ਜੰਗਲਨਾਮਾ ਸਤਨਾਮ ਨਹੀਂ ਮਰਿਆ,,//ਇਹ ਤਾਂ ਆਪਾਂ ਆਪ ਮਰੇ ਹਾਂ
![]() |
ਇਹ ਤਸਵੀਰ Know Law ਤੋਂ ਧੰਨਵਾਦ ਸਹਿਤ |
ਗੁਰਮੀਤ ਸਿੰਘ ਜੱਜ ਦੀ ਹਲੂਣਾ ਦੇਂਦੀ ਕਾਵਿ ਰਚਨਾ
ਖੋਟੇ ਈ ਆਂ ਜਾਂ ਕੁਝ ਖਰੇ ਹਾਂ॥
ਜੰਗਲਨਾਮਾ ਸਤਨਾਮ ਨਹੀਂ ਮਰਿਆ,,
ਇਹ ਤਾਂ ਆਪਾਂ ਆਪ ਮਰੇ ਹਾਂ॥
ਸਾਥੀ ਨਾ ਸੜਿਹਾਂਦ ਮਾਰਦੇ,,
ਟੁੱਟੇ ਜੇ ਇਤਬਾਰ ਨਾ ਹੁੰਦੇ॥
ਆਤਮਸਾਤ ਸਿਧਾਂਤ ਨੂੰ ਕਰਦੇ,,
ਬਗਲ ਛੁਰੀ ਦੀ ਧਾਰ ਨਾ ਹੁੰਦੇ॥
ਕਹਿਣੀ ਕਰਨੀ ਇੱਕੋ ਰਹਿੰਦੀ,,
ਡਿੱਗੇ ਜੇ ਕਿਰਦਾਰ ਨਾ ਹੁੰਦੇ॥
ਚੋਂਦੀ ਝੁੱਗੀ ਉੱਤੇ ਕਿੰਨੇ,,
ਬਣ ਕੇ ਛੰਭ ਦਾ ਮੀਂਹ ਵਰ੍ਹਿਆ ਏ॥
ਜੰਗਲਨਾਮਾ ਸਤਨਾਮ ਨਹੀਂ ਮਰਿਆ,,
ਇਹ ਖਾਸ ਆਗੂ ਖੁਦ ਮਰਿਆ ਏ॥
ਕਰਦੇ ਕਰਦੇ ਥੱਕਦੇ ਨਹੀਂ ਸਨ,,
ਗੱਲ ਉੱਚੇ ਇਖਲਾਕਾਂ ਵਾਲੀ॥
ਉੱਚੀਆਂ ਸੁੱਚੀਆਂ ਕਦਰਾਂ ਦੀ ਸਭ,,
ਨਿੱਕਲੀ ਗੱਲ ਚਲਾਕਾਂ ਵਾਲੀ॥
ਦੱਸੋ ਤਾਂ ਸਹੀ ਕਿੱਸ ਪੱਲੇ ਹੈ,,
ਗੱਲ ਰੂਹ ਦੀਆਂ ਖੁਰਾਕਾਂ ਵਾਲੀ॥
ਮੰਚਾਂ ਤੇ ਚੰਘਿਆੜਨ ਵਾਲੇ,,
ਸੱਚ ਦੇ ਸਾਹਵੇਂ ਡਰੇ ਡਰੇ ਹਾਂ॥
ਜੰਗਲਨਾਮਾ ਸਤਨਾਮ ਨਹੀਂ ਮਰਿਆ,,
ਇਹ ਤਾਂ ਆਪਾਂ ਆਪ ਮਰੇ ਹਾਂ॥
ਹੋਣ ਜੇ ਸ਼ੀਸ਼ੇ ਵਰਗੇ ਰਿਸ਼ਤੇ,,
ਪਾਰਦਰਸ਼ ਇਨਸਾਨਾਂ ਵਾਲੇ॥
ਬੰਦੇ ਬਣਕੇ ਰਹਿਣ ਜੇ ਬੰਦੇ,,
ਕੰਮ ਨਾ ਕਰਨ ਸ਼ੈਤਾਨਾਂ ਵਾਲੇ॥
ਮੂਲੋਂ ਨੀਵੇਂ ਕੰਮ ਵੇਖੇ ਨੇ,,
ਬਹੁਤ ਵੱਡੇ ਪ੍ਰਧਾਨਾਂ ਵਾਲੇ॥
ਕਹਿਣੀ ਕਥਨੀ ਇੱਕ ਨਾ ਰੱਖੀ,,
ਗਲ਼ ਗਲ਼ ਗੰਦ ਦੇ ਵਿੱਚ ਗਰੇ ਨੇ॥
ਜੰਗਲਨਾਮਾ ਸਤਨਾਮ ਨਹੀਂ ਮਰਿਆ,,
ਇਹ ਤਾਂ ਆਗੂ ਖਾਸ ਮਰੇ ਨੇ॥
ਇੱਕ ਦੂਜੇ ਤੇ ਚਿੱਕੜ ਸੁੱਟਿਆ,,
ਆਪਣੇ ਵਿੱਚ ਸੁਧਾਰ ਨਹੀਂ ਕੀਤੇ॥
ਲੋਕਾਂ ਨਾਲ ਵਫਾ ਪਾਲਣ ਦੇ,,
