਮੈਂ ਸ਼ੁਰੂ ਤੋਂ ਹੀ ਕਦੇ ਵੀ ਕਿਤੇ ਵੀ ਇਕੱਲੀ ਜਾਣ ਲਈ ਹਿਚਕ ਨਹੀ ਵਿਖਾਈ, ਬਹੁਤੀ ਵਾਰ ਇਕੱਲੀ ਨੂੰ ਵੇਖ ਕੇ ਲੋਕ ਗਲਤ ਹਰਕਤਾਂ ਵੀ ਕਰਦੇ, ਪਾਰਟੀ ਅੰਦਰ ਵੀ ਬਹੁਤ ਸਾਰੇ ਕਾਮਰੇਡਾਂ ਨੇ ਮੇਰੇ ਨਾਲ ਨਿੱਜੀ ਨੇਡ਼ਤਾ ਬਣਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਮੈਂ ਆਪਣੇ ਵਿਚਾਰਾਂ ਤੇ ਅਡੋਲ ਰਹੀ। ਮੇਰੇ ਹੱਕ ਵਿੱਚ ਇੱਕ ਇਹ ਜਾਂਦੀ ਸੀ ਕਿ ਮੇਰੇ ਵਾਲ਼ ਉਮਰ ਤੋਂ ਪਹਿਲਾਂ ਚਿੱਟੇ ਹੋ ਗਏ, ਜਿਸ ਕਾਰਨ ਹਰ ਕੋਈ ਝਿਜਕਦਾ ਵੀ ਸੀ। ਮੈਂ ਪਾਰਟੀ ਦਫਤਰਾਂ ਤੇ ਕਾਮਰੇਡਾਂ ਦੇ ਘਰਾਂ ਚ ਵੀ ਰਹੀ ਹਾਂ, ਜਿੱਥੇ ਮੈਂ ਰਸੋਈ ਚ ਸਿਰਫ ਔਰਤਾਂ ਦੇ ਕੰਮ ਕਰਨ ਦੀ ਪ੍ਰਵਿਰਤੀ ਖਿਲਾਫ ਲਡ਼ੀ, ਓਥੇ ਮੈਨੂੰ ਕਈ ਕਾਮਰੇਡਾਂ ਦੇ ਘਰਾਂ ਚੋਂ `ਨਾਲੇ ਘਰੋਂ ਖਵਾਇਆ, ਨਾਲੇ ਭਡ਼ੂਆ ਅਖਵਾਇਆ`, ਵਰਗੇ ਸ਼ਬਦ ਵੀ ਸੁਣਨੇ ਪਏ।
ਸਵਾਲ- ਕੀ ਕਦੇ ਵਿਆਹ ਨਾ ਕਰਵਾਉਣ ਦੇ ਫੈਸਲੇ ਤੇ ਪਛਤਾਵਾ ਨਹੀਂ ਹੋਇਆ?
ਜੁਆਬ- ਨਹੀਂ, ਕਦੇ ਨਹੀਂ। ਜਿਸ ਨੂੰ ਚਾਹਿਆ, ਉਹ ਹੋ ਨਾ ਸਕਿਆ, ਦੂਸਰੇ ਬਾਰੇ ਮੈਂ ਮੁਡ਼ ਕੇ ਕਦੇ ਨਹੀਂ ਸੋਚਿਆ, ਫੇਰ ਪਛਤਾਵਾ ਤਾਂ ਹੋਵੇ ਜੇ ਮੈਂ ਕਦੇ ਵਿਆਹ ਕਰਾਉਣਾ ਹੁੰਦਾ। ਇਸ ਸ਼ਬਦ, ਵਿਆਹ, ਨਾਲ ਘ੍ਰਿਣਾ ਜਿਹੀ ਹੋ ਗਈ ਸੀ।
ਸਵਾਲ- ਤੁਹਾਨੂੰ ਕਠੋਰ ਤੇ ਸਖਤ ਸੁਭਾਅ ਵਾਲੀ ਲੀਡਰ ਮੰਨਿਆ ਜਾਂਦਾ ਹੈ?
ਜੁਆਬ- ਮੇਰੇ ਲਈ ਇਹ ਧਾਰਨਾ ਗਲਤ ਹੈ, ਲੇਕਿਨ ਮੈਂ ਸਪੱਸ਼ਟ ਵਿਚਾਰਾਂ ਅਤੇ ਸਖਤ ਅਨੁਸ਼ਾਸਨ ਦੀ ਹਾਮੀ ਹਾਂ, ਅਨੁਸ਼ਾਸਨ ਭੰਗ ਕਰਨ, ਝੂਠ ਬੋਲਣ, ਕਿਸੇ ਵੀ ਨਸ਼ਾ ਕਰਨ, ਔਰਤਾਂ ਵਿਰੋਧੀ ਗਾਲਾਂ ਕਢਣ ਵਾਲਿਆਂ ਦੇ ਸਖਤ ਖਿਲਾਫ ਹਾਂ, ਇਹਨਾਂ ਸਭ ਕੁਰੀਤੀਆਂ ਦੇ ਖਿਲਾਫ ਪਾਰਟੀ ਦੇ ਅੰਦਰ ਤੇ ਬਾਹਰ ਤਿੱਖੀ ਬਹਿਸ ਚਲਾਈ ਹੈ, ਮੈਂ ਬਹੁਤੀ ਵਾਰੀ ਅਜਿਹੀਆਂ ਘਾਟਾਂ ਕਮਜੋ਼ਰੀਆਂ ਵਾਲੇ ਸਾਥੀਆਂ ਨੂੰ ਪਿਆਰ ਨਾਲ ਬਹਿ ਕੇ ਸਮਝਾਇਆ ਵੀ ਹੈ, ਬਹੁਤੇ ਸਮਝੇ, ਪਰ ਕੁਝ ਨੇ ਮੈਨੂੰ ਸਖਤ ਸੁਭਾਅ ਦੀ ਆਗੂ ਦਾ ਖਿਤਾਬ ਦੇ ਦਿੱਤਾ।
ਸੁਆਲ- ਤੁਹਾਡਾ ਪੜ੍ਹਨ ਦਾ ਰੁਝਾਨ ਕਿੰਨਾ ਕੁ ਹੈ?
ਜੁਆਬ- ਮੈਨੂੰ ਅਕਸਰ ਪੜ੍ਹਨ ਦੀ ਆਦਤ ਹੈ, ਇੱਕ ਦੋ ਕਿਤਾਬਾਂ ਹਮੇਸ਼ਾਂ ਮੇਰੇ ਬੈਗ ਚ ਹੁੰਦੀਆਂ ਹਨ, ਮੈਨੂੰ ਜਿੱਥੇ ਵੀ ਵਕਤ ਮਿਲਦਾ ਹੈ ,ਮੈਂ ਪੜ੍ਹਨ ਦੀ ਕੋਸ਼ਿਸ਼ ਕਰਦੀ ਹਾਂ, ਭਾਵੇਂ ਬੱਸ, ਰੇਲ ਦਾ ਸਫਰ ਹੋਵੇ ਜਾਂ ਕਿਸੇ ਦਾ ਘਰ।
ਸਵਾਲ- ਤੁਸੀਂ ਪੰਜਾਬ ਕਦੋਂ ਆਏ ਤੇ ਕਿਸ ਭੂਮਿਕਾ ਵਿੱਚ ਰਹੇ?
ਜੁਆਬ- ਮੈਂ 2001 ਵਿੱਚ ਪੰਜਾਬ ਆਈ ਤੇ ਹੁਣ ਤੱਕ ਇੱਥੇ ਹੀ ਹਾਂ, ਲੇਕਿਨ ਮੈਂ ਇਸ ਤੋਂ ਪਹਿਲਾਂ ਹੀ ਪੰਜਾਬ ਆਉਂਦੀ ਰਹੀ ਹਾਂ, ਮਹਿਲ ਕਲਾਂ ਦੇ ਕਿਰਨਜੀਤ ਕਾਂਡ ਖਿਲਾਫ ਸੰਘਰਸ਼ ਵਿੱਚ ਮੈਂ ਸ਼ਾਮਲ ਰਹੀ ਹਾਂ, ਮੈਂ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥ ਖਿਲਾਫ ਜਲਿਆਂਵਾਲਾ ਕਾਂਡ ਦੀ ਮਾਫੀ ਨੂੰ ਲੈ ਕੇ ਹੋਏ ਨਕਸਲੀ ਧਿਰਾਂ ਦੇ ਸਾਂਝੇ ਪ੍ਰਦਰਸ਼ਨ ਵਿਚ ਸ਼ਮੂਲੀਅਤ ਕੀਤੀ ਅਤੇ 1998 ਵਿੱਚ ਲੁਧਿਆਣੇ ਤੋਂ ਪਾਰਲੀਮੈਂਟ ਸੀਟ ਵੀ ਲਡ਼ੀ। ਇਸ ਸਮੇਂ ਮੈਂ ਪਾਰਟੀ ਦੀ ਸੂਬਾ ਲੀਡਿੰਗ ਟੀਮ ਦੀ ਮੈਂਬਰ ਹਾਂ, ਮੁੱਖ ਰੂਪ ਚ ਮੈਂ ਪਾਰਟੀ ਆਰਗੇਨਾਈਜ਼ਰ ਦੀ ਭੂਮਿਕਾ ਨਿਭਾਈ। ਜਦੋਂ ਮੈਂ ਪੰਜਾਬ ਆਈ, ਮੈਂ ਪਾਰਟੀ ਦਫਤਰ ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿਖੇ ਰਹੀ, ਇੱਥੇ ਪਾਰਟੀ ਤਾਂ ਰਹੀ, ਲੇਕਿਨ ਢਾਂਚਾ ਬੇਹੱਦ ਕਮਜ਼ੋਰ ਸੀ, ਲੰਮਾ ਲੰਮਾ ਸਮਾਂ ਮੀਟਿੰਗਾਂ ਨਹੀ ਸੀ ਹੁੰਦੀਆਂ, ਸਭ ਤੋਂ ਪਹਿਲਾਂ ਸਾਥੀਆਂ ਦੀ ਮਦਦ ਨਾਲ ਸੂਬਾ ਹੈਡਕੁਆਟਰ ਨੂੰ ਚੁਸਤ ਦਰੁਸਤ ਕਰਨਾ ਅਤੇ ਸਮੇਂ ਸਿਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਵਾਉਣਾ ਮੇਰਾ ਨਿਸ਼ਾਨਾ ਸੀ, ਜਿਸ ਚ ਮੈਂ ਸਫਲਤਾ ਹਾਸਲ ਕੀਤੀ। ਤਮਾਮ ਸਰਗਰਮੀਆਂ ਪਾਰਟੀ ਦਫਤਰੋਂ ਸ਼ੁਰੂ ਹੋਈਆਂ। ਕਾਫੀ ਤਿੱਖੀ ਬਹਿਸ ਤੋਂ ਬਾਅਦ ਪਾਰਟੀ ਦਫਤਰ ਮੇਨਟੇਨ ਹੋਇਆ। ਬੈਂਕ ਖਾਤਾ ਮੇਰੇ ਆਉਣ ਤੋਂ ਬਾਅਦ ਹੀ ਖੁੱਲਿਆ, ਤੇ ਪਾਰਟੀ ਮੈਗਜੀ਼ਨ ਦੀ ਲੋਡ਼ ਨੂੰ ਮਹਿਸੂਸ ਕਰਦਿਆਂ ਸਾਥੀਆਂ ਦੇ ਇਕਜੁਟ ਹੰਭਲੇ ਨਾਲ ਸਮਕਾਲੀ ਲੋਕ ਮੋਰਚਾ ਮੁਡ਼ ਸ਼ੁਰੂ ਹੋਇਆ। ਨੌਜਵਾਨ ਆਗੂਆਂ ਦੀ ਊਰਜਾ ਦਾ ਸਹੀ ਇਸਤੇਮਾਲ ਕਰਨ ਤੇ ਉਹਨਾਂ ਨੂੰ ਵੱਖ ਵੱਖ ਭੂਮਿਕਾਵਾਂ ਚ ਖੜ੍ਹੇ ਕਰਨ ਦੀ ਇਕਜੁਟ ਕੋਸ਼ਿਸ਼ ਕੀਤੀ, ਜਿਸ ਚ ਸਫਲਤਾ ਮਿਲੀ। ਪਾਰਟੀ ਆਰਗੇਨਾਈਜ਼ਰ ਦੀ ਭੂਮਿਕਾ ਤਹਿਤ ਹੀ ਮੈਂ ਮਾਨਸਾ ਤੋਂ ਬਾਅਦ ਮੋਗਾ ਅਤੇ ਲੁਧਿਆਣਾ ਵਿਖੇ ਕੰਮ ਕੀਤਾ, ਅਤੇ ਔਰਤਾਂ ਨੂੰ ਜਥੇਬੰਦ ਕਰਨ ਦੀ ਕੋਸ਼ਿਸ਼ ਕੀਤੀ।
ਸਵਾਲ- ਕੀ ਤੁਸੀਂ ਔਰਤਾਂ ਨੂੰ ਜਥੇਬੰਦ ਕਰਨ ਚ ਸਫਲ ਹੋਏ?
ਜੁਆਬ- ਪੰਜਾਬ ਅੰਦਰ ਔਰਤ ਲਹਿਰ ਬਹੁਤੀ ਨਜ਼ਰ ਨਹੀਂ ਆਉਂਦੀ, ਜੋ ਸੰਗਠਨ ਕੰਮ ਵੀ ਕਰ ਰਹੇ ਨੇ, ਉਹਨਾਂ ਵਿਚ ਨਾਰੀਵਾਦੀ ਸੋਚ ਭਾਰੂ ਹੈ। ਦੂਜਾ ਪੰਜਾਬ ਅੰਦਰ ਜਗੀਰੂ ਕਦਰਾਂ ਕੀਮਤਾਂ ਭਾਰੂ ਹਨ, ਔਰਤਾਂ ਨੂੰ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਦੀ ਖੁੱਲ ਨਹੀਂ। ਘਰਾਂ ਚ ਔਰਤਾਂ ਤੇ ਨਿਰਭਰਤਾ ਹੈ, ਔਰਤ ਲਹਿਰ ਦੇ ਵਿਕਸਿਤ ਨਾ ਹੋਣ ਦਾ ਕਾਰਨ ਜਗੀਰੂ ਕਲਚਰ ਦੇ ਨਾਲ ਨਾਲ ਖਪਤ ਸਭਿਆਚਾਰ ਤੇ ਆਰਥਿਕ ਸਮੱਸਿਆ ਹੈ। ਰਾਜ ਅੰਦਰ ਔਰਤਾਂ ਦਾ ਸ਼ੋਸ਼ਣ ਹੋ ਰਿਹਾ ਹੈ। ਹਰ ਪੱਧਰ ਤੇ ਭਰੂਣ ਹੱਤਿਆਵਾਂ ਲਗਾਤਾਰ ਪੰਜਾਬ ਚ ਵਧਰ ਰਹੀਆਂ ਹਨ, ਇਸ ਲਈ ਔਰਤ ਲਹਿਰ ਦੇ ਜਾਗਰੂਕ ਤੇ ਜਥੇਬਂਦ ਹੋਣ ਦੀ ਜ਼ਰੂਰ ਹੈ। ਮੈਂ ਔਰਤਾਂ ਨੂੰ ਏਪਵਾ ਰਾਹੀਂ ਜਥੇਬੰਦ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਔਰਤਾਂ ਵਿਚ ਅਗਵਾਈ ਦੇ ਸਵਾਲ ਤੇ ਪੰਜਾਬ ਦੇ ਸਾਥੀਆਂ ਨਾਲ ਮੇਰੇ ਮਤਭੇਦ ਹਨ, ਪਰ ਇਹ ਹਕੀਕਤ ਹੈ ਕਿ ਕੋਈ ਵੀ ਮਿਸ਼ਨ ਔਰਤਾਂ ਦੀ ਸ਼ਮੂਲੀਅਤ ਤੋਂ ਬਗੈਰ ਸਫਲ ਹੋ ਸਕਦਾ ਹੈ, ਤੇ ਨਾ ਹੀ ਕੋਈ ਅੰਦੋਲਨ ਜਨਤਕ ਅੰਦੋਲਨ ਬਣ ਸਕਦਾ ਹੈ।
ਸਵਾਲ- ਤੁਸੀਂ ਲੁਧਿਆਣਾ ਦੀਆਂ ਗੰਦੀਆਂ ਬਸਤੀਆਂ ਚ ਕੰਮ ਕੀਤਾ, ਤੁਹਾਨੂੰ ਅਜਿਹਾ ਕਰਦੇ ਸਮੇਂ ਔਖ ਤੇ ਗਲਿਆਣ ਮਹਿਸੂਸ ਨਹੀਂ ਹੋਈ?
