ਨਕਸਲੀ ਲਹਿਰ ਬਾਰੇ ਹਰਭਗਵਾਨ ਭੀਖੀ ਦੀ ਤੀਜੀ ਖੋਜ ਭਰਪੂਰ ਪੁਸਤਕ
ਮਾਨਸਾ//ਲੁਧਿਆਣਾ: 16 ਮਈ 2020: (ਪੀਪਲਜ਼ ਮੀਡੀਆ ਲਿੰਕ)::
ਪੰਜਾਬ ਦੇ ਨਕਸਲਬਾੜੀ ਅੰਦੋਲਨ ਵਿਚੋਂ ਉੱਭਰੇ ਹਰਮਨ-ਪਿਆਰੇ ਜਨਤਕ ਤੇ ਸਿਆਸੀ ਆਗੂਆਂ ਦੀ ਪਹਿਲੀ ਪਾਲ਼ ’ਚ ਸ਼ਾਮਿਲ ਕੀਤੇ ਜਾਂਦੇ ਕਾਮਰੇਡ ਬਲਦੇਵ ਸਿੰਘ ਮਾਨ ਨੂੰ ਸ਼ਹੀਦ ਹੋਇਆਂ ਕਰੀਬ 34 ਸਾਲ ਬੀਤ ਚੁੱਕੇ ਹਨ। ਐਨੇ ਅਰਸੇ ਬਾਅਦ ਉਨ੍ਹਾਂ ਦੇ ਜੀਵਨ ਬਾਰੇ ਇਸ ਪੁਸਤਕ ਦਾ ਛਪਣਾ, ਆਪਣੇ ਆਪ ਵਿਚ ਇਸ ਗੱਲ ਦਾ ਪ੍ਰਮਾਣ ਹੈ ਕਿ ਨਾ ਸਿਰਫ਼ ਉਹ ਇਨਕਲਾਬੀ ਆਦਰਸ਼ ਜਿਨ੍ਹਾਂ ਦੀ ਪੂਰਤੀ ਲਈ ਜੂਝਦਿਆਂ ਕਾਮਰੇਡ ਮਾਨ ਨੇ ਆਪਣੀ ਜਾਨ ਵਾਰੀ ਸੀ, ਅੱਜ ਵੀ ਸਮਾਜ ਵਿਚ ਉਸੇ ਤਰ੍ਹਾਂ ਪ੍ਰਸੰਗਕ ਹਨ, ਬਲਕਿ ਮਾਨ ਦੇ ਸਾਥੀ ਅਤੇ ਵਾਰਿਸ ਹਾਲੇ ਵੀ ਉਸੇ ਸ਼ਿੱਦਤ, ਲਗਨ ਅਤੇ ਹਿੰਮਤ ਨਾਲ ਉਸ ਸੰਘਰਸ਼ ਨੂੰ ਅੱਗੇ ਵਧਾ ਰਹੇ ਹਨ।
ਇਸ ਪੁਸਤਕ ਦੇ ਸਬੰਧ ਵਿਚ ਇਕ ਖ਼ਾਸ ਗੱਲ ਇਹ ਵੀ ਹੈ ਕਿ ਪੁਸਤਕ ਦਾ ਸੰਪਾਦਕ ਕਾਮਰੇਡ ਹਰਭਗਵਾਨ ਭੀਖੀ, ਬਲਦੇਵ ਮਾਨ ਦਾ ਸਮਕਾਲੀ ਨਹੀਂ ਹੈ, ਬਲਕਿ ਮਾਨ ਦੀ ਸ਼ਹਾਦਤ ਦੇ ਵਕਤ ਉਸਦੀ ਉਮਰ ਸਿਰਫ਼ 11 ਸਾਲ ਸੀ। ਉਹ ਕੋਈ ਅਕਾਦਮਿਕ ਖੋਜ-ਕਰਤਾ ਜਾਂ ਇਤਿਹਾਸਕਾਰ ਵੀ ਨਹੀਂ ਹੈ ਅਤੇ ਨਾ ਹੀ ਉਸ ਦਾ ਕਾਮਰੇਡ ਮਾਨ ਦੇ ਮੁੱਖ ਕਾਰਜ ਖੇਤਰ ਅੰਮਿ੍ਰਤਸਰ ਨਾਲ ਜਾਂ ਉਨ੍ਹਾਂ ਦੀ ਸਿਆਸੀ ਧਿਰ ਨਾਲ ਕੋਈ ਜਥੇਬੰਦਕ ਵਾਹ-ਵਾਸਤਾ ਰਿਹਾ ਹੈ, ਬਲਕਿ ਉਹ ਤਾਂ ਪੰਜਾਬ ਦੇ ਧੁਰ ਦੱਖਣੀ ਸਿਰੇ ’ਤੇ ਸਥਿਤ ਮਾਨਸਾ ਜ਼ਿਲ੍ਹੇ ਦਾ ਜੰਮਪਲ ਹੈ ਅਤੇ ਆਪਣੇ ਵਿਦਿਆਰਥੀ ਜੀਵਨ ਵੇਲੇ ਤੋਂ ਹੀ ਸੀ.ਪੀ.ਆਈ. (ਐੱਮ.