ਖੁਦ ਅੰਦਰੋਂ ਇਕਰਾਰ ਨਹੀਂ ਕੀਤੇ॥
ਸ਼ੋਸ਼ੇਬਾਜ਼ ਮਲਾਹਾਂ ਕਦੇ ਵੀ,,
ਭੰਵਰ ਚੋਂ ਬੇੜੇ ਪਾਰ ਨਹੀਂ ਕੀਤੇ॥
ਉੱਤੋਂ ਪਰਬਤ ਜਿੱਡੇ ਦਿੱਸਦੇ,,
ਅੰਦਰੋਂ ਕਿਣਕੇ ਜ਼ਰੇ ਜ਼ਰੇ ਨੇ॥
ਜੰਗਲਨਾਮਾ ਸਤਨਾਮ ਨਹੀਂ ਮਰਿਆ,,
ਇਹ ਤਾਂ ਆਗੂ ਖਾਸ ਮਰੇ ਨੇ॥
ਸਤਨਾਮ ਜੰਗਲਨਾਮੇ ਦੇ ਘਰ ਮੈਂ,,
ਜਾ ਕੇ ਗੀਤ ਸੁਣਾਂਦਾ ਰਿਹਾ ਹਾਂ॥
ਕਾਮਰੇਡ ਦੇ ਜ਼ਖਮੀ ਦਿਲ ਤੇ,,
ਹਲਕੀਆਂ ਮਲ੍ਹਮਾਂ ਲਾਂਦਾ ਰਿਹਾ ਹਾਂ॥
ਸ਼ਾਵਾਸ਼ੇ ਵੀ ਲੈਂਦਾ ਰਿਹਾ ਵਾਂ,,
ਗਾਹਲਾਂ ਵੀ ਮੈਂ ਖਾਂਦਾ ਰਿਹਾ ਹਾਂ॥
ਮਾੜੀਆਂ ਖਵਰਾਂ ਸੁਣ ਦੂਜੇ ਦੀਆਂ,,
ਜਿੱਨ੍ਹਾਂ ਜਿਨ੍ਹਾਂ ਦੇ ਦਿਲ ਠਰੇ ਨੇ॥
ਜੰਗਲਨਾਮਾ ਸਤਨਾਮ ਨਹੀਂ ਮਰਿਆ,,
ਇਹ ਉਹ ਆਗੂ ਆਪ ਮਰੇ ਨੇ॥
ਸਮਾਜ ਦੀਆਂ ਸਭ ਨੀਵੀਆਂ ਗੱਲਾਂ,,
ਸਾਡੇ ਵਿੱਚ ਘਰ ਗਈਆਂ ਕਰ ਨੇ॥
ਇਨਕਲਾਬ ਦੇ ਨਾਹਰੇ ਥੱਲੇ,,
ਪਨਪਦੀਆਂ ਸੋਚਾਂ ਜ਼ਰਜ਼ਰ ਨੇ॥
ਕਈ ਤਾਂ ਉਜੜੇ ਫਿਰਦੇ ਸਾਥੀ,,
ਕਈਆਂ ਭਰ ਲਏ ਆਪਣੇ ਘਰ ਨੇ॥
ਜਥੇਬੰਦੀ ਵਿਚ ਸਾਥੀਆਂ ਨਾਲ ਹੀ,,
ਧੋਖੇ, ਠੱਗੀਆਂ ਲੱਖ ਕਰੇ ਨੇ॥
ਜੰਗਲਨਾਮਾ ਸਤਨਾਮ ਨਹੀਂ ਮਰਿਆ,,
ਇਹ ਉਹ ਆਗੂ ਆਪ ਮਰੇ ਨੇ॥
ਝੱਗੇ ਪਾੜੇ ਨੰਗੇ ਕੀਤੇ,,
ਕਿਸੇ ਨਾਲ ਨਹੀਂ ਘੱਟ ਗੁਜ਼ਾਰੀ॥
ਦੁਸ਼ਮਣ ਵੀ ਸਾਡੇ ਤੇ ਹੱਸਿਆ,,
ਐਸੀ ਕੁੱਕੜ ਖੇਹ ਖਿਲਾਰੀ॥
ਇੱਕ ਦੂਜੇ ਦੀਆਂ ਖਿੱਚੀਆਂ ਲੱਤਾਂ,,
ਜੜ੍ਹਾਂ ਤੇ ਫੇਰੀ ਦੱਬ ਕੇ ਆਰੀ॥
#ਮੀਤ #ਗੁਰੂ ਦੇ ਮਰਿਆਂ ਸੋਹਲੇ,,
ਜਿਉਂਦਿਆਂ #ਜੱਜ ਦੀ ਧੌਣ ਚੜ੍ਹੇ ਨੇ॥
ਜੰਗਲਨਾਮਾ ਸਤਨਾਮ ਨਹੀਂ ਮਰਿਆ,,
ਇਹ ਕੁੱਝ ਆਗੂ ਆਪ ਮਰੇ ਨੇ॥
#ਜੰਗਲਨਾਮਾ #ਸਤਨਾਮ ਨਹੀਂ ਮਰਿਆ,,
ਆਗੂ ਖਾਸਮਖਾਸ ਮਰੇ ਨੇ॥
ਗੁਰਮੀਤ ਸਿੰਘ ਜੱਜ,
9465806990