ਜੁਆਬ- ਕਮਿਊਨਿਸਟ ਪਾਰਟੀ ਮਜ਼ਦੂਰ ਜਮਾਤ ਦੀ ਪਾਰਟੀ ਹੁੰਦੀ ਹੈ, ਫੇਰ ਮਜ਼ਦੂਰ ਗੰਦੀਆਂ ਬਸਤੀਆਂ ਚ ਹੋਣ ਜਾਂ ਕਿਤੇ ਹੋਰ, ਮਜ਼ਦੂਰਾਂ ਚ ਕੰਮ ਕਰਨਾ ਔਖ ਤੇ ਗਲਿਆਣ ਨਹੀਂ ਮਾਣ ਦੀ ਗੱਲ ਹੈ। ਜੇਕਰ ਸਭ ਤੋਂ ਵੱਧ ਅਹਿਮ ਪਾਰਟੀ ਅੰਗ ਮਜ਼ਦੂਰਾਂ ਚ ਮੇਰੀ ਡਿਊਟੀ ਲਾਈ ਹੈ, ਤਾਂ ਏਸ ਤੋਂ ਵੱਡੀ ਖੁਸ਼ੀ ਵਾਲੀ ਗੱਲ ਕਿਹੜੀ ਹੋ ਸਕਦੀ ਹੈ। ਨਾਲੇ ਸੌਖ ਦੀ ਜ਼ਿੰਦਗੀ ਛੱਡ ਕੇ ਹੀ ਤਾਂ ਕਮਿਊਨਿਸਟ ਬਣੇ ਹਾਂ।
ਸਵਾਲ- ਬੰਤ ਸਿੰਘ ਝੱਬਰ ਕਾਂਡ ਬਾਰੇ ਤੁਸੀਂ ਕੀ ਸਮਝਦੇ ਹੋ?
ਜੁਆਬ- ਝੱਬਰ ਕਾਂਡ ਜਗੀਰੂ ਮਾਨਸਿਕਤਾ ਵਾਲੇ ਗੁੰਡਾ ਅਨਸਰਾਂ ਵਲੋਂ ਵਰਤਾਏ ਗਏ ਘਿਣਾਉਣੀ ਤੇ ਅਣਮਨੁਖੀ ਤਸਵੀਰ ਹੈ, ਲੇਕਿਨ ਬੰਤ ਸਿੰਘ ਇਨਸਾਫ ਤੇ ਅਣਖ ਦੀ ਲਡ਼ਾਈ ਦਾ ਪ੍ਰਤੀਕ ਹੈ, ਜਿਸ ਨੇ ਆਪਣੇ ਅੰਗ ਅੰਗ ਨੂੰ ਤਾਂ ਕਟਾ ਲਿਆ, ਲੇਕਿਨ ਮਜ਼ਦੂਰ ਜਮਾਤ ਦੀ ਅਣਖ, ਗੈਰਤ ਤੇ ਸਵੈਮਾਣ ਨੂੰ ਜਗੀਰੂ ਤੇ ਧਨਾਢ ਮਾਨਸਿਕਤਾ ਅੱਗੇ ਨੀਵਾਂ ਨਹੀਂ ਪੈਣ ਦਿੱਤਾ। ਸੀ ਪੀ ਆਈ ਐਮ ਐਲ ਲਿਬਰੇਸ਼ਨ ਦੀ ਪਹਿਲ ਕਦਮੀ ਤੇ ਇਸ ਕਾਂਡ ਖਿਲਾਫ ਲਡ਼ਿਆ ਗਿਆ ਲਾਮਿਸਾਲ ਅੰਦੋਲਨ, ਦੁਨੀਆ ਦੇ ਨਕਸ਼ੇ ਤੇ ਉਭਰਿਆ ਹੈ। ਮੈਂ ਇਸ ਅੰਦੋਲਨ ਚ ਸ਼ਾਮਲ ਰਹੀ ਹਾਂ, ਪੀ ਜੀ ਆਈ ਹਸਪਤਾਲ ਚ ਮੁਸ਼ਕਲ ਹਾਲਤ ਚ ਰਹਿੰਦਿਆਂ ਬੰਤ ਸਿੰਘ ਦੀ ਸੰਭਾਲ ਦੀ ਜ਼ਿਮੇਵਾਰੀ ਮੇਰੇ ਹਿੱਸੇ ਆਈ ਹੈ।
ਸਵਾਲ- ਆਖਰੀ ਸਵਾਲ, ਤੁਹਾਨੂੰ ਪੰਜਾਬ ਚ ਕਿੱਥੇ ਜਾਣਾ ਪਸੰਦ ਹੈ?