ਐੱਲ.) ਲਿਬਰੇਸ਼ਨ ਨਾਲ ਜੁੜਿਆ ਇਕ ਕੁਲਵਕਤੀ ਸਿਆਸੀ ਕਾਰਕੁੰਨ ਹੈ, ਜਿਸ ਦੀ ਕਰਮ-ਭੂਮੀ ਵੀ ਹੁਣ ਤੱਕ ਮਾਲਵਾ ਖੇਤਰ ਹੀ ਰਿਹਾ ਹੈ ਪਰ ਜਿਸ ਕੰਮ ਦੀ ਤਵੱਕੋਂ ਕਾਮਰੇਡ ਮਾਨ ਦੇ ਕਰੀਬੀਆਂ ਜਾਂ ਸਿਆਸੀ ਹਮਸਫ਼ਰਾਂ ਕੋਲੋਂ ਕੀਤੀ ਜਾਂਦੀ ਸੀ, ਉਹ ਕੰਮ ਸਮੇਂ, ਸੰਪਰਕਾਂ ਅਤੇ ਮਾਇਕ ਵਸੀਲਿਆਂ ਦੀ ਗੰਭੀਰ ਥੁੜ ਦੇ ਬਾਵਜੂਦ ਕਾਮਰੇਡ ਮਾਨ ਦੇ ਕਾਰਜ ਖੇਤਰ ਤੋਂ ਕਰੀਬ ਢਾਈ ਸੌ ਕਿਲੋਮੀਟਰ ਦੂਰ ਬੈਠੇ ਹਰਭਗਵਾਨ ਭੀਖੀ ਨੇ ਨੇਪਰੇ ਚਾੜ੍ਹਿਆ। ਇਹ ਇਨਕਲਾਬੀ ਲਹਿਰ ਦੇ ਵਿੱਛੜ ਚੁੱਕੇ ਆਗੂਆਂ ਅਤੇ ਸ਼ਹੀਦਾਂ ਪ੍ਰਤੀ ਉਸ ਦੇ ਲਗਾਅ ਅਤੇ ਮਿਥੇ ਕੰਮ ਨੂੰ ਕਰਨ ਲਈ ਉਸ ਦੀ ਜਨੂੰਨ ਵਰਗੀ ਲਗਨ ਹੀ ਹੈ, ਜਿਸ ਸਦਕਾ ਉਹ ਇਸ ਮੁਸ਼ਕਿਲ ਅਤੇ ਬੁਰੀ ਤਰ੍ਹਾਂ ਪਛੜ ਚੁੱਕੇ ਅਹਿਮ ਕਾਰਜ ਨੂੰ ਮੁਕੰਮਲ ਕਰ ਸਕਿਆ ਅਤੇ ਨਤੀਜੇ ਵਜੋਂ ਸ਼ਹੀਦ ਮਾਨ ਬਾਰੇ ਇਹ ਯਾਦਗਾਰੀ ਪੁਸਤਕ ਤੁਹਾਡੇ ਹੱਥਾਂ ਤੱਕ ਪਹੁੰਚ ਸਕੀ। ਇਸ ਤੋਂ ਪਹਿਲਾਂ ਉਹ ਇਨਕਲਾਬੀ ਲਹਿਰ ਦੀ ਜਾਣੀ-ਪਛਾਣੀ ਔਰਤ ਆਗੂ (ਮਰਹੂਮ) ਕਾਮਰੇਡ ਜੀਤਾ ਕੌਰ ਬਾਰੇ ਅਤੇ ਸੂਬੇ ਦੇ ਪਹਿਲੀ ਕਤਾਰ ਦੇ ਨਕਸਲੀ ਆਗੂ ਸ਼ਹੀਦ ਕਾਮਰੇਡ ਅਮਰ ਸਿੰਘ ਅੱਚਰਵਾਲ ਬਾਰੇ ਦੋ ਹੋਰ ਕਿਤਾਬਾਂ ਵੀ ਪਾਠਕਾਂ ਤੱਕ ਪਹੁੰਚਾ ਚੁੱਕਾ ਹੈ। ਨਕਸਲਬਾੜੀ ਲਹਿਰ ਬਾਰੇ ਹਰਭਗਵਾਨ "ਭੀਖੀ" ਦੀ ਤੀਜੀ ਖੋਜ ਭਰਪੂਰ ਪੁਸਤਕ
ਉਝ ਸ਼ਹੀਦ ਬਲਦੇਵ ਮਾਨ ਬਾਰੇ ਕਿਤਾਬ ਸੰਪਾਦਿਤ ਕਰਨ ਦਾ ਇਹ ਪਹਿਲਾ ਉੱਦਮ ਨਹੀਂ ਹੈ। ਹਰਭਗਵਾਨ ਵੱਲੋਂ ਇਹ ਪ੍ਰੋਜੈਕਟ ਹੱਥ ਲੈਣ ਤੋਂ ਕੋਈ ਦਸ ਕੁ ਸਾਲ ਪਹਿਲਾਂ ਪੰਜਾਬੀ ਦੇ ਜਾਣੇ-ਪਛਾਣੇ ਕਹਾਣੀਕਾਰ ਅਜਮੇਰ ਸਿੱਧੂ ਨੇ ਵੀ ਅੰਮਿ੍ਰਤਸਰ ਦੀ ਨਕਸਲਬਾੜੀ ਲਹਿਰ ਬਾਰੇ ਕਿਤਾਬ ਤਿਆਰ ਕਰਨ ਦਾ ਕੰਮ ਬੜੇ ਉਤਸ਼ਾਹ ਅਤੇ ਇਨਕਲਾਬੀ ਭਾਵਨਾ ਨਾਲ ਸ਼ੁਰੂ ਕੀਤਾ ਸੀ। ਉਨ੍ਹਾਂ ਕਾਫ਼ੀ ਸਾਰੀ ਸਮੱਗਰੀ ਤਿਆਰ/ਇਕੱਤਰ ਕਰ ਵੀ ਲਈ ਸੀ ਪਰ ਲਹਿਰ ਅੰਦਰਲੇ ਸ਼ੱਕੀ ਸੁਭਾਅ ਅਤੇ ਸੰਕੀਰਨ ਸੋਚ ਵਾਲੇ ਚੰਦ ਆਗੂਆਂ ਦੇ ਅਸਹਿਯੋਗ ਅਤੇ ਬੇ-ਤੁਕੇ ਕਿੰਤੂ-ਪ੍ਰੰਤੂਆਂ ਤੋਂ ਉਹ ਐਨਾ ਪ੍ਰੇਸ਼ਾਨ ਹੋ ਗਿਆ ਕਿ ਉਸ ਨੇ ਆਪਣਾ ਆਰੰਭਿਆ ਉਹ ਕੰਮ ਜਿੱਥੇ ਸੀ, ਉੱਥੇ ਹੀ ਸੰਤੋਖ ਦਿੱਤਾ। ਇਸ ਕੁੜੱਤਣ ਦੇ ਬਾਵਜੂਦ ਵੀ ਇਹ ਅਜਮੇਰ ਸਿੱਧੂ ਦੀ ਫ਼ਰਾਖ਼ਦਿਲੀ ਹੀ ਹੈ ਕਿ ਹਰਭਗਵਾਨ ਵੱਲੋਂ ਸੰਪਰਕ ਕਰਨ ’ਤੇ ਉਨ੍ਹਾਂ ਨਾ ਸਿਰਫ਼ ਆਪਣੇ ਵੱਲੋਂ ਇਕੱਤਰ ਕੀਤੀ ਸਾਰੀ ਸਮੱਗਰੀ ਉਸ ਦੇ ਹਵਾਲੇ ਕਰ ਦਿੱਤੀ, ਬਲਕਿ ਹਰ ਸੰਭਵ ਸਹਿਯੋਗ ਦੇਣ ਦਾ ਵੀ ਇਕਰਾਰ ਕੀਤਾ। ਇਸੇ ਤਰ੍ਹਾਂ ਮੈਂ ਗਵਾਹ ਹਾਂ ਕਿ ਕਾਮਰੇਡ ਮਾਨ ਦੇ ਪਰਿਵਾਰ, ਰਿਸ਼ਤੇਦਾਰਾਂ, ਕਰੀਬੀ ਦੋਸਤਾਂ-ਸੰਗਰਾਮੀ ਸਾਥੀਆਂ ਅਤੇ ਡਾ. ਅਵਤਾਰ ਸਿੰਘ ਓਠੀ ਹੋਰਾਂ ਨੇ ਵੀ ਇਸ ਕਿਤਾਬ ਲਈ ਭਰਪੂਰ ਸਹਿਯੋਗ ਦਿੱਤਾ ਅਤੇ ਉਨ੍ਹਾਂ ਕੋਲ ਕਾਮਰੇਡ ਮਾਨ ਦੀਆਂ ਯਾਦਾਂ ਅਤੇ ਲਿਖਤਾਂ ਦੇ ਰੂਪ ਵਿਚ ਜੋ ਵੀ ਕੀਮਤੀ ਸਰਮਾਇਆ ਮੌਜੂਦ ਸੀ, ਉਹ ਬਿਨਾਂ ਹਿਚਕ ਸਾਥੀ ਹਰਭਗਵਾਨ ਦੇ ਹਵਾਲੇ ਕਰ ਦਿੱਤਾ।
ਤਦ ਵੀ ਇਸ ਕਿਤਾਬ ਦੀ ਸਮੁੱਚੀ ਸਮੱਗਰੀ ਨੂੰ ਘੋਖਦਿਆਂ ਮੈਨੂੰ ਅਹਿਸਾਸ ਹੋਇਆ ਕਿ ਪੰਜਾਬ ਦੇ ਨਕਸਲੀ ਧੜਿਆਂ ਦੇ ਜ਼ਿਆਦਾਤਰ ਆਗੂ ਲਹਿਰ ਦੇ ਇਤਿਹਾਸ, ਇਸ ਅੰਦਰ ਸਮੇਂ-ਸਮੇਂ ਉੱਭਰਨ ਵਾਲੀਆਂ ਬਹਿਸਾਂ ਬਾਰੇ ਖੁੱਲ੍ਹ ਕੇ ਗੱਲ ਕਰਨ, ਆਪਣੀਆਂ ਯਾਦਾਂ ਤੇ ਕੌੜੇ-ਮਿੱਠੇ ਅਨੁਭਵਾਂ ਬਾਰੇ ਲਿਖਣ ਜਾਂ ਮੰਗ ਕਰਨ ’ਤੇ ਵੀ ਅਜਿਹਾ ਰਚਨਾਤਮਿਕ ਸਹਿਯੋਗ ਦੇਣ ਦੇ ਮਾਮਲੇ ਵਿਚ ਬਹੁਤ ਕੰਜੂਸ ਜਾਂ ‘ਸੰਗਾੳੂ’ ਹਨ। ਉਹ ਨਵੀਆਂ ਸਮਾਜਿਕ ਸਿਆਸੀ ਹਾਲਤਾਂ ਦੇ ਨੁਕਤਾ ਨਜ਼ਰ ਤੋਂ ਬੀਤੇ ਨੂੰ ਮੁੜ ਘੋਖਣ-ਪਰਖਣ ਪ੍ਰਤੀ ਵੀ ਬਹੁਤਾ ਉਤਸ਼ਾਹ ਨਹੀਂ ਵਿਖਾਉਦੇ। ਇਹ ਕਿਸੇ ਜਿਉਦੀ-ਜਾਗਦੀ ਅਤੇ ਅੱਗੇ ਵਧਣ ਦੀ ਤਾਂਘ ਰੱਖਦੀ ਇਕ ਇਨਕਲਾਬੀ ਲਹਿਰ ਲਈ ਕੋਈ ਚੰਗੇ ਲੱਛਣ ਨਹੀਂ ਹਨ। ਆਗੂਆਂ ਵੱਲੋਂ ਨਵਾਂ ਲਿਖਣ ਜਾਂ ਘਟਨਾਵਾਂ-ਵਰਤਾਰਿਆਂ ਦਾ ਨਵੇਂ ਸਿਰਿਓਂ ਵਿਸ਼ਲੇਸ਼ਣ ਕਰਨ ਵੱਲੋਂ ਉਦਾਸੀਨ ਹੋਣ ਦਾ ਹੀ ਨਤੀਜਾ ਹੈ ਕਿ ਇਸ ਕਿਤਾਬ ਲਈ ਸਮੱਗਰੀ ਸੰਗ੍ਰਹਿ ਕਰਨ ਲਈ ਸੰਪਾਦਕ ਨੂੰ ਆਮ ਕਰਕੇ ਕਾਮਰੇਡ ਮਾਨ ਦੀ ਸ਼ਹਾਦਤ ਤੋਂ ਬਾਅਦ ਇਨਕਲਾਬੀ ਪਰਚਿਆਂ ਵਿਚ ਸਮੇਂ-ਸਮੇਂ ਉਨ੍ਹਾਂ ਬਾਰੇ ਛਪੀਆਂ ਲਿਖਤਾਂ ਉੱਤੇ ਹੀ ਟੇਕ ਰੱਖਣੀ ਪਈ ਹੈ ਪਰ ਮੰਗ ਕਰਨ ਦੇ ਬਾਵਜੂਦ ਇਕ-ਦੋ ਆਗੂਆਂ ਤੋਂ ਛੁੱਟ ਕਿਸੇ ਨੇ (ਜਿਨ੍ਹਾਂ ਵਿਚ ਮੈਂ ਖ਼ੁਦ ਵੀ ਸ਼ਾਮਿਲ ਹਾਂ!) ਵੀ ਕਿਤਾਬ ਲਈ ਆਪਣਾ ਤਾਜ਼ਾ ਲੇਖ ਨਹੀਂ ਲਿਖਿਆ। ਇਸੇ ਕਾਰਨ ਕਿਤਾਬ ਪੜ੍ਹਦੇ ਹੋਏ ਪਾਠਕ ਖ਼ੁਦ ਮਹਿਸੂਸ ਕਰਨਗੇ ਕਿ ਕਿਤਾਬ ਵਿਚ ਕਾਮਰੇਡ ਮਾਨ ਦੇ ਹਾਸੇ-ਠੱਠੇ ਵਾਲੇ ਖੁੱਲ੍ਹ-ਖੁਲਾਸੇ ਰੌਣਕੀ ਤੇ ਖ਼ੁਸ਼ ਰਹਿਣੇ ਸੁਭਾਅ, ਉਨ੍ਹਾਂ ਦੀ ਇਨਕਲਾਬੀ ਲਗਨ, ਨਿਡਰਤਾ, ਬੇਪ੍ਰਵਾਹੀ, ਉਨ੍ਹਾਂ ਦੀ ਹਰਮਨ-ਪਿਆਰਤਾ ਅਤੇ ਉਨ੍ਹਾਂ ਵੱਲੋਂ ਸਫ਼ਲਤਾ-ਪੂਰਬਕ ਲੜੇ ਗਏ ਜਨਤਕ ਅੰਦੋਲਨਾਂ ਦਾ ਜ਼ਿਕਰ ਅਤੇ ਲਿਸ਼ਕਾਰੇ ਤਾਂ ਜਗ੍ਹਾ-ਜਗ੍ਹਾ ਬਿਖ਼ਰੇ ਨਜ਼ਰ ਆਉਣਗੇ ਪਰ ਉਸ ਦੌਰ ਅਤੇ ਉਸਤੋਂ ਬਾਅਦ ਸਮਾਜਿਕ ਤੇ ਸਿਆਸੀ ਹਾਲਤਾਂ ਵਿਚ ਆਈਆਂ ਤਬਦੀਲੀਆਂ ਦਾ ਬਿੳੂਰਾ ਅਤੇ ਇਨ੍ਹਾਂ ਤਬਦੀਲੀਆਂ ਪਿੱਛੇ ਕਾਰਜਸ਼ੀਲ ਸ਼ਕਤੀਆਂ ਤੇ ਕਾਰਨਾਂ ਦਾ ਕੀਤਾ ਗਿਆ ਸਟੀਕ ਵਿਸ਼ਲੇਸ਼ਣ ਅਕਸਰ ਕਿਧਰੇ ਨਜ਼ਰ ਨਹੀਂ ਆਵੇਗਾ। ਨਵੀਂ ਪੀੜ੍ਹੀ ਦੇ ਸੂਝਵਾਨ ਪਾਠਕਾਂ ਦੇ ਮਨਾਂ ਵਿਚ ਜਗਿਆਸਾ ਹੋਵੇਗੀ ਕਿ ਆਨੰਦਪੁਰ ਦਾ ਮਤਾ ਕੀ ਸੀ? ਕਿਵੇਂ ਪੰਜਾਬ ਨਾਲ ਧੱਕੇ-ਵਿਤਕਰੇ ਦੀ ਗੱਲ ਕਰਨ ਵਾਲੇ, ਰਾਜਾਂ ਨੂੰ ਵੱਧ ਅਧਿਕਾਰਾਂ ਅਤੇ ਫੈਡਰਲ ਢਾਂਚੇ ਦੀ ਕਾਇਮੀ ਵਰਗੀਆਂ ਜਮਹੂਰੀ ਮੰਗਾਂ ਉੱਤੇ ਇਕ ਵੱਡਾ ਸਿਆਸੀ ਅੰਦੋਲਨ ਖੜ੍ਹਾ ਕਰਨ ਵਾਲਾ, ਪੰਜਾਬ ਦੇ ਦਰਿਆਈ ਪਾਣੀਆਂ ਦੀ ਨਿਹੱਕੀ ਵੰਡ ਖਿਲਾਫ਼ ਬੋਲਣ ਅਤੇ ਮਾਰਕਸੀ ਪਾਰਟੀ ਨਾਲ ਮਿਲ ਕੇ ਐੱਸ.ਵਾਈ.ਐੱਲ. ਨਹਿਰ ਦੀ ਖ਼ੁਦਾਈ ਖਿਲਾਫ਼ ਕਪੂਰੀ ਪਿੰਡ ਵਿਖੇ ਮੋਰਚਾ ਲਾਉਣ ਵਾਲਾ ਅਕਾਲੀ ਦਲ, ਅਚਾਨਕ ‘ਧਰਮ ਯੁੱਧ’ ਮੋਰਚੇ ਵੱਲ ਕਿਵੇਂ ਤਿਲ੍ਹਕ ਗਿਆ? ਅਪਰੇਸ਼ਨ ਨੀਲਾ ਤਾਰਾ ਵਰਗੇ ਕਹਿਰੀ ਤੇ ਅਮਾਨਵੀ ਕਾਰੇ ਅਤੇ ਇੰਦਰਾ ਦੇ ਕਤਲ ਤੋਂ ਬਾਅਦ ਨਵੰਬਰ 1984 ਵਿਚ ਦੇਸ਼ ਵਿਚ ਦਿੱਲੀ ਸਮੇਤ ਹੋਰਨਾਂ ਥਾਵਾਂ ਉੱਤੇ ਰਾਜੀਵ ਗਾਂਧੀ ਹਕੂਮਤ ਵੱਲੋਂ ਕਰਵਾਏ ਸਿੱਖਾਂ ਦੇ ਭਿਆਨਕ ਕਤਲੇਆਮ ਤੋਂ ਮਹਿਜ਼ 8 ਮਹੀਨੇ ਬਾਅਦ ਅਕਾਲੀ ਦਲ ਦਾ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ 24 ਜੁਲਾਈ 1985 ਨੂੰ ਉਸੇ ਰਾਜੀਵ ਗਾਂਧੀ ਨਾਲ ਬੈਠਣ ਅਤੇ ‘ਰਾਜੀਵ ਲੌਂਗੋਵਾਲ ਸਮਝੌਤੇ’ ਦੇ ਨਾਂ ਨਾਲ ਜਾਣੇ ਜਾਂਦੇ ਇਕ ਸਿਰੇ ਦੇ ਨਿਕੰਮੇ ਅਤੇ ਪੰਜਾਬ ਵਿਰੋਧੀ ਸਮਝੌਤੇ ਉੱਤੇ ਦਸਤਖ਼ਤ ਕਰਨ ਨੂੰ ਕਿਵੇਂ ਤੇ ਕਿਉ ਮੰਨ ਗਿਆ? ਇਤਿਹਾਸ ਵਿਚ ਇਕ ਜੁਝਾਰੂ ਪਾਰਟੀ ਵਜੋਂ ਉੱਭਰਿਆ ਅਕਾਲੀ ਦਲ ਹੌਲੀ-ਹੌਲੀ ਮੋਦੀ ਦੀ ਫਿਰਕੂ ਤੇ ਤਾਨਾਸ਼ਾਹ ਕੇਂਦਰੀ ਸੱਤਾ ਦਾ ਅਸੀਲ ਸਹਿਯੋਗੀ ਕਿਵੇਂ ਬਣ ਗਿਆ? ਖਾਲਿਸਤਾਨੀ ਦਹਿਸ਼ਤਗਰਦੀ ਦੇ ਜਬਰਦਸਤ ਉਭਾਰ ਅਤੇ ਸ਼ਰਮਨਾਕ ਪਤਨ ਦੇ ਕੀ ਕਾਰਨ ਸਨ? ਪੰਜਾਬ ਮਸਲੇ ਬਾਰੇ ਖੱਬੀ ਧਿਰ ਦੇ ਵੱਖ-ਵੱਖ ਧੜਿਆਂ/ਪਾਰਟੀਆਂ ਦੀ ਸਮਝ ਅਤੇ ਪਹੁੰਚ ਕੀ ਸੀ? ਆਦਿ ਆਦਿ ਪਰ ਕਿਤਾਬ ਅਜਿਹੇ ਗੰਭੀਰ ਸਵਾਲਾਂ ਨਾਲ ਮੱਥਾ ਲਾਉਦੀ ਨਜ਼ਰ ਨਹੀਂ ਆਉਦੀ। ਤੁਸੀਂ ਇਹੀ ਲਿਖਤ ਹਿੰਦੀ ਵਿੱਚ ਵੀ ਪੜ੍ਹ ਸਕਦੇ ਹੋ ਬਸ ਇਥੇ ਕਲਿੱਕ ਕਰਕੇ
ਅਜਿਹੀ ਕਿਸੇ ਵੀ ਪੁਸਤਕ ਦੇ ਲੇਖਕ ਜਾਂ ਸੰਪਾਦਕ ਦੇ ਰਾਹ ਵਿਚ ਆਉਣ ਵਾਲੀ ਇਕ ਅਟੱਲ ਸਮੱਸਿਆ ਇਹ ਹੈ ਕਿ ਇਨਕਲਾਬੀ ਲਹਿਰ ਅਤੇ ਇਸ ਦੇ ਵੱਖ-ਵੱਖ ਸਿਆਸੀ ਜਾਂ ਜਨਤਕ ਸੰਗਠਨਾਂ ਨਾਲ ਸਬੰਧਿਤ ਲਿਖਤਾਂ, ਪ੍ਰਕਾਸ਼ਨਾਵਾਂ, ਦਸਤਾਵੇਜ਼ਾਂ ਜਾਂ ਇੱਥੋਂ ਤੱਕ ਕਿ ਉਨ੍ਹਾਂ ਵੱਲੋਂ ਛਾਪੇ ਜਾਂਦੇ ਪਰਚਿਆਂ ਦੀਆਂ ਫਾਈਲਾਂ ਦੀ ਸਹੀ ਸਾਂਭ-ਸੰਭਾਲ ਅਤੇ ਬਾਕਾਇਦਾ ਰਿਕਾਰਡ ਰੱਖਣ/ਸਾਂਭਣ ਵਾਲੇ ਪਾਸਿਓਂ ਵੀ ਸਾਡੀ ਹਾਲਤ ਕੋਈ ਬਿਹਤਰ ਨਹੀਂ ਹੈ। ਇਹੀ ਕਾਰਨ ਹੈ ਕਿ ਲੋੜ ਪੈਣ ’ਤੇ ਲੋੜੀਂਦੀ ਛਪੀ ਸਮੱਗਰੀ ਜਾਂ ਤਾਂ ਕਿਧਰੋਂ ਲੱਭਦੀ ਹੀ ਨਹੀਂ ਅਤੇ ਜਾਂ ‘ਗੁਪਤਤਾ’ ਦੇ ਨਾਂ ’ਤੇ ਸਬੰਧਤ ਸੰਗਠਨਾਂ ਦੇ ਮੋਹਰੀ ਉਸ ਨੂੰ ਪ੍ਰਦਾਨ ਕਰਨ ਤੋਂ ਆਨੇ-ਬਹਾਨੇ ਇਨਕਾਰੀ ਹੁੰਦੇ ਹਨ। ਇਸ ਹਾਲਤ ਵਿਚ ਕਿਸੇ ਲੇਖਕ ਜਾਂ ਖੋਜ-ਕਰਤਾ ਲਈ ਬੱਸ ਇਕੋ ਉਮੀਦ ਬਚਦੀ ਹੈ ਕਿ ਉਨ੍ਹਾਂ ਨੂੰ ਕੋਈ ਅਜਿਹਾ ਸਾਥੀ ਲੱਭ ਜਾਵੇ, ਜੋ ਨਿੱਜੀ ਦਿਲਚਸਪੀ ਜਾਂ ਰੁਚੀ ਕਾਰਨ ਵਿਅਕਤੀਗਤ ਪੱਧਰ ’ਤੇ ਕੁਝ ਅਜਿਹਾ ਰਿਕਾਰਡ ਸਾਂਭੀ ਬੈਠਾ ਹੋਵੇ ਅਤੇ ਜਿਸ ਨੂੰ ਆਪਣਾ ਉਹ ‘ਖ਼ਜ਼ਾਨਾ’ ਤੁਹਾਡੇ ਨਾਲ ਸਾਂਝਾ ਕਰਨ ਵਿਚ ਵੀ ਕੋਈ ਦਿੱਕਤ ਨਾ ਹੋਵੇ ਪਰ ਆਪਾਂ ਸਮਝ ਸਕਦੇ ਹਾਂ ਕਿ ਅਜਿਹਾ ਹੋਣ ਦੀ ਵੀ ਕੋਈ ਗਾਰੰਟੀ ਨਹੀਂ, ਸਗੋਂ ਇਹ ਤਾਂ ਬੱਸ ਕੋਈ ਲਾਟਰੀ ਨਿਕਲ ਆਉਣ ਵਰਗੀ ਗੱਲ ਹੀ ਹੁੰਦੀ ਹੈ। ਤੁਸੀਂ ਇਹੀ ਲਿਖਤ ਹਿੰਦੀ ਵਿੱਚ ਵੀ ਪੜ੍ਹ ਸਕਦੇ ਹੋ ਬਸ ਇਥੇ ਕਲਿੱਕ ਕਰਕੇ
ਉਕਤ ਸਾਰੀਆਂ ਸਮੱਸਿਆਵਾਂ ਤੁਹਾਡੇ ਨਾਲ ਸਾਂਝੀਆਂ ਕਰਨ ਦਾ ਮੇਰਾ ਮਨੋਰਥ ਇਹ ਦਰਸਾਉਣਾ ਹੈ ਕਿ ਅਗਰ ਇਨ੍ਹਾਂ ਸਭ ਦਿੱਕਤਾਂ ਦੇ ਬਾਵਜੂਦ ਅਤੇ ਕਾਮਰੇਡ ਮਾਨ ਦੀ ਸ਼ਹਾਦਤ ਤੋਂ ਕਰੀਬ ਸਾਢੇ ਤਿੰਨ ਦਹਾਕੇ ਬਾਅਦ ਸਾਥੀ ਹਰਭਗਵਾਨ ਵੱਲੋਂ ਇਸ ਪੁਸਤਕ ਲਈ ਭਰਪੂਰ ਸਮੱਗਰੀ ਦਾ ਸੰਗ੍ਰਹਿ ਕਰ ਲੈਣ ਨੂੰ ਇਕ ਮਾਹਰਕੇ ਤੋਂ ਘੱਟ ਨਹੀਂ ਸਮਝਿਆ ਜਾਣਾ ਚਾਹੀਦਾ। ਖ਼ਾਸ ਕਰਕੇ ਅਪਰੇਸ਼ਨ ਬਲਿੳੂ ਸਟਾਰ ਬਾਰੇ ਕਾਮਰੇਡ ਬਲਦੇਵ ਮਾਨ ਦਾ ਲੇਖ ਇਕ ਅਜਿਹੀ ਵਿਲੱਖਣ ਲਿਖਤ ਹੈ, ਜੋ ਸਪੱਸ਼ਟ ਕਰਦੀ ਹੈ ਕਿ ਇਸ ਹਮਲੇ ਬਾਰੇ ਕਾਮਰੇਡ ਮਾਨ ਅਤੇ ਇਨਕਲਾਬੀ ਧਿਰ ਦੀ ਪਹੁੰਚ ਸੀ.ਪੀ.ਆਈ., ਸੀ.ਪੀ.ਐੱਮ. ਮਾਰਕਾ ਸੰਸਦਵਾਦੀ ਖੱਬੀਆਂ ਪਾਰਟੀਆਂ ਤੋਂ ਪੂਰੀ ਤਰ੍ਹਾਂ ਵੱਖਰੀ ਸੀ, ਜੋ ਖਾਲਿਸਤਾਨੀ ਦਹਿਸ਼ਤਗਰਦੀ ਦੇ ਵਿਰੋਧ ਅਤੇ ‘ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ’ ਦੀ ਆੜ ਵਿਚ, ਇਨ੍ਹਾਂ ਸਮੱਸਿਆਵਾਂ ਨੂੰ ਪੈਦਾ ਕਰਨ ਵਾਲੀ ਦੇਸ਼ ਦੀ ਕੇਂਦਰੀ ਸੱਤਾ ਦੇ ਪਿੱਛੇ ਜਾ ਖੜ੍ਹੀਆਂ ਸਨ। ਤੁਸੀਂ ਇਹੀ ਲਿਖਤ ਹਿੰਦੀ ਵਿੱਚ ਵੀ ਪੜ੍ਹ ਸਕਦੇ ਹੋ ਬਸ ਇਥੇ ਕਲਿੱਕ ਕਰਕੇ
ਮੈਂ ਸਮਝਦਾ ਹਾਂ ਕਿ ਇਹ ਪ੍ਰੇਰਨਾਮਈ ਕਿਤਾਬ ਸਿਰਫ਼ ਕਾਮਰੇਡ ਬਲਦੇਵ ਸਿੰਘ ਮਾਨ ਨੂੰ ਢੁੱਕਵੀਂ ਸ਼ਰਧਾਂਜਲੀ ਹੀ ਨਹੀਂ, ਬਲਕਿ ਵੱਖ-ਵੱਖ ਇਨਕਲਾਬੀ ਆਗੂਆਂ ਅਤੇ ਸ਼ਹੀਦਾਂ ਬਾਰੇ ਲਿਖੀਆਂ ਜਾਣ ਵਾਲੀਆਂ ਅਜਿਹੀਆਂ ਪੁਸਤਕਾਂ ਵਿਚ ਅਚੇਤ ਤੌਰ ’ਤੇ ਅਜਿਹੀਆਂ ਅਨੇਕਾਂ ਘਟਨਾਵਾਂ, ਤਾਰੀਕਾਂ, ਵਰਤਾਰੇ, ਨਾਵਾਂ-ਥਾਵਾਂ ਅਤੇ ਵਿਅਕਤੀਆਂ ਦੇ ਹਵਾਲੇ ਸੁਰੱਖਿਅਤ ਹੋ ਜਾਂਦੇ ਹਨ, ਜਿਨ੍ਹਾਂ ਨੇ ਅਗਲੀਆਂ ਪੀੜ੍ਹੀਆਂ ਦੇ ਇਤਿਹਾਸਕਾਰਾਂ ਲਈ ਲਾਹੇਵੰਦ ਤੇ ਸਟੀਕ ਹਵਾਲਾ ਸਰੋਤਾਂ ਬਣਨਾ ਹੁੰਦਾ ਹੈ। ਮੈਂ ਉਮੀਦ ਕਰਦਾ ਹਾਂ ਕਿ ਸਾਥੀ ਹਰਭਗਵਾਨ ਭਵਿੱਖ ਵਿਚ ਲੇਖਣੀ ਦੇ ਖੇਤਰ ਵਿਚ ਹੋਰ ਵੀ ਵਧੇਰੇ ਗੰਭੀਰਤਾ ਅਤੇ ਮਿਹਨਤ ਨਾਲ ਕੰਮ ਕਰੇਗਾ।
ਮਾਨਸਾ, 27/10/2019 -ਸੁਖਦਰਸ਼ਨ ਨੱਤ
(ਕੇਂਦਰੀ ਕਮੇਟੀ ਮੈਂਬਰ,
ਸੀ.ਪੀ.ਆਈ. (ਐੱਮ.ਐੱਲ.) ਲਿਬਰੇਸ਼ਨ)
ਮੋਬਾਇਲ 94172-33404
ਤੁਸੀਂ ਇਹੀ ਲਿਖਤ ਹਿੰਦੀ ਵਿੱਚ ਵੀ ਪੜ੍ਹ ਸਕਦੇ ਹੋ ਬਸ ਇਥੇ ਕਲਿੱਕ ਕਰਕੇ
यह भी अवश्य पढ़िए बस यहां नीचे दिए गए हर एक नीले लिंक पर क्लिक कर के एक अलग पोस्ट:
मई दिवस:यह एक गाथा है...पर आप सबके लिए नहीं!
जनाब कैफी आज़मी साहिब की एक दुर्लभ रचना-लेनिन
कोरोना के इस बेबसी युग से और मज़बूत होगी मज़दूर लहर
Lock Down: बेटी दम तोड़ गई और बाप वक़्त पर पहुंच भी न सका
परछाइयाँ//जनाब साहिर लुधियानवी
आप जरा खुद आ कर देखिये ...!
ਤੁਸੀਂ ਇਹੀ ਲਿਖਤ ਹਿੰਦੀ ਵਿੱਚ ਵੀ ਪੜ੍ਹ ਸਕਦੇ ਹੋ ਬਸ ਇਥੇ ਕਲਿੱਕ ਕਰਕੇ
यह भी अवश्य पढ़िए बस यहां नीचे दिए गए हर एक नीले लिंक पर क्लिक कर के एक अलग पोस्ट:
मई दिवस:यह एक गाथा है...पर आप सबके लिए नहीं!
जनाब कैफी आज़मी साहिब की एक दुर्लभ रचना-लेनिन
कोरोना के इस बेबसी युग से और मज़बूत होगी मज़दूर लहर
Lock Down: बेटी दम तोड़ गई और बाप वक़्त पर पहुंच भी न सका
परछाइयाँ//जनाब साहिर लुधियानवी
आप जरा खुद आ कर देखिये ...!
No comments:
Post a